ਪਾਕਿਸਤਾਨ ‘ਚ ਮਹਿਮਾਨ ਨਿਵਾਜੀ ਦਾ ਅਨੰਦ

-ਪਾਕਿਸਤਾਨ ਯਾਤਰਾ-
ਡਾ. ਗੁਰਨਾਮ ਕੌਰ, ਕੈਨੇਡਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਲਾਹੌਰ ਵਿਖੇ ਜਨਾਬ ਫਖਰ ਜ਼ਮਾਨ ਵੱਲੋਂ ਵਿਉਂਤੀ ਗਈ ਵਿਸ਼ਵ ਪੰਜਾਬੀ ਕਾਨਫਰੰਸ 14 ਫਰਵਰੀ ਨੂੰ ਸ਼ੁਰੂ ਹੋਣੀ ਸੀ, ਜਿਸ ਵਿਚ ਹਿੱਸਾ ਲੈਣ ਲਈ ਪੰਜਾਬ ਤੋਂ ਵੱਡੀ ਗਿਣਤੀ ਵਿਚ ਕਰੀਬ 39 ਵਿਦਵਾਨ, ਲੇਖਕ, ਕਵੀ ਅਤੇ ਪੱਤਰਕਾਰਾਂ ਨੇ 13 ਫਰਵਰੀ ਨੂੰ ਅਟਾਰੀ ਇਕੱਠੇ ਹੋਣਾ ਸੀ ਤੇ ਵਾਘਾ ਬਾਰਡਰ ਰਾਹੀਂ ਲਾਹੌਰ ਪਹੁੰਚਣਾ ਸੀ| ਹਰਜੀਤ ਸਿੰਘ ਗਿੱਲ ਨੇ ਇਥੋਂ ਕੈਨੇਡਾ ਤੋਂ ਹੀ ਸਲਾਹ ਕਰ ਰੱਖੀ ਸੀ ਕਿ ਉਸ ਦਿਨ ਬਾਰਡਰ ‘ਤੇ ਹੋਣ ਵਾਲੀ ਦੇਰੀ ਤੋਂ ਬਚਣ ਲਈ ਅਸੀਂ 14 ਫਰਵਰੀ ਨੂੰ ਹੀ ਜਾਵਾਂਗੇ| ਇਸ ਲਈ ਮੈਂ 12 ਫਰਵਰੀ ਨੂੰ ਅਰਾਮ ਕਰਨ ਪਿਛੋਂ 13 ਫਰਵਰੀ ਨੂੰ ਜੁਗਰਾਜ ਸਿੰਘ ਨੂੰ ਨਾਲ ਲੈ ਕੇ ਗਿੱਲ ਪਰਿਵਾਰ ਕੋਲ ਅੰਮ੍ਰਿਤਸਰ ਦੇ ਰਣਜੀਤ ਅਵੈਨਿਉ ਪਹੁੰਚਣ ਦਾ ਮਨ ਬਣਾਇਆ| ਅੰਮ੍ਰਿਤਸਰ ਦਾ ਇਹ ਇਲਾਕਾ ਏਅਰਪੋਰਟ ਵਾਲੀ ਸੜਕ ‘ਤੇ ਹੀ ਪੈਂਦਾ ਹੈ| ਸਾਡੇ ਕੋਲ ਘਰ ਦਾ ਪਤਾ ਸੀ, ਪਰ ਜਦੋਂ ਹਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹ ਸਾਨੂੰ ਲੈਣ ਲਈ ਮੁੱਖ ਸੜਕ ‘ਤੇ ਆ ਗਏ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ|

ਖੈਰ! ਜੁਗਰਾਜ ਨਾਲ ਉਸ ਦਾ ਦੋਸਤ ਵੀ ਆਇਆ ਸੀ, ਜੋ ਰੋਟੀ-ਪਾਣੀ ਛਕ ਕੇ ਵਾਪਸ ਪਿੰਡ ਨੂੰ ਚਲੇ ਗਏ| ਗਿੱਲ ਪਰਿਵਾਰ ਨੇ ਮਹਿਮਾਨ ਨਿਵਾਜ਼ੀ ਕਰਦਿਆਂ ਰਾਤ ਦਾ ਖਾਣਾ ਬਾਹਰ ਰੈਸਟੋਰੈਂਟ ਵਿਚ ਖੁਆਇਆ| 14 ਫਰਵਰੀ ਨੂੰ ਸਵੇਰੇ ਅੱਠ ਕੁ ਵਜੇ ਅਟਾਰੀ ਬਾਰਡਰ ਵੱਲ ਜਾਣ ਦੀ ਵਿਉਂਤ ਸੀ, ਪਰ ਨਿਕਲਦਿਆਂ 9 ਕੁ ਵੱਜ ਗਏ; ਉਂਜ ਵੀ ਅਟਾਰੀ ਦਾ ਰਸਤਾ ਉਨ੍ਹਾਂ ਦੇ ਘਰ ਤੋਂ ਮਸਾਂ ਪੰਜ-ਦਸ ਮਿੰਟ ਦਾ ਹੀ ਹੈ| ਮੇਰੇ ਮਨ ਵਿਚ ਸੀ ਕਿ ਯਾਤਰੀਆਂ ਦੀ ਭੀੜ ਤਾਂ ਕੱਲ੍ਹ ਲੰਘ ਗਈ ਸੀ ਅਤੇ ਅੱਜ ਸਾਨੂੰ ਬਹੁਤਾ ਸਮਾਂ ਨਹੀਂ ਲੱਗੇਗਾ, ਪਰ ਹੋਇਆ ਬਿਲਕੁਲ ਉਲਟ| ਕਿਸੇ ਵੱਡੇ ਏਅਰਪੋਰਟ ‘ਤੇ ਵੀ, ਜਿੱਥੇ ਮੁਸਾਫਰਾਂ ਦੀ ਕਾਫੀ ਭੀੜ ਹੁੰਦੀ ਹੈ, ਕਸਟਮ ਜਾਂ ਇਮੀਗਰੇਸ਼ਨ ਚੈਕ ਵਿਚੋਂ ਲੰਘਦਿਆ ਏਨਾ ਸਮਾਂ ਨਹੀਂ ਲੱਗਦਾ, ਜਿੰਨਾ ਅਟਾਰੀ ਬਾਰਡਰ ‘ਤੇ ਇਸ ਸਾਰੇ ਅਮਲ ਵਿਚੋਂ ਲੰਘਦਿਆਂ ਲੱਗਾ| ਹਿੰਦੁਸਤਾਨ ਵਾਲੇ ਪਾਸੇ ਪਹਿਲਾਂ ਪਾਸਪੋਰਟ ਦੇਖ ਕੇ ਗੱਡੀ ਅੰਦਰ ਤੱਕ ਜਾਣ ਦਿਤੀ| ਫਿਰ ਅੱਗੇ ਗੇਟ ਦਾਖਲ ਹੋਣ ਲੱਗਿਆਂ ਬਾਰਡਰ ਸਿਕਿਉਰਿਟੀ ਫੋਰਸ ਦੇ ਡਿਊਟੀ ‘ਤੇ ਤਾਇਨਾਤ ਜੁਆਨ ਨੇ ਪਾਸਪੋਰਟ ਦੇਖੇ| ਉਸ ਪਿਛੋਂ ਇਮੀਗਰੇਸ਼ਨ ਕੇਂਦਰ ‘ਤੇ ਕਿੰਨਾ ਹੀ ਸਮਾਂ ਲੱਗ ਗਿਆ|
ਉਸ ਉਪਰੰਤ ਪੋਲੀਓ ਦੀ ਦੁਆਈ ਦੀਆਂ ਬੂੰਦਾਂ ਪਿਲਾਈਆਂ ਗਈਆਂ, ਜਿਨ੍ਹਾਂ ਦੇ ਪਿਆਉਣ ਦੇ ‘ਸਲੀਕੇ’ ਤੋਂ ਜਾਪਦਾ ਸੀ ਕਿ ਜੇ ਪੋਲੀਓ ਨਾ ਵੀ ਹੋਣਾ ਹੋਇਆ ਤਾਂ ਵੀ ਜ਼ਰੂਰ ਹੋ ਜਾਵੇਗਾ। ਇਹ ਚੌਥੀ ਥਾਂ ਸੀ, ਜਿੱਥੇ ਪਾਸਪੋਰਟ ਫਿਰ ਚੈਕ ਹੋਏ| ਇਸ ਤੋਂ ਅੱਗੇ ਕਸਟਮ ਦੀ ਵਾਰੀ ਆਈ| ਉਥੇ ਲੱਗੀਆਂ ਕੁਰਸੀਆਂ ‘ਤੇ ਬੈਠੇ ਅਕੇਵਾਂ ਹੋਣ ਲੱਗ ਪਿਆ ਕਿ ਕਦੋਂ ਸਮਾਨ ਨੂੰ ਸਿਕਿਉਰਿਟੀ ਚੈਕ ਵਿਚੋਂ ਲੰਘਾਉਣਗੇ! ਇਸ ਦੌਰਾਨ ਹੀ ਪਾਕਿਸਤਾਨੀ ਕਰੰਸੀ ਵਟਾਉਣ ਲਈ ਗਏ, ਜੋ ਬਹੁਤ ਥੋੜੀ ਮਾਤਰਾ ਵਿਚ ਹੀ ਪ੍ਰਾਪਤ ਸੀ| ਸਾਨੂੰ ਅਮਰੀਕੀ ਡਾਲਰ ਹੀ ਲੈਣੇ ਪਏ, ਕੁਦਰਤੀ ਹੈ ਕਿ ਇਥੇ ਵੀ ਪਾਸਪੋਰਟਾਂ ਅਨੁਸਾਰ ਹੀ ਬਦਲਵੀ ਕਰੰਸੀ ਮਿਲਣੀ ਸੀ| ਸਮਾਨ ਮਸ਼ੀਨ ਰਾਹੀਂ ਲੰਘਾਉਣ ਪਿਛੋਂ ਕਸਟਮ ਅਧਿਕਾਰੀਆਂ ਨੇ ਪਾਸਪੋਰਟ ਚੈਕ ਕਰਕੇ ਸੂਟਕੇਸ ਖੋਲ੍ਹ ਕੇ ਇੱਕ ਇੱਕ ਸਮਾਨ ਫੋਲ ਕੇ ਦੇਖਿਆ| ਫਿਰ ਕਿਤੇ ਜਾ ਕੇ ਬੱਸ ਵਿਚ ਬੈਠ ਕੇ ਪਾਕਿਸਤਾਨ ਵਾਲੇ ਪਾਸੇ ਜਾਣ ਲਈ ਚਾਲੇ ਪਾਏ|
ਬੱਸ ਤੋਂ ਉਤਰ ਕੇ ਪਾਕਿਸਤਾਨ ਵਾਲੇ ਪਾਸੇ ਦਾਖਲ ਹੋਣ ਤੋਂ ਪਹਿਲਾਂ ਭਾਰਤ ਵਾਲੇ ਪਾਸੇ ਖੜ੍ਹੇ ਸੰਤਰੀ ਨੇ ਫਿਰ ਪਾਸਪੋਰਟ ਦੇਖੇ| ਕੁਦਰਤੀ ਗੱਲ ਹੈ ਕਿ ਪਾਕਿਸਤਾਨ ਵਾਲੇ ਪਾਸੇ ਦਾਖਲ ਹੋਣ ਵੇਲੇ ਉਨ੍ਹਾਂ ਵੀ ਪਾਸਪੋਰਟ ਦੇਖਣੇ ਹੀ ਦੇਖਣੇ ਸਨ, ਪਰ ਸ਼ੁਕਰ ਹੋਇਆ ਕਿ ਉਨ੍ਹਾਂ ਨੇ ਇਮੀਗਰੇਸ਼ਨ ਅਤੇ ਕਸਟਮ ਚੈਕ ਤੇ ਪਾਸਪੋਰਟ ਦੇਖ ਕੇ ਸਾਨੂੰ ਅੱਗੇ ਤੋਰ ਦਿੱਤਾ। ਗੇਟ ਤੋਂ ਬਾਹਰ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਹਰ ਇੱਕ ਦੇ ਨਾਮ ਅਤੇ ਪਾਸਪੋਰਟ ਨੰਬਰ ਇੱਕ ਰਜਿਸਟਰ ਵਿਚ ਲਿਖੇ ਤੇ ਸਾਨੂੰ ਸ਼ੁਭ ਇਛਾਵਾਂ ਦਿੱਤੀਆਂ| ਇਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਪਾਕਿਸਤਾਨੀ ਅਧਿਕਾਰੀ ਬੜੇ ਖਿੜੇ ਮੱਥੇ ਖੁਸ਼ਆਮਦੀਦ ਕਹਿੰਦੇ ਹਨ| ਆਮ ਤੌਰ ‘ਤੇ ਇਨ੍ਹਾਂ ਸਾਰੀਆਂ ਨਿਯਮਾਵਲੀਆਂ ਵਿਚੋਂ ਗੁਜ਼ਰਨ ਤੋਂ ਬਾਅਦ ਕਾਫੀ ਰਸਤਾ ਪੈਦਲ ਤੁਰ ਕੇ ਬਾਹਰ ਆਉਣਾ ਪੈਂਦਾ ਹੈ, ਕਿਉਂਕਿ ਕੋਈ ਵੀ ਵਾਹਨ ਅੰਦਰ ਲੈ ਜਾਣ ਦੀ ਆਗਿਆ ਨਹੀਂ ਹੈ| ਉਨ੍ਹਾਂ ਨੇ ਕੋਈ ਸਾਡਾ ਸਮਾਨ ਨਹੀਂ ਫੋਲਿਆ ਬੱਸ ਏਨਾ ਕੁ ਪੁੱਛਿਆ ਕਿ ਕਿਸੇ ਕੋਲ ‘ਸ਼ਰਾਬ’ ਨਾ ਹੋਵੇ, ਜਿਸ ਦਾ ਸੁਆਲ ਹੀ ਪੈਦਾ ਨਹੀਂ ਸੀ ਹੁੰਦਾ| ਸਾਡੇ ਲੋਕ ਕਈ ਵਾਰ ਮਨਾਹੀ ਹੋਣ ਦੇ ਬਾਵਜੂਦ ਲੈ ਜਾਂਦੇ ਹਨ, ਜੋ ਉਥੇ ਹੀ ਰਖਵਾ ਲਈ ਜਾਂਦੀ ਹੈ|
ਇੰਜੀਨੀਅਰ ਹਰਜੀਤ ਸਿੰਘ ਗਿੱਲ ਆਪਣੀ ਪਤਨੀ ਨਾਲ ਪਹਿਲਾਂ ਵੀ ਪੰਜ ਜਾਣਿਆਂ ਦੀ ਟੋਲੀ ਵਿਚ ਪਾਕਿਸਤਾਨ ਹੋ ਆਏ ਸਨ, ਜਿਸ ਕਰਕੇ ਉਨ੍ਹਾਂ ਦੀ ਜਨਾਬ ਸ਼ਾਹਿਦ ਇਕਬਾਲ ਨਾਲ ਚੰਗੀ ਦੋਸਤੀ ਹੈ| ਵੈਸੇ ਵੀ ਮੀਡੀਆ ਨਾਲ ਲਗਾਤਾਰ ਜੁੜੇ ਹੋਣ ਕਰਕੇ ਪਾਕਿਸਤਾਨ ਤੋਂ ਆਏ ਲੇਖਕਾਂ, ਕਵੀਆਂ, ਅਦੀਬਾਂ ਨਾਲ ਉਨ੍ਹਾਂ ਦੀ ਮੁਲਾਕਾਤ ਅਕਸਰ ਹੁੰਦੀ ਰਹਿੰਦੀ ਹੈ| 2015 ਦੀ ਫੇਰੀ ਵੇਲੇ ਡਾ. ਸ਼ਾਹਿਦ ਇਕਬਾਲ ਨੇ ਆਪਣੇ ਵਿਭਾਗ ਤੋਂ ਇਕ ਵਿਦਿਆਰਥੀ ਅਨੀਸ ਨੂੰ ਸ਼ ਗਿੱਲ ਦੀ ਗੁਜਾਰਿਸ਼ ‘ਤੇ ਨਨਕਾਣਾ ਸਾਹਿਬ, ਪੰਜਾ ਸਾਹਿਬ ਦੀ ਯਾਤਰਾ ‘ਤੇ ਅਗਵਾਈ ਕਰਨ ਲਈ ਤੋਰ ਦਿਤਾ ਸੀ| ਇਸ ਪਿੱਛੋਂ ਅਨੀਸ ਦਾ ਉਨ੍ਹਾਂ ਦੇ ਪਰਿਵਾਰ ਨਾਲ ਘਰ ਦੇ ਜੀਅ ਵਾਂਗ ਹੀ ਪਿਆਰ-ਮੁਹੱਬਤ ਵਾਲਾ ਰਿਸ਼ਤਾ ਬਣ ਗਿਆ| ਉਦੋਂ ਅਨੀਸ ਇਰਾਨ ਦੀ ਕਿਸੇ ਯੂਨੀਵਰਸਿਟੀ ਤੋਂ ਪਰਸ਼ੀਅਨ ਵਿਚ ਪੀਐਚ.ਡੀ. ਕਰ ਰਿਹਾ ਸੀ, ਜਿਸ ਦਾ ਕੁਝ ਦਿਨਾਂ ਵਿਚ ਹੀ ਵਾਈਵਾ ਹੋਣ ਵਾਲਾ ਸੀ। ਸੋ ਉਸ ਦਾ ਪਾਕਿਸਤਾਨ ਪਹੁੰਚਣਾ ਮੁਮਕਿਨ ਨਹੀਂ ਸੀ|
ਹਰਜੀਤ ਸਿੰਘ ਦੇ ਕਹਿਣ ‘ਤੇ ਉਸ ਨੇ ਆਪਣੇ ਯੂਨੀਵਰਸਿਟੀ ਵਿਚ ਦੋਸਤ ਰਹੇ ਸਲਮਾਨ ਸੰਧੂ ਨੂੰ ਕਿਹਾ ਕਿ ਉਹ ਕਿਰਾਏ ‘ਤੇ ਰਿਹਾਇਸ਼ ਅਤੇ ਗੱਡੀ ਦਾ ਪ੍ਰਬੰਧ ਕਰ ਦੇਵੇ| ਸਲਮਾਨ ਗੱਡੀ ਲੈ ਕੇ ਸਾਨੂੰ ਲੈਣ ਲਈ ਪਹੁੰਚਿਆ ਹੋਇਆ ਸੀ ਅਤੇ ਖਾਸ ਆਗਿਆ ਲੈ ਕੇ ਗੱਡੀ ਅੰਦਰ ਹੀ ਲੈ ਆਇਆ ਸੀ, ਜਿਸ ਕਰਕੇ ਸਾਨੂੰ ਬਹੁਤੀ ਦੂਰ ਤੱਕ ਤੁਰ ਕੇ ਨਹੀਂ ਜਾਣਾ ਪਿਆ| ਸਲਮਾਨ ਬਹੁਤ ਹੀ ਖਲੂਸ ਨਾਲ ਸਾਨੂੰ ਮਿਲਿਆ ਅਤੇ ਨਾਲ ਹੀ ਉਸ ਨੇ ਹਰਜੀਤ ਸਿੰਘ ਨੂੰ ਕਿਹਾ ਕਿ ਉਸ ਨੂੰ ਵੀ ਅਨੀਸ ਹੀ ਸਮਝ ਲਿਆ ਜਾਵੇ| ਸਾਡੀ ਆਪਣੇ ਪਾਕਿਸਤਾਨੀ ਮੇਜ਼ਬਾਨ ਨਾਲ ਇਹ ਮਿਲਣੀ ਬਹੁਤ ਖੁਸ਼ਗਵਾਰ ਹੋ ਨਿਬੜੀ|
ਸਲਮਾਨ ਨੇ ਪਹਿਲਾਂ ਹੀ ਫੋਨ ‘ਤੇ ਦਸਿਆ ਹੋਇਆ ਸੀ ਕਿ ਸਭ ਤੋਂ ਪਹਿਲਾਂ ਉਹ ਸਾਨੂੰ ਬੇਬੇ ਨਾਨਕੀ (ਪਹਿਲੇ ਸਮਿਆਂ ਵਿਚ ਵੱਡੀਆਂ ਭੈਣਾਂ ਨੂੰ ‘ਬੇਬੇ’ ਕਹਿੰਦੇ ਸੀ) ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੈ ਕੇ ਜਾਵੇਗਾ, ਜੋ ਪਿੰਡ ਡੇਰਾ ਚਾਹਲ ਵਿਚ ਸਥਾਪਤ ਹੈ| ਨਾਲ ਹੀ ਉਸ ਦਾ ਇਹ ਵੀ ਕਹਿਣਾ ਸੀ ਕਿ ਬਹੁਤ ਘੱਟ ਲੋਕਾਂ ਨੂੰ ਬੇਬੇ ਨਾਨਕੀ ਦੇ ਗੁਰਦੁਆਰੇ ਦਾ ਪਤਾ ਹੈ ਅਤੇ ਇਥੇ ਆਮ ਤੌਰ ‘ਤੇ ਯਾਤਰੀ ਘੱਟ ਹੀ ਆਉਂਦੇ ਹਨ| ਇਸ ਤਰ੍ਹਾਂ ਅਸੀਂ ਅਟਾਰੀ ਤੋਂ ਵਾਘੇ ਹੁੰਦਿਆਂ ਅੱਗੇ ਚੱਲ ਪਏ|
ਪਿੰਡ ਡੇਰਾ ਚਾਹਲ ਲਾਹੌਰ ਜਿਲੇ ਵਿਚ ਠਾਣਾ ਬਰਕੀ ਅਧੀਨ ਆਉਂਦਾ ਹੈ| ਲਾਹੌਰ ਤੋਂ ਘਵਿੰਡੀ ਨੂੰ ਜਾਂਦਿਆਂ 35 ਕਿਲੋਮੀਟਰ ਦੂਰ ਹੈ| ਇਹ ਪਿੰਡ ਬੇਦੀਆਂ ਰੋਡ ‘ਤੇ ਹੈ, ਜੋ ਕਿਸੇ ਵੇਲੇ ਲਾਹੌਰ ਨੂੰ ਅੰਮ੍ਰਿਤਸਰ ਨਾਲ ਜੋੜਦੀ ਸੀ| ਪਹਿਲਾਂ ਇਹ ਪਿੰਡ ਲਾਹੌਰ ਸ਼ਹਿਰ ਦੀ ਚਹਿਲ-ਪਹਿਲ ਤੋਂ ਦੂਰ ਸੀ, ਪਰ ‘ਡਿਫੈਂਸ ਹਾਊਸਿੰਗ ਅਥਾਰਟੀ’ ਰਾਹੀਂ ਲਾਹੌਰ ਸ਼ਹਿਰ ਡੇਰਾ ਚਾਹਲ ਦੀ ਖੇਤੀਬਾੜੀ ਵਾਲੀ ਜ਼ਮੀਨ ਅਤੇ ਆਸ-ਪਾਸ ਦੇ ਹੋਰ ਪਿੰਡਾਂ ਦੀ ਖੇਤੀਬਾੜੀ ਵਾਲੀ ਜ਼ਮੀਨ ‘ਤੇ ਫੈਲ ਗਿਆ ਹੈ| ਇਥੇ ਜਗਤ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ, ਜਿਸ ਨੂੰ ਬੇਬੇ ਨਾਨਕੀ ਦਾ ਜਨਮ ਸਥਾਨ ਕਿਹਾ ਜਾਂਦਾ ਹੈ| ਮੰਨਿਆ ਜਾਂਦਾ ਹੈ ਕਿ ਡੇਰਾ ਚਾਹਲ ਵਿਖੇ ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਘਰ ਸੰਮਤ 1524 ਨੂੰ ਹੋਇਆ ਸੀ| ਪਹਿਲੇ ਸਮਿਆਂ ਵਿਚ ਪੰਜਾਬ ਦੀ ਇਹ ਪਰੰਪਰਾ ਰਹੀ ਹੈ ਕਿ ਜੇਠੇ ਬੱਚੇ ਦਾ ਜਨਮ ਉਸ ਦੇ ਨਾਨਕੇ ਘਰ ਹੀ ਹੁੰਦਾ ਸੀ| ਨਾਨਕੇ ਪਿੰਡ ਪੈਦਾ ਹੋਣ ਕਰਕੇ ਹੀ ਸ਼ਾਇਦ ਉਨ੍ਹਾਂ ਦਾ ਨਾਂ ‘ਨਾਨਕੀ’ ਰੱਖਿਆ ਗਿਆ ਹੋਵੇਗਾ| ਨਾਨਕੇ ਹੋਣ ਕਰਕੇ ਗੁਰੂ ਨਾਨਕ ਸਾਹਿਬ ਡੇਰਾ ਚਾਹਲ ਬਹੁਤ ਆਉਂਦੇ-ਜਾਂਦੇ ਰਹਿੰਦੇ ਸਨ|
ਸੰਨ 1996 ਤੋਂ ਪਹਿਲਾਂ ਗੁਰਦੁਆਰੇ ਦੀ ਹਾਲਤ ਕੁਝ ਖਸਤਾ ਸੀ, ਪਰ 1996 ਵਿਚ ਉਦੋਂ ਦੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੇਰਾਜ ਖਾਲਿਦ ਨੇ ਇਸ ਦੀ ਮੁਰੰਮਤ ਕਰਾਈ| ਗੁਰਦੁਆਰੇ ਦਾ ਚਿੱਟਾ ਗੁੰਬਦ ਦੂਰ ਤੋਂ ਹੀ ਦਿਸਦਾ ਹੈ| ਗੁਰਦੁਆਰੇ ਦੇ ਨਾਮ 30 ਏਕੜ ਜ਼ਮੀਨ ਹੈ| ਗੁਰਦੁਆਰੇ ਦੇ ਸੱਜੇ ਹੱਥ ਬਹੁਤ ਵਧੀਆ ਸਰੋਵਰ ਹੁੰਦਾ ਸੀ, ਜੋ ਹੁਣ ਨਹੀਂ ਹੈ| ਇਥੇ ਕੁੜੀਆਂ ਦਾ ਸਕੂਲ ਵੀ ਹੈ| ਇਹ ਗੁਰਦੁਆਰਾ ਹੁਣ ਸੰਗਤਾਂ ਵਾਸਤੇ ਦਰਸ਼ਨਾਂ ਲਈ ਖੁੱਲ੍ਹਾ ਹੈ| ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਬਾਹਰ ਖੜ੍ਹੇ ਹੋ ਕੇ ਸਲਮਾਨ ਦੇ ਦੋਸਤ ਦੀ ਉਡੀਕ ਕਰ ਰਹੇ ਸਾਂ, ਜਿਸ ਦਾ ਘਰ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਹੈ| ਉਸ ਨੇ ਆਪਣੇ ਘਰ ਸਾਡੇ ਲਈ ਚਾਹ ਦਾ ਪ੍ਰਬੰਧ ਕਰ ਰੱਖਿਆ ਸੀ| ਆਸ ਪਾਸ ਤੋਂ ਲੋਕ ਸਾਨੂੰ ਬੜੀ ਹੈਰਾਨੀ ਭਰੀ ਉਤਸੁਕਤਾ ਨਾਲ ਦੇਖਦੇ ਲੰਘ ਰਹੇ ਸਨ| ਨੇੜੇ ਨਿੱਕੀਆਂ ਨਿੱਕੀਆਂ ਕੁੜੀਆਂ ਸਲਵਾਰ-ਕਮੀਜ਼ ਦੇ ਪਹਿਰਾਵੇ ਵਿਚ ਚੁੰਨੀਆਂ ਨਾਲ ਸਿਰ ਢਕੀ ਖੜੀਆਂ ਨੀਝ ਲਾ ਕੇ ਸਾਡੇ ਵੱਲ ਤੱਕ ਰਹੀਆਂ ਸਨ| ਉਦੋਂ ਹੀ ਸਿਮਰ ਅਤੇ ਜੋਤੀ ਨੇ ਉਨ੍ਹਾਂ ਨੂੰ ਬੁਲਾਇਆ ਤਾਂ ਦੋ ਕੁੜੀਆਂ ਸੰਗਦੀਆਂ ਸੰਗਦੀਆਂ ਅੱਗੇ ਵਧੀਆਂ| ਸਿਮਰ ਨੇ ਉਨ੍ਹਾਂ ਦੇ ਨਾਂ ਪੁੱਛੇ ਅਤੇ ਅਸੀਂ ਪਿਆਰ ਨਾਲ ਉਨ੍ਹਾਂ ਨਾਲ ਹੱਥ ਮਿਲਾਏ। ਜੋਤੀ ਤੇ ਸਿਮਰ ਨੇ ਉਨ੍ਹਾਂ ਨਾਲ ਫੋਟੋ ਖਿਚਵਾਈ|
ਥੋੜੀ ਹੀ ਦੇਰ ਵਿਚ ਸਲਮਾਨ ਦਾ ਦੋਸਤ ਆਪਣੀ ਗੱਡੀ ਵਿਚ ਆ ਗਿਆ, ਜਿਸ ਦਾ ਘਰ ਥੋੜੀ ਵਿੱਥ ‘ਤੇ ਹੀ ਸੀ| ਇਸ ਤਰ੍ਹਾਂ ਅਸੀਂ ਪਾਕਿਸਤਾਨ ਦੀ ਧਰਤੀ ‘ਤੇ ਪਹਿਲੀ ਮਹਿਮਾਨ ਨਿਵਾਜ਼ੀ ਦਾ ਅਨੰਦ ਸਰਫਰਾਜ਼ ਦੇ ਪਰਿਵਾਰ ਨਾਲ ਚਾਹ ਪੀਂਦਿਆਂ ਮਾਣਿਆ| ਸਰਫਰਾਜ਼ ਦੇ ਘਰ ਸਾਨੂੰ ਬੈਠਕ ਕਹੀਏ ਜਾਂ ਆਧੁਨਿਕ ਬੋਲੀ ਵਿਚ ‘ਡਰਾਇੰਗ ਰੂਮ’ ਜਾਂ ਫਿਰ ਕੈਨੇਡਾ-ਅਮਰੀਕਾ ਵਾਂਗ ‘ਲਿਵਿੰਗ ਰੂਮ’, ਵਿਚ ਬਿਠਾਇਆ, ਜਿੱਥੇ ਇਸ ਜ਼ਮਾਨੇ ਵਿਚ ਵੀ ਆਧੁਨਿਕ ਸੋਫਿਆਂ ਅਤੇ ਕੁਰਸੀਆਂ ਦੇ ਨਾਲ ਸੂਤ ਦਾ ਬੁਣਿਆ ਮੰਜਾ ਵੀ ਇੱਕ ਪਾਸੇ ਕੰਧ ਨਾਲ ਡਾਹਿਆ ਹੋਇਆ ਸੀ| ਪੂਰਬੀ ਪੰਜਾਬ ਦੇ ਪਿੰਡਾਂ ਵਿਚੋਂ ਸੂਤ ਦੇ ਮੰਜੇ ਬੁਣਨ ਦਾ ਸਭਿਆਚਾਰ ਹੌਲੀ ਹੌਲੀ ਅਲੋਪ ਹੋ ਗਿਆ ਹੈ, ਪਰ ਪੱਛਮੀ ਪੰਜਾਬ ਵਿਚ ਹਾਲੇ ਵੀ ਕਾਇਮ ਹੈ|
ਜਿਸ ਤਰ੍ਹਾਂ ਪੁਰਾਣੇ ਸਮਿਆਂ ਵਿਚ ਪ੍ਰਾਹੁਣਿਆਂ ਨੂੰ ਘਰ ਦੇ ਅਗਲੇ ਹਿੱਸੇ ਵਿਚ ਬਣੀ ਬੈਠਕ ਵਿਚ ਬਿਠਾ ਦਿਤਾ ਜਾਂਦਾ ਸੀ ਅਤੇ ਪਰਿਵਾਰ ਦੀਆਂ ਔਰਤਾਂ ਆਏ-ਗਏ ਮਹਿਮਾਨਾਂ ਤੋਂ ਪਰਦੇ ਵਿਚ ਹੁੰਦੀਆਂ ਸਨ, ਕੁਝ ਉਹੋ ਜਿਹਾ ਹੀ ਮਾਹੌਲ ਉਥੇ ਅਜੇ ਵੀ ਕਾਇਮ ਹੈ| ਘਰ ਦੀਆਂ ਔਰਤਾਂ ਜਿਨ੍ਹਾਂ ਵਿਚ ਘਰ ਦੀ ਵਡੇਰੀ ਮਾਤਾ, ਵਹੁਟੀਆਂ ਅਤੇ ਕੁੜੀਆਂ ਸ਼ਾਮਲ ਸਨ, ਆ ਕੇ ਸਾਨੂੰ ਮਿਲੀਆਂ, ਕੁਝ ਦੇਰ ਬੈਠੀਆਂ ਅਤੇ ਫਿਰ ਪਰਦੇ ਪਿੱਛੇ ਚਲੀਆਂ ਗਈਆਂ| ਚਾਹ ਪਾਣੀ ਦਾ ਪ੍ਰਬੰਧ ਸਾਰਾ ਉਨ੍ਹਾਂ ਕੁੜੀਆਂ, ਵਹੁਟੀਆਂ ਨੇ ਹੀ ਕੀਤਾ ਸੀ, ਜਿਸ ਵਿਚ ਘਰ ਦੀ ਰਸੋਈ ਵਿਚ ਪਕਾਇਆ ਹੋਇਆ ਕਾਫੀ ਕੁਝ ਸ਼ਾਮਲ ਸੀ| ਜਿੰਨੇ ਖਲੂਸ ਨਾਲ ਪਰਿਵਾਰ ਸਾਨੂੰ ਮਿਲਿਆ, ਚਾਹ-ਪਾਣੀ ਪਿਲਾਇਆ, ਲਗਦਾ ਸੀ ਜਿਵੇਂ ਚਿਰਾਂ ਤੋਂ ਜਾਣਦੇ ਹੋਈਏ| ਇਸ ਤਰ੍ਹਾਂ ਬੀਬੀ ਨਾਨਕੀ ਦਾ ਜਨਮ ਸਥਾਨ ਸਾਡਾ ਪਹਿਲਾ ਪੜਾਅ ਬਣਿਆ|
ਬੀਬੀ ਨਾਨਕੀ ਵੱਡੀ ਭੈਣ ਹੋਣ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਦੀ ਪਹਿਲੀ ਸਿੱਖ ਸੀ, ਜਿਸ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ‘ਰੱਬੀ ਜੋਤਿ’ ਹੋਣ ਦੀ ਪਛਾਣ ਕੀਤੀ| ਬੀਬੀ ਨਾਨਕੀ ਗੁਰੂ ਨਾਨਕ ਸਾਹਿਬ ਨੂੰ ਅੰਤਾਂ ਦਾ ਮੋਹ ਕਰਦੇ ਸਨ ਅਤੇ ਜਦੋਂ ਵੀ ਪਿਤਾ ਕਾਲੂ ਨੂੰ ਕਿਸੇ ਗੱਲ ਤੋਂ ਨਾਰਾਜ਼ਗੀ ਹੁੰਦੀ ਤਾਂ ਇਹ ਬੀਬੀ ਨਾਨਕੀ ਹੀ ਸੀ, ਜੋ ਪਿਤਾ ਨੂੰ ਦੱਸਦੇ ਕਿ ਨਾਨਕ (ਗੁਰੂ) ਕੋਈ ਆਮ ਬਾਲਕ ਨਹੀਂ ਹੈ| ਉਹ ਤਾਂ ਰੱਬੀ ਬਖਸ਼ਿਸ਼ ਵਾਲੀ ਰੂਹ ਦਾ ਮਾਲਕ ਹੈ, ਰੱਬੀ ਨੂਰ ਹੈ|
ਸਲਮਾਨ ਨੇ ਸਾਡੇ ਲਈ ਬਿਲਕੁਲ ਨਵੀਂ ਨਕੋਰ ਬਾਰਾਂ ਸੀਟਾਂ ਵਾਲੀ ਗੱਡੀ ਕਿਰਾਏ ‘ਤੇ ਲਈ ਸੀ, ਜਿਸ ਨੂੰ ਮਨਜ਼ੂਰ ਨਾਂ ਦਾ ਸੰਗਾਊ ਕਿਸਮ ਦਾ ਉਚਾ ਲੰਬਾ ਪੰਜਾਬੀ ਚਲਾ ਰਿਹਾ ਸੀ। ਸਲਮਾਨ ਦੀ ਰੀਸੇ ਬਾਕੀ ਵੀ ਉਸ ਨੂੰ ‘ਮਨਜ਼ੂਰ ਭਾਈ’ ਕਹਿ ਕੇ ਬੁਲਾਉਣ ਲੱਗ ਪਏ| ਸਾਡੀ ਰਿਹਾਇਸ਼ ਦਾ ਪ੍ਰਬੰਧ ਸਲਮਾਨ ਨੇ ‘ਡਿਫੈਂਸ ਹਾਊਸਿੰਗ ਅਥਾਰਟੀ’ ਵੱਲੋਂ ਬਣਾਈ ਲਾਹੌਰ ਦੇ ਬਾਹਰਲੇ ਇਲਾਕੇ ਜਾਂ ਸਲਮਾਨ ਦੇ ਕਹਿਣ ਮੁਤਾਬਿਕ ਨਵੇਂ ਉਸਰੇ ਆਧੁਨਿਕ ਲਹੌਰ ਦੀ ਡਿਫੈਂਸ ਕਾਲੋਨੀ ਵਿਚ ਬਿਲਕੁਲ ਨਵੇਂ ਅੰਦਾਜ਼ ਵਿਚ ਦੋ-ਮੰਜ਼ਿਲੇ ਬਣੇ ਘਰ ਵਿਚ ਕੀਤਾ ਸੀ, ਜਿਸ ਵਿਚ ਫੈਮਿਲੀ ਰੂਮ ਅਤੇ ਲਿਵਿੰਗ ਰੂਮ ਤੋਂ ਇਲਾਵਾ ਚਾਰ ਸੌਣ ਕਮਰੇ ਸਨ|
ਸਲਮਾਨ ਦੇ ਦੱਸਣ ਅਨੁਸਾਰ ਕਿਸੇ ਜੱਜ ਨੇ ਆਏ ਮਹਿਮਾਨਾਂ ਨੂੰ ਕਿਰਾਏ ‘ਤੇ ਦੇਣ ਲਈ ਹੀ ਇਹ ਘਰ ਖਰੀਦ ਰੱਖਿਆ ਸੀ| ਇਹ ਬਰਕੀ ਰੋਡ ‘ਤੇ ਸਥਿਤ ਹੈ, ਜਿੱਥੋਂ ਇੱਕ ਸੜਕ ਜੇ ਇੱਕ ਪਾਸੇ ਖਾਲੜੇ ਨੂੰ ਚਲੀ ਜਾਂਦੀ ਹੈ ਤਾਂ ਦੂਜੀ ਫਿਰੋਜ਼ਪੁਰ ਨੂੰ, ਜਿਸ ਨੂੰ ਅੱਜ ਵੀ ‘ਫਿਰੋਜ਼ਪੁਰ ਰੋਡ’ ਕਰਕੇ ਹੀ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਇੱਕ ਸੜਕ ਖੇਮਕਰਨ ਨੂੰ ਜਾਂਦੀ ਹੈ ਅਤੇ ਦੂਜੀ ਕਸੂਰ ਨੂੰ ਜਾ ਮਿਲਦੀ ਹੈ| ਅਸੀਂ ਆਪਣੇ ਟਿਕਾਣੇ ‘ਤੇ ਪਹੁੰਚ ਕੇ ਉਪਰਲੀ ਮੰਜ਼ਿਲ ‘ਤੇ ਬਣੇ ਤਿੰਨ ਕਮਰਿਆਂ ਵਿਚੋਂ ਦੋ ਵਿਚ ਗਿੱਲ ਪਰਿਵਾਰ ਨੇ ਅਤੇ ਇੱਕ ਵਿਚ ਮੈਂ ਆਪਣਾ ਸਮਾਨ ਰੱਖ ਲਿਆ। ਸਿਕਿਉਰਿਟੀ ਦੇ ਨਜ਼ਰੀਏ ਤੋਂ ਸਲਮਾਨ ਨੇ ਹੇਠਲੇ ਕਮਰੇ ‘ਚ ਆਪਣਾ ਸੌਣ ਦਾ ਪ੍ਰਬੰਧ ਕਰ ਲਿਆ।
ਭਾਵੇਂ ਸਾਡਾ ਇਰਾਦਾ 14 ਫਰਵਰੀ ਨੂੰ ਪੰਜਾਬੀ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਸੀ ਅਤੇ ਅਸੀਂ ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਵੀ ਕੀਤੀ, ਪਰ ਹਿੰਦੁਸਤਾਨ ਵਾਲੇ ਪਾਸੇ ਸਾਰੇ ਅਮਲ ਵਿਚੋਂ ਲੰਘਦਿਆਂ ਏਨਾ ਸਮਾਂ ਲੱਗ ਗਿਆ ਕਿ ਅਸੀਂ ਕਾਨਫਰੰਸ ਦੇ ਸਮੇਂ ਪਹੁੰਚ ਹੀ ਨਾ ਸਕੇ| ਅਸੀਂ ਸੋਚਿਆ, ਥੋੜੀ ਦੇਰ ਅਰਾਮ ਕਰਕੇ, ਤਰੋ-ਤਾਜਾ ਹੋ ਕੇ ਬਾਬੇ ਬੁੱਲੇ ਸ਼ਾਹ ਦੀ ਮਜ਼ਾਰ ‘ਤੇ ਕਸੂਰ ਜਾਇਆ ਜਾਵੇ| ਇਸ ਲਈ ਕੁਝ ਦੇਰ ਅਰਾਮ ਕਰਕੇ, ਮੂੰਹ-ਹੱਥ ਧੋਤੇ ਅਤੇ ਮਨਜ਼ੂਰ ਭਾਈ ਨੂੰ ਕਸੂਰ ਵੱਲ ਚਾਲੇ ਪਾਉਣ ਲਈ ਕਿਹਾ, ਕਿਉਂਕਿ ਸਾਨੂੰ ਇੱਕ ਇੱਕ ਪਲ ਦਾ ਲਾਹਾ ਸੀ ਕਿ ਵੱਧ ਤੋਂ ਵੱਧ ਥਾਂਵਾਂ ਦੇ ਦਰਸ਼ਨ ਕੀਤੇ ਜਾਣ ਅਤੇ ਆਪਣੇ ਸਾਂਝੇ ਵਿਰਸੇ ਨਾਲ ਜੁੜਿਆ ਜਾਵੇ| ਕੁਦਰਤੀ ਹੈ, ਸਲਮਾਨ ਸੰਧੂ ਵੀ ਸਾਡੇ ਨਾਲ ਸੀ, ਉਸ ਨੇ ਅਨੀਸ ਦੀ ਥਾਂ ਆਪਣੇ ਆਪ ਨੂੰ ਸਾਡੀ ਅਗਵਾਈ ਕਰਨ ਲਈ ਵਚਨਬੱਧ ਕਰ ਲਿਆ ਸੀ|
(ਚਲਦਾ)