ਏਜੰਡਾ ਪੰਜਾਬ

ਪ੍ਰੋ. ਬਲਕਾਰ ਸਿੰਘ ਪਟਿਆਲਾ
ਫੋਨ: 91-93163-01328
‘ਏਜੰਡਾ ਪੰਜਾਬ’ ਦੀ ਚਰਚਾ ਕਰਨ ਲੱਗਿਆਂ, ਇਸ ਦੀ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਪਵੇਗਾ, ਕਿਉਂਕਿ ਸਿਆਸੀ-ਪੈਂਤੜੇ ਦੀ ਲੋੜ, ਲਾਲਚ ਅਤੇ ਉਦਰੇਵੇਂ ਨਾਲ ਜੁੜੀਆਂ ਹੋਈਆਂ ਲੋਕ-ਵਿਰੋਧੀ ਅਤੇ ਲੋਕ-ਪੱਖੀ ਧਾਰਨਾਵਾਂ ਪੰਜਾਬ ਏਜੰਡੇ ਲਈ ਨਹੀਂ ਵਰਤੀਆਂ ਜਾ ਸਕਦੀਆਂ। ਸਿਆਸਤ ਤੋਂ ਮਹਿਰੂਮ ਸਮਕਾਲ ਬੇਸ਼ੱਕ ਨਹੀਂ ਹੁੰਦਾ, ਪਰ ਸਿਧਾਂਤ ਅਤੇ ਸਿਧਾਂਤ ਦੀ ਸਿਆਸਤ ਵਿਚ ਪਾੜੇ ਦੀਆਂ ਸੰਭਾਵਨਾਵਾਂ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਨੂੰ ਸੱਚ ਅਤੇ ਸੱਚ ਦੇ ਅਮਲ ਦੇ ਸੁਭਾਵਕ ਪਾੜੇ ਵਾਂਗ ਸਮਝਿਆ ਜਾ ਸਕਦਾ ਹੈ। ਇਸ ਕਰਕੇ ਕਿਸੇ ਕਿਸਮ ਦੀ ਨਿਜੀ ਧਾਰਨਾ ਜਾਂ ਗਰੁੱਪ ਧਾਰਨਾ ਨੂੰ ਸੱਚ ਦੇ ਕਵਚ ਵਾਂਗ ਵਿਰੋਧੀਆਂ ਦੀ ਕੁੱਟ-ਕਟਾਈ ਲਈ ਨਹੀਂ ਵਰਤਣਾ ਚਾਹੀਦਾ।

ਏਜੰਡਾ ਪੰਜਾਬ ਦੀ ਗੱਲ ਪੰਜਾਬ ਵਿਜ਼ਨ ਤੋਂ ਸ਼ੁਰੂ ਕਰਨੀ ਪਵੇਗੀ। ਇਸ ਵਾਸਤੇ ਵੱਡੀ ਰੁਕਾਵਟ ਸਿਆਣਪਨੁਮਾ-ਸਿਆਸਤ ਅਤੇ ਸਿਆਸਤਨੁਮਾ-ਸਿਆਣਪ ਹੈ ਤੇ ਇਹ ਦਿੱਤੇ ਹੋਏ ਹਾਲਾਤ ਵਿਚ ਅਪਵਿੱਤਰ ਗਠਜੋੜ ਦੀ ਸਿਆਸੀ-ਕਲਾ ਹੋ ਗਈ ਹੈ। ਗੁਆਚੀ ਸਾਖ ਵਾਲੀ ਕਲਾ ਨੂੰ ਵਰਤ ਕੇ ਠੀਕ ਨਤੀਜਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਮੌਜੂਦਾ ਪੰਜਾਬ ਸਥਾਪਤ-ਵਾਸਤਵਿਕਤਾ ਹੈ, ਕਿਉਂਕਿ ਪੰਜਾਬ ਤਾਂ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਸੀ ਅਤੇ ਅੱਗੋਂ ਵੀ ਰਹਿਣਾ ਹੈ। ਪੰਜਾਬ ਦੇ ਏਜੰਡੇ ਨੂੰ ਕਿਸੇ ਵੀ ਸਮਕਾਲ ਦੇ ਏਜੰਡੇ ਵਾਂਗ ਹੀ ਲੈਣਾ ਚਾਹੀਦਾ ਹੈ। ਅਜਿਹਾ, ਧਾਰਨਾ-ਮਾਡਲ (ਪeਰਚeਪਟਿਨ-ਮੋਦeਲ) ਦੀ ਗ੍ਰਿਫਤ ਵਿਚੋਂ ਮੁਕਤ ਹੋ ਕੇ ਹੀ ਕੀਤਾ ਜਾ ਸਕਦਾ ਹੈ, ਕਿਉਂਕਿ ਧਾਰਨਾ-ਮਾਡਲ ਨੂੰ, ਕਿਸੇ ਨਾ ਕਿਸੇ ਕਿਸਮ ਦੀਆਂ ਉਲਾਰ-ਥੰਮ੍ਹੀਆਂ ਦੇ ਆਸਰੇ ਖਲ੍ਹਾਰਣਾ ਪੈਂਦਾ ਹੈ। ਧਾਰਨਾਵਾਂ ਦੇ ਜੰਗਲ ਨੂੰ ਸਮਕਾਲੀ-ਪੰਜਾਬ ਦੀ ਸਿਆਸਤ ਕਹਿ ਰਿਹਾ ਹਾਂ। ਇਸ ਕਰਕੇ ਸਭ ਨਾਲੋਂ ਪਹਿਲਾਂ, ਪੰਜਾਬ ਦੀ ਸਿਆਸਤ ਨੂੰ ਵਰਤਮਾਨ ਪੰਜਾਬ (ਪੰਜਾਬੀ ਸੂਬਾ) ਦੀ ਸਿਆਸਤ ਵਜੋਂ ਸਮਝੇ ਜਾਣ ਦੀ ਲੋੜ ਹੈ। ਇਹ ਗੱਲ ਤਾਂ ਹੀ ਸਮਝੀ ਜਾ ਸਕਦੀ ਹੈ, ਜੇ ਪੰਜਾਬ ਦੀ ਸਿਆਸਤ ਨੂੰ ਪ੍ਰਾਪਤ ਅੰਤਰ ਦ੍ਰਿਸ਼ਟੀਆਂ ਦੇ ਨਾਲ ਨਾਲ ਸਭਿਆਚਾਰ, ਧਰਮ ਅਤੇ ਅਧਿਆਤਮ ਦੇ ਹਵਾਲੇ ਨਾਲ ਵੀ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ! ਅਕਾਲੀ ਬਿਨਾ ਸਮਝੇ ਇਸ ਤਰ੍ਹਾਂ ਦੀ ਸਮਝ ਦੇ ਨੇੜੇ ਰਹਿੰਦੇ ਹਨ ਅਤੇ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ, ਸਮਝ ਕੇ ਵੀ ਇਸ ਤਰ੍ਹਾਂ ਦੀ ਸਮਝ ਨੂੰ ਅਪਨਾਉਣ ਲਈ ਤਿਆਰ ਨਹੀਂ ਲੱਗਦੀਆਂ। ਭਾਰਤੀ ਆਮ ਕਰ ਕੇ ਅਤੇ ਪੰਜਾਬੀ ਖਾਸ ਕਰ ਕੇ ਧਰਮ ਨੂੰ ਜ਼ਿੰਦਗੀ ਵਿਚੋਂ ਮੁਕੰਮਲ ਮਨਫੀ ਨਹੀਂ ਕਰ ਸਕਦੇ। ਇਸੇ ਕਰਕੇ ਧਰਮ ਦਾ ਦਖਲ, ਧਰਮ-ਨਿਰਪੇਖਤਾ (ਸeਚੁਲਅਰਸਿਮ) ਵਿਚੋਂ ਵੀ ਖਤਮ ਨਹੀਂ ਹੋ ਸਕਿਆ। ਖਤਮ ਕਰਨ ਅਤੇ ਖਤਮ ਨਾ ਹੋਣ ਦੀ ਪ੍ਰਾਪਤ ਦੋਹਰੇਪਨ ਦੀ ਸਿਆਸਤ ਨੇ ਧਰਮ ਅਤੇ ਸਭਿਆਚਾਰ ਨੂੰ ਟਕਰਾਉ ਵਿਚ ਲੈ ਆਂਦਾ ਹੈ। ਇਸ ਨਾਲ ਪੈਦਾ ਹੋ ਗਈਆਂ ਸਮੱਸਿਆਵਾਂ ਨੂੰ ਪੰਜਾਬ ਏਜੰਡੇ ਵਿਚ ਸ਼ਾਮਲ ਕਰਨਾ ਪਵੇਗਾ।
ਪੰਜਾਬ ਨੂੰ ਸਦਾ ਹੀ ਇਸ ਦੇ ਵਿਰਾਸਤੀ-ਸਰੋਕਾਰ ਊਰਜਾ ਦਿੰਦੇ ਰਹੇ ਹਨ ਅਤੇ ਇਸੇ ਭਾਵਨਾ ਨਾਲ ਜੁੜੀ ਹੋਈ ਹੈ, ਪ੍ਰੋ. ਪੂਰਨ ਸਿੰਘ ਦੀ ਟਿੱਪਣੀ, “ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ।” ਇਸ ਟਿੱਪਣੀ ਦੀ ਨੀਂਹ ‘ਤੇ ਪੰਜਾਬ ਏਜੰਡਾ ਉਸਾਰਿਆ ਜਾ ਸਕਦਾ ਹੈ, ਕਿਉਂਕਿ ਇਸ ਵਿਚ ਤਾਸੀਰੀ ਵਿਜ਼ਨ ਹੈ। ਇਸ ਵਿਜ਼ਨ ਦਾ ਰਾਹ ਮੌਜੂਦਾ ਪੰਜਾਬ ਵਿਚ ਰੁਕ ਗਿਆ ਹੈ, ਕਿਉਂਕਿ ਪੰਜਾਬੀ ਸੂਬਾ, ਕਲਪਿਤ ਸਿੱਖ ਸਟੇਟ ਹੋ ਗਿਆ ਹੈ। ਸਿੱਖ ਬਹੁਸੰਮਤੀ ਵਾਲੇ ਜਿਸ ਖਿੱਤੇ ਦੀ ਸਿਆਸੀ ਰੀਝ ਸਿੱਖ ਸਿਆਸਤਦਾਨ ਪਾਲਦੇ ਰਹੇ ਹਨ, ਉਹ ਭਾਰਤੀ ਵਿਧਾਨ ਤਹਿਤ ਸੰਭਵ ਹੱਦ ਤੱਕ ਪੂਰੀ ਹੋ ਗਈ ਹੈ। ਇਸ ਨਾਲ ਸਿਆਸੀ ਰੀਝਾਂ ਅਤੇ ਧਾਰਮਿਕ ਰੀਝਾਂ ਟਕਰਾਉ ਵਿਚ ਆ ਗਈਆਂ ਹਨ, ਜਿਵੇਂ ਡੇਰਾ ਬੱਲਾਂ ਅਤੇ ਸਹਿਜਧਾਰੀਆਂ ਦੀ ਸਮੱਸਿਆ ਸਾਂਝ ਵਿਚੋਂ ਨਿਕਲ ਕੇ ਸਮਾਨੰਤਰਤਾ ਵਿਚ ਵੀ ਤੁਰ ਪਈਆਂ ਹਨ। ਅਜਿਹੇ ਹੀ ਹਨ, ਪੰਜਾਬ ਦੀਆਂ ਧਾਰਮਿਕ ਡੇਰੇਦਾਰੀਆਂ ਦੇ ਮਸਲੇ।
ਪੰਜਾਬੀ ਚੇਤਨਾ ਦੀ ਇਹ ਵਿਲੱਖਣਤਾ ਰਹੀ ਹੈ ਕਿ ਉਹ ਕਿਸੇ ਵੀ ਨਵੀਂ ਲਹਿਰ ਤੋਂ ਪ੍ਰਭਾਵਿਤ ਹੋਣ ਵਿਚ ਭਾਰਤ ਦੇ ਸਾਰੇ ਸੂਬਿਆਂ ਨਾਲੋਂ ਮੋਹਰੀ ਰਹੀ ਹੈ। ਪੰਜਾਬੀਆਂ ਦੀ ਇਸ ਮੋਹਰੀ ਭੂਮਿਕਾ ਵਿਚ ਸਿੱਖ ਊਰਜਾ ਕਿਸੇ ਨਾ ਕਿਸੇ ਰੂਪ ਵਿਚ ਕੰਮ ਕਰਦੀ ਰਹੀ ਹੈ। ਇਸ ਸੁਭਾਅ ਕਰਕੇ ਪੰਜਾਬ ਕੇਂਦ੍ਰਿਤ ਸਰੋਕਾਰ ਸਮੱਸਿਆ ਵੀ ਬਣਦੇ ਜਾ ਰਹੇ ਹਨ। ਇਸ ਦੀ ਸ਼ੁਰੂਆਤ ਇਸ ਭਾਵਨਾ ਤੋਂ ਹੁੰਦੀ ਰਹੀ ਹੈ ਕਿ ਪੰਜਾਬੀ ਸੂਬੇ ਵਿਚ ਵੀ ਪੰਥਕ ਸਰੋਕਾਰ ਸੁਰੱਖਿਅਤ ਨਹੀਂ ਹਨ। ਇਸ ਤੋਂ ਪ੍ਰੇਰਿਤ ਸਿੱਖੀ ਵੱਲ ਪਰਤ ਰਹੇ ਬੁਧੀਜੀਵੀਆਂ, ਸਿੱਖੀ ਦੇ ਇਜਾਰੇਦਾਰ ਬੁੱਧੀਜੀਵੀਆਂ ਅਤੇ ਪੰਜਾਬੀ ਸੁਜੱਗਤਾ ਦਾ ਦਮ ਭਰਦੇ ਬੁੱਧੀਜੀਵੀਆਂ ਨੂੰ ਸਿੱਖ ਪਛਾਣ ਦੀ ਸਿਆਸਤ ਦੀ ਥਾਂ ਪੰਜਾਬ ਦੇ ਏਜੰਡੇ ਅਰਥਾਤ ਪੰਜਾਬ ਦੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ। ਇਸ ਵਾਸਤੇ ਲੋੜ ਪਵੇਗੀ ਗ੍ਰੰਥ ਅਤੇ ਪੰਥ ਦੇ ਸਿੱਖ ਪ੍ਰਸੰਗ ਨੂੰ ਸਮਝਣ ਦੀ, ਕਿਉਂਕਿ ਇਸ ਨੂੰ ਸਮਝੇ ਬਿਨਾ ਪੰਜਾਬ ਦੇ ਏਜੰਡੇ ਬਾਰੇ ਸੋਚਿਆ ਨਹੀਂ ਜਾ ਸਕਦਾ।
ਗ੍ਰੰਥ ਸਿਰਜਿਤ ਸਰੋਕਾਰਾਂ (ਧਰਮ) ਅਤੇ ਪੰਥ ਸਿਰਜਿਤ ਸਰੋਕਾਰਾਂ (ਇਤਿਹਾਸ) ਨੂੰ ਇਕ ਦੂਜੇ ਦੇ ਬਦਲ ਵਿਚੋਂ ਕੱਢ ਕੇ ਇਕ ਦੂਜੇ ਦੀ ਪੂਰਕਤਾ ਵਿਚ ਸਥਾਪਤ ਕਰਨਾ ਪੰਜਾਬ ਏਜੰਡੇ ਦਾ ਹਿੱਸਾ ਹੋਣਾ ਚਾਹੀਦਾ ਹੈ। ਅਜਿਹਾ ਪ੍ਰਾਪਤ ਅੰਤਰ ਦ੍ਰਿਸ਼ਟੀਆਂ ਨੂੰ ਵਰਤ ਕੇ ਹੋਵੇ ਤਾਂ ਹੋਰ ਵੀ ਚੰਗੀ ਗੱਲ ਹੋਵੇਗੀ; ਪਰ ਜੇ ਪ੍ਰਾਪਤ ਅੰਤਰ ਦ੍ਰਿਸ਼ਟੀਆਂ ਦੇ ਪਿੱਛੇ ਲੱਗ ਕੇ ਅਜਿਹਾ ਕਰਾਂਗੇ ਤਾਂ ਮੁਸ਼ਕਿਲ ਹੋਵੇਗੀ, ਕਿਉਂਕਿ ਪ੍ਰਾਪਤ ਅੰਤਰ ਦ੍ਰਿਸ਼ਟੀਆਂ ਨੂੰ ਵਰਤਣ ਅਤੇ ਪ੍ਰਾਪਤ ਅੰਤਰ ਦ੍ਰਿਸ਼ਟੀਆਂ ਵਲੋਂ ਵਰਤੇ ਜਾਣ ਵਿਚ ਬਹੁਤ ਫਰਕ ਹੈ! ਆਧੁਨਿਕ ਅੰਤਰ ਦ੍ਰਿਸ਼ਟੀਆਂ ਦੀ ਚੂਲ ਬੌਧਿਕਤਾ ਅਤੇ ਸ਼ੰਕਾ ਹੋਣ ਕਰਕੇ ਇਸ ਵਿਚ ਪ੍ਰਭੂ ਦਾ ਭੈਅ ਤੇ ਆਸਰਾ ਉਸ ਤਰ੍ਹਾਂ ਸ਼ਾਮਲ ਨਹੀਂ ਹੈ, ਜਿਸ ਤਰ੍ਹਾਂ ਬਾਣੀ ਚਿੰਤਨ ਵਿਚ ਸ਼ਾਮਲ ਹੈ। ਸਿੱਖੀ ਵਿਚ ਹਰ ਕਿਸਮ ਦੇ ਸਰੋਕਾਰ ਨੂੰ ਨਾਲ ਲੈ ਕੇ ਤੁਰਨ (ਕੋਇ ਨ ਦਿਸੈ ਬਾਹਰਾ ਜੀਓ…) ਦੀ ਆਗਿਆ ਹੈ ਅਤੇ ਇਸ ਸੁਰ ਵਿਚ ਸਿਆਸਤ ਨੂੰ ਵੀ ਨਾਲ ਲੈ ਕੇ ਤੁਰਿਆ ਜਾ ਸਕਦਾ ਹੈ। ਸਿਆਸਤ ਦੇ ਪਿੱਛੇ ਲੱਗ ਕੇ ਤੁਰਨ ਦੀ ਆਗਿਆ ਸਿੱਖ ਧਰਮ ਵਿਚ ਨਹੀਂ ਹੈ, ਭਾਵੇਂ ਸਿੱਖ ਸਿਆਸਤਦਾਨਾਂ ਨੇ ਮੀਰੀ-ਪੀਰੀ ਦੀ ਆੜ ਵਿਚ ਸਿਆਸਤ ਨੂੰ ਕੇਂਦਰ ਵਿਚ ਲਿਆਉਣ ਲਈ ਧਰਮ ਨੂੰ ਹਾਸ਼ੀਏ ‘ਤੇ ਧੱਕ ਦਿੱਤਾ ਹੈ। ਸਿੱਖੀ, ਬੰਧਨ ਮੁਕਤੀ ਦਾ ਗਾਡੀ ਰਾਹ ਹੈ ਅਤੇ ਸਿੱਖ ਪਛਾਣ ਦੀ ਸਿਆਸਤ ਕਿਸੇ ਵੀ ਤਰ੍ਹਾਂ ਬੰਧਨ ਮੁਕਤੀ ਵੱਲ ਨਹੀਂ ਜਾਂਦੀ। ਫਿਰ ਵੀ ਪੰਜਾਬ, ਸਿਆਸੀ ਹੋਣੀ ਅਰਥਾਤ ‘ਸਾਕਾਰ ਹੋ ਚੁਕੀ ਵਾਸਤਵਿਕਤਾ’ ਦਾ ਸ਼ਿਕਾਰ ਹੋ ਚੁਕਾ ਹੈ। ਪੰਜਾਬ ਏਜੰਡੇ ਵਾਸਤੇ ਇਸ ਸਥਿਤੀ ਨੂੰ ਮੁਖਾਤਿਬ ਹੋਣਾ ਜ਼ਰੂਰੀ ਹੋ ਗਿਆ ਹੈ।
ਪੰਜਾਬ ਏਜੰਡੇ ਦੀ ਇਕ ਵੰਗਾਰ ਇਹ ਵੀ ਹੈ ਕਿ ਮੌਜੂਦਾ ਪੰਜਾਬ ਵਿਚ ਪੈਦਾ ਹੋ ਗਈ ਸਿਆਸੀ ਸਪੇਸ ਦੇ ਅਪਹਰਣ ਵਾਸਤੇ ਤਰਲੋਮੱਛੀ ਹੋ ਰਹੇ ਹਰ ਰੰਗ ਦੇ ਸਿੱਖ ਸਿਆਸਤਦਾਨ, ਪੰਜਾਬ ਦੇ ਏਜੰਡ ਦੀ ਗੱਲ ਕਿਉਂ ਨਹੀਂ ਕਰਦੇ? ਜਿਸ ਸਥਿਤੀ ਵਿਚੋਂ ਨਿਕਲਣ ਵਾਸਤੇ ਪੰਜਾਬ ਏਜੰਡੇ ਦੀ ਗੱਲ ਕੀਤੀ ਜਾ ਰਹੀ ਹੈ, ਇਹ ਸਥਿਤੀ ਸਿਆਸਤਦਾਨਾਂ ਦੀ ਪੈਦਾ ਕੀਤੀ ਹੋਈ ਹੈ। ਇਸ ਵਿਚੋਂ ਸਿਆਸਤ ਦੇ ਮਾਧਿਅਮ ਰਾਹੀਂ ਬਾਹਰ ਨਹੀਂ ਨਿਕਲਿਆ ਜਾ ਸਕਦਾ। ਮਿਸਾਲ ਵਜੋਂ ‘ਨੇਸ਼ਨ ਸਟੇਟ’ ਦਾ ਮਸਲਾ ਸਬੰਧਤ ਦੇਸ਼ ਨਾਲ ਜੁੜਿਆ ਰਹਿਣਾ ਹੈ। ਪੰਜਾਬ ਤਾਂ ਸਿੱਖ ਰਾਜ ਵੇਲੇ ਵੀ ਦੇਸ਼ ਨਹੀਂ ਸੀ, ਸਗੋਂ ਦੇਸ਼ ਦਾ ਹਿੱਸਾ ਹੀ ਸੀ। ਸਿੱਖਾਂ ਅਤੇ ਅੰਗਰੇਜ਼ਾਂ ਦੀ ਲੜਾਈ ਵੇਲੇ ਸਾਰਾ ਦੇਸ਼, ਪੰਜਾਬ ਵਿਰੁਧ ਜੇ ਲੜ ਵੀ ਰਿਹਾ ਸੀ (ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਪਾਤਸ਼ਾਹੀ ਫੌਜਾਂ ਦੋਵੇਂ ਭਾਰੀਆਂ ਨੇ-ਸ਼ਾਹ ਮੁਹੰਮਦ) ਤਾਂ ਵੀ ਪੰਜਾਬ, ਦੇਸ਼ ਦਾ ਹਿੱਸਾ ਹੀ ਸੀ। ਸੂਬੇ ਦਾ ਰਾਜਾ ਹੋਣਾ ਜਾਂ ਦੇਸ਼ ਦਾ ਹਾਕਮ ਹੋਣਾ, ਦੇਸ਼ ਹੋ ਜਾਣਾ ਕਿਵੇਂ ਹੋਇਆ? ਅਹੁਦੇ ਦੀ ਨੈਤਿਕਤਾ ਦੀ ਥਾਂ, ਅਹੁਦੇ ਨਾਲ ਮਾਲਕੀ ਦਾ ਹੱਕ ਕਦੋਂ ਅਤੇ ਕਿਵੇਂ ਸਿੱਖੀ ਵਿਚ ਪਰਵੇਸ਼ ਕਰ ਗਿਆ, ਵੱਖਰਾ ਮਸਲਾ ਹੈ ਤੇ ਇਸ ਨੂੰ ਵੱਖਰੇ ਤੌਰ ‘ਤੇ ਹੀ ਵਿਚਾਰਿਆ ਜਾਣਾ ਚਾਹੀਦਾ ਹੈ।
ਪੰਜਾਬ ਏਜੰਡਾ, ਦੇਸ਼ ਦੇ ਪ੍ਰਸੰਗ ਵਿਚ ਇਕ ਸੂਬੇ ਵਜੋਂ ਹੀ ਤੈਅ ਹੋਣਾ ਹੈ। ਇਸ ਵਿਚ ਅੜਿੱਕਾ ਵੱਖ ਵੱਖ ਕਿਸਮ ਦੀ ਸਿਆਸਤ ਲਾ ਸਕਦੀ ਹੈ। ਤਾਂ ਵੀ ਇਹ ਸੋਚਣਾ ਹੀ ਪਵੇਗਾ ਕਿ ਇਸ ਸਮੱਸਿਆ ਨੂੰ ਪੰਜਾਬ ਏਜੰਡੇ ਵਿਚ ਕਿਵੇਂ ਨਜਿੱਠਿਆ ਜਾਵੇ? ਕਿਸੇ ਨੂੰ ਮੰਤਵ-ਸਿੱਧੀ ਲਈ ਦਲਿਤ-ਵਿਰੋਧੀ ਕਹਿਣਾ ਤਾਂ ਸਿਆਸਤ ਦੀ ਸਿਆਸਤ ਹੋਵੇਗੀ ਅਤੇ ਇਸ ਦੀਆਂ ਪੈੜਾਂ ਪੰਜਾਬ ਏਜੰਡੇ ਦੀ ਫਿਕਰਮੰਦੀ ਵੱਲ ਨਹੀਂ ਜਾਂਦੀਆਂ। ਕਾਂਗਰਸੀਆਂ, ਕਾਮਰੇਡਾਂ ਅਤੇ ਸਿੱਖਾਂ ਨੂੰ ਦਲਿਤ ਵਿਰੋਧੀ ਹੋਣ ਦੀ ਸਿਧਾਂਤਕ ਆਗਿਆ, ਉਸ ਤਰ੍ਹਾਂ ਨਹੀਂ ਹੈ, ਜਿਵੇਂ ਹਿੰਦੂ-ਚਿੰਤਨ ਵਿਚ ਅੱਜ ਵੀ ਪ੍ਰਾਪਤ ਹੈ। “ਗੁਰੂ ਦੇ ਨਾਮ ‘ਤੇ” ਜਿਉਣ ਵਾਲੇ ਪੰਜਾਬ ਦੀ ਸਮੱਸਿਆ, ਕਦੇ ਦਲਿਤ-ਸਮੱਸਿਆ ਸੀ ਹੀ ਨਹੀਂ, ਕਿਉਂਕਿ ਗੁਰੂ-ਚਿੰਤਨ ਵਿਚ ਇਸ ਵਾਸਤੇ ਕੋਈ ਥਾਂ ਹੀ ਨਹੀਂ ਹੈ। ਇਸ ਦਾ ਵਾਰ ਵਾਰ ਸਿੱਖ ਇਤਿਹਾਸ ਵਿਚ ਪ੍ਰਗਟਾਵਾ ਵੀ ਹੁੰਦਾ ਰਿਹਾ ਹੈ। ਇਸ ਕਰਕੇ ਕਿਸੇ ਵੀ ਕਿਸਮ ਦੀ ਸਿਆਸਤ ਨੂੰ ਠੀਕ ਬੈਠਦੀ ਇਜਾਰੇਦਾਰੀ ਜਾਂ ਸ਼ਰੀਕੇਬਾਜੀ ਤੋਂ ਪਾਸੇ ਰੱਖ ਕੇ ਹੀ ਪੰਜਾਬ ਏਜੰਡੇ ਬਾਰੇ ਸੋਚਣਾ ਚਾਹੀਦਾ ਹੈ।
ਇਸ ਦੀ ਸ਼ੁਰੂਆਤ ਪੰਜਾਬ ਦੇ ਜੁਝਾਰੂ ਦੌਰ ਅਤੇ ਅਮਨ ਦੌਰ ਦੀਆਂ ਰਣਨੀਤੀਆਂ ਵਿਚਲੇ ਫਰਕ ਨੂੰ ਆਧਾਰ ਬਣਾ ਕੇ ਵੀ ਕੀਤੀ ਜਾ ਸਕਦੀ ਹੈ। ਬਿਬੇਕੀ-ਪਹੁੰਚ ਨਾਲ ਸਾਂਝੀ ਸਮਝ ਬਣਾਉਣ ਦੇ ਵਿਜ਼ਨ ਦਾ ਨਿਰਮਾਣ ਪੰਜਾਬ ਏਜੰਡੇ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਸ ਦੀ ਸ਼ੁਰੂਆਤ ਇਥੋਂ ਕੀਤੀ ਜਾ ਸਕਦੀ ਹੈ ਕਿ ਕਿਨ੍ਹਾਂ ਗੱਲਾਂ ਨੂੰ ਕੇਂਦਰ ਵਿਚ ਰੱਖਣਾ ਹੈ ਅਤੇ ਕਿਨ੍ਹਾਂ ਨੂੰ ਹਾਸ਼ੀਏ ‘ਤੇ ਰੱਖਣਾ ਹੈ। ਭਾਈ ਸੰਤੋਖ ਸਿੰਘ ਨੂੰ ਜਿਵੇਂ ‘ਅਕਾਲੀਆਂ ਦਾ ਸਿਆਸੀ ਪ੍ਰੇਰਣਾ ਸ੍ਰੋਤ’ ਦੱਸਿਆ ਜਾਣ ਲੱਗ ਪਿਆ ਹੈ, ਇਹ ਗਦਰੀ-ਬਿੰਬ ਦਾ ਕਾਮਰੇਡੀ-ਸ਼ੈਲੀ ਵਿਚ ਅਪਹਰਣ ਕਹਿਣਾ ਚਾਹੀਦਾ ਹੈ। ਇਸ ਦੀ ਸ਼ਾਹਦੀ ਮਾਸਟਰ ਤਾਰਾ ਸਿੰਘ ਦੇ ਇਹ ਸ਼ਬਦ ਭਰ ਦਿੰਦੇ ਹਨ, “ਪਰਜਾ ਭਗਤੀ ਮਜ਼ਲੂਮਾਂ ਦੇ ਹੱਕ ਵਿਚ ਜੰਗੇ ਮੈਦਾਨ ਵਿਚ ਨਿਤਰਣਾ ਹੈ, ਜਿਸ ਦੀ ਪਹਿਲ-ਕਦਮੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ।” ਮਾਸਟਰ ਤਾਰਾ ਸਿੰਘ ਦੀ ਸਿਆਸਤ ਦੀ ਪ੍ਰਧਾਨ-ਸੁਰ ਇਹ ਸੀ, “ਜੋ ਪੰਥਕ ਨਹੀਂ ਹੈ, ਉਹ ਮੇਰੀ ਸਿਆਸਤ ਦਾ ਹਿੱਸਾ ਨਹੀਂ ਹੈ।”
ਅਕਾਲੀ ਸਦਾ ਹੀ ਗਦਰੀਆਂ ਨੂੰ ਆਪਣਾ ਸਮਝਦੇ ਰਹੇ ਹਨ, ਪਰ ਇਸ ਦੇ ਬਾਵਜੂਦ ਅਕਾਲੀ ਰਾਜਨੀਤੀ ਨੂੰ ਗਦਰੀਆਂ ਦੀ ਰਾਜਨੀਤੀ ਦੀ ਨਿਰੰਤਰਤਾ ਵਿਚ ਨਹੀਂ ਸਮਝਿਆ ਜਾ ਸਕਦਾ। ਬਾਬਾ ਸੋਹਣ ਸਿੰਘ ਭਕਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਉਂ ਨਹੀਂ ਸਨ ਬਣ ਸਕੇ, ਇਸ ਵਾਸਤੇ ਅਕਾਲੀ ਸਿਆਸਤ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਬਾਬਾ ਜੀ ਨੂੰ ਪ੍ਰਧਾਨ ਬਣਾਉਣ ਦੀ ਅਗਵਾਈ ਅਕਾਲੀ ਹੀ ਕਰ ਰਹੇ ਸਨ, ਪਰ ਅਕਾਲੀ-ਵਿਰੋਧੀਆਂ ਨੇ ਇਸ ਨੂੰ ਸਿਰੇ ਨਹੀਂ ਸੀ ਚੜ੍ਹਨ ਦਿੱਤਾ। ਇਸ ਦੇ ਵਿਸਥਾਰ ਵਿਚ ਜਾਣ ਦੀ ਇਸ ਕਰਕੇ ਲੋੜ ਨਹੀਂ ਹੈ ਕਿ ਇਸ ਦਾ ਪੰਜਾਬ ਏਜੰਡੇ ਨਾਲ ਅਜਿਹਾ ਸਬੰਧ ਨਹੀਂ ਹੈ, ਜਿਸ ਬਿਨਾ ਗੱਲ ਅੱਗੇ ਤੁਰਦੀ ਹੀ ਨਾ ਹੋਵੇ। ਇਸ ਨਾਲ ਪੰਜਾਬ ਏਜੰਡੇ ਨੂੰ ਨਿਰਧਾਰਤ ਕਰਨ ਲੱਗਿਆਂ ਦਰਪੇਸ਼ ਦੁਸ਼ਵਾਰੀਆਂ ਵੱਲ ਇਸ਼ਾਰਾ ਤਾਂ ਹੋ ਹੀ ਜਾਂਦਾ ਹੈ।
ਪੰਜਾਬ ਏਜੰਡੇ ਦੇ ਸੱਚ ਦੀ ਇਕ ਪਰਤ ਇਹ ਵੀ ਹੈ ਕਿ ਜਿਵੇਂ ਜਿਵੇਂ ਪੰਜਾਬ ਏਜੰਡੇ ਦਾ ਸਿੱਖੀਕਰਨ ਹੁੰਦਾ ਗਿਆ ਹੈ, ਤਿਵੇਂ ਤਿਵੇਂ ਇਸ ਦਾ ਭਾਰਤੀ ਪ੍ਰਸੰਗ ਕਦੇ ਧੁੰਧਲਾ ਹੁੰਦਾ ਰਿਹਾ ਹੈ, ਕਦੇ ਵਿਗੜਦਾ ਰਿਹਾ ਹੈ ਅਤੇ ਕਦੇ ਅੱਖੋਂ ਪਰੋਖੇ ਹੁੰਦਾ ਰਿਹਾ ਹੈ। ਭਾਰਤੀ ਪ੍ਰਸੰਗ ਵਿਚ ਜਿਨ੍ਹਾਂ ਨੇ ਪੰਜਾਬ ਏਜੰਡੇ ਨੂੰ ਸਿੱਖੀ ਰਾਹੀਂ ਸਮਝਣ ਦੀ ਥਾਂ ਸਿੱਖਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਉਸ ਨਾਲ ਧੁੰਧਲਾਹਟ ਅਤੇ ਵਿਗਾੜ ਪੈਦਾ ਹੋਣ ਦੀਆਂ ਸੰਭਾਵਨਾਵਾਂ ਵਧਦੀਆਂ ਰਹੀਆਂ ਹਨ। ਇਹ ਰਾਹ ਸਿੱਖ ਦੀ ਅਸਫਲਤਾ ਨੂੰ ਸਿੱਖੀ ਦੀ ਅਸਫਲਤਾ ਸਮਝ ਲੈਣ ਦਾ ਸੌਖਾ ਰਾਹ ਹੈ ਅਤੇ ਇਸ ਬਾਰੇ ਸੁਚੇਤ ਪੰਜਾਬ ਏਜੰਡੇ ਰਾਹੀਂ ਕੀਤਾ ਜਾ ਸਕਦਾ ਹੈ। ਸਿੱਖ ਇਤਿਹਾਸ ਰਾਹੀਂ ਸਿੱਖੀ ਨੂੰ ਸਮਝਣ ਨਾਲ ਵੀ ਇਹੋ ਜਿਹੀ ਸਥਿਤੀ ਪੈਦਾ ਹੁੰਦੀ ਰਹੀ ਹੈ ਅਤੇ ਹੁੰਦੀ ਰਹਿ ਸਕਦੀ ਹੈ। ਸਿੱਖੀ ਦਾ ਸ੍ਰੋਤ ਬਾਣੀ ਹੈ ਅਤੇ ਸਿੱਖ ਇਤਿਹਾਸ ਨੂੰ ਵੀ ਬਾਣੀ ਦੀ ਰੌਸ਼ਨੀ ਵਿਚ ਸਮਝੇ ਜਾਣ ਨਾਲ ਹੀ ਸਿੱਖੀ ਦੀ ਪ੍ਰਸੰਗਕ ਸਮਝ ਸਾਹਮਣੇ ਆ ਸਕਦੀ ਹੈ।
ਪੰਜਾਬ ਏਜੰਡੇ ਨੂੰ ਸਿੱਖੀ ਤੋਂ ਮੁਕਤ ਕਰਕੇ ਨਹੀਂ ਸਮਝਿਆ ਜਾ ਸਕਦਾ ਅਤੇ ਗੁਰਬਾਣੀ ਨੂੰ ਸਮਝੇ ਬਿਨਾ ਸਿੱਖੀ ਨੂੰ ਨਹੀਂ ਸਮਝਿਆ ਜਾ ਸਕਦਾ। ਇਸ ਕਰਕੇ ਗੁਰਬਾਣੀ ਤੋਂ ਨਾਵਾਕਫ ਟਿੱਪਣੀਕਾਰਾਂ ਨੂੰ ਲੈ ਕੇ ਵਿਚਲਿਤ ਹੋਣ ਦੀ ਲੋੜ ਨਹੀਂ ਹੈ। ਮਿਸਾਲ ਵਜੋਂ ਟੈਗੋਰ, ਰਜਨੀਸ਼ ਅਤੇ ਡਾ. ਹਜ਼ਾਰੀ ਪ੍ਰਸ਼ਾਦ ਦਿਵੇਦੀ ਦੀਆਂ ਸਿੱਖੀ ਬਾਰੇ ਟਿੱਪਣੀਆਂ ਪੁਸ਼ਟੀ ਕਰ ਦਿੰਦੀਆਂ ਹਨ ਕਿ ਇਨ੍ਹਾਂ ਚਿੰਤਕਾਂ ਨੇ ਬਾਣੀ ਦੀ ਰੌਸ਼ਨੀ ਵਿਚ ਸਿੱਖੀ ਨੂੰ ਸਮਝਣ ਦੀ ਉਸ ਤਰ੍ਹਾਂ ਕੋਸ਼ਿਸ਼ ਕੀਤੀ ਹੈ, ਜਿਸ ਤਰ੍ਹਾਂ ਆਮ ਤੌਰ ‘ਤੇ ਸਿੱਖ ਵੀ ਨਹੀਂ ਕਰਦੇ। ਇਸ ਨਾਲ ਇਹ ਨੁਕਤਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਹਰ ਸਮਕਾਲ ਦੀ ਲੋੜ ਇਹ ਹੈ, ਸਿੱਖ ਸਿਆਸਤ ਅਤੇ ਸਿੱਖ ਸੰਸਥਾਵਾਂ ਵਿਚਾਲੇ ਵਧ ਰਹੇ ਪਾੜੇ ਨੂੰ ਪੰਜਾਬ ਏਜੰਡੇ ਵਿਚ ਪਹਿਲਾਂ ਸ਼ਾਮਲ ਕੀਤਾ ਜਾਵੇ ਤੇ ਫਿਰ ਬਾਣੀ ਦੀ ‘ਸਰਬਤ ਦੇ ਭਲੇ’ ਵਾਲੀ ਕੇਂਦਰੀ ਸੁਰ ਦੇ ਨੇੜੇ ਰੱਖ ਕੇ ਮਾਨਵ-ਕਲਿਆਣ ਨਾਲ ਜੁੜੀਆਂ ਸਿੱਖ ਜੁਗਤਾਂ ਨੂੰ ਸਾਹਮਣੇ ਲਿਆਂਦਾ ਜਾਵੇ। ਇਸ ਵਾਸਤੇ ਜੇ ‘ਭਾਰਤੀ ਰਾਸ਼ਟਰਵਾਦ ਦੇ ਸਿਧਾਂਤਕ ਚੌਖਟੇ’ ਵਿਚ ਸਿੱਖੀ ਨੂੰ ਦਰਗੁਜ਼ਰ ਕਰਨਾ ਸੌਖਾ ਨਾ ਵੀ ਲੱਗੇ, ਤਾਂ ਵੀ ਇਸ ਨੂੰ ਵੱਡਾ ਮਸਲਾ ਨਹੀਂ ਸਮਝਣਾ ਚਾਹੀਦਾ।
ਸਿਆਸਤ ਨੂੰ ਕੇਂਦਰ ਵਿਚ ਰੱਖ ਕੇ ਪੰਜਾਬ ਏਜੰਡੇ ਬਾਰੇ ਸੋਚਾਂਗੇ ਤਾਂ ਨਤੀਜੇ ਸਿਆਸਤ ਮੁਤਾਬਿਕ ਹੀ ਨਿਕਲਣਗੇ। ਗੁਲਾਮ ਭਾਰਤ ਦੇ ਹਵਾਲੇ ਨਾਲ ਜੋ ਧਾਰਨਾਵਾਂ ਬੰਗਾਲੀ ਦਾਨਿਸ਼ਵਰਾਂ (ਬੰਗਾਲੀ ਪੁਨਰ ਜਾਗਰਣ) ਜਾਂ ਕਾਮਰੇਡਾਂ (ਪਰਜਾ ਭਗਤੀ ਅਤੇ ਦੇਸ਼ ਭਗਤੀ) ਦੇ ਹਵਾਲੇ ਨਾਲ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੁੰਦੀ ਰਹੀ ਹੈ, ਉਸ ਦੀ ਥਾਂ ਸਿੰਘ ਸਭਾ ਲਹਿਰ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਪੰਜਾਬ ਏਜੰਡੇ ਦੇ ਨਿਰਮਾਣ ਵਾਸਤੇ ਵੱਧ ਕੰਮ ਆ ਸਕਦੀ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ‘ਭਾਰਤੀ ਰਾਸ਼ਟਰਵਾਦ’ ਨੂੰ ਜਿਵੇਂ ਅੱਜ ਹਿੰਦੂ-ਊਰਜਾ ਮਿਲ ਰਹੀ ਹੈ, ਇਹ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਸ ਤਰ੍ਹਾਂ ਨਹੀਂ ਮਿਲ ਰਹੀ ਸੀ। ਦੂਜੀ ਗੱਲ ਇਹ ਹੈ ਕਿ ਇਸ ‘ਭਾਰਤੀ ਰਾਸ਼ਟਰਵਾਦ’ ਵਾਸਤੇ ਕਿਸੇ ਇਕ ਸਿਆਸੀ ਪਾਰਟੀ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਹ ਵੀ ਜ਼ਰੂਰੀ ਨਹੀਂ ਹੈ ਕਿ ਦੇਸ਼ ਭਗਤ ਹੋਣ ਨਾਲ ਪਰਜਾ ਭਗਤੀ ਦਾ ਰਾਹ ਰੁਕ ਜਾਂਦਾ ਹੈ।
ਸਿੱਖ ਸਿਆਸਤ ਵਿਚ ਖਾਸ ਕਰਕੇ ਅਤੇ ਬਾਕੀ ਸਿਆਸਤ ਵਿਚ ਆਮ ਕਰਕੇ ਇਹ ਰੰਗ ਭਾਰੂ ਹੁੰਦਾ ਜਾ ਰਿਹਾ ਹੈ ਕਿ ਜੋ ਹੱਕ ਵਿਚ ਨਹੀਂ ਭੁਗਤਦਾ, ਉਸ ਨੂੰ ਵਿਰੋਧ ਹੀ ਸਮਝ ਲਿਆ ਜਾਵੇ। ਇਸ ਨਾਲ ਦੂਜੇ ਦੇ ਦੂਜੇਪਨ ਨੂੰ ਨਾਲ ਲੈ ਕੇ ਤੁਰਨ ਵਾਲੀ ਸਿੱਖ ਭਾਵਨਾ ਦਾਅ ‘ਤੇ ਲੱਗ ਗਈ ਹੈ। ਪੰਜਾਬ ਏਜੰਡੇ ਵਿਚ ਇਸ ਨੂੰ ਪਹਿਲ ਵਾਂਗ ਸਥਾਪਤ ਕਰਨਾ ਚਾਹੀਦਾ ਹੈ ਅਤੇ ਇਸ ਦਾ ਰਾਹ ਰੋਕਣ ਵਾਲੀ ਕਿਸੇ ਕਿਸਮ ਦੀ ਸਿਆਸਤ ਨੂੰ ਪੰਜਾਬ ਵਿਜ਼ਨ ਲਈ ਅੜਿੱਕਾ ਸਮਝਣਾ ਚਾਹੀਦਾ ਹੈ।
ਪੰਜਾਬ ਏਜੰਡੇ ਵਿਚ ਧਰਮ ਅਤੇ ਸਿਆਸਤ ਦਾ ਮਸਲਾ ਵੀ ਸ਼ਾਮਲ ਰਹਿਣਾ ਹੈ। ਸਿੱਖ ਯਾਦ ਵਿਚ ਇਹ ਮਸਲਾ ਇਕ ਦੂਜੇ ਦੇ ਪੂਰਕ ਵਜੋਂ ਵੱਸਿਆ ਹੋਇਆ ਹੈ। ਦੋਹਾਂ ਵਿਚੋਂ ਜੇ ਕਿਸੇ ਇਕ ਨੂੰ ਹਾਸ਼ੀਏ ‘ਤੇ ਲੈ ਜਾਣ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਸਿਆਸਤ ਨੂੰ ਹਾਸ਼ੀਏ ‘ਤੇ ਲੈ ਕੇ ਜਾਣ ਦਾ ਸਿਧਾਂਤਕ-ਸਮਰਥਨ ਸਿੱਖੀ ਵਿਚ ਪ੍ਰਾਪਤ ਹੈ। ਮੀਰੀ-ਪੀਰੀ ਦਾ ਸਿੱਖ ਸੰਕਲਪ ਦੋਹਾਂ ਨਾਲ ਨਿਭ ਸਕਣ ਦੇ ਵਚਨਬੱਧ ਸੰਤੁਲਨ ਦਾ ਮਾਡਲ ਹੈ। ਇਸ ਨਾਲ ਧਰਮ ਅਤੇ ਸਿਆਸਤ ਨੂੰ ਪ੍ਰਾਪਤ ਸਮਾਨੰਤਰਤਾ ਵਿਚੋਂ ਕੱਢ ਕੇ, ਲੋੜੀਂਦੀ ਸਮਸਵਰਤਾ ਵਿਚ ਸਥਾਪਤ ਕਰ ਦਿੱਤਾ ਗਿਆ ਸੀ। ਇਸ ਵਿਲੱਖਣਤਾ ਨੂੰ ‘ਪੱਛਮੀ ਲਿਬਰਲ ਡੈਮੋਕਰੇਸੀ ਦੀ ਉਪਜ’ ਨਹੀਂ ਕਹਿਣਾ ਚਾਹੀਦਾ, ਕਿਉਂਕਿ ਇਸ ਦੇ ਆਧਾਰ ਸਿੱਖ ਧਰਮ ਵਿਚ ਪ੍ਰਾਪਤ ਹਨ। ਆਧੁਨਿਕ ਅੰਤਰਦ੍ਰਿਸ਼ਟੀਆਂ ਦੀ ਪੜ੍ਹਤ ਨੂੰ ਪ੍ਰਣਾਈ ਹੋਈ ਬੌਧਿਕਤਾ ਅਤੇ ਸਿੱਖੀ ਤੋਂ ਊਰਜਿਤ ਮਾਨਸਿਕਤਾ ਵਿਚ ਖੌਰੂ ਪਾ ਰਹੀ ਸਿਆਸਤ ਨਾਲ ਜੁੜੀਆਂ ਟਿੱਪਣੀਆਂ ਦਾ ਸਬੰਧ ਪੰਜਾਬ ਏਜੰਡੇ ਨਾਲ ਜੁੜਦਾ ਨਜ਼ਰ ਨਹੀਂ ਆਉਂਦਾ। ਜੇ ਸਿੱਖ ‘ਵੱਖਵਾਦ-ਅਤਿਵਾਦ’ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਖੱਬੀ ਲਹਿਰ ਦੇ ਵਿਕਾਸ ਵਿਚ ਅੜਿੱਕਾ ਜਾਪਦਾ ਵੀ ਹੈ ਤਾਂ ਵੀ ਇਸ ਨੂੰ ਪੰਜਾਬ ਏਜੰਡੇ ਵਾਸਤੇ ਰੁਕਾਵਟ ਨਹੀਂ ਸਮਝਿਆ ਜਾਣਾ ਚਾਹੀਦਾ। ‘ਅਖੰਡਤਾ ਦੀ ਪਵਿੱਤਰਤਾ ਦੇ ਢੰਡੋਰੇ’ ਜਿਹੇ ਨਾਹਰੇ ਦੀ ਸਿਆਸਤ ਵਿਚ ਸਾਰੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਇਕੋ ਰੱਸੇ ਤਾਂ ਨਹੀਂ ਬੰਨ੍ਹਿਆ ਜਾ ਸਕਦਾ ਅਤੇ ਨਾ ਹੀ ਇਸ ਧਾਰਨਾ ਨੂੰ ਪੰਜਾਬ ਏਜੰਡੇ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਪੰਜਾਬੀ ਸੂਬੇ ਦੀ ਪ੍ਰਾਪਤੀ ਨਾਲ ਭਾਰਤ ਵਿਚ ਰਹਿੰਦਿਆਂ ਜੋ ਸੰਭਵ ਸਿੱਖ ਸਟੇਟ (ਪੰਜਾਬੀ ਸੂਬਾ) ਹੋਂਦ ਵਿਚ ਆ ਚੁਕਾ ਮੰਨ ਲਈਏ ਤਾਂ ਇਹ ਵੀ ਮੰਨ ਲੈਣਾ ਚਾਹੀਦਾ ਹੈ ਕਿ ਪੰਜਾਬ ਏਜੰਡੇ ਦੀ ਜਿੰਮੇਵਾਰੀ ਪੰਜਾਬੀਆਂ ਨੇ ਹੀ ਨਿਭਾਉਣੀ ਹੈ। ਜੋ ਇਸ ਨਾਲ ਸਹਿਮਤ ਨਹੀਂ, ਉਨ੍ਹਾਂ ਨੂੰ ਬਹਾਨਾ ਬਣਾ ਕੇ ਜਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ।
ਸੁਜੱਗ ਸਿੱਖਾਂ ‘ਚ ਉਹ ਸਭ ਗੱਲਾਂ ਸਕਰਮਕ ਰਹਿਣੀਆਂ ਚਾਹੀਦੀਆਂ ਹਨ, ਜੋ ਪੰਜਾਬ ਵਿਜ਼ਨ ਨਾਲ ਜੁੜੀਆਂ ਹੋਈਆਂ ਹਨ। ਇਸ ਵਿਚ ਅਜਿਹੇ ਅਣਸੁਲਝੇ ਮਸਲੇ ਸ਼ਾਮਲ ਹੋਣੇ ਚਾਹੀਦੇ ਹਨ,
1. ਗ੍ਰੰਥ ਅਤੇ ਪੰਥ ਵਿਚੋਂ ਪਹਿਲ ਕਿਸ ਨੂੰ, ਕਿਵੇਂ ਅਤੇ ਕਿਉਂ ਮਿਲਣੀ ਚਾਹੀਦੀ ਹੈ?
2. ਗੁਰੂ ਗ੍ਰੰਥ ਸਾਹਿਬ ਸਥਾਪਤ ਸੱਚਾਈ ਹੋਣ ਦੇ ਬਾਵਜੂਦ ਦਸਮ ਗ੍ਰੰਥ ਨੂੰ ਲੈ ਕੇ ਸਿਆਸਤ ਕਿਉਂ ਹੋ ਰਹੀ ਹੈ?
3. ਸਿਆਸਤ ਅਤੇ ਧਰਮ ਦੇ ਰਿਸ਼ਤੇ ਨੂੰ ਮੀਰੀ-ਪੀਰੀ ਦੇ ਪ੍ਰਸੰਗ ਵਿਚ ਕਿਵੇਂ ਨਜਿੱਠੀਏ?
4. ਸਿਆਸਤ ਨੂੰ ਲੈ ਕੇ ਖਾੜਕੂ ਲਹਿਰ, ਨੀਲਾ ਤਾਰਾ ਅਤੇ 1984 ਦੇ ਦੰਗਿਆਂ ਵੇਲੇ ਸਿੱਖ ਭਾਈਚਾਰੇ ਵੱਲੋਂ ਦਿੱਤੀ ਗਈ ਕੀਮਤ ਕਿਸ ਖਾਤੇ ਵਿਚ ਪਾਈਏ?
5. ਕਿਹੋ ਜਿਹੇ ਸਿੱਖ ਨੂੰ ਸਿੱਖ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਇਸ ਦਾ ਫੈਸਲਾ ਕਰਨ ਤੋਂ ਸਿੱਖਾਂ ਨੂੰ ਕੌਣ ਰੋਕਦਾ ਹੈ?
6. ਗਲੋਬਲ ਹੋ ਚੁਕੇ ਸਿੱਖ ਭਾਈਚਾਰੇ ਨੂੰ ਆਪਸੀ ਤਣਾਓ ਪੈਦਾ ਕਰਨ ਵਾਲੀ ਸਿਆਸਤ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?
7. ਸਵਾਲਾਂ ਵਿਚੋਂ ਇਕ ਸਵਾਲ ਇਹ ਵੀ ਹੈ ਕਿ ਸਿੱਖ ਅਮਲ ਅਤੇ ਸਿੱਖ ਸਿਧਾਂਤ ਵਿਚਾਲੇ ਤਣਾਓ ਏਨਾ ਅੱਗੇ ਵਧਾਉਣ ਲਈ ਜਿੰਮੇਵਾਰ ਕੌਣ ਹੈ?
8. ਸਿੱਖ ਭਾਈਚਾਰੇ ਨੂੰ ਸਾਂਝੀ ਸਿੱਖ ਸਮਝ ਦੇ ਰਸਤੇ ਬੰਦ ਹੋ ਗਏ ਕਿਉਂ ਲੱਗਣ ਲੱਗ ਪਏ ਹਨ?
9. ਸਿੱਖ ਨੇ ਆਪਣਾ ਸਫਰ ‘ਮੈਂ ਗੁਰੂ ਦਾ ਹਾਂ’ ਤੋਂ ਸ਼ੁਰੂ ਕੀਤਾ ਸੀ। ਕੀ ਸਿੱਖ ‘ਗੁਰੂ ਮੇਰਾ ਹੀ ਹੈ’ ਤੱਕ ਤਾਂ ਨਹੀਂ ਪਹੁੰਚ ਗਿਆ?
10. ਕੀ ਸਿੱਖੀ ਦਾ ਫਿਕਰ ਹਾਸ਼ੀਏ ‘ਤੇ ਚਲਾ ਗਿਆ ਹੈ ਅਤੇ ਸਿੱਖੀ ਦੀ ਸਿਆਸਤ ਕੇਂਦਰ ਵਿਚ ਆ ਗਈ ਹੈ?
11. ਸਿਆਸਤ ਜੇ ਹੱਕਾਂ ਦੀ ਖੇਡ ਹੈ ਤਾਂ ਪੰਥਕਤਾ ਵਿਚ ਵੀ ਪਦਵੀ ਦੇ ਹੱਕਾਂ ਦਾ ਬੋਲਬਾਲਾ ਕਿਉਂ ਅਤੇ ਕਿਵੇਂ ਹੋ ਗਿਆ ਹੈ?
12. ਪੰਥਕਤਾ ਵਾਸਤੇ ਜੋ ਸਿਰ ਦੀ ਬਾਜੀ ਲਾ ਸਕਦੇ ਸਨ, ਕੀ ਉਹ ਕਸੂਤੇ ਉਲਝ ਗਏ ਹਨ ਜਾਂ ਉਲਝਾ ਦਿੱਤੇ ਗਏੇ ਹਨ? ਇਸ ਗੈਰਹਾਜ਼ਰ ਖਲਾਅ ਵਿਚ ਮੇਰੀ ਸੋਚੀ ਸਮਝੀ ਰਾਏ ਹੈ ਕਿ ਸਿੱਖਾਂ ਨੂੰ ਸਿੱਖਾਂ ਤੋਂ ਬਚਾਏ ਜਾਣ ਦੀ ਲੋੜ ਪੈਦਾ ਹੋ ਗਈ ਹੈ। ਇਹ ਉਦੋਂ ਤੱਕ ਸੰਭਵ ਨਹੀਂ ਹੋ ਸਕਣਾ, ਜਿੰਨਾ ਚਿਰ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਮੁਕਤ ਨਹੀਂ ਕਰਵਾਇਆ ਜਾਂਦਾ।
ਪੰਜਾਬ ਏਜੰਡੇ ਵਿਚ ਅਕਾਦਮਿਕਤਾ ਦਾ ਅਹਿਮ ਰੋਲ ਰਹਿਣਾ ਹੈ, ਪਰ ਪੰਜਾਬ ਦੀ ਅਕਾਦਮਿਕਤਾ ਵਿਚ ਵੱਖ ਵੱਖ ਕਾਰਨਾਂ ਕਰਕੇ ਪੈਦਾ ਹੋ ਚੁਕੀ ਵਾਸਤਵਿਕਤਾ ਨੂੰ ਅੱਖੋਂ ਓਹਲੇ ਕਰਕੇ ਪੱਛਮੀ-ਸੁਰਾਂ ਉਤੇ ਸਿੱਖੀ ਦਾ ਗੀਤ ਕਿਉਂ ਗਾਇਆ ਜਾਣ ਲੱਗ ਪਿਆ ਹੈ? ਪੱਛਮੀ ਸਿਧਾਂਤਕੀ ਦੀ ਮੁਥਾਜੀ ਪਹਿਲਾਂ ਵੀ ਪ੍ਰਸੰਗ-ਵਿਗਾੜ ਕਰਦੀ ਰਹੀ ਹੈ ਅਤੇ ਅੱਗੋਂ ਵੀ ਕਰ ਸਕਦੀ ਹੈ। ਸਿੱਖੀ, ਆਮ ਆਦਮੀ ਦੇ ਸਮਕਾਲ ਨੂੰ ਜਿਉਣ ਦੀ ਜਾਚ ਸਿਖਾਉਂਦੀ ਹੈ। ਇਸ ਪਰਿਵਰਤਨ-ਮਾਡਲ ਵਲੋਂ ਸਿਰਜੇ ਇਤਿਹਾਸ ਵਿਚ ਧਰਮ ਨੂੰ ਜਨਮ ਤੋਂ ਨਹੀਂ ਮੰਨਿਆ ਜਾਂਦਾ ਰਿਹਾ ਹੈ।
ਸਿੱਖ ਸਮਾਜਕਤਾ ਵਿਚ ਮੌਜੂਦਾ ਸਿਆਸਤ ਵਲੋਂ ਪੈਦਾ ਕਰ ਦਿੱਤੀਆਂ ਗਈਆਂ ਦਲਿਤ ਕੋਟੀਆਂ ਨੂੰ ਸਿੱਖੀ ਨੇ ਕਦੇ ਵੀ ਮਾਨਤਾ ਨਹੀਂ ਸੀ ਦਿੱਤੀ। ਇਹ ਵੀ ਕਹਿ ਸਕਦੇ ਹਾਂ ਕਿ ਸਿੱਖ ਧਰਮ ਵਿਚ ਦਲਿਤ-ਮੁਕਤੀ ਦੇ ਏਜੰਡੇ ਦੀਆਂ ਮਾਡਲ-ਪੈੜਾਂ ਤਾਂ ਹਨ, ਪਰ ਦਲਿਤ ਸ਼੍ਰੇਣੀ ਵਾਸਤੇ ਵਿਸ਼ੇਸ਼ ਥਾਂ ਜਾਂ ਰਾਖਵੇਂਕਰਣ ਵਾਸਤੇ ਕੋਈ ਥਾਂ ਨਹੀਂ ਹੈ। ਗਲੋਬਲ ਹੋ ਗਏ ਸਿੱਖ ਭਾਈਚਾਰੇ ਨੇ ਬਿਨਾ ਕਿਸੇ ਰਾਖਵੇਂਕਰਣ ਦੇ, ਧਰਮ ਨੂੰ ਨਾਲ ਲੈ ਕੇ ਜਿਉਣ ਦੀ ਧੁਰੋਹਰ ‘ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ’ ਨਾਲ ਪੈਦਾ ਹੋਈ ਸਿੱਖ ਊਰਜਾ ਰਾਹੀਂ ਦੁਨੀਆਂ ਭਰ ਵਿਚ ਮੱਲਾਂ ਮਾਰੀਆਂ ਹਨ। ਸਿੱਖ ਅਹਿਸਾਸ ਦੇ ਬੋਲ-ਬਾਲਿਆਂ ਨਾਲੋਂ ਟੁੱਟੀ ਹੋਈ ਸਿੱਖ ਪਛਾਣ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਸਿੱਖ ਪਛਾਣ ਦੇ ਰੋਲ ਮਾਡਲ ਬੇਸ਼ੱਕ ਸਿੱਖ ਡੇਰੇਦਾਰ ਹੁੰਦੇ ਜਾ ਰਹੇ ਹਨ, ਪਰ ਨਾਲ ਹੀ ਇਹ ਸਿੱਖ ਅਹਿਸਾਸ ਵੀ ਕਾਇਮ ਹੈ ਕਿ ਡੇਰੇਦਾਰੀ ਵਾਸਤੇ ਸਿੱਖੀ ਵਿਚ ਕੋਈ ਥਾਂ ਨਹੀਂ ਹੈ। ਸਿੱਖ ਪਛਾਣ ਦੀਆਂ ਹੱਦਬੰਦੀਆਂ ਤੋਂ ਪਾਰ ਜਾ ਸਕਣ ਦਾ ਅਹਿਸਾਸ ਪੰਜਾਬ ਏਜੰਡੇ ਵਿਚ ਸ਼ਾਮਲ ਰਹਿਣਾ ਚਾਹੀਦਾ ਹੈ।
ਮਸਲਿਆਂ ਦੇ ਇਸ ਘਮਸਾਨ ਨੂੰ ਗੁਰਬਚਨ ਨੇ (ਏਜੰਡਾ-2) ਜ਼ਬਾਨ ਦੇਣ ਦੀ ਕੋਸ਼ਿਸ਼ ਇਹ ਕਹਿ ਕੇ ਕੀਤੀ ਹੋਈ ਹੈ, “ਸਾਕਾਰ ਹੋ ਚੁਕੀ ਵਾਸਤਵਿਕਤਾ ਨੂੰ ਪ੍ਰਵਾਨ ਕਰਕੇ ਮਸਲਿਆਂ ਨੂੰ ਊਰਜਿਤ ਕਰਨ ਵਾਲੀਆਂ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਉਸ ਨਾਲ ਨਜਿੱਠਣ ਦੀ ਲੋੜ ਹੈ। ਇਹ ਸੱਚਾਈ ਸਥਾਪਤ ਹੋ ਚੁਕੀ ਹੈ ਕਿ ਕਿਸੇ ਕਿਸਮ ਦੀ ਇਕਹਿਰੀ-ਸਰਦਾਰੀ ਦੀ ਸਿਆਸਤ ਨੇ ਸਿਰੇ ਨਹੀਂ ਚੜ੍ਹਨਾ ਜਾਂ ਪਰਵਾਨ ਨਹੀਂ ਹੋਣਾ। ਵਿਚਾਰਧਾਰਕ-ਸਿਰਦਾਰੀਆਂ ਦੇ ਨਤੀਜੇ ਵੀ ਸਭ ਦੇ ਸਾਹਮਣੇ ਹਨ। ਜੋ ਵਿਚਾਰਧਾਰਕ-ਪੈਂਤੜੇਬਾਜੀ ਅਵਚੇਤਨ ਨੂੰ ਮੱਲ ਲਵੇ, ਉਸ ਨੂੰ ਸਿਵਿਆਂ ਦੇ ਰਾਹ ਪੈਣਾ ਹੀ ਪੈਂਦਾ ਹੈ। ਕਿਸੇ ਵੀ ਕਿਸਮ ਦੇ ਅਵਚੇਤਨੀ ਕੰਪਲੈਕਸ ‘ਤੇ ਉਸਰੀ ਮਾਨਸਿਕਤਾ ਵੱਲੋਂ ਹੁੰਦੀ ਰਹੀ, ਹੋ ਰਹੀ ਜਾਂ ਹੋਣ ਵਾਲੀ ਸਿਆਸਤ ਨਾਲ ਨਜਿੱਠਣ ਦਾ ਗਾਡੀ ਰਾਹ (ਗੁਰਮੁਖਿ ਗਾਡੀ ਰਾਹ ਚਲਾਇਆ…) ਸਿੱਖ ਗੁਰੂ ਸਾਹਿਬਾਨ (1499-1708) ਨੇ ਸਾਹਮਣੇ ਲਿਆਂਦਾ ਸੀ। ਇਹ ਗਰਜਾਂ ਦੀ ਸਿਆਸਤ ਅਤੇ ਇੱਛਾਵਾਂ ਦੇ ਤਲਿਸਮੀ ਜੋੜ-ਤੋੜ ਤੋਂ ‘ਪਾਰ ਜਾਣ’ ਦਾ ਗਾਡੀ ਰਾਹ ਸੀ ਅਤੇ ਹੈ। ਇਸ ਗਾਡੀ ਰਾਹ ‘ਤੇ ਬਰਾਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਸਿਆਸਤ ਦਾ ਕਬਜਾ ਹੋ ਗਿਆ ਹੈ। ਪੰਜਾਬ ਏਜੰਡੇ ਨੂੰ ਇਸ ਕਬਜਿਆਂ ਦੀ ਧੁਰੀ ਦੇ ਆਲੇ ਦੁਆਲੇ ਹੀ ਘੁਮਾਇਆ ਜਾ ਸਕਦਾ ਹੈ। ਇਸ ‘ਸਾਕਾਰ ਹੋ ਚੁਕੀ ਵਾਸਤਵਿਕਤਾ’ ਦੀ ਕੀਮਤ ਵਜੋਂ ‘ਇੰਡਸਟਰੀਅਲ ਸਰਮਾਇਆ’ ਹਰਿਆਣੇ ਕੋਲ ਚਲਾ ਗਿਆ ਹੈ ਅਤੇ ‘ਕੁਦਰਤੀ-ਸਰਮਾਇਆ’ ਹਿਮਾਚਲ ਕੋਲ ਚਲਾ ਗਿਆ ਹੈ। ਅਮੀਰ-ਵਿਰਾਸਤ ਵਾਲਾ ਪੰਜਾਬ ਪੁੱਜ ਕੇ ਗਰੀਬ ਹੋ ਗਿਆ ਹੈ। ਇਸ ਹਾਲਤ ਵਿਚ ਪੰਜਾਬ ਨੂੰ ਸਿਆਸੀ ਏਜੰਡੇ ਦੀ ਨਹੀਂ, ਆਰਥਕ-ਏਜੰਡੇ ਦੀ ਲੋੜ ਹੈ। ਵਿਸ਼ਾ ਮਾਹਿਰਾਂ ਅਤੇ ਨੈਤਿਕ ਤਾਸੀਰ ਦੇ ਸੰਗਮ ਨਾਲ ਹੀ ਸਿਹਤਮੰਦ ਪ੍ਰਾਪਤੀਆਂ ਦੇ ਰਾਹ ਪਿਆ ਜਾ ਸਕਦਾ ਹੈ। ਇਸ ਵਾਸਤੇ ‘ਹਮਲਾਵਰ ਰਾਜਨੀਤੀ’ ਨੇ ਕੰਮ ਨਹੀਂ ਆਉਣਾ।”
ਪੰਜਾਬ ਏਜੰਡੇ ਨੂੰ ਸਿਆਸਤ ਤੋਂ ਬਚਾਏ ਜਾਣ ਦੀ ਇਸ ਕਰਕੇ ਵੀ ਲੋੜ ਹੈ ਕਿ ਸਿਆਸਤ ਵਿਚ ਬੇਲਗਾਮ-ਪ੍ਰਾਪਤੀਆਂ ਅਤੇ ਗਲਵੱਢ-ਮੁਕਾਬਲਾ ਹੀ ਊਰਜੀ-ਭੂਮਿਕਾ ਨਿਭਾਉਂਦਾ ਰਿਹਾ ਹੈ। ਵਿਰਾਸਤੀ-ਜੜ੍ਹਾਂ ਨਾਲੋਂ ਟੁੱਟੀ ਸੂਚਨਾ-ਬੌਧਿਕਤਾ ਅਕਾਦਮਿਕ-ਚੌਧਰਾਂ ਨਾਲ ਸੰਤੁਸ਼ਟ ਪਈ ਹੋਵੇ, ਪਰ ਇਹ ਜ਼ਰੂਰ ਸੋਚੇ ਕਿ ਪੰਜਾਬ ਦਾ ਚੇਤੰਨ ਵਰਗ ਪੰਜਾਬ ਦੇ ਭਵਿੱਖ ਬਾਰੇ ਸੋਚਣ ਦੀ ਲੋੜ ਕਿਉਂ ਨਹੀਂ ਸਮਝਦਾ? ਨਤੀਜੇ ਵਜੋਂ ਪੰਜਾਬ ਏਜੰਡੇ ਦੀ ਸਿਆਸਤ ਤਾਂ ਹੈ, ਪਰ ਪੰਜਾਬ ਏਜੰਡੇ ਦੀ ਅਕਾਦਮਿਕਤਾ ਸਾਹਮਣੇ ਨਹੀਂ ਆ ਰਹੀ। ਲੱਗਦਾ ਹੈ, ਪੰਜਾਬ ਦੇ ਦਾਨਿਸ਼ਵਰ ਆਪੋ ਆਪਣੇ ਸੰਕਟਾਂ ਨੂੰ ‘ਪੰਜਾਬ ਸੰਕਟ’ ਬਣਾਉਣ ਦੇ ਰਾਹੇ ਪਏ ਹੋਏੇ ਹਨ। ਪੈਦਾ ਕੀਤੇ ਜਾਂ ਗਲ ਪੈ ਗਏ ਸੰਕਟਾਂ ਦੀ ਰਾਜਨੀਤੀ ‘ਪੰਥ ਨੂੰ ਖਤਰੇ’ ਦੀ ਨਿਰੰਤਰਤਾ ਵਿਚ ਹੀ ਸਮਝ ਆ ਸਕਦੀ ਹੈ। ਵਿਦੇਸ਼ਾਂ ਵਿਚ ਜਾਣ-ਆਉਣ ਵਾਲਿਆਂ ਨੂੰ ਪਤਾ ਹੈ ਕਿ ਪੰਜਾਬ ਕੇਂਦ੍ਰਿਤ ਰਾਜਨੀਤੀ ਅਤੇ ਵਿਦੇਸ਼ ਕੇਂਦ੍ਰਿਤ ਰਾਜਨੀਤੀ ਦੇ ਤਣਾਓ ਨੇ ਆਮ ਸਿੱਖ ਨੂੰ ਬੰਧੂਆ-ਵੋਟਰ ਅਤੇ ਬੰਧੂਆ-ਸਮਰਥਕ ਹੋ ਜਾਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਵਿਚ ਵਿਹਲੜਾਂ ਅਤੇ ਨਸ਼ੇੜੀਆਂ ਦੀ ਤੀਜੀ ਧਿਰ ਵੀ ਪੈਦਾ ਹੁੰਦੀ ਜਾ ਰਹੀ ਹੈ ਅਤੇ ਵੱਢੀ-ਖੋਰੀ ਸਿਆਸਤ ਨੂੰ ਊਰਜਿਤ ਵੀ ਕਰ ਰਹੀ ਹੈ ਤੇ ਉਤਸ਼ਾਹਿਤ ਵੀ। ਨਵੇਂ ਸਰੋਕਾਰਾਂ ਨੇ ਨਵੇਂ ਸੰਕਟ ਪੈਦਾ ਕਰ ਦਿੱਤੇ ਹਨ। ਕੋਮਲ ਮਾਨਸਿਕਤਾ ਵਾਲੀ ਪੇਂਡੂ ਜਨਤਾ ਬੰਧੂਆ-ਵੋਟਰ ਅਤੇ ਬੰਧੂਆ-ਸਮਰਥਕ ਵਿਚਾਲੇ ਵੰਡੀ ਗਈ ਹੈ। ਨਿੱਤ ਦੀਆਂ ਖੁਆਰੀਆਂ ਦਾ ਝੰਬਿਆ ਆਮ ਪੰਜਾਬੀ ਕੰਧਾਂ ਵਿਚ ਵੱਜਦਾ ਫਿਰਦਾ ਹੈ। ਚੜ੍ਹਦੀ ਕਲਾ ਦੇ ਵਾਰਸ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਅਜਿਹੀ ਹਾਲਤ ਵਿਚ ਸਿੱਖ ਸਿਆਸਤ ਦੀ ਸਿਆਸੀ-ਚੀਕ ਅਤੇ ਗੁਰਬਚਨ ਦਾ ਬੌਧਿਕ-ਨਿਰੀਖਣ ਕੁਝ ਕਰਨ ਲਈ ਲਲਕਾਰਦਾ ਤਾਂ ਹੈ, ਪਰ ਕੁਝ ਕਰਨ ਵਾਸਤੇ ਰਸਤਾ ਵਿਖਾਉਂਦਾ ਨਜ਼ਰ ਨਹੀਂ ਆਉਂਦਾ?
ਚਰਚਾ ਨੂੰ ਇਸ ਟਿੱਪਣੀ ਨਾਲ ਸਮੇਟ ਰਿਹਾ ਹਾਂ ਕਿ ਪੰਜਾਬ ਏਜੰਡੇ ਦੇ ਇਰਦ ਗਿਰਦ ਸਿਆਸਤ ਦੀ ਧੁੰਧ ਫੈਲੀ ਹੋਈ ਹੈ। ਜੇ ਪ੍ਰਾਪਤ ਸਿਆਸੀ ਢਾਂਚੇ ਦੇ ਥੰਮ੍ਹ, ਸਿਆਸਤਦਾਨ, ਬਿਊਰੋਕਰੇਸੀ ਅਤੇ ਮੀਡੀਏ ਨੂੰ ਮੰਨ ਲਿਆ ਜਾਵੇ ਤਾਂ ਇਨ੍ਹਾਂ ਤਿੰਨਾਂ ਵਿਚਾਲੇ ਅਪਵਿੱਤਰ-ਗਠਜੋੜ ਦੀ ਜੱਗ-ਜਾਹਰ ਸੱਚਾਈ ਨੂੰ ਵੀ ਮੰਨ ਲੈਣਾ ਚਾਹੀਦਾ ਹੈ। ਸੌਖਾ ਸਾਹ ਲੈਣ ਦੇ ਸੁਪਨੇ ਨਾਲ ਜੁੜਿਆ ਪੰਜਾਬ ਦਾ ਹਿਜਰਤੀ-ਰੁਝਾਨ ਵੀ ਇਸੇ ਬੇਕਿਰਕ ਮਾਹੌਲ ਦੀ ਉਪਜ ਹੈ। ਅਜਿਹੇ ਵੇਲੇ ਪੰਜਾਬ ਏਜੰਡੇ ਬਾਰੇ ਸਾਂਝੀ-ਸਮਝ ‘ਤੇ ਪਹੁੰਚਣ ਲਈ ਵਿਚਾਰ ਵਟਾਂਦਰੇ ਵਾਸਤੇ ਪਲੈਟਫਾਰਮ ਮੁਹੱਈਆ ਕਰਕੇ ਬਥੇਰਿਆਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਬੌਧਿਕ-ਵਚਨਬੱਧਤਾ ਨੂੰ ਪ੍ਰਣਾਏ ਪੰਜਾਬੀਆਂ ਨੂੰ ਇਸ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਪਾਸੇ ਤੁਰਾਂਗੇ ਤਾਂ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਕਿੰਨੇ ਪ੍ਰਤੀਸ਼ਤ ਲੋਕ ਮੌਜਾਂ ਮਾਣ ਰਹੇ ਹਨ ਅਤੇ ਕਿੰਨੇ ਪ੍ਰਤੀਸ਼ਤ ਜਨਤਾ ਉਸ ਮੌਜ ਮਸਤੀ ਦਾ ਖਾਜਾ ਹੋ ਜਾਣ ਦੀ ਹੋਣੀ ਭੁਗਤ ਰਹੀ ਹੈ? ਇਸ ਨਾਲ ਇਹ ਅਹਿਸਾਸ ਵੀ ਸਾਹਮਣੇ ਆ ਜਾਵੇਗਾ ਕਿ ਪੰਜਾਬ ਜੋ “ਗੁਰੂ ਦੇ ਨਾਮ ‘ਤੇ ਜਿਉਂਦਾ” ਰਿਹਾ ਹੈ, ਉਹੀ ਪੰਜਾਬ ‘ਗੁਰੂ ਦੇ ਨਾਮ’ ਦੀ ਸਿਆਸਤ ਦਾ ਸ਼ਿਕਾਰ ਕਿਵੇਂ ਅਤੇ ਕਿਉਂ ਹੁੰਦਾ ਜਾ ਰਿਹਾ ਹੈ?