ਤਿੰਨ ਮਹੀਨੇ ਦਾ ਸਾਥ, ਦੋ ਦਹਾਕਿਆਂ ਦਾ ਸੰਘਰਸ਼

ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅੱਜਕੱਲ੍ਹ ਕਿਸੇ ਨੂੰ ਨਹੀਂ ਪਛਾਣਦਾ; ਆਪਣੀ ਪਤਨੀ ਨਵਨੀਤ ਕੌਰ ਨੂੰ ਵੀ ਨਹੀਂ, ਜੋ ਦਹਾਕਿਆਂ ਤੋਂ ਉਸ ਦੀ ਰਿਹਾਈ ਲਈ ਯਤਨ ਕਰ ਰਹੀ ਹੈ। ਦੋਵੇਂ ਮਸਾਂ ਤਿੰਨ ਮਹੀਨੇ ਇਕੱਠੇ ਰਹੇ। ਉਨ੍ਹਾਂ ਦਾ ਅਜੇ ਨਵਾਂ ਨਵਾਂ ਵਿਆਹ ਹੋਇਆ ਸੀ ਕਿ ਉਨ੍ਹਾਂ ਦੇ ਘਰ ਛਾਪਾ ਪੈ ਗਿਆ। ਇਸ ਤੋਂ ਬਆਦ ਭੁੱਲਰ ਘਰ ਪੈਰ ਨਹੀਂ ਪਾ ਸਕਿਆ। ਅੰਗਰੇਜ਼ੀ ਦੀ ਸਰਕਰਦਾ ਅਖਬਾਰ ‘ਦਿ ਇੰਡੀਅਨ ਐਕਸਪ੍ਰੈਸ’ ਵਿਚ ਪ੍ਰੀਤਾ ਚੈਟਰਜੀ ਨੇ ਨਵਨੀਤ ਦੇ ਇਸ ਘੋਲ ਅਤੇ ਔਖੇ ਪੈਂਡਿਆਂ ਬਾਰੇ ਲਿਖਿਆ ਹੈ ਜੋ ਅਸੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। ਇਸ ਵਿਚੋਂ ਟੱਬਰ ਦੇ ਹੋਰ ਜੀਆਂ ਦੇ ਨਾਲ ਨਾਲ ਇਨ੍ਹਾਂ ਦੋਹਾਂ ਜੀਆਂ ਦੀ ਬੁਰੀ ਤਰ੍ਹਾਂ ਉਖੜੀ ਜ਼ਿੰਦਗਾਨੀ ਦੀ ਸੂਹ ਮਿਲਦੀ ਹੈ। -ਸੰਪਾਦਕ

ਉਹ ਉਹਨੂੰ ਪ੍ਰੋਫੈਸਰ ਕਹਿ ਕੇ ਗੱਲ ਕਰਦੀ ਹੈ। 22 ਸਾਲਾਂ ਦੇ ਵਿਆਹੁਤਾ ਜੀਵਨ ਦੌਰਾਨ ਉਹ ਮਹਿਜ਼ ਤਿੰਨ ਮਹੀਨੇ ਇਕੱਠੇ ਰਹੇ। ਇੰਨੇ ਘੱਟ ਸਮੇਂ ਵਿਚ ਕੋਈ ਇਕ-ਦੂਜੇ ਨੂੰ ਚੱਜ ਨਾਲ ਜਾਣ ਵੀ ਨਹੀਂ ਸਕਦਾ। ਇਹ 48 ਸਾਲਾ ਦਲੇਰ ਔਰਤ ਆਪਣੇ ਪ੍ਰੋਫੈਸਰ ਜਿਸ ਦੀ ਮਾਨਸਿਕ ਅਵਸਥਾ ਹਰ ਚੜ੍ਹਦੇ ਦਿਨ ਹੋਰ ਜ਼ਿਆਦਾ ਡੋਲ ਰਹੀ ਹੈ, ਨੂੰ ਬਚਾਉਣ ਲਈ ਅਦਾਲਤਾਂ ਅਤੇ ਸਰਕਾਰਾਂ ਨਾਲ ਆਢਾ ਲਾਈ ਬੈਠੀ ਹੈ। ਇਸ ਔਰਤ ਦੀ ਬੱਸ ਹੁਣ ਇਹੀ ਤਾਂਘ ਤੇ ਇਹੀ ਲੋਚਾ ਹੈ, ਪਰ ਵਕਤ ਸ਼ਾਇਦ, ਫਿਲਹਾਲ ਪੁੱਠਾ ਗਿੜ ਰਿਹਾ ਹੈ!
ਨਵਨੀਤ ਆਖਦੀ ਹੈ-ਦਵਿੰਦਰ ਦੀ ‘ਗਲਤੀ’ ਸਿਰਫ ਇੰਨੀ ਸੀ ਕਿ ਉਹ ਅਜਿਹਾ ਇੰਜੀਨੀਅਰ ਤੇ ਪ੍ਰੋਫੈਸਰ ਸੀ ਜਿਹੜਾ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਲਾਪਤਾ ਹੋ ਰਹੇ ਆਪਣੇ ਵਿਦਿਆਰਥੀਆਂ ਬਾਰੇ ਬੜਾ ਫਿਕਰਮੰਦ ਸੀ। ਨਵਨੀਤ ਉਦੋਂ 26 ਵਰ੍ਹਿਆਂ ਦੀ ਸੀ ਜਦੋਂ 1991 ਵਿਚ ਉਸ ਦਾ ਵਿਆਹ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਮਕੈਨੀਕਲ ਇੰਜੀਨੀਅਰ ਦੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨਾਲ ਹੋਇਆ। ਉਚੇ ਲੰਮੇ ਕੱਦ ਦਾ ਭੁੱਲਰ ਬਹੁਤ ਸਾਊ ਅਤੇ ਮਿੱਠਬੋਲੜਾ ਨੌਜਵਾਨ ਸੀ। ਨਵਨੀਤ ਉਨ੍ਹਾਂ ਦਿਨਾਂ ਨੂੰ ਚੇਤੇ ਕਰਦੀ ਹੈ, “ਬੜੇ ਮਾੜੇ ਦਿਨ ਸਨ ਉਹ। ਆਏ ਦਿਨ ਸਿੱਖ ਨੌਜਵਾਨਾਂ ਨੂੰ ਖਾਲਿਸਤਾਨੀ ਦਹਿਸ਼ਤਗਰਦੀ ਦੇ ਦੋਸ਼ਾਂ ਹੇਠ ਪੁਲਿਸ ਵੱਲੋਂ ਚੁੱਕ ਲਿਆ ਜਾਂਦਾ ਸੀ। ਪ੍ਰੋਫੈਸਰ ਉਥੋਂ ਨਿਕਲਣਾ ਚਾਹੁੰਦਾ ਸੀ ਅਤੇ ਬਾਹਰ ਨੌਕਰੀ ਤਲਾਸ਼ ਰਿਹਾ ਸੀ। ਉਸ ਵੇਲੇ ਚੰਡੀਗੜ੍ਹ ਤੋਂ ਇਕ ਚੰਗੀ ਕੰਪਨੀ ਨੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਸੀ।” ਨਵਨੀਤ ਖੁਦ ਵੀ ਚਾਹੁੰਦੀ ਸੀ ਕਿ ਉਸ ਦਾ ਪਤੀ ਕਿਸੇ ਨਾ ਕਿਸੇ ਹੀਲੇ-ਵਸੀਲੇ ਲੁਧਿਆਣੇ ਤੋਂ ਬਾਹਰ ਨਿਕਲ ਜਾਵੇ; ਪਰ ਉਨ੍ਹਾਂ ਹੀ ਦਿਨਾਂ ਵਿਚ ਭੁੱਲਰ ਨੂੰ ਉਸ ਵੇਲੇ ਚੰਡੀਗੜ੍ਹ ਦੇ ਐਸ਼ਐਸ਼ਪੀæ (ਹੁਣ ਪੰਜਾਬ ਪੁਲਿਸ ਮੁਖੀ) ਸੁਮੇਧ ਸਿੰਘ ਸੈਣੀ ਉਤੇ ਹਮਲਾ ਕਰਨ ਦੇ ਕੇਸ ਵਿਚ ਮੁਲਜ਼ਮ ਐਲਾਨ ਦਿੱਤਾ ਗਿਆ। ਨਵਨੀਤ ਮੁਤਾਬਕ, ਸੁਮੇਧ ਸੈਣੀ ‘ਤੇ ਹਮਲੇ ਨਾਲ ਭੁੱਲਰ ਦਾ ਕੋਈ ਸਬੰਧ ਨਹੀਂ ਸੀ। ਉਹ ਸੈਂਕੜੇ ਸਿੱਖ ਨੌਜਵਾਨਾਂ ਵਾਂਗ ਲਾਪਤਾ ਹੋਏ ਆਪਣੇ ਕਾਲਜ ਦੇ ਸਿੱਖ ਨੌਜਵਾਨਾਂ ਲਈ ਹਮਦਰਦੀ ਰੱਖਦਾ ਸੀ ਜਿਸ ਕਰ ਕੇ ਉਹ ਉਸ ਦਾ ਮੂੰਹ ਬੰਦ ਕਰਨਾ ਚਾਹੁੰਦੇ ਸਨ। ਉਹ ਕਿਉਂਕਿ ਇੰਜੀਨੀਅਰ ਸੀ, ਇਸ ਲਈ ਉਨ੍ਹਾਂ ਉਸ ਉੱਤੇ ਰਿਮੋਟ ਕੰਟਰੋਲ ਵਾਲੇ ਬੰਬਾਂ ਦੀ ਸੈਟਿੰਗ ਕਰਨ ਦਾ ਦੋਸ਼ ਲਾਇਆ।
ਨਵਨੀਤ ਉਹੀ ਗੱਲ ਫਿਰ ਦੁਹਰਾਉਂਦੀ ਹੈ ਜਿਹੜੀ ਉਸ ਨੇ 2011 ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਲ ਕੇ ਸੁਪਰੀਮ ਕੋਰਟ ਵਿਚ ਪਾਈ ਪਟੀਸ਼ਨ ਵਿਚ ਕੀਤੀ ਸੀ। ਉਸ ਨੇ ਦੱਸਿਆ, “ਪੁਲਿਸ ਨੇ ਸਾਡੇ ਘਰ ਛਾਪਾ ਮਾਰਿਆ। ਪ੍ਰੋਫੈਸਰ ਘਰ ਹੈ ਨਹੀਂ ਸੀ, ਤਾਂ ਪੁਲਿਸ ਉਸ ਦੇ ਪਿਤਾ ਬਲਵੰਤ ਸਿੰਘ, ਮਾਸੜ ਮਨਜੀਤ ਸਿੰਘ ਅਤੇ ਰਿਸ਼ਤੇ ਦੇ ਭਰਾ ਨੂੰ ਚੁੱਕ ਕੇ ਲੈ ਗਈ। ਇਨ੍ਹਾਂ ਤਿੰਨਾਂ ਦੀ ਮੁੜ ਕੇ ਕੋਈ ਉੱਘ-ਸੁੱਘ ਨਹੀਂ ਨਿਕਲੀ। ਸਾਫ ਸੀ ਕਿ ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਮਾਰ ਮੁਕਾਇਆ ਸੀ। ਇਨ੍ਹਾਂ ਤਿੰਨਾਂ ਨੂੰ ਬਿਨਾਂ ਕਿਸੇ ਐਫ਼ਆਈæਆਰæ ਅਤੇ ਅਦਾਲਤ ਦੇ ਹੁਕਮਾਂ ਦੇ ਹੀ ਚੁੱਕਿਆ ਗਿਆ ਸੀ।” ਇਹ ਕਹਿੰਦਿਆਂ ਉਸ ਦੇ ਹੰਝੂ ਪਰਲ ਪਰਲ ਵਗ ਤੁਰੇ।
ਬਲਵੰਤ ਸਿੰਘ ਅਤੇ ਮਨਜੀਤ ਸਿੰਘ ਸਰਕਾਰੀ ਮੁਲਾਜ਼ਮ ਸਨ। ਉਦੋਂ ਨਵਨੀਤ ਦੇ ਪਿਤਾ ਨੂੰ ਵੀ ਪੁਲਿਸ ਨੇ ਚੁੱਕ ਲਿਆ ਸੀ, ਪਰ ਡੇਢ ਮਹੀਨੇ ਮਗਰੋਂ ਛੱਡ ਦਿੱਤਾ ਗਿਆ। ਉਹ ਫਿਰ ਤੜਫੀ, “ਪੁਲਿਸ ਨੇ ਮੇਰੇ ਪਿਤਾ ‘ਤੇ ਅੰਨ੍ਹਾ ਤਸ਼ੱਦਦ ਕੀਤਾ। ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਗਈ। ਉਨ੍ਹਾਂ ਕੋਲੋਂ ਤੁਰਿਆ ਵੀ ਨਹੀਂ ਜਾਂਦਾ ਸੀ। ਗ੍ਰਿਫਤਾਰੀ ਤੋਂ ਮਗਰੋਂ ਜਦੋਂ ਉਹ ਛੁੱਟ ਕੇ ਆਏ ਤਾਂ ਉਹ ਪਹਿਲਾਂ ਵਰਗੇ ਨਹੀਂ ਸਨ।”
ਦਵਿੰਦਰ ਇਸ ਤੋਂ ਮਗਰੋਂ ਤਿੰਨ ਸਾਲ ਰੂਪੋਸ਼ ਰਿਹਾ। ਉਸ ਨੂੰ ਡਰ ਸੀ ਕਿ ਜੇ ਉਹ ਪੁਲਿਸ ਦੇ ਹੱਥ ਆ ਗਿਆ ਤਾਂ ਉਸ ਦੀ ਹੋਣੀ ਵੀ ਉਸ ਦੇ ਪਿਤਾ ਵਾਲੀ ਹੋਵੇਗੀ। ਨਵਨੀਤ ਆਪਣੇ ਆਪ ਨੂੰ ਸੰਭਾਲਦੀ ਫਿਰ ਗੱਲ ਸ਼ੁਰੂ ਕਰਦੀ ਹੈ, “ਇਸ ਸਮੇਂ ਦੌਰਾਨ ਨਾ ਤਾਂ ਅਸੀਂ ਕਦੇ ਮਿਲੇ ਅਤੇ ਨਾ ਹੀ ਸਾਡੀ ਕਦੇ ਕੋਈ ਗੱਲਬਾਤ ਹੋਈ। ਉਸ ਨੇ ਡਰਦਿਆਂ ਕਦੇ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਉਸ ਨੂੰ ਖਦਸ਼ਾ ਸੀ ਕਿ ਅਜਿਹਾ ਕਰਨ ਦੀ ਸੂਰਤ ਵਿਚ ਪੁਲਿਸ ਉਸ ਨੂੰ ਮਾਰ ਮੁਕਾਏਗੀ। ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹ ਜ਼ਿੰਦਾ ਹੈ। ਸਾਰਾ ਦਿਨ ਦਿਲ ਧੜਕਦਾ ਰਹਿੰਦਾ ਸੀ ਕਿ ਕਿਤੇ ਮੌਤ ਦੀ ਖਬਰ ਨਾ ਆ ਜਾਵੇ। ਇੱਦਾਂ ਦਾ ਸੀ ਸਾਡਾ ਵਿਛੋੜਾ। ਦੂਜੇ ਬੰਨੇ, ਪੂਰਾ ਪਰਿਵਾਰ ਤਿੰਨ ਜੀਆਂ ਦੇ ਲਾਪਤਾ ਹੋਣ ਦਾ ਸਦਮਾ ਸਹਿ ਰਿਹਾ ਸੀ।”
ਨਵਨੀਤ ਨੂੰ ਇਸੇ ਸਮੇਂ ਦੌਰਾਨ ਆਪਣੇ ਗੁਜ਼ਾਰੇ ਲਈ ਹੋਸਟਲ ਵਾਰਡਨ ਦੀ ਨੌਕਰੀ ਕਰਨੀ ਪਈ। ਇਹ ਪਹਿਲੀ ਵਾਰ ਸੀ ਜਦੋਂ ਉਹ ਰੋਜ਼ੀ-ਰੋਟੀ ਲਈ ਇਉਂ ਘਰੋਂ ਨਿਕਲੀ ਸੀ। ਇਸ ਤੋਂ ਬਾਅਦ 1993 ਵਿਚ ਦਿੱਲੀ ‘ਚ ਯੂਥ ਕਾਂਗਰਸ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ‘ਤੇ ਹਮਲਾ ਹੋ ਗਿਆ ਜਿਸ ਵਿਚ ਨੌਂ ਬੰਦੇ ਮਾਰੇ ਗਏ ਅਤੇ ਬਿੱਟਾ ਜ਼ਖਮੀ ਹੋ ਗਿਆ। ਇਹ ਬੰਬ ਧਮਾਕਾ ਵੀ ਰਿਮੋਟ ਕੰਟਰੋਲ ਨਾਲ ਕੀਤਾ ਗਿਆ ਸੀ। ਪ੍ਰੋਫੈਸਰ ਦੇ ਇੰਜੀਨੀਅਰ ਹੋਣ ਕਾਰਨ ਇਹ ਧਮਾਕਾ ਵੀ ਉਸ ਦੇ ਸਿਰ ਲਾ ਦਿੱਤਾ ਗਿਆ। ਇਸ ਕੇਸ ‘ਚ ਭੁੱਲਰ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਾ ਮਿਲਣ ਦੇ ਬਾਵਜੂਦ ਕਿਹਾ ਗਿਆ ਕਿ ਇਹ ਧਮਾਕਾ ਵੀ 1991 ਵਿਚ ਰਿਮੋਟ ਨਾਲ ਹੋਏ ਬੰਬ ਧਮਾਕੇ ਵਰਗਾ ਸੀ ਜਿਸ ਕਾਰਨ ਇਸ ਧਮਾਕੇ ‘ਚ ਵੀ ਪ੍ਰੋਫੈਸਰ ਦਾ ਹੱਥ ਹੈ।
ਦਿੱਲੀ ਦੀ ਹੇਠਲੀ ਅਦਾਲਤ ਨੇ 2001 ਵਿਚ ਦਵਿੰਦਰ ਨੂੰ ਇਸ ਕੇਸ ਵਿਚ ਦੋਸ਼ੀ ਮੰਨਿਆ ਅਤੇ ਮੌਤ ਦੀ ਸਜ਼ਾ ਸੁਣਾਈ। ਸੁਪਰੀਮ ਕੋਰਟ ਨੇ ਇਸ ਕੇਸ ‘ਚ ਕੀਤੀ ਗਈ ਅਪੀਲ ‘ਤੇ 2002 ਵਿਚ ਟੁੱਟਵਾਂ ਫੈਸਲਾ ਦਿੱਤਾ। ਇਸ ਕੇਸ ਲਈ ਕਾਇਮ ਕੀਤੇ ਤਿੰਨ ਮੈਂਬਰੀ ਬੈਂਚ ਦੇ ਸਭ ਤੋਂ ਸੀਨੀਅਰ ਜੱਜ, ਜਸਟਿਸ ਐਮæਬੀæਸ਼ਾਹ ਨੇ ਉਸ ਨੂੰ ਬਰੀ ਕਰ ਦਿੱਤਾ ਅਤੇ ਦੂਜੇ ਦੋ ਜੱਜਾਂ ਨੇ ਉਸ ਨੂੰ ਦੋਸ਼ੀ ਮੰਨਿਆ। ਮਈ 2011 ਵਿਚ ਰਾਸ਼ਟਰਪਤੀ ਨੇ ਉਸ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ।
1994 ਵਿਚ ਤਿੰਨ ਸਾਲਾਂ ਦੇ ਵਿਛੋੜੇ ਮਗਰੋਂ ਦੋਵੇਂ ਪਤੀ-ਪਤਨੀ ਨੇ ਕੈਨੇਡਾ ਵਿਚ ਇਸ ਆਸ ਨਾਲ ਮਿਲਣ ਦਾ ਪ੍ਰਬੰਧ ਕੀਤਾ ਕਿ ਉਹ ਇਕ ਵਾਰ ਫਿਰ, ਨਵੇਂ ਸਿਰਿਉਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਨਵਨੀਤ ਦੱਸਦੀ ਹੈ, “ਮੈਂ ਵੈਨਕੂਵਰ ਪਹੁੰਚ ਗਈ, ਪਰ ਉਹ ਫਰੈਂਕਫਰਟ (ਜਰਮਨੀ) ਵਿਚ ਉਸ ਵੇਲੇ ਫੜਿਆ ਗਿਆ ਜਦੋਂ ਉਸ ਨੇ ਜਹਾਜ਼ ਬਦਲਣਾ ਸੀ। ਉਸ ਕੋਲ ਸਹੀ ਦਸਤਾਵੇਜ਼ ਨਹੀਂ ਸਨ। ਮੈਨੂੰ ਲੱਗਿਆ, ਜਿਵੇਂ ਮੇਰੇ ਉੱਤੇ ਫਿਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮੈਂ ਆਪਣੇ ਪਤੀ ਨੂੰ ਮਿਲਣ ਹੀ ਵਾਲੀ ਸੀ ਕਿ ਹੋਣੀ ਇਕ ਵਾਰੀ ਫਿਰ ਉਸ ਨੂੰ ਮੈਥੋਂ ਦੂਰ ਲੈ ਗਈ।”æææਤੇ 1995 ਵਿਚ ਦਵਿੰਦਰਪਾਲ ਨੂੰ ਜਰਮਨੀ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ।
ਅਗਲੇ ਛੇ ਸਾਲਾਂ ਦੌਰਾਨ ਜਿੱਥੇ ਦਵਿੰਦਰਪਾਲ ਭੁੱਲਰ ਵੱਖ-ਵੱਖ ਅਦਾਲਤਾਂ ਵਿਚ ਆਪਣੇ ਖਿਲਾਫ ਪਾਏ ਕੇਸਾਂ ਦਾ ਸਾਹਮਣਾ ਕਰਦਾ ਰਿਹਾ, ਉੱਥੇ ਨਵਨੀਤ ਨੇ ਕੈਨੇਡਾ ਵਿਚ ਐਨ ਮੁੱਢ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਸ ਨੇ ਦੱਸਿਆ, “ਮੈਂ ਆਪਣੇ ਮਾਪਿਆਂ ਨੂੰ ਵੀ ਕੈਨੇਡਾ ਬੁਲਾ ਲਿਆ ਅਤੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਲੰਬੀ ਉਡੀਕ ਕੀਤੀ। ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕੀਤਾ। ਉੱਥੇ ਨਰਸਿੰਗ ਦਾ ਕੋਰਸ ਕੀਤਾ ਅਤੇ ਪ੍ਰੋਫੈਸਰ ਨੂੰ ਜੇਲ੍ਹ ਵਿਚ ਮਿਲਣ ਲਈ ਭਾਰਤ ਆਉਣ ਖਾਤਰ ਪੈਸਿਆਂ ਦਾ ਪ੍ਰਬੰਧ ਕਰਨ ਲਈ ਦੂਹਰੀ ਸ਼ਿਫਟ ਵਿਚ ਕੰਮ ਕੀਤਾ। ਦਿੱਲੀ ਜਾਣ ਲਈ 2100 ਡਾਲਰ ਲਗਦੇ ਸਨ, ਪਰ ਪ੍ਰੋਫੈਸਰ ਨੂੰ ਦੇਖਣ ਲਈ ਸਭ ਕਰਨਾ ਹੀ ਸੀ।” ਇਸੇ ਦੌਰਾਨ ਦਵਿੰਦਰਪਾਲ ਦੀ ਮਾਂ ਵੀ ਆਪਣੇ ਛੋਟੇ ਪੁੱਤਰ ਨਾਲ ਅਮਰੀਕਾ ਪਹੁੰਚ ਗਈ।
ਇਸ ਸਮੇਂ ਦੌਰਾਨ ਨਵਨੀਤ ਦੇ ਮਾਪਿਆਂ ਨੇ ਦਵਿੰਦਰਪਾਲ ਭੁੱਲਰ ਦੇ ਕੇਸ ਦਾ ਖਹਿੜਾ ਛੱਡ ਕੇ ਉਸ ਨੂੰ ਨਵੇਂ ਸਿਰਿਉਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਜ਼ੋਰ ਪਾਇਆ, ਪਰ ਉਹ ਨਾ ਮੰਨੀ। ਉਹ ਅੱਖਾਂ ਪੂੰਝਦੀ ਦੱਸਦੀ ਹੈ, “ਪ੍ਰੋਫੈਸਰ ਦੇ ਟੱਬਰ ਨੇ ਵੀ ਤਾਂ ਦੁੱਖ ਹੰਢਾਏ ਸਨ, ਪਰ ਅਜਿਹੇ ਕੇਸਾਂ ਵਿਚ ਸਭ ਤੋਂ ਵੱਧ ਪੀੜਾ ਨਾਲ ਦੇ ਸਾਥੀ ਨੂੰ ਹੀ ਸਹਿਣੀ ਪੈਂਦੀ ਹੈ। ਮੇਰੀ ਮਾਂ ਠੀਕ ਨਹੀਂ। ਹੁਣ ਉਹਦਾ ਦਿਲ ਦਾ ਅਪਰੇਸ਼ਨ ਹੋਣਾ ਹੈ। ਮੇਰੇ ਪੇਕਿਆਂ ਵਾਲੇ ਫਿਰ ਜ਼ੋਰ ਪਾ ਰਹੇ ਹਨ ਕਿ ਮੈਂ ਕੈਨੇਡਾ ਪੁੱਜ ਜਾਵਾਂ।”
ਦਿੱਲੀ ਦੇ ਗੇੜਿਆਂ ਅਤੇ ਕੰਮ ਤੋਂ ਲੰਮੀਆਂ ਛੁੱਟੀਆਂ ਕਾਰਨ ਨਵਨੀਤ ਦੀ ਪੱਕੀ ਨੌਕਰੀ ਛੁੱਟ ਗਈ। ਉਂਜ ਜਦੋਂ ਵੀ ਉਹ ਕੈਨੇਡਾ ਹੁੰਦੀ ਹੈ ਤਾਂ ਹਸਪਤਾਲ ਵਿਚ ਸ਼ਿਫਟਾਂ ਵਿਚ ਕੰਮ ਮਿਲ ਜਾਂਦਾ ਹੈ। ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਨਵਨੀਤ ਉਸ ਨੂੰ 2001 ਵਿਚ ਤਿਹਾੜ ਜੇਲ੍ਹ ਵਿਚ ਮਿਲ ਸਕੀ। ਉਦੋਂ ਭੁੱਲਰ ਨੂੰ ਇਸ ਕੇਸ ਵਿਚ ਛੇਤੀ ਰਿਹਾਈ ਦੀ ਉਮੀਦ ਹੈ। ਉਹ ਭਰੋਸੇ ਨਾਲ ਆਖਦਾ ਸੀ ਕਿ ਇਸ ਕੇਸ ਵਿਚ ਉਸ ਦੇ ਖਿਲਾਫ ਕੋਈ ਗਵਾਹੀ ਨਹੀਂ ਹੈ ਅਤੇ ਪੁਲਿਸ ਨੇ ਤਸ਼ੱਦਦ ਕਰ ਕੇ ਉਸ ਕੋਲੋਂ ਜਬਰੀ ਇਕਬਾਲੀਆ ਬਿਆਨਾਂ ‘ਤੇ ਦਸਤਖਤ ਕਰਵਾਏ ਹਨ। ਪ੍ਰੋਫੈਸਰ ਜੇਲ੍ਹ ਵਿਚ ਬੰਦ ਕੈਦੀਆਂ ਕੋਲ ਕੱਪੜੇ ਵੀ ਨਾ ਹੋਣ ਬਾਰੇ ਗੱਲਾਂ ਕਰਦਾ। ਨਵਨੀਤ ਤੇ ਪ੍ਰੋਫੈਸਰ ਵਿਚਕਾਰ ਨੋਕ-ਝੋਕ ਵੀ ਹੁੰਦੀ। ਨਵਨੀਤ ਰਤਾ ਕੁ ਮੁਸਕਰਾ ਕੇ ਦੱਸਦੀ ਹੈ, “ਕੈਨੇਡਾ ਤੋਂ ਲਿਆਦੇ ਕੱਪੜੇ ਪ੍ਰੋਫੈਸਰ ਨਾਲ ਦੇ ਕੈਦੀਆਂ ਨੂੰ ਵੰਡ ਛੱਡਦਾ ਸੀ। ਫਿਰ ਹੋਰ ਲਿਆਉਣ ਲਈ ਕਹਿੰਦਾ। ਮੈਂ ਬੜੇ ਲਹੂਰਾਂ ਨਾਲ ਉਹ ਕੱਪੜੇ ਖਰੀਦਦੀ ਸਾਂ। ਮੈਨੂੰ ਬੜਾ ਗੁੱਸਾ ਚੜ੍ਹਦਾ।”
ਫਿਰ 2006 ਵਿਚ ਭੁੱਲਰ ਨੂੰ ਸੁਮੇਧ ਸੈਣੀ ‘ਤੇ ਹੋਏ ਹਮਲੇ ਵਾਲੇ ਕੇਸ ‘ਚੋਂ ਬਰੀ ਕਰ ਦਿੱਤਾ ਗਿਆ, ਪਰ 1993 ਦੇ ਬੰਬ ਧਮਾਕਿਆਂ ਸਬੰਧੀ ਉਹ ਜੇਲ੍ਹ ਵਿਚ ਹੀ ਰਿਹਾ। ਨਵਨੀਤ ਦੱਸਦੀ ਹੈ ਕਿ ਪ੍ਰੋਫੈਸਰ ਨੂੰ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਸੀ ਕਿ ਉਸ ਨੂੰ ਜੇਲ੍ਹ ਵਿਚ ਰਹਿ ਕੇ ਪੱਤਰ ਵਿਹਾਰ ਰਾਹੀਂ ਐਮæਬੀæਏæ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਜੇ ਕਿਤੇ ਉਸ ਨੂੰ ਪੜ੍ਹਨ ਦੀ ਆਗਿਆ ਮਿਲ ਜਾਂਦੀ ਤਾਂ ਸ਼ਾਇਦ ਉਸ ਦਾ ਇੰਨਾ ਮਾੜਾ ਹਾਲ ਨਾ ਹੁੰਦਾ, ਜਿੰਨਾ ਹੁਣ ਹੋਇਆ ਹੈ। ਉਹਨੂੰ ਪੜ੍ਹਨ ਦੀ ਬੜੀ ਲਲ੍ਹਕ ਰਹਿੰਦੀ ਸੀ।
ਇਹ 2000 ਦੇ ਅੱਧ ਦੀ ਗੱਲ ਹੈ ਜਦੋਂ ਦਵਿੰਦਰ ਦਾ ਦਿਮਾਗੀ ਤਵਾਜ਼ਨ ਵਿਗੜਨ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ। ਨਵਨੀਤ ਨੇ ਤੁਰੰਤ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਲਈ ਰਿਵਿਊ ਪਟੀਸ਼ਨ ਦਾਇਰ ਕੀਤੀ ਅਤੇ ਨਾਲ ਹੀ ਇਸ ਬਾਰੇ ਵੱਖ-ਵੱਖ ਸਿਆਸਤਦਾਨਾਂ ਤੱਕ ਪਹੁੰਚ ਕੀਤੀ। ਮਨੁੱਖੀ ਅਧਿਕਾਰਾਂ ਵਾਲੇ ਕਾਰਕੁਨਾਂ ਦੇ ਦਰ ਖੜਕਾਏ। ਸਿੱਖ ਭਾਈਚਾਰੇ ਦੇ ਪਤਵੰਤਿਆਂ ਨੂੰ ਇਹ ਮਾਮਲਾ ਵੱਖ-ਵੱਖ ਕੌਮੀ, ਕੌਮਾਂਤਰੀ ਮੰਚਾਂ ਅਤੇ ਕੈਨੇਡਾ ਤੇ ਜਰਮਨੀ ਦੀ ਸੰਸਦ ਵਿਚ ਉਠਾਉਣ ਲਈ ਆਖਿਆ। ਜਰਮਨੀ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੋ ਵਾਰੀ ਭਾਰਤ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਨ ਕਿ ਪ੍ਰੋਫੈਸਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਜਾਵੇ। ਜਿਸ ਜਰਮਨੀ ਨੇ ਉਸ ਨੂੰ ਭਾਰਤ ਹਵਾਲੇ ਕੀਤਾ ਸੀ, ਉਹ ਫਾਂਸੀ ਦੀ ਸਜ਼ਾ ਦੇ ਖਿਲਾਫ ਹੈ।
ਦਵਿੰਦਰਪਾਲ ਭੁੱਲਰ ਇਸ ਵੇਲੇ ਦਿੱਲੀ ਦੇ ‘ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਿਜ਼’ ਵਿਚ ਮਾਨਸਿਕ ਰੋਗ ਦੇ ਇਲਾਜ ਲਈ ਦਾਖਲ ਹੈ। ਇਕ ਹੰਮੇ ਵਾਲੇ ਬੰਦੇ ਦਾ ਕੀ ਦਾ ਕੀ ਬਣਾ ਦਿੱਤਾ ਗਿਆ ਸੀ! ਨਵਨੀਤ ਹੰਝੂ ਕੇਰਦੀ ਹੈ, “ਪ੍ਰੋਫੈਸਰ ਦਾ ਭਾਰ ਇੰਨਾ ਘਟ ਗਿਆ ਹੈ ਕਿ ਉਹ ਹੁਣ ਹੱਡੀਆਂ ਦੀ ਮੁੱਠ ਨਜ਼ਰ ਆਉਂਦਾ ਹੈ। ਉਹ ਕੁਝ ਖਾਣਾ ਨਹੀਂ ਚਾਹੁੰਦਾ ਅਤੇ ਨਾ ਹੀ ਨਹਾਉਣਾ ਚਾਹੁੰਦਾ ਹੈ। ਇਸ ਵੇਲੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕੌਣ ਹੈ। ਉਹ ਇੱਦਾਂ ਗੱਲ ਕਰਦਾ ਹੈ ਜਿਵੇਂ ਕੋਈ ਮੰਤਰੀ ਹਨ ਅਤੇ ਫਿਰ ਉਹ ਆਪਣਾ ਹੈਲੀਕਾਪਟਰ ਲਿਆਉਣ ਲਈ ਕਹਿਣ ਲੱਗ ਪੈਂਦਾ ਹੈ।”
ਨਵਨੀਤ ਅਜੇ ਵੀ ਤਿਣਕਾ ਤਿਣਕਾ ਜੋੜ ਰਹੀ ਹੈ। ਉਹ ਇਕ ਹਾਲੀਆ ਘਟਨਾ ਬਿਆਨ ਕਰਦੀ ਹੈ, “ਪ੍ਰੋਫੈਸਰ ਬੜਾ ਜ਼ਹੀਨ ਰਿਹਾ ਹੈ। ਸਾਡੇ ਵਿਚੋਂ ਬਹੁਤਿਆਂ ਨੂੰ ਅਜਿਹੀ ਦਾਤ ਨਹੀਂ ਮਿਲਦੀ। ਪਿਛੇ ਜਿਹੇ ਹੀ ਮੈਂ ਜਦੋਂ ਹਸਪਤਾਲ ਉਹਨੂੰ ਮਿਲਣ ਗਈ ਤਾਂ ਉਹਨੇ ਭੂਚਾਲ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਭੂਚਾਲ ਨਾਲ ਬਹੁਤ ਜਾਨੀ ਨੁਕਸਾਨ ਹੋ ਸਕਦਾ ਹੈ। ਮੈਂ ਜਦੋਂ ਹਸਪਤਾਲ ਤੋਂ ਬਾਹਰ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਉਸ ਦਿਨ ਰਾਜਧਾਨੀ ਵਿਚ ਭੂਚਾਲ ਆਇਆ ਸੀ। ਮੇਰੇ ਨਾਲ ਪ੍ਰੋਫੈਸਰ ਨੇ ਭਾਵੇਂ ਇਹ ਗੱਲ ਬਿਨਾਂ ਕਿਸੇ ਪ੍ਰਸੰਗ ਦੇ ਕੀਤੀ ਸੀ, ਪਰ ਮੈਨੂੰ ਲੱਗਿਆ ਕਿ ਉਸ ਅੰਦਰ ਅਜੇ ਵੀ ਪੁਰਾਣਾ ਪ੍ਰੋਫੈਸਰ ਜਿਉਂਦਾ ਹੈ।” ਉਹ ਉਸ ਦੇ ਕੇਸ ਬਾਰੇ ਗੱਲ  ਕਰਦੀ ਹੈ, “ਇਸ ਕੇਸ ਦੇ ਦੋ ਪਹਿਲੂ ਹਨ, ਕਾਨੂੰਨੀ ਤੇ ਮਾਨਵੀ; ਅਤੇ ਸਾਨੂੰ ਇਨ੍ਹਾਂ ਦੋਵਾਂ ‘ਤੇ ਹੀ ਜਿੱਚ ਕੀਤਾ ਗਿਆ ਹੈ। ਕਾਨੂੰਨੀ ਤੌਰ ‘ਤੇ ਇਸ ਕੇਸ ਵਿਚ ਫਾਂਸੀ ਦੀ ਸਜ਼ਾ ਬਾਰੇ ਬੈਂਚ ਦੇ ਟੁੱਟਵੇਂ ਫ਼ੈਸਲੇ ਦੇ ਮੱਦੇਨਜ਼ਰ ਮਾਮਲੇ ‘ਤੇ ਨਜ਼ਰਸਾਨੀ ਲਈ ਰਿਵਿਊ ਬੈਂਚ ਕਾਇਮ ਨਹੀਂ ਕੀਤਾ ਗਿਆ। ਜੇ ਮਨੁੱਖੀ ਪਹਿਲੂ ਤੋਂ ਦੇਖਿਆ ਜਾਵੇ ਤਾਂ ਪ੍ਰੋਫੈਸਰ ਜੋ ਮਾਨਸਿਕ ਪੱਖੋਂ ਬਿਮਾਰ ਹੈ, ਦੀ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ‘ਤੇ ਕਈ ਵਰ੍ਹੇ ਫ਼ੈਸਲਾ ਨਹੀਂ ਕੀਤਾ ਗਿਆ।
ਨਵਨੀਤ ਹੁਣ ਉਨ੍ਹਾਂ ਪਰਿਵਾਰਾਂ ਦੇ ਜੀਆਂ ਨੂੰ ਮਿਲਣ ਬਾਰੇ ਸੋਚ ਰਹੀ ਹੈ ਜਿਨ੍ਹਾਂ ਦੇ ਜੀਅ 1993 ਵਾਲੇ ਧਮਾਕੇ ਵਿਚ ਮਾਰੇ ਗਏ ਸਨ। ਨਾਲ ਹੀ ਉਹ ਆਕਦੀ ਹੈ, “ਮੈਂ ਸਿਆਸੀ ਲੀਡਰਾਂ ਨੂੰ ਵੀ ਮਿਲ ਰਹੀ ਹਾਂ। ਉਨ੍ਹਾਂ ਨੂੰ ਦੱਸ ਰਹੀ ਹਾਂ ਕਿ ਜੇ ਪ੍ਰੋਫੈਸਰ ਨੂੰ ਫਾਂਸੀ ਚਾੜ੍ਹਿਆ ਗਿਆ ਤਾਂ ਕੌਮਾਂਤਰੀ ਪੱਧਰ ‘ਤੇ ਵੀ ਦੇਸ਼ ਦਾ ਅਕਸ ਖਰਾਬ ਹੋਵੇਗਾ। ਦਵਿੰਦਰਪਾਲ ਸਿੰਘ ਭੁੱਲਰ ਅੱਜ ਨਵਨੀਤ ਨੂੰ ਪਛਾਣਦਾ ਨਹੀਂ, ਉਹ ਇਸ ਔਰਤ ਵੱਲੋਂ ਉਸ ਦੀ ਜਾਨ ਬਚਾਉਣ ਲਈ ਵਿੱਢੀ ਲੜਾਈ ਲਈ ਉਸ ਨੂੰ ਹੱਲਾਸ਼ੇਰੀ ਦੇਣੀ ਵੀ ਭੁੱਲ ਚੁੱਕਾ ਹੈ, ਪਰ ਨਵਨੀਤ ਉਸ ਦੀ ਰਿਹਾਈ ਲਈ ਅਜੇ ਵੀ ਜਾਨ ਹੂਲ ਰਹੀ ਹੈ। ਨਵਨੀਤ ਇਕ ਹੋਰ ਦਰਦ ਬਿਆਨ ਕਰਦੀ ਹੈ, “ਅਪਰੈਲ ਵਿਚ ਭੁੱਲਰ ਦੀ ਰਹਿਮ ਦੀ ਅਪੀਲ ਰੱਦ ਹੋਣ ਮਗਰੋਂ ਮੁਲਾਕਾਤ ਦਾ ਸਮਾਂ ਸਿਰਫ਼ ਦਸ ਮਿੰਟ ਕਰ ਦਿੱਤਾ ਗਿਆ ਹੈ। ਪਹਿਲਾਂ ਮੈਂ ਘੰਟਿਆਂਬੱਧੀ ਪ੍ਰੋਫੈਸਰ ਦੇ ਕਮਰੇ ਵਿਚ ਬੈਠ ਸਕਦੀ ਸਾਂ। ਉਸ ਨੂੰ ਦੇਖਦੀ ਰਹਿੰਦੀ ਸਾਂ, ਉਸ ਨੂੰ ਛੂਹ ਸਕਦੀ ਸਾਂ, ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ ਸਾਂ। ਮੈਨੂੰ ਪਤਾ ਹੈ ਕਿ ਹੁਣ ਉਹ ਨਹੀਂ ਜਾਣਦਾ ਕਿ ਉਹ ਕੌਣ ਹੈ, ਪਰ ਮੈਂ ਚਾਹੁੰਦੀ ਹਾਂ ਕਿ ਉਹ ਸਲਾਮਤ ਰਹੇ।”
ਨਵਨੀਤ ਦੀ ਜ਼ਿੰਦਗੀ ਦਾ ਉਹ ਵੇਲਾ ਲੰਘ ਚੁੱਕਾ ਹੈ ਜਿਸ ਨੂੰ ‘ਸੁਹਾਵਣਾ ਸਮਾਂ’ ਕਿਹਾ ਜਾ ਸਕਦਾ ਹੋਵੇ; ਜਦੋਂ ਉਹ ਦੋਵੇਂ ਆਪਣਾ ਘਰ ਵਸਾਉਂਦੇ, ਉਨ੍ਹਾਂ ਦੇ ਬੱਚੇ ਹੁੰਦੇ, ਪਰ ਉਸ ਦਾ ਕਹਿਣਾ ਹੈ, “ਮੈਂ ਪ੍ਰੋਫੈਸਰ ਖ਼ਾਤਰ ਬਹੁਤ ਲੰਬੀ ਲੜਾਈ ਲੜੀ ਹੈ ਅਤੇ ਮੈਨੂੰ ਆਸ ਹੈ ਕਿ ਜ਼ਿੰਦਗੀ ਸਾਨੂੰ ਆਪਣਾ ਬੁਢਾਪਾ ਇਕੱਠਿਆਂ ਕੱਟਣ ਦਾ ਮੌਕਾ ਜ਼ਰੂਰ ਦੇਵੇਗੀ। ਇੱਦਾਂ ਫ਼ਿਲਮਾਂ ਵਿਚ ਹੀ ਵਾਪਰਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਦੀ ਕਹਾਣੀ ਦਾ ਅੰਤ ਜ਼ਰੂਰ ਖੁਸ਼ਨੁਮਾ ਹੋਵੇਗਾ।”

Be the first to comment

Leave a Reply

Your email address will not be published.