ਕਰੋਨਾ ਮਹਾਮਾਰੀ ਨਵੀਂ ਦੁਨੀਆਂ ਦਾ ਪ੍ਰਵੇਸ਼ ਦੁਆਰ

ਕਰੋਨਾ ਵਾਇਰਸ ਨੇ ਸਮੁੱਚੇ ਸੰਸਾਰ ਨੂੰ ਸਾਹੋ-ਸਾਹ ਕੀਤਾ ਹੋਇਆ ਹੈ। ਇਸ ਵਾਇਰਸ ਅਤੇ ਇਸ ਤੋਂ ਪੈਦਾ ਹੋਈ ਬਿਮਾਰੀ ‘ਕੋਵਿਡ-19’ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਨ ਲਈ ਅਸੀਂ ਵੱਖ-ਵੱਖ ਵਿਦਵਾਨਾਂ ਦੇ ਲੇਖ ਆਪਣੇ ਪਾਠਕਾਂ ਦੀ ਨਜ਼ਰ ਕੀਤੇ ਹਨ। ਐਤਕੀਂ ਅਸੀਂ ਆਲਮੀ ਪੱਧਰ ‘ਤੇ ਮਕਬੂਲ ਅਤੇ ਬੁੱਕਰ ਇਨਾਮ ਜੇਤੂ ਲੇਖਕਾ ਅਰੁੰਧਤੀ ਰਾਏ ਦਾ ਲੇਖ ਛਾਪ ਰਹੇ ਹਾਂ, ਜਿਸ ਵਿਚ ਉਨ੍ਹਾਂ ਵੱਖ-ਵੱਖ ਪੱਖ ਬਹੁਤ ਸੰਜੀਦਗੀ ਨਾਲ ਵਿਚਾਰੇ ਹਨ। ‘ਫਾਇਨਾਂਸ਼ੀਅਲ ਟਾਈਮਜ਼’ ਵਿਚ ਛਪੇ ਇਸ ਲੇਖ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ

ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ

ਅੰਗਰੇਜ਼ੀ ਦਾ ਸ਼ਬਦ ਹੈ, ‘ਵਾਇਰਲ ਹੋਣਾ’ (ਕਿਸੇ ਵੀਡੀਓ, ਸੰਦੇਸ਼ ਆਦਿ ਦਾ ਫੈਲਣਾ)। ਹੁਣ ਇਸ ਨੂੰ ਸੁਣਦਿਆਂ ਸਾਰ ਕੌਣ ਨਹੀਂ ਤ੍ਰਭਕੇਗਾ? ਦਰਵਾਜੇ ਦਾ ਹੈਂਡਲ, ਗੱਤੇ ਦਾ ਡੱਬਾ ਜਾਂ ਸਬਜ਼ੀ ਦਾ ਥੈਲਾ ਦੇਖਦਿਆਂ ਹੀ ਕਿਸ ਦੀ ਕਲਪਨਾ ਵਿਚ ਉਹ ਅਦਿਖ, ਜੀਵਤ ਜਾਂ ਮੁਰਦਾ ਤਿਣਕੇ ਨਹੀਂ ਆਉਣਗੇ, ਜੋ ਸਾਡੇ ਫੇਫੜਿਆਂ ਵਿਚ ਧਸ ਕੇ ਇਨ੍ਹਾਂ ‘ਤੇ ਕਬਜ਼ਾ ਜਮਾਉਣ ਦੀ ਉਡੀਕ ਕਰ ਰਹੇ ਹਨ। ਕਿਸੇ ਅਜਨਬੀ ਨੂੰ ਚੁੰਮਣ, ਬੱਸ ਵਿਚ ਸਫਰ ਕਰਨ ਜਾਂ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਪਹਿਲਾਂ ਕੌਣ ਭੈਭੀਤ ਨਹੀਂ ਹੋਵੇਗਾ?
ਆਪਣੀਆਂ ਰੋਜ਼ਮੱਰਾ ਖੁਸ਼ੀਆਂ ਤੋਂ ਪਹਿਲਾਂ ਉਨ੍ਹਾਂ ਦੇ ਜੋਖਮ ਦਾ ਜਾਇਜ਼ਾ ਲੈਣ ਵਿਚ ਕੌਣ ਨਹੀਂ ਪਵੇਗਾ? ਹੁਣ ਸਾਡੇ ਵਿਚੋਂ ਕੌਣ ਹੈ, ਜੋ ਕਿਸੇ ਝੋਲਾ-ਛਾਪ ਮਹਾਮਾਰੀ ਮਾਹਰ, ਵਿਸ਼ਾਣੂ ਵਿਗਿਆਨੀ, ਗਣਿਤ ਸ਼ਾਸਤਰੀ ਅਤੇ ਨਜ਼ੂਮੀ ਨਹੀਂ ਬਣਿਆ? ਕੌਣ ਵਿਗਿਆਨੀ ਜਾਂ ਡਾਕਟਰ ਮਨ ਹੀ ਮਨ ਵਿਚ ਕਿਸੇ ਚਮਤਕਾਰ ਲਈ ਅਰਦਾਸ ਨਹੀਂ ਕਰ ਰਿਹਾ? ਕਿਹੜਾ ਪੁਜਾਰੀ ਹੈ, ਜੋ ਮਨ ਹੀ ਮਨ ਵਿਚ ਵਿਗਿਆਨ ਦੇ ਅੱਗੇ ਗੋਡੇ ਨਹੀਂ ਟੇਕ ਚੁਕਾ? ਤੇ ਵਿਸ਼ਾਣੂਆਂ (ਵਾਇਰਸ) ਦੇ ਇਸ ਪਸਾਰੇ ਦੌਰਾਨ ਵੀ ਕੌਣ ਹੈ, ਜਿਸ ਨੂੰ ਸ਼ਹਿਰਾਂ ਵਿਚ ਪੰਛੀਆਂ ਦੇ ਗਾਉਣ ਦੀਆਂ ਅਵਾਜ਼ਾਂ, ਚੌਰਾਹਿਆਂ ‘ਚ ਪੈਲਾਂ ਪਾਉਂਦੇ ਮੋਰਾਂ ਅਤੇ ਗਗਨ ਦੀ ਖਾਮੋਸ਼ੀ ਨੇ ਮੋਹਿਆ ਨਹੀਂ ਹੈ?
ਦੁਨੀਆਂ ਭਰ ਵਿਚ ਛੂਤ ਦੀ ਲਪੇਟ ਵਿਚ ਆਏ ਲੋਕਾਂ ਦੀ ਤਾਦਾਦ ਲੱਖਾਂ ਵਿਚ ਹੈ। ਇਸੇ ਤਰ੍ਹਾਂ ਮ੍ਰਿਤਕਾਂ ਦੀ ਗਿਣਤੀ ਹੈ। ਖਦਸ਼ਾ ਹੈ ਕਿ ਇਹ ਗਿਣਤੀ ਹੋਰ ਵੱਧ ਹੋ ਜਾਵੇਗੀ। ਇਹ ਵਿਸ਼ਾਣੂ ਵਪਾਰ ਅਤੇ ਕੌਮਾਂਤਰੀ ਸਰਮਾਏ ਦੇ ਨਾਲੋ-ਨਾਲ ਸੰਸਾਰ ਭਰ ਵਿਚ ਪੁੱਜ ਗਿਆ ਹੈ ਅਤੇ ਇਸ ਨੇ ਇਨਸਾਨਾਂ ਨੂੰ ਉਨ੍ਹਾਂ ਦੇ ਮੁਲਕਾਂ, ਸ਼ਹਿਰਾਂ ਅਤੇ ਘਰਾਂ ਅੰਦਰ ਡੱਕ ਦਿੱਤਾ ਹੈ; ਪਰ ਸਰਮਾਏ ਦੇ ਵਹਿਣ ਦੇ ਉਲਟ ਇਸ ਵਿਸ਼ਾਣੂ ਨੂੰ ਫੈਲਾਅ ਚਾਹੀਦਾ ਹੈ, ਮੁਨਾਫਾ ਨਹੀਂ ਚਾਹੀਦਾ। ਇਉਂ ਇਸ ਨੇ ਅਣਜਾਣੇ ਹੀ ਕੁਝ ਹੱਦ ਤਕ ਇਸ ਵਹਿਣ ਦੀ ਦਿਸ਼ਾ ਨੂੰ ਉਲਟੇ ਰੁਖ ਮੋੜ ਦਿੱਤਾ ਹੈ।
ਇਸ ਨੇ ਆਵਾਸ ਕੰਟਰੋਲ ਪ੍ਰਣਾਲੀਆਂ, ਬਾਇਓਮੈਟ੍ਰਿਕਸ (ਮਨੁੱਖ ਦੀ ਸ਼ਨਾਖਤ ਕਰਨ ਵਾਲੀਆਂ ਪ੍ਰਣਾਲੀਆਂ), ਡਿਜੀਟਲ ਨਿਗਰਾਨੀ ਅਤੇ ਹੋਰ ਹਰ ਤਰ੍ਹਾਂ ਦੇ ਡੈਟਾ ਵਿਸ਼ਲੇਸ਼ਣ ਕਰਨ ਵਾਲੀਆਂ ਪ੍ਰਣਾਲੀਆਂ ਦਾ ਮਜ਼ਾਕ ਬਣਾ ਦਿੱਤਾ ਹੈ। ਇਸ ਤਰ੍ਹਾਂ ਦੁਨੀਆਂ ਦੇ ਸਭ ਤੋਂ ਅਮੀਰ ਮੁਲਕਾਂ, ਜਿੱਥੇ ਸਰਮਾਏਦਾਰੀ ਦਾ ਇੰਜਣ ਹਿਚਕੋਲੇ ਖਾਂਦਾ ਹੋਇਆ ਖੜ੍ਹ ਗਿਆ ਹੈ, ਨੂੰ ਇਸ ਨੇ ਜ਼ਬਰਦਸਤ ਸੱਟ ਮਾਰੀ ਹੈ। ਸ਼ਾਇਦ ਆਰਜ਼ੀ ਤੌਰ ‘ਤੇ ਹੀ ਸਹੀ, ਫਿਰ ਵੀ ਇਸ ਨੇ ਸਾਨੂੰ ਇਹ ਮੌਕਾ ਤਾਂ ਦਿੱਤਾ ਹੀ ਹੈ ਕਿ ਅਸੀਂ ਇਸ ਦੇ ਪੁਰਜ਼ਿਆਂ ਦਾ ਜਾਇਜ਼ਾ ਲੈ ਸਕੀਏ ਅਤੇ ਫੈਸਲਾ ਕਰ ਸਕੀਏ ਕਿ ਇਸ ਨੂੰ ਮੁਰੰਮਤ ਕਰ ਕੇ ਮੁੜ ਚਲਾਉਣਾ ਹੈ ਜਾਂ ਸਾਨੂੰ ਇਸ ਤੋਂ ਬਿਹਤਰ ਇੰਜਣ ਈਜਾਦ ਕਰਨ ਦੀ ਲੋੜ ਹੈ।
ਇਸ ਮਹਾਮਾਰੀ ਨੂੰ ਰੋਕਣ ਦੇ ਇੰਤਜ਼ਾਮਾਂ ‘ਚ ਲੱਗੇ ਤਾਕਤਵਰ ਕਰਤਾ-ਧਰਤਾ ‘ਯੁੱਧ-ਯੁੱਧ’ ਚੀਕ ਰਹੇ ਹਨ। ਉਹ ਯੁੱਧ ਸ਼ਬਦ ਦਾ ਇਸਤੇਮਾਲ ਜੁਮਲੇ ਦੇ ਤੌਰ ‘ਤੇ ਨਹੀਂ ਸਗੋਂ ਸੱਚਮੁੱਚ ਦੇ ਯੁੱਧ ਲਈ ਹੀ ਕਰ ਰਹੇ ਹਨ; ਪਰ ਜੇ ਹਕੀਕਤ ਵਿਚ ਇਹ ਯੁੱਧ ਹੁੰਦਾ ਹੈ ਤਾਂ ਇਸ ਲਈ ਅਮਰੀਕਾ ਤੋਂ ਵੱਧ ਬਿਹਤਰ ਤਿਆਰੀ ਕਿਸ ਦੀ ਹੋਵੇਗੀ? ਜੇ ਮੋਹਰੀ ਮੁਹਾਜ਼ ‘ਤੇ ਲੜ ਰਹੇ ਸਿਪਾਹੀਆਂ ਲਈ ਮਾਸਕਾਂ ਅਤੇ ਦਸਤਾਨਿਆਂ ਦੀ ਥਾਂ ਬੰਦੂਕਾਂ, ਸਮਾਰਟ ਬੰਬਾਂ, ਬੰਕਰ-ਤੋੜੂ ਹਥਿਆਰਾਂ, ਪਣਡੁੱਬੀਆਂ, ਲੜਾਕੂ ਜਹਾਜਾਂ ਅਤੇ ਪਰਮਾਣੂ ਬੰਬਾਂ ਦੀ ਲੋੜ ਹੁੰਦੀ ਤਾਂ ਕੀ ਉਨ੍ਹਾਂ ਦੀ ਵੀ ਤੋਟ ਹੁੰਦੀ?
ਦੁਨੀਆਂ ਭਰ ਵਿਚ ਸਾਡੇ ਵਿਚੋਂ ਕੁਝ ਲੋਕ ਰਾਤੋ-ਰਾਤ ਨਿਊ ਯਾਰਕ ਦੇ ਗਵਰਨਰ ਦੇ ਪ੍ਰੈਸ ਬਿਆਨਾਂ ਨੂੰ ਐਸੀ ਉਤਸੁਕਤਾ ਨਾਲ ਦੇਖਦੇ ਹਨ, ਜਿਸ ਦੀ ਵਿਆਖਿਆ ਕਰਨੀ ਮੁਸ਼ਕਿਲ ਹੈ। ਅਸੀਂ ਅੰਕੜੇ ਦੇਖਦੇ ਹਾਂ ਅਤੇ ਉਨ੍ਹਾਂ ਅਮਰੀਕੀ ਹਸਪਤਾਲਾਂ ਦੀਆਂ ਕਹਾਣੀਆਂ ਸੁਣ ਰਹੇ ਹਾਂ, ਜੋ ਮਰੀਜ਼ਾਂ ਨਾਲ ਤੂੜੇ ਹੋਏ ਹਨ, ਜਿੱਥੇ ਘੱਟ ਤਨਖਾਹ ਅਤੇ ਲੱਕ ਤੋੜਵੇਂ ਕੰਮ ਦੇ ਬੋਝ ਹੇਠ ਦੱਬੀਆਂ ਨਰਸਾਂ ਕੂੜੇਦਾਨਾਂ ਵਿਚ ਵਰਤੇ ਜਾਣ ਵਾਲੇ ਕੱਪੜੇ ਅਤੇ ਪੁਰਾਣੇ ਰੇਨ-ਕੋਟਾਂ ਨਾਲ ਮਾਸਕ ਬਣਾਉਣ ਲਈ ਮਜਬੂਰ ਹਨ ਤਾਂ ਜੋ ਹਰ ਤਰ੍ਹਾਂ ਦਾ ਜੋਖਮ ਉਠਾ ਕੇ ਵੀ ਮਰੀਜ਼ਾਂ ਨੂੰ ਭੋਰਾ ਰਾਹਤ ਦੇ ਸਕਣ, ਜਿੱਥੇ ਵੈਂਟੀਲੇਟਰਾਂ ਦੀ ਖਰੀਦ ਲਈ ਸਟੇਟ ਇਕ ਦੂਜੇ ਦੇ ਖਿਲਾਫ ਬੋਲੀ ਲਾ ਰਹੇ ਹਨ, ਜਿੱਥੇ ਡਾਕਟਰ ਇਸ ਦੋਚਿਤੀ ਵਿਚ ਹਨ ਕਿ ਕਿਸ ਮਰੀਜ਼ ਦੀ ਜਾਨ ਬਚਾਈ ਜਾਵੇ ਅਤੇ ਕਿਸ ਨੂੰ ਮਰਨ ਲਈ ਛੱਡ ਦਿੱਤਾ ਜਾਵੇ! ਤੇ ਫਿਰ ਅਸੀਂ ਸੋਚਣ ਲੱਗਦੇ ਹਾਂ, “ਹੇ ਰੱਬਾ! ਇਹੀ ਅਮਰੀਕਾ ਹੈ!”
ਤ੍ਰਾਸਦੀ ਤੁਰੰਤ-ਪੈਰੀ, ਹਕੀਕੀ ਅਤੇ ਵਿਰਾਟ ਹੈ, ਜੋ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਹੀ ਹੈ, ਪਰ ਇਹ ਨਵੀਂ ਨਹੀਂ ਹੈ। ਇਹ ਉਸੇ ਰੇਲ ਗੱਡੀ ਦਾ ਮਲਬਾ ਹੈ, ਜੋ ਵਰ੍ਹਿਆਂ ਤੋਂ ਪਟੜੀ ਤੋਂ ਲਹਿ ਚੁਕੀ ਹੈ ਤੇ ਡਿੱਕਡੋਲੇ ਖਾ ਰਹੀ ਹੈ। “ਮਰੀਜ਼ਾਂ ਨੂੰ ਬਾਹਰ ਸੁੱਟ ਦੇਣ” ਵਾਲੇ ਉਹ ਵੀਡੀਓ ਕਲਿਪ ਕਿਸ ਨੂੰ ਚੇਤੇ ਨਹੀਂ, ਜਿਨ੍ਹਾਂ ਵਿਚ ਹਸਪਤਾਲ ਦੇ ਗਾਊਨਾਂ ਵਿਚ ਹੀ ਅਧ-ਨੰਗੇ ਜਿਹੇ ਮਰੀਜ਼ਾਂ ਨੂੰ ਹਸਪਤਾਲਾਂ ਨੇ ਕੂੜੇ ਵਾਂਗ ਸੜਕਾਂ ‘ਤੇ ਛੱਡ ਦਿੱਤਾ। ਘੱਟ ਸੁਭਾਗੇ ਅਮਰੀਕੀ ਨਾਗਰਿਕਾਂ ਲਈ ਹਸਪਤਾਲਾਂ ਦੇ ਬੂਹੇ ਜ਼ਿਆਦਾਤਰ ਬੰਦ ਹੀ ਰਹੇ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੰਨੇ ਬਿਮਾਰ ਹਨ, ਜਾਂ ਉਨ੍ਹਾਂ ਨੇ ਕਿੰਨਾ ਕਸ਼ਟ ਝੱਲਿਆ ਹੈ।
ਘੱਟੋ-ਘੱਟ ਹੁਣ ਤਕ ਤਾਂ ਫਰਕ ਨਹੀਂ ਪੈਂਦਾ ਰਿਹਾ, ਕਿਉਂਕਿ ਹੁਣ, ਇਸ ਵਿਸ਼ਾਣੂ ਦੇ ਦੌਰ ਵਿਚ ਕਿਸੇ ਗਰੀਬ ਇਨਸਾਨ ਦੀ ਬਿਮਾਰੀ ਇਕ ਅਮੀਰ ਸਮਾਜ ਦੀ ਤੰਦਰੁਸਤੀ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਤੇ ਹੁਣ ਵੀ, ਸੈਨੇਟਰ ਬਰਨੀ ਸੈਂਡਰਸ, ਜੋ ਸਭ ਲਈ ਸਿਹਤ ਸਹੂਲਤਾਂ ਦੇ ਹੱਕ ਵਿਚ ਮੁਹਿੰਮ ਚਲਾ ਰਿਹਾ ਹੈ, ਉਸ ਨੂੰ ਵ੍ਹਾਈਟ ਹਾਊਸ ਲਈ ਉਮੀਦਵਾਰ ਬਣਾਉਣ ਦੇ ਮਾਮਲੇ ਵਿਚ ਉਸ ਦੀ ਆਪਣੀ ਹੀ ਪਾਰਟੀ ਪਰਾਇਆ ਮੰਨ ਰਹੀ ਹੈ।
ਇੱਧਰ ਮੇਰੇ ਮੁਲਕ (ਭਾਰਤ) ਦੀ ਹਾਲਤ ਕੀ ਹੈ? ਮੇਰਾ ਗਰੀਬ-ਅਮੀਰ ਮੁਲਕ ਭਾਰਤ, ਜੋ ਜਗੀਰਦਾਰੀ ਅਤੇ ਧਾਰਮਿਕ ਕੱਟੜਵਾਦ, ਜਾਤੀਵਾਦ ਤੇ ਸਰਮਾਏਦਾਰੀ ਵਿਚਾਲੇ ਕਿਤੇ ਲਟਕ ਰਿਹਾ ਹੈ ਅਤੇ ਜਿਸ ‘ਤੇ ਘੋਰ ਸੱਜੇਪੱਖੀ ਹਿੰਦੂ ਰਾਸ਼ਟਰਵਾਦੀਆਂ ਦਾ ਰਾਜ ਹੈ, ਉਸ ਦੀ ਹਾਲਤ ਕੀ ਹੈ? ਦਸੰਬਰ ਵਿਚ ਚੀਨ ਜਦ ਵੂਹਾਨ ਵਿਚ ਇਸ ਵਿਸ਼ਾਣੂ ਦੇ ਵਿਸਫੋਟ ਨਾਲ ਜੂਝ ਰਿਹਾ ਸੀ, ਉਸ ਵਕਤ ਭਾਰਤ ਸਰਕਾਰ ਆਪਣੇ ਉਨ੍ਹਾਂ ਲੱਖਾਂ ਨਾਗਰਿਕਾਂ ਦੇ ਵਿਆਪਕ ਵਿਦਰੋਹ ਨਾਲ ਨਜਿੱਠਣ ਵਿਚ ਜੁੱਟੀ ਹੋਈ ਸੀ, ਜੋ ਉਸ ਵਲੋਂ ਹਾਲ ਹੀ ਵਿਚ ਸੰਸਦ ਵਿਚ ਪਾਸੇ ਕੀਤੇ ਪੱਖਪਾਤੀ ਮੁਸਲਿਮ ਵਿਰੋਧੀ ਨਾਗਰਿਕਤਾ ਕਾਨੂੰਨ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਨ।
ਭਾਰਤ ਵਿਚ ਕੋਵਿਡ-19 ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਆਇਆ ਸੀ; ਭਾਰਤੀ ਗਣਤੰਤਰ ਦਿਵਸ ਦੀ ਪਰੇਡ ਦੇ ਮਾਣਯੋਗ ਮਹਿਮਾਨ (ਬ੍ਰਾਜ਼ੀਲ ਦੇ ਰਾਸ਼ਟਰਪਤੀ) ਜਾਇਰ ਬੋਲਸੋਨਾਰੋ (ਅਮਾਜ਼ੋਨ ਦੇ ਜੰਗਲਾਂ ਨੂੰ ਹੜੱਪਣ ਵਾਲਾ ਅਤੇ ਕੋਵਿਡ ਦੀ ਹੋਂਦ ਤੋਂ ਇਨਕਾਰੀ ਹੋਣ ਵਾਲਾ) ਦੇ ਦਿੱਲੀ ਛੱਡਣ ਤੋਂ ਥੋੜ੍ਹੇ ਦਿਨ ਬਾਅਦ ਹੀ। ਪਰ ਸੱਤਾਧਾਰੀ ਪਾਰਟੀ ਦੀ ਫਰਵਰੀ ਦੀ ਸਮਾਂ-ਸੂਚੀ ਵਿਚ ਐਸਾ ਬਹੁਤ ਕੁਝ ਸੀ, ਜੋ ਇਸ ਵਿਸ਼ਾਣੂ ਨਾਲ ਨਜਿੱਠਣ ਤੋਂ ਵੱਧ ਜ਼ਰੂਰੀ ਸੀ। ਇਸੇ ਮਹੀਨੇ ਦੇ ਆਖਰੀ ਹਫਤੇ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਰਕਾਰੀ ਦੌਰਾ ਸੀ। ਉਸ ਨੂੰ ਗੁਜਰਾਤ ਦੇ ਇਕ ਸਟੇਡੀਅਮ ਵਿਚ ਇਕ ਲੱਖ ਦਰਸ਼ਕਾਂ ਦਾ ਹਜੂਮ ਇਕੱਠਾ ਕਰ ਕੇ ਦੇਣ ਦਾ ਲਾਲਚ ਦਿੱਤਾ ਗਿਆ ਸੀ। ਇਸ ਸਭ ਕਾਸੇ ਵਿਚ ਬਹੁਤ ਧਨ ਅਤੇ ਵਕਤ ਜ਼ਾਇਆ ਹੋਇਆ।
ਫਿਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵੀ ਤਾਂ ਸਨ, ਜਿਨ੍ਹਾਂ ਵਿਚ ਭਾਰਤੀ ਜਨਤਾ ਪਾਰਟੀ ਜੇ ਆਪਣੀ ਚਾਲ ਨਾ ਖੇਡਦੀ ਤਾਂ ਇਸ ਦੀ ਹਾਰ ਨਿਸ਼ਚਿਤ ਸੀ, ਆਖਿਰ ਇਸ ਨੇ ਗੇਮ ਖੇਡੀ ਵੀ। ਉਸ ਨੇ ਬੇਰੋਕ-ਟੋਕ ਜ਼ਹਿਰੀਲੀ ਹਿੰਦੂ ਰਾਸ਼ਟਰਵਾਦੀ ਮੁਹਿੰਮ ਵਿੱਢ ਦਿੱਤੀ, ਜੋ ਸਰੀਰਕ ਹਿੰਸਾ ਅਤੇ ‘ਗੱਦਾਰਾਂ’ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਨਾਲ ਲਬਰੇਜ਼ ਸੀ।
ਖੈਰ, ਪਾਰਟੀ ਚੋਣ ਹਾਰ ਗਈ, ਤੇ ਫਿਰ ਇਸ ਨਮੋਸ਼ੀ ਲਈ ਜ਼ਿੰਮੇਵਾਰ ਠਹਿਰਾਏ ਦਿੱਲੀ ਦੇ ਮੁਸਲਮਾਨਾਂ ਲਈ ਸਜ਼ਾ ਤੈਅ ਕੀਤੀ ਗਈ। ਉਤਰ-ਪੂਰਬੀ ਦਿੱਲੀ ਵਿਚ ਹਿੰਦੂ ਦੰਗਈਆਂ ਦੇ ਹਥਿਆਰਬੰਦ ਗਰੋਹਾਂ ਨੇ ਪੁਲਿਸ ਦੀ ਸੁਰੱਖਿਆ ਛੱਤਰੀ ਹੇਠ ਆਪਣੇ ਆਲੇ-ਦੁਆਲੇ ਦੇ ਮੁਸਲਿਮ ਬਹੁਗਿਣਤੀ ਵਾਲੇ ਕਿਰਤੀ ਜਮਾਤ ਦੇ ਘਰਾਂ ‘ਤੇ ਹੱਲਾ ਬੋਲ ਦਿੱਤਾ। ਮਕਾਨ, ਦੁਕਾਨਾਂ, ਮਸਜਿਦਾਂ ਅਤੇ ਸਕੂਲ ਸਾੜ ਕੇ ਸੁਆਹ ਕਰ ਦਿੱਤੇ ਗਏ। ਜਿਨ੍ਹਾਂ ਮੁਸਲਮਾਨਾਂ ਨੂੰ ਇਸ ਹਮਲੇ ਦਾ ਅੰਦੇਸ਼ਾ ਸੀ, ਉਨ੍ਹਾਂ ਨੇ ਮੁਕਾਬਲਾ ਕੀਤਾ। 50 ਤੋਂ ਵੱਧ ਮੁਸਲਮਾਨ ਮਾਰੇ ਗਏ ਅਤੇ ਕੁਝ ਹਿੰਦੂ ਵੀ।
ਹਜ਼ਾਰਾਂ ਲੋਕ ਮੁਕਾਮੀ ਕਬਰਿਸਤਾਨਾਂ ਵਿਚ ਬਣਾਏ ਸ਼ਰਨਾਰਥੀ ਕੈਂਪਾਂ ਵਿਚ ਚਲੇ ਗਏ। ਜਿਸ ਵਕਤ ਸਰਕਾਰੀ ਅਧਿਕਾਰੀਆਂ ਨੇ ਕੋਵਿਡ-19 ਨੂੰ ਲੈ ਕੇ ਆਪਣੀ ਪਹਿਲੀ ਮੀਟਿੰਗ ਕੀਤੀ ਅਤੇ ਜ਼ਿਆਦਾਤਰ ਭਾਰਤੀਆਂ ਨੇ ਜਦ ਪਹਿਲੀ ਵਾਰ ਹੈਂਡ ਸੈਨੇਟਾਈਜ਼ ਕਰਨ ਜਿਹੀ ਕਿਸੇ ਸ਼ੈਅ ਦੀ ਹੋਂਦ ਬਾਰੇ ਸੁਣਿਆ, ਉਦੋਂ ਵੀ ਅਜੇ ਗੰਦੇ, ਸੜਿਆਂਦ ਮਾਰਦੇ ਨਾਲਿਆਂ ਵਿਚੋਂ ਗਲੀਆਂ-ਸੜੀਆਂ ਲਾਸ਼ਾਂ ਕੱਢੀਆਂ ਜਾ ਰਹੀਆਂ ਸਨ।
ਮਾਰਚ ਦਾ ਮਹੀਨਾ ਰੁਝੇਵਿਆਂ ਭਰਿਆ ਸੀ। ਪਹਿਲੇ ਦੋ ਹਫਤੇ ਤਾਂ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਨੂੰ ਡੇਗਣ ਅਤੇ ਉਸ ਦੀ ਥਾਂ ਭਾਜਪਾ ਦੀ ਸਰਕਾਰ ਬਣਾਉਣ ਨੂੰ ਹੀ ਸਮਰਪਿਤ ਕਰ ਦਿੱਤੇ ਗਏ। 11 ਮਾਰਚ ਨੂੰ ਆਲਮੀ ਸਿਹਤ ਸੰਸਥਾ ਨੇ ਐਲਾਨ ਕੀਤਾ ਕਿ ਕੋਵਿਡ-19 ਆਲਮੀ ਮਹਾਮਾਰੀ ਹੈ। ਇਸ ਤੋਂ ਦੋ ਦਿਨ ਬਾਅਦ ਵੀ, 13 ਮਾਰਚ ਨੂੰ ਸਿਹਤ ਮੰਤਰਾਲੇ ਨੇ ਕਿਹਾ, “ਕੋਰੋਨਾ ਕੋਈ ਹੰਗਾਮੀ ਹਾਲਤ ਵਾਲਾ ਸਿਹਤ ਸੰਕਟ ਨਹੀਂ ਹੈ।”
ਆਖਿਰਕਾਰ 19 ਮਾਰਚ ਨੂੰ ਭਾਰਤੀ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਸ ਨੇ ਜ਼ਿਆਦਾ ਹੋਮਵਰਕ ਨਹੀਂ ਕੀਤਾ ਹੋਇਆ ਸੀ। ਉਸ ਨੇ ਕਾਰਜ-ਵਿਉਂਤ ਫਰਾਂਸ ਅਤੇ ਇਟਲੀ ਤੋਂ ਉਧਾਰ ਲਈ ਸੀ। ਉਸ ਨੇ ਸਾਨੂੰ ‘ਸੋਸ਼ਲ ਡਿਸਟੈਂਸਿੰਗ’ ਦੀ ਲੋੜ ਬਾਰੇ ਦੱਸਿਆ (ਜਾਤੀ ਵਿਵਸਥਾ ਵਿਚ ਐਨੀ ਗਹਿਰਾਈ ਤੱਕ ਧੱਸੇ ਹੋਏ ਸਮਾਜ ਲਈ ਇਹ ਸਮਝਣਾ ਕਾਫੀ ਸੌਖਾ ਸੀ), ਤੇ 22 ਮਾਰਚ ਨੂੰ ਇਕ ਦਿਨ ਦੇ ‘ਜਨਤਾ ਕਰਫਿਊ’ ਦਾ ਸੱਦਾ ਦਿੱਤਾ ਗਿਆ। ਸੰਕਟ ਦੀ ਇਸ ਘੜੀ ‘ਚ ਸਰਕਾਰ ਕੀ ਕਰਨ ਜਾ ਰਹੀ ਹੈ, ਇਸ ਬਾਰੇ ਉਸ ਨੇ ਕੁਝ ਨਹੀਂ ਦੱਸਿਆ, ਪਰ ਉਸ ਨੇ ਸਿਹਤ ਕਾਮਿਆਂ ਨੂੰ ਸਲਾਮੀ ਦੇਣ ਲਈ ਲੋਕਾਂ ਨੂੰ ਆਪੋ-ਆਪਣੀਆਂ ਬਾਲਕੋਨੀਆਂ ਵਿਚ ਆ ਕੇ ਤਾਲੀਆਂ, ਥਾਲੀਆਂ, ਘੰਟੀਆਂ ਆਦਿ ਵਜਾਉਣ ਦਾ ਸੱਦਾ ਜ਼ਰੂਰ ਦਿੱਤਾ।
ਉਸ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਭਾਰਤੀ ਸਿਹਤ ਕਾਮਿਆਂ ਅਤੇ ਹਸਪਤਾਲਾਂ ਲਈ ਜ਼ਰੂਰੀ ਸੁਰੱਖਿਆ ਸਮਾਨ (ਪ੍ਰੋਟੈਕਟਿਵ ਗੀਅਰ) ਅਤੇ ਬਨਾਉਟੀ ਸਾਹ ਦੇਣ ਵਾਲਾ ਸਾਜ਼ੋ-ਸਮਾਨ ਬਚਾ ਕੇ ਰੱਖਣ ਦੀ ਥਾਂ ਭਾਰਤ ਉਦੋਂ ਵੀ ਇਸ ਸਮਾਨ ਦੀ ਬਰਾਮਦ ਕਰ ਰਿਹਾ ਸੀ।
ਇਹ ਹੈਰਾਨੀ ਦੀ ਗੱਲ ਨਹੀਂ ਕਿ ਨਰਿੰਦਰ ਮੋਦੀ ਦੀ ਅਪੀਲ ਨੂੰ ਪੁਰਜੋਸ਼ ਹੁੰਗਾਰਾ ਭਰਿਆ ਗਿਆ। ਥਾਲੀਆਂ ਖੜਕਾਉਂਦਿਆਂ ਜਲੂਸ ਕੱਢੇ ਗਏ, ਹਜੂਮਾਂ ਨੇ ਭੰਗੜੇ ਪਾਉਂਦਿਆਂ ਝਾਕੀਆਂ ਕੱਢੀਆਂ। ਕੋਈ ਸਮਾਜਕ ਵਿੱਥ ਨਹੀਂ। ਬਾਅਦ ਦੇ ਦਿਨਾਂ ਵਿਚ ਲੋਕਾਂ ਨੇ ਗਊ ਦੇ ਗੋਹੇ ਦੀਆਂ ਭਰੀਆਂ ਟੈਂਕੀਆਂ ਵਿਚ ਟੁੱਭੀਆਂ ਮਾਰੀਆਂ ਅਤੇ ਭਾਜਪਾ ਦੇ ਹਮਾਇਤੀਆਂ ਨੇ ਗਊ-ਮੂਤਰ ਪਾਰਟੀਆਂ ਕੀਤੀਆਂ। ਕਈ ਮੁਸਲਿਮ ਜਥੇਬੰਦੀਆਂ ਵੀ ਪਿੱਛੇ ਨਹੀਂ ਰਹੀਆਂ। ਉਨ੍ਹਾਂ ਐਲਾਨ ਕੀਤਾ ਕਿ ਇਸ ਵਿਸ਼ਾਣੂ ਦਾ ਜਵਾਬ ਸਰਵ-ਸ਼ਕਤੀਮਾਨ ਅੱਲ੍ਹਾ ਹੈ ਅਤੇ ਉਨ੍ਹਾਂ ਨੇ ਸ਼ਰਧਾਵਾਨ ਲੋਕਾਂ ਨੂੰ ਵੱਡੀ ਤਾਦਾਦ ‘ਚ ਮਸਜਿਦਾਂ ਵਿਚ ਇਕੱਠੇ ਹੋਣ ਦਾ ਸੱਦਾ ਦਿੱਤਾ।

24 ਮਾਰਚ ਨੂੰ ਰਾਤ 8 ਵਜੇ ਮੋਦੀ ਟੀ. ਵੀ. ‘ਤੇ ਮੁੜ ਇਹ ਐਲਾਨ ਕਰਨ ਲਈ ਨਜ਼ਰ ਆਇਆ ਕਿ ਅੱਧੀ ਰਾਤ ਤੋਂ ਪੂਰੇ ਭਾਰਤ ਵਿਚ ਲੌਕਡਾਊਨ ਲਾਗੂ ਹੋਵੇਗਾ। ਬਾਜ਼ਾਰ ਬੰਦ ਹੋਣਗੇ। ਸਰਕਾਰੀ ਅਤੇ ਨਿੱਜੀ, ਤਮਾਮ ਆਵਾਜਾਈ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਉਸ ਨੇ ਕਿਹਾ ਕਿ ਉਹ ਇਹ ਫੈਸਲਾ ਸਿਰਫ ਪ੍ਰਧਾਨ ਮੰਤਰੀ ਦੀ ਹੈਸੀਅਤ ਵਿਚ ਨਹੀਂ ਸਗੋਂ ਪਰਿਵਾਰ ਦੇ ਬਜੁਰਗ ਦੇ ਤੌਰ ‘ਤੇ ਕਰ ਰਿਹਾ ਹੈ। ਰਾਜ ਸਰਕਾਰਾਂ, ਜਿਨ੍ਹਾਂ ਨੇ ਇਸ ਫੈਸਲੇ ਦੇ ਨਤੀਜਿਆਂ ਨਾਲ ਨਜਿੱਠਣਾ ਸੀ, ਨਾਲ ਮਸ਼ਵਰਾ ਕੀਤੇ ਬਿਨਾ ਹੀ ਹੋਰ ਕੌਣ ਇਹ ਫੈਸਲਾ ਕਰ ਸਕਦਾ ਹੈ ਕਿ 138 ਕਰੋੜ ਲੋਕਾਂ ਨੂੰ, ਬਿਨਾ ਕਿਸੇ ਤਿਆਰੀ ਦੇ, ਮਹਿਜ਼ ਚਾਰ ਘੰਟੇ ਦੇ ਨੋਟਿਸ ਤਹਿਤ ਲੌਕਡਾਊਨ ਕਰ ਦਿੱਤਾ ਜਾਵੇ? ਉਨ੍ਹਾਂ ਦੇ ਤਰੀਕੇ ਨਿਸ਼ਚਿਤ ਤੌਰ ‘ਤੇ ਇਹ ਪ੍ਰਭਾਵ ਦਿੰਦੇ ਹਨ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਾਗਰਿਕਾਂ ਨੂੰ ਦੁਸ਼ਮਣ ਤਾਕਤ ਦੇ ਰੂਪ ਵਿਚ ਦੇਖਦਾ ਹੈ, ਜਿਨ੍ਹਾਂ ‘ਤੇ ਘਾਤ ਲਾ ਕੇ ਹਮਲਾ ਕਰਨਾ, ਉਨ੍ਹਾਂ ਨੂੰ ਅਚੰਭੇ ਨਾਲ ਸਦਮਾ ਦੇਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਭਰੋਸੇ ਵਿਚ ਲੈਣ ਦੀ ਲੋੜ ਨਹੀਂ ਹੈ।
ਅਸੀਂ ਲੌਕਡਾਊਨ ਵਿਚ ਕੈਦ ਸੀ। ਬਹੁਤ ਸਾਰੇ ਸਿਹਤ ਪੇਸ਼ੇਵਰਾਂ ਅਤੇ ਮਹਾਮਾਰੀ ਵਿਗਿਆਨੀਆਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਸ਼ਾਇਦ ਉਹ ਸਿਧਾਂਤਕ ਤੌਰ ‘ਤੇ ਸਹੀ ਹਨ, ਪਰ ਨਿਸ਼ਚਿਤ ਤੌਰ ‘ਤੇ ਉਨ੍ਹਾਂ ਵਿਚੋਂ ਕੋਈ ਵੀ ਸਹਿਮਤ ਨਹੀਂ ਹੋਵੇਗਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਲੌਕਡਾਊਨ ਬਿਨਾ ਕਿਸੇ ਤਿਆਰੀ ਤੋਂ ਕਰ ਦਿੱਤਾ ਗਿਆ। ਹੇਠਲੇ ਪੱਧਰ ‘ਤੇ ਇਸ ਦਾ ਮਕਸਦ ਉਲਟ ਹੀ ਭੁਗਤਿਆ। ਇਹ ਸਮਝੋ ਸਜ਼ਾ ਬਣ ਗਿਆ।
ਅਚੰਭਿਤ ਕਰਨ ਵਾਲੀਆਂ ਘਟਨਾਵਾਂ ਨੂੰ ਪਿਆਰ ਕਰਨ ਵਾਲੇ ਆਦਮੀ ਨੇ ਅਚੰਭਿਆਂ ਦੀ ਮਾਂ ਪੈਦਾ ਕਰ ਦਿੱਤੀ।
ਜਦ ਦੁਨੀਆਂ ਮੂੰਹ ‘ਚ ਉਂਗਲਾਂ ਪਾਈ ਇਹ ਸਭ ਦੇਖ ਰਹੀ ਸੀ ਤਾਂ ਭਾਰਤ ਨੇ ਆਪਣੀ ਕੁਲ ਸ਼ਰਮ-ਹਯਾ ਲਾਹ ਕੇ ਆਪਣੀ ਕਰੂਰ, ਢਾਂਚਾਗਤ, ਸਮਾਜਕ ਅਤੇ ਆਰਥਕ ਨਾਬਰਾਬਰੀ ਤੇ ਦੁੱਖ-ਦਰਦ ਪ੍ਰਤੀ ਆਪਣੀ ਬੇਕਿਰਕ ਬੇਰੁਖੀ ਦਿਖਾਈ।
ਲੌਕਡਾਊਨ ਨੇ ਇਕ ਰਸਾਇਣਕ ਪ੍ਰਯੋਗ ਵਾਂਗ ਕੰਮ ਕੀਤਾ, ਜਿਸ ਨੇ ਅਚਾਨਕ ਲੁਕੀਆਂ ਹੋਈਆਂ ਚੀਜ਼ਾਂ ਨੂੰ ਉਜਾਗਰ ਕਰ ਦਿੱਤਾ। ਜਿਉਂ ਹੀ ਦੁਕਾਨਾਂ, ਰੇਸਤਰਾਂ, ਕਾਰਖਾਨੇ ਅਤੇ ਉਸਾਰੀ ਕਾਰੋਬਾਰ ਬੰਦ ਹੋਏ, ਜਿਉਂ ਹੀ ਧਨਾਢ ਤੇ ਮੱਧ ਵਰਗਾਂ ਨੇ ਖੁਦ ਨੂੰ ਮਹਿਫੂਜ਼ ਕਾਲੋਨੀਆਂ ਵਿਚ ਬੰਦ ਕਰ ਲਿਆ, ਸਾਡੇ ਸ਼ਹਿਰਾਂ ਤੇ ਮਹਾਂਨਗਰਾਂ ਨੇ ਆਪਣੇ ਕੰਮਕਾਜੀ ਵਰਗ ਦੇ ਨਾਗਰਿਕਾਂ, ਆਪਣੇ ਪਰਵਾਸੀ ਕਿਰਤੀਆਂ ਨੂੰ ਬਿਲਕੁਲ ਹੀ ਅਣਚਾਹੇ ਸਮਾਨ ਵਾਂਗ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।
ਆਪਣੇ ਰੋਜ਼ਗਾਰ-ਦਾਤਿਆਂ ਅਤੇ ਮਕਾਨ ਮਾਲਕਾਂ ਵਲੋਂ ਬਾਹਰ ਕੱਢ ਦਿੱਤੇ ਗਏ ਬਹੁਤ ਸਾਰੇ ਲਾਚਾਰ, ਲੱਖਾਂ ਗਰੀਬ, ਭੁੱਖੇ-ਤਿਹਾਏ ਲੋਕ, ਨੌਜਵਾਨ ਤੇ ਬਜੁਰਗ, ਮਰਦ, ਔਰਤਾਂ, ਬੱਚੇ, ਬਿਮਾਰ, ਅੰਨ੍ਹੇ ਤੇ ਅਪਾਹਜ ਲੋਕ, ਜਿਨ੍ਹਾਂ ਕੋਲ ਕੋਈ ਟਿਕਾਣਾ ਨਹੀਂ ਸੀ, ਜਿਨ੍ਹਾਂ ਲਈ ਕੋਈ ਜਨਤਕ ਆਵਾਜਾਈ ਸਾਧਨ ਨਹੀਂ ਸਨ, ਉਨ੍ਹਾਂ ਨੇ ਆਪਣੇ ਦੂਰ-ਦਰਾਜ਼ ਪਿੰਡਾਂ ਲਈ ਪੈਦਲ ਹੀ ਚਾਲੇ ਪਾ ਦਿੱਤੇ। ਉਹ ਸੈਂਕੜੇ ਕਿਲੋਮੀਟਰ ਦੂਰ ਬਦਾਯੂੰ, ਆਗਰਾ, ਆਜ਼ਮਗੜ੍ਹ, ਅਲੀਗੜ੍ਹ, ਲਖਨਊ, ਗੋਰਖਪੁਰ ਦੇ ਲਈ ਕਈ-ਕਈ ਦਿਨ ਪੈਦਲ ਚੱਲਦੇ ਰਹੇ। ਕੁਛ ਨੇ ਤਾਂ ਰਾਹ ਵਿਚ ਹੀ ਦਮ ਤੋੜ ਦਿੱਤਾ।
ਉਨ੍ਹਾਂ ਨੂੰ ਪਤਾ ਸੀ ਕਿ ਉਹ ਆਪਣੀ ਭੁੱਖਮਰੀ ਦੀ ਰਫਤਾਰ ਨੂੰ ਧੀਮੀ ਕਰਨ ਦੀ ਸੰਭਾਵਨਾ ਨਾਲ ਆਪਣੇ ਘਰ ਵੱਲ ਜਾ ਰਹੇ ਹਨ। ਉਹ ਇਹ ਵੀ ਜਾਣਦੇ ਸਨ ਕਿ ਸ਼ਾਇਦ ਉਹ ਆਪਣੇ ਨਾਲ ਇਹ ਵਿਸ਼ਾਣੂ ਵੀ ਲਿਜਾ ਰਹੇ ਹੋਣ, ਤੇ ਘਰ ਵਿਚ ਆਪਣੇ ਪਰਿਵਾਰਾਂ, ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਇਸ ਦੀ ਲਾਗ ਵੀ ਲਾ ਦੇਣ, ਫਿਰ ਵੀ ਉਨ੍ਹਾਂ ਨੂੰ ਚਲੋ ਪਿਆਰ ਨਾ ਸਹੀ, ਚਾਹੇ ਰਤਾ ਕੁ ਹੀ ਹੋਵੇ, ਇਕ ਜਾਣਿਆ-ਪਛਾਣਿਆ ਮਾਹੌਲ, ਆਸਰਾ ਅਤੇ ਸਵੈਮਾਣ ਨਾਲ ਖਾਣੇ ਦੀ ਸਖਤ ਲੋੜ ਸੀ।
ਜਦ ਉਨ੍ਹਾਂ ਚੱਲਣਾ ਸ਼ੁਰੂ ਕੀਤਾ ਤਾਂ ਕਾਫੀ ਲੋਕਾਂ ਨੂੰ ਪੁਲਿਸ ਨੇ ਬੇਰਹਿਮੀ ਨਾਲ ਕੁੱਟਿਆ-ਮਾਰਿਆ ਅਤੇ ਜ਼ਲੀਲ ਕੀਤਾ, ਕਿਉਂਕਿ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨ ਦਾ ਜ਼ਿੰਮਾ ਪੁਲਿਸ ਦਾ ਸੀ। ਨੌਜਵਾਨਾਂ ਨੂੰ ਰਾਜ-ਮਾਰਗਾਂ ‘ਤੇ ਰੀਂਗਣ, ਜ਼ਲੀਲ ਕਰੂ ਅੰਦਾਜ਼ ਵਿਚ ਤੇ ਡੱਡੂ ਵਾਂਗ ਛੜੱਪੇ ਮਾਰ ਕੇ ਚੱਲਣ ਲਈ ਮਜਬੂਰ ਕੀਤਾ ਗਿਆ। ਬਰੇਲੀ ਸ਼ਹਿਰ ਦੇ ਬਾਹਰ ਇਕ ਸਮੂਹ ਨੂੰ ਇਕੱਠੇ ਬਿਠਾ ਕੇ ਉਨ੍ਹਾਂ ‘ਤੇ ਕੀਟਨਾਸ਼ਕ ਦਾ ਛਿੜਕਾਅ ਕੀਤਾ ਗਿਆ।
ਕੁਝ ਦਿਨਾਂ ਪਿਛੋਂ ਇਸ ਚਿੰਤਾ ਵਿਚ ਕਿ ਪਲਾਇਨ ਕਰ ਰਹੇ ਲੋਕ ਪਿੰਡਾਂ ਵਿਚ ਵੀ ਵਿਸ਼ਾਣੂ ਫੈਲਾ ਦੇਣਗੇ, ਸਰਕਾਰ ਨੇ ਪੈਦਲ ਚੱਲਣ ਵਾਲਿਆਂ ਲਈ ਰਾਜਾਂ ਦੀਆਂ ਸਰਹੱਦਾਂ ਸੀਲ ਕਰਵਾ ਦਿੱਤੀਆਂ। ਕਈ ਦਿਨਾਂ ਤੋਂ ਪੈਦਲ ਚੱਲ ਰਹੇ ਲੋਕਾਂ ਨੂੰ ਮੋੜ ਕੇ ਉਨ੍ਹਾਂ ਹੀ ਸ਼ਹਿਰਾਂ ਕੇ ਕੈਂਪਾਂ ਵਿਚ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਗਿਆ, ਜਿਥੋਂ ਉਨ੍ਹਾਂ ਨੂੰ ਇਕਦਮ ਨਿਕਲ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਸੀ।
ਬਜੁਰਗਾਂ ਲਈ 1947 ਦੇ ਉਜਾੜੇ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਜਦ ਭਾਰਤ ਦੀ ਵੰਡ ਹੋਈ ਸੀ ਅਤੇ ਪਾਕਿਸਤਾਨ ਦਾ ਜਨਮ ਹੋਇਆ ਸੀ। ਇੰਨੀ ਕੁ ਤੁਲਨਾ ਤੋਂ ਬਿਨਾ ਇਸ ਹਿਜਰਤ ਦਾ ਸੰਚਾਲਨ ਜਮਾਤੀ ਵੰਡ ਕਰ ਰਹੀ ਸੀ, ਧਰਮ ਨਹੀਂ। ਇਸ ਸਭ ਕਾਸੇ ਦੇ ਬਾਵਜੂਦ ਇਹ ਭਾਰਤ ਦੇ ਸਭ ਤੋਂ ਗਰੀਬ ਲੋਕ ਨਹੀਂ ਸਨ। ਇਹ ਉਹ ਲੋਕ ਸਨ, ਜਿਨ੍ਹਾਂ ਕੋਲ (ਘੱਟੋ-ਘੱਟ ਹੁਣ ਤਕ) ਸ਼ਹਿਰਾਂ ਵਿਚ ਕੰਮਕਾਰ ਸੀ ਅਤੇ ਵਾਪਸ ਮੁੜਨ ਲਈ ਘਰ ਸੀ। ਬੇਰੁਜ਼ਗਾਰ ਲੋਕ ਅਤੇ ਨਿਰਾਸ਼ ਲੋਕ ਸ਼ਹਿਰਾਂ ਅਤੇ ਦਿਹਾਤ ਵਿਚ ਜਿੱਥੇ ਸਨ, ਉਥੇ ਹੀ ਰਹਿਣ ਲਈ ਮਜਬੂਰ ਸਨ, ਜਿੱਥੇ ਇਸ ਤ੍ਰਾਸਦੀ ਤੋਂ ਕਾਫੀ ਪਹਿਲਾਂ ਤੋਂ ਹੀ ਡੂੰਘਾ ਸੰਕਟ ਵਧ ਰਿਹਾ ਸੀ। ਇਨ੍ਹਾਂ ਭਿਆਨਕ ਦਿਨਾਂ ਦੌਰਾਨ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਨਤਕ ਤੌਰ ‘ਤੇ ਦ੍ਰਿਸ਼ ਤੋਂ ਪਾਸੇ ਰਿਹਾ।
ਜਦ ਦਿੱਲੀ ਤੋਂ ਪਲਾਇਨ ਸ਼ੁਰੂ ਹੋਇਆ ਤਾਂ ਮੈਂ ਇਕ ਰਸਾਲੇ, ਜਿਸ ਲਈ ਮੈਂ ਅਕਸਰ ਲਿਖਦੀ ਹਾਂ, ਉਸ ਦੇ ਪ੍ਰੈੱਸ ਪਾਸ ਦਾ ਇਸਤੇਮਾਲ ਕਰਦਿਆਂ ਮੈਂ ਗਾਜ਼ੀਪੁਰ ਗਈ, ਜੋ ਦਿੱਲੀ ਅਤੇ ਉਤਰ ਪ੍ਰਦੇਸ਼ ਸਰਹੱਦ ‘ਤੇ ਹੈ।
ਉਥੇ ਜਨਤਾ ਦਾ ਹੜ੍ਹ ਆਇਆ ਹੋਇਆ ਸੀ, ਜਿਵੇਂ ਬਾਈਬਲ ਵਿਚ ਵਰਣਨ ਕੀਤਾ ਗਿਆ ਹੈ; ਜਾਂ ਸ਼ਾਇਦ ਨਹੀਂ, ਕਿਉਂਕਿ ਬਾਈਬਲ ਐਸੀਆਂ ਸੰਖਿਆਵਾਂ ਨੂੰ ਨਹੀਂ ਜਾਣ ਸਕਦੀ ਸੀ। ਸਰੀਰਕ ਵਿੱਥ ਬਣਾਉਣ ਦੇ ਮਕਸਦ ਨਾਲ ਲਾਗੂ ਕੀਤਾ ਲੌਕਡਾਊਨ ਉਲਟ ਚੁਕਾ ਸੀ। ਸਰੀਰਕ ਨੇੜਤਾ ਐਨੀ ਸੀ, ਜੋ ਕਲਪਨਾ ਤੋਂ ਹੀ ਪਰੇ ਹੈ। ਭਾਰਤ ਦੇ ਸ਼ਹਿਰਾਂ ਅਤੇ ਕਸਬਿਆਂ ਦਾ ਸੱਚ ਵੀ ਇਹੀ ਹੈ। ਹੋ ਸਕਦਾ ਹੈ, ਮੁੱਖ ਸੜਕਾਂ ਖਾਲੀ ਹੋਣ, ਪਰ ਗਰੀਬ ਲੋਕ ਮੰਦੇਹਾਲ ਬਸਤੀਆਂ ਅਤੇ ਝੋਂਪੜਪੱਟੀਆਂ ਦੇ ਭੀੜੇ ਘੁਰਨਿਆਂ ਵਿਚ ਤੂੜੇ ਪਏ ਹਨ।
ਉਥੇ ਜਿਸ ਕਿਸੇ ਨਾਲ ਵੀ ਮੈਂ ਗੱਲ ਕੀਤੀ, ਸਾਰੇ ਵਿਸ਼ਾਣੂ ਤੋਂ ਚਿੰਤਤ ਸਨ। ਫਿਰ ਵੀ ਉਨ੍ਹਾਂ ਦੀ ਜ਼ਿੰਦਗੀ ‘ਤੇ ਮੰਡਰਾ ਰਹੀ ਬੇਰੁਜ਼ਗਾਰੀ, ਭੁੱਖਮਰੀ ਅਤੇ ਪੁਲਿਸ ਦੀ ਹਿੰਸਾ ਦੀ ਤੁਲਨਾ ਵਿਚ ਇਹ ਚਿੰਤਾ ਘੱਟ ਹਕੀਕੀ ਸੀ, ਤੇ ਇਸ ਦੀ ਮੌਜੂਦਗੀ ਥੋੜ੍ਹੀ ਸੀ। ਉਸ ਦਿਨ ਮੈਂ ਜਿੰਨੇ ਲੋਕਾਂ ਨਾਲ ਗੱਲ ਕੀਤੀ, ਉਨ੍ਹਾਂ ਵਿਚ ਮੁਸਲਿਮ ਦਰਜੀਆਂ ਦਾ ਸਮੂਹ ਵੀ ਸ਼ਾਮਲ ਸੀ, ਜੋ ਕੁਝ ਹਫਤੇ ਪਹਿਲਾਂ ਹੀ ਮੁਸਲਿਮ ਵਿਰੋਧੀ ਹਮਲਿਆਂ ਦਾ ਸ਼ਿਕਾਰ ਹੋਣ ਤੋਂ ਬਚ ਗਿਆ ਸੀ। ਉਨ੍ਹਾਂ ਵਿਚੋਂ ਇਕ ਵਿਅਕਤੀ ਦੇ ਸ਼ਬਦਾਂ ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ। ਉਹ ਰਾਮਜੀਤ ਨਾਂ ਦਾ ਲੱਕੜ ਦਾ ਮਿਸਤਰੀ ਸੀ, ਜਿਸ ਨੇ ਨੇਪਾਲ ਦੀ ਸਰਹੱਦ ਲਾਗੇ ਗੋਰਖਪੁਰ ਤਕ ਪੈਦਲ ਜਾਣ ਦੀ ਯੋਜਨਾ ਬਣਾਈ ਸੀ।
ਉਸ ਨੇ ਕਿਹਾ, “ਸ਼ਾਇਦ ਜਦ ਮੋਦੀ ਜੀ ਨੇ ਐਸਾ ਕਰਨ ਦਾ ਫੈਸਲਾ ਕੀਤਾ ਤਾਂ ਕਿਸੇ ਨੇ ਉਸ ਨੂੰ ਸਾਡੇ ਬਾਰੇ ਨਹੀਂ ਦੱਸਿਆ ਹੋਵੇਗਾ। ਸ਼ਾਇਦ ਉਹ ਸਾਡੇ ਬਾਰੇ ਜਾਣਦਾ ਹੀ ਨਾ ਹੋਵੇ।” ‘ਸਾਡੇ’ ਦਾ ਭਾਵ ਹੈ ਲਗਭਗ 46 ਕਰੋੜ ਲੋਕ।

ਇਸ ਸੰਕਟ ਵਿਚ ਭਾਰਤ ਦੀਆਂ ਰਾਜ ਸਰਕਾਰਾਂ ਨੇ (ਅਮਰੀਕਾ ਵਾਂਗ) ਬੜਾ ਦਿਲ-ਗੁਰਦਾ ਅਤੇ ਸਮਝਦਾਰੀ ਦਿਖਾਈ ਹੈ। ਟਰੇਡ ਯੂਨੀਅਨਾਂ, ਨਿੱਜੀ ਤੌਰ ‘ਤੇ ਨਾਗਰਿਕ ਅਤੇ ਹੋਰ ਸਮੂਹ ਖਾਣਾ ਅਤੇ ਸੰਕਟਕਾਲੀ ਰਾਸ਼ਨ ਇਕੱਠਾ ਕਰਕੇ ਵੰਡ ਰਹੇ ਹਨ। ਕੇਂਦਰ ਸਰਕਾਰ ਰਾਹਤ ਲਈ ਉਨ੍ਹਾਂ ਦੀਆਂ ਮਾਯੂਸੀ ਵਿਚ ਘਿਰ ਕੇ ਕੀਤੀਆਂ ਅਪੀਲਾਂ ਦਾ ਜਵਾਬ ਦੇਣ ਵਿਚ ਵੀ ਸੁਸਤ ਰਹੀ ਹੈ। ਇਹ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਰਾਹਤ ਕੋਸ਼ ਵਿਚ ਕੋਈ ਨਕਦੀ ਉਪਲਬਧ ਨਹੀਂ ਹੈ। ਇਸ ਦੀ ਥਾਂ ਸ਼ੁਭਚਿੰਤਕਾਂ ਦਾ ਪੈਸਾ ਕੁਝ ਹੱਦ ਤਕ ਨਵੇਂ ਰਹੱਸਮਈ ‘ਪੀ. ਐਮ. ਕੇਅਰ ਫੰਡ’ ਵਿਚ ਪਾਇਆ ਜਾ ਰਿਹਾ ਹੈ। ਮੋਦੀ ਦੀ ਮੂਰਤ ਵਾਲੇ ਪੈਕਟ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਆਪਣੀ ਯੋਗ-ਨਿਦਰਾ ਦੇ ਵੀਡੀਓ ਕਲਿੱਪ ਸ਼ੇਅਰ ਕੀਤੇ ਹਨ, ਜਿਨ੍ਹਾਂ ਵਿਚ ਬਦਲੇ ਹੋਏ ਰੂਪ ਵਿਚ ਐਨੀਮੇਟਿਡ ਮੋਦੀ ਇਕ ਸੁਪਨ-ਸਰੀਰ ਨਾਲ ਯੋਗ ਆਸਨ ਕਰਦੇ ਨਜ਼ਰ ਆ ਰਹੇ ਹਨ ਤਾਂ ਜੋ ਲੋਕ ਸਵੈ-ਇਕਾਂਤਵਾਸ ਦੌਰਾਨ ਆਪਣਾ ਤਣਾਓ ਘੱਟ ਕਰ ਸਕਣ। ਇਹ ਮੋਹ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਸੰਭਵ ਤੌਰ ‘ਤੇ ਉਨ੍ਹਾਂ ਵਿਚ ਇਕ ਆਸਨ, ਗੁਜ਼ਾਰਿਸ਼ ਆਸਨ, ਵੀ ਹੋ ਸਕਦਾ ਸੀ, ਜਿਸ ਵਿਚ ਮੋਦੀ ਫਰਾਂਸ ਦੇ ਪ੍ਰਧਾਨ ਮੰਤਰੀ ਨੂੰ ਗੁਜ਼ਾਰਿਸ਼ ਕਰਦੇ ਕਿ ਸਾਨੂੰ ਉਸ ਕਸ਼ਟਦਾਇਕ ਰਾਫੇਲ ਲੜਾਕੂ ਜਹਾਜ ਸੌਦੇ ਤੋਂ ਬਾਹਰ ਆਉਣ ਦੀ ਇਜਾਜ਼ਤ ਦਿਓ ਤਾਂ ਜੋ 78 ਲੱਖ ਯੂਰੋ ਦੀ ਉਸ ਰਕਮ ਨੂੰ ਅਸੀਂ ਅਤਿ-ਜ਼ਰੂਰੀ ਸੰਕਟਕਾਲੀ ਉਪਾਵਾਂ ਵਿਚ ਵਰਤ ਸਕੀਏ, ਜਿਸ ਨਾਲ ਕਈ ਲੱਖ ਭੁੱਖੇ ਲੋਕਾਂ ਦੀ ਮਦਦ ਕੀਤੀ ਜਾ ਸਕੇ। ਯਕੀਨਨ ਹੀ ਫਰਾਂਸ ਇਸ ਨੂੰ ਸਮਝੇਗਾ।
ਲੌਕਡਾਊਨ ਦੇ ਦੂਜੇ ਹਫਤੇ ਵਿਚ ਪਰਵੇਸ਼ ਕਰਨ ਤਕ ਸਪਲਾਈ-ਚੇਨਾਂ ਟੁੱਟ ਚੁਕੀਆਂ ਹਨ, ਦਵਾਈਆਂ ਅਤੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਨੂੰ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਜ਼ਾਰਾਂ ਟਰੱਕ ਡਰਾਈਵਰ ਰਾਜ-ਮਾਰਗਾਂ ‘ਤੇ ਹੁਣ ਵੀ ਬੇਸਹਾਰਾ ਫਸੇ ਹੋਏ ਹਨ, ਜਿਨ੍ਹਾਂ ਕੋਲ ਨਾ ਖਾਣਾ ਹੈ, ਨਾ ਪਾਣੀ ਹੈ। ਵਾਢੀ ਲਈ ਤਿਆਰ ਖੜ੍ਹੀਆਂ ਫਸਲਾਂ ਹੌਲੀ-ਹੌਲੀ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਹਨ।
ਆਰਥਕ ਸੰਕਟ ਤਾਂ ਹੈ ਹੀ, ਰਾਜਨੀਤਕ ਸੰਕਟ ਵੀ ਜਾਰੀ ਹੈ। ਮੁੱਖਧਾਰਾ ਦੇ ਮੀਡੀਆ ਨੇ ਆਪਣੀ 24/7 ਚੱਲਣ ਵਾਲੀ ਜ਼ਹਿਰੀਲੀ ਮੁਸਲਿਮ ਵਿਰੋਧੀ ਮੁਹਿੰਮ ਵਿਚ ‘ਕੋਵਿਡ ਦੀ ਕਥਾ’ ਵੀ ਸ਼ਾਮਲ ਕਰ ਲਈ ਹੈ। ਤਬਲੀਗੀ ਜਮਾਤ ਨਾਂ ਦੀ ਸੰਸਥਾ ਜਿਸ ਨੇ ਲੌਕਡਾਊਨ ਦੇ ਐਲਾਨ ਤੋਂ ਪਹਿਲਾਂ ਦਿੱਲੀ ਵਿਚ ਇਕੱਠ ਕੀਤਾ ਸੀ, ‘ਸੁਪਰ ਸਪਰੈੱਡਰ’ ਨਿਕਲੀ ਹੈ। ਇਸ ਦਾ ਇਸਤੇਮਾਲ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਸਮੁੱਚਾ ਸੁਰ ਐਸਾ ਹੈ, ਜਿਵੇਂ ਮੁਸਲਮਾਨਾਂ ਨੇ ਹੀ ਇਸ ਵਿਸ਼ਾਣੂ ਦੀ ਕਾਢ ਕੱਢੀ ਹੈ ਅਤੇ ਉਨ੍ਹਾਂ ਨੇ ਇਸ ਨੂੰ ਜਾਣ-ਬੁੱਝ ਕੇ ਜਹਾਦ ਦੇ ਰੂਪ ਵਿਚ ਫੈਲਾਇਆ ਹੈ।
ਅਜੇ ਕੋਵਿਡ ਦਾ ਸੰਕਟ ਆਉਣਾ ਬਾਕੀ ਹੈ, ਜਾਂ ਨਹੀਂ, ਅਸੀਂ ਨਹੀਂ ਜਾਣਦੇ। ਜੇ ਅਤੇ ਜਦ ਐਸਾ ਹੁੰਦਾ ਹੈ ਤਾਂ ਅਸੀਂ ਯਕੀਨਨ ਹੀ ਕਹਿ ਸਕਦੇ ਹਾਂ ਕਿ ਇਸ ਨਾਲ ਧਰਮ, ਜਾਤੀ ਅਤੇ ਜਮਾਤ ਦੇ ਸਾਰੇ ਪ੍ਰਚਲਿਤ ਤੁਅੱਸਬਾਂ ਦੇ ਤਹਿਤ ਹੀ ਨਜਿੱਠਿਆ ਜਾਵੇਗਾ।
ਭਾਰਤ ਦੇ ਸਰਕਾਰੀ ਹਸਪਤਾਲਾਂ ਅਤੇ ਕਲਿਨਿਕਾਂ ਵਿਚ ਤਾਂ ਹਰ ਸਾਲ 10 ਲੱਖ ਬੱਚਿਆਂ ਨੂੰ ਟੱਟੀਆਂ-ਉਲਟੀਆਂ, ਕੁਪੋਸ਼ਣ ਅਤੇ ਹੋਰ ਸਿਹਤ ਸਮੱਸਿਆਵਾਂ ਤੋਂ ਬਚਾਉਣ ਦੀ ਸਮਰੱਥਾ ਵੀ ਨਹੀਂ ਹੈ, ਜਿਸ ਕਾਰਨ ਉਹ ਦਮ ਤੋੜ ਜਾਂਦੇ ਹਨ। ਇੱਥੇ ਲੱਖਾਂ ਤਪਦਿਕ ਦੇ ਮਰੀਜ਼ (ਦੁਨੀਆਂ ਦਾ ਚੌਥਾ ਹਿੱਸਾ) ਹਨ। ਇੱਥੇ ਭਾਰੀ ਤਾਦਾਦ ‘ਚ ਲੋਕ ਖੂਨ ਦੀ ਕਮੀ ਅਤੇ ਕੁਪੋਸ਼ਣ ਨਾਲ ਗ੍ਰਸਤ ਹਨ, ਜਿਸ ਕਾਰਨ ਕੋਈ ਵੀ ਮਾਮੂਲੀ ਬਿਮਾਰੀ ਉਨ੍ਹਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਜਿਸ ਤਰ੍ਹਾਂ ਦੇ ਵਿਸ਼ਾਣੂ ਸੰਕਟ ਨਾਲ ਹੁਣ ਅਮਰੀਕਾ ਅਤੇ ਯੂਰਪ ਜੂਝ ਰਹੇ ਹਨ, ਉਸ ਪੈਮਾਨੇ ਦੇ ਸੰਕਟ ਨਾਲ ਨਜਿੱਠ ਸਕਣ ਦੀ ਸਮਰੱਥਾ ਸਾਡੇ ਸਰਕਾਰੀ ਹਸਪਤਾਲਾਂ ਅਤੇ ਕਲਿਨਿਕਾਂ ਵਿਚ ਨਹੀਂ ਹੈ।
ਹਸਪਤਾਲ ਹੁਣ ਕਿਉਂਕਿ ਕਰੋਨਾ ਨਾਲ ਨਜਿੱਠਣ ਵਿਚ ਲਾ ਦਿੱਤੇ ਗਏ ਹਨ, ਇਸ ਵਕਤ ਘੱਟੋ-ਘੱਟ ਤਮਾਮ ਸਿਹਤ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਦਿੱਲੀ ਦੇ ਮਸ਼ਹੂਰ ਏਮਸ (ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇਸਿੰਜ਼) ਦਾ ਟਰੌਮਾ ਸੈਂਟਰ ਬੰਦ ਕਰ ਦਿੱਤਾ ਗਿਆ ਹੈ। ਸੈਂਕੜੇ ਕੈਂਸਰ ਦੇ ਰੋਗੀ, ਜਿਨ੍ਹਾਂ ਨੂੰ ਕੈਂਸਰ ਸ਼ਰਨਾਰਥੀ ਕਿਹਾ ਜਾਂਦਾ ਹੈ, ਤੇ ਜੋ ਉਸ ਵਿਸ਼ਾਲ ਹਸਪਤਾਲ ਦੇ ਬਾਹਰ ਦੀਆਂ ਸੜਕਾਂ ‘ਤੇ ਹੀ ਪਏ ਰਹਿੰਦੇ ਹਨ, ਉਨ੍ਹਾਂ ਨੂੰ ਜਾਨਵਰਾਂ ਵਾਂਗ ਉਥੋਂ ਖਦੇੜ ਦਿੱਤਾ ਗਿਆ ਹੈ।
ਲੋਕ ਬਿਮਾਰ ਹੋ ਜਾਣਗੇ ਅਤੇ ਘਰ ਵਿਚ ਹੀ ਮਰ ਜਾਣਗੇ। ਅਸੀਂ ਉਨ੍ਹਾਂ ਦੀਆਂ ਕਹਾਣੀਆਂ ਕਦੇ ਵੀ ਜਾਣ ਨਹੀਂ ਸਕਾਂਗੇ। ਹੋ ਸਕਦਾ ਹੈ ਕਿ ਉਹ ਕਦੇ ਵੀ ਅੰਕੜਿਆਂ ਵਿਚ ਨਾ ਆਉਣ। ਅਸੀਂ ਸਿਰਫ ਇਹ ਉਮੀਦ ਕਰ ਸਕਦੇ ਹਾਂ ਕਿ ਐਸੇ ਅਧਿਐਨ ਸਹੀ ਹੋਣ, ਜੋ ਕਹਿ ਰਹੇ ਹਨ ਕਿ ਇਸ ਵਿਸ਼ਾਣੂ ਨੂੰ ਠੰਢਾ ਮੌਸਮ ਪਸੰਦ ਹੈ (ਹਾਲਾਂਕਿ ਹੋਰ ਖੋਜਕਰਤਾਵਾਂ ਨੇ ਇਸ ‘ਤੇ ਸ਼ੱਕ ਜਾਹਰ ਕੀਤਾ ਹੈ)। ਸਾਡੇ ਲੋਕਾਂ ਨੇ ਇਸ ਤੋਂ ਪਹਿਲਾਂ ਕਦੇ ਐਨੇ ਤਰਕਹੀਣ ਤਰੀਕੇ ਨਾਲ ਅਤੇ ਐਨੀ ਤੀਬਰ ਲਾਲਸਾ ਨਾਲ ਭਾਰਤ ਦੀ ਲੂਹ ਦੇਣ ਵਾਲੀ ਅਤੇ ਪ੍ਰੇਸ਼ਾਨ ਕਰ ਦੇਣ ਵਾਲੀ ਹੁਨਾਲ ਦੀ ਰੁੱਤ ਦੀ ਉਡੀਕ ਨਹੀਂ ਕੀਤੀ ਹੈ।
ਸਾਡੇ ਨਾਲ ਇਹ ਕੀ ਵਾਪਰਿਆ ਹੈ? ਇਹ ਇਕ ਵਿਸ਼ਾਣੂ ਹੈ। ਹਾਂ ਹੈ। ਇਸ ਇੰਨੀ ਕੁ ਗੱਲ ਵਿਚ ਕੋਈ ਨੈਤਿਕ ਗਿਆਨ ਤਾਂ ਸ਼ਾਮਲ ਨਹੀਂ ਹੈ; ਪਰ ਨਿਸ਼ਚੇ ਹੀ ਇਹ ਵਿਸ਼ਾਣੂ ਤੋਂ ਕੁਝ ਵਧੇਰੇ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸਾਨੂੰ ਹੋਸ਼ ਵਿਚ ਲਿਆਉਣ ਦਾ ਕੁਦਰਤ ਦਾ ਤਰੀਕਾ ਹੈ। ਹੋਰਨਾਂ ਦਾ ਕਹਿਣਾ ਹੈ ਕਿ ਇਹ ਦੁਨੀਆਂ ‘ਤੇ ਕਬਜ਼ਾ ਕਰਨ ਦੀ ਚੀਨ ਦੀ ਸਾਜ਼ਿਸ਼ ਹੈ। ਚਾਹੇ ਕੁਝ ਵੀ ਹੋਵੇ, ਕਰੋਨਾ ਵਾਇਰਸ ਨੇ ਜ਼ੋਰਾਵਰਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਦੁਨੀਆਂ ਨੂੰ ਇਕ ਐਸੀ ਖੜੋਤ ‘ਤੇ ਲਿਆ ਖੜ੍ਹਾ ਕੀਤਾ ਹੈ, ਜਿਸ ਤਰ੍ਹਾਂ ਦਾ ਇਸ ਤੋਂ ਪਹਿਲਾਂ ਕੋਈ ਚੀਜ਼ ਨਹੀਂ ਕਰ ਸਕੀ ਸੀ।
ਸਾਡੇ ਦਿਮਾਗ ਅਜੇ ਵੀ ਤੇਜ਼ੀ ਨਾਲ ਅੱਗੇ-ਪਿੱਛੇ ਵੱਲ ਦੌੜ ਰਹੇ ਹਨ ਅਤੇ ‘ਸਹਿਜ ਹਾਲਤ’ ਵਿਚ ਆਉਣ ਲਈ ਤਾਂਘ ਰਹੇ ਹਨ, ਤੇ ਭਵਿਖ ਨੂੰ ਅਤੀਤ ਦੇ ਨਾਲ ਸਿਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਇਹ ਵਿਚਕਾਰਲੀ ਦਰਾੜ ਦਾ ਨੋਟਿਸ ਲੈਣ ਤੋਂ ਇਨਕਾਰੀ ਹਨ, ਪਰ ਇਹ ਦਰਾੜ ਤਾਂ ਹਕੀਕੀ ਤੌਰ ‘ਤੇ ਮੌਜੂਦ ਹੈ ਅਤੇ ਇਸ ਘੋਰ ਮਾਯੂਸੀ ਦੌਰਾਨ ਹੀ ਇਹ ਸਾਨੂੰ ਇਕ ਮੌਕਾ ਦੇ ਰਹੀ ਹੈ ਕਿ ਅਸੀਂ ਆਪਣੇ ਲਈ, ਜੋ ਇਹ ਵਿਨਾਸ਼ਕਾਰੀ ਮਸ਼ੀਨ ਬਣਾਈ ਹੈ, ਉਸ ‘ਤੇ ਮੁੜ ਵਿਚਾਰ ਕਰ ਸਕੀਏ। ਸਹਿਜ ਹਾਲਤ ਵਿਚ ਪਰਤਣ ਤੋਂ ਵੱਧ ਬੁਰਾ ਹੋਰ ਕੁਝ ਨਹੀਂ ਹੋ ਸਕਦਾ।
ਇਤਿਹਾਸਕ ਤੌਰ ‘ਤੇ ਆਲਮੀ ਮਹਾਮਾਰੀਆਂ ਨੇ ਇਨਸਾਨਾਂ ਨੂੰ ਸਦਾ ਅਤੀਤ ਨਾਲੋਂ ਨਾਤਾ ਤੋੜਨ ਅਤੇ ਆਪਣੇ ਲਈ ਅਸਲੋਂ ਹੀ ਨਵੀਂ ਦੁਨੀਆਂ ਦੀ ਕਲਪਨਾ ਕਰਨ ਨੂੰ ਮਜਬੂਰ ਕੀਤਾ ਹੈ। ਇਹ ਮਹਾਮਾਰੀ ਵੀ ਉਸੇ ਤਰ੍ਹਾਂ ਦੀ ਹੈ। ਇਹ ਇਸ ਦੁਨੀਆਂ ਅਤੇ ਅਗਲੀ ਦੁਨੀਆਂ ਦਰਮਿਆਨ ਦਾ ਮਾਰਗ, ਪ੍ਰਵੇਸ਼ ਦੁਆਰ ਹੈ। ਅਸੀਂ ਚਾਹੀਏ ਤਾਂ ਆਪਣੇ ਤੁਅੱਸਬਾਂ ਅਤੇ ਨਫਰਤਾਂ, ਆਪਣੇ ਲੋਭ, ਆਪਣੇ ਡੈਟਾ ਬੈਂਕਾਂ ਅਤੇ ਮੁਰਦਾ ਵਿਚਾਰਾਂ, ਆਪਣੀ ਮ੍ਰਿਤਕ ਨਦੀਆਂ ਅਤੇ ਧੂੰਏ ਭਰੇ ਅੰਬਰਾਂ ਦੀਆਂ ਲਾਸ਼ਾਂ ਨੂੰ ਆਪਣੇ ਮਗਰ ਘੜੀਸਦਿਆਂ ਇਸ ਵਿਚ ਪ੍ਰਵੇਸ਼ ਕਰ ਸਕਦੇ ਹਾਂ; ਜਾਂ ਅਸੀਂ ਹਲਕੇ-ਫੁਲਕੇ ਅੰਦਾਜ਼ ਨਾਲ ਅਤੀਤ ਦਾ ਕੋਈ ਬੋਝ ਢੋਏ ਬਿਨਾ ਹੀ ਨਵੀਂ ਦੁਨੀਆਂ ਦੀ ਕਲਪਨਾ ਕਰ ਸਕਦੇ ਹਾਂ ਅਤੇ ਉਸ ਲਈ ਸੰਘਰਸ਼ ਦੀ ਤਿਆਰੀ ਕਰ ਸਕਦੇ ਹਾਂ।