ਕਰੋਨਾ ਵਾਇਰਸ ਦੇ ਸਮਿਆਂ ਵਿਚ

ਹਰਪ੍ਰੀਤ ਸੇਖਾ
ਫੋਨ: 001-778-231-1189
ਕਕਰੀਲੀਆਂ ਸਰਦੀਆਂ ਤੋਂ ਬਾਅਦ ਕੈਨੇਡਾ ਵਿਚ ਈਸਟਰ ਵੀਕਐਂਡ ਪਹਿਲਾ ਲੌਂਗ ਵੀਕਐਂਡ ਹੁੰਦਾ ਹੈ। ਮੌਸਮ ਪੱਧਰਾ ਹੋ ਜਾਂਦਾ ਹੈ, ਖਾਸ ਕਰ ਕੇ ਵੈਨਕੂਵਰ ਇਲਾਕੇ ਵਿਚ। ਲੋਕ ਫੁੱਲ-ਬੂਟੇ ਲਿਆਉਣ ਲਈ ਨਰਸਰੀਆਂ ਵਲ ਭੱਜਦੇ ਹਨ। ਇਸ ਵਾਰ ਮੌਸਮ ਬਹੁਤ ਸੁਹਾਵਣਾ ਹੈ। ਕਰੋਨਾ ਵਾਇਰਸ ਕਾਰਨ ਅੰਦਰੀਂ ਤੜੇ ਲੋਕਾਂ ਵਿਚੋ ਬਹੁਤਿਆਂ ਨੇ ਸਰਕਾਰ ਦੀ ਤਾੜਨਾ ਦੇ ਬਾਵਜੂਦ ਸ਼ਹਿਰੋਂ ਬਾਹਰ ਜਾਣ ਦੇ ਪ੍ਰੋਗਰਾਮ ਬਣਾ ਲਏ। ਲਗਦਾ ਹੈ, ਜਿਵੇਂ ਇਸ ਹਫਤੇ ਹੀ ਸਾਰਿਆਂ ਨੇ ਗਰਮੀਆਂ ਵਾਸਤੇ ਬਣਾਈਆਂ ਆਪਣੀਆਂ ਕੈਬਿਨਾਂ ਦੀ ਦੇਖ-ਭਾਲ ਕਰਨ ਜਾਣਾ ਹੋਵੇ!

ਹਾਈਵੇ ਉਪਰ ਕਾਰਾਂ ਅਤੇ ਫੈਰੀ ਵਿਚ ਲੋਕਾਂ ਦੀ ਭੀੜ ਦੇਖ ਕੇ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਲੋਕਾਂ ਨੂੰ ਘਰੀਂ ਰੱਖਣ ਲਈ ਹੋਰ ਸਖਤ ਕਦਮ ਚੁੱਕਣੇ ਪੈਣਗੇ। ਉਧਰ ਗਲਿਆਨੋ ਵਰਗੇ ਛੋਟੇ ਟਾਪੂਆਂ Ḕਤੇ ਰਹਿੰਦੇ ਲੋਕਾਂ ਨੂੰ ਮੇਨਲੈਂਡ ਤੋਂ ਆਏ ਸੈਲਾਨੀਆਂ ਦੀ ਭਰਮਾਰ ਦੇਖ ਕੇ ਫਿਕਰ ਲੱਗ ਗਿਆ ਹੈ ਕਿ ਉਨ੍ਹਾਂ ਦੇ ਹੁਣ ਤਾਈਂ ਮੁਕਾਬਲਤਨ ਸੁਰੱਖਿਅਤ ਟਾਪੂਆਂ Ḕਤੇ ਵਾਇਰਸ ਦੀ ਮਾਰ ਨਾ ਪੈ ਜਾਵੇ। ਹਜ਼ਾਰ ਦੇ ਕਰੀਬ ਵਸਨੀਕਾਂ ਵਾਲੇ ਗਲਿਆਨੋ ਟਾਪੂ ਵਿਚ ਸਿਰਫ ਇੱਕ ਨਰਸ ਪ੍ਰੈਟੀਸ਼ਨਰ ਤੇ ਇਕ ਡਾਕਟਰ ਹੈ, ਜਿਹੜਾ ਪਾਰਟ ਟਾਈਮ ਕੰਮ ਕਰਦਾ ਹੈ; ਕੋਈ ਵੈਂਟੀਲੇਟਰ ਨਹੀਂ, ਸੰਕਟ ਦੇ ਸਮੇਂ ਏਅਰ ਐਂਬੂਲੈਂਸ ਰਾਹੀਂ ਦੂਰ ਕਿਸੇ ਹਸਪਤਾਲ ਲਿਜਾਇਆ ਜਾਂਦਾ ਹੈ। ਉਥੋਂ ਦੇ ਵਸਨੀਕ ਕਹਿੰਦੇ ਹਨ ਕਿ ਉਨ੍ਹਾਂ ਦਾ ਟਾਪੂ ਹੋਰਾਂ ਲਈ ਵਿਰਾਮਘਰ ਜਾਂ ਪਨਾਹਗਾਹ ਨਹੀਂ ਹੈ। ਜਦੋਂ ਸਮਾਂ ਆਇਆ ਸੈਲਾਨੀਆਂ ਦਾ ਮੁੜ ਤੋਂ ਸਵਾਗਤ ਹੋਣ ਲੱਗੇਗਾ ਪਰ ਹੁਣ ਉਨ੍ਹਾਂ Ḕਤੇ ਰਹਿਮ ਕੀਤਾ ਜਾਵੇ।
ਇਸ ਵੀਕਐਂਡ Ḕਤੇ ਵੈਨਕੂਵਰ ਵਿਚ ਵਿਸਾਖੀ ਮਨਾਈ ਜਾਣੀ ਸੀ, ਜਿਸ ਵਿਚ ਲੱਖਾਂ ਹੀ ਲੋਕਾਂ ਨੇ ਹਰ ਸਾਲ ਦੀ ਤਰ੍ਹਾਂ ਸ਼ਾਮਿਲ ਹੋਣਾ ਸੀ ਪਰ ਨਗਰ ਕੀਰਤਨ ਦਾ ਪ੍ਰੋਗਰਾਮ ਮਹੀਨਾਂ ਪਹਿਲਾਂ ਹੀ ਰੱਦ ਹੋ ਗਿਆ ਸੀ। ਇਸੇ ਤਰ੍ਹਾਂ ਹੀ ਰਮਜ਼ਾਨ ਤੇ ਈਸਟਰ ਦੇ ਜਨਤਕ ਸਮਾਗਮ ਰੱਦ ਹੋ ਗਏ ਸਨ। ਈਸਟਰ ਮੌਕੇ ਕੋਵਿਡ-19 ਨੂੰ ਧਿਆਨ ਵਿਚ ਰੱਖ ਕੇ ਦੁਨੀਆਂ ਦੇ ਹੋਰ ਹਿੱਸਿਆ ਵਾਂਗ ਵੈਨਕੂਵਰ ਦੇ ਕੈਥੋਲਿਕ ਗਿਰਜਿਆਂ ਦੇ ਪਾਦਰੀਆਂ ਨੇ ਵੀ ਗੁਨਾਹਾਂ ਦੇ ਇਕਬਾਲ ਸੁਨਣ ਲਈ Ḕਡਰਾਈਵ ਥਰੂḔ ਸੇਵਾਵਾਂ ਪੇਸ਼ ਕੀਤੀਆਂ। ਵੈਨਕੂਵਰ ਦੀ ਮੇਨ ਸਟਰੀਟ Ḕਤੇ ਸੇਂਟ ਪੈਟਰਿਕਜ਼ ਰੋਮਨ ਕੈਥੋਲਿਕ ਚਰਚ ਦੇ ਮੁੱਖ ਪਾਦਰੀ ਨੇ ਗੁਨਾਹ ਸੁਣਨ ਲਈ ਦੋ ਹਾਰ ਪਾਦਰੀਆਂ ਨਾਲ ਰਲ ਕੇ ਚਰਚ ਦੀ ਪਾਰਕਿੰਗ ਲਾਟ ਦੇ ਵਿਚਕਾਰ ਦੋ ਸਟੇਸ਼ਨ ਸੈੱਟ ਕਰ ਲਏ। ਸੀ.ਬੀ.ਸੀ. ਦੇ ਪੱਤਰਕਾਰ ਨੂੰ ਪਾਦਰੀ ਜੇਮਜ ਹਿਊ ਨੇ ਦੱਸਿਆ ਕਿ ਗੁਨਾਹਾਂ ਦਾ ਇਕਬਾਲ ਕਰਨ ਵਾਲਿਆਂ ਦੀ ਲਾਈਨ ਮੈਕਡੋਨਲਡ ਰੈਸਟੋਰੈਂਟ ਦੇ ਡਰਾਈਵ ਥਰੂ ਨਾਲੋਂ ਵੀ ਲੰਮੀ ਸੀ।
ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਏਡਰੀਅਨ ਡਿਕਸ ਨੇ ਸਿੱਖ ਬਲੱਡ ਡਰਾਈਵ ਦੇ ਵਲੰਟੀਅਰਾਂ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਸਿਹਤ ਅਫਸਰ ਡਾ. ਬੋਨੀ ਹੈਨਰੀ ਅਤੇ ਸੂਬੇ ਦੇ ਪ੍ਰੀਮੀਅਰ ਜੌਨ ਹੌਰਗਨ ਦੇ ਸੱਦੇ Ḕਤੇ ਖੂਨ ਦਾਨ ਕੀਤਾ।
ਮੰਤਰੀਆਂ ਅਤੇ ਸਿਹਤ ਅਫਸਰਾਂ ਦੇ ਨਾਲ ਪੱਤਰਕਾਰਾਂ ਦੇ ਰੋਜ਼ਾਨਾਂ ਸਨਮੁੱਖ ਹੁੰਦੇ ਸਾਈਨ ਲੈਂਗੂਏਜ਼ ਇੰਟਰਪਰੈਟਰ ਲੋਕਾਂ ਲਈ ਜਾਣੇ-ਪਛਾਣੇ ਚਿਹਰੇ ਬਣ ਗਏ ਹਨ। ਬੀ.ਸੀ. ਦੀ ਸਿਹਤ ਅਫਸਰ ਡਾ. ਬੋਨੀ ਹੈਨਰੀ ਨਾਲ ਆਉਣ ਵਾਲਾ ਸਾਈਨ ਲੈਂਗੂਏਜ਼ ਇੰਟਰਪਰੇਟਰ ਨਿਜਲ ਹੋਵਰਡ ਆਪਣੇ ਭਾਵਪੂਰਤ ਸਟਾਈਲ ਕਾਰਨ ਬਹੁਤ ਹਰਮਨ ਪਿਆਰਾ ਹੋ ਗਿਆ ਹੈ। ਫੇਸਬੁੱਕ Ḕਤੇ ਬਣੇ ਉਸ ਦੇ ਫੈਨ ਕਲੱਬ ਨੇ ਉਸ ਨੂੰ Ḕਸਾਈਨ ਲੈਂਗੂਏਜ਼ ਹੀਰੋḔ ਦੀ ਉਪਾਧੀ ਦਿੱਤੀ ਹੈ। ਤੇ ਉਧਰ ਅਲਬਰਟਾ ਸੂਬੇ ਦੀ ਸਿਹਤ ਅਫਸਰ ਡਾ. ਡੀਨਾ ਹਿਨਸ਼ਾਅ ਭਿਆਨਕ ਖਬਰ ਨੂੰ ਵੀ ਸ਼ਾਂਤੀ ਅਤੇ ਭਰੋਸੇ ਨਾਲ ਕਹਿਣ ਦੀ ਸਮਰੱਥਾ ਰੱਖਣ ਕਾਰਨ ਵਸਨੀਕਾਂ ਵਿਚ ਹਰਮਨ ਪਿਆਰੀ ਹੋ ਗਈ। ਪਿਛਲੇ ਬੁੱਧਵਾਰ ਸੂਬੇ ਵਿਚ ਮਹਾਂਮਾਰੀ ਦੀ ਹਾਲਤ ਬਾਰੇ ਦੱਸਣ ਲਈ ਉਸ ਦੀ ਥਾਂ ਸੂਬੇ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਸੰਬੋਧਨ ਕੀਤਾ। ਝੱਟ ਹੀ ਲੋਕ ਸੋਸ਼ਲ ਮੀਡੀਏ ਉਪਰ ਡਾਕਟਰ ਡੀਨਾ ਹਿਨਸ਼ਾਅ ਨੂੰ ਵਾਪਸ ਲਿਆਉਣ ਦੀ ਮੰਗ ਰੱਖਣ ਲੱਗੇ। ਉਨ੍ਹਾਂ ਦਾ ਵਿਚਾਰ ਸੀ ਕਿ ਉਹ ਸੂਬੇ ਵਿਚ ਮਹਾਂਮਾਰੀ ਦੀ ਹਾਲਤ ਨੂੰ ਕਿਸੇ ਰਾਜਨੀਤੀਵਾਨ ਨਾਲੋਂ ਡਾਕਟਰ ਤੋਂ ਜਾਣਨ ਨੂੰ ਜ਼ਿਆਦਾ ਭਰੋਸੇਯੋਗ ਮੰਨਦੇ ਹਨ।
ਇਨ੍ਹਾਂ ਦਿਨਾਂ ਵਿਚ ਘਰੇਲੂ ਹਿੰਸਾ ਵਿਚ ਵਾਧਾ ਹੋਣ ਦੀਆਂ ਖਬਰਾਂ ਹਨ। ਵੈਨਕੂਵਰ ਵਿਚ ਹਿੰਸਾ ਦਾ ਸ਼ਿਕਾਰ ਔਰਤਾਂ ਦੀ ਸਹਾਇਤਾ ਲਈ ਸਥਾਪਿਤ ਕੀਤੀ ਫੋਨ ਲਾਈਨ ਉਪਰ ਪਿਛਲੇ ਤਿੰਨ ਹਫਤਿਆਂ ਦੌਰਾਨ ਤਿੰਨ ਸੌ ਪ੍ਰਤੀਸ਼ਤ ਵਾਧਾ ਹੋਇਆ ਹੈ। ਗਲੋਬਲ ਨਿਊਜ਼ ਲਈ ਇਕ ਕੰਪਨੀ ਵਲੋਂ ਕੀਤੇ ਸਰਵੇਖਣ ਅਨੁਸਾਰ ਇਸ ਮਹਾਂਮਾਰੀ ਦੌਰਾਨ ਚਰਵੰਜਾ ਪ੍ਰਤੀਸ਼ਤ ਕੈਨੇਡੀਅਨ ਇਕੱਲੇ-ਇਕੱਲੇ ਅਤੇ ਵੱਖ ਹੋਏ ਮਹਿਸੂਸ ਕਰ ਰਹੇ ਹਨ। ਇਸ ਸਰਵੇਖਣ ਵਿਚ ਅਠਾਰਾਂ ਸਾਲਾਂ ਤੋਂ ਵੱਧ ਉਮਰ ਦੇ 1006 ਲੋਕਾਂ ਨੇ ਹਿੱਸਾ ਲਿਆ।
ਕਰੋਨਾ ਵਾਇਰਸ ਦੀ ਮਾਰ ਜੇਲ੍ਹਾਂ ਤੱਕ ਪਹੁੰਚ ਗਈ ਹੈ। ਕਿਊਬਿਕ ਸੂਬੇ ਦੀਆਂ ਜੇਲ੍ਹਾਂ ਵਿਚ ਇਸ ਨੇ 32 ਜਣਿਆਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ ਜੇਲ੍ਹਾਂ ਵਿਚ ਇਹ ਗਿਣਤੀ 36 ਹੋ ਗਈ ਹੈ। ਬੀ.ਸੀ. ਸੂਬੇ ਦੇ ਮਿਸ਼ਨ ਸ਼ਹਿਰ ਵਿਚ ਸਥਿਤ ਜੇਲ੍ਹ ਵਿਚ ਇਸ ਵਾਇਰਸ ਨੇ ਸਭ ਤੋਂ ਜ਼ਿਆਦਾ ਅਸਰ ਪਾਇਆ ਹੈ। ਵੈਨਕੂਵਰ ਦੇ ਕ੍ਰਿਮੀਨਲ ਵਕੀਲ ਏਡਰੀਅਨ ਸਮਿਥ ਨੇ ਕਿਹਾ ਕਿ ਜੇਲ੍ਹਾਂ ਵੀ ਕੇਅਰ-ਹੋਮਾਂ ਵਾਂਗ ਹੀ ਹੁੰਦੀਆਂ ਹਨ, ਜਿਥੇ ਕੈਦੀ ਇੱਕ-ਦੂਜੇ ਦੇ ਨੇੜੇ-ਨੇੜੇ ਰੱਖੇ ਹੁੰਦੇ ਹਨ ਤੇ ਕਾਮੇ ਅੰਦਰ ਆਉਂਦੇ-ਜਾਂਦੇ ਰਹਿੰਦੇ ਹਨ। ਉਹ ਵਾਇਰਸ ਨੂੰ ਅੰਦਰ ਲਿਆ ਤੇ ਬਾਹਰ ਲਿਜਾ ਸਕਦੇ ਹਨ। ਕੁਰੈਕਸ਼ਨਲ ਸਰਵਿਸ ਆਫ ਕੈਨੇਡਾ ਨੇ ਕਿਹਾ ਹੈ ਕਿ ਜੇਲ੍ਹਾਂ ਵਿਚ ਇਸ ਵਾਇਰਸ ਦੇ ਫੈਲਣ ਦੀ ਹਾਲਤ ਨਾਲ ਨਜਿੱਠਣ ਦੇ ਉਹ ਯੋਗ ਹਨ ਅਤੇ ਉਹ ਪਰੋਲ ਬੋਰਡ ਆਫ ਕੈਨੇਡਾ ਨਾਲ ਮਿਲਕੇ ਕੁਝ ਘੱਟ ਖਤਰਨਾਕ ਕੈਦੀਆਂ ਨੂੰ ਪਹਿਲਾਂ ਰਿਹਾਈ ਦੇਣ ਲਈ ਵੀ ਵਿਚਾਰ ਕਰ ਰਹੇ ਹਨ।
ਓਂਟੇਰੀਓ ਸੂਬੇ ਵਿਚ ਕੇਅਰ-ਹੋਮ ਵਿਚ ਕਰੋਨਾ ਫੈਲਣ ਨਾਲ ਉਥੇ ਕੰਮ ਕਰਦੇ ਕਰਮਚਾਰੀ ਵਾਕ ਆਊਟ ਕਰ ਗਏ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਇਸ ਤੋਂ ਪਹਿਲਾਂ ਕਿਊਬਿਕ ਸੂਬੇ ਵਿਚ ਇਕ ਪ੍ਰਾਈਵਟ ਕੇਅਰਹੋਮ ਜਿਸ ਵਿਚ 31 ਮੌਤਾਂ ਹੋਈਆਂ ਅਤੇ ਉਥੋਂ ਦੀ ਮੰਦੀ ਹਾਲਤ ਹੈ, ਦੀ ਅਦਾਲਤੀ ਜਾਂਚ ਹੋਵੇਗੀ।
ਕੋਵਿਡ-19 ਦੌਰਾਨ ਖਬਰਾਂ ਵਿਚ Ḕਫਲੈਟਨ ਦਾ ਕਰਵḔ ਮੁਹਾਵਰੇ ਦਾ ਬਹੁਤ ਉਪਯੋਗ ਹੋਣ ਲੱਗਾ ਹੈ। ਬੀ.ਸੀ. ਸੂਬੇ ਵਿਚ ਇੱਕ ਵਾਰ ਤਾਂ ਗਰਾਫ ਦੀ ਉਚਾਈ ਵਲ ਜਾਂਦੀ ਲਾਈਨ ਨੂੰ ਮੋੜਾ ਪੈ ਗਿਆ ਹੈ। ਪਿਛਲਾ ਸਾਰਾ ਹਫਤਾ ਹੀ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਘਟ ਹੁੰਦੀ ਗਈ। ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਵਧਣ ਲੱਗੀ ਹੈ।
ਕੋਵਿਡ-19 ਨੂੰ ਧਿਆਨ ਵਿਚ ਰੱਖ ਕੇ ਕੈਨੇਡਾ ਦੀ ਸਰਕਾਰ ਵਲੋਂ ਐਲਾਨ ਕੀਤੀ ਗਈ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿੱਟ ਦੀ ਦੋ ਹਜ਼ਾਰ ਡਾਲਰ ਦੀ ਰਾਸ਼ੀ ਬੀਤੇ ਹਫਤੇ ਲੋਕਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਹੋਈ ਹੈ। ਕਈ ਲੋਕਾਂ ਨੂੰ ਫਿਕਰ ਲੱਗ ਗਿਆ ਕਿ ਉਨ੍ਹਾਂ ਦੇ ਖਾਤੇ ਵਿਚ ਗਲਤੀ ਨਾਲ ਦੋ ਵਾਰ ਦੋ ਹਜ਼ਾਰ ਜਮ੍ਹਾਂ ਹੋ ਗਿਆ ਸੀ। ਉਨ੍ਹਾਂ ਨੇ ਮੀਡੀਏ ਅਤੇ ਸੋਸ਼ਲ ਮੀਡੀਏ ਰਾਹੀਂ ਫਿਕਰ ਜ਼ਾਹਿਰ ਕੀਤਾ। ਮੰਤਰੀ ਨੇ ਭਰੋਸਾ ਦਿਵਾਇਆ ਕਿ ਕਾਹਲੀ ਕਰਨ ਦੀ ਲੋੜ ਨਹੀਂ ਇਹ ਗਲਤੀ ਨਾਲ ਨਹੀਂ ਹੋਇਆ, ਇਹ ਅਗਲੇ ਮਹੀਨੇ ਦੀ ਅਗੇਤੀ ਅਦਾਇਗੀ ਹੈ।
ਦੁਨੀਆਂ ਦੇ ਹੋਰ ਹਿੱਸਿਆ ਵਾਂਗ ਕੈਨੇਡਾ ਵਿਚ ਵੀ ਮੈਡੀਕਲ ਸਪਲਾਈ, ਮਾਸਕ, ਦਸਤਾਨੇ ਤੇ ਵੈਂਟੀਲੇਟਰਾਂ ਦੀ ਕਮੀ ਦੀਆਂ ਖਬਰਾਂ ਆਉਂਦੀਆਂ ਰਹੀਆਂ। ਕੈਨੇਡਾ ਦੇ ਵੱਡੇ ਭਾਈ ਦੇਸ਼ ਦੇ ਰਾਸ਼ਟਰਪਤੀ ਨੇ ਅਮਰੀਕਾ ਦੀ ਮਾਸਕ ਬਣਾਉਣ ਵਾਲੀ ਕੰਪਨੀ 3 ਐਮ ਨੂੰ ਚਿਤਾਵਨੀ ਦਿੱਤੀ ਕਿ ਉਹ ਕੈਨੇਡਾ ਨੂੰ ਮਾਸਕ ਨ ਭੇਜੇ। ਜਵਾਬ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੋਈ ਜਵਾਬੀ ਕਾਰਵਾਈ ਨਹੀਂ ਕਰਨਗੇ।
ਵੈਨਕੂਵਰ ਵਿਚ ਪਿਛਲੇ ਹਫਤੇ ਨਸ਼ੇ ਦੀ ਅਧਿਕ ਮਾਤਰਾ ਦੇ ਸੇਵਨ ਨਾਲ ਅੱਠ ਮੌਤਾਂ ਹੋਈਆਂ ਹਨ । ਇਸ ਨਾਲ ਬੀ.ਸੀ. ਵਿਚ ਇਕੋ ਵੇਲੇ ਦੋ ਸਿਹਤ ਸੰਕਟਾਂ ਦੀ ਹਾਲਤ ਬਣ ਗਈ ਹੈ। ਸੂਬਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਇਸ ਮਹਾਂਮਾਰੀ ਦੌਰਾਨ ਨਸ਼ੇ ਕਰਨ ਵਾਲਿਆਂ ਨੂੰ ਸਹੀ ਮਾਤਰਾ ਵਿਚ ਨਸ਼ੇ ਮਿਲਣ ਤਾਂ ਕਿ ਅਧਿਕ ਮਾਤਰਾ ਵਿਚ ਵਰਤਣ ਨਾਲ ਹੋਰ ਮੌਤਾਂ ਨਾ ਹੋਣ। ਵੈਨਕੂਵਰ ਦੀ ਮੇਨ ਸਟਰੀਟ ਅਤੇ ਹੇਸਟਿੰਗਜ਼ ਸਟਰੀਟ ਦੇ ਇਲਾਕੇ ਵਿਚ, ਜਿਥੇ ਜ਼ਿਆਦਾ ਗਿਣਤੀ ਵਿਚ ਬੇਘਰੇ ਲੋਕ ਰਹਿੰਦੇ ਹਨ, ਦੇਖਣ ਵਿਚ ਜਨ ਜੀਵਨ ਪਹਿਲਾਂ ਵਾਂਗ ਹੀ ਲਗਦਾ ਹੈ, ਜਦੋਂ ਕਿ ਇਸਦੇ ਪੱਛਮ ਵਿਚ ਡਾਊਨ ਟਾਊਨ ਵਿਚ ਸੁੰਨ ਵਰਤੀ ਹੋਈ ਹੈ।
ਇਥੋਂ ਦੇ ਇੱਕ ਅਖਬਾਰ ਵਿਚ ਕੋਵਿਡ-19 ਦੌਰਾਨ ਨਵੀਂ ਦਿੱਲੀ ਦੇ ਕਨਾਟ ਪਲੇਸ ਦੀ ਪ੍ਰਦੂਸ਼ਨ ਰਹਿਤ ਆਕਾਸ਼ ਦੀ ਬਹੁਤ ਖੂਬਸੂਰਤ ਫੋਟੋ ਛਪੀ ਹੈ। ਸਾਫ ਆਕਾਸ਼ ਹਮੇਸ਼ਾਂ ਹੀ ਖੂਬਸੂਰਤ ਹੁੰਦੇ ਹਨ। ਅੱਜ ਕੱਲ੍ਹ ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਦੇ ਪੰਜਾਬੀ ਸਾਹਿਤ ਦੇ ਆਕਾਸ਼ ਵੀ ਬਹੁਤ ਖੂਬਸੂਰਤ ਦਿਖਾਈ ਦਿੰਦੇ ਹਨ। ਆਏ ਦਿਨ ਇੱਕ-ਦੂਜੇ ਦੀ ਪਿੱਠ ਖੁਰਕਣ ਲਈ ਕੀਤੇ ਜਾਂਦੇ ਰੂਬਰੂ/ਸਨਮਾਨ ਸਮਾਰੋਹਾਂ ਦੀਆਂ ਤਸਵੀਰਾਂ ਤੋਂ ਦੇਸੀ ਅਖਬਾਰ ਮੁਕਤ ਹੋਏ ਹਨ।