ਮਹਾਮਾਰੀ ਦੇ ਸਮਾਜਕ ਪ੍ਰਸੰਗ ਅਤੇ ਸਿਆਸੀ ਸ਼ਨਾਖਤ

ਕੋਵਿਡ-19 ਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਚਾਰੇ ਪਾਸੇ ਹਾਹਾਕਾਰ ਮੱਚੀ ਪਈ ਹੈ। ਕੋਰਨਾ ਕੋਈ ਪਹਿਲੀ ਮਹਾਮਾਰੀ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰ ਲੋਕਾਂ ਨੂੰ ਅਜਿਹੀਆਂ ਮਹਾਮਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਂਜ, ਅੱਜ ਦੇ ਪ੍ਰਸੰਗ ਵਿਚ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਸਾਡੇ ਸਿਆਸਤਦਾਨਾਂ ਅਤੇ ਸੱਤਾਧਾਰੀਆਂ ਨੇ ਅਜਿਹੇ ਸੰਕਟਾਂ ਤੋਂ ਕਦੀ ਸਬਕ ਸਿੱਖਣ ਦਾ ਯਤਨ ਨਹੀਂ ਕੀਤਾ ਹੈ। ਅਜਿਹੀਆਂ ਮਹਾਮਾਰੀਆਂ ਦੀ ਮਾਰ ਉਥੇ ਹੀ ਸਭ ਤੋਂ ਵੱਧ ਪੈਂਦੀ ਹੈ, ਜਿਥੇ ਸਰਕਾਰਾਂ ਜਾਂ ਤਾਂ ਅਵੇਸਲੀਆਂ ਹੁੰਦੀਆਂ ਹਨ ਜਾਂ ਫਿਰ ਜਿਨ੍ਹਾਂ ਨੇ ਅਜਿਹੇ ਸੰਕਟਾਂ ਨਾਲ ਨਜਿੱਠਣ ਲਈ ਪਹਿਲਾਂ ਕੋਈ ਢਾਂਚਾ ਨਹੀਂ ਉਸਾਰਿਆ ਹੁੰਦਾ। ਡਾ. ਕੁਲਦੀਪ ਕੌਰ ਨੇ ਮਹਾਮਾਰੀਆਂ ਦੇ ਅਜਿਹੇ ਸਮਾਜਕ ਪ੍ਰਸੰਗਾਂ ਅਤੇ ਸਿਆਸੀ ਸ਼ਨਾਖਤ ਦੀ ਨਿਸ਼ਾਨਦੇਹੀ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਕਰੋਨਾ ਮਹਾਮਾਰੀ ਬਾਰੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਇਸ ਤੱਥ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਕਿ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਪੀਣ ਵਾਲੇ ਸਾਫ ਪਾਣੀ ਦੀ ਕਿੱਲਤ ਅਤੇ ਸੀਵਰੇਜ ਦੇ ਕੁਪ੍ਰਬੰਧਾਂ ਕਾਰਨ ਹੁੰਦੀਆਂ ਬਿਮਾਰੀਆਂ ਹਨ। ਸਾਡੀ ਸਦੀ ਨੇ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਦੇ ਦਿਉਕੱਦ ਦਫਤਰਾਂ, ਨਿੱਜੀਕਰਨ ਤਹਿਤ ਖੁੰਬਾਂ ਵਾਂਗ ਉਗੇ ਪ੍ਰਾਈਵੇਟ ਹਸਪਤਾਲਾਂ-ਕਮ-ਹੋਟਲਾਂ ਦੀਆਂ ਲੜੀਆਂ, ਸੁਰੱਖਿਆ ਤੇ ਜਾਸੂਸੀ ਦੇ ਨਾਮ Ḕਤੇ ਸੂਖਮ ਯੰਤਰਾਂ ਦੀ ਰਿਕਾਰਡ ਤੋੜ ਵਿਕਰ ਅਤੇ ਸਿਆਸੀ-ਆਰਥਿਕ ਉਜਾੜਿਆਂ ਦੇ ਧੱਕੇ ਹਿਜਰਤਕਾਰੀਆਂ ਦੀਆਂ ਅਨੰਤ ਭੀੜਾਂ ਤੱਕੀਆਂ ਹਨ। ਇਸ ਸਦੀ ਨੇ ਆਵਾਜਾਈ, ਸੰਚਾਰ ਸਾਧਨਾਂ ਅਤੇ ਸੂਚਨਾ ਮਾਧਿਅਮਾਂ ਦੁਆਰਾ ਅਜਿਹੀ ਬੇਚੈਨ, ਉਧਾਰਾਂ ਤੇ ਕਰਜ਼ਿਆਂ ਉਤੇ ਜਿਊਂਦੀ, ਜ਼ਮੀਨੋਂ ਧੱਕੀ ਤੇ ਨੈਤਿਕ ਤੌਰ Ḕਤੇ ਜ਼ਰਜ਼ਰ ਸਭਿਅਤਾ ਨੂੰ ਜਨਮ ਦਿੱਤਾ ਹੈ ਜਿਸ ਅੱਗੇ ਰਵਾਇਤੀ ਜੀਵਨ-ਪ੍ਰਬੰਧ, ਪੁਰਾਤਨ ਫਲਸਫੇ, ਗੰਭੀਰ ਵਿਚਾਰਧਾਰਾਵਾਂ ਅਤੇ ਕੁਦਰਤੀ ਜੀਵਨ ਪੱਧਤੀ ਦੇ ਨੇਮ ਲਗਾਤਾਰ ਆਪਣੀ ਪ੍ਰਸੰਗਿਕਤਾ ਗੁਆ ਰਹੇ ਹਨ।
… ਤੇ ਕਰੋਨਾ ਵਾਇਰਸ ਨੇ ਇਕੋ ਝਟਕੇ ਵਿਚ ਸਾਡੇ ਸਿਆਸੀ ਪ੍ਰਬੰਧਾਂ, ਆਰਥਿਕ ਤਾਣੇ-ਬਾਣੇ, ਧਾਰਮਿਕ ਅਕੀਦਿਆਂ ਤੇ ਵਿਸ਼ਵਾਸਾਂ, ਸਭਿਆਚਾਰਕ ਤਹਿਜ਼ੀਬਾਂ ਅਤੇ ਸਮਾਜੀਕਰਨ ਦੀ ਪ੍ਰਕਿਰਿਆ ਦੇ ਮੂਲ ਸਿਧਾਤਾਂ ਉਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਇਲਾਵਾ ਇਸ ਨੇ ਹੈਰਾਨੀਜਨਕ ਢੰਗ ਨਾਲ ਉਤਪਾਦਨ ਅਤੇ ਪੂੰਜੀ ਦੀ ਗਤੀਸ਼ੀਲਤਾ ਨੂੰ ਰਾਤੋ-ਰਾਤ ਜਾਮ ਕਰ ਦਿੱਤਾ ਹੈ। ਜੇਕਰ ਅਸੀਂ ਆਪਣੇ ਆਸੇ-ਪਾਸੇ ਨਿਗਾਹ ਮਾਰੀਏ ਤਾਂ ਇਹ ਸੋਚ ਕੇ ਅਚੰਭਾ ਹੁੰਦਾ ਹੈ ਕਿ ਪਿਛਲੇ ਦਿਨਾਂ ਤੋਂ ਲੋਕਾਈ ਵੱਡੇ ਘਰਾਂ, ਆਲੀਸ਼ਾਨ ਦਫਤਰਾਂ, ਬੀਮਾ ਮਿਊਚਲ ਫੰਡਾਂ, ਵੱਡੀਆਂ ਗੱਡੀਆਂ ਦੀ ਨਹੀਂ ਸਗੋਂ ਰਾਸ਼ਨ-ਪਾਣੀ, ਸਾਬਣ, ਮਾਸਕਾਂ ਤੇ ਸਿਹਤ ਸਹੂਲਤਾਂ ਦੀ ਤਾਂਘ ਵਿਚ ਹਰ ਸੰਭਵ ਕੋਸ਼ਿਸ਼ ਵਿਚ ਰੁੱਝੀ ਹੋਈ ਹੈ। ਪੂਰੀ ਦੁਨੀਆਂ ਇਕ ਵੱਡੇ ਡਿਟੈਂਨਸ਼ਨ ਕੈਂਪ ਵਿਚ ਬਦਲ ਚੁੱਕੀ ਹੈ ਅਤੇ ਹਰ ਬੰਦਾ ਬਿਮਾਰੀ ਦੇ ਸ਼ੱਕ ਦੇ ਘੇਰੇ ਵਿਚ ਹੈ।
ਕਰੋਨਾ ਮਾਹਾਮਾਰੀ ਦੁਨੀਆਂ Ḕਤੇ ਆਈ ਪਹਿਲੀ ਜਾਂ ਆਖਰੀ ਸਾੜ੍ਹਸਤੀ ਨਹੀਂ। ਮਹਾਮਾਰੀਆਂ ਦੇ ਇਤਿਹਾਸ Ḕਤੇ ਝਾਤੀ ਮਾਰੀਏ ਤਾਂ ਕੁਝ ਨੁਕਤੇ ਸਪਸ਼ਟ ਹੋ ਜਾਂਦੇ ਹਨ। ਪਹਿਲਾਂ ਹਰ ਸਮਾਜਿਕ ਸਮੂਹ ਅਤੇ ਗਰੁੱਪ ਬਿਮਾਰੀ ਨੂੰ ਆਪਣੀ ਸਮਾਜਿਕ ਅਤੇ ਸਭਿਆਚਾਰਕ ਸਮਝ ਮੁਤਾਬਿਕ ਨਜਿੱਠਦਾ ਹੈ। ਵਿਗਿਆਨਕ ਪੱਧਤੀਆਂ ਅਤੇ ਆਧੁਨਿਕ ਚਿਕਤਿਸਾ ਪ੍ਰ.ਣਾਲੀ ਜਿਸ ਦਾ ਪੂਰਾ ਜ਼ੋਰ ਬਿਮਾਰੀ ਤੋਂ ਬਚਾਉਣ ਦੀ ਥਾਂ ਕਲੀਨਿਕਲ ਇਲਾਜ Ḕਤੇ ਫੋਕਸ ਹੁੰਦਾ ਹੈ, ਉਸ ਪ੍ਰਤੀ ਆਮ ਲੋਕਾਈ ਦਾ ਵਤੀਰਾ ਹਮੇਸ਼ਾ ਸ਼ੱਕ ਅਤੇ ਡਰ ਭਰਿਆ ਰਹਿੰਦਾ ਹੈ। ਦੂਜਾ, ਸਮਾਜਕ ਤੌਰ Ḕਤੇ ਬਿਮਾਰੀ ਦੇ ਸ਼ਿਕਾਰ ਵਿਅਕਤੀ ਜਾਂ ਮਰੀਜ਼ ਨੂੰ ਹੀ ਇਸ ਦਾ ਦੋਸ਼ੀ ਮੰਨਣ ਦਾ ਰੁਝਾਨ ਭਾਰੂ ਰਹਿੰਦਾ ਹੈ।
ਵੱਖ-ਵੱਖ ਮਨੋਵਿਗਿਆਨਕ ਵਿਸ਼ਲੇਸ਼ਣਾਂ ਵਿਚ ਇਹ ਸਾਫ ਹੋ ਚੁੱਕਿਆ ਹੈ ਕਿ ਸਮਾਜ ਦੇ ਕਾਇਦੇ ਕਾਨੂੰਨਾਂ, ਉਚ-ਨੀਚ, ਠੰਢਾ-ਗਰਮ, ਸਹੀ-ਗਲਤ, ਨੈਤਿਕ-ਅਨੈਤਿਕ, ਪੁੰਨ-ਪਾਪ, ਸੁੱਚ-ਭਿੱਟਣਾ ਵਰਗੀਆਂ ਧਾਰਨਾਵਾਂ ਅਤੇ ਮਿਥਕ ਗੁੰਝਲਾਂ ਦੌਰਾਨ ਇਨ੍ਹਾਂ ਦੇ ḔਸੁੱਚੇḔ ਦਾਇਰੇ ਵਿਚ ਨਾ ਆਉਂਦੇ ਲੋਕਾਂ ਲਈ ਅਣਲਿਖਿਆ ਹਿੰਸਕ ਵਿਧਾਨ ਲਗਾਤਾਰ ਆਪਣਾ ਕੰਮ ਕਰਦਾ ਹੈ। ਇਹ ਵਰਤਾਰਾ ਪੀੜ੍ਹੀ-ਦਰ-ਪੀੜ੍ਹੀ ਚਲਦਾ ਹੈ। ਉਦਾਹਰਨ ਦੇ ਤੌਰ Ḕਤੇ ਕੈਂਸਰ ਬਾਰੇ ਸੋਚ ਕੇ ਦੇਖੋ! ਕੈਂਸਰ ਦੇ ਤੁਲਨਾਤਮਕ ਸਮਾਜਿਕ ਮੈਟਾਫਰ ਲੱਭਣ ਦੀ ਕੋਸ਼ਿਸ਼ ਕਰੋ। ਸਮਾਜ ਅਜਿਹੀਆਂ ਬੇਨਿਯਮੀਆਂ ਅਤੇ ਬੇਕਾਨੂੰਨੀਆਂ ਨੂੰ ਵੀ ਕੈਂਸਰ ਕਰਾਰ ਦਿੰਦਾ ਹੈ ਜਿਸ Ḕਤੇ ਉਸ ਦਾ ਬੱਸ ਨਹੀਂ ਚਲਦਾ।
ਇਸ ਦੀ ਦੂਜੀ ਉਦਾਹਰਨ ਕੋਹੜ ਦੇ ਮਰੀਜ਼ਾਂ ਦੀ ਲਈ ਜਾ ਸਕਦੀ ਹੈ। ਉਨ੍ਹਾਂ ਮਰੀਜ਼ਾਂ ਨਾਲ ਸਮਾਜਿਕ ਵਿਤਕਰਿਆਂ ਦੀਆਂ ਅਜਿਹੀਆਂ ਉਦਾਹਰਨਾਂ ਨਾਲ ਇਤਿਹਾਸ ਭਰਿਆ ਪਿਆ ਹੈ ਜਿਹੜੀਆਂ ਸਭਿਆਚਾਰਕ ਤੌਰ Ḕਤੇ ਮਨੁੱਖਤਾ ਲਈ ਸ਼ਰਮਨਾਕ ਹਨ। ਕੋਹੜ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਮਨੁੱਖ ਦੇ ਪਿਛਲੇ ਕਰਮਾਂ ਦਾ ਫਲ ਹੈ, ਉਸ ਦੀ ਹੋਣੀ ਹੈ ਜਿਹੜੀ ਉਸ ਨੂੰ ਭੁਗਤਣੀ ਪੈਣੀ ਹੈ। ਇਥੇ ਬੀਮਾਰੀ ਸਿਰਫ ਸਰੀਰਕ ਨਾ ਰਹਿ ਕੇ ਸਮਾਜ ਦੀ ਮਿਥਕ ਕਲਪਨਾ ਅਤੇ ਅਣਹੋਣੀ ਦੇ ਡਰ ਦਾ ਰੂਪ ਧਾਰ ਲੈਂਦੀ ਹੈ। ਬਿਮਾਰੀ ਦਾ ਡਰ ਬਿਮਾਰੀ ਨਾਲੋਂ ਵੱਡਾ ਸਰੂਪ ਧਾਰਨ ਕਰ ਲੈਂਦਾ ਹੈ। ਬਿਮਾਰ ਦੇ ਰੂਪ ਵਿਚ ਅਜਿਹੇ ਦੂਸਰੇ ਸਮੂਹ ਦੀ ਕਲਪਨਾ ਕੀਤੀ ਜਾਂਦੀ ਹੈ ਜਿਸ ਨੂੰ ਦੇਖਣਾ, ਛੂਹਣਾ, ਵਰਤੋਂ ਵਿਹਾਰ ਆਦਿ ਸਭ ਦਾ ਅਰਥ ਹੋਣੀ ਦੇ ਮੂੰਹ ਪੈਣਾ ਹੋ ਜਾਂਦਾ ਹੈ। ਕੈਂਸਰ ਅਤੇ ਕੋਹੜ ਸਿਰਫ ਬਿਮਾਰੀਆਂ ਨਾ ਰਹਿ ਕੇ ਸਾਡੀਆਂ ਸਿਆਸੀ, ਆਰਥਿਕ ਤੇ ਸਭਿਆਚਾਰਕ ਹਾਰਾਂ ਲਈ ਇਕ ਨੁਕਤੇ ਵਿਚ ਤਬਦੀਲ ਹੋ ਜਾਂਦੀਆਂ ਹਨ।
ਰਾਤ ਕੁ ਇਨ੍ਹਾਂ ਖਬਰਾਂ Ḕਤੇ ਨਿਗ੍ਹਾ ਮਾਰੋ: ਭਾਰਤ ਵਿਚ ਭ੍ਰਿਸ਼ਟਾਚਾਰ ਦਾ ਕੈਂਸਰ ਖਤਮ ਕਰ ਰਿਹਾ ਹੈ ਸਰਕਾਰੀ ਸਕੀਮਾਂ ਦੀ ਸਾਰਥਿਕਤਾ; ਨਿੱਜੀਕਰਨ ਦੇ ਕੋਹੜ ਕਾਰਨ ਹਜ਼ਾਰਾਂ ਵਿਦਿਆਰਥੀਆਂ ਦੇ ਸੁਪਨੇ ਚਕਨਾਚੂਰ; ਅਸ਼ਲੀਲਤਾ ਦੇ ਕੈਂਸਰ ਨੇ ਧੁੰਦਲਾ ਕੀਤਾ ਪੰਜਾਬੀ ਸਭਿਆਚਾਰ ਦਾ ਰੰਗਲਾ ਪਹਿਰਾਵਾ; ਨਸ਼ਿਆਂ ਦੇ ਕੋਹੜ ਨੇ ਬੁਝਾਏ ਹਜ਼ਾਰਾਂ ਘਰਾਂ ਦੇ ਚਿਰਾਗ ਆਦਿ। ਸਪਸ਼ਟ ਹੈ ਕਿ ਇਨ੍ਹਾਂ ਸੁਰਖੀਆਂ ਨਾਲ ਬਿਮਾਰੀ ਦਾ ਚਰਿਤਰ ਅਤੇ ਖਾਸਾ ਸਿਆਸੀ ਰੰਗਤ ਲੈ ਲੈਂਦਾ ਹੈ।
ਹੁਣ ਤੀਜਾ ਮਹੱਤਵਪੂਰਨ ਨੁਕਤਾ ਉਭਰਦਾ ਹੈ ਕਿ ਬਹੁਤੀਆਂ ਮਹਾਮਾਰੀਆਂ ਵਿਚ ਇਲਾਜ ਬਿਮਾਰੀ ਨਾਲੋਂ ਵੀ ਵੱਧ ਦਰਦਨਾਕ ਹੋ ਨਿਬੜਦਾ ਹੈ। ਜੇਕਰ ਇਤਿਹਾਸ Ḕਤੇ ਨਿਗ੍ਹਾ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਮੱਧਕਾਲੀ ਯੁੱਗ ਵਿਚ ਜਦੋਂ ਪਲੇਗ ਫੈਲਿਆ ਤਾਂ ਇਸ ਦਾ ਇਲਾਜ ਸ਼ੁਧੀਕਰਨ ਵਿਚ ਲੱਭਿਆ ਗਿਆ। ਸ਼ੁਧੀਕਰਨ ਦਾ ਫਲਸਫਾ ਆਪਣੇ ਆਪ ਵਿਚ ਕੋਹੜ ਵਾਂਗ ਹੀ ਸਭਿਅਤਾ ਨੂੰ ਦਾਗਦਾਰ ਕਰਦਾ ਰਿਹਾ ਹੈ। 1347-48 ਵਿਚ ਯੂਰਪੀ ਮੁਲਕਾਂ ਨੇ ਸ਼ੁਧੀਕਰਨ ਦੇ ਨਾਮ ਉਪਰ ਯਹੂਦੀਆਂ ਨੂੰ ਚੁਣ-ਚੁਣ ਕੇ ਕਤਲ ਕੀਤਾ। ਇੱਦਾਂ ਹੀ ਜਦੋਂ ਟੀ.ਬੀ. (ਤਪਦਿਕ) ਦੀ ਬਿਮਾਰੀ ਨੇ ਦਸਤਕ ਦਿੱਤੀ ਤਾਂ ਇਸ ਨੂੰ ਗਰੀਬਾਂ ਦੀ ਨੈਤਿਕ ਕਮਜ਼ੋਰੀ ਨਾਲ ਜੋੜਿਆ ਗਿਆ।
ਦੂਜੇ ਪਾਸੇ ਇਸ ਨੂੰ ਭਾਵਨਾਤਮਿਕ ਤੌਰ Ḕਤੇ ਅਜਿਹੇ ਕਮਜ਼ੋਰ ਕਵੀਆਂ, ਲੇਖਕਾਂ, ਚਿਤਰਕਾਰਾਂ ਤੇ ਕਲਾਕਾਰਾਂ ਨਾਲ ਜੋੜਿਆ ਗਿਆ ਜਿਹੜੇ ਸਫਲ ਸ਼ਹਿਰੀ ਬਣਨ ਦੇ ਨਾਕਾਬਿਲ ਹਨ। ਇਸ ਨੂੰ ਪਹਿਲਾਂ ਦੀ ਕਲਪਿਤ ਅਜਿਹੀ ਬਿਮਾਰੀ ਦਾ ਦਰਜਾ ਦੇ ਦਿੱਤਾ ਗਿਆ ਜਿਹੜੀ ਆਧੁਨਿਕ ਵਿਗਿਆਨ, ਉਦਯੋਗੀਕਰਨ ਅਤੇ ਵਿਕਾਸ ਦੇ ਮਾਡਲਾਂ ਦੀ ਮੂਲ ਇਕਾਈ, ਸ਼ਹਿਰ ਨੂੰ ਹੀ ਰੱਦ ਕਰਨ ਦੀ ਕੋਸ਼ਿਸ਼ ਕਰਦੀ ਹੈ।
ਹੁਣ ਜ਼ਰਾ ਟੀ.ਬੀ. ਦੇ ਮਰੀਜ਼ ਦੇ ਇਲਾਜ Ḕਤੇ ਨਿਗ੍ਹਾ ਮਾਰੋ। ਪਹਿਲੀ ਜ਼ਰੂਰਤ ਸਾਫ ਹਵਾ; ਸਾਫ ਹਵਾ ਖਾਤਰ ਮਰੀਜ਼ਾਂ ਨੂੰ ਆਪਣਾ ਘਰ ਛੱਡ ਕੇ ਪਹਾੜਾਂ ਜਾਂ ਕੁਦਰਤੀ ਸੈਰਗਾਹਾਂ ਵਿਚ ਆਰਾਮ ਕਰਨ ਦਾ ਨੁਸਖਾ ਦਿੱਤਾ ਗਿਆ। ਕਿਤਾਬਾਂ ਵਿਚ ਇਸ ਦੇ ਬਥੇਰੇ ਹਵਾਲੇ ਮਿਲਦੇ ਹਨ। ਇਸ ਦਾ ਦੂਜਾ ਪਾਸਾ ਇਹ ਦੱਸਦਾ ਹੈ ਕਿ ਸ਼ਹਿਰ ਦੀ ਹਵਾ ਪਲੀਤ ਹੈ। ਉਂਜ, ਇਥੇ ਹੀ ਮਸਲੇ ਦੀ ਘੁੰਡੀ ਫਸੀ ਹੋਈ ਹੈ। ਮਰੀਜ਼ ਦੀ ਦੂਜੀ ਜ਼ਰੂਰਤ ਹੈ ਚੰਗਾ ਖਾਣਾ, ਅਰਥਾਤ ਉਸ ਦੇ ਖਾਣੇ ਦਾ ਮਿਆਰ ਅਤੇ ਗੁਣਵੱਤਾ ਸਹੀ ਨਹੀਂ। ਤੀਜੀ ਜ਼ਰੂਰਤ ਆਰਾਮ ਹੈ, ਸਿਰਫ ਸਰੀਰਕ ਨਹੀਂ, ਮਾਨਸਿਕ ਵੀ। ਹੁਣ ਇਨ੍ਹਾਂ ਤਿੰਨਾਂ ਨੁਕਤਿਆਂ ਨੂੰ ਆਪਸ ਵਿਚ ਜੋੜ ਕੇ ਸਮਝਿਆ ਜਾਵੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਟੀ.ਬੀ. ਦੀ ਬਿਮਾਰੀ, ਤੰਦਰੁਸਤੀ ਲਈ ਸਾਫ ਹਵਾ ਪਾਣੀ, ਪੌਸ਼ਟਿਕ ਭੋਜਨ ਅਤੇ ਆਹਾਰ ਨਾਲ ਸਬੰਧਤ ਸਾਡੇ ਆਧੁਨਿਕ ਜੀਵਨ ਢੰਗਾਂ ਤੇ ਤਰੀਕਿਆਂ ਨੂੰ ਸਿੱਧਾ ਚੈਲਿੰਜ ਕਰ ਰਹੀ ਹੈ।
ਇਸ ਗੁੰਝਲ ਨੂੰ ਸਮਝਣ ਲਈ ਪਿਛਲੇ ਦਿਨੀਂ ਆਈਆਂ ਕੁਝ ਨਵੀਆਂ ਮਨੋਵਿਗਿਆਨਕ ਖੋਜਾਂ ਨੂੰ ਸਮਝਣਾ ਜ਼ਰੂਰੀ ਹੈ। ਇਨ੍ਹਾਂ ਖੋਜਾਂ ਨੇ ਸਪਸ਼ਟ ਕੀਤਾ ਹੈ ਕਿ ਆਧੁਨਿਕ ਸਮਾਜਾਂ ਵਿਚ ਪੂੰਜੀ ਜਿਸ ਤਰ੍ਹਾਂ ਵਿਅਕਤੀਆਂ ਦੇ ਸਮੇਂ, ਸਮਰੱਥਾ ਅਤੇ ਸੰਭਾਵਨਾਵਾਂ ਦਾ ਨਾਸ ਕਰ ਰਹੀ ਹੈ, ਉਸ ਕਾਰਨ ਉਸ ਦੀ ਮਾਨਸਿਕ ਹਾਲਤ ਵਿਚ ਵਿਗਾੜ ਪੈਣਾ ਅਸੁਭਾਵਿਕ ਨਹੀਂ। ਟੀ.ਬੀ. ਦੇ ਮਰੀਜ਼ ਤੋਂ ਲੈ ਕੇ ਡਿਪਰੈਸ਼ਨ ਦੇ ਸ਼ਿਕਾਰ ਮਰੀਜ਼ ਨਾਲ ਸਿਹਤ-ਤੰਤਰ ਅਤੇ ਸਟੇਟ-ਮਸ਼ੀਨਰੀ ਕਿਵੇਂ ਵਰਤਦੀ ਹੈ? ਬਹੁਤੀਆਂ ਹਾਲਤਾਂ ਵਿਚ ਬਿਮਾਰੀ ਦਾ ਮਾਨਸਿਕ, ਆਰਥਿਕ, ਭਾਵਨਾਤਮਿਕ ਤੇ ਸਮਾਜਿਕ ਬੋਝ ਮਰੀਜ਼ ਦੇ ਮੋਢਿਆਂ Ḕਤੇ ਸੁੱਟ ਦਿੱਤਾ ਜਾਂਦਾ ਹੈ। ਉਸ ਨੂੰ ਰਸਾਇਣਾਂ,ਵਰਤੋਂ-ਵਿਹਾਰ ਦਾ ਸਲੀਕਾ ਅਤੇ ਬੰਦਿਸ਼ਾਂ ਦੁਆਰਾ ਨਾਰਮਲ ਹੋਣ ਦੀ ਪ੍ਰੀਭਾਸ਼ਾ ਵਿਚ ਵਾਪਿਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਵਿਅਕਤੀ ਨੂੰ ਨਿਜੀ ਸੁੱਖਾਂ ਅਤੇ ਖਪਤਕਾਰੀ ਦਾ ਪਾਠ ਪੜ੍ਹਾਉਂਦਾ ਸਭਿਆਚਾਰ ਅਤੇ ਸਮਾਜਿਕ-ਤੰਤਰ ਬਿਮਾਰੀ ਆਉਣ Ḕਤੇ ਵਿਅਕਤੀ ਦੀਆਂ ਬੁਨਿਆਦੀ ਆਜ਼ਾਦੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ।
ਦੂਜੇ ਪਾਸੇ ਬਿਮਾਰੀ ਨੂੰ ਪੈਦਾ ਕਰਨ ਵਾਲੇ ਢਾਂਚਿਆਂ, ਪ੍ਰਬੰਧਾਂ ਅਤੇ ਤੰਤਰ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਜਾਂਦਾ ਹੈ। ਪੂੰਜੀ ਦੇ ਨਿਵੇਸ਼ ਅਤੇ ਮੁਨਾਫੇ ਦੇ ਜੋੜਫਲ ਉਤੇ ਕਦੇ ਸਵਾਲ ਖੜ੍ਹੇ ਨਹੀਂ ਕੀਤੇ ਜਾਂਦੇ। ਮਹਾਮਾਰੀਆਂ ਦੇ ਆਉਂਦਿਆਂ ਹੀ ਇਹ ਸਾਰੇ ਜਗਾੜੂ ਪ੍ਰਬੰਧ ਤਾਸ਼ ਦੇ ਪੱਤਿਆਂ ਵਾਂਗ ਬਿਖਰ ਜਾਂਦੇ ਹਨ। ਕਰੋਨਾ ਮਹਾਮਾਰੀ ਦੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਸ਼ਹਿਰ ਆਪਣੇ ਪੈਰਾਂ (ਮਜ਼ਦੂਰਾਂ, ਦਿਹਾੜੀਦਾਰਾਂ ਤੇ ਝੌਂਪੜ ਪੱਟੀ ਵਾਲੇ) ਨੂੰ ਵੱਢ ਸੁੱਟਦਾ ਹੈ। ਜਿਉਂ-ਜਿਉਂ ਕੈਂਸਰ ਵਾਂਗ ਬਿਮਾਰੀ ਦਾ ਘੇਰਾ ਵਧਦਾ ਹੈ, ਇਸ ਦਾ ਖਾਜਾ ਬਣਨ ਵਾਲੇ ਗਰੁੱਪਾਂ/ਸਮੂਹਾਂ ਦੀ ਪਛਾਣ ਗਾੜ੍ਹੀ ਹੋਣ ਲੱਗਦੀ ਹੈ। ਉਨ੍ਹਾਂ ਨੂੰ ਮਹਾਮਾਰੀ ਦੀ ਅੱਗ ਵਿਚ ਪ੍ਰਸ਼ਾਦ ਵਾਂਗ ਭੇਂਟ ਕਰ ਦਿੱਤਾ ਜਾਂਦਾ ਹੈ। ਯਾਦ ਰਹੇ ਕਿ ਮਹਾਮਾਰੀ ਤੋਂ ਮਨੁੱਖਤਾ ਨੂੰ ਖਤਰਾ ਹੈ ਪਰ ਹਰ ਤਰ੍ਹਾਂ ਦੇ ḔਮਨੁੱਖḔ ਨੂੰ ਨਹੀਂ। ਇਸ ਤੋਂ ਹਾਸ਼ੀਏ Ḕਤੇ ਪਏ, ਘੱਟਗਿਣਤੀ ਵਿਚ ਵਿਚਰ ਰਹੇ, ਔੜਾਂ-ਥੁੜ੍ਹਾਂ ਮਾਰਿਆਂ ਦੀ ਜਮਾਤ ਅਤੇ ਆਧੁਨਿਕ ਵਿਕਾਸ ਦੁਆਰਾ ਪਹਿਲਾਂ ਹੀ ਅਧਮੋਏ ਕੀਤਿਆਂ ਦੀਆਂ ਕਤਾਰਾਂ ਨੂੰ ਸਭ ਤੋਂ ਪਹਿਲਾਂ ਖਤਰਾ ਹੈ।