ਕਰੋਨਾ ਵਾਇਰਸ ਅਤੇ ਆਰਥਕ ਸੰਕਟ ਦਾ ਇਲਾਜ

ਕਰੋਨਾ ਵਾਇਰਸ ਕਾਰਨ ਸਮੁੱਚੇ ਸੰਸਾਰ ਅੰਦਰ ਉਥਲ-ਪੁਥਲ ਹੋ ਰਹੀ ਹੈ। ਹੁਣ ਇਹ ਤੈਅ ਹੈ ਕਿ ਕਰੋਨਾ ਸੰਕਟ ਪਿਛੋਂ ਸੰਸਾਰ ਪਹਿਲਾਂ ਜਿਹਾ ਨਹੀਂ ਹੋਵੇਗਾ। ਵਿਦਵਾਨ ਕਿਆਸਅਰਾਈਆਂ ਲਾ ਰਹੇ ਹਨ ਕਿ ਸੰਸਾਰ ਦਾ ਰੁਖ ਕਿਸ ਪਾਸੇ ਜਾਵੇਗਾ। ਇਸ ਵਿਚ ਵਾਤਾਵਰਣ ਦਾ ਮੁੱਦਾ ਸਭ ਤੋਂ ਅਹਿਮ ਹੈ। ਅਸਲ ਵਿਚ ਇਸ ਸੰਕਟ ਨੇ ਸੰਸਾਰ ਦੇ ਵਿਕਾਸ ਮਾਡਲ ਉਤੇ ਵੱਡਾ ਸਵਾਲੀਆ ਨਿਸ਼ਾਨ ਲਾਇਆ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਸੰਸਾਰ ਦੇ ਵੱਖ-ਵੱਖ ਮੁਲਕ ਇਸ ਸੰਕਟ ਤੋਂ ਕਿਹੜੇ-ਕਿਹੜੇ ਸਬਕ ਸਿੱਖਦੇ ਹਨ ਅਤੇ ਆਪਣੀਆਂ ਨਵੀਆਂ ਨੀਤੀਆਂ ਵਿਚ ਕਿਹੜੀਆਂ-ਕਿਹੜੀਆਂ ਤਬਦੀਲੀ ਕਰਦੇ ਹਨ। ਇਸ ਸਮੁੱਚੇ ਹਾਲਾਤ ਬਾਰੇ ਚਰਚਾ ਸ਼ ਗੁਰਬਚਨ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਗੁਰਬਚਨ ਸਿੰਘ
ਫੋਨ: +91-98156-98451

ਸੁਖਵਿੰਦਰ ਪੱਪੀ ਦੇ ਫੇਸਬੁੱਕ ਸਫੇ ਉਤੇ ਬਹੁਤ ਵਧੀਆ ਇਬਾਰਤ ਲਿਖੀ ਹੈ,
“ਬਹੁਤ ਸਾਰੇ ਲੋਕਾਂ ਨੇ ਇਹ ਸਹੀ ਲਿਖਿਆ ਹੈ ਕਿ ਜਲੰਧਰ ਤੋਂ ਅੰਦਾਜ਼ਨ 250 ਕਿਲੋਮੀਟਰ ਦੂਰ ਧੌਲਾਧਾਰ ਦੀਆਂ ਪਹਾੜੀਆਂ ਦਿਸ ਰਹੀਆਂ ਹਨ। ਪੰਜਾਬ ‘ਚ ਜਦੋਂ ਕੋਈ ਵਾਤਾਵਰਨ ਦੀ ਗੱਲ ਕਰਦਾ ਸੀ ਤਾਂ ‘ਵਾਤਾਵਰਨ ਪ੍ਰੇਮੀ’ ਉਸ ਲਈ ਐਸਾ ਸ਼ਬਦ ਸੀ ਕਿ ਅਗਲੇ ਨੂੰ ਪਤਾ ਵੀ ਨਹੀਂ ਸੀ ਲਗਦਾ ਕਿ ਕਹਿਣ ਵਾਲਾ ਉਸ ਦੀ ਪ੍ਰਸ਼ੰਸਾ ਕਰ ਰਿਹਾ ਹੈ ਜਾਂ ਬੇਇਜ਼ਤੀ। ਹੁਣ ਘਰਾਂ ਵਿਚ ਬੈਠੇ ਮੱਧ ਵਰਗੀ ਲੋਕਾਂ ਨੂੰ ਵੀ ਵਾਤਾਵਰਨ ਦੀ ਗੱਲ ਪ੍ਰਭਾਵਿਤ ਕਰ ਰਹੀ ਹੈ। ਇਹ ਸਦਮੇ ਵਿਚੋਂ ਨਿਕਲਣ ਤੇ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਨ ਦਾ ਮੌਕਾ ਵੀ ਹੈ। ਇਹ ਨਖਲਿਸਤਾਨ ਨੂੰ ਫੜਦੇ ਫੜਦੇ ਮਾਰੂਥਲ ਵਿਚ ਹੰਭ ਕੇ ਖੜ੍ਹੇ ਹਿਰਨ ਦਾ ਸਵੈਚਿੰਤਨ ਵੀ ਹੈ। ਮਧ ਵਰਗੀ ਬੰਦਾ ਜਦੋਂ ਸੋਚਦਾ ਹੈ ਅਤੇ ਚਿੰਤਨ ਕਰਦਾ ਹੈ, ਤਾਂ ਉਸ ਦੀ ਖੂਬੀ ਇਹ ਹੈ ਕਿ ਉਸ ਦਾ ਸਵੈ-ਲਾਲਚ ਉਸ ਦੇ ਚਿੰਤਨ ਵਿਚੋਂ ਕਦੇ ਵੀ ਗਾਇਬ ਨਹੀਂ ਹੁੰਦਾ। ਉਹ ਹੁਣ ਵੀ ‘ਵਾਤਾਵਰਨ ਪ੍ਰੇਮੀ’ ਹੋ ਕੇ ਮਹਾਨ ਹੋਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦਾ।
ਮੌਜੂਦਾ ਵਿਸ਼ਵ ਸੰਕਟ ਨੇ ਆਦਮੀ ਨੂੰ ਪਹਾੜ, ਬਿਰਖ, ਪਸ਼ੂ, ਪੰਛੀ, ਤਾਰੇ, ਆਸਮਾਨ ਬਾਰੇ ਸੋਚਣ ਦੀ ਵਿਹਲ ਦਿਤੀ ਹੈ। ਲੋਕ ਕੁਦਰਤ ਦੇ ਗੁਣ ਗਾਉਣ, ਉਸ ਦੀ ਮਹਿਮਾ ਕਰਨ, ਉਸ ਦੇ ਅਪਰਮ ਅਪਾਰ ਹੋਣ ਅਤੇ ਉਸ ਦੇ ਸਦੀਵੀ ਮਹਾਨ ਹੋਣ ਦੀਆਂ ਕਹਾਣੀਆਂ ਸੁਣਾਉਣ ਲੱਗੇ ਹਨ, ਪਰ ਉਨ੍ਹਾਂ ਦੀਆਂ ਸਭ ਕਹਾਣੀਆਂ ਵਿਚੋਂ ਉਹ ‘ਹੀਰੋ’ ਗਾਇਬ ਹੈ, ਜੋ ਇਸ ਸਾਰੇ ਕਾਰੇ ਦਾ ਦੋਸ਼ੀ ਹੈ। ਦੁਨੀਆਂ ਦਾ ਉਹ ਕਾਰਪੋਰੇਟ, ਜਿਸ ਨੇ ਪੂੰਜੀ ਦੀ ਅੰਨ੍ਹੀ ਹਵਸ ਦੀ ਪੂਰਤੀ ਲਈ ਕੁੱਲ ਦੁਨੀਆਂ ਦੀ ਕਿਰਤ ਸ਼ਕਤੀ ਦੇ ਖੂਨ ਨੂੰ ਮੂੰਹ ਲਾ ਕੇ ਹੀ ਨਹੀਂ ਡੀਕਿਆ, ਕੁੱਲ ਧਰਤੀ ਦੀ 99 ਫੀਸਦੀ ਵਸੋਂ ਨੂੰ ਨਰਕ ਦੇ ਮੂੰਹ ਵਿਚ ਹੀ ਨਹੀਂ ਧਕਿਆ, ਸਗੋਂ ਕੁੱਲ ਕਾਇਨਾਤ ਦੇ ਜੀਵ ਜੰਤੂਆਂ, ਪਸ਼ੂ-ਪੰਛੀਆਂ, ਬਿਰਖਾਂ ਨਦੀਆਂ, ਪਹਾੜਾਂ, ਜੰਗਲਾਂ ਨੂੰ ਵੀ ਬਲਦੀ ਦੇ ਬੂਥੇ ਦਿਤਾ ਹੈ। ਅੱਜ ਜੇ ਧਰਤੀ ਉਤੇ ਕੁਝ ਵੀ ਸੁਰਖਿਅਤ ਨਹੀਂ ਤਾਂ ਇਸ ਲਈ ਕੋਈ ਤਾਂ ਜ਼ਿੰਮੇਵਾਰ ਹੋਵੇਗਾ ਹੀ? ਇਹ ਸਾਰਾ ਕੁਝ ਮੁਢ ਕਦੀਮ ਤੋਂ ਤਾਂ ਇੰਜ ਨਹੀਂ ਸੀ। ਕੁਦਰਤ ਆਦਮੀ ਦੀਆਂ ਲੋੜਾਂ ਤੋਂ ਕਦੇ ਵੀ ਮੁਨਕਰ ਨਹੀਂ ਹੋਈ, ਪਰ ਕੁਦਰਤ ਆਦਮੀ ਦੀ ਹਵਸ ਦਾ ਢਿੱਡ ਨਹੀਂ ਭਰ ਸਕਦੀ। ਮੌਜੂਦਾ ਸੰਕਟ ਪੂੰਜੀਪਤੀਆਂ ਦਾ ਕੁਦਰਤ ਨੂੰ ਹੋਰ ਨਿਚੋੜਨ ਦਾ ਸੰਕਟ ਹੈ। ਵਾਇਰਸ ਮਨੁੱਖ ਨੇ ਬਣਾਇਆ ਹੈ ਜਾਂ ਕੁਦਰਤੀ ਹੈ, ਦੋਨਾਂ ਪੱਖਾਂ ਤੋਂ ਸਿੱਟਾ ਕੁਦਰਤ ਨਾਲ ਹਥੋਪਾਈ ਕਰਨ ਦਾ ਹੀ ਹੈ। ਮਨੁੱਖ ਦੇ ਜੀਣ ਥੀਣ ਦਾ ਮੌਜੂਦਾ ਮਾਡਲ ਕੁਦਰਤ ਮੁਤਾਬਕ ਨਾ ਹੋ ਕੇ ਕੁਦਰਤ ਦੇ ਵਿਪਰੀਤ ਮੰਡੀ ਦੀ ਲੋੜ ਵਿਚੋਂ ਨਿਕਲਿਆ ਹੈ। ਇਸ ਮਾਡਲ ਦੇ ਰਸਤੇ ਜਿਥੇ ਪਹੁੰਚਦੇ ਹਨ, ਅੱਜ ਅਸੀਂ ਉਥੇ ਹੀ ਪਹੁੰਚੇ ਹਾਂ।
ਇਸ ਦੀ ਤਾਜ਼ਾ ਮਿਸਾਲ ਦੁਨੀਆਂ ਦਾ ਅਖੌਤੀ ਸਰਬ ਸ੍ਰੇਸ਼ਠ ਮੁਲਕ ਅਮਰੀਕਾ ਦਾ ਲੌਕਡਾਊਨ ਨਾ ਕਰਨਾ ਹੈ। ਉਹ ਇਸ ਵੱਡੀ ਆਫਤ ਵਿਚ ਵੀ ‘ਰੱਬ’ ਦੀ ਸਰਬ ਉਚ ਰਚਨਾ ਮਨੁੱਖ ਨੂੰ ਦਾਅ ‘ਤੇ ਲਾ ਕੇ ਜੀ.ਡੀ.ਪੀ. ਨੂੰ ਉਪਰ ਰੱਖਣੀ ਚਾਹੁੰਦਾ ਹੈ। ਇਸ ਕਰਕੇ ਉਸ ਨੇ ਐਲਾਨੀਆ ਤੌਰ ‘ਤੇ ਢਾਈ ਲੱਖ ਲੋਕਾਂ ਦੀ ਬਲੀ ਦੇਣ ਦਾ ਫੈਸਲਾ ਲਿਆ ਹੈ। ਹੁਣ ਕੀ ਇਹ ਕਰੋਨਾ ਕਹਿਰ ਹੋਵੇਗਾ ਜਾਂ ਮੰਡੀ ਦੀ ਲੋੜ ਵਿਚੋਂ ਨਿਕਲਿਆ ਚੰਦ ਉਨ੍ਹਾਂ ਪੂੰਜੀਪਤੀਆਂ ਦਾ ਇਕ ਕਾਤਲਾਨਾ ਫਰਮਾਨ? ਇਹ ਫੈਸਲਾ ਹੁਣ ਤੁਸੀਂ ਕਰਨਾ ਹੈ। ਕੱਲ੍ਹ ਨੂੰ ਜਦੋਂ ਇਤਿਹਾਸ ਇਸ ਮਹਾਮਾਰੀ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਕਰੇਗਾ ਤਾਂ ਕੀ ਅਸੀਂ ਇਸ ਨੂੰ ਕਰੋਨਾ ਦੀ ਮਾਰ ਕਹਾਂਗੇ ਜਾ ਮੰਡੀ ਦੀ ਲੋੜ? ਵਾਤਾਵਰਨ ਦਾ ਸੁਆਲ ਪੂੰਜੀ ਦੀ ਅੰਨ੍ਹੀ ਹਵਸ ਦੇ ਸੁਆਲ ਤੋਂ ਭੋਰਾ ਭਰ ਵੀ ਵੱਖਰਾ ਨਹੀਂ। ਜਿੰਨੀ ਦੇਰ ਅਸੀਂ ਇਸ ਸੁਆਲ ਨੂੰ ਸੰਬੋਧਤ ਨਹੀਂ ਹੁੰਦੇ, ਉਨੀ ਦੇਰ ਅਸੀਂ ਦੁਨੀਆਂ ਭਰ ਦੇ ਲੋਕਾਂ ਨਾਲ ਹੋ ਰਹੇ ਇਸ ਵੱਡੇ ਫਰਾਡ ਨੂੰ ਨਹੀਂ ਸਮਝ ਸਕਦੇ।
ਆਖਰੀ ਗੱਲ! ਜਦੋਂ ਪਿੰਡ ਦਾ ਆਖਰੀ ਚੁੱਲ੍ਹਾ ਕਿਸੇ ਪੂੰਜੀਪਤੀ ਦੀ ਮਿਹਰ ਨਾਲ ਚੱਲਣਾ ਬੰਦ ਹੋ ਜਾਏਗਾ, ਤਾਂ ਜਲੰਧਰ ਤੋਂ ਹਰ ਰੋਜ਼ ਹੀ ਧੌਲਦਾਰ ਦੀਆਂ ਪਹਾੜੀਆਂ ਦਿਸਿਆ ਕਰਨਗੀਆਂ।”

ਇਹ ਕਰੋਨਾ ਵਾਇਰਸ ਫੈਲਣ ਦੇ ਡਰੋਂ ਹੋਏ ਲੌਕਡਾਊਨ ਦਾ ਸਿੱਟਾ ਹੈ। ਬੜੇ ਸਾਲਾਂ ਪਿਛੋਂ ਜਲੰਧਰ ਵਿਚ ਗੂੜ੍ਹੀ ਨੀਲੀ ਭਾਹ ਮਾਰਦਾ ਆਕਾਸ਼ ਵਿਖਾਈ ਦਿੱਤਾ ਹੈ। ਸ਼ਾਇਦ ਬਹੁਤ ਸਾਲਾਂ ਪਿਛੋਂ ਮਨੁੱਖੀ ਫੇਫੜਿਆਂ ਨੂੰ ਭਰਪੂਰ ਮਾਤਰਾ ਵਿਚ ਸ਼ੁਧ ਆਕਸੀਜਨ ਮਿਲੀ ਹੈ। ਸ਼ੁਧ ਆਕਸੀਜਨ ਮਨੁੱਖੀ ਹੋਂਦ ਲਈ ਕਿੰਨੀ ਜਰੂਰੀ ਹੈ, ਇਸ ਬਾਰੇ ਮੈਂ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦਾ ਹਾਂ। ਮੈਲਬਰਨ (2016) ਦੀ ਆਪਣੀ ਵਾਪਸੀ ਤੋਂ ਕੁਝ ਦਿਨ ਪਹਿਲਾਂ ਮੈਂ ਆਪਣੇ ਤੋਂ ਦੋ ਸਾਲ ਵੱਡੇ ਇਟੈਲੀਅਨ ਮੂਲ ਦੇ 68 ਸਾਲਾਂ ਗੁਆਂਢੀ ਟੋਨੀ ਨਾਲ ਬੋਟੈਨੀਕਲ ਪਾਰਕ ਵੇਖਣ ਚਲਾ ਗਿਆ। ਮੇਰੇ ਉਥੇ ਰਹਿੰਦਿਆਂ ਹੀ ਟੋਨੀ ਦੇ ਪੇਟ ਵਿਚ ਕੈਂਸਰ ਹੋਣ ਦਾ ਪਤਾ ਲੱਗਾ ਸੀ। ਅਸੀਂ ਦੋਵੇਂ ਸਵੇਰੇ 10 ਵਜੇ ਘਰੋਂ ਗਏ ਸ਼ਾਮ ਨੂੰ 6 ਵਜੇ ਵਾਪਸ ਮੁੜੇ। ਬੋਟੈਨੀਕਲ ਪਾਰਕ ਬਹੁਤ ਵੱਡਾ ਸੀ ਤੇ ਅਸੀਂ ਦੋਵੇਂ ਉਸ ਦੀ ਸੈਰ ਕਰਦੇ ਕਈ ਵਾਰ ਰਸਤਾ ਭੁੱਲੇ। ਇਸ ਦੌਰਾਨ ਅਸੀਂ ਸਿਰਫ ਇਕ-ਇਕ ਕੱਪ ਕਾਫੀ ਦਾ ਪੀਤਾ ਤੇ ਇਕ-ਇਕ ਬਰਗਰ ਖਾਧਾ। ਆਉਣ-ਜਾਣ ਵਿਚ ਕਰੀਬ ਇਕ ਘੰਟੇ ਮੈਟਰੋ ਦੇ ਸਫਰ ਤੋਂ ਬਿਨਾਂ ਬਾਕੀ ਸਾਰਾ ਸਮਾਂ ਅਸੀਂ ਪੈਦਲ ਘੁੰਮੇ। ਘਰ ਵਾਪਸੀ ਉਤੇ ਏਨਾ ਪੈਦਲ ਸਫਰ ਕਰਨ ਦੇ ਬਾਵਜੂਦ ਕੋਈ ਥਕੇਵਾਂ ਨਾ ਹੋਣ ਬਾਰੇ ਮੈਨੂੰ ਥੋੜ੍ਹੀ ਜਿਹੀ ਚਿੰਤਾ ਹੋਈ ਕਿ ਇਸ ਉਮਰ ਵਿਚ ਥਕੇਵਾਂ ਨਾ ਹੋਣਾ ਵੀ ਰੋਗ ਹੋ ਸਕਦਾ ਹੈ। ਜਦੋਂ ਕਿ ਜਲੰਧਰ ਵਿਚ ਅੱਧੇ ਘੰਟੇ ਤੋਂ ਵੱਧ ਸੈਰ ਕਰਨ ਨਾਲ ਥਕੇਵਾਂ ਹੋ ਜਾਂਦਾ ਹੈ। ਇਸ ਦਾ ਜ਼ਿਕਰ ਮੈਂ ਆਪਣੇ ਪੁੱਤਰ ਨਾਲ ਵੀ ਕੀਤਾ। ਕੁਝ ਚਿਰ ਸੋਚ ਕੇ ਮੈਨੂੰ ਇਹ ਸਮਝ ਆਈ ਕਿ ਇਸ ਦਾ ਕਾਰਨ ਇਥੋਂ ਦੇ ਵਾਤਾਵਰਨ ਵਿਚ ਸ਼ੁਧ ਆਕਸੀਜਨ ਦੀ ਮਾਤਰਾ ਹੈ। ਮਨੁੱਖੀ ਸੈਲ ਨੂੰ ਨਰੋਆ ਰੱਖਣ ਲਈ ਮੁਖ ਤੌਰ ‘ਤੇ ਦੋ ਹੀ ਵਸਤਾਂ ਚਾਹੀਦੀਆ ਹਨ- ਸ਼ੁਧ ਆਕਸੀਜਨ ਅਤੇ ਸੰਤੁਲਿਤ ਭੋਜਨ ਵਿਚੋਂ ਪ੍ਰਾਪਤ ਗਲੂਕੋਜ਼।
ਕਰੋਨਾ ਵਾਇਰਸ ਨਾਲ ਲੜਨ ਲਈ ਡਾਕਟਰ ਕਹਿ ਰਹੇ ਹਨ ਕਿ ਆਪਣੇ ਇਮਿਊਨ ਸਿਸਟਮ, ਭਾਵ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਤਗੜਾ ਕਰੋ। ਇਹ ਸਮਰਥਾ ਤਗੜੀ ਕਿਵੇਂ ਹੋ ਸਕਦੀ ਹੈ? ਸਰੀਰ ਨੂੰ ਸ਼ੁੱਧ ਆਕਸੀਜਨ, ਸਾਫ ਪਾਣੀ ਤੇ ਸੰਤੁਲਿਤ ਭੋਜਨ ਮਿਲੇ। ਹੱਥੀਂ ਕਿਰਤ ਕਰਕੇ ਸਰੀਰ ਨੂੰ ਕਮਾਇਆ ਜਾਏ। ਉਸਾਰੂ ਸਮਾਜੀ ਵਿਦਿਆ ਨਾਲ ਆਪਣਾ ਆਤਮਿਕ ਬਲ ਵਧਾ ਕੇ ਦਿਲ (ਮਨ) ਨੂੰ ਢਹਿੰਦੀ ਕਲਾ ਵਿਚ ਜਾਣ ਤੋਂ ਰੋਕਿਆ ਜਾਏ, ਪਰ ਮੂਰਤੀ ਤੇ ਪੈਸਾ ਪੂਜ ਸਾਮਰਾਜੀ ਢਾਂਚੇ ਨੇ ਸੰਤੁਲਿਤ ਭੋਜਨ ਦੀ ਪ੍ਰਾਪਤੀ ਅਸੰਭਵ ਬਣਾ ਦਿਤੀ ਹੈ। ਬੰਦੇ ਨੂੰ ਹੱਥੀਂ ਕਿਰਤ ਨਾਲੋਂ ਤੋੜ ਦਿੱਤਾ ਹੈ। ਸਮਾਜੀ ਵਿਦਿਆ ਦੀ ਥਾਂ ਮੂਰਤੀ ਤੇ ਪੈਸਾ ਪੂਜ ਵਿਦਿਆ ਦੇ ਕੇ ਬੰਦੇ ਨੂੰ ਆਤਮਿਕ ਅਤੇ ਮਾਨਸਿਕ ਤੌਰ ‘ਤੇ ਏਨਾ ਕਮਜ਼ੋਰ ਬਣਾ ਦਿਤਾ ਹੈ ਕਿ ਉਹ ਮਾੜੀ ਜਿਹੀ ਮੁਸੀਬਤ ਤੋਂ ਹੀ ਘਾਬਰ ਜਾਂਦਾ ਹੈ। ਅਜਿਹਾ ਡਰਿਆ ਹੋਇਆ ਮਨੁੱਖ ਭਲਾ ਕਰੋਨਾ ਵਾਇਰਸ ਬਾਰੇ ਫੈਲਾਈ ਗਈ ਦਹਿਸ਼ਤ ਦਾ ਸਾਹਮਣਾ ਕਿਵੇਂ ਕਰ ਸਕਦਾ ਹੈ?
ਸੰਸਾਰ ਸਿਹਤ ਸੰਸਥਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ ਗਈ ਹੈ ਕਿ ਹੱਥੀਂ ਕਿਰਤ ਕਰਨ ਵਾਲੇ ਤੇ ਮਿਹਨਤਕਸ਼ ਲੋਕ ਇਸ ਵਬਾ ਦਾ ਘੱਟ ਸ਼ਿਕਾਰ ਹੋਏ ਹਨ, ਕਿਉਂਕਿ ਮਿਹਨਤੀ ਲੋਕਾਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਹੁੰਦੀ ਹੈ। ਅਰਬਾਂ ਡਾਲਰਾਂ ਦੀ ਕਮਾਈ ਦੇ ਧੰਦੇ ਨੂੰ ਬਰਕਰਾਰ ਰੱਖਣ ਲਈ ਸਾਮਰਾਜੀ ਕੰਪਨੀਆਂ ਨੇ ਕੂੜ ਪ੍ਰਚਾਰ ਦਾ ਏਨਾ ਹੜ੍ਹ ਲਿਆਂਦਾ ਹੋਇਆ ਹੈ ਕਿ ਕੋਕਾ ਕੋਲਾ ਤੇ ਪੈਪਸੀ ਕੋਲਾ ਜਿਹੀਆਂ ਹਜ਼ਾਰਾਂ ਕੰਪਨੀਆਂ ਨੇ ਬੇਲੋੜੀ ਅਤੇ ਹੱਦੋਂ ਵਧ ਖੰਡ ਪਿਆ-ਪਿਆ ਕੇ ਹੁਣ ਤਕ ਕਰੋੜਾਂ-ਕਰੋੜ ਲੋਕਾਂ ਨੂੰ ਮੋਟਾਪੇ ਦਾ ਰੋਗੀ ਬਣਾਇਆ ਹੈ। ਆਤਮਿਕ ਤੌਰ ‘ਤੇ ਕੰਗਾਲ ਬਹੁਗਿਣਤੀ ਮੱਧ ਵਰਗੀ ਲੋਕ ਅੱਜ ਜਿਉਣ ਖਾਤਰ ਨਹੀਂ ਖਾਂਦੇ, ਸਗੋਂ ਖਾਣ ਖਾਤਰ ਜਿਉਂਦੇ ਹਨ। ਭਾਰ ਘਟਾਉਣ ਦੇ ਉਲਟੇ-ਸਿੱਧੇ ਢੰਗ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਨ੍ਹਾਂ ਸਾਮਰਾਜੀ ਕੰਪਨੀਆਂ ਦੇ ਕੂੜ ਪ੍ਰਚਾਰ ਨੇ ਸੰਤੁਲਿਤ ਭੋਜਨ ਦੀ ਪਛਾਣ ਹੀ ਖਤਮ ਕਰ ਦਿਤੀ ਹੈ।
ਦੂਜੇ ਪਾਸੇ ਆਲਮੀ ਆਰਥਕ ਸੰਕਟ ਏਨਾ ਗੰਭੀਰ ਹੈ ਕਿ ਇਸ ਨੇ ਮੋਦੀਕਿਆਂ ਸਮੇਤ ਸਾਰੇ ਸਾਮਰਾਜੀ ਢਾਂਚੇ ਦੀਆਂ ਚੂਲਾਂ ਹਿਲਾਈਆਂ ਹੋਈਆਂ ਹਨ। ਜਿਹੜੇ ਮੋਦੀਕੇ ਸਾਲ ਪਹਿਲਾਂ ਤਿੰਨ ਲੱਖ ਕਰੋੜ ਦੀ ਬੁਲਿਟ ਟਰੇਨ ਚਲਾਉਣ ਦੀਆਂ ਬੜ੍ਹਕਾਂ ਮਾਰਦੇ ਸਨ, ਅੱਜ ਮੁਸੀਬਤਾਂ ਮਾਰੇ ਲੋਕਾਂ ਕੋਲੋਂ ਕਰੋਨਾ ਨਾਲ ਲੜਨ ਲਈ ਫੰਡ ਮੰਗ ਰਹੇ ਹਨ।
ਤਾਲਸਤਾਏ ਆਪਣੇ ਸਭ ਤੋਂ ਪ੍ਰਸਿਧ ਨਾਵਲ ‘ਜੰਗ ਤੇ ਅਮਨ’ ਵਿਚ ਲਿਖਦਾ ਹੈ, “ਇਤਿਹਾਸ ਬਾਦਸ਼ਾਹਾਂ ਦਾ ਗੁਲਾਮ ਨਹੀਂ ਹੁੰਦਾ, ਸਗੋਂ ਬਾਦਸ਼ਾਹ ਇਤਿਹਾਸ ਦੇ ਗੁਲਾਮ ਹੁੰਦੇ ਨੇ। ਕਿਸੇ ਇਕ ਘਟਨਾ ਪਿਛੇ ਕਦੇ ਵੀ ਇਕ ਕਾਰਨ ਨਹੀਂ ਹੁੰਦਾ, ਉਹ ਕਈ ਕਾਰਨਾਂ ਕਰ ਕੇ ਹੋਂਦ ਵਿਚ ਆਉਂਦੀ ਹੈ ਅਤੇ ਉਹ ਕਾਰਨ ਕਿਸੇ ਇਕ ਬੰਦੇ ਦੇ ਕਾਬੂ ਤੋਂ ਬਾਹਰ ਹੁੰਦੇ ਨੇ।”
ਤਾਲਸਤਾਏ ਦਾ ਇਹ ਕਥਨ ਅੱਜ ਮੋਦੀਕਿਆਂ ‘ਤੇ ਪੂਰਾ ਢੁਕਦਾ ਹੈ। ਕੁਝ ਮਹੀਨੇ ਪਹਿਲਾਂ ਤਕ ਇਸ ਉਪ ਮਹਾਂਦੀਪ ਦੇ ਬਾਦਸ਼ਾਹ ਬਣਨ ਦੇ ਸੁਪਨੇ ਲੈ ਰਹੇ ਮੋਦੀਕੇ ਅੱਜ ਕਰੋਨਾ ਵਾਇਰਸ ਤੇ ਸੰਸਾਰ ਆਰਥਕ ਮੰਦਵਾੜੇ ਕਾਰਨ ਬੌਂਦਲੇ ਪਏ ਨੇ। ਕਰੋਨਾ ਵਾਇਰਸ ਇਨ੍ਹਾਂ ਦੇ ਕਾਬੂ ਵਿਚ ਨਹੀਂ ਆਉਣਾ, ਕਿਉਂਕਿ ਇਹ ਮਨੁੱਖੀ ਦਰਦ ਤੋਂ ਉਕਾ ਕੋਰੇ ਹਨ ਅਤੇ ਸੰਸਾਰ ਆਰਥਕ ਸੰਕਟ ਇਨ੍ਹਾਂ ਦੇ ਵਸੋਂ ਬਾਹਰਾ ਹੈ।
ਇਸ ਹਾਲਤ ਵਿਚ ਦੁਨੀਆਂ ਵੱਡੀਆਂ ਉਥਲਾਂ-ਪੁਥਲਾਂ ਵਿਚੋਂ ਲੰਘਣ ਜਾ ਰਹੀ ਹੈ। ਇਹ ਰਾਜਕੀ ਢਾਂਚੇ ਹੁਣ ਲੰਮਾ ਸਮਾਂ ਨਹੀਂ ਚੱਲਣੇ। ਇਸ ਦੀ ਪੁਸ਼ਟੀ ‘ਵਾਲ ਸਟਰੀਟ ਜਨਰਲ’ ਵਿਚ ਹੈਨਰੀ ਕਸਿੰਗਰ ਦੀ ਛਪੀ ਲਿਖਤ ਕਰਦੀ ਹੈ। ਪੰਜਾਬ ਵੀ ਸੰਸਾਰ ਭਰ ਵਿਚ ਆਉਣ ਵਾਲੀ ਇਸ ਤਬਦੀਲੀ ਤੋਂ ਅਛੂਤਾ ਨਹੀਂ ਰਹਿ ਸਕਦਾ। ਇਸ ਸੂਰਤ ਵਿਚ ਸਾਰੇ ਸੁਹਿਰਦ ਬੁਧੀਜੀਵੀਆਂ ਤੋਂ ਸਮਾਂ ਮੰਗ ਕਰਦਾ ਹੈ ਕਿ ਉਹ ਪੰਜਾਬ ਅੰਦਰ ਹੋਣ ਵਾਲੀਆਂ ਰਾਜਕੀ ਤਬਦੀਲੀਆਂ ਲਈ ਲੋਕਾਂ ਨੂੰ ਸੁਚੇਤ ਕਰਨ। ਉਹ ਅਜਿਹੇ ਰਾਜ ਦੀ ਸਿਰਜਣਾ ਲਈ ਸਿਰ ਜੋੜਨ, ਜਿਸ ਰਾਜ ਵਿਚ ਮੂਰਤੀ ਤੇ ਪੈਸੇ ਦੀ ਪੂਜਾ ਹੋਣ ਦੀ ਥਾਂ ਬੰਦੇ ਦੀ ਪੂਜਾ ਹੋਵੇ। ਅਜਿਹੇ ਰਾਜ ਦੇ ਚਿੰਨ੍ਹ ਉਲੀਕਣ ਲਈ ਹੇਠ ਲਿਖੀ ਇਬਾਰਤ ਕੰਮ ਆ ਸਕਦੀ ਹੈ।
ਡਾ. ਕੁਲਦੀਪ ਸਿੰਘ ਦੀਪ ਦੇ ਫੇਸ ਬੁਕ ਸਫੇ ‘ਤੇ ਲਿਖੀ ਇਹ ਇਬਾਰਤ ਪੂੰਜੀਵਾਦ ਦੇ ਫੈਲਣ-ਪਸਰਨ ਨਾਲ ਪੰਜਾਬੀ ਸਮਾਜ ਵਿਚ ਆਈਆਂ ਸਭਿਆਚਾਰਕ ਤੇ ਆਰਥਕ ਤਬਦੀਲੀਆਂ ਨੂੰ ਬੜੇ ਸਹਿਜ ਢੰਗ ਨਾਲ ਬਿਆਨਦੀ ਹੈ।
‘ਜ਼ਮਾਨਾ ਬਦਲ ਗਿਆ ਹੈ। ਹੁਣ ਨਿਆਣੇ ਗੀਤ ਗਾਉਂਦੇ ਨੇ,
ਰੇਨ ਰੇਨ ਗੋ ਅਵੇ, ਕਮ ਅਗੇਨ ਅਨਦਰ ਡੇ।
ਡੈਡੀ ਵਾਂਟਸ ਟੂ ਪਲੇ, ਰੇਨ ਰੇਨ ਗੋ ਅਵੇ।
ਹੁਣ ਭਾਈ ਸਾਡੇ ਨਿਆਣੇ ਉਨ੍ਹਾਂ ਦੀ ਰੀਸ ਕਰਦੇ ਨੇ, ਜੋ ਪੱਛਮ ਵਾਲੇ ਖੇਡਣ ਲਈ ਮੀਂਹ ਨੂੰ ਭਜਾਉਂਦੇ ਨੇ। ਚੰਗੀ ਗੱਲ ਹੈ, ਜਿਸ ਦਾ ਖਾਈਏ, ਉਸ ਦਾ ਗਾਈਏ; ਪਰ ਤੁਸੀਂ ਯਾਦ ਕਰ ਲਉ ਸਾਰੇ, ਆਪਾਂ ਤਾਂ ਨਿੱਕੇ ਹੁੰਦੇ ਝੋਲੀਆਂ ਅੱਡ, ਅਸਮਾਨ ਵੱਲ ਮੂੰਹ ਕਰਕੇ ਇਹ ਗੀਤ ਗਾਉਂਦੇ ਹੁੰਦੇ ਸਾਂ, ‘ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ…।’ ਉਦੋਂ ਇੰਜ ਲਗਦਾ ਸੀ ਕਿ ਇਹ ਦਾਣੇ ਇੰਜ ਹੀ ਕਿਤੇ ਝੋਲੀਆਂ ਵਿਚ ਆ ਡਿਗਣਗੇ। ਮੀਂਹ ਪੈਂਦਾ ਸੀ ਤਾਂ ਚਾਅ ਚੜ੍ਹਦਾ ਸੀ ਤੇ ਗੀਤ ਦੀ ਦੂਜੀ ਤੁਕ ਦੁਹਰਾਉਂਦੇ ਸਾਂ, ‘ਕਾਲੀਆਂ ਇੱਟਾਂ ਕਾਲੇ ਰੋੜ, ਮੀਂਹ ਵਸਾ ਦੇ ਜ਼ੋਰੋ ਜ਼ੋਰ।’ ਫੇਰ ਗੁਲਗਲਿਆਂ ਵਾਲਾ ਮੀਂਹ ਪੈਂਦਾ ਸੀ। ਧਰਤੀ ਗਰਭਵਤੀ ਹੋ ਜਾਂਦੀ ਸੀ। ਵਕਤ ਆਉਣ ‘ਤੇ ਦਾਣੇ ਪੁੰਗਰਦੇ ਸਨ। ਫਸਲਾਂ ਲਹਿਲਹਾਉਂਦੀਆਂ, ਬੱਲੀਆਂ ਨਿਕਲਦੀਆਂ, ਫਿਰ ਇਹ ਬੱਲੀਆਂ ਜਦ ਸੁਕ ਜਾਂਦੀਆਂ, ਸਾਡੀਆਂ ਭੁੱਖਾਂ ਮਿਟ ਜਾਂਦੀਆਂ।
ਪਤਾ ਨਹੀਂ ਕਿੰਨਿਆਂ ਕੁ ਦੇ ਉਹ ਪਲ ਯਾਦ ਨੇ, ਜਦ ਬਾਪੂ ਪਿੜ ਵਿਚ ਛਜਲੀ ਵਿਚ ਦਾਣੇ ਪਾ, ਦੋਹਾਂ ਹੱਥਾਂ ਉਤੇ ਛਜਲੀ ਚੁਕ ਲੈਂਦਾ ਸੀ। ਜਦ ਉਹ ਛਜਲੀ ਨੂੰ ਹਿਲਾ ਹਿਲਾ ਕੇ ਦਾਣੇ ਥੱਲੇ ਕੇਰਦਾ ਸੀ ਤੇ ਮੇਰੇ ਜਿਹਾ ਮੂਹਰੇ ਬੈਠਾ ਕੁੰਢੀਆਂ ਦੀ ਦੰਦੀ ਬਣਾ ਡਿਗਦੇ ਦਾਣਿਆਂ ਤੋਂ ਤੂੜੀ, ਘੁੰਡੀਆਂ ਤੇ ਮੱਖੀਆਂ ਨੂੰ ਵੱਖ ਕਰਦਾ ਸੀ ਅਤੇ ਸ਼ਾਮਾਂ ਤੱਕ ਸੋਨੇ ਰੰਗੀ ਕਣਕ ਦਾ ਬੋਹਲ ਬਣ ਜਾਂਦਾ ਸੀ ਤੇ ਬਾਪੂ ਬੋਹਲ ਵਿਚੋਂ ਦਾਣੇ ਚੁੱਕ ਜਦ ਝੋਲੀਆਂ ਭਰ ਦਿੰਦਾ ਸੀ ਤਾਂ ਦਾਣੇ, ਦਾਣੇ ਨਹੀਂ ਰਹਿੰਦੇ ਸੀ, ਇੰਜ ਲਗਦਾ ਸੀ ਕਿ ਰੱਬ ਨੇ ਸੱਚੀਮੁਚੀ ਸੋਨੇ ਨਾਲ ਝੋਲੀਆਂ ਭਰ ਦਿੱਤੀਆਂ ਹੋਣ। ਫਿਰ ਭਰੀਆਂ ਗੱਡੀਆਂ ਖੜ੍ਹੀਆਂ ਹੀ ਟਾਪ ਗਿਅਰ ‘ਚ ਪੈ ਜਾਂਦੀਆਂ ਸੀ ਤੇ ਸਿੱਧੀਆਂ ਪਿੰਡ ਦੀ ਹੱਟੀ ਵਾਲੀ ਬੰਦਰਗਾਹ ਉਤੇ ਖਾਲੀ ਹੁੰਦੀਆਂ ਸਨ ਅਤੇ ਉਹੀ ਝੋਲੀਆਂ ਖਿੱਲਾਂ ਤੇ ਭੂਪਨਿਆਂ ਨਾਲ ਭਰੀਆਂ ਹੁੰਦੀਆਂ ਸਨ ਤੇ ਨਿਆਣਾ ਆਪਣੀ ਸਲਤਨਤ ਦਾ ਆਪੇ ਬਣਿਆ ਬਾਦਸ਼ਾਹ ਹੁੰਦਾ ਸੀ। ਇਹ ਤਾਂ ਪਿਛੋਂ ਪਤਾ ਲੱਗਾ ਕਿ ਸਾਰੇ ਦਾਣੇ ਘਰ ਵਿਚ ਨਹੀਂ ਆਉਂਦੇ, ਰਸਤੇ ਵਿਚ ਹੀ ਅਗਵਾ ਹੋ ਜਾਂਦੇ ਨੇ, ਜਦ ਇਹ ਪਤਾ ਲਗਾ, ਫਿਰ ਮੈਂ ਆਪਣੇ ਨਾਟਕ ‘ਗਿਰਝਾਂ’ ਵਿਚ ਇਹ ਗੀਤ ਲਿਖਿਆ ਸੀ,
ਇਹ ਦਾਣੇ ਜਦ ਧਰਤ ‘ਚ ਪਾਈਏ
ਸੁਪਨੇ ਬਣ ਬਣ ਉਗਦੇ ਨੇ।
ਇਹ ਦਾਣੇ ਜਦ ਵੇਚਣ ਜਾਈਏ
ਝੋਲੀ ਵਿਚੋਂ ਉਡਦੇ ਨੇ।
ਕਿਉਂ ਦਾਣਿਆਂ ਨੂੰ ਮੰਡੀ ਵਾਲੇ
ਕਰਕੇ ਲੈ ਜਾਂਦੇ ਅਗਵਾ।
ਰੱਬਾ ਰੱਬਾ ਮੀਂਹ ਵਸਾ
ਸਾਡੀ ਕੋਠੀ ਦਾਣੇ ਪਾ…।
ਸਮੇਂ ਸਮੇਂ ਦੀਆਂ ਗੱਲਾਂ ਨੇ, ਕਿਸਾਨ ਉਦੋਂ ਵੀ ਕਿਰਤ ਕਰਕੇ ਦੋ ਡੰਗ ਦੀ ਰੋਟੀ ਖਾ ਲੈਂਦਾ ਸੀ, ਜਦ ਸਿਰਫ ਮੀਂਹ ਪੈਂਦਾ ਸੀ, ਦਾਣਿਆਂ ਦਾ ਛੱਟਾ ਦਿਤਾ ਜਾਂਦਾ ਸੀ ਤੇ ਜਿੰਨੀ ਹੋ ਜਾਂਦੀ ਸੀ, ਸਬਰ ਸੰਤੋਖ ਨਾਲ ਵੱਢ-ਕੱਢ ਲਈ ਜਾਂਦੀ ਸੀ। ਕਿਸਾਨ, ਮਜ਼ਦੂਰ, ਤਰਖਾਣ, ਲੁਹਾਰ, ਦਰਜ਼ੀ, ਘੁਮਿਆਰ ਆਪੋ ਆਪਣੇ ਹਿੱਸੇ ਦਾ ਖਾ ਲੈਂਦੇ ਸਨ। ਮੱਕੀ, ਬਾਜਰਾ ਹੋਇਆ ਤਾਂ ਸਾਗ ਨਾਲ ਖਾ ਲਈ, ਛੋਲੇ ਹੋ ਗਏ ਤਾਂ ਹੱਥ ਦੀ ਲਾਹ ਲਈ, ਸਰ੍ਹੋਂ ਹੋ ਗਈ ਤਾਂ ਘਾਣੀ ਕਢਾ ਲਈ; ਕਣਕ ਘੱਟ ਹੀ ਹੁੰਦੀ ਸੀ। ਸਾਡੇ ਘਰ ਜਦ ਕਦੇ ‘ਆਏ-ਗਏ’ ਤੋਂ ਕਣਕ ਦੀ ਚਿਟੀ-ਚਿਟੀ ਰੋਟੀ ਪਕਦੀ ਸੀ ਤਾਂ ਲਾਲਾਂ ਡਿਗ ਪੈਂਦੀਆਂ ਸੀ। ਜਦ ਕਦੇ ਅੱਧੀ-ਪਚੱਧੀ ਮਿਲ ਜਾਂਦੀ ਤਾਂ ਬਸ ਨਿਆਮਤ ਹੀ ਹੁੰਦੀ ਸੀ, ਜਿਵੇਂ ਅੱਜ ਬਾਜਰਾ, ਮੱਕੀ ਤੇ ਵੇਸਣ ਨਿਆਮਤ ਹੈ। ਫੇਰ ਹਰੀ ਕ੍ਰਾਂਤੀ ਦਾ ਡਮਰੂ ਵਜ ਗਿਆ। ਟਰੈਕਟਰ ਆਏ ਟਰਾਲੀਆਂ ਆਈਆਂ, ਖਾਦਾਂ ਅਤੇ ਦਵਾਈਆਂ ਆਈਆਂ; ਛਜਲੀਆਂ, ਥਰੈਸ਼ਰ ਤੇ ਹੜੰਬੇ ਤੁਰ ਗਏ ਤੇ ਕੰਬਾਈਨਾਂ ਆ ਗਈਆਂ। ਜੋ ਬੋਹਲ ਸਵੇਰੇ ਤੋਂ ਸ਼ਾਮ ਤਕ ਮਸਾਂ ਦਿਸਣ ਲਗਦਾ ਸੀ, ਕੰਬਾਈਨ ਦਾ ਤੋਪ ਜਿਡਾ ਮੂੰਹ ਪੰਜ ਮਿੰਟ ਵਿਚ ਭਰ ਦਿੰਦਾ ਹੈ, ਪਰ ਬਰਕਤਾਂ ਪਤਾ ਨਹੀਂ ਕਿਧਰ ਗਈਆਂ?
ਸਿਆਸਤਦਾਨਾਂ ਨੇ ਰੋਟੀਆਂ ਲਾਹ ਲਈਆਂ, ਵਪਾਰੀਆਂ ਨੇ ਰੋਟੀਆਂ ਕਮਾ ਲਈਆਂ, ਪਰ ਅੰਨਦਾਤਿਆਂ ਨੇ ਰੋਟੀਆਂ ਗੁਆ ਲਈਆਂ, ਕੈਂਸਰ ਤੇ ਖੁਦਕੁਸ਼ੀਆਂ ਪੱਲੇ ਪਾ ਲਈਆਂ। ਬਠਿੰਡੇ ਤੋਂ ਬੀਕਾਨੇਰ ਜਾਂਦੀ ਕੈਂਸਰ ਟਰੇਨ ਸੀਟੀਆਂ ਨਹੀਂ ਮਾਰਦੀ, ਮਾਲਵਾ ਪੱਟੀ ਤੋਂ ਨਰਮਾ ਪੱਟੀ ਤੇ ਹੁਣ ਕੈਂਸਰ ਪੱਟੀ ਬਣੀ, ਮਾਲਵੇ ਦੇ ਕੈਂਸਰ ਦੇ ਮਰੀਜ਼ਾਂ ਦੀ ਭਰੀ ਹੋਈ ਇਹ ਟਰੇਨ ਉਨ੍ਹਾਂ ਦੇ ਦਰਦ ਵਿਚ ਕੂਕਾਂ ਮਾਰਦੀ ਹੈ। ਰੋਣ ਆ ਜਾਂਦਾ ਹੈ, ਜਦ ਬੈਂਕ ਆਲੇ ਪਹਿਲਾਂ ਘਰਾਂ ਮੂਹਰੇ ਨੋਟਿਸ ਚਿਪਕਾ ਜਾਂਦੇ ਨੇ, ਫੇਰ ਥਾਣਾ ਚੜ੍ਹਾ ਕੇ ਧਗੜੇ ਬਣ ਕੇ ਆ ਜਾਂਦੇ ਨੇ, ਤੇ ਬੇਚਾਰਾ ਪੰਜਾਹ-ਪਚਵੰਜਾ ਸਾਲ ਦਾ ਹਰਨਾਮਾ, ਛੱਡ ਕੇ ਪਜ਼ਾਮਾ ਸਣੇ ਆਪਣੇ ਮੁੰਡੇ ਸਮੇਤ ਆਪਣੇ ਹੀ ਘਰ ‘ਚੋਂ ਚੋਰਾਂ ਵਾਂਗੂ ਭੱਜ ਜਾਂਦਾ ਹੈ। ਘਰ ਦਾ ਬੇੜਾ ਮੂਧਾ ਵਜ ਜਾਂਦਾ ਹੈ, ਘਰ ਵਿਚ ਰਹਿ ਗਈਆਂ ਤੀਵੀਆਂ, ਕੁੜੀਆਂ, ਜਿਨ੍ਹਾਂ ਦੀ ਰੀਝਾਂ ਦੀ ਦਸੂਤੀ ਦੀਆਂ ਕੰਨੀਆਂ ਹੱਥੋਂ ਛੁਟ ਜਾਂਦੀਆਂ ਨੇ, ਉਨ੍ਹਾਂ ਧਗੜਿਆਂ ਦੀਆਂ ਚੋਂਦੀਆਂ ਚੋਂਦੀਆਂ ਨੂੰ ਪਾਣੀ ਵਾਂਗੂ ਪੀ ਲੈਂਦੀਆਂ ਨੇ, ਬਸ ਆਪਣੇ ਗੁਬਾਰ ਨੂੰ ਗੰਢਾਂ ਦੇਅ ਬੁਲ੍ਹ ਸੀਅ ਲੈਂਦੀਆਂ ਨੇ। ਸ਼ਾਇਦ ਇਸੇ ਲਈ ਜੀਅ ਲੈਂਦੀਆਂ ਨੇ, ਪਰ ਅੰਦਰੋਂ ਹੂਕ ਨਿਕਲਦੀ ਹੈ,
ਵਾਹ ਉਏ ਡਾਢੇ, ਵਾਹ ਉਏ ਹਾਕਿਮ,
ਤੂੰ ਇਹ ਕੀ ਰੋਲ ਨਿਭਾਇਆ।
ਨਾ ਜੂਆ ਖੇਡੇ, ਨਾ ਲੰਕਾ ਢਾਹੀ,
ਫਿਰ ਕਿਉਂ ਬਣਵਾਸ ਸੁਣਾਇਆ।
ਚੋਗਾ ਚੁਗਦੇ ਬੋਟ ਵੀ ਸ਼ਾਮੀਂ,
ਵੱਲ ਆਲ੍ਹਣੇ ਆਉਂਦੇ,
ਪਰ ਇਹ ਪੰਛੀ ਕੀਹਨੇ, ਕਾਹਤੋਂ,
ਆਲ੍ਹਣਿਓਂ ਆਣ ਭਜਾਇਆ।
ਇਕ ਗੱਲ ਦੀ ਸਮਝ ਨਹੀਂ ਆਈ, ਇਹ ਅਣਖਾਂ ਵਾਲਾ ਕਿਸਾਨ, ਲਲਕਾਰੇ ਮਾਰਨ ਵਾਲਾ ਕਿਸਾਨ, ਮੇਲੇ ਜਾ ਕੇ ਖਰੂਦ ਪਾਉਣ ਵਾਲਾ ਕਿਸਾਨ, ਧਮਚੀਆਂ ਮਚਾਉਣ ਵਾਲਾ ਕਿਸਾਨ, ਜੋ ਕਦੇ ਚਾਰ ਮੈਦਾਨਾਂ ਦਾ ਸ਼ਾਹ ਅਸਵਾਰ ਹੁੰਦਾ ਸੀ- ਖੇਤ ਦਾ ਮੈਦਾਨ, ਜੰਗ ਦਾ ਮੈਦਾਨ, ਘੋਲ ਕਬੱਡੀਆਂ ਦਾ ਮੈਦਾਨ ਤੇ ਭੰਗੜਿਆਂ, ਲੁੱਡੀਆਂ ਤੇ ਧਮਾਲਾਂ ਦਾ ਮੈਦਾਨ, ਆਪਣੀ ਅਣਖ ਨੂੰ ਸਾਣ ‘ਤੇ ਲਾਉਣ ਦੀ ਥਾਂ ਇਸ ਨੂੰ ਮਾਰ ਕੇ ਕਾਇਰਾਂ ਵਾਲੀ ਜੂਨੇ ਕਿਉਂ ਪੈ ਗਿਆ? ਖੈਰ! ਇਹ ਕਾਰਨ ਵੀ ਆਪਾਂ ਨੂੰ ਲੱਭਣੇ ਪੈਣਗੇ, ਪਰ ਅੱਜ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਥੱਲੇ ਆਏ ਇਸ ਕਿਸਾਨ ਨੂੰ ਕਰੋਨਾ ਦੀ ਜੰਗ ਵੀ ਲੜਨੀ ਪੈਣੀ ਹੈ। ਅਖੇ! ਭੰਡਾ-ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ; ਪਰ ਇਹ ਦੂਜੀ ਮੁਠੀ ਖਾਸੀ ਭਾਰੀ ਹੈ ਤੇ ਬਾਬੇ ਦੀ ਕੰਗਰੋੜ ਪਹਿਲਾਂ ਈ ਦੂਹਰੀ ਹੋਈ ਪਈ ਹੈ।
ਅੰਕੜੇ ਦੱਸਦੇ ਨੇ ਕਿ ਪੰਜਾਬ ਦੇ ਹਰ ਕਿਸਾਨ ਦੇ ਸਿਰ ਔਸਤਨ 1 ਲੱਖ 19 ਹਜ਼ਾਰ ਦਾ ਕਰਜ਼ਾ ਹੈ, ਜਦੋਂ ਕਿ ਇਸ ਦੀ ਰਾਸ਼ਟਰੀ ਔਸਤ ਸਿਰਫ 47 ਹਜ਼ਾਰ ਬਣਦੀ ਹੈ। ਇਸੇ ਤਰ੍ਹਾਂ ਹੀ ਹਰ ਖੇਤ ਮਜ਼ਦੂਰ ਦੇ ਸਿਰ ਪੰਜਾਹ ਤੋਂ ਅਸੀ ਹਜ਼ਾਰ ਤਕ ਦਾ ਕਰਜ਼ਾ ਹੈ ਤੇ ਆਹ ਕਰੋਨਾ ਵੀ ਕਿਹੜੇ ਵੇਲੇ ਆਇਆ ਚੰਦਰਾ! ਜਦ ਪੂਰੀ ਤਰ੍ਹਾਂ ਉਖਲੀ ਵਿਚ ਸਿਰ ਦਿਤਾ ਹੋਇਆ ਹੈ! ਪਤਾ ਨਹੀ ਇਹਨੇ ਕਿੰਨੀਆਂ ਕੁ ਸੱਟਾਂ ਮਾਰਨੀਆਂ ਹਨ! ਹੁਣ ਇਕੱਲੀਆਂ ਦਾਤੀਆਂ ਨਾਲ ਗੱਲ ਨਹੀਂ ਬਣਨੀ ਸਿੰਘੋ! ਜਨਤਕ ਫਾਸਲਾ, ਸੈਨੇਟਾਈਜ਼ਰ, ਸਾਬਣਾਂ ਤੇ ਹੋਰ ਲੱਲੇ-ਭੱਬੇ ਬਹੁਤ ਕੁਝ ਕਰਨਾ ਪੈਣਾ।
ਪਰਵਾਸੀ ਮਜ਼ਦੂਰ ਇਕ ਵਾਰ ਫਿਰ ਘਰੋਂ ਬੇਘਰ ਹੋ ਕੇ ਆਪੋ ਆਪਣੇ ‘ਆਲ੍ਹਣਿਆਂ’ ਵਿਚ ਚਲੇ ਗਏ। ਮੰਡੀ ਵਿਚ ਮਜਦੂਰਾਂ ਦੀ ਬਹੁਤ ਵੱਡੀ ਘਾਟ ਹੈ। ਅਜੇ ਤਾਂ ਹਾੜ੍ਹੀ ਚੁਕਣ ਦਾ ਫਿਕਰ ਐ, ਕਲ੍ਹ ਨੂੰ ਝੋਨਾ ਲਾਉਣ ਦਾ ਫਿਕਰ ਹੋਣੈ। ਕਿਸੇ ਪਿੰਡ ਦਾ ਇਕ ਕਿਸਾਨ ਕਹਿ ਰਿਹਾ ਸੀ, “ਕਿਹੜਾ ਘੋਨਾ-ਮੋਨਾ ਐ ਇਹ? ਸਾਡੀ ਜਾਨ ਦਾ ਖਓ ਐ, ਮਜ਼ਦੂਰ ਭਜ ਗਿਆ, ਕਣਕ ਚੁੱਕੀ ਨ੍ਹੀਂ ਜਾਣੀ, ਜੀਰੀ ਲੱਗਣੀ ਨ੍ਹੀਂ। ਪਤਾ ਨਹੀਂ ਕਿਥੋਂ ਲਿਆਂਦਾ ਸਰਕਾਰ ਨੇ? ਮੈਨੂੰ ਤਾਂ ਲਗਦੈ ਜਾਣ ਕੇ ਲਿਆਂਦੈ, ਝੋਨਾ ਬੀਜਣੋਂ ਹਟਾਉਣੈ ਇਨ੍ਹਾਂ ਨੇ। ਪਹਿਲਾਂ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਦਾਣੇ ਹੁੰਦੇ ਸੀ, ਹੁਣ ਕਰੋਨੇ ਦਾ ਸਿਰ ਮਿੱਧਣਾ ਪੈਣਾ। ਮਸਲਾ ਇਕੱਲੇ ਕਿਸਾਨ ਦਾ ਨਹੀਂ, ਸਾਰੀ ਦੁਨੀਆਂ ਦੇ ਢਿਡ ਦਾ ਵੀ ਐ। ਜੋ ਗੁਦਾਮ ਭਰੇ ਹੋਏ ਸਨ, ਉਹ ਖਾਲੀ ਹੋ ਚੱਲੇ ਨੇ, ਹੁਣ ਨਵੇਂ ਦਾਣੇ ਆਉਣਗੇ ਤਾਂ ਗੁਦਾਮਾਂ ਦਾ ਢਿੱਡ ਭਰੂ। ਆਹ ‘ਦੀਵਾ ਲਾਊ ਜਮਾਤ’ ਦਾ ਨਹੀਂ ਭਰਨਾ। ਦੇਖ ਲਉ, ਭੁਖਿਆਂ ਤੋਂ ਨਾ ਦੀਵੇ ਜਗਣੇ, ਨਾ ਥਾਲੀਆਂ ਖੜਕਣੀਆਂ। ਭੁਖਿਆਂ ਦੇ ਤਾਂ ਢਿਡ ਈ ਖਾਲੀ ਢੋਲ ਵਾਂਗੂ ਖੜਕਦੇ ਐ।
ਹੁਣ ਸਾਰੀ ਖੇਡ ਸਰਕਾਰ ਦੇ ਹੱਥ ਵਿਚ ਐ। ਕਰੋਨਾ ਦੀਆਂ ਸਾਰੀਆਂ ਇਹਤਿਆਤਾਂ ਨੂੰ ਧਿਆਨ ਵਿਚ ਰਖ ਕੇ ਜੇ ਸਰਕਾਰ ਆਪਣਾ ਸਾਰਾ ਜ਼ੋਰ ਲਾ ਕੇ, ਢੁਕਵਾਂ ਵਿਧੀ ਵਿਧਾਨ ਬਣਾ ਕੇ ਕਿਸਾਨ ਤੇ ਮਜ਼ਦੂਰ ਦੀ ਹਮਾਇਤ ਕਰੇ ਤਾਂ ਹੀ ਇਹ ਦਾਣੇ ਇਕਠੇ ਹੋਣੇ ਨੇ… ਜੇ ਕਿਸਾਨ ਦੇ ਦਾਣੇ ਰੁਲ ਗਏ ਤਾਂ ਖੇਤਾਂ ਵਿਚ ਉਗੀਆਂ ਖੁਦਕੁਸ਼ੀਆਂ ਸਾਂਭੀਆਂ ਨਹੀਂ ਜਾਣੀਆਂ। ਲੋਕ ਧਾਰਾ ਕਹਿੰਦੀ ਹੈ, ਅੰਨ੍ਹੇ ਭਗਤ ਦੀ ਦੁਰਸੀਸ ਬਹੁਤ ਭੈੜੀ ਹੁੰਦੀ ਹੈ, ਜੇ ਅੰਨ ਖੇਤਾਂ ਵਿਚ ਰੁਲ ਗਿਆ ਤਾਂ ਸਾਡੇ ਢਿੱਡ ਰੁਲ ਜਾਣਗੇ। ਕਰੋਨੇ ਤੋਂ ਤਾਂ ਸ਼ਾਇਦ ਬਚ ਜਾਈਏ, ਢਿੱਡ ਰੋਲ ਦਿੰਦੇ ਨੇ ਬੰਦੇ ਨੂੰ…।”

ਬੀਬੀ ਚਰਨਜੀਤ ਕੌਰ ਦੀ ਟਿੱਪਣੀ ਹੈ, “ਇਸ ਸੰਕਟ ਸਮੇਂ ਜੇ ਮਜ਼ਦੂਰ ਦੌੜ ਵੀ ਜਾਂਦੇ ਨੇ ਤਾਂ ਲੋਕਾਂ ਨੂੰ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ। ਸ਼ਹਿਰੀ ਲੋਕਾਂ ਨੂੰ ਕਿਸਾਨ ਪਰਿਵਾਰਾਂ ਨੂੰ ਸਹਿਯੋਗ ਦੇ ਕੇ ਉਨ੍ਹਾਂ ਨੂੰ ਆਪਣੇ ਲਈ ਕੁਦਰਤ ਨਾਲ ਇਕਸੁਰ ਖੇਤੀ ਬੀਜਣ ਲਈ ਕਹਿਣਾ ਚਾਹੀਦਾ ਹੈ। ਕਣਕ ਸਿਹਤ ਲਈ ਹਾਨੀਕਾਰਕ ਹੈ। ਪੁਰਾਣੇ ਸਮੇਂ ਖਾਧੇ ਜਾਣ ਵਾਲੇ ਬਾਜਰਾ, ਕੋਧਰਾ, ਜਵਾਰ, ਮੱਕੀ ਬੀਜੇ ਜਾਣੇ ਚਾਹੀਦੇ ਹਨ। ਇਹ ਪੌਸ਼ਟਿਕ ਆਹਾਰ ਹਨ। ਸੰਸਾਰ ਵਿਚ ਆਰਥਕ ਮੰਦੀ ਫੈਲਣੀ ਹੈ। ਖਾਣ ਪੀਣ ਵਾਲਾ ਸਮਾਨ ਮਹਿੰਗਾ ਹੋ ਜਾਵੇਗਾ। ਹੁਣ ਸਿੱਧ ਹੋਵੇਗਾ ਕਿ ਕਿਸਾਨ ਸੱਚੀ ਮੁਚੀ ਮਨੁੱਖੀ ਸਮਾਜ ਦੀ ਰੀੜ੍ਹ ਦੀ ਹੱਡੀ ਹੈ।”
ਇਹ ਟਿੱਪਣੀ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਆਮ ਲੋਕ ਪੰਜਾਬੀ ਸਮਾਜ ਵਿਚ ਆਉਣ ਵਾਲੀਆਂ ਵੱਡੀਆਂ ਤਬਦੀਲੀਆਂ ਨੂੰ ਕਿਵੇਂ ਵੇਖ-ਪਰਖ ਰਹੇ ਨੇ। ਦਰਅਸਲ ਪੰਜਾਬ ਦੀ ਕੀਮਤ ਹੁਣ ਪੈਣੀ ਹੈ। ਹੁਣ ਜਦੋਂ ਇਸ ਮਹਾਮਾਰੀ ਨੇ ਫੈਲਣਾ ਹੈ ਤਾਂ ਅੰਨ ਦੀ ਲੋੜ ਸਭ ਨੂੰ ਪੈਣੀ ਹੈ। ਆਉਣ ਵਾਲੇ ਸਮੇਂ ਵਿਚ ਆਪਣੇ ਅੰਨ ਭੰਡਾਰ ਕਰਕੇ ਪੰਜਾਬ ਨੇ ਖਾਸ ਦਰਜਾ ਹਾਸਲ ਕਰਨਾ ਹੈ। ਪੰਜਾਬ ਨੂੰ ਸਿੱਖੀ ਨੇ ਬਚਾਉਣਾ ਹੈ। ਸਿੱਖੀ, ਜੋ ਗਰੀਬਾਂ ਦੀ ਪਾਲਕ, ਨੀਚਾਂ ਦੀ ਸੰਗੀ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਆਸਰਿਆਂ ਦਾ ਆਸਰਾ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗਤਿ ਤੇ ਨਿਪੱਤਿਆਂ ਦੀ ਪਤਿ ਹੈ। ਭਾਵੇਂ ਬਾਦਲਕੇ ਵੀ ਆਪਣੇ-ਆਪ ਨੂੰ ਸਿੱਖ ਅਖਵਾਉਂਦੇ ਨੇ, ਪਰ ਉਨ੍ਹਾਂ ਨੇ ਸਿੱਖੀ ਨੂੰ ਬੇਦਾਵਾ ਦੇ ਦਿੱਤਾ ਹੈ। ਇਸ ਦੀ ਪੁਸ਼ਟੀ ਬੀਬੀ ਹਰਸਿਮਰਤ ਕੌਰ ਨੇ ਨਰਿੰਦਰ ਮੋਦੀ ਦੇ ਕਹਿਣ ‘ਤੇ ਦੀਵੇ ਜਗਾਉਣ ਦਾ ਬ੍ਰਾਹਮਣੀ ਕਰਮ ਕਾਂਡ ਕਰ ਕੇ ਕੀਤੀ ਹੈ। ਇਹ ਧਰਮੀ ਲੋਕਾਂ ਦਾ ਸੰਕਟ ਨਹੀਂ, ਸਗੋਂ ਨਾਸਤਿਕ ਤੇ ਸਾਇੰਸ ਉਤੇ ਬਲੋੜਾ ਯਕੀਨ ਕਰਨ ਵਾਲੇ ਲੋਕਾਂ ਦਾ ਸੰਕਟ ਹੈ। ਇਸੇ ਕਰਕੇ ਮਾਰਕਸ ਨੇ ਕਿਹਾ ਸੀ ਕਿ ਧਰਮ ਅਜਿਹੇ ਔਖੇ ਸਮਿਆਂ ਵਿਚ ਕਮਜ਼ੋਰ ਮਨਾਂ ਨੂੰ ਧਰਵਾਸ ਦਿੰਦਾ ਹੈ, ਜਿਵੇਂ 19ਵੀਂ ਸਦੀ ਵਿਚ ਅਫੀਮ ਸਰੀਰਕ ਦਰਦ ਤੋਂ ਨਿਜਾਤ ਦਿਵਾਉਂਦੀ ਸੀ।
ਇਥੇ ਸਵਾਲ ਪੈਦਾ ਹੋ ਸਕਦਾ ਹੈ ਕਿ ਹਿੰਦੂ ਧਰਮ ਦੀ ਗੱਲ ਤਾਂ ਮੋਦੀਕੇ ਵੀ ਕਰਦੇ ਨੇ, ਪਰ ਮੋਦੀਕੇ ਹਿੰਦੂ ਧਰਮ ਦੇ ਪੈਰੋਕਾਰ ਨਹੀਂ, ਸਗੋਂ ਮਨੋ ਕਲਪਿਤ ਬ੍ਰਾਹਮਣੀ ਧਰਮ ਦੇ ਪੈਰੋਕਾਰ ਹਨ, ਜਿਨ੍ਹਾਂ ਨੂੰ ਸਾਮਰਾਜੀ ਮਾਇਆਧਾਰੀਆਂ ਨੇ ਆਪਣੀ ਲੁੱਟ ਜਾਰੀ ਰਖਣ ਲਈ ਠੁੰਮਣਾ ਦਿਤਾ ਹੋਇਆ ਹੈ। ਵੈਦਿਕ ਧਰਮ ਤਾਂ ਸਮੁੱਚੇ ਸੰਸਾਰ ਨੂੰ ਇਕ ਪਰਿਵਾਰ ਮੰਨਦਾ ਹੈ। ਦਇਆ ਨੂੰ ਧਰਮ ਦਾ ਮੂਲ ਮੰਨਦਾ ਹੈ। ਮੋਦੀਕੇ ਤਾਂ ਦਇਆ ਦਾ ਭਾਵ ਅਰਥ ਵੀ ਨਹੀਂ ਜਾਣਦੇ। ਜੇ ਜਾਣਦੇ ਹੁੰਦੇ ਤਾਂ ਕਰੋੜਾਂ ਗਰੀਬ ਲੋਕਾਂ ਨੂੰ ਭੁਖੇ-ਭਾਣੇ ਸੜਕਾਂ ਉਤੇ ਰੁਲਣ ਲਈ ਮਜਬੂਰ ਨਾ ਕਰਦੇ।
ਆਉਣ ਵਾਲਾ ਸਮਾਂ ਇਸ ਗੱਲ ਦਾ ਫੈਸਲਾ ਕਰੇਗਾ ਕਿ ਮਹਾਮਾਰੀ ਦੇ ਰੂਪ ਵਿਚ ਇਹ ਕੁਦਰਤੀ ਸਰਾਪ ਸ਼ਾਇਦ ਮਨੁੱਖਤਾ ਲਈ ਵਰਦਾਨ ਸਾਬਤ ਹੋਵੇ। ਇਸ ਦੀ ਇਕ ਛੋਟੀ ਜਿਹੀ ਮਿਸਾਲ ਇਹ ਹੈ ਕਿ ਲੌਕਡਾਊਨ ਤੋਂ ਪਹਿਲਾਂ ਤਕ ਸਰਕਾਰੀ ਅੰਕੜਿਆਂ ਮੁਤਾਬਿਕ ਹਰ ਰੋਜ਼ ਪੰਜਾਬ ‘ਚ ਔਸਤਨ 14 ਬੰਦੇ ਸੜਕੀ ਹਾਦਸਿਆਂ ਵਿਚ ਮਰਦੇ ਸਨ, ਜਿਨ੍ਹਾਂ ਹਾਦਸਿਆਂ ਦੀ ਗਿਣਤੀ ਇਸ ਲੌਕਡਾਊਨ ਵਿਚ ਜ਼ੀਰੋ ਹੈ। ਸ਼ਾਇਦ ਕੁਦਰਤ ਨੇ ਇਸ ਮਹਾਮਾਰੀ ਰਾਹੀਂ ਬੰਦੇ ਨੂੰ ਤੇਜ ਦੌੜ ਤੇ ਸਹਿਜ ਜ਼ਿੰਦਗੀ ਵਿਚਲੇ ਅੰਤਰ ਨੂੰ ਸਮਝਾਉਣ ਦਾ ਯਤਨ ਕੀਤਾ ਹੋਵੇ!