ਉਗਦੇ ਸੂਰਜ ਦੀ ਲੋਏ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਲੇਖ ਵਿਚ ਉਨ੍ਹਾਂ ਸੰਸਾਰ ਭਰ ਵਿਚ ਪੈਦਾ ਹੋਏ ਹਾਲਾਤ ‘ਤੇ ਨਜ਼ਰਸਾਨੀ ਕਰਦਿਆਂ ਨਸੀਹਤ ਕੀਤੀ ਸੀ, “ਬਾਹਰ ਸਭ ਕੁਝ ਬੰਦ ਹੈ, ਪਰ ਇਹ ਅਸਥਾਈ ਹੈ, ਉਨੇ ਸਮੇਂ ਲਈ ਆਪਣੇ ਅੰਦਰਲੇ ਕਿਵਾੜ ਖੋਲੋ। ਗਿਆਨ ਇੰਦਰੀਆਂ ਨੂੰ ਆਲੇ-ਦੁਆਲੇ ਨੂੰ ਸਿਆਣਨ, ਪਰਖਣ, ਸਮਝਣ ਲਈ ਵਰਤੋ। ਇਸ ਨੂੰ ਅਜਾਈਂ ਨਾ ਗਵਾਓ, ਕਿਉਂਕਿ ਕਸ਼ਟਮਈ ਦਿਨ ਜਦ ਖਤਮ ਹੋ ਗਏ ਤਾਂ ਮਨੁੱਖ ਨੇ ਫਿਰ ਦੁਨਿਆਵੀ ਦੌੜ ਵਿਚ ਖਚਤ ਹੋ ਜਾਣਾ ਏ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੂਰਜ ਦੇ ਪ੍ਰਸੰਗ ਵਿਚ ਜ਼ਿੰਦਗੀ ਵਿਚਲੇ ਸੂਰਜਾਂ ਤੋਂ ਰੌਸ਼ਨੀ ਲੈ ਕੇ ਨਵੇਂ ਕੀਰਤੀਮਾਨ ਸਿਰਜਣ ਦੀ ਨਸੀਹਤ ਕੀਤੀ ਹੈ। ਉਹ ਕਿਤਾਬਾਂ ਨੂੰ ਸੂਰਜ ਦੀ ਸੰਗਿਆ ਦਿੰਦੇ ਕਹਿੰਦੇ ਹਨ, “ਕਿਤਾਬਾਂ ਵਿਚ ਸੁਲਘਦੇ ਸੂਰਜਾਂ ਨਾਲ ਸੰਵਾਦ ਰਚਾਉਂਦੇ ਰਿਹਾ ਕਰੋ, ਤੁਹਾਡੇ ਮਨ ਵਿਚ ਚੇਤਨਾ ਦਾ ਜਾਗ ਲੱਗਾ ਰਹੇਗਾ ਅਤੇ ਮਨ-ਨੁੱਕਰੇ ਪਏ ਬੇਹੇ ਵਿਚਾਰਾਂ ਨੂੰ ਤਾਜ਼ਗੀ ਤੇ ਤਤਪਰਤਾ ਦਾ ਅਹਿਸਾਸ ਹੋਵੇਗਾ।” ਡਾ. ਭੰਡਾਲ ਦੀ ਇਸ ਗੱਲ ਵਿਚ ਕਿੰਨੀ ਸੱਚਾਈ ਹੈ ਕਿ ਸਭ ਤੋਂ ਵੱਡੇ ਅਤੇ ਦਗਦੇ ਸੂਰਜ ਤਾਂ ਘਰ ਵਿਚ ਬੈਠੇ ਬਜੁਰਗ ਹੁੰਦੇ, ਜਿਨ੍ਹਾਂ ਦੀਆਂ ਸਲਾਹਾਂ ਅਤੇ ਮੱਤਾਂ ਕਾਰਨ ਸਾਡੀ ਸ਼ਖਸੀ ਸਿਰਜਣਾ ਹੋਈ ਹੁੰਦੀ। ਇਨ੍ਹਾਂ ਸੂਰਜਾਂ ਨੂੰ ਕਦੇ ਧੁਖਣ ਨਾ ਲਾਓ, ਸਗੋਂ ਇਨ੍ਹਾਂ ਦੇ ਧੁੱਪੀਲੇ ਸੇਕ ਵਿਚ ਆਪਣੇ ਅੰਤਰੀਵ ਨੂੰ ਰੁਸ਼ਨਾਓ। ਦੇਖਣਾ! ਤੁਹਾਡੇ ਮਨ ਵਿਚ ਵੀ ਸੂਰਜ ਬਣਨ ਅਤੇ ਸੂਰਜ ਵਾਂਗ ਚਾਨਣ ਦਾ ਵਪਾਰ ਕਰਨ ਦਾ ਵਿਚਾਰ ਪੈਦਾ ਹੋਵੇਗਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਇਕ ਸੂਰਜ ਅੰਬਰੀਂ ਚੜ੍ਹਦਾ। ਧੁੱਪ ਦੀਆਂ ਬਰਕਤਾਂ ਵਰਤਾਉਂਦਾ। ਕੁਦਰਤ ਨੂੰ ਭਾਗ ਲਾਉਂਦਾ। ਜੀਵ-ਸੰਸਾਰ ਨੂੰ ਅੰਗੜਾਈ ਲੈਣ ਲਈ ਉਕਸਾਉਂਦਾ। ਸਭ ਦੇ ਦਰੀਂ ਨਿਆਮਤਾਂ ਦੀ ਸੌਗਾਤ ਪਾਉਂਦਾ। ਧਰਤ ‘ਤੇ ਸਮੁੱਚੇ ਜੀਵਨ ਦਾ ਆਧਾਰ ਅਤੇ ਕਾਇਨਾਤੀ ਪਸਾਰ। ਇਹ ਸੂਰਜ, ਸੂਰਜ-ਮੰਡਲ ਦਾ ਟਿੱਕਾ। ਆਪਣੇ ਚਾਨਣ ਨਾਲ ਕਦੇ ਧਰਤ ਨੂੰ ਰੁਸ਼ਨਾਉਂਦਾ ਅਤੇ ਕਦੇ ਚੰਨ-ਚਾਨਣੀ ਦੇ ਰੂਪ ਵਿਚ ਰਾਤਾਂ ਨੂੰ ਹੁਸੀਨ ਬਣਾਉਂਦਾ। ਕਦੇ ਇਹ ਸਰਘੀ ਦਾ ਸੂਰਜ, ਕਦੇ ਤਿੱਖੜ-ਦੁਪਹਿਰ ਅਤੇ ਕਦੇ ਢਲਦੀ ਸ਼ਾਮ ਦਾ ਸ਼ਾਹ-ਅਸਵਾਰ। ਇਸ ਦੀ ਦਿਆਲਤਾ, ਦਲੇਰੀ, ਦਰਿਆਦਿਲੀ ਅਤੇ ਦਾਤਾਂ ਨੇ ਬੇਸ਼ੁਮਾਰ; ਪਰ ਇਸ ਤੋਂ ਬਿਨਾ ਵੀ ਬਹੁਤ ਸਾਰੇ ਸੂਰਜ ਸਾਡੇ ਆਲੇ-ਦੁਆਲੇ ਉਗਦੇ, ਜਿਨ੍ਹਾਂ ਦੀ ਲੋਅ ਵਿਚ ਰਾਹਾਂ ਤੇ ਸੋਚਾਂ ਨੂੰ ਰੁਸ਼ਨਾਇਆ ਜਾ ਸਕਦਾ ਅਤੇ ਮੰਜ਼ਿਲਾਂ ਦਾ ਹਾਸਲ ਬਣਿਆ ਜਾ ਸਕਦਾ, ਪਰ ਇਨ੍ਹਾਂ ਉਗਦੇ ਸੂਰਜਾਂ ਨੂੰ ਦੇਖਣਾ ਅਤੇ ਇਸ ਦੀ ਤਾਸੀਰ ਵਿਚ ਰੰਗੇ ਜਾਣਾ ਵਿਰਲਿਆਂ ਦਾ ਨਸੀਬ।
ਬਹੁਤ ਸਾਰੇ ਸੂਰਜ ਗਾਹੇ-ਬਗਾਹੇ ਸਾਡੇ ਦੀਦਿਆਂ ਵਿਚ ਝਾਤ ਮਾਰਦੇ, ਪਰ ਅਸੀਂ ਇਸ ਦੀ ਸੰਵੇਦਨਾ ਅਤੇ ਸੁਚੇਤਨਾ ਨੂੰ ਆਪਣੇ ਸੁਚਿੰਤਨ ਦਾ ਹਾਸਲ ਬਣਾਉਣ ਤੋਂ ਵਿਰਵੇ ਰਹਿ ਜਾਂਦੇ। ਇਹ ਸੂਰਜ ਉਗਦੇ, ਚਾਨਣ ਵੰਡਦੇ ਅਤੇ ਆਪਣੀ ਅਉਧ ਪੁਗਾ ਕੇ ਕਿਸੇ ਹੋਰ ਘਰ, ਵਿਹੜੇ, ਫਿਰਨੀ, ਖੇਤ ਜਾਂ ਵਕਤ-ਸਫਿਆਂ ਨੂੰ ਭਾਗ ਲਾਉਣ ਲਈ ਉਗਮਣ ਦੀ ਉਤੇਜਨਾ ਬਣਦੇ।
ਇਹੀ ਸੂਰਜ ਹੁੰਦੇ, ਜੋ ਸਾਡੀ ਸੋਚ, ਸੁਹਜ, ਸੰਵੇਦਨਾ, ਸੁਰਤੀ ਅਤੇ ਸਫਲਤਾ ਦਾ ਸਿਰਨਾਂਵਾਂ ਹੁੰਦੇ। ਜਿਨ੍ਹਾਂ ਦੀ ਆਗੋਸ਼ ਵਿਚ ਬਹਿ ਕੇ ਤਾਰਿਆਂ ਨਾਲ ਗੱਲਾਂ ਕੀਤੀਆਂ ਜਾ ਸਕਦੀਆਂ; ਜਿਨ੍ਹਾਂ ਦੀ ਆੜੀ, ਚਾਨਣਾਂ ਦੀ ਲੋਰ ਅਤੇ ਇਸ ਵਿਚ ਖੁਦ ਨੂੰ ਰੰਗੇ ਜਾਣਾ ਵਿਸਮਾਦੀ ਅਹਿਸਾਸ ਹੁੰਦਾ; ਜਿਸ ਦੀ ਲੋਅ ਵਿਚ ਰਾਹਾਂ ਨੂੰ ਪੈੜ ਅਤੇ ਮੰਜ਼ਿਲਾਂ ਨੂੰ ਉਲੇਖ ਮਿਲਦਾ।
ਇਹੋ ਹੀ ਸੂਰਜ ਹੁੰਦੇ, ਜਿਨ੍ਹਾਂ ਦੀ ਲੋਚਾ ਮਨ ਵਿਚ ਪਾਲਣ ਵਾਲੇ ਕਿਸੇ ਮਨੋਰਥ, ਮਕਸਦ ਅਤੇ ਮਨਸੂਬਿਆਂ ਨੂੰ ਪ੍ਰਾਪਤ ਕਰਨਾ, ਆਪਣਾ ਅਕੀਦਾ ਬਣਾਉਂਦੇ ਅਤੇ ਮਨ-ਚਾਹਿਆ ਫਲ ਪਾਉਂਦੇ।
ਸੂਰਜ ਕਈ ਵਾਰ ਤਾਂ ‘ਕੱਲੇ ਹੁੰਦੇ, ਪਰ ਕਈ ਵਾਰ ਉਗੀਆਂ ਹੁੰਦੀਆਂ ਨੇ ਸੂਰਜੀ ਬਸਤੀਆਂ। ਜੇ ਅਸੀਂ ਇਨ੍ਹਾਂ ਦੀ ਜੂਹ ਵਿਚ ਵੀ ਸੂਰਜਾਂ ਦੀ ਮੱਤ, ਮਹਾਤਮ ਅਤੇ ਮਹੱਤਵ ਤੋਂ ਹੀ ਅਣਜਾਣ ਹੋਵਾਂਗੇ ਤਾਂ ਇਨ੍ਹਾਂ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨ ਵਿਚ ਅਸਫਲ ਰਹਾਂਗੇ।
ਸੂਰਜਾਂ ਦੀ ਫਸਲ ਸੋਚਾਂ ਵਿਚ, ਸਫਿਆਂ ‘ਤੇ, ਸੰਵੇਦਨਾ ਵਿਚ ਅਤੇ ਸਦ-ਸੋਚ ਵਿਚ ਵੀ ਪੈਦਾ ਹੁੰਦੀ। ਸਿਰਫ ਸੂਰਜਾਂ ਜਿਹਾ ਬਣਨ ਦੇ ਚਾਹਵਾਨ ਹੀ ਚੌਗਿਰਦੇ ਵਿਚ ਸੂਰਜਾਂ ਦੀ ਸੂਹ ਲੈਂਦੇ। ਆਪਣੇ ਕਦਮਾਂ ਨੂੰ ਉਨ੍ਹਾਂ ਰਾਹਾਂ ਦੀ ਰਵਾਨਗੀ ਬਣਾਉਂਦੇ, ਜਿਨ੍ਹਾਂ ਵਿਚ ਸੂਰਜਾਂ ਦੀ ਆਮਦ ਜਾਂ ਸੰਭਾਵਨਾ ਹੁੰਦੀ।
ਸੂਰਜ ਬਹੁਤ ਅਹਿਮ ਹੁੰਦੇ ਜ਼ਿੰਦਗੀ ਵਿਚ, ਸੁਪਨਿਆਂ ਦੀ ਸਰਜਮ.ੀਂ ਦੀ ਜ਼ਰਖੇਜ਼ਤਾ ਲਈ ਅਤੇ ਸੁਪਨਿਆਂ ਦਾ ਸੱਚ ਦੀਦਿਆਂ ਵਿਚ ਉਗਾਉਣ ਲਈ। ਸੁਪਨੇ ਸਿਰਫ ਉਨ੍ਹਾਂ ਹੀ ਨੈਣਾਂ ਵਿਚ ਉਗਦੇ, ਜਿਨ੍ਹਾਂ ਵਿਚ ਸੂਰਜਾਂ ਦੇ ਬੀਜ ਕੇਰੇ ਜਾਂਦੇ, ਤਾਂ ਹੀ ਸੂਰਜ ਨੂੰ ਉਗਾਉਣ ਅਤੇ ਇਸ ਦੀ ਉਤਪਤੀ ਦਾ ਹਾਸਲ ਬਣਨ ਦਾ ਮੌਕਾ ਮਿਲਦਾ।
ਕੁਝ ਸੂਰਜ ਅਣਗੌਲੇ ਹੀ ਰਹਿੰਦੇ, ਜਦੋਂ ਕਿ ਇਨ੍ਹਾਂ ਦੇ ਬਹੁਤ ਸਾਰੇ ਕਿਰਨ-ਕਾਫਲੇ ਜੀਵਨ ਦੀਆਂ ਕਾਲਖ-ਜੂਹਾਂ ਨੂੰ ਰੁਸ਼ਨਾਉਣ ਅਤੇ ਇਨ੍ਹਾਂ ਦੀਆਂ ਨੁੱਕਰਾਂ ਵਿਚ ਚਿਰਾਗ ਡੰਗਣ ਦਾ ਸਬੱਬ ਬਣਨ ਦੀ ਸਮਰੱਥਾ ਰੱਖਦੇ। ਸੂਰਜਾਂ ਨੂੰ ਕਦੇ ਅਣਗੌਲੇ ਨਾ ਕਰੋ। ਇਨ੍ਹਾਂ ਤੋਂ ਬੇਧਿਆਨੀ ਕਾਰਨ, ਤੁਹਾਡੀਆਂ ਰਾਹਾਂ ਵਿਚਲੀਆਂ ਖਾਈਆਂ, ਖੱਡੇ, ਕੰਡੇ ਜਾਂ ਰੋੜੇ ਰੁਕਾਵਟਾਂ ਬਣਦੇ ਰਹਿਣਗੇ।
ਕਿਸੇ ਵੀ ਰਾਹ ‘ਤੇ ਤੁਰਦਿਆਂ ਆਪਣੀਆਂ ਪੈੜਾਂ ਵਿਚ ਅਜਿਹੇ ਸੂਰਜ ਜਰੂਰ ਡੰਗੋ ਤਾਂ ਕਿ ਇਨ੍ਹਾਂ ਰਾਹਾਂ ‘ਤੇ ਤੁਰਨ ਵਾਲਿਆਂ ਨੂੰ ਉਸ ਰਾਹਗੀਰ ਦਾ ਚੇਤਾ ਸਦਾ ਰਹੇ, ਜਿਨ੍ਹਾਂ ਨੇ ਇਨ੍ਹਾਂ ਰਾਹਾਂ ਵਿਚ ਚਾਨਣ ਬੀਜ ਕੇ ਰਾਹਾਂ ਨੂੰ ਧੰਨਭਾਗਤਾ ਬਖਸ਼ੀ। ਰਾਹਾਂ ਦੀ ਧੁੱਦਲ ਜਦ ਟਿਮਟਿਮਾਉਂਦੇ ਜੁਗਨੂੰ ਦਾ ਵਜੂਦ ਬਣ ਜਾਵੇ ਤਾਂ ਇਨ੍ਹਾਂ ਰਾਹਾਂ ਦੀ ਧੂੜ ਨੂੰ ਮਸਤਕ ‘ਤੇ ਛੁਹਾਉਣ ਨੂੰ ਜੀਅ ਕਰਦਾ। ਜਦ ਕੁਝ ਰਾਹ/ਸੜਕਾਂ ਦੇ ਨਾਮ ਮਹਾਨ ਸ਼ਖਸੀਅਤਾਂ ਦੇ ਨਾਮ ‘ਤੇ ਰੱਖੇ ਜਾਂਦੇ ਨੇ ਤਾਂ ਇਹ ਰਾਹਗੀਰਾਂ ਲਈ ਰਾਹ-ਦਸੇਰਾ ਹੀ ਹੁੰਦੇ। ਸਿਰਫ ਇਨ੍ਹਾਂ ਸੂਰਜਾਂ ਨੂੰ ਸਮਝਣ ਵਾਲੇ ਹੀ ਇਸ ਦੀ ਆਸਥਾ ਨੂੰ ਅਰਦਾਸ-ਅਰਘ ਦੀ ਅਰਾਧਨਾ ਬਣਾਉਂਦੇ।
ਕੁਝ ਲੋਕ ਵੀ ਸੂਰਜਾਂ ਜਿਹੇ ਹੁੰਦੇ। ਉਹ ਜਿਥੇ ਵੀ ਜਾਂਦੇ, ਉਥੇ ਹੀ ਇਕ ਸੂਰਜ ਡੰਗਦੇ। ਚਾਨਣ ਦੀ ਸੱਦ ਲਾਉਂਦੇ, ਚਾਨਣ-ਰੱਤਾ ਬੋਲ ਹਰ ਹੋਠ ‘ਤੇ ਧਰਦੇ। ਅਜਿਹੇ ਲੋਕ ਹੀ ਲੋਕ-ਚੇਤਿਆਂ ਦਾ ਹਿੱਸਾ ਬਣ ਕੇ ਸਦਾ ਜਿਉਂਦੇ ਰਹਿੰਦੇ। ਸੂਰਜਾਂ ਜਿਹੇ ਹੀ ਲੋਕ ਸਨ, ਜਿਨ੍ਹਾਂ ਨੇ ਲੋਕ ਭਲਾਈ, ਮਨੁੱਖੀ ਅਜ਼ਾਦੀ ਜਾਂ ਨਸਲੀ ਨਫਰਤ ਤੋਂ ਨਿਜਾਤ ਅਤੇ ਜਾਬਰਾਂ ਤੋਂ ਮੁਕਤੀ ਲਈ ਸੰਘਰਸ਼ ਕੀਤੇ ਤੇ ਇਤਿਹਾਸ ਦੇ ਸੁਨਹਿਰੀ ਵਰਕਿਆਂ ‘ਤੇ ਆਪਣੇ ਨਾਮ ਉਕਰੇ।
ਸੂਰਜ ਤਾਂ ਬੁੱਕ ਸ਼ੈਲਫ ‘ਤੇ ਪਈਆਂ ਪੁਸਤਕਾਂ ਜਾਂ ਸਿਰਹਾਣੇ ਪਈਆਂ ਕਿਤਾਬਾਂ ਵਿਚ ਵੀ ਅੰਗੜਾਈਆਂ ਭਰਦੇ ਨੇ। ਇਹ ਤਾਂ ਸਾਡੇ ‘ਤੇ ਨਿਰਭਰ ਕਰਦਾ ਕਿ ਅਸੀਂ ਇਨ੍ਹਾਂ ਸੂਰਜਾਂ ਦੀ ਹਾਕ ਦਾ ਹੁੰਗਾਰਾ ਕਦੋਂ ਭਰਨਾ ਅਤੇ ਇਨ੍ਹਾਂ ਨੂੰ ਆਪਣੇ ਮਸਤਕਾਂ ਵਿਚ ਕਦੋਂ ਧਰਨਾ? ਇਹ ਸੂਰਜ ਸਾਡੇ ਸਭ ਤੋਂ ਵੱਧ ਕਰੀਬੀ ਅਤੇ ਬਹੁਤ ਅਦੀਬੀ ਹੁੰਦੇ। ਇਨ੍ਹਾਂ ਦੇ ਸਦੀਵੀ ਸਾਥ ਵਿਚੋਂ ਹੀ ਵਿਚਾਰਾਂ ਦੀ ਅਮੀਰਤਾ, ਕਰਮਸ਼ੈਲੀ ਵਿਚਲੀ ਪਾਕੀਜ਼ਗੀ, ਕਿਸੇ ਦੇ ਕੰਮ ਆਉਣ ਦਾ ਵਲਵਲਾ ਅਤੇ ਵਧੀਆ ਇਨਸਾਨ ਬਣਨ ਦੀ ਤਮੰਨਾ ਪੈਦਾ ਹੁੰਦੀ। ਸ਼ਬਦਾਂ ਵਿਚ ਉਗਮਦੇ ਅਤੇ ਅਰਥਾਂ ਵਿਚ ਜਗਦੇ ਸੂਰਜਾਂ ਦੀ ਧੁੱਪ ਵਿਚ ਉਗੇ ਖਿਆਲ, ਖੁਆਬ ਵੀ ਬਣਦੇ। ਫਿਰ ਇਹ ਸੁਪਨਿਆਂ ਦੀ ਸੱਚੀ-ਸੁੱਚੀ ਤਸ਼ਬੀਹ ਬਣ ਕੇ ਤਰਜ਼ੀਹ ਅਤੇ ਤਕਦੀਰ ਵੀ ਬਣਦੇ। ਕਿਤਾਬਾਂ ਵਿਚ ਸੁਲਘਦੇ ਸੂਰਜਾਂ ਨਾਲ ਸੰਵਾਦ ਰਚਾਉਂਦੇ ਰਿਹਾ ਕਰੋ, ਤੁਹਾਡੇ ਮਨ ਵਿਚ ਚੇਤਨਾ ਦਾ ਜਾਗ ਲੱਗਾ ਰਹੇਗਾ ਅਤੇ ਮਨ-ਨੁੱਕਰੇ ਪਏ ਬੇਹੇ ਵਿਚਾਰਾਂ ਨੂੰ ਤਾਜ਼ਗੀ ਤੇ ਤਤਪਰਤਾ ਦਾ ਅਹਿਸਾਸ ਹੋਵੇਗਾ।
ਸੂਰਜ ਤਾਂ ਪ੍ਰਦਰਸ਼ਨੀ ਦੀਆਂ ਕਲਾ-ਕਿਰਤਾਂ ਵਿਚ ਵੀ ਜਗਮਗਾਉਂਦੇ। ਇਹ ਤਾਂ ਦੁਧੀਆ ਚਾਨਣ ਰੰਗੀਆਂ ਸੂਖਮ-ਕਲਾਵਾਂ ਦੀ ਕਲਾ-ਨਿਕਾਸ਼ੀ ਕਰਦੀਆਂ, ਜੋ ਸੁਖਨ ਅਤੇ ਸੁਹਜ ਦਾ ਹਾਸਲ ਵੀ ਹੁੰਦੀਆਂ। ਇਹ ਸੂਰਜ, ਕਲਾ-ਬਿਰਤੀ ਨੂੰ ਅਪਨਾਉਣ, ਸੂਖਮ-ਭਾਵਨਾਵਾਂ ਨੂੰ ਜਗਾਉਣ, ਕਿਸੇ ਦੇ ਦਰਦ ਵਿਚ ਹੰਝੂ ਹੋਣ ਦਾ ਵਿਸਮਾਦ ਅਤੇ ਕ੍ਰਿਸ਼ਮਾ ਮਈ ਕਲਾ ਦੇ ਬਲਿਹਾਰੇ ਜਾਣ ਲਈ ਉਤਸੁਕ ਕਰਦੇ। ਕਲਾ-ਕ੍ਰਿਤਾਂ ਵਿਚ ਉਗੇ ਸੂਰਜਾਂ ਦੀ ਹੀ ਕਰਤਾਰੀ ਸ਼ਕਤੀ ਹੁੰਦੀ ਕਿ ਮਨ ਵਿਚ ਕਿਸੇ ਪ੍ਰਤੀ ਹਮਦਰਦੀ ਜਾਂ ਦਯਾ-ਭਾਵਨਾ ਪੈਦਾ ਹੁੰਦੀ। ਰੰਗਾਂ ਵਿਚੋਂ ਕਿਸੇ ਦੀ ਸੀਰਤ ਅਤੇ ਸੁਰਤ ਨੂੰ ਪਛਾਨਣ ਦਾ ਹੁਨਰ ਤੇ ਹਾਸਲ ਨਸੀਬ ਹੁੰਦਾ। ਇਨ੍ਹਾਂ ਸੂਰਜਾਂ ਦਾ ਹੀ ਤਪ-ਤੇਜ ਹੁੰਦਾ ਕਿ ਅਸੀਂ ਮਹਿੰਗੀਆਂ ਕਲਾ-ਕਿਰਤਾਂ ਨੂੰ ਖਰੀਦ ਕੇ ਆਪਣੇ ਕਮਰਿਆਂ ਦੀ ਆਭਾ ਵਧਾਉਂਦੇ, ਕਿਉਂਕਿ ਸਭ ਨੂੰ ਚੰਗਾ ਲੱਗਦਾ ਹੈ, ਸੂਰਜਾਂ ਦਾ ਸਾਥ। ਇਸ ਨਾਲ ਸੂਰਜ ਵਰਗਾ ਬਣਨ ਦੀ ਲੋਚਾ, ਮਨ-ਭਗਤੀ ਬਣਦੀ। ਸੂਰਜ ਵਾਂਗ ਧੁੱਪ ਦੀ ਮਹਿੰਦੀ ਨੂੰ ਹਰ ਤਲੀ ‘ਤੇ ਲਾਉਣ ਦੀ ਭਾਵਨਾ ਅਤੇ ਯਖ ਪਲਾਂ ਨੂੰ ਨਿੱਘੇ ਕਰਨ ਦਾ ਖਿਆਲ ਮਨ ਦੀ ਜੂਹ ਨੂੰ ਲਰਜ਼ਾਉਂਦਾ।
ਸੂਰਜ, ਕੁਝ ਲੋਕਾਂ ਦੀ ਦਿੱਖ, ਦ੍ਰਿਸ਼ਟੀ ਅਤੇ ਦਰਿਆ-ਦਿਲੀ ਵਿਚੋਂ ਵੀ ਉਗਮਦਾ। ਅਜਿਹੇ ਲੋਕ ਹੀ ਹੁੰਦੇ, ਜਿਨ੍ਹਾਂ ਵੰਨੀਂ ਝਾਕ ਕੇ ਉਨ੍ਹਾਂ ਵਰਗਾ ਸੋਚਣ, ਬਣਨ, ਸਮਾਜਕ ਭਲਾਈ ਲਈ ਕੁਝ ਕਰਨ ਅਤੇ ਹਾਰਿਆਂ ਲਈ ਪ੍ਰੇਰਨਾ ਸ੍ਰੋਤ ਬਣਨ ਦੀ ਚਾਹਤ ਪੈਦਾ ਹੁੰਦੀ। ਜਿਵੇਂ ਆਪਣੇ ਟੀਚਰ, ਬਾਪ, ਸਹਿਕਰਮੀ ਜਾਂ ਆਪਣੇ ਬੋਸ ਜਿਹਾ ਬਣਨ ਦੀ ਚਾਹਤ ਅਤੇ ਉਨ੍ਹਾਂ ਵਾਂਗ ਉਚੇਰੀਆਂ ਬੁਲੰਦੀਆਂ ਨੂੰ ਪਾਉਣ ਦੀ ਤਮੰਨਾ ਸੂਰਜੀ ਖਿੱਚ ਵਿਚੋਂ ਹੀ ਪੈਦਾ ਹੁੰਦੀ। ਇਹ ਸੂਰਜ ਸਮਿਆਂ ਦਾ ਸਭ ਤੋਂ ਵੱਡਾ ਮਾਣ ਅਤੇ ਮਰਤੱਬਾ ਹੁੰਦੇ, ਜਿਨ੍ਹਾਂ ਨੇ ਸਮਾਜਕ ਦਿੱਖ ਦੀ ਨਵੀਂ ਤਰਜ਼ਮਾਨੀ ਕਰਨ ਲਈ ਖੁਦ ਨੂੰ ਦਾਅ ‘ਤੇ ਲਾਇਆ ਹੁੰਦਾ।
ਸੂਰਜਾਂ ਦਾ ਰੰਗ ਜਿਹੜੇ ਮੱਥੇ ਦਾ ਨਸੀਬ ਬਣੇ, ਸੂਹੀ ਸੂਹੀ ਮਾਰਦੇ ਨੇ ਭਾਹ। ਰੁੱਸੀਆਂ ਰੀਝਾਂ ਨੂੰ ਕਲਾਵੇ ਵਿਚ ਭਰ ਕੇ, ਝੂਮਰ ਪਾਉਂਦੇ ਨੇ ਸੁੱਚੇ ਚਾਅ। ਮੰਜ਼ਿਲੋਂ ਬੇਪਛਾਣ ਹੋਏ ਪੈਰਾਂ ਵਿਚ ਉਗਦੇ ਨੇ, ਤਾਰਿਆਂ ਸਜੀਲੇ ਰਾਹ। ਸੋਚ ਵਿਚ ਉਗੀ ਹੋਈ ਲੋਚਾ ਦੀਆਂ ਲਗਰਾਂ ‘ਚ, ਸਾਵੀ ਹੋ ਜੇ ਭਾਵਾਂ ਦੀ ਅਦਾ। ਸੂਰਜਾਂ ਦੀ ਕੀਰਤੀ ਨੂੰ ਬਗਲੀ ‘ਚ ਪਾਈ ਫਿਰੇ, ਗਲੀ ਗਲੀ ਫਿਰਦਾ ਫਕੀਰ। ਉਹਦੀ ਹੇਕੀਂ ਉਗਦੀ ਏ ਧੁਆਂਖੀਆਂ ਰੇਖਾਵਾਂ ਵਿਚ, ਚਾਨਣ ਦੀ ਇਕ ਲਕੀਰ। ਜਿਸ ਨਾਲ ਪੀਲੀ ਰੁੱਤ, ਲੀਰਾਂ ਦੇ ਲਿਬਾਸ ਵਿਚ, ਖੁਣੇ ਪਿੰਡੇ ਸੂਹੀ ਤਕਦੀਰ; ਤੇ ਸਮਿਆਂ ਦੇ ਵਰਕੇ ‘ਤੇ ਜਗਦੇ ਚਿਰਾਗਾਂ ਵਿਚੋਂ ਰੋਸ਼ਨੀ ਦੀ ਵਗਦੀ ਝੁਨੀਰ।
ਸੂਰਜ ਤਾਂ ਉਨ੍ਹਾਂ ਪ੍ਰਚਾਰਕਾਂ, ਬੁਲਾਰਿਆਂ, ਲੇਖਕ-ਸੱਜਣਾਂ ਅਤੇ ਮਹਾਨ ਵਿਅਕਤੀ ਦੇ ਹਰਫ/ਬੋਲ ਵੀ ਹੁੰਦੇ, ਜਿਨ੍ਹਾਂ ਵਿਚੋਂ ਸਿਆਣਪ, ਸੁਹਜ, ਸੁਭ-ਚਿੰਤਨ ਅਤੇ ਸ਼ੁਭ-ਕਰਮਨ ਦਾ ਸੁਨੇਹਾ ਫਿਜ਼ਾ ਵਿਚ ਗੂੰਜਦਾ। ਇਹ ਤਾਂ ਨਿੱਕੇ ਨਿੱਕੇ ਚਿਰਾਗਾਂ ਦੀ ਡਾਰ ਹੀ ਹੁੰਦੇ, ਜਿਨ੍ਹਾਂ ਦੀ ਰੌਸ਼ਨੀ ਵਿਚ ਮਨ ਦੀ ਸੁੰਨੀਆਂ ਮੰਮਟੀਆਂ ਨੂੰ ਰੋਸ਼ਨੀ ਨਸੀਬ ਹੁੰਦੀ। ਇਹੀ ਚਿਰਾਗ ਤਾਂ ਅਸਲ ਵਿਚ ਆਲਿਆਂ, ਓਟਿਆਂ ਅਤੇ ਬਨੇਰਿਆਂ ਦਾ ਧੰਨ ਭਾਗ ਹੁੰਦੇ।
ਕਦੇ ਕਦਾਈਂ ਉਨ੍ਹਾਂ ਸੂਰਜਾਂ ਦੀ ਨਿਸ਼ਾਨਦੇਹੀ ਵੀ ਕਰਨੀ, ਜੋ ਖੇਤਾਂ ਵਿਚ ਉਗਦੇ ਨੇ, ਜਿਹੜੇ ਆੜ ਦਾ ਪਾਣੀ ਬਣ ਕੇ ਧਰਤ ਨੂੰ ਭਾਗ ਲਾਉਂਦੇ ਅਤੇ ਸੂਰਜਾਂ ਦੀ ਫਸਲ, ਹਰ ਦਲਾਨ ਵਿਚ ਚਾਨਣ ਵੰਡੀਂਦੀ, ਭੜੌਲਿਆਂ ਨੂੰ ਭਰੇ ਹੋਣ ਦਾ ਵਰਦਾਨ ਦਿੰਦੀ। ਇਨ੍ਹਾਂ ਸੂਰਜਾਂ ਵਿਚ ਕਿਸਾਨ ਦਾ ਚੋਂਦਾ ਮੁੜ੍ਹਕਾ, ਕਾਮੇ ਨੂੰ ਚੜ੍ਹਿਆ ਹੋਇਆ ਸਾਹ ਅਤੇ ਹਾਲੀ ਦੇ ਪੈਰਾਂ ਵਿਚ ਉਗਿਆ ਉਮਾਹ ਵੀ ਸ਼ਾਮਲ।
ਸਭ ਤੋਂ ਵੱਡੇ ਅਤੇ ਦਗਦੇ ਸੂਰਜ ਤਾਂ ਘਰ ਵਿਚ ਬੈਠੇ ਬਜੁਰਗ ਹੁੰਦੇ, ਜਿਨ੍ਹਾਂ ਦੀਆਂ ਸਲਾਹਾਂ ਅਤੇ ਮੱਤਾਂ ਕਾਰਨ ਸਾਡੀ ਸ਼ਖਸੀ ਸਿਰਜਣਾ ਹੋਈ ਹੁੰਦੀ। ਇਨ੍ਹਾਂ ਸੂਰਜਾਂ ਨੂੰ ਕਦੇ ਧੁਖਣ ਨਾ ਲਾਓ, ਸਗੋਂ ਇਨ੍ਹਾਂ ਦੇ ਧੁੱਪੀਲੇ ਸੇਕ ਵਿਚ ਆਪਣੇ ਅੰਤਰੀਵ ਨੂੰ ਰੁਸ਼ਨਾਓ। ਇਨ੍ਹਾਂ ਦੀਆਂ ਕਿਰਮਚੀ ਕਿਰਨਾਂ ਦੀਆਂ ਮੁਰਝਾਈਆਂ ਸੋਚਾਂ ‘ਤੇ ਸੰਦਲੀ ਪਾਣ ਚੜ੍ਹਾਓ। ਦੇਖਣਾ! ਤੁਹਾਡੇ ਮਨ ਵਿਚ ਵੀ ਸੂਰਜ ਬਣਨ ਅਤੇ ਸੂਰਜ ਵਾਂਗ ਚਾਨਣ ਦਾ ਵਪਾਰ ਕਰਨ ਦਾ ਵਿਚਾਰ ਪੈਦਾ ਹੋਵੇਗਾ। ਇਹ ਅਜਿਹਾ ਵਪਾਰ ਹੁੰਦਾ, ਜਿਸ ਵਿਚ ਦੇਣਾ ਹੀ ਹੁੰਦਾ, ਲੈਣਾ ਕੁਝ ਵੀ ਨਹੀਂ ਹੁੰਦਾ।
ਕਦੇ ਕਦਾਈਂ ਬਗੀਚੀ ਵਿਚ ਖਿੜੇ ਹੋਏ ਫੁੱਲਾਂ ਵਿਚ ਉਭਰਦੇ ਰੰਗਦਾਰ ਸੂਰਜਾਂ ਨੂੰ ਨਿਹਾਰੋ। ਇਨ੍ਹਾਂ ਦੇ ਰੰਗਾਂ ਵਿਚ ਖੁਦ ਨੂੰ ਰੰਗੋ। ਇਨ੍ਹਾਂ ਸੂਰਜਾਂ ਦੀ ਨੇਕ-ਨੀਤੀ ਨੂੰ ਕਿਆਸੋ। ਸੂਰਜਾਂ ਜਿਹੇ ਇਹ ਫੁੱਲ ਰੰਗ ਅਤੇ ਮਹਿਕਾਂ ਨੂੰ ਲੁਟਾਉਂਦੇ ਸਿਰਫ ਇਹੀ ਲੋਚਦੇ ਨੇ ਕਿ ਕੋਈ ਇਨ੍ਹਾਂ ਨੂੰ ਡਾਲੀਓਂ ਨਾ ਤੋੜੇ। ਉਹ ਆਪਣੀ ਛਿਨ-ਭੰਗਰੀ ਅਉਧ ਦੌਰਾਨ ਇਸ ਵਪਾਰ ਵਿਚੋਂ ਹੀ ਸੁਖਨ-ਸਬੂਰੀ ਨੂੰ ਆਪਣੀ ਤ੍ਰਿਪਤੀ ਦਾ ਆਧਾਰ ਬਣਾਈ ਰੱਖਦੇ।
ਸਮੂਹ ਧਾਰਮਿਕ ਗ੍ਰੰਥ ਅਜਿਹੇ ਮਹਾਂ-ਸੂਰਜ ਹੁੰਦੇ, ਜਿਨ੍ਹਾਂ ਵਿਚੋਂ ਜੀਵਨ ਨੂੰ ਸੁਚਾਰੂ ਅਤੇ ਸਦੀਵ ਬਣਾਉਣ ਲਈ ਸੇਧ, ਸਮਰੱਥਾ, ਸੁਚਾਰੂ ਰਹਿਨੁਮਾਈ ਅਤੇ ਸਾਰਥਕ ਮਾਰਗ-ਦਰਸ਼ਨਾ ਕੀਤੀ ਜਾ ਸਕਦੀ; ਪਰ ਜਦ ਨਫਰਤ, ਜ਼ੁਲਮ, ਹਿੰਸਾ ਜਾਂ ਹਜ਼ੂਮੀ ਨਫਰਤ ਰਾਹੀਂ ਇਨ੍ਹਾਂ ਸੂਰਜਾਂ ਦੀ ਦਿੱਖ ਨੂੰ ਪਲੀਤ ਕੀਤਾ ਜਾਂਦਾ ਤਾਂ ਇਨ੍ਹਾਂ ਸੂਰਜਾਂ ਦੀ ਅੱਖ ਵਿਚ ਆਇਆ ਪਾਣੀ, ਪਾਪੀਆਂ ਨੂੰ ਨਸ਼ਟ ਕਰਨ ਲਈ ਕਾਫੀ ਹੁੰਦਾ। ਕਦੇ ਕਦਾਈ ਇਨ੍ਹਾਂ ਸੂਰਜਾਂ ਨੂੰ ਅਰਘ ਚੜ੍ਹਾਉਣਾ ਅਤੇ ਮੱਥੇ ਦਾ ਟਿੱਕਾ ਬਣਾਉਣਾ, ਤੁਹਾਡੀ ਸ਼ਖਸੀਅਤ ਨੂੰ ਚਾਰ ਚੰਨ ਲੱਗ ਜਾਣਗੇ।
ਕਈ ਵਾਰ ਸੂਰਜਾਂ ਦੀ ਦੱਸ ਝੁੱਗੀਆਂ ਵਿਚ ਵੀ ਪੈਂਦੀ। ਦਿਹਾੜੀਦਾਰ ਦੇ ਘਰ ਵੀ ਸੂਰਜ ਜਨਮ ਲੈਂਦੇ ਅਤੇ ਨਵੀਂ ਤਕਦੀਰ, ਤਰਜ਼ੀਹੀ ਤਦਬੀਰ ਨੂੰ ਜੀ ਆਇਆਂ ਕਹਿੰਦੀ।
ਸੂਰਜ ਸਰਗਮ, ਸੂਰਜ ਸ਼ਕਤੀ, ਸੂਰਜ ਧਰਮ ਧਰਵਾਸ। ਸੂਰਜ ਧੁੱਪ ਦੀ ਵਹਿੰਗੀ ਢੋਂਦਾ, ਬੇ-ਆਸਰਿਆਂ ਦੀ ਆਸ। ਸੂਰਜ, ਅੰਬਰ ਦੇ ਪੀੜ੍ਹੇ ਬੈਠਾ, ਲੋਅ-ਮਹਿਫਿਲ ਦਾ ਮਾਣ। ਬੁੱਕਲ ਦੇ ਵਿਚ ਬੈਠੈ ਤਾਰੇ, ਇਸ ਦੀ ਹੋਂਦ-ਪਛਾਣ। ਸੂਰਜ ਬਣ ਸਰਘੀ ਆਉਂਦਾ, ਤ੍ਰੇਲ ਮੋਤੀਹਾਰ ਪਰੋਵੇ। ਰੰਗ-ਮਹਿਕ ਦੀਆਂ ਮੁੱਠਾਂ ਭਰ ਭਰ ਹਰ ਫੁੱਲ ਨੂੰ ਵਰਤਾਵੇ। ਸੂਰਜ ਜਦ ਬਨੇਰਿਉਂ ਉਤਰੇ ਤਾਂ ਜਾਗਦੇ ਘਰ ਦੇ ਭਾਗ। ਵਿਹੜੇ ਦੇ ਵਿਚ ਮੌਲੇ ਰੌਣਕ ਅਤੇ ਚੌਂਕੇ ਬਸੰਤੀ ਰਾਗ। ਸੂਰਜ ਸ਼ਬਦਾਂ ਦੀ ਜੂਹੇ ਆ ਕੇ, ਅਰਥਾਂ ਨੂੰ ਗਰਭਾਵੇ ਤੇ ਵਰਕੇ ਦੀ ਖਾਲੀ ਹਿੱਕ ‘ਤੇ ਸੁਖਨ-ਸਹਿਜ ਉਪਜਾਵੇ। ਸੂਰਜ ਬਦਲੇ ਨਾ ਰੁੱਤਾਂ ਵਾਂਗਰ, ਥਿਰ-ਸਦੀਵੀ ਜਜ਼ਬਾਤ। ਰਾਤ ਕਦੇ ਨਾ ਜੂਹ ਟਪੇਂਦੀ, ਰੁਮਕਦੀ ਰਹੇ ਪ੍ਰਭਾਤ। ਸੂਰਜ ਕਰਮ-ਧਰਮ ਦੀ ਹੋਕਾ ਅਤੇ ਸ਼ੁਭ-ਕਰਮ ਦੀ ਬਾਤ। ਸੂਰਜ ਸਦਾ ਸਫਰ ਵਿਚ ਰਹਿੰਦਾ, ਨਹੀਂ ਪੁਛੇਂਦਾ ਜਾਤ। ਸੂਰਜ ਆਲ੍ਹੇ ਚਿਰਾਗ ਜਗਾਉਂਦੇ ਤੇ ਚੁੱਲ੍ਹੇ ਮਘਦੀ ਅੱਗ। ਸੂਰਜ ਹੁੰਦਾ ਸੁਖਨ-ਸਬੂਰੀ, ਆਦਿ-ਅੰਤ ਦਾ ਰੱਜ। ਸੂਰਜ ਮਨ ਦੀ ਬੀਹੀ ਆਵੇ ਤਾਂ ਧੁੱਪ ਦੀਆਂ ਬਰਸਣ ਕਣੀਆਂ। ਤਦ ਤੋਂ ਰੂਹ ਦੀ ਪੀੜ੍ਹੀ ਬੈਠੀਆਂ ਰੰਗਰੇਜ਼ਤਾ ਦੀਆਂ ਮਣੀਆਂ।
ਕੁਝ ਸੂਰਜ ਦਿੱਸਦੇ, ਪਰ ਕੁਝ ਅਦਿੱਖ ਹੁੰਦੇ। ਦਿਸਦੇ ਸੂਰਜਾਂ ਨਾਲੋਂ ਅਦਿੱਖ ਸੂਰਜ ਇਸ ਲਈ ਵੱਧ ਅਹਿਮ ਹੁੰਦੇ ਕਿ ਉਹ ਅਦ੍ਰਿਸ਼ਟ ਰਹਿ ਕੇ ਭਲਿਆਈ ਦੀ ਖੇਤੀ ਕਰਨ ਅਤੇ ਜੀਵਨੀ ਰੰਗਾਂ ਦੀ ਇਬਾਰਤ ਨੂੰ ਮਨਾਂ ‘ਤੇ ਉਕਰਨ ਵਿਚ ਹਮੇਸ਼ਾ ਮੂਕ ਰੂਪ ਵਿਚ ਯਤਨਸ਼ੀਲ ਰਹਿੰਦੇ।
ਕੁਝ ਸੂਰਜ ਆੜੀ ਬਣ ਜਾਂਦੇ, ਜਦੋਂ ਕਿ ਕੁਝ ਸੂਰਜ ਆਪਣੀ ਧੁੱਪ ਦੂਜਿਆਂ ਨਾਲ ਸਾਂਝੀ ਕਰਨ ਤੋਂ ਗੁਰੇਜ਼ ਕਰਦੇ; ਪਰ ਜਰੂਰੀ ਹੈ ਕਿ ਸੂਰਜ ਆਪਣਾ ਧਰਮ ਨਿਭਾਵੇ, ਧੁੱਪਹੀਣ ਦੀਦਿਆਂ ਵਿਚ ਚਾਨਣ ਦਾ ਸਿਰਨਾਂਵਾਂ ਟਿਕਾਵੇ ਅਤੇ ਜੀਵਨੀ-ਰਾਤਾਂ ਨੂੰ ਪ੍ਰਭਾਤਾਂ ‘ਚ ਵਟਾਵੇ।
ਜੀਵਨ ਦੇ ਕਿਸੇ ਵੀ ਮੋੜ, ਥਾਂ, ਗਰਾਂ ਜਾਂ ਦੇਸ਼-ਦੇਸ਼ਾਂਤਰਾਂ ਵਿਚ ਜਾਂਦਿਆਂ ਆਪਣੀਆਂ ਰਾਹਾਂ ਨੂੰ ਪਛਾਣਯੋਗ ਬਣਾਉਣਾ ਅਤੇ ਕਰਮ-ਕੀਰਤੀਆਂ ਨੂੰ ਧਰਮ-ਕਰਮ ਦੀ ਧਾਰਨਾ ਬਣਾਉਣਾ। ਦੇਖਣਾ! ਉਮਰਾਂ ਬੀਤਣ ਪਿਛੋਂ ਵੀ ਲੋਕ ਅਜਿਹੇ ਸੂਰਜਾਂ ਦੇ ਗੁਣ ਗਾਉਂਦੇ, ਉਨ੍ਹਾਂ ਦੀਆਂ ਘਾਲਣਾਵਾਂ ਨੂੰ ਸਜਦਾ ਕਰਦੇ ਅਤੇ ਉਨ੍ਹਾਂ ਦੀ ਨੇਕ-ਨੀਤੀਆਂ ਦੀਆਂ ਕਹਾਣੀਆਂ ਪੀੜ੍ਹੀ-ਦਰ-ਪੀੜ੍ਹੀ ਨਵੀਂਆਂ ਨਸਲਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ। ਅਜਿਹੇ ਸੂਰਜ ਹੀ ਕਿਸੇ ਕੌਮ, ਦੇਸ਼ ਜਾਂ ਕਬੀਲੇ ਦਾ ਮਾਣ ਹੋਇਆ ਕਰਦੇ ਨੇ।
ਪਰ ਸਭ ਤੋਂ ਜਰੂਰੀ ਹੁੰਦਾ ਹੈ, ਸੂਰਜ ਤੋਂ ਰੋਸ਼ਨੀ ਲੈ ਕੇ ਖੁਦ ਸੂਰਜ ਬਣਨ ਵੰਨੀ ਪੁਲਾਂਘ ਪੁੱਟਣੀ। ਆਪਣੀ ਕਰਮ-ਚੇਤਨਾ ਨਾਲ ਤਾਰਿਆਂ ਦੇ ਬੀਜ ਲੋਕ-ਮਾਨਸਿਕਤਾ ਵਿਚ ਬੀਜਣੇ। ਇਹ ਬੀਜ-ਤਾਰੇ, ਵੱਡੇ ਸੂਰਜ ਬਣ ਕੇ ਰਹਿਮਤੀ ਰਹਿਨੁਮਾਈਆਂ ਦਿੰਦੇ, ਵਕਤ ਨੂੰ ਨਵੀਂ ਇਬਾਰਤ ਨਾਲ ਸ਼ਰਸ਼ਾਰ ਕਰਨਗੇ। ਸੂਰਜ ਹੀ ਸੂਰਜਾਂ ਦੀ ਅੰਸ਼ ਹੁੰਦੇ ਅਤੇ ਇਸ ਵਿਚੋਂ ਹੀ ਨਵੀਂਆਂ ਪਹਿਲਕਦਮੀਆਂ, ਨਵਾਂ ਹੁਲਾਸ ਅਤੇ ਉਤਸ਼ਾਹ ਮਿਲਦਾ।