ਕਿੱਥੇ ਹਨ ਗੈਬੀ ਸ਼ਕਤੀਆਂ ਵਾਲੇ ਬਾਬੇ?

ਪ੍ਰਿੰ. ਸਰਵਣ ਸਿੰਘ
ਹੁਣ ਜਦੋਂ ਸਾਰੀ ਦੁਨੀਆਂ ਕਰੋਨਾ ਮਹਾਮਾਰੀ ਦੀ ਲਪੇਟ ਵਿਚ ਹੈ ਤਾਂ ਗੈਬੀ ਸ਼ਕਤੀਆਂ ਵਾਲੇ ਅਖੌਤੀ ਬਾਬੇ, ਸਾਧ, ਪੀਰ, ਪੰਡਿਤ, ਸਿਆਣੇ, ਜੋਗੀ, ਸਾਈਂ, ਸ਼ਾਹ ਤੇ ਤਾਂਤਰਿਕ ਕਿਥੇ ਹਨ? ਉਨ੍ਹਾਂ ਦੇ ਲੱਖਾਂ-ਕਰੋੜਾਂ ਮੁਰੀਦ ਦਿਮਾਗ ਨਾਲ ਸੋਚਣ, ਕੀ ਉਨ੍ਹਾਂ ਦੇ ‘ਬਾਬੇ’ ਸੱਚ-ਮੁੱਚ ਕੁਝ ਕਰਨ ਜੋਗੇ ਹਨ? ਕਿਤੇ ਭੇਡ ਚਾਲ ਵਾਂਗ ਉਹ ਉਨ੍ਹਾਂ ਦੇ ਮਗਰ ਤਾਂ ਨਹੀਂ ਲੱਗੇ ਹੋਏ? ਪੱਟੇ ਤਾਂ ਨਹੀਂ ਜਾ ਰਹੇ?
ਇਕ ‘ਬਾਬੇ’ ਦਾ ਇਸ਼ਤਿਹਾਰ ਛਪਦਾ, “ਆਪਣੀ ਹਰ ਖਾਹਿਸ਼ ਪੂਰੀ ਕਰੋ! ਮੇਰਾ ਸਭ ਨੂੰ ਚੈਲਿੰਜ ਹੈ। ਇਕ ਵਾਰ ਜ਼ਰੂਰ ਅਜ਼ਮਾਓ! ਤੁਹਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਕਰਨ ਵਾਲਾ ਕਰਾਮਾਤੀ ਤਾਵੀਤ ਹਾਸਲ ਕਰੋ। ਮੈਂ ਸਾਰੇ ਦੁਖੀ ਭੈਣ-ਭਰਾਵਾਂ ਨੂੰ ਸੱਦਾ ਦਿੰਦਾ ਹਾਂ ਕਿ ਮੇਰੇ ਕੋਲ ਕਾਲੀ ਤਾਕਤ ਦੀ ਮਹਾ ਸ਼ਕਤੀ ਹੈ, ਜਿਸ ਨਾਲ ਤੁਹਾਡੇ ਤਮਾਮ ਦੁੱਖ ਅਤੇ ਪ੍ਰੇਸ਼ਾਨੀਆਂ ਤਿੰਨ ਦਿਨਾਂ ਵਿਚ ਹੀ ਖਤਮ ਹੋ ਜਾਣਗੀਆਂ।” ਨਾਲ ਲਿਖਿਆ ਹੁੰਦਾ ਕਿ ਤੁਹਾਡਾ ਪਤਾ ਟਿਕਾਣਾ ਸਭ ਕੁਝ ਗੁਪਤ ਰੱਖਿਆ ਜਾਵੇਗਾ ਅਤੇ ਸਾਡੇ ਕੰਮ ਦੀ ਪੂਰੀ ਗਾਰੰਟੀ ਹੈ।

ਸਭ ਕੁਝ ‘ਗੁਪਤ’ ਰੱਖਣ ਵਾਲੇ ਗਾਰੰਟੀਸ਼ੁਦਾ ‘ਬਾਬੇ’ ਤੋਂ ਤਾਂ ਫਿਰ ਉਹਦੇ ਮੁਰੀਦਾਂ ਨੂੰ ਹੀ ਤਿੰਨ ਦਿਨਾਂ ਵਿਚ ਕਰੋਨਾ ਖਤਮ ਕਰਨ ਦੀ ਗਾਰੰਟੀ ਲੈ ਲੈਣੀ ਚਾਹੀਦੀ ਹੈ! ਨਾਲੇ ਪਤਾ ਲੱਗ ਜਾਵੇਗਾ ‘ਬਾਬਾ’ ਕਿੰਨੀ ਕੁ ਸ਼ਕਤੀ ਵਾਲਾ ਹੈ?
ਇਕ ‘ਪੰਡਿਤ’ ਬਾਬੇ ਨੂੰ ਵੀ ਮਾਤ ਪਾਉਂਦਾ ਦਾਅਵਾ ਕਰਦਾ, “1952 ਤੋਂ ਲੈ ਕੇ ਹੁਣ ਤਕ ਉਹਦਾ ਕੋਈ ਮੁਕਾਬਲਾ ਨਹੀਂ। ਉਹ ਸਿਰਫ 72 ਘੰਟਿਆਂ ਵਿਚ ਕਾਲੇ ਜਾਦੂ, ਟੂਣੇ ਜਾਂ ਕਰੇ ਕਰਾਏ ਦਾ ਮੁਕੰਮਲ ਖਾਤਮਾ ਕਰਦਾ ਹੈ। ਉਹਦਾ ਪ੍ਰਚਾਰ ਸੀ, ਜੇ ਕਿਸੇ ਨੇ ਤੁਹਾਡੇ ਜਾਂ ਤੁਹਾਡੇ ਘਰ ਵਾਲਿਆਂ ਉਤੇ ਕਿਸੇ ਕਿਸਮ ਦਾ ਕਾਲਾ ਜਾਦੂ, ਧਾਗਾ ਤਵੀਤ ਜਾਂ ਕੋਈ ਹੋਰ ਕਾਰਾ ਕਰ ਦਿੱਤਾ, ਜਿਸ ਨਾਲ ਤੁਹਾਡੀ ਮੁਸੀਬਤ ਦਿਨੋ ਦਿਨ ਵਧਦੀ ਜਾ ਰਹੀ ਹੈ ਤਾਂ ਪੰਡਿਤ ਜੀ ਸੌ ਫੀਸਦੀ ਗਾਰੰਟੀ ਨਾਲ ਇਸ ਦਾ ਮੁਕੰਮਲ ‘ਤੋੜ’ ਸਿਰਫ 72 ਘੰਟਿਆਂ ਵਿਚ ਕਰ ਦੇਣਗੇ, ਕਿਉਂਕਿ ਪੰਡਿਤ ਜੀ ਕਾਲੇ ਜਾਦੂ ਦੀ ਕਾਟ ਪਲਟ ਤੇ ਇਸ ਦੀ ਬੰਦਿਸ਼ ਦੇ ਮਾਹਿਰ ਹਨ। ਜਿਹੜੇ ਭੈਣ ਭਰਾ ਕਿਸੇ ਕਾਰਨ ਆਪ ਨਹੀਂ ਆ ਸਕਦੇ, ਉਹ ਫੋਨ ਜਾਂ ਚਿੱਠੀ ਪੱਤਰ ਰਾਹੀਂ ਗੁਪਤ ਤਰੀਕੇ ਨਾਲ ਘਰ ਬੈਠਿਆਂ ਆਪਣੇ ਸਾਰੇ ਦੁੱਖ ਦਰਦ ਹਮੇਸ਼ਾ ਲਈ ਦੂਰ ਕਰਵਾ ਸਕਦੇ ਹਨ।”
ਜੋ ਪਹਿਲਾਂ ਹੀ ਕਿਸੇ ‘ਸਿਆਣੇ’ ਤੋਂ ਉੱਨ ਲੁਹਾਈ ਬੈਠੇ ਹੋਣ, ਉਨ੍ਹਾਂ ਨੂੰ ਭਰਮਾਉਣ ਲਈ ਲਿਖਿਆ ਹੁੰਦਾ, “ਜੇ ਤੁਹਾਡਾ ਕੰਮ ਕਿਸੇ ਹੋਰ ਕੋਲੋਂ ਨਹੀਂ ਹੋ ਸਕਿਆ ਤੇ ਤੁਸੀਂ ਹਿੰਮਤ ਹਾਰ ਕੇ ਢੇਰੀ ਢਾਹ ਬੈਠੇ ਹੋ ਤਾਂ ਪੰਡਿਤ ਜੀ ਥੋੜ੍ਹੇ ਦਿਨਾਂ ਵਿਚ ਹੀ ਆਪਣੀ ਜੋਤਿਸ਼ ਵਿਦਿਆ, ਤਾਂਤਰਿਕ ਸ਼ਕਤੀ ਤੇ ਜੰਤਰ-ਮੰਤਰ ਨਾਲ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰ ਦੇਣਗੇ।”
ਕੋਈ ‘ਪੀਰ’ ਫੁਰਮਾਉਂਦਾ, “ਹੁਣ ਚਿੰਤਾ ਕਰਨ ਦੀ ਲੋੜ ਨਹੀਂ, ਮੈਨੂੰ ਆਪਣੀਆਂ ਚਿੰਤਾਵਾਂ ਸਦਾ ਲਈ ਖਤਮ ਕਰਨ ਦਾ ਮੌਕਾ ਦਿਓ।” ਭੇਤੀ ਬੰਦੇ ਹੀ ਇਸ ਫਿਕਰੇ ਦਾ ਮਤਲਬ ਸਮਝ ਸਕਦੇ ਕਿ ਚਿੰਤਾਵਾਂ ਕੀਹਦੀਆਂ ਖਤਮ ਹੋਣੀਆਂ ਸਨ? ਯਕੀਨ ਬੰਨ੍ਹਾਉਣ ਲਈ ਉਹ ਪ੍ਰਚਾਰਦਾ ਕਿ “ਇਸ ਸਮੇਂ ਹਜ਼ਾਰਾਂ ਹੀ ਦੁਖੀ ਭੈਣ-ਭਰਾ ‘ਪੀਰ’ ਦੀਆਂ ਦੁਆਵਾਂ ਅਤੇ ਜਾਦੂ ਦਾ ਅਸਰ ਕਰਨ ਵਾਲੇ ਤਾਵੀਜ਼ ਨਾਲ ਖੁਸ਼ੀ ਖੁਸ਼ੀ ਵਧੀਆ ਜੀਵਨ ਬਤੀਤ ਕਰ ਰਹੇ ਹਨ।”
ਖੁਸ਼ ਜੀਵਨ ਬਤੀਤ ਕਰਨ ਦਾ ਲਾਲਚ ਭਲਾ ਕਿਹਨੂੰ ਨਹੀਂ ਹੁੰਦਾ? ਸੋ ਸਿੱਧੇ-ਸਾਦੇ ਲੋਕ ਉਨ੍ਹਾਂ ਦੀ ਲੁੱਟ ਦਾ ਸ਼ਿਕਾਰ ਹੋਈ ਜਾਂਦੇ ਸਨ। ਇਕ ਹੋਰ ‘ਬਾਬਾ’ ਇਸ਼ਤਿਹਾਰ ਦਿੰਦਾ, “ਧੋਖੇ ਤੋਂ ਬਚੋ ਤੇ ਬਾਬਾ ਜੀ ਦੀਆਂ ਦੁਆਵਾਂ ਲਵੋ।” ਮੁੰਡਾ ਹੋਣ ਦਾ ਨੁਸਖਾ ਦੱਸਦਿਆਂ ਕਹਿੰਦਾ ਕਿ “ਕੁੱਖ ‘ਚ ਪਲਦਾ ਬੱਚਾ ਬਾਬਾ ਜੀ ਦੇ ਉਪਾਅ ਨਾਲ ਮੁੰਡਾ ਬਣ ਜਾਵੇਗਾ। ਇਥੇ ਹੀ ਬੱਸ ਨਹੀਂ, ਉਹ ਨੂੰਹ-ਸੱਸ, ਪਤੀ-ਪਤਨੀ, ਜੀਜਾ-ਸਾਲੀ ਜਾਂ ਘਰ ‘ਚ ਕਿਸੇ ਵੀ ਲੜਾਈ ਕਲੇਸ਼ ਨੂੰ ਹਮੇਸ਼ਾ ਲਈ ਖਤਮ ਕਰਨ ਦਾ ‘ਨੁਸਖਾ’ ਦਿੰਦਾ।
ਲੜਾਈ ਕਲੇਸ਼ ਹਮੇਸ਼ਾਂ ਵਾਸਤੇ ਖਤਮ ਕਰਨ ਲਈ ਭਾਰਤ ਤੇ ਪਾਕਿਸਤਾਨ ਦੇ ਰਹਿਬਰਾਂ ਨੂੰ ਜ਼ਰੂਰ ਉਸ ‘ਬਾਬੇ’ ਤੋਂ ‘ਨੁਸਖਾ’ ਲੈ ਲੈਣਾ ਚਾਹੀਦਾ ਹੈ!
ਕੋਈ ‘ਯੋਗੀ’ ਪੁੱਤਰ ਦੀ ਦਾਤ ਦਿੰਦਾ, ਕੋਰਟ ਕੇਸਾਂ ਦੀ ਭਵਿੱਖਵਾਣੀ ਕਰਦਾ ਤੇ ਇਮੀਗ੍ਰੇਸ਼ਨ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੇ ਨਾਲ ਨਸ਼ੇ ਪੱਤੇ ਛਡਾਉਣ ਦੇ ਗੁਰ ਦੱਸਦਾ। ਕਹਿੰਦਾ ਕਿ ਧਨ ਦੀ ਕਮੀ ਨਹੀਂ ਰਹਿਣ ਦਿਆਂਗਾ। ਇਹ ਤਾਂ ਰੱਬ ਜਾਣੇ ਕਿ ਉਹ ਆਪਣੇ ਧਨ ਬਾਰੇ ਕਹਿੰਦਾ ਜਾਂ ਅਗਲੇ ਦੇ ਧਨ ਬਾਰੇ? ਏਡੇ ਪੁੱਜੇ ਹੋਏ ਯੋਗੀ ਜੀ ਨੂੰ ਬੇਨਤੀ ਹੈ ਕਿ ਕਰੋੜਾਂ ਲੋਕ ਤਾਂ ਉਨ੍ਹਾਂ ਨੇ ਪਹਿਲਾਂ ਹੀ ਤਾਰ ਦਿੱਤੇ ਹਨ, ਧਰਤੀ ‘ਤੇ ਵਸਦੇ ਬਾਕੀ ਕਰੋੜਾਂ ਲੋਕਾਂ ਦਾ ਵੀ ਕਲਿਆਣ ਕਰ ਦੇਣ। ਫਿਰ ਤਾਂ ਯੋਗੀ ਜੀ ਲਈ ਨੋਬੇਲ ਪ੍ਰਾਈਜ਼ ਵੀ ਵੱਟ ‘ਤੇ ਪਿਐ!
ਇਕ ‘ਸਿਆਣਾ’ ਦੁਖੀ ਅਤੇ ਪ੍ਰੇਸ਼ਾਨ ਭੈਣਾਂ-ਭਰਾਵਾਂ ਲਈ ਖੁਸ਼ਖਬਰੀ ਦਿੰਦਿਆਂ ਦਸ ਹਜ਼ਾਰ ਡਾਲਰ ਦੇ ਨਕਦ ਇਨਾਮ ਜਿੱਤਣ ਦਾ ਐਲਾਨ ਕਰਦਾ, ਪਰ ਸ਼ਰਤ ਅਜਿਹੀ ਹੁੰਦੀ ਕਿ ਕੋਈ ਇਨਾਮ ਜਿੱਤ ਹੀ ਨਹੀਂ ਸੀ ਸਕਦਾ। ਉਹ ਕਹਿੰਦਾ, “ਕੋਈ ਮਾਈ ਦਾ ਲਾਲ ਇਹ ਸਾਬਤ ਕਰੇ ਕਿ ਉਹਦਾ ਸਬਜੈਕਟ ਕਿਸੇ ਧਰਮ, ਜਾਤ, ਮਨੁੱਖ ਜਾਂ ਕਿਸੇ ਸ਼ਹਿਰ ਦੇ ਖਿਲਾਫ ਹੈ।” ਨਾਲ ਕਹਿੰਦਾ ਕਿ “ਉਹਦੇ ਕੋਲ ਛੇਤੀ ਤੇ ਤੇਜ਼ ਅਸਰ ਕਰਨ ਵਾਲੀ ਦੁਨੀਆਂ ਦੀ ਮਸ਼ਹੂਰ ਗਿੱਦੜਸਿੰਗੀ ਹੈ, ਜੋ ਚੌਵੀ ਘੰਟਿਆਂ ਵਿਚ ਹੀ ਸਾਰੇ ਦੁੱਖ ਦੂਰ ਕਰ ਦਿੰਦੀ ਹੈ। ਉਹਦੇ ਨਾਲ ਦੁਨੀਆਂ ਦੀ ਹਰ ਸ਼ੈਅ ਪ੍ਰਾਪਤ ਕੀਤੀ ਜਾ ਸਕਦੀ ਹੈ। ਅੱਜ ਹੀ ਮਿਲੋ ਜਾਂ ਫੋਨ ਕਰੋ। ਹਰ ਤਰ੍ਹਾਂ ਦੀ ਕਾਰਵਾਈ ਗੁਪਤ ਰੱਖੀ ਜਾਵੇਗੀ।”
ਇਹ ‘ਗੁਪਤ’ ਕਾਰਵਾਈ ਹੀ ਠੱਗ ਬਾਬਿਆਂ ਨੂੰ ਵਾਰਾ ਖਾਂਦੀ। ਜਿਨ੍ਹਾਂ ਨੂੰ ਗੁਪਤੋ-ਗੁਪਤੀ ਥੁੱਕ ਲੱਗ ਜਾਂਦਾ, ਬੱਸ ਇਸੇ ‘ਗੁਪਤ’ ਕਾਰਵਾਈ ਕਰਕੇ ਕੁਸਕ ਨਾ ਸਕਦੇ! ਸੁਆਲ ਕਿਹਨੇ ਕਰਨਾ ਸੀ?
ਅਜਿਹੀਆਂ ਇਸ਼ਤਿਹਾਰਬਾਜ਼ੀਆਂ ਦਾ ਕੋਈ ਅੰਤ ਨਹੀਂ। ਵਿਕਾਊ ਮੀਡੀਆ ਇਹੋ ਕੁਝ ਭਾਲਦੈ। ਵਿਚਾਰੇ ਭੋਲੇ ਭਾਲੇ ਲੋਕ ਠੱਗੇ ਜਾ ਰਹੇ ਨੇ, ਜਿਨ੍ਹਾਂ ਨੂੰ ਸੁਚੇਤ ਕਰਨਾ ਮੀਡੀਏ ਦਾ ਫਰਜ਼ ਹੈ; ਪਰ ਜੇ ਭਾੜੇ ਦਾ ਮੀਡੀਆ ਈ ਠੱਗਾਂ ਨਾਲ ਰਲ ਜਾਵੇ ਤਾਂ ਕੌਣ ਕਹੇ ਰਾਣੀਏਂ ਅੱਗਾ ਢਕ?
ਦੁੱਖ ਸੁਖ ਕੁਦਰਤ ਦੀ ਦੇਣ ਹਨ। ਸ਼ਾਇਦ ਹੀ ਕੋਈ ਮਨੁੱਖ ਹੋਵੇ, ਜਿਹਨੂੰ ਕਦੇ ਦੁੱਖ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਜੀਂਦੇ ਜਾਗਦੇ ਬੰਦੇ ਦੁੱਖਾਂ ਦੇ ਕਾਰਨ ਲੱਭਦੇ ਹਨ ਅਤੇ ਸੂਝ ਸਿਆਣਪ ਨਾਲ ਦੁੱਖਾਂ ਨੂੰ ਦੂਰ ਕਰਦੇ ਹਨ। ਜੋ ਦੁੱਖਾਂ ਦੇ ਕਾਰਨ ਖੋਜਣ ਦੀ ਥਾਂ ਦਿਮਾਗ ਦਾ ਬੂਹਾ ਭੇੜ ਐਵੇਂ ਅੱਕੀਂ ਪਲਾਹੀਂ ਹੱਥ ਮਾਰਦੇ ਹਨ, ਉਹ ਅਖੌਤੀ ਪੀਰਾਂ-ਪੰਡਿਤਾਂ ਤੇ ਯੋਗੀਆਂ-ਬਾਬਿਆਂ ਦੇ ਜਾਲ ਵਿਚ ਫਸ ਜਾਂਦੇ ਹਨ। ਧਾਗੇ ਤਵੀਤਾਂ ਤੇ ਗਿੱਦੜਸਿੰਗੀਆਂ ‘ਚ ਕੋਈ ਕਰਾਮਾਤ ਹੁੰਦੀ ਤਾਂ ਦੁਨੀਆਂ ਕਦੋਂ ਦੀ ਤਰ ਗਈ ਹੁੰਦੀ! ਕਰੋਨਾ ਮਹਾਮਾਰੀ ਦੇ ਔਖੇ ਦਿਨ ਵੀ ਹੋਰਨਾਂ ਮਹਾਮਾਰੀਆਂ ਦੇ ਦਿਨਾਂ ਵਾਂਗ ਲੰਘ ਜਾਣਗੇ; ਪਰ ਸੁਆਲ ਹੈ, “ਕੀ ਸਾਡੇ ਲੋਕ ਠੱਗ ਬਾਬਿਆਂ ਤੋਂ ਸੁਚੇਤ ਹੋਣਗੇ?”