ਬਹੁਤ ਬੁਰਾ ਹੈ ਜਿੰਦਾ ਰਹਿਣ ਦੀ ਇੱਛਾ ਦਾ ਮਰ ਜਾਣਾ!

-ਜਤਿੰਦਰ ਪਨੂੰ
ਟੈਲੀਵਿਜ਼ਨ ਸਕਰੀਨਾਂ ‘ਤੇ ਖਬਰਾਂ ਦੇ ਸਿਰਲੇਖ ਦੌੜਦੇ ਜਾ ਰਹੇ ਹਨ। ਕਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧੀ ਜਾਂਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਖਬਰਾਂ ਮੁੱਕ ਨਹੀਂ ਰਹੀਆਂ, ਪਰ ਲੋਕਾਂ ਦਾ ਇਨ੍ਹਾਂ ਵੱਲ ਧਿਆਨ ਨਹੀਂ। ਖਬਰਾਂ ਦਾ ਸਾਰ ਇਹ ਹੈ ਕਿ ਫਲਾਣੇ ਥਾਂ ਐਨੇ ਲੋਕ ਕਰੋਨਾ ਪਾਜੇ.ਟਿਵ ਨਿਕਲੇ, ਦੇਸ਼ ਵਿਚ ਕਰੋਨਾ ਦੇ ਕੇਸਾਂ ਦਾ ਅੰਕੜਾ ਐਨੇ ਸੌ ਹੋਰ ਵਧ ਗਿਆ ਅਤੇ ਬੀਤੇ ਚੌਵੀ ਘੰਟਿਆਂ ਵਿਚ ਐਨੇ ਲੋਕ ਹੋਰ ਇਸ ਬਿਮਾਰੀ ਕਾਰਨ ਮਾਰੇ ਗਏ। ਫਿਰ ਇਹ ਖਬਰ ਚੱਲ ਪੈਂਦੀ ਹੈ ਕਿ ਫਲਾਣੇ ਥਾਂ ਲੋਕਾਂ ਨੂੰ ਲੌਕਡਾਊਨ ਦਾ ਅਰਥ ਸਮਝਾਉਣ ਗਈ ਪੁਲਿਸ ਨੂੰ ਪੱਥਰ ਵੱਜੇ ਅਤੇ ਫਲਾਣੇ ਰਾਜ ਦੇ ਫਲਾਣੇ ਸ਼ਹਿਰ ਵਿਚ ਪੁਲਿਸ ਨੇ ਲੌਕਡਾਊਨ ਦੌਰਾਨ ਘਰਾਂ ਤੋਂ ਨਿਕਲੇ ਲੋਕਾਂ ਦੀਆਂ ਕੰਨ ਫੜਾ ਕੇ ਉਨ੍ਹਾਂ ਤੋਂ ਬੈਠਕਾਂ ਕਢਵਾਈਆਂ ਤੇ ਡੰਗਰਾਂ ਵਾਂਗ ਕੁੱਟਿਆ ਹੈ।

ਇਹ ਖਬਰ ਵੀ ਸੁਣਦੀ ਹੈ ਕਿ ਕਿਸੇ ਥਾਂ ਫਲਾਣੀ ਪਾਰਟੀ ਦਾ ਫਲਾਣਾ ਆਗੂ ਰਿਲੀਫ ਵੰਡਣ ਗਿਆ ਸੀ, ਉਸ ਨੇ ਲੋਕਾਂ ਨੂੰ ਮੂੰਹਾਂ ‘ਤੇ ਬੰਨ੍ਹਣ ਲਈ ਮਾਸਕ ਵੰਡੇ ਸਨ, ਪਰ ਆਪ ਮਾਸਕ ਪਾਉਣ ਦੀ ਲੋੜ ਨਹੀਂ ਸੀ ਸਮਝੀ। ਇਸ ਪਿੱਛੋਂ ਅੱਕੇ ਹੋਏ ਲੋਕਾਂ ਅੱਗੇ ਸੰਸਾਰ ਭਰ ਦੇ ਦੇਸ਼ਾਂ ਵਿਚ ਹੁੰਦੀਆਂ ਮੌਤਾਂ ਦੇ ਅੰਕੜੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਲੋਕ ਅਕੇਵੇਂ ਨਾਲ ਵੇਖਦੇ ਅਤੇ ਚੈਨਲ ਬਦਲ ਲੈਂਦੇ ਹਨ।
ਇਨ੍ਹਾਂ ਤੋਂ ਬਿਨਾ ਕੋਈ ਹੋਰ ਏਦਾਂ ਦੀ ਖਬਰ ਨਹੀਂ ਮਿਲਦੀ, ਜੋ ਕੁਝ ਵੱਖਰੀ ਕਹੀ ਜਾ ਸਕੇ। ਕੇਂਦਰ ਜਾਂ ਰਾਜ ਸਰਕਾਰ ਦੇ ਕਿਸੇ ਮੰਤਰੀ ਦਾ ਕੋਈ ਐਲਾਨ ਜਾਂ ਕੋਈ ਨਵਾਂ ਹੁਕਮ ਸੁਣਾਇਆ ਜਾਂਦਾ ਹੈ ਤਾਂ ਉਹ ਵੀ ਕਰੋਨਾ ਦੀ ਬਿਮਾਰੀ ਕਾਰਨ ਪੈਦਾ ਹੋਏ ਹਾਲਾਤ ਨਾਲ ਸਬੰਧਤ ਹੁੰਦਾ ਹੈ। ਇਸ ਦੌਰਾਨ ਕਰਫਿਊ ਜਾਰੀ ਰੱਖਣ ਦਾ ਫੈਸਲਾ ਆ ਗਿਆ। ਲੋਕਾਂ ਨੂੰ ਇਸ ਵਿਚ ਵੀ ਕੁਝ ਖਾਸ ਨਜ਼ਰ ਨਹੀਂ ਆਇਆ। ਕਰਫਿਊ ਹਟਾਉਣ ਦਾ ਫੈਸਲਾ ਹੁੰਦਾ ਤਾਂ ਵੱਖਰੀ ਖਬਰ ਹੋ ਸਕਦੀ ਸੀ, ਪਰ ਕਰਫਿਊ ਜਾਰੀ ਹੈ ਤੇ ਜਾਰੀ ਰਹਿਣਾ ਹੈ, ਇਸ ਵਿਚ ਖਾਸ ਗੱਲ ਹੀ ਕੁਝ ਨਹੀਂ। ਸੰਸਾਰ ਵਿਚ ਮੌਤਾਂ ਦੀ ਗਿਣਤੀ ਲੱਖ ਤੋਂ ਟੱਪ ਗਈ, ਆਮ ਲੋਕਾਂ ਨੇ ਇਸ ‘ਤੇ ਵੀ ਹੈਰਾਨੀ ਨਹੀਂ ਵਿਖਾਈ। ਏਦਾਂ ਸੀ, ਜਿਵੇਂ ਪਹਿਲਾਂ ਹੀ ਪਤਾ ਸੀ।
ਆਖਰ ਲੋਕਾਂ ਨੂੰ ਇਸ ਵਿਚ ਕੁਝ ਖਾਸ ਕਿਉਂ ਨਹੀਂ ਜਾਪਦਾ? ਇਸ ਲਈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹਫਤਾ ਪਹਿਲਾਂ ਕਹਿ ਦਿੱਤਾ ਸੀ ਕਿ ਦੋ ਕੁ ਲੱਖ ਮੌਤਾਂ ਤੱਕ ਗੱਲ ਜਾ ਸਕਦੀ ਹੈ ਅਤੇ ਜੇ ਇਥੋਂ ਤੱਕ ਸੀਮਤ ਹੋ ਗਈ ਤਾਂ ਇਸ ਵਿਚ ਟਰੰਪ ਨੂੰ ਆਪਣੀ ਸਰਕਾਰ ਦੀ ਕਾਮਯਾਬੀ ਜਾਪਦੀ ਸੀ। ਜਦੋਂ ਟਰੰਪ ਨੇ ਇਹ ਗੱਲ ਇੱਕ ਪ੍ਰੈਸ ਕਾਨਫਰੰਸ ਵਿਚ ਕਹੀ, ਉਦੋਂ ਅਸੀਂ ਹੈਰਾਨ ਹੋਏ ਸਾਂ ਕਿ ਏਡੀ ਗੱਲ ਇਸ ਬੰਦੇ ਨੇ ਏਨੇ ਆਮ ਰਉਂ ਵਿਚ ਕਿਵੇਂ ਕਹਿ ਦਿੱਤੀ ਹੈ, ਪਰ ਇੱਕ ਹਫਤਾ ਪਿਛੋਂ ਇਸ ਦੇ ਅਰਥ ਸਮਝ ਆਏ ਹਨ। ਜਦੋਂ ਮੌਤਾਂ ਦੀ ਗਿਣਤੀ ਉਸ ਦੇ ਦੇਸ਼ ਵਿਚ ਅਜੇ ਹੋਣੀ ਨਹੀਂ ਸੀ ਸ਼ੁਰੂ ਹੋਈ, ਚੀਨ ਵਿਚ ਤੇ ਫਿਰ ਇਰਾਨ ਜਾਂ ਇਟਲੀ ਬਾਰੇ ਕਰਨੀ ਪੈਂਦੀ ਸੀ, ਉਦੋਂ ਸਭ ਦੁਨੀਆਂ ਦੇ ਨਾਲ ਅਮਰੀਕੀ ਲੋਕਾਂ ਨੂੰ ਵੀ ਸੈਂਕੜਾ ਪਾਰ ਕਰਨ ਤੇ ਫਿਰ ਹਜ਼ਾਰ ਦੀ ਹੱਦ ਟੱਪਣ ਨਾਲ ਹੈਰਾਨੀ ਹੋ ਸਕਦੀ ਸੀ।
ਇਟਲੀ ਵਿਚ ਮੌਤਾਂ ਦੀ ਗਿਣਤੀ ਦਸ ਹਜ਼ਾਰ ਹੋਣ ਦੀ ਚਰਚਾ ਵੀ ਹੈਰਾਨੀ ਨਾਲ ਹੋਈ ਸੀ। ਜਿਸ ਤਰ੍ਹਾਂ ਦੀ ਹੈਰਾਨੀ ਇਟਲੀ ਵਿਚ ਮੌਤਾਂ ਦੀ ਗਿਣਤੀ ਇੱਕ ਹਜ਼ਾਰ ਤੇ ਫਿਰ ਦਸ ਹਜ਼ਾਰ ਟੱਪ ਜਾਣ ਨਾਲ ਹੋਈ ਸੀ, ਉਸ ਕਿਸਮ ਦੀ ਹੈਰਾਨੀ ਉਦੋਂ ਬਿਲਕੁਲ ਨਹੀਂ ਹੋਈ, ਜਦੋਂ ਮੌਤਾਂ ਦੀ ਗਿਣਤੀ ਅਮਰੀਕਾ ਵਿਚ ਦਸ ਹਜ਼ਾਰ ਨੂੰ ਟੱਪੀ ਅਤੇ ਫਿਰ ਉਦੋਂ ਵੀ ਨਹੀਂ ਹੋਈ, ਜਦੋਂ ਇੱਕ ਲੱਖ ਮੌਤਾਂ ਸੰਸਾਰ ਵਿਚ ਹੋਣ ਦੀ ਖਬਰ ਆਈ ਸੀ। ਉਦੋਂ ਸਾਨੂੰ ਸਮਝ ਪਈ ਕਿ ਟਰੰਪ ਨੇ ਆਪਣੇ ਲੋਕਾਂ ਨੂੰ ਅਗੇਤਾ ਇੱਕ ਵੱਡੇ ਮਾਨਸਿਕ ਹਲੂਣੇ ਲਈ ਤਿਆਰ ਕਰ ਲਿਆ ਸੀ ਕਿ ਮ੍ਰਿਤਕਾਂ ਦੀ ਗਿਣਤੀ ਸੰਸਾਰ ਭਰ ਵਿਚ ਕੀ, ਇਕੱਲੇ ਅਮਰੀਕਾ ਵਿਚ ਹੀ ਲੱਖ-ਦੋ ਲੱਖ ਤੱਕ ਜਾ ਸਕਦੀ ਹੈ। ਕਮਾਲ ਦੀ ਸਿਆਸੀ ਕਲਾਕਾਰੀ ਹੈ ਕਿ ਕੁਝ ਕੀਤਾ ਹੀ ਨਹੀਂ ਤੇ ਆਪਣੇ ਲੋਕਾਂ ਦੇ ਮਨਾਂ ਵਿਚੋਂ ਮਰਨ ਦਾ ਫਿਕਰ ਖਤਮ ਕਰ ਕੇ ਉਸ ਦੀ ਥਾਂ ਸੰਵੇਦਨਹੀਣਤਾ ਭਰ ਦਿੱਤੀ ਹੈ।
ਡੋਨਲਡ ਟਰੰਪ ਦੀ ਇਸ ਸਿਆਸੀ ਕਲਾਕਾਰੀ ਦਾ ਅਸਰ ਸਿਰਫ ਅਮਰੀਕੀ ਲੋਕਾਂ ਦੀ ਮਾਨਸਿਕਤਾ ‘ਤੇ ਨਹੀਂ ਹੋਇਆ, ਸਾਰੀ ਦੁਨੀਆਂ ਦੇ ਉਨ੍ਹਾਂ ਲੋਕਾਂ ਦੀ ਮਾਨਸਿਕਤਾ ‘ਤੇ ਹੋਇਆ ਹੈ, ਜੋ ਇਲੈਕਟ੍ਰਾਨਿਕ ਮੀਡੀਆ ਰਾਹੀਂ ਆਪਣੇ ਆਪ ਨੂੰ ‘ਗਲੋਬਲ ਪਿੰਡ’ ਦਾ ਨਾਗਰਿਕ ਸਮਝਣ ਦਾ ਭਰਮ ਪਾਲਣ ਲੱਗੇ ਹਨ। ਉਹ ਲੋਕ ਦੋ ਦਿਨ ਪਹਿਲਾਂ ਇਸ ਬਾਰੇ ਚਰਚਾ ਕਰਨ ਲੱਗੇ ਸਨ ਕਿ ਕੱਲ੍ਹ-ਪਰਸੋਂ ਤੱਕ ਇਹ ਗਿਣਤੀ ਲੱਖ ਟੱਪ ਜਾਵੇਗੀ। ਚਰਚਾ ਕਰਨ ਦਾ ਢੰਗ ਏਦਾਂ ਸੀ, ਜਿਵੇਂ ਕਿਸੇ ਕ੍ਰਿਕਟ ਪਲੇਅਰ ਬਾਰੇ ਚਰਚਾ ਕਰਦੇ ਹੋਣ ਕਿ ਹੋਰ ਦੋ ਮੈਚਾਂ ਤੱਕ ਉਸ ਵੱਲੋਂ ਬਣਾਏ ਅੰਕਾਂ ਦਾ ਸਕੋਰ ਐਨੇ ਹਜ਼ਾਰ ਨੂੰ ਪਾਰ ਕਰ ਜਾਵੇਗਾ। ਇਹੀ ਨਹੀਂ, ਉਹ ਲੋਕ ਸਗੋਂ ਇਹ ਚਰਚਾ ਕਰਦੇ ਵੀ ਵੇਖੇ ਜਾਣ ਲੱਗੇ ਸਨ ਕਿ ਦੁਨੀਆਂ ਦੇ ਐਨੇ ਦੇਸ਼ਾਂ ਵਿਚ ਇਹ ਮੁਸੀਬਤ ਪਹੁੰਚ ਗਈ ਹੈ ਅਤੇ ਐਨੇ ਕੁ ਬਾਕੀ ਰਹਿ ਗਏ ਹਨ ਤੇ ਇਸ ਬਾਰੇ ਉਹ ਸੋਚਣ ਨੂੰ ਵੀ ਤਿਆਰ ਨਹੀਂ ਸਨ ਕਿ ਇਸ ਨਾਲ ਇਨਸਾਨੀਅਤ ਦੀ ਹੋਂਦ ਨੂੰ ਖਤਰਾ ਬਣ ਗਿਆ ਹੋ ਸਕਦਾ ਹੈ।
ਜੀ ਹਾਂ, ਇਹ ਮੁੱਦਾ ਕੋਈ ਥੋੜ੍ਹੇ ਸਮੇਂ ਦੇ ਅਸਰ ਵਾਲਾ ਨਹੀਂ। ਜਿਹੋ ਜਿਹੀ ਬਿਮਾਰੀ ਉਠੀ ਹੈ, ਅਸੀਂ ਇਸ ਚਰਚਾ ਵਿਚ ਨਹੀਂ ਪੈ ਰਹੇ ਕਿ ਕਿਸੇ ਦੇਸ਼ ਨੇ ਕੋਈ ਜੈਵਿਕ ਹਥਿਆਰ, ਬਾਇਲੋਜੀਕਲ ਪਟਾਕਾ ਬਣਾ ਲਿਆ ਜਾਂ ਬਣਾਉਣ ਲਈ ਕੋਸ਼ਿਸ਼ ਕੀਤੀ ਹੈ, ਪਰ ਇਸ ਮੁਸੀਬਤ ਵਿਚੋਂ ਸਹਿਜ ਸੁਭਾਅ ਇਸ ਦਾ ਖਿਆਲ ਕਿਸੇ ਨੂੰ ਆ ਸਕਦਾ ਹੈ। ਅਜੇ ਤੱਕ ਕਿਸੇ ਦੇਸ਼ ਨੇ ਇਹੋ ਜਿਹੀ ਚੀਜ਼ ਨਹੀਂ ਵੀ ਬਣਾਈ ਤਾਂ ਐਟਮ ਬੰਬਾਂ ਤੋਂ ਵੱਧ ਮਾਰੂ ਇਹੋ ਜਿਹੀ ਖੁਰਾਫਾਤ ਕਿਸੇ ਸ਼ਰਾਰਤੀ ਮਨ ਵਿਚ ਭਲਕ ਨੂੰ ਆ ਸਕਦੀ ਹੈ। ਆਮ ਪ੍ਰਭਾਵ ਹੈ ਕਿ ਇਸ ਬਿਮਾਰੀ ਦਾ ਅਜੇ ਤੱਕ ਇਲਾਜ ਹੀ ਕੋਈ ਨਹੀਂ ਨਿਕਲਿਆ ਤੇ ਇਹ ਵੀ ਗੱਲ ਚੱਲਦੀ ਹੈ ਕਿ ਕੁਝ ਦੇਸ਼ਾਂ ਨੇ ਇਸ ਦਾ ਤੋੜ ਤਾਂ ਲੱਭ ਲਿਆ ਹੈ, ਪਰ ਕਿਸੇ ਨੂੰ ਦੱਸਿਆ ਨਹੀਂ। ਅਸੀਂ ਅਜੇ ਇਹ ਮੰਨ ਲੈਂਦੇ ਹਾਂ ਕਿ ਨਹੀਂ ਨਿਕਲਿਆ ਤੇ ਇਹ ਸੋਚਦੇ ਹਾਂ ਕਿ ਜੇ ਬਿਮਾਰੀ ਇਸੇ ਤਰ੍ਹਾਂ ਵਧਦੀ ਗਈ ਤੇ ਕੋਈ ਇਲਾਜ ਨਾ ਮਿਲਿਆ ਤਾਂ ਫਿਰ ਇਸ ਦੇ ਅੱਗੇ ਡੱਕਾ ਨਹੀਂ ਲੱਗ ਸਕਣਾ। ਉਸ ਹਾਲਤ ਵਿਚ ਇਨਸਾਨੀਅਤ ਦਾ ਬਣੇਗਾ ਕੀ?
ਸਾਡੇ ਲੋਕ ਤੇ ਸੰਸਾਰ ਦੇ ਲੋਕ, ਅਤੇ ਖਾਸ ਕਰ ਅਮਰੀਕਾ ਦੇ ਲੋਕ ਅਜਿਹੀ ਗੱਲ ਸੋਚਣ ਨੂੰ ਤਿਆਰ ਨਹੀਂ। ਜਦੋਂ ਉਹ ਏਨੀ ਗੱਲ ਵੀ ਸੋਚਣ ਨੂੰ ਤਿਆਰ ਨਹੀਂ ਤਾਂ ਉਹ ਆਪਣੇ ਦਿਮਾਗ ਦਾ ਪਾਣੀ ਇਹ ਗੱਲਾਂ ਸੋਚ ਕੇ ਵੀ ਕੱਢਣ ਨੂੰ ਤਿਆਰ ਨਹੀਂ ਹੋਣਗੇ ਕਿ ਜਿਸ ਬਿਮਾਰੀ ਨੂੰ ਚੀਨ ਦੀ ਦੱਸਿਆ ਜਾਂਦਾ ਸੀ, ਚੀਨੀ ਡਾਕਟਰਾਂ ਨੇ ਸੁਪਰ ਕੰਪਿਊਟਰ ਦੀ ਮਦਦ ਨਾਲ ਇਹ ਜੜ੍ਹ ਲੱਭ ਲਈ ਹੈ ਕਿ ਉਸ ਦਾ ਵਾਇਰਸ ਪਿਛਲੇ ਸਾਲ ਇੱਕ ਮਰੀਜ਼ ਦੀ ਕੈਟ ਸਕੈਨ ਵਿਚ ਅਮਰੀਕੀ ਸਟੇਟ ਨਾਰਥ ਕੈਰੋਲਾਈਨਾ ਦੇ ਇੱਕ ਹਸਪਤਾਲ ਵਿਚ ਵੀ ਦਿੱਸ ਪਿਆ ਸੀ। ਚੀਨੀ ਡਾਕਟਰਾਂ ਦੇ ਦਾਅਵੇ ਦਾ ਅਮਰੀਕਾ ਦੇ ਡਾਕਟਰਾਂ ਨੇ ਨਰਮ ਜਿਹੀ ਸੁਰ ਵਿਚ ਭਾਵੇਂ ਖੰਡਨ ਕੀਤਾ ਹੈ, ਪਰ ਇਸ ਨਾਲ ਸ਼ੱਕ ਪੈਦਾ ਹੋ ਗਿਆ ਹੈ ਕਿ ਪਿਛਲੇ ਸਾਲ ਜੇ ਸੱਚਮੁੱਚ ਏਦਾਂ ਦੇ ਵਾਇਰਸ ਦੀ ਕੋਈ ਸੂਹ ਮਿਲ ਗਈ ਸੀ ਤਾਂ ਦੁਨੀਆਂ ਸਾਹਮਣੇ ਇਸ ਲਈ ਨਹੀਂ ਆਈ ਕਿ ਗੱਲ ਦੱਬ ਦਿੱਤੀ ਗਈ ਸੀ। ਇਸ ਨੂੰ ਦੱਬਣ ਦਾ ਜਿੰਮੇਵਾਰ ਕੌਣ ਸੀ, ਇਹ ਚਰਚਾ ਕਿਸੇ ਪਾਸੇ ਨਹੀਂ ਚੱਲੀ।
ਸੰਸਾਰ ਦੀ ਮਹਾ ਸ਼ਕਤੀ ਦਾ ਦਰਜਾ ਅਮਰੀਕਾ ਨੂੰ ਐਵੇਂ ਨਹੀਂ ਮਿਲਿਆ। ਇਸ ਮਹਾ ਸ਼ਕਤੀ ਨੂੰ ਰਾਸ਼ਟਰਪਤੀ ਨਹੀਂ ਚਲਾਉਂਦਾ। ਉਸ ਨੂੰ ਚਲਾਉਣ ਵਾਲੇ ਥਿੰਕ ਟੈਂਕ ਇਹ ਗੱਲ ਅਗੇਤੀ ਸੋਚ ਸਕਦੇ ਹਨ ਕਿ ਜਿਨ੍ਹਾਂ ਹਾਲਾਤ ਦਾ ਕੱਲ੍ਹ ਨੂੰ ਸਾਹਮਣਾ ਕਰਨਾ ਹੈ ਅਤੇ ਲੋਕਾਂ ਨੂੰ ਉਦੋਂ ਝਟਕਾ ਲੱਗਣਾ ਹੈ, ਉਸ ਬਾਰੇ ਅਗੇਤਾ ਹੀ ਉਨ੍ਹਾਂ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ। ਇੱਕ ਲੱਖ ਤੋਂ ਵੱਧ ਮੌਤਾਂ ਹੋਣ ਵਾਲੀ ਖਬਰ ਨੇ ਸੰਸਾਰ ਦੇ ਲੋਕਾਂ ਨੂੰ ਝੰਜੋੜਿਆ ਕਿਉਂ ਨਾ, ਇਸ ਦਾ ਕਾਰਨ ਟਰੰਪ ਦੀ ਟਿੱਪਣੀ ਵੀ ਹੋ ਸਕਦਾ ਹੈ।
ਪਾਸ਼ ਨੇ ਕਿਹਾ ਸੀ, “ਬਹੁਤ ਹੀ ਖਤਰਨਾਕ ਹੁੰਦਾ ਹੈ, ਸੁਫਨਿਆਂ ਦਾ ਮਰ ਜਾਣਾ।” ਤੇ ਠੀਕ ਕਿਹਾ ਸੀ, ਪਰ ਇਸ ਤੋਂ ਵੀ ਬੁਰਾ ਹੋਵੇਗਾ ਲੋਕਾਂ ਅੰਦਰੋਂ ਜਿੰਦਾ ਹੋਣ ਦੀ ਸੰਵੇਦਨਾ ਜਾਂ ਜਿੰਦਾ ਰਹਿਣ ਦੀ ਲੋੜ ਦਾ ਮਰ ਜਾਣਾ। ਸ਼ਾਇਦ!