ਬਾਤਾਂ ਟੋਕੀਓ ਓਲੰਪਿਕਸ ਦੀਆਂ…

ਦਲਬਾਰਾ ਸਿੰਘ ਮਾਂਗਟ
ਫੋਨ: 269-267-9621
ਇੱਕੀਵੀਂ ਸਦੀ ਦੇ ਇਸ ਦਹਾਕੇ ਦੇ ਇਸ ਆਖਰੀ ਵਰ੍ਹੇ ਤਿੰਨ ਵੱਡੀਆਂ ਗੱਲਾਂ ਹੋਣ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਕੁਝ ਪਾਠਕ ਜ਼ਰੂਰ ਸੋਚਦੇ ਹੋਣਗੇ ਕਿ ਲੇਖਕ ਕਿਤੇ ਸਿੱਖ ਰੈਫਰੈਂਡਮ ਜਾਂ ਫਿਰ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਗੱਲ ਤਾਂ ਨਹੀਂ ਕਰ ਰਿਹਾ। ਜੀ ਨਹੀਂ, ਸਗੋਂ ਤੀਜੀ ਵੱਡੀ ਗੱਲ ਤਾਂ ਟੋਕੀਓ, ਜਾਪਾਨ ਵਿਚ ਹੋਣ ਵਾਲੀਆਂ 32ਵੀਂਆਂ ਓਲੰਪਿਕਸ ਖੇਡਾਂ ਬਾਰੇ ਹੈ, ਜੋ 24 ਜੁਲਾਈ ਤੋਂ 9 ਅਗਸਤ ਤੱਕ ਹੋਣੀਆਂ ਸਨ, ਪਰ ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਦੇਸ਼ਾਂ ਅਤੇ ਖਿਡਾਰੀਆਂ ਵਲੋਂ ਇਹ ਖੇਡਾਂ ਰੱਦ ਕਰਨ ਜਾਂ ਅੱਗੇ ਪਾਉਣ ਲਈ ਦਿੱਤੇ ਜ਼ੋਰ ਕਰ ਕੇ ਇਕ ਸਾਲ ਲਈ ਅੱਗੇ ਪਾ ਦਿੱਤੀਆਂ ਗਈਆਂ ਹਨ। ਇਸ ਦਾ ਫੈਸਲਾ ਕੌਮਾਂਤਰੀ ਓਲੰਪਿਕਸ ਕਮੇਟੀ ਅਤੇ ਜਾਪਾਨ ਨੇ ਕੀਤਾ ਹੈ, ਜਿਸ ਦੀ ਸਾਰੇ ਖੇਡ ਸੰਸਾਰ ਨੇ ਪ੍ਰਸ਼ੰਸਾ ਕੀਤੀ ਹੈ।

ਇਹ ਪਹਿਲਾ ਮੌਕਾ ਹੈ ਕਿ ਇਨ੍ਹਾਂ ਖੇਡਾਂ ਨੂੰ ਅੱਗੇ ਕੀਤਾ ਗਿਆ ਹੈ। ਇਸ ਤੋਂ ਪਹਿਲਾ 1916, 1940 ਅਤੇ 1944 ਵਿਚ ਓਲੰਪਿਕਸ ਖੇਡਾਂ ਰੱਦ ਕਰ ਦਿੱਤੀਆਂ ਗਈਆਂ ਸਨ, ਜਿਸ ਦਾ ਵੱਡਾ ਕਾਰਨ ਪਹਿਲਾ ਤੇ ਦੂਜਾ ਵਿਸ਼ਵ ਯੁੱਧ ਬਣਿਆ ਸੀ। ਨਿਯਮਾਂ ਅਨੁਸਾਰ ਓਲੰਪਿਕਸ ਖੇਡਾਂ ਕੈਲੰਡਰ ਸਾਲ ਵਿਚ ਹੀ ਮੁਕੰਮਲ ਹੋਣੀਆਂ ਜ਼ਰੂਰੀ ਹਨ, ਪਰ ਕਈ ਦੇਸ਼ ਜਿਵੇਂ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਵਲੋਂ ਖੇਡਾਂ ਵਿਚ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ ਗਈ ਅਤੇ ਹਾਲਾਤ ਨੂੰ ਗੰਭੀਰਤਾ ਨਾਲ ਦੇਖਦਿਆਂ ਤਬਦੀਲੀ ਕੀਤੀ ਗਈ, ਕਿਉਂਕਿ 2020 ਵਿਚ ਹੋਣ ਵਾਲੇ ਈਵੈਂਟਸ ਜਿਵੇਂ ਐਮ. ਬੀ. ਏ., ਐਨ. ਐਚ. ਐਲ਼, ਯੂਰਪੀਅਨ ਫੁੱਟਬਾਲ, ਟੈਨਿਸ ਗਰੈਂਡ ਸਲੈਮਜ਼ ਆਦਿ ਨੂੰ ਵੀ ਰੱਦ ਜਾਂ ਅੱਗੇ ਕਰ ਦਿੱਤਾ ਗਿਆ ਹੈ। ਜੇ ਟੋਕੀਓ ਓਲੰਪਿਕਸ ਨੂੰ ਰੱਦ ਕਰ ਦਿੱਤਾ ਜਾਂਦਾ ਤਾਂ ਜਾਪਾਨ ਨੂੰ ਭਾਰੀ ਹਰਜਾਨਾ ਭਰਨਾ ਪੈਣਾ ਸੀ।
ਇਥੇ ਹੁਣ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਜਾਪਾਨ ਨੂੰ ਇਹ ਖੇਡਾਂ ਕਰਵਾਉਣ ਦਾ ਮੌਕਾ ਕਦੋਂ ਤੇ ਕਿਵੇਂ ਮਿਲਿਆ? ਏਸ਼ੀਆ ਉਪ ਮਹਾਦੀਪ ਵਿਚ ਚੌਥੀ ਵਾਰ ਓਲੰਪਿਕਸ ਖੇਡਾਂ ਹੋ ਰਹੀਆਂ ਹਨ, ਟੋਕੀਓ ਸ਼ਹਿਰ ਵਿਚ ਦੂਜੀ ਵਾਰ। ਇਸ ਤੋਂ ਪਹਿਲਾਂ ਟੋਕੀਓ ਵਿਚ 1964, ਸਿਓਲ (ਦੱਖਣੀ ਕੋਰੀਆ) ਵਿਚ 1988 ਅਤੇ ਚੀਨ ਦੇ ਬੀਜਿੰਗ ਸ਼ਹਿਰ ਵਿਚ 2008 ਨੂੰ ਇਹ ਖੇਡਾਂ ਹੋਈਆਂ ਸਨ, ਜਿਸ ਨੂੰ ਸਮਰ ਓਲੰਪਿਕਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵੈਸੇ ਜਾਪਾਨ ਦੋ ਵਾਰੀ ਵਿੰਟਰ ਓਲੰਪਿਕਸ ਵੀ ਕਰਵਾ ਚੁਕਾ ਹੈ, ਜੋ 1972 ਵਿਚ ਸਪਾਰੋ ਅਤੇ 1998 ਵਿਚ ਨਾਗਾਨੋ ਵਿਚ ਹੋਈਆਂ ਸਨ। ਭਾਵ ਦੁਨੀਆਂ ਦਾ ਨਿੱਕਾ ਜਿਹਾ ਦੇਸ਼ ਜਾਪਾਨ ਪਹਿਲਾਂ ਵਿਸ਼ਵ ਯੁਧ ਵਿਚ ਹੋਈ ਤਬਾਹੀ, ਫਿਰ ਨਿਊਕਲਰ ਪਾਵਰ ਰੀਐਕਟਰ, ਭੂਚਾਲ ਤੇ ਸੂਨਾਮੀ ਜਿਹੀਆਂ ਭਿਆਨਕ ਘਟਨਾਵਾਂ ਦੇ ਬਾਵਜੂਦ ਚਾਰ ਓਲੰਪਿਕਸ ਖੇਡਾਂ ਕਰਵਾਉਣ ਲਈ ਵਧਾਈ ਦਾ ਹੱਕਦਾਰ ਹੈ। ਓਲੰਪਿਕਸ ਖੇਡਾਂ ਹਰ ਚਾਰ ਸਾਲ ਪਿਛੋਂ ਕਰਵਾਈਆਂ ਜਾਂਦੀਆਂ ਹਨ ਅਤੇ ਆਈ. ਓ. ਸੀ. ਕਰੀਬ ਅੱਠ-ਦਸ ਸਾਲ ਪਹਿਲਾਂ ਹੀ ਇਨ੍ਹਾਂ ਖੇਡਾਂ ਦਾ ਫੈਸਲਾ ਕਰ ਦਿੰਦੀ ਹੈ ਤਾਂ ਕਿ ਉਸ ਸ਼ਹਿਰ ਨੂੰ ਤਿਆਰੀ ਕਰਨ ਦਾ ਖੁੱਲ੍ਹਾ ਸਮਾਂ ਮਿਲ ਸਕੇ। ਪਿਛਲੀ ਵਾਰ 7 ਸਤੰਬਰ 2013 ਨੂੰ ਅਰਜਨਟੀਨਾ ਦੇ ਮਸ਼ਹੂਰ ਸ਼ਹਿਰ ਬਿਉਨਸ ਏਰਜ਼ ਵਿਚ ਆਈ. ਓ. ਸੀ. ਦੇ ਮੈਂਬਰਾਂ ਦੀ ਮੀਟਿੰਗ ਵਿਚ ਵੋਟਾਂ ਦੇ ਆਧਾਰ ‘ਤੇ ਤਿੰਨ ਸ਼ਹਿਰਾਂ ਇਸਤਾਂਬੁਲ (ਤੁਰਕੀ) ਨੂੰ 26 ਵੋਟਾਂ, ਮੈਡਰਿਡ (ਸਪੇਨ) ਨੂੰ ਵੀ 26 ਵੋਟਾਂ ਅਤੇ ਟੋਕੀਓ (ਜਾਪਾਨ) ਨੂੰ 42 ਵੋਟਾਂ ਹਾਸਲ ਹੋਈਆਂ। ਇਉਂ ਜਾਪਾਨ ਨੂੰ 2020 ਵਾਲੀਆਂ ਓਲੰਪਿਕਸ ਖੇਡਾਂ ਕਰਵਾਉਣ ਦਾ ਮੌਕਾ ਮਿਲ ਗਿਆ।
ਟੋਕੀਓ ਓਲੰਪਿਕਸ ਵਿਚ ਕੁੱਲ ਮਿਲਾ ਕੇ 33 ਗੇਮਾਂ ਹੋਣਗੀਆਂ ਜਿਵੇਂ ਤੈਰਾਕੀ, ਤੀਰ-ਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਿਟਬਾਲ, ਬਾਕਸਿੰਗ, ਕੋਨਿਉਂਗ, ਸਾਈਕਲਿੰਗ, ਹਾਕੀ, ਘੋੜ-ਦੌੜ, ਫੈਂਸਿੰਗ, ਫੁੱਟਬਾਲ, ਗੌਲਫ, ਜਿਮਨਾਸਟਿਕ, ਹੈਂਡਬਾਲ, ਰੋਇੰਗ, ਜੂਡੋ, ਰਗਬੀ, ਸੇਲਿੰਗ, ਸ਼ੂਟਿੰਗ, ਟੈਨਿਸ, ਟੇਬਲ ਟੈਨਿਸ, ਟੀਕਵੌਡੋ, ਵਾਲੀਬਾਲ ਵੇਟਲਿਫਟਿੰਗ, ਕੁਸ਼ਤੀ ਆਦਿ। ਇਸ ਤੋਂ ਇਲਾਵਾ ਪੰਜ ਨਵੀਆਂ ਖੇਡਾਂ- ਸੌਫਟਬਾਲ, ਕਗੇਟ, ਸਕੇਟ ਬੋਰਡਿੰਗ, ਸਰਫਿੰਗ ਅਤੇ ਸਪੋਰਟਸ ਕਲਾਈਮਿੰਗ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਖੇਡਾਂ ਵਿਚ ਕਰੀਬ 340 ਵੱਖ-ਵੱਖ ਈਵੈਂਟਸ ਹੋਣਗੇ, ਜਿਨ੍ਹਾਂ ਵਿਚ ਦੁਨੀਆਂ ਦੇ ਕੋਨੇ-ਕੋਨੇ ਤੋਂ 206 ਦੇਸ਼ਾਂ ਦੇ ਕੋਈ 11,000 ਖਿਡਾਰੀ ਹਿੱਸਾ ਲੈਣਗੇ, ਜੋ ਰਿਕਾਰਡ ਹੋਵੇਗਾ। ਇਨ੍ਹਾਂ ਖੇਡਾਂ ਵਿਚ ਖਾਨਾਜੰਗੀ ਵਿਚੋਂ ਗੁਜ਼ਰ ਰਹੇ ਮੁਲਕ ਸੀਰੀਆ ਦੀ ਗਿਆਰਾਂ ਸਾਲਾ ਲੜਕੀ ਹੈਂਡ ਨਾਜ਼ਾ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਹੋਵੇਗੀ, ਜੋ ਟੇਬਿਲ ਟੈਨਿਸ ਵਿਚ ਹਿੱਸਾ ਲਵੇਗੀ, ਪਰ ਸਭ ਦੀਆਂ ਨਜ਼ਰਾਂ ਰੀਓ ਡੀ ਜਨੇਰੋ ਓਲੰਪਿਕਸ ਖੇਡਾਂ ਵਿਚ ਚਾਰ ਗੋਲਡ ਮੈਡਲ ਜਿੱਤਣ ਵਾਲੀ ਅਮਰੀਕੀ ਜਿਮਨਾਸਟਿਕ ਸਟਾਰ ਸਿਮੋਨੀ ਬਾਈਲਜ਼ ‘ਤੇ ਹੋਵੇਗੀ ਕਿ ਉਹ ਟੋਕੀਓ ਵਿਚ ਕੁਝ ਨਵਾਂ ਇਤਿਹਾਸ ਬਣਾ ਸਕੇਗੀ! ਇਸ ਤੋਂ ਇਲਾਵਾ ਬਾਸਕਿਟਬਾਲ ਸੁਪਰ ਸਟਾਰ ਬਰੋਨ ਜੇਮਜ਼, ਸੇਰੀਨਾ ਵਿਲੀਅਮ ਅਤੇ ਦੋ ਗਰੈਂਡ ਸਲੈਮ ਚੈਂਪੀਅਨ ਨੇਓਮੀ ਓਸਾਕਾ, ਜਿਸ ਨੇ ਜਾਪਾਨੀ ਨਾਗਰਿਕਤਾ ਹਾਸਲ ਕੀਤੀ ਹੈ, ਪਹਿਲੀ ਵਾਰ ਉਲੰਪਿਕਸ ਖੇਡਾਂ ਵਿਚ ਹਿੱਸਾ ਲਵੇਗੀ।
ਸਾਰੇ ਈਵੈਂਟਸ ਟੋਕੀਓ ਸ਼ਹਿਰ ਵਿਚ ਹੀ ਵੱਖ-ਵੱਖ ਥਾਂਵਾਂ ‘ਤੇ ਕਰਵਾਏ ਜਾਣਗੇ। ਜਾਪਾਨੀ ਆਰਕੀਟੈਕਟ ਕੇਂਗੋ ਕੂਮਾ ਦੀ ਨਿਗਰਾਨੀ ਹੇਠ 300 ਮਿਲੀਅਨ ਜਾਪਾਨੀ ਯੈੱਨ ਦੀ ਲਾਗਤ ਨਾਲ ਪੁਰਾਣੇ ਨੈਸ਼ਨਲ ਸਟੇਡੀਅਮ ਦੀ ਮੁਰੰਮਤ ਕਰ ਕੇ ਓਲੰਪਿਕਸ ਦੇ ਸਮਾਪਤੀ ਸਮਾਗਮ ਦੇ ਨਾਲ-ਨਾਲ ਅਥਲੈਟਿਕਸ ਅਤੇ ਮਹਿਲਾ ਫੁੱਟਬਾਲ ਦੇ ਫਾਈਨਲ ਮੈਚ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਸਪੋਰਟਸ ਕੰਪਲੈਕਸ ਜਿਵੇਂ ਨਿਪੋਨ ਬੁਦੋਕਨ (ਘੋੜਸਵਾਰੀ) ਜਉਜੀ ਜਿਮਨੇਜੀਅਮ (ਜਿਮਨਾਸਟਿਕ), ਮਸਾਸੀਨੇ ਪਲਾਜ਼ਾ (ਬੈਡਮਿੰਟਨ, ਰਗਬੀ), ਐਕੁਆਟਿਕਸ ਸੈਂਟਰ (ਤੈਰਾਕੀ), ਇੰਪੀਰੀਆ ਗਾਰਡਨ, ਗਾਰਡਨ, ਅਜੀਨਮੋਤੇ ਸਟੇਡੀਅਮ, ਅਰੀਐਕ ਏਰੀਨਾ, ਟੋਕੀਓ ਮੈਟਰੋਜਿੰਮ, ਰੀਓਗੋਹੂ, ਕੁਕੂਗੀਰਨ, ਟੋਕੀਓ ਟੋਟਸੁਸੀ ਇੰਟਰਨੈਸ਼ਨਲ, ਕੋਮਾਯਾ ਅਰੈਕੇ ਕੌਲਜੀਅਮ ਅਤੇ ਮੈਜੀ ਜਿੰਗਮ ਤਿਆਰ ਕੀਤੇ ਗਏ ਹਨ। ਕਰੀਬ 127 ਮਿਲੀਅਨ ਆਬਾਦੀ ਵਾਲੇ ਜਾਪਾਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 1964 ਵਾਲੀਆਂ ਖੇਡਾਂ ਦੇ ਮੁਕਾਬਲੇ ਦੁੱਗਣੇ ਤਮਗੇ ਜਿੱਤ ਕੇ ਰਿਕਾਰਡ ਬਣਾਏਗਾ। ਉਹ ਜ਼ਿਆਦਾਤਰ ਸਿੰਗਲ ਈਵੈਂਟਸ ਵਿਚ ਹਿੱਸਾ ਲਵੇਗਾ। ਖੇਡਾਂ ਦੌਰਾਨ ਟੋਕੀਓ ਦਾ ਤਾਪਮਾਨ 90 ਡਿਗਰੀ ‘ਤੇ ਪਹੁੰਚ ਜਾਂਦਾ ਹੈ, ਭਾਵ ਹਿੱਸਾ ਲੈਣ ਵਾਲੇ ਦੇਸ਼ਾਂ ਨੂੰ ਖਿਡਾਰੀਆਂ ਦੀ ਤਿਆਰੀ ਮੌਸਮ ਮੁਤਾਬਕ ਕਰਵਾਉਣੀ ਚਾਹੀਦੀ ਹੈ।
ਭਾਰਤ ਵਲੋਂ ਇਨ੍ਹਾਂ ਖੇਡਾਂ ਵਿਚ ਕਰੀਬ ਦਸ ਈਵੈਂਟਸ ਵਿਚ ਹਿੱਸਾ ਲੈਣ ਦੀ ਉਮੀਦ ਹੈ, ਜਿਵੇਂ ਹਾਕੀ, ਕੁਸ਼ਤੀ, ਸ਼ੂਟਿੰਗ, ਬਾਕਸਿੰਗ, ਵੇਟਲਿਫਟਿੰਗ, ਬੈਟਮਿੰਟਨ, ਘੋੜ-ਸਵਾਰੀ, ਅਥਲੈਟਿਕਸ, ਟੈਨਿਸ ਆਦਿ। ਕੁਝ ਮਾਹਰ ਕੋਚਾਂ ਦਾ ਮੰਨਣਾ ਹੈ ਕਿ ਭਾਰਤੀ ਖਿਡਾਰੀ ਕੁੱਲ ਮਿਲਾ ਕੇ 6-7 ਮੈਡਲ ਹਾਸਲ ਕਰ ਸਕਦੇ ਹਨ। ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕੀਤਾ ਹੈ, ਜਿਸ ਨੇ 1974 ਵਿਸ਼ਵ ਕੱਪ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ ਅਤੇ 1982 ਦੀਆਂ ਦਿੱਲੀ ਏਸ਼ਿਆਡ ਵਿਚ ਚੈਂਪੀਅਨ ਬਣਿਆ ਸੀ। ਇੰਡੀਆ ਹਾਕੀ ਦੇ ਪ੍ਰਧਾਨ ਡਾ. ਨਰਿੰਦਰ ਬਤਰਾ, ਜਿਨ੍ਹਾਂ ਨੂੰ ਆਈ. ਓ. ਸੀ. ਦੇ ਮੈਂਬਰ ਅਤੇ ਐਫ਼ ਆਈ. ਐਚ. ਦੇ ਪਹਿਲੇ ਭਾਰਤੀ ਹੋਣ ਦੇ ਨਾਤੇ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਹੈ, ਦਾ ਕਹਿਣਾ ਹੈ ਕਿ ਭਾਰਤੀ ਹਾਕੀ ਟੀਮ ਵਿਸ਼ਵ ਦੀ ਚੋਟੀ ਦੀਆਂ ਟੀਮਾਂ ਵਿਚ ਗਿਣੀ ਜਾਂਦੀ ਹੈ ਅਤੇ ਟੋਕੀਓ ਓਲੰਪਿਕਸ ਵਿਚ ਮੈਡਲ ਹਾਸਲ ਕਰ ਸਕਦੀ ਹੈ। ਦੇਖਣਾ ਇਹ ਹੈ ਕਿ 1964 ਵਾਲਾ ਇਤਿਹਾਸ ਦੁਹਰਾਇਆ ਜਾ ਸਕੇਗਾ!
ਟੋਕੀਓ ਸ਼ਹਿਰ ਨਾਲ ਜੁੜੀਆਂ ਕੁਝ ਪੁਰਾਣੀਆਂ ਯਾਦਾਂ ਹਨ, ਜੋ ਖੇਡ ਜਗਤ ਨਾਲ ਪੱਕੀਆਂ ਜੁੜੀਆਂ ਹੋਈਆਂ ਹਨ। ਪਹਿਲੀ ਇਹ ਕਿ 1964 ਦੀਆਂ ਓਲੰਪਿਕਸ ਖੇਡਾਂ ਵਿਚ ‘ਫਲਾਇੰਗ ਸਿੱਖ’ ਨਾਂ ਨਾਲ ਜਾਣੇ ਜਾਂਦੇ ਮਿਲਖਾ ਸਿੰਘ 400 ਮੀਟਰ ਦੀ ਦੌੜ ਵਿਚ ਚੌਥੇ ਸਥਾਨ ‘ਤੇ ਰਹਿਣ ਕਰਕੇ ਭਾਵੇਂ ਮੈਡਲ ਹਾਸਲ ਕਰਨ ਤੋਂ ਪਛੜ ਗਏ ਸਨ, ਪਰ ਉਨ੍ਹਾਂ ਵਲੋਂ ਨਵਾਂ ਨੈਸ਼ਨਲ ਰਿਕਾਰਡ 45.73 ਕਾਇਮ ਕੀਤਾ ਗਿਆ ਸੀ, ਜੋ ਕੋਈ ਵੀ ਭਾਰਤੀ ਅਥਲੀਟ 40 ਸਾਲ ਤੱਕ ਤੋੜ ਨਾ ਸਕਿਆ। ਇਸੇ ਓਲੰਪਿਕਸ ਵਿਚ ਗੁਰਬਚਨ ਸਿੰਘ ਰੰਧਾਵਾ ਨੇ 110 ਮੀਟਰ ਹਰਡਲ ਵਿਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਸੀ, ਜਿਸ ਦਾ ਬਹੁਤਾ ਕਦੇ ਜ਼ਿਕਰ ਨਹੀਂ ਕੀਤਾ ਜਾਂਦਾ। ਇਸ ਤੋਂ ਪਹਿਲਾਂ 1960 ਦੀਆਂ ਰੋਮ ਓਲੰਪਿਕਸ ਖੇਡਾਂ ਵਿਚ ਭਾਰਤੀ ਹਾਕੀ ਟੀਮ ਪਹਿਲੀ ਵਾਰ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਗੋਲਾਂ ਦੇ ਮੁਕਾਬਲੇ ਸੋਨੇ ਦਾ ਤਮਗਾ ਗੁਆ ਬੈਠੀ ਸੀ, ਜੋ 1964 ਦੀਆਂ ਟੋਕੀਓ ਖੇਡਾਂ ਵਿਚ ਮੁੜ ਆਪਣੇ ਹੱਥ ਵਿਚ ਕਰ ਲਿਆ ਸੀ। ਇਸ ਦਾ ਸਿਹਰਾ ਪੈਨਲਟੀ ਕਾਰਨਰ ਮਾਹਰ ਪ੍ਰਿਥੀਪਾਲ ਸਿੰਘ ਨੂੰ ਕੀਤੇ ਗਏ ਵੱਧ ਗੋਲਾਂ ਕਰ ਕੇ ਜਾਂਦਾ ਹੈ।
ਇਥੇ ਹੀ ਇਕ ਹੋਰ ਹਵਾਲਾ ਦੇਣਾ ਜ਼ਰੂਰੀ ਹੈ, ਜੋ ਜਾਪਾਨ ਦੀ ਇਮਾਨਦਾਰੀ ਦਾ ਸਬੂਤ ਪੇਸ਼ ਕਰਦਾ ਹੈ। ਜਦੋਂ ਭਾਰਤੀ ਟੀਮ ਸੋਨੇ ਦਾ ਤਮਗਾ ਜਿੱਤ ਕੇ ਵਾਪਸ ਦੇਸ਼ ਪਰਤੀ ਤਾਂ ਪ੍ਰਿਥੀਪਾਲ ਸਿੰਘ ਨੂੰ ਇਕ ਪਾਰਸਲ ਮਿਲਿਆ, ਜਿਸ ਵਿਚ ਉਸੇ ਦੇ ਪੁਰਾਣੇ ਜੁੱਤੇ ਅਤੇ ਖਤ ਸੀ। ਖਤ ਵਿਚ ਲਿਖਿਆ ਗਿਆ ਸੀ, “ਅਸੀਂ ਤੁਹਾਡੇ ਕਮਰੇ ਵਿਚ ਪਏ ਜੁੱਤੇ ਭੇਜ ਰਹੇ ਹਾਂ, ਜੋ ਸ਼ਾਇਦ ਤੁਸੀਂ ਭੁੱਲ ਗਏ ਹੋਵੇਗੇ, ਕਿਉਂਕਿ ਜੇ ਉਹ ਇਸਤੇਮਾਲ ਕਰਨ ਦੇ ਯੋਗ ਨਾ ਹੁੰਦੇ ਤਾਂ ਕੂੜੇ ਵਾਲੀ ਬਾਸਕਿਟ ਵਿਚ ਹੋਣੇ ਚਾਹੀਦੇ ਸਨ।”
ਓਲੰਪਿਕਸ ਖੇਡਾਂ ਕਰਾਉਣ ਵਾਲੇ ਹਰ ਦੇਸ਼ ਲਈ ਖਿਡਾਰੀਆਂ ਦੀ ਸੁਰੱਖਿਆ ਵੱਡੀ ਚੁਣੌਤੀ ਹੁੰਦੀ ਹੈ, ਜਿਸ ਨੂੰ ਖਾਸ ਤਵੱਜੋ ਦਿੱਤੀ ਜਾਂਦੀ ਹੈ। ਟੋਕੀਓ 35 ਮਿਲੀਅਨ ਆਬਾਦੀ ਵਾਲਾ ਵੱਡਾ ਮੈਟਰੋਪਾਲਿਟਨ ਸ਼ਹਿਰ ਹੈ, ਹੁਣ ਇਸ ਨੂੰ ਨਵਾਂ ਰੂਪ ਰੰਗ ਦੇ ਦਿੱਤਾ ਗਿਆ ਹੈ ਅਤੇ ਸਿਕਿਉਰਿਟੀ ਪੱਖੋਂ ਪਹਿਲੀ ਵਾਰ ਰੋਬੋਟ ਅਤੇ ਹਾਈਟੈਕ ਦਾ ਇਸਤੇਮਾਲ ਕੀਤਾ ਜਾਵੇਗਾ। ਸੁਣਨ ਵਿਚ ਆਇਆ ਹੈ ਕਿ ਜਾਪਾਨ ਵਿਚ ਅਸਲਾ ਰੱਖਣਾ ਦੀ ਸਖਤ ਮਨਾਹੀ ਹੈ, ਜਿਸ ਕਰਕੇ ਅਪਰਾਧ ਨਾ-ਮਾਤਰ ਹੁੰਦਾ ਹੈ। ਜਾਪਾਨ ਵਲੋਂ ਇਨ੍ਹਾਂ ਖੇਡਾਂ ਨੂੰ ਦੋ ਹਿੱਸਿਆਂ ਵਿਚ ਪੇਸ਼ ਕੀਤੇ ਜਾਣ ਦੀ ਤਜਵੀਜ਼ ਰੱਖੀ ਗਈ ਹੈ। ਪਹਿਲੀ ਹੈਰੀਟੇਜ (ਵਿਰਾਸਤ) ਅਤੇ ਦੂਜੀ ਹਿਸਟਰੀ (ਇਤਿਹਾਸ), ਕਿਉਂਕਿ ਉਹ ਪੁਰਾਣੇ ਸਟੇਡੀਅਮ ਦੀ ਮੁਰੰਮਤ ਅਤੇ ਵਸਤੂਆਂ ਨੂੰ ਰੀਸਾਈਕਲ ਕਰ ਕੇ ਇਸਤੇਮਾਲ ਕਰਨ ਦਾ ਸੁਨੇਹਾ ਨਵੀਂ ਪੀੜ੍ਹੀ ਨੂੰ ਦੇਣਾ ਚਾਹੁੰਦਾ ਹੈ। ਅਜਿਹਾ ਪਹਿਲਾਂ ਕਦੀ ਦੇਖਣ ਨੂੰ ਨਹੀਂ ਮਿਲਿਆ। ਕੁਝ ਝਲਕੀਆਂ ਇਸ ਪ੍ਰਕਾਰ ਹਨ,
1. ਓਲੰਪਿਕਸ ਮਸ਼ਾਲ, ਜੋ ਚੈਰੀ ਰੰਗ ਅਤੇ ਪੰਜ ਰਿੰਗਾਂ ਦੇ ਆਕਾਰ ਵਿਚ ਬਣੀ ਹੋਈ ਹੈ, ਨੂੰ ਜਾਪਾਨ ਵਿਚ ਆਏ ਭੂਚਾਲ ਵਿਚੋਂ ਬਚੇ-ਖੁਚੇ ਅਲਮੀਨੀਅਮ ਨੂੰ ਰੀਸਾਈਕਲ ਕਰਕੇ ਤਿਆਰ ਕੀਤਾ ਗਿਆ ਹੈ।
2. ਜੇਤੂ ਖਿਡਾਰੀਆਂ ਨੁੰ ਕੁੱਲ ਮਿਲਾ ਕੇ 5,000 ਗੋਲਡ, ਸਿਲਵਰ ਅਤੇ ਕਾਂਸੀ ਦੇ ਤਮਗੇ ਤਕਸੀਮ ਕੀਤੇ ਜਾਣਗੇ, ਜੋ ਪੁਰਾਣੇ ਮੋਬਾਈਲ ਫੋਨਾਂ ਨੂੰ ਰੀਸਾਈਕਲ ਕਰਕੇ ਤਿਆਰ ਕੀਤੇ ਜਾਣਗੇ।
3. ਖੇਡਾਂ ਵਿਚ ਇਸਤੇਮਾਲ ਹੋਣ ਵਾਲੇ ਪੋਡੀਅਮ, ਕੁਰਸੀਆਂ, ਟੇਬਲ, ਬੈਂਚ, ਸੈਰੇਮਨੀ ਡੈਸਕ ਵੀ ਸਮੁੰਦਰ ਅਤੇ ਲੋਕਾਂ ਕੋਲੋਂ ਪਲਾਸਟਿਕ ਬੋਤਲਾਂ ਇਕੱਠੀਆਂ ਅਤੇ ਰੀਸਾਈਕਲ ਕਰਕੇ ਤਿਆਰ ਕੀਤੇ ਜਾਣਗੇ, ਜੋ ਪਹਿਲੀ ਵਾਰ ਦੇਖਣ ਨੂੰ ਮਿਲੇਗਾ।
4. ਓਲੰਪਿਕਸ ਵਿਚ ਡਿਊਟੀ ਦੇਣ ਵਾਲਿਆਂ ਲਈ ਯੂਨੀਫਾਰਮ ਵੀ ਉਸ ਪੌਲੀਥੀਨ ਕੱਪੜੇ ਨੂੰ ਰੀਸਾਈਕਲ ਕਰਕੇ ਤਿਆਰ ਕੀਤੀ ਜਾਵੇਗੀ, ਜੋ ਕੁਝ ਸਾਲ ਪਹਿਲਾਂ ਜਾਪਾਨ ਵਿਚ ਆਏ ਭੂਚਾਲ ਤੋਂ ਪੀੜਤ ਲੋਕਾਂ ਲਈ ਟੈਂਟ ਹਾਊਸ ਦੇ ਤੌਰ ‘ਤੇ ਬਣਾਏ ਗਏ ਸਨ।
5. ਪ੍ਰਦੂਸ਼ਣ ਕੰਟਰੋਲ ਵਿਚ ਰੱਖਣ ਲਈ ਟੋਕੀਓ ਓਲੰਪਿਕਸ ਕਮੇਟੀ ਨੇ ਖੇਡਾਂ ਦੌਰਾਨ ਦੁਨੀਆਂ ਦੀ ਮਸ਼ਹੂਰ ਮੋਟਰ ਕੰਪਨੀ ਟੋਇਟਾ (ਠੋਟਅ) ਵਲੋਂ ਜ਼ੀਰੋ ਮਿਸ਼ਨ ਗੱਡੀਆਂ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਹੈ, ਭਾਵ ਪਾਵਰ ਬਚਾਓ ‘ਤੇ ਪਹਿਰਾ ਦਿੰਦਿਆਂ ਸੋਲਰ ਤੇ ਹਾਈਡਰੋ ਸਿਸਟਮ ਦਾ ਪ੍ਰਬੰਧ ਕੀਤਾ ਹੈ।
6. ਟੋਕੀਓ ਓਲੰਪਿਕਸ ਦਾ ਮਾਸਕਟ ਨੀਲੇ ਅਤੇ ਸਫੈਦ ਰੰਗਾਂ ਦੇ ਚੈੱਕ ਡਿਜ਼ਾਈਨ ਵਿਚ ਅਤੇ ਕੁੱਤੇ ਦੇ ਕੰਨ ਨਾਲ ਮਿਲਦਾ ਜੁਲਦਾ ਹੋਵੇਗਾ, ਜਿਸ ਨੂੰ ਉਥੋਂ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੇ ਚੁਣਿਆ ਹੈ, ਜੋ ਜਾਪਾਨ ਦੇ ਦੋ ਸ਼ਬਦਾਂ-ਮੀਰਾਏ (ਭਵਿਖ) ਅਤੇ ਤੋਵਾ (ਪਿਆਰ) ਨੂੰ ਮਿਲਾ ਕੇ ਬਣਾਇਆ ਗਿਆ ਹੈ।
7. ਹਰ ਪਬਲਿਕ-ਕੈਬ ‘ਤੇ ਓਲੰਪਿਕਸ ਲੋਗੋ ਲੱਗਾ ਹੋਵੇਗਾ ਤਾਂ ਕਿ ਦੇਸ਼ਾਂ-ਵਿਦੇਸ਼ਾਂ ਤੋਂ ਆਏ ਖੇਡ ਪ੍ਰੇਮੀ ਅਤੇ ਖਿਡਾਰੀਆਂ ਨੂੰ ਕਿਸੇ ਔਕੜ ਦਾ ਸਾਮਹਣਾ ਨਾ ਕਰਨਾ ਪਵੇ। ਅਮਰੀਕੀ ਟੈਲੀਵਿਜ਼ਨ ਕੰਪਨੀ ਐਨ. ਬੀ. ਸੀ., ਜਿਸ ਨੇ ਲੰਡਨ ਖੇਡਾਂ ਵਿਚ 3500 ਘੰਟੇ ਅਤੇ 2016 ਰੀਓ ਓਲੰਪਿਕਸ ਵਿਚ 4500 ਘੰਟੇ ਕਵਰੇਜ਼ ਕੀਤੀ ਸੀ, ਵਲੋਂ ਟੋਕੀਓ ਓਲੰਪਿਕਸ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ, ਜੋ ਲੋਕਲ ਚੈਨਲਾਂ ਤੋਂ ਵੀ ਰੀਲੇਅ ਕੀਤਾ ਜਾਵੇਗਾ।
8. ਕੋਕਾ ਕੋਲਾ ਅਤੇ ਮੈਕਡੋਨਲਡ ਓਲੰਪਿਕਸ ਭਾਈਵਾਲ ਹੋਣਗੇ।
9. ਟੋਕੀਓ ਖੇਡਾਂ ਦੇਖਣ ਲਈ 70 ਫੀਸਦੀ ਟਿਕਟਾਂ ਜਾਪਾਨ ਵਾਸੀਆਂ ਲਈ ਰੱਖੀਆਂ ਗਈਆਂ ਹਨ ਅਤੇ ਬਾਕੀ ਵੱਖ-ਵੱਖ ਦੇਸ਼ਾਂ ਲਈ। ਅਮਰੀਕਾ ਕੋ-ਸਪੋਰਟਸ ਟਿਕਟਾਂ ਦੀ ਵਿਕਰੀ ਕਰੇਗਾ। ਏ. ਟੀ. ਆਰ. ਏਜੰਸੀ ਦੇ ਵੈਬ ਜ਼ਰੀਏ ਵੀ ਟਿਕਟਾਂ ਖਰੀਦੀਆਂ ਜਾ ਸਕਦੀਆਂ ਹਨ। ਉਦਘਾਟਨੀ ਅਤੇ ਸਮਾਪਤੀ ਸਮਾਗਮਾਂ ਲਈ ਟਿਕਟਾਂ ਪਹਿਲਾਂ ਹੀ ਵਿਕ ਚੁਕੀਆਂ ਹਨ। ਟੋਕੀਓ ਓਲੰਪਿਕਸ ਕਮੇਟੀ ਦਾ ਬਿਆਨ ਹੈ ਕਿ ਇਹ ਖੇਡਾਂ ਦੇਖਣਯੋਗ ਹੋਣਗੀਆਂ, ਹੋਟਲ ਕਮਰੇ ਅਤੇ ਟਿਕਟ ਦਾ ਇੰਤਜਾਮ ਹੋ ਸਕਦਾ ਹੈ।
10. ਖਿਡਾਰੀਆਂ ਦੇ ਰਹਿਣ ਦਾ ਪ੍ਰਬੰਧ ਟੋਕੀਓ ਸ਼ਹਿਰ ਦੇ ਸੈਂਟਰ ਪਾਰਕ ਦੇ ਨਜ਼ਦੀਕ ਓਲੰਪਿਕਸ ਪਿੰਡ ਵਿਚ ਕੀਤਾ ਜਾਵੇਗਾ, ਜਿਸ ਨੂੰ ਤਿਆਰ ਕਰਨ ਲਈ 1.25 ਮਿਲੀਅਨ ਮੁਦਰਾ ਖਰਚਾ ਹੋਇਆ ਹੈ। ਇਥੋਂ ਆਸਾਨੀ ਨਾਲ ਖਿਡਾਰੀ ਸਬੰਧਤ ਸਟੇਡੀਅਮ ਅਤੇ ਈਵੈਂਟਸ ਵਾਲੀ ਥਾਂ ਪਹੁੰਚ ਸਕਦੇ ਹਨ। ਓਲੰਪਿਕਸ ਪਿੰਡ ਵਿਚ ਕਾਰਡ ਬੋਰਡ ਤੋਂ ਬਣਾਏ ਮੰਜੇ ਲਾਏ ਜਾਣਗੇ, ਜਿਸ ਨੂੰ ਖੇਡਾਂ ਪਿਛੋਂ ਉਤਾਰ ਕੇ ਰੀਸਾਈਕਲ ਕੰਪਨੀ ਦੇ ਹਵਾਲੇ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾ ਸਕੇ। ਇਥੇ ਹੀ ਖਾਣ-ਪੀਣ ਲਈ ਕੈਫੇਟੇਰੀਆ ਹੋਵੇਗਾ, ਜੋ 24 ਘੰਟੇ ਖੁੱਲ੍ਹਾ ਰਹੇਗਾ।
ਕੌਮਾਂਤਰੀ ਓਲੰਪਿਕਸ ਕਮੇਟੀ ਦੇ ਪ੍ਰਧਾਨ ਥਾਮਸ ਬੈਕ ਪਹਿਲਾਂ ਹੀ ਐਲਾਨ ਕਰ ਚੁਕੇ ਹਨ ਕਿ ਟੋਕੀਓ ਨਵਾਂ ਇਤਿਹਾਸ ਸਿਰਜੇਗਾ, ਕਿਉਂਕਿ ਇਹ ਸਭ ਤੋਂ ਪਾਪੂਲਰ ਓਲੰਪਿਕਸ ਅਤੇ ਅਹਿਮ ਈਵੈਂਟ ਹੋਣ ਦੀ ਸੰਭਾਵਨਾ ਹੈ; ਜਿਵੇਂ 2000 ਵਾਲੀਆਂ ਸਿਡਨੀ (ਆਸਟਰੇਲੀਆ) ਓਲੰਪਿਕਸ ਨੂੰ ਉਸ ਸਮੇਂ ਦੇ ਆਈ. ਓ. ਸੀ. ਦੇ ਪ੍ਰਧਾਨ ਜੁਆਨ ਅੰਤੋਨੀਓ ਸਮਾਰੰਚ ਨੇ ‘ਦਿ ਬੈਸਟ’ ਕਿਹਾ ਸੀ ਅਤੇ ਬੀਜਿੰਗ (ਚੀਨ) ਵਿਚ ਹੋਈਆਂ 2008 ਵਾਲੀਆਂ ਖੇਡਾਂ ਨੂੰ ‘ਆਲ ਟਾਈਮ ਬੈਸਟ’ ਦਾ ਮਾਣ ਪ੍ਰਾਪਤ ਹੈ। ਜਾਪਾਨ ਪੁਰਾਣੀ ਸਭਿਅਤਾ ਵਾਲਾ ਦੇਸ਼ ਹੈ ਅਤੇ ਉਨ੍ਹਾਂ ਦੀ ਮਹਿਮਾਨ ਨਿਵਾਜੀ ਸੰਸਾਰ ਭਰ ਵਿਚ ਪ੍ਰਸਿਧ ਹੈ। ਇਸ ਗੱਲ ਨੂੰ ਮੁੱਖ ਰੱਖਦਿਆਂ ਖੇਡਾਂ ਦੌਰਾਨ ਲਾਏ ਗਏ ‘ਜੀ ਆਇਆਂ’ ਦੇ ਬੋਰਡ ਅਤੇ ਟੂਰਿਸਟ ਇਥੋਂ ਦੀਆਂ ਸੁੰਦਰ ਇਮਾਰਤਾਂ, ਟੈਂਪਲ, ਸਾਫ-ਸਫਾਈ, ਉਚੇ ਲੰਮੇ ਟਾਵਰ ਅਤੇ ਰੈਸਟੋਰੈਂਟਾਂ ਅੱਗੇ ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ ਦਾ ਨਾਜ਼ਾਰਾ ਖੂਬ ਦੇਖ ਸਕਣਗੇ।
ਇਥੇ ਇਕ ਸਵਾਲ ਪੈਦਾ ਹੁੰਦਾ ਹੈ ਕਿ ਕਦੀ ਭਾਰਤ ਵੀ ਇਹ ਖੇਡਾਂ ਕਰਾਉਣ ਦਾ ਦਾਵੇਦਾਰ ਬਣ ਸਕੇਗਾ? ਇਸ ਦੇ ਨਾਲ ਹੀ ਇਹ ਹਵਾਲਾ ਦੇਣਾ ਜ਼ਰੂਰੀ ਹੈ ਕਿ 1988 ਦੀਆਂ ਸਿਓਲ (ਦੱਖਣੀ ਕੋਰੀਆ) ਓਲੰਪਿਕਸ ਖੇਡਾਂ ਵੇਲੇ ਭਾਰਤੀ ਓਲੰਪਿਕਸ ਸੰਘ ਦੇ ਪ੍ਰਧਾਨ ਵੀ. ਸੀ. ਸ਼ੁਕਲਾ ਨੇ ਅਰਜ਼ੀ ਦਰਜ ਕੀਤੀ ਸੀ ਅਤੇ ਦਾਅਵੇ ਅੱਜ ਵੀ ਕੀਤੇ ਜਾਂਦੇ ਹਨ, ਪਰ ਮੰਜ਼ਿਲ ਅਜੇ ਕਿੰਨੀ ਦੂਰ ਹੈ, ਇਸ ਦਾ ਅੰਦਾਜ਼ਾ ਲਾਉਣਾ ਸੁਪਨੇ ਦੇ ਬਰਾਬਰ ਹੀ ਹੈ। ਦੇਸ਼ ਦੀ ਰਾਜਧਾਨੀ ਵਿਚ 2010 ਵਿਚ ਹੋਈਆਂ ਕਾਮਨਵੈਲਥ ਖੇਡਾਂ (ਜੋ ਅਸਲ ਵਿਚ ਗੁਲਾਮੀ ਦੀ ਯਾਦ ਕਰਵਾਉਂਦੀਆਂ ਹਨ) ਦੌਰਾਨ ਜਿਸ ਤਰ੍ਹਾਂ ਘੁਟਾਲੇ ਸਾਹਮਣੇ ਆਏ, ਉਸ ਦਾ ਪ੍ਰਭਾਵ ਚੰਗਾ ਨਹੀਂ ਪਿਆ। ਇਨ੍ਹਾਂ ਘੁਟਾਲਿਆਂ ਵਿਚ ਸਿਆਸੀ ਆਗੂਆਂ ਦੇ ਨਾਂ ਬੋਲੇ ਸਨ।
2024 ਦੀਆਂ ਓਲੰਪਿਕਸ ਖੇਡਾਂ ਪੈਰਿਸ (ਫਰਾਂਸ) ਅਤੇ 2028 ਵਾਲੀਆਂ ਲਾਸ ਏਂਜਲਸ (ਅਮਰੀਕਾ) ਵਿਚ ਹੋਣੀਆਂ ਹਨ। ਇਨ੍ਹਾਂ ਖੇਡਾਂ ਉਤੇ ਭਾਰੀ ਰਕਮ ਖਰਚਣੀ ਪੈਂਦੀ ਹੈ। ਆਮ ਤੌਰ ‘ਤੇ ਇਹ ਅੰਦਾਜ਼ਾ ਲਾਉਣਾ ਬੜਾ ਮੁਸ਼ਕਿਲ ਹੁੰਦਾ ਹੈ ਕਿ ਖੇਡਾਂ ‘ਤੇ ਕਿੰਨਾ ਖਰਚਾ ਆਵੇਗਾ। ਟੋਕੀਓ ਓਲੰਪਿਕਸ ਖੇਡਾਂ ਲਈ 20 ਬਿਲੀਅਨ ਖਰਚਾ ਹੋਣ ਦੀ ਸੰਭਾਵਨਾ ਹੈ, ਜਿਸ ਦਾ 70 ਫੀਸਦੀ ਪੈਸਾ ਟੈਕਸ ਜ਼ਰੀਏ ਇਕੱਠਾ ਕੀਤਾ ਗਿਆ ਹੈ। ਪੈਰਿਸ ਵਿਚ 8 ਬਿਲੀਅਨ ਅਤੇ ਲਾਸ ਏਂਜਲਸ ਲਈ 7 ਬਿਲੀਅਨ ਅਮਰੀਕੀ ਡਾਲਰ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।