ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਕਰੋਨਾ ਵਾਇਰਸ ਦੀ ਮਾਰ ਸਭ ਤੋਂ ਵੱਧ ਪਈ

ਚੰਡੀਗੜ੍ਹ: ਕਰੋਨਾ ਵਾਇਰਸ ਦੇ ਟਾਕਰੇ ਲਈ ਕਰਫਿਊ ਲੱਗਣ ਕਾਰਨ ਸਾਰਾ ਜਨਜੀਵਨ ਠੱਪ ਹੈ। ਖੇਤੀ ਦੇ ਸਭ ਤੋਂ ਵਧੇਰੇ ਪ੍ਰਚੱਲਿਤ ਤੇ ਸੁਖਾਲੇ ਸਹਾਇਕ ਧੰਦੇ ਦੁੱਧ ਉਤਪਾਦਨ ਉਪਰ ਇਸ ਦੀ ਵੱਡੀ ਮਾਰ ਪਈ ਹੋਈ ਹੈ। ਗਰਮੀ ਸ਼ੁਰੂ ਹੋਣ ਨਾਲ ਇਨ੍ਹਾਂ ਦਿਨਾਂ ਵਿਚ ਦੁੱਧ ਦੀ ਪੈਦਾਵਾਰ ਘਟ ਜਾਂਦੀ ਹੈ ਤੇ ਭਾਅ ‘ਚ ਤੇਜ਼ੀ ਆ ਜਾਂਦੀ ਹੈ, ਪਰ ਇਸ ਵਾਰ ਉਲਟਾ ਹੋਇਆ ਹੈ ਕਿ ਕਰਫਿਊ ਕਾਰਨ ਬਾਜ਼ਾਰ, ਦੁਕਾਨਾਂ ਬੰਦ ਹਨ ਤੇ ਦੁੱਧ ਦੀ ਲਾਗਤ ਘਟ ਗਈ ਹੈ। ਦੁੱਧ ਦਾ ਭਾਅ ਪ੍ਰਤੀ ਕਿਲੋ 3 ਤੋਂ 4.5 ਰੁਪਏ ਘਟਾ ਦਿੱਤਾ ਗਿਆ ਹੈ। ਪਸ਼ੂਆਂ ਦੀ ਖੁਰਾਕ, ਤੂੜੀ ਤੇ ਹਰੇ ਚਾਰੇ ਦੇ ਭਾਅ ਵਧ ਗਏ ਹਨ। ਸਮੁੱਚਾ ਦੁੱਧ ਉਤਪਾਦਨ ਹੀ ਵੱਡੇ ਸੰਕਟ ਦੇ ਮੂੰਹ ਆ ਖੜ੍ਹਾ ਹੈ।

ਦੋਧੀਆਂ, ਹਲਵਾਈਆਂ ਤੇ ਠੇਕੇਦਾਰਾਂ ਨੂੰ ਦੁੱਧ ਪਾਉਣ ਵਾਲੇ ਲੱਖਾਂ ਉਤਪਾਦਕਾਂ ਦਾ ਤਾਂ ਹਰ ਰੋਜ਼ ਕਰੀਬ 50 ਲੱਖ ਲੀਟਰ ਦੁੱਖ ਵਿਕਣੋਂ ਹੀ ਰਹਿ ਰਿਹਾ ਹੈ। ਇਹ ਵੀ ਖਬਰਾਂ ਹਨ ਕਿ ਕਈ 20 ਰੁਪਏ ਲੀਟਰ ਤੱਕ ਵੇਚਣ ਨੂੰ ਮਜਬੂਰ ਹਨ ਤੇ ਕਈ ਘਿਓ ਆਦਿ ਤਿਆਰ ਕਰਨ ਲੱਗ ਪਏ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦੇ ਖਰਚੇ ਪੂਰੇ ਨਹੀਂ ਹੁੰਦੇ। ਸਰਕਾਰੀ ਤੇ ਗੈਰ ਸਰਕਾਰੀ ਹਲਕਿਆਂ ਮੁਤਾਬਕ ਪੰਜਾਬ ਅੰਦਰ ਔਸਤਨ ਰੋਜ਼ਾਨਾ 345 ਲੱਖ ਲੀਟਰ ਦੇ ਕਰੀਬ ਦੁੱਧ ਦੀ ਪੈਦਾਵਾਰ ਹੈ। ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲਜੀਤ ਸਿੰਘ ਸੰਘਾ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ‘ਚ ਦੁੱਧ ਉਤਪਾਦਨ 300 ਲੱਕ ਲੀਟਰ ਦੇ ਆਸ-ਪਾਸ ਹੈ। ਇਸ ਦੁੱਧ ਵਿਚੋਂ ਕਰੀਬ 50 ਫੀਸਦੀ ਘਰਾਂ ‘ਚ ਹੀ ਵਰਤਿਆ ਜਾਂਦਾ ਹੈ ਤੇ ਇਸ ਤਰ੍ਹਾਂ ਕਰੀਬ ਅੱਧਾ ਬਚਿਆ 150 ਲੱਖ ਲੀਟਰ ਦੁੱਧ ਮੰਡੀ ਵਿਚ ਆਉਂਦਾ ਹੈ। ਮੰਡੀ ਵਿਚ ਆਏ ਦੁੱਧ ਵਿਚੋਂ 27 ਲੱਖ ਲੀਟਰ ਦੇ ਆਸ-ਪਾਸ ਤਾਂ ਮਿਲਕਫੈੱਡ ਖਰੀਦਦਾ ਹੈ ਤੇ 64 ਲੱਖ ਲੀਟਰ ਦੇ ਕਰੀਬ ਹੋਰ ਛੋਟੇ-ਵੱਡੇ ਦੁੱਧ ਪਲਾਂਟਾਂ ਵਾਲੇ ਖਰੀਦ ਕਰਦੇ ਹਨ। ਇਸ ਤਰ੍ਹਾਂ ਇਕ ਕਰੋੜ ਲੀਟਰ ਦੇ ਕਰੀਬ ਦੁੱਧ ਦੀ ਥਾਂ ਹਰ ਰੋਜ਼ ਖਰੀਦ ਹੋ ਜਾਂਦੀ ਹੈ, ਪਰ ਕਰੀਬ ਤੀਜਾ ਹਿੱਸਾ 50 ਲੱਖ ਲੀਟਰ ਦੇ ਕਰੀਬ ਦੁੱਧ ਨੂੰ ਖਰੀਦਣ ਵਾਲਾ ਹੀ ਕੋਈ ਨਹੀਂ ਮਿਲ ਰਿਹਾ।
ਪੰਜਾਬ ‘ਚ ਦੁੱਧ ਉਤਪਾਦਕਾਂ ਦੀ ਇਕੋ-ਇਕ ਵੱਡੀ ਦੁੱਧ ਉਤਪਾਦਕ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦਾ ਕਹਿਣਾ ਹੈ ਕਿ ਵਿਕਣੋਂ ਰਹਿ ਰਿਹਾ ਤੀਜਾ ਹਿੱਸਾ ਪੰਜਾਬ ‘ਚ ਵੱਡੇ ਸੰਕਟ ਦਾ ਸੰਕੇਤ ਦੇ ਰਿਹਾ ਹੈ। ਮਿਲਕਫੈੱਡ ਪਿਛਲੇ ਵਰ੍ਹੇ ਨਾਲੋਂ 27 ਫੀਸਦੀ ਵਧੇਰੇ ਦੁੱਧ ਚੁੱਕ ਰਿਹਾ ਹੈ। ਮਿਲਕਫੈੱਡ ਨੇ ਸੁੱਕਾ ਦੁੱਧ ਬਣਾਉਣ ਵਾਲਾ ਪਲਾਂਟ ਪੂਰੀ ਸਮਰੱਥਾ ਨਾਲ ਚਾਲੂ ਕੀਤਾ ਹੋਇਆ ਹੈ ਤੇ ਪਸ਼ੂ ਖੁਰਾਕ ਬਣਾਉਣ ਵਾਲੀਆਂ ਸਾਰੀਆਂ ਫੈਕਟਰੀਆਂ ਵੀ ਕੰਮ ਕਰ ਰਹੀਆਂ ਹਨ, ਪਰ ਅਸਾਧਾਰਨ ਹੋਈ ਹਾਲਤ ਵਿਚ ਪਸ਼ੂ ਖੁਰਾਕ ਬਣਾਉਣ ਵਾਲੀਆਂ ਨਿੱਜੀ ਫੈਕਟਰੀਆਂ ਨੇ ਕੀਮਤਾਂ ਵਧਾ ਦਿੱਤੀਆਂ ਹਨ ਤੇ ਤੂੜੀ ਆਦਿ ਵੀ ਮਹਿੰਗੀ ਹੋ ਗਈ ਹੈ। ਦੁੱਧ ਦੇ ਭਾਅ ਘਟਣ ਤੇ ਪਸ਼ੂ ਖੁਰਾਕ ‘ਚ ਤੇਜ਼ੀ ਅਤੇ 50 ਲੱਖ ਲੀਟਰ ਦੇ ਕਰੀਬ ਦੁੱਧ ਨਾ ਵਿਕਣ ਕਾਰਨ ਪੰਜਾਬ ਦੇ ਉਤਪਾਦਕਾਂ ਨੂੰ ਰੋਜ਼ਾਨਾ 20 ਤੋਂ 25 ਕਰੋੜ ਰੁਪਏ ਦਾ ਰਗੜਾ ਲੱਗ ਰਿਹਾ ਹੈ।
_____________________________________
ਗੁੱਜਰਾਂ ਤੋਂ ਮੁਫਤ ਦੁੱਧ ਲੈਣ ਤੋਂ ਵੀ ਨਾਂਹ
ਪੰਜਾਬ ਵਿਚ ਲੌਕਡਾਊਨ ਨੇ ਗੁੱਜਰ ਭਾਈਚਾਰੇ ਨੂੰ ਦੋਹਰੀ ਸੱਟ ਮਾਰੀ ਹੈ। ਉਨ੍ਹਾਂ ਦਾ ਦੁੱਧ ਹੁਣ ਕੋਈ ਮੁਫਤ ਵਿਚ ਵੀ ਲੈਣ ਲਈ ਤਿਆਰ ਨਹੀਂ। ਦੁੱਧ ਨਾ ਵਿਕਣ ਕਾਰਨ ਗੁੱਜਰਾਂ ਦੀ ਆਰਥਿਕ ਹਾਲਤ ਪਤਲੀ ਹੋ ਗਈ ਹੈ। ਕਈ ਗੁੱਜਰ ਤਾਂ 10 ਰੁਪਏ ਕਿਲੋ ਦੁੱਧ ਵੇਚਣ ਲਈ ਮਜਬੂਰ ਹੋ ਰਹੇ ਹਨ ਤੇ ਕਈ ਦੁੱਧ ਚੋਣ ਤੋਂ ਬਾਅਦ ਮੁੜ ਪਸ਼ੂਆਂ ਨੂੰ ਪਿਲਾ ਰਹੇ ਹਨ। ਇਨ੍ਹਾਂ ਗੁੱਜਰਾਂ ਦਾ ਕਹਿਣਾ ਸੀ ਕਿ ਜੇ ਮੱਝਾਂ ਦਾ ਦੁੱਧ ਰੋਜ਼ ਨਾ ਚੋਇਆ ਜਾਵੇ ਤਾਂ ਉਹ ਫਿਰ ਦੁੱਧ ਦੇਣੋਂ ਹਟ ਜਾਣਗੀਆਂ ਤਾਂ ਉਹ ਕਿੱਥੇ ਜਾਣਗੇ। ਕਈ ਪਿੰਡਾਂ ਵਿਚ ਤਾਂ ਗੁੱਜਰਾਂ ਦੇ ਪਿੰਡਾਂ ਵਿਚ ਵੜਨ ਉਤੇ ਵੀ ਰੋਕ ਲਾ ਦਿੱਤੀ ਗਈ ਹੈ। ਗੁੱਜਰਾਂ ਦੇ ਪਸ਼ੂ ਤੇ ਪਰਿਵਾਰਕ ਮੈਂਬਰ ਭੁੱਖ ਦਾ ਸ਼ਿਕਾਰ ਹੋਣ ਲੱਗ ਪਏ ਹਨ।