ਸ਼ੁਭ ਸੌਗਾਤ ਜਿਹੀ ਪੁਸਤਕ ‘ਪੰਜਾਬੀ ਲੋਕਧਾਰਾ ਦੇ ਵਿਸਰਦੇ ਵਰਤਾਰੇ’

ਡਾ. ਹਰਚਰਨ*
ਫੋਨ: +91-98145-61386
ਆਧੁਨਿਕਤਾ, ਅਖੌਤੀ ਆਧੁਨਿਕਤਾ, ਤਕਨੀਕੀ ਕ੍ਰਾਂਤੀ ਜਾਂ ਮਸ਼ੀਨੀਕਰਨ ਦੀ ਬੇਰੋਕ ਹਨੇਰੀ ਅਤੇ ਵਹਿਸ਼ੀ ਝੱਖੜ ਦੇ ਇਸ ਬੇਲਗਾਮ ਦੌਰ ਵਿਚ ਲੋਕਧਾਰਾ ਜਿਹੇ ਸੂਖਮ, ਸੰਵੇਦਨਸ਼ੀਲ ਤੇ ਨਾਜ਼ੁਕ-ਮਿਜਾਜ਼ ਸ਼ਬਦ ਸਹਿਮੇ-ਸਹਿਮੇ ਪ੍ਰਤੀਤ ਹੁੰਦੇ ਹਨ। ਇਹ ਸ਼ਬਦ ਆਪਣੀ ਮਿਟ ਰਹੀ ਹੋਂਦ ਬਾਰੇ ਚਿੰਤਿਤ ਜਾਪਦੇ ਹਨ। ਅਖੌਤੀ ਆਧੁਨਿਕਤਾ ਦੇ ਪਾਗਲਪਨ/ਜਨੂਨ ਵਿਚ ਇਨ੍ਹਾਂ ਦਾ ਵਜੂਦ ਸਿਮਟਦਾ-ਸਹਿਕਦਾ ਦਿਸਦਾ ਹੈ, ਪਰ ਇਨ੍ਹਾਂ ਦਾ ਫਿਕਰ ਕਰਨ ਵਾਲੇ ਵਿਦਵਾਨ ਤੇ ਲੇਖਕ ਵੀ ਮੌਜੂਦ ਹਨ।

ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਡਾ. ਪ੍ਰਿਤਪਾਲ ਸਿੰਘ ਮਹਿਰੋਕ ਜਾਣੀ-ਪਛਾਣੀ ਹਸਤੀ ਹੈ। ਇਹ ਸੰਵੇਦਨਸ਼ੀਲ ਲੇਖਕ ਪੰਜਾਬੀ ਸਾਹਿਤ, ਭਾਸ਼ਾ, ਸਭਿਆਚਾਰ ਆਦਿ ਦੀ ਸੇਵਾ ਤੇ ਹਿਫਾਜ਼ਤ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਸਾਹਿਤ ਤੇ ਲੋਕਧਾਰਾ ਨਾਲ ਬੜਾ ਨੇੜਿਓਂ ਜੁੜਿਆ ਹੋਇਆ, ਨਿੱਠ ਕੇ ਕੰਮ ਕਰਨ ਵਾਲਾ ਕਰਮਯੋਗੀ ਹੈ। ਉਹ ਪਾਰਖੂ ਨੀਝ, ਗਹਿਰੀ, ਤੀਬਰ ਤੇ ਤੀਖਣ ਸੂਝ-ਬੂਝ ਦਾ ਮਾਲਕ ਕਲਮਕਾਰ ਹੈ, ਜਿਸ ਵੱਲ ਪੰਜਾਬੀ ਪਾਠਕਾਂ ਦਾ ਧਿਆਨ ਸੁਤੇ-ਸਿੱਧ ਹੀ ਖਿੱਚਿਆ ਜਾਂਦਾ ਹੈ।
ਸਾਹਿਤ, ਕਲਾ, ਸਭਿਆਚਾਰ ਤੇ ਸਾਹਿਤ ਸਮੀਖਿਆ ਜਿਹੇ ਵੱਖ ਵੱਖ ਖੇਤਰਾਂ ਦੀ ਗਹਿਰ-ਗੰਭੀਰ ਸ਼ਖਸੀਅਤ ਡਾ. ਮਹਿਰੋਕ ਦਾ ਅਧਿਐਨ-ਅਧਿਆਪਨ, ਸਿਰਜਣਾਤਮਕ ਕਾਰਜ, ਸਾਹਿਤ ਸਮਾਲੋਚਨਾ ਦੇ ਕਾਰਜ, ਖੋਜ ਕਾਰਜ, ਲੋਕਧਾਰਾ ਨਾਲ ਜੁੜੇ ਵੱਖ ਵੱਖ ਸਰੋਕਾਰਾਂ ਆਦਿ ਬਾਰੇ ਲਿਖਣ ਕਾਰਜ ਨਾਲ ਨਿਰੰਤਰ ਜੁੜੇ ਰਹਿਣਾ ਕਿਸੇ ਮੁਜੱਸਮੇ ਤੋਂ ਘੱਟ ਨਹੀਂ ਜਾਪਦਾ।
ਡਾ. ਮਹਿਰੋਕ ਜਿਥੇ ਸਾਹਿਤ ਸਮੀਖਿਆ ਦੇ ਖੇਤਰ ਵਿਚ ਆਪਣੀ ਜ਼ਿਕਰਯੋਗ ਪਛਾਣ ਰੱਖਦੇ ਹਨ, ਉਥੇ ਪੰਜਾਬੀ ਲੋਕਧਾਰਾ ‘ਤੇ ਕੰਮ ਕਰਦਿਆਂ ਵੀ ਆਪਣੀਆਂ ਅਮਿੱਟ ਪੈੜਾਂ ਛੱਡਣ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਸਾਹਿਤ ਆਲੋਚਨਾ ਦੇ ਖੇਤਰ ਵਿਚ ‘ਪੰਜਾਬੀ ਕਹਾਣੀ: ਵਿਚਾਰਧਾਰਕ ਪਰਿਪੇਖ’, ‘ਪੰਜਾਬੀ ਸਾਹਿਤ: ਸਮੀਖਿਆ ਚੇਤਨਾ’, ‘ਪੰਜਾਬੀ ਵਿਚ ਮਿਰਜ਼ਾ-ਸਾਹਿਬਾਂ ਦੇ ਕਿੱਸੇ’ ਉਨ੍ਹਾਂ ਦੀ ਡੂੰਘੀ ਨਿਰਖ-ਪਰਖ ਦੀ ਚਰਚਾ ਛੇੜਦੇ ਹਨ। ਉਨ੍ਹਾਂ ਦੀ ਪੁਸਤਕ ‘ਦਿਨ ਚੜ੍ਹਦੇ ਦੀ ਲਾਲੀ’ ਪੰਜਾਬੀ ਲੋਕਧਾਰਾ ਦੇ ਪਿੜ ਵਿਚ ਖੂਬ ਚਰਚਾ ਦਾ ਵਿਸ਼ਾ ਰਹੀ ਹੈ, ਜਿਸ ਨੇ ਲੋਕ ਮਨਾਂ ‘ਤੇ ਡੂੰਘੀ ਛਾਪ ਛੱਡੀ ਹੈ। ਇਸੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਉਨ੍ਹਾਂ ਦੀ ਹਥਲੀ ਕਿਤਾਬ ‘ਪੰਜਾਬੀ ਲੋਕਧਾਰਾ ਦੇ ਵਿਸਰਦੇ ਵਰਤਾਰੇ’ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਆਪਣੀ ਕਿਸਮ ਦੀ ਅਦੁੱਤੀ ਤੇ ਸ਼ੁਭ ਸੌਗਾਤ ਬਣ ਕੇ ਪ੍ਰਗਟ ਹੁੰਦੀ ਹੈ।
ਇਹ ਪੁਸਤਕ ਲੋਕਧਾਰਾ ਵਿਗਿਆਨ ਦੇ ਵਿਸ਼ੇ ‘ਤੇ ਡਾ. ਮਹਿਰੋਕ ਦੀ ਡੂੰਘੀ ਪਕੜ ਦਾ ਅਹਿਸਾਸ ਕਰਵਾਉਂਦੀ ਹੈ। ਬਿਆਨ ਵਿਚਲੀ ਰਵਾਨੀ, ਤੱਥਾਂ ਦੇ ਪ੍ਰਗਟਾਵੇ ਵਿਚਲੀ ਸਹਿਜ ਸੁਭਾਵਿਕਤਾ ਲੋਕਧਾਰਾਈ ਮੁਹਾਵਰੇ ਜਿਹੀ ਹੀ ਹੈ। ਪੁਸਤਕ ਦਾ ਅਧਿਐਨ ਕਰਦਾ ਪਾਠਕ ਵਿਸਰਦੇ ਜਾ ਰਹੇ ਬੇਸ਼ਕੀਮਤੀ ਵਿਰਸੇ ਦੇ ਵਰਤਾਰਿਆਂ ਦੇ ਮਹੱਤਵ ਤੋਂ ਜਾਣੂੰ ਵੀ ਹੁੰਦਾ ਜਾਂਦਾ ਹੈ ਤੇ ਉਨ੍ਹਾਂ ਨੂੰ ਧੁਰ ਅੰਦਰ ਤੱਕ ਸਮਾਉਂਦਾ ਵੀ ਜਾਂਦਾ ਹੈ।
ਹਥਲੀ ਪੁਸਤਕ ਬਾਰੇ ਬੁਨਿਆਦੀ ਜਾਣਕਾਰੀ ਦੀ ਅਮਿੱਟ ਸਾਂਝ ਪਾਉਣ ਲਈ ਜਿਥੇ ਡਾ. ਮਹਿਰੋਕ ਨੇ ‘ਸਮੇਂ ਦਾ ਗੇੜ ਤੇ ਸਭਿਆਚਾਰਕ ਵਰਤਾਰੇ’ ਦੇ ਰੂਪ ਵਿਚ ਭੂਮਿਕਾਨੁਮਾ ਕਾਂਡ ਵਿਚ ਵਿਸ਼ੇ ‘ਤੇ ਆਪਣੀ ਡੂੰਘੀ ਪਕੜ ਤੇ ਸਾਂਝ ਦਾ ਬੋਧ ਕਰਵਾਉਣ ਦਾ ਸਫਲ ਉਪਰਾਲਾ ਕੀਤਾ ਹੈ, ਉਥੇ ਇਸ ਵਿਸ਼ਾਲ ਸਾਗਰ ਦੀ ਗਹਿਰਾਈ ਦਾ ਅਹਿਸਾਸ ਵੀ ਕਰਵਾਇਆ ਹੈ। ਡਾ. ਮਹਿਰੋਕ ਲੋਕਧਾਰਾਈ ਵਿਰਾਸਤ ਦੇ ਵਿਸਰਦੇ ਵਰਤਾਰਿਆਂ ਦੀ ਗਾਥਾ ਦੀਆਂ ਪਰਤਾਂ ਫਰੋਲਦਿਆਂ ਇਸ ਵਰਤਾਰੇ ਨੂੰ ਸੁਭਾਵਿਕ ਗੇੜ ਦਰਸਾਉਂਦੇ ਹਨ। ਤਕਨੀਕੀ ਤਰੱਕੀ, ਮਸ਼ੀਨੀਕਰਨ, ਜੀਵਨ ਦੀਆਂ ਅਨੇਕ ਸੁਖ-ਸਹੂਲਤਾਂ, ਮਨੁੱਖ ਦਾ ਚਕਾਚੌਂਧ ਵਾਲੀ ਜ਼ਿੰਦਗੀ ਵਿਚ ਯਕੀਨ, ਜੀਵਨ ਦੀ ਕਾਹਲ ਅਤੇ ਰੁਝੇਵਿਆਂ ਨਾਲ ਅੱਟੀ ਜ਼ਿੰਦਗੀ ਵੱਲ ਵੀ ਉਹ ਸੰਕੇਤ ਕਰਦੇ ਚਲੇ ਜਾਂਦੇ ਹਨ। ਪੁਸਤਕ ਦੀ ਭੂਮਿਕਾ ਇਸ ਨੂੰ ਮਜ਼ਬੂਤ ਆਧਾਰ ਦਿੰਦੀ ਹੈ।
ਲੇਖਕ ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਦਾ ਹੈ। ਉਹ ਵਿਸਰਦੇ ਜਾ ਰਹੇ ਵਰਤਾਰਿਆਂ ਦੇ ਨਕਸ਼ ਤਰਾਸ਼ਣ ਵਿਚ ਬਾਰੀਕੀ ਤੋਂ ਕੰਮ ਲੈਂਦਾ ਹੈ। ਮੁੱਠੀ ਵਿਚੋਂ ਰੇਤ ਕਿਰਦੀ ਜਾਣ ਵਾਂਗ ਸਮੇਂ ਨਾਲ ਵਿਸਰਦੇ ਜਾਂਦੇ ਵਰਤਾਰਿਆਂ ਪ੍ਰਤੀ ਆਪਣੀ ਚਿੰਤਾ ਦਾ ਪ੍ਰਗਟਾਵਾ ਵੀ ਲੇਖਕ ਬਾਖੂਬੀ ਕਰਦਾ ਜਾਂਦਾ ਹੈ।
‘ਲੋਕਧਾਰਾ ਦਾ ਸ਼ਾਬਦਿਕ ਅਜਾਇਬ ਘਰ’ ਸਿਰਲੇਖ ਅਧੀਨ ਪੁਸਤਕ ਨਾਲ ਸਾਂਝ ਪੁਆਉਂਦਿਆਂ ਕਲਾ ਤੇ ਸਾਹਿਤ ਦੇ ਪਾਰਖੂ ਅਤੇ ਇਨ੍ਹਾਂ ਖੇਤਰਾਂ ਦੇ ਨਾਮਵਰ ਹਸਤਾਖਰ ਡਾ. ਲਖਵਿੰਦਰ ਸਿੰਘ ਜੌਹਲ ਨੇ ਆਪਣੀ ਭੂਮਿਕਾ ਰਾਹੀਂ ਪੁਸਤਕ ਦੀ ਸੱਭਿਆਚਾਰਕ ਅਹਿਮੀਅਤ ਨੂੰ ਸਪਸ਼ਟ ਕਰ ਦਿੱਤਾ ਹੈ ਤੇ ਇਸ ਕਿਤਾਬ ਨੂੰ ਮਨ ਨੂੰ ਸਕੂਨ ਦੇਣ ਵਾਲੀ ਮੁੱਲਵਾਨ ਰਚਨਾ ਦਾ ਦਰਜਾ ਦਿੱਤਾ ਹੈ। ਜਿਸ ਸ਼ਿੱਦਤ ਅਤੇ ਪ੍ਰਤੀਬੱਧਤਾ ਨਾਲ ਡਾ. ਮਹਿਰੋਕ ਨੇ ਇਨ੍ਹਾਂ ਵਿਸਰਦੇ ਵਰਤਾਰਿਆਂ ਦੀਆਂ ਪਰਤਾਂ ਫਰੋਲੀਆਂ ਹਨ, ਉਸੇ ਸ਼ਿੱਦਤ ਨਾਲ ਡਾ. ਲਖਵਿੰਦਰ ਸਿੰਘ ਜੌਹਲ ਨੇ ਵਿਸਰ ਰਹੇ ਵਰਤਾਰਿਆਂ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ।
ਡਾ. ਜੌਹਲ ਦੇ ਸ਼ਬਦਾਂ ਵਿਚ, “ਡਾ. ਪ੍ਰਿਤਪਾਲ ਸਿੰਘ ਮਹਿਰੋਕ ਦੀ ਇਹ ਕਿਤਾਬ ਵਿਰਸੇ ਦੀ ਇਸ ਅਮੀਰੀ ਦਾ ਨਾ ਸਿਰਫ ਸ਼ਾਬਦਿਕ ਵਰਣਨ ਹੈ, ਸਗੋਂ ਉਸ ਨੇ ਦਿਨੋਂ ਦਿਨ ਨਿਰਜਿੰਦ ਹੋ ਰਹੇ ਵਰਤਾਰਿਆਂ ਅਤੇ ਵਸਤਾਂ ਦਾ ਬਿਰਤਾਂਤ ਸਿਰਜ ਕੇ ਇਨ੍ਹਾਂ ਨੂੰ ਅਜਿਹੀਆਂ ਕਥਾ-ਕਹਾਣੀਆਂ ਵਾਂਗ ਸਥਾਪਤ ਕਰ ਦਿੱਤਾ ਹੈ, ਜੋ ਸਦੀਵੀ ਹੋ ਗਈਆਂ ਹਨ।” (ਪੰਨਾ 12)
ਡਾ. ਮਹਿਰੋਕ ਲਿਖਦੇ ਹਨ, “ਵਿਸਰਦੇ ਜਾ ਰਹੇ ਜਾਂ ਮਿਟ ਜਾਣ ਦੀ ਕਗਾਰ ‘ਤੇ ਖੜੇ ਉਨ੍ਹਾਂ ਸਭਿਆਚਾਰਕ ਵਰਤਾਰਿਆਂ ਦਾ ਆਪਣੇ ਸਮਿਆਂ ਵਿਚ ਵਿਸ਼ੇਸ਼ ਮਹੱਤਵ ਰਿਹਾ ਹੈ। ਲੋਕਧਾਰਾ ਨਾਲ ਜੁੜਿਆ ਹਰੇਕ ਵਰਤਾਰਾ ਮਨੁੱਖੀ ਮਨ ਦੀ ਸਿਰਜਣਾ ਹੁੰਦਾ ਹੈ। ਮਨੁੱਖੀ ਮਨ ਦੀਆਂ ਸਿਰਜਣਾਵਾਂ ਜਦੋਂ ਪਰੰਪਰਾ ਨਾਲ ਜੁੜ ਕੇ ਲੋਕ ਪ੍ਰਵਾਨਗੀ ਹਾਸਲ ਕਰ ਲੈਂਦੀਆਂ ਹਨ ਤਾਂ ਉਹ ਲੋਕਧਾਰਾ ਵਿਚੋਂ ਜਨਮ ਲੈਣ ਵਾਲੀਆਂ ਸਿਰਜਣਾਵਾਂ ਬਣ ਜਾਂਦੀਆਂ ਹਨ।…ਲੋਕ ਮਨ ਵਿਚ ਲੋਕਧਾਰਾ ਦਾ ਸਮਾਵੇਸ਼ ਸਹਿਜ ਸੁਭਾਵਿਕ ਹੁੰਦਾ ਆਇਆ ਹੈ ਤੇ ਇਸ ਦੀ ਹੋਂਦ ਦੇ ਚਿਹਨ ਲੋਕ ਜੀਵਨ ਵਿਚੋਂ ਸਹਿਜੇ ਹੀ ਲੱਭੇ ਜਾ ਸਕਦੇ ਹਨ।” (ਪੰਨਾ 13)
ਲੇਖਕ ਲਿਖਦਾ ਹੈ, “ਲੋਕਧਾਰਾ ਨਾਲ ਜੁੜੇ ਵਰਤਾਰਿਆਂ ਵਿਚ ਆਪਮੁਹਾਰੇਪਨ ਦੇ ਲੱਛਣ ਬਹੁਤ ਤੀਬਰ ਸੁਰ ਵਿਚ ਪਾਏ ਜਾਂਦੇ ਹਨ। ਉਹ ਵਰਤਾਰੇ ਬਹੁਤ ਸਹਿਜ ਹੁੰਦੇ ਹਨ, ਉਨ੍ਹਾਂ ਵਿਚ ਕੋਈ ਉਚੇਚ ਨਹੀਂ ਹੁੰਦਾ। ਉਨ੍ਹਾਂ ਵਿਚੋਂ ਲੋਕ ਮਨ ਦੇ ਸਹਿਜ ਦਰਸ਼ਨ ਹੋ ਜਾਂਦੇ ਹਨ। ਲੋਕਧਾਰਾ ਦੇ ਵਰਤਾਰਿਆਂ ਵਿਚ ਮੌਲਿਕਤਾ, ਵਿਲੱਖਣਤਾ, ਸੁਹਜਾਤਮਕਤਾ ਆਦਿ ਗੁਣਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ।” (ਪੰਨਾ 14)
ਨਿਸ਼ਚੇ ਹੀ, ਸੱਭਿਆਚਾਰਕ ਨਿਘਾਰ ਕਾਰਨ ਪੰਜਾਬ ਵਿਚੋਂ ਕਈ ਚੀਜ਼ਾਂ-ਵਸਤਾਂ ਅਲੋਪ ਹੋ ਰਹੀਆਂ ਹਨ। ਅਜੋਕੇ ਪੰਜਾਬ ਦਾ ਚਿਹਰਾ-ਮੋਹਰਾ ਨਿਹਾਰਦਿਆਂ ਇਸ ਗੱਲ ਦਾ ਤੀਬਰ ਅਹਿਸਾਸ ਹੁੰਦਾ ਹੈ ਕਿ “ਖੁੱਲ੍ਹੀਆਂ ਖੁਰਾਕਾਂ, ਖੁੱਲ੍ਹੇ-ਡੁੱਲ੍ਹੇ ਪਹਿਰਾਵੇ, ਖੁੱਲ੍ਹੇ ਸੁਭਾਅ ਅਤੇ ਖੁੱਲ੍ਹੇ ਮਕਾਨਾਂ ਵਾਲੇ ਪੰਜਾਬੀਆਂ ਦੇ ਮੂੰਹ-ਮੁਹਾਂਦਰੇ ਵੀ ਹੁਣ ਬਦਲਦੇ ਜਾ ਰਹੇ ਨਜ਼ਰ ਆਉਂਦੇ ਹਨ। ਪੰਜਾਬ ਦੇ ਬਹੁਤ ਘੱਟ ਪ੍ਰਤੀਸ਼ਤ ਘਰਾਂ ਵਿਚ ਹੀ ਹੁਣ ਪੁਰਾਣੀ ਰਹਿਤਲ ਦੀ ਰਹਿੰਦ-ਖੂੰਹਦ ਬਚੀ ਹੋਵੇਗੀ।” (ਪੰਨਾ 17)
ਪੁਸਤਕ ਵਿਚ ਪੇਸ਼ ਕੀਤੇ ਗਏ ਵਿਸਰਦੇ ਜਾ ਰਹੇ ਵਰਤਾਰਿਆਂ ਨੂੰ ਪੰਜਾਬੀ ਲੋਕ ਗੀਤਾਂ ਵਿਚ ਵਿਭਿੰਨ ਪ੍ਰਸੰਗਾਂ ਵਿਚ ਹੋਏ ਉਨ੍ਹਾਂ ਦੇ ਜ਼ਿਕਰ ਦੀ ਪਿੱਠ ਭੂਮੀ ਅਤੇ ਹਵਾਲਿਆਂ ਨਾਲ ਉਘਾੜਨ ਦਾ ਯਤਨ ਕੀਤਾ ਗਿਆ ਹੈ, ਜਿਸ ਨਾਲ ਪੁਸਤਕ ਦਾ ਮਹੱਤਵ ਹੋਰ ਵਧ ਜਾਂਦਾ ਹੈ। ਮੈਂ ਇਸ ਪੁਸਤਕ ਦੇ ਕੁਝ ਲੇਖਾਂ ਦਾ ਜ਼ਿਕਰ ਵਿਸ਼ੇਸ਼ ਤੌਰ ‘ਤੇ ਕਰਨਾ ਚਾਹੁੰਦਾਂ, ਜਿਨ੍ਹਾਂ ਨੂੰ ਮੁੜ-ਮੁੜ ਪੜ੍ਹਨ ਲਈ ਮਨ ਅਹੁਲਦਾ ਹੈ। ਪਹਿਲੇ ਹਿੱਸੇ ਵਿਚ ‘ਚਿੜੀ ਚੜੂੰਗਾ ਕੱਤ ਕੁੜੇ’, ‘ਤ੍ਰਿੰਞਣ ਦੀਆਂ ਕੁੜੀਆਂ’, ‘ਛੱਜ ਓਹਲੇ ਛਾਨਣੀ’, ‘ਜਾਗੋ ਆਈ ਆ…’ ਆਦਿ ਕੁੜੀਆਂ ਦੇ ਗੀਤਾਂ/ਨਾਚਾਂ ਨਾਲ ਸਬੰਧਿਤ ਲੇਖ ਹਨ, ਜਿਨ੍ਹਾਂ ਵਿਚੋਂ ਕੁਝ ਗੁੰਮ-ਗਵਾਚ ਗਏ ਹਨ।
ਦੂਜੇ ਹਿੱਸੇ ਵਿਚ ‘ਬੀਤੇ ਦੀ ਬਾਤ ਬਣ ਗਈਆਂ ਹੋਲ਼ਾਂ’, ‘ਘਰ ਅੰਦਰ ਚੁੱਲ੍ਹਾ-ਚੌਂਕਾ’, ‘ਦਾਣੇ ਭੱਠੀ ‘ਤੇ ਭੁਨਾਨੀ ਆਂ’, ‘ਮਧਾਣੀ ਮੇਰੀ ਰੰਗਲੀ’, ‘ਕੱਤਣੀ ਮੇਰੀ ਫੁੱਲਾਂ ਵਾਲੀ’ ਆਦਿ ਲੇਖ ਬੀਤੇ ਸਮੇਂ ਦੀ ਬਾਤ ਪਾਉਂਦੇ ਹਨ। ਤੀਜੇ ਹਿੱਸੇ ਵਿਚ ‘ਹਰਿਆ ਤੇ ਭਾਗੀਂ ਭਰਿਆ’, ‘ਘੜੋਲੀ ਭਰ ਆਈ ਆਂ’, ‘ਖਾਰੇ ਚੜ੍ਹਦਾ ਡੁਸ ਡੁਸ ਰੋਵੇ’, ‘ਕਲੀਰੇ ਬੰਨ੍ਹਣ ਤੇ ਵੰਡਣ ਦੀ ਰਸਮ’ ਆਦਿ ਲੇਖ ਕੁਝ ਪੁਰਾਣੀਆਂ ਰਸਮਾਂ ਦੀ ਯਾਦ ਤਾਜ਼ਾ ਕਰਵਾ ਦਿੰਦੇ ਹਨ। ਚੌਥੇ ਹਿੱਸੇ ਵਿਚ ‘ਗੁੰਦਿਆ ਪਰਾਂਦਾ ਰੀਝਾਂ ਨਾਲ ਵੇ’, ‘ਸੁਰਮਾ ਤਾਂ ਪਾਈਏ ਜੇ ਮਟਕਾਉਣਾ ਆਵੇ’, ‘ਚਾਂਦੀ ਦੀਆਂ ਝਾਂਜਰਾਂ ਘੜਾ ਦੇ ਹਾਣੀਆਂ’ ਅਤੇ ‘ਰੁਮਾਲ ਤੇਰਾ ਕੱਢਿਆ ਪਇਆ ਈ’ ਕਢਾਈ-ਬੁਣਾਈ ਦੀ ਲੋਕ ਕਲਾ ਤੇ ਹਾਰ ਸ਼ਿੰਗਾਰ ਦੀ ਕਲਾ/ਸ਼ੌਕ ਨਾਲ ਜੁੜੇ ਹੋਏ ਹਨ।
ਪੰਜਵੇਂ ਹਿੱਸੇ ਵਿਚ ‘ਵਿਸਰਿਆ ਲੋਕ ਕਾਵਿ ਕਸੀਦਾ’, ‘ਕਿਧਰ ਗਏ ਨਕਾਲ ਤੇ ਨਕਲਾਂ’, ‘ਵਿਸਰਿਆ ਲੋਕ ਕਾਵਿ ਨਾਟ ਸਵਾਂਗ’, ‘ਹੁਣ ਘੱਟ ਹੁੰਦਾ ਹੈ ਕਠਪੁਤਲੀਆਂ ਦਾ ਤਮਾਸ਼ਾ’ ਆਦਿ ਅਜਿਹੇ ਵਿਸ਼ੇ ਹਨ, ਜੋ ਵਿਸ਼ੇਸ਼ ਤੌਰ ‘ਤੇ ਆਕਰਸ਼ਿਤ ਕਰਦੇ ਹਨ, ਧੁਰ ਅੰਦਰ ਤੱਕ ਉਤਰਦੇ ਜਾਂਦੇ ਹਨ, ਹਲੂਣ ਦੇਣ ਵਾਲੇ ਹਨ ਅਤੇ ਬਹੁਤ ਪ੍ਰਭਾਵਿਤ ਕਰਨ ਵਾਲੇ, ਦਿਲਚਸਪ ਤੇ ਜਾਣਕਾਰੀ ਭਰਪੂਰ ਹਨ।
ਬਿਨਾ ਸ਼ੱਕ ਤਬਦੀਲੀ ਕੁਦਰਤ ਦਾ ਨਿਯਮ ਹੈ। ਕੁਦਰਤੀ ਤਬਦੀਲੀ ਸਹਿਜ ਸੁਭਾਵਿਕ ਤੇ ਆਪ ਮੁਹਾਰੇ ਆਉਣੀ ਹੀ ਹੁੰਦੀ ਹੈ। ਇਸ ਵਿਸ਼ਵ ਵਿਆਪੀ ਅਸਲੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਪਰ ਬੇਲੋੜੀ ਤੇ ਅੰਨ੍ਹੀ ਦੌੜ ਕਿਸੇ ਵੀ ਤਬਦੀਲੀ ਦੌਰਾਨ ਅੱਖਰਦੀ ਹੈ। ਆਪਣੀ ਭੂਮਿਕਾਨੁਮਾ ਗੱਲਬਾਤ ਦੇ ਅੰਤ ਵਿਚ ਵੀ ਡਾ. ਮਹਿਰੋਕ ਲਿਖਦੇ ਹਨ, “ਸਮੇਂ ਦੇ ਗੇੜ ਨੇ ਚੱਲਦਿਆਂ ਰਹਿਣਾ ਹੈ ਤੇ ਸਮੇਂ ਦੇ ਨਾਲ ਨਾਲ ਤਬਦੀਲੀ ਦਾ ਵਾਪਰਨਾ ਵੀ ਸੁਭਾਵਿਕ ਵਰਤਾਰਾ ਹੁੰਦਾ ਹੈ। ਵਿਰਸੇ ਨਾਲ ਸਬੰਧਿਤ ਇਨ੍ਹਾਂ ਵਰਤਾਰਿਆਂ ਦੇ ਬਦਲ ਜਾਣ ਜਾਂ ਗਵਾਚ ਜਾਣ ਦਾ ਹਿਰਖ-ਹੇਰਵਾ ਵੀ ਨਹੀਂ ਹੋਣਾ ਚਾਹੀਦਾ। ਸਮੇਂ ਦੇ ਬਦਲਣ ਨਾਲ ਅਜਿਹਾ ਹੋਣਾ ਹੀ ਹੁੰਦਾ ਹੈ। ਇਸ ਪੁਸਤਕ ਦੀ ਰਚਨਾ ਦਾ ਮਨੋਰਥ ਸਿਰਫ ਇਹ ਹੈ ਕਿ ਅਜਿਹੇ ਵਿਸਰ ਰਹੇ ਵਰਤਾਰੇ ਘੱਟ ਤੋਂ ਘੱਟ ਸਾਡੇ ਚੇਤਿਆਂ ਵਿਚ ਤਾਂ ਕਿਸੇ ਨਾ ਕਿਸੇ ਰੂਪ ਵਿਚ ਆਪਣਾ ਸਥਾਨ ਬਣਾਈ ਰੱਖਣ।” (ਪੰਨਾ 21 ਤੇ 22)
ਪੁਸਤਕ ਵਿਚ ਵਰਤੀ ਗਈ ਬੋਲੀ, ਸ਼ੈਲੀ, ਵਾਕ ਬਣਤਰ ਆਦਿ ਲੋਕਧਾਰਾ ਦੇ ਅਨੁਸ਼ਾਸਨ ਨਾਲ ਕਾਵਿਕ ਨਿਆਂ ਕਰਨ ਵਾਲੀ, ਸਰਲ ਅਤੇ ਸਹਿਜੇ ਹੀ ਪਾਠਕ ਦੀ ਸਮਝ ਵਿਚ ਆਉਣ ਵਾਲੀ ਹੈ। ਇਸ ਪੱਖ ਤੋਂ ਵੀ ਇਹ ਪੁਸਤਕ ਲੋਕ ਮਨਾਂ ਤੱਕ ਰਸਾਈ ਕਰਨ ਵਾਲੀ ਹੈ। ਉਂਜ ਡਾ. ਮਹਿਰੋਕ ਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਕੋਈ ਨਤੀਜਾ ਭਰਪੂਰ ਫਤਵਾ ਦੇਣਾ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੋਵੇਗੀ।
ਇਹ ਸੱਚ ਹੈ ਕਿ ਹਰ ਸਾਲ ਬੇਸ਼ੁਮਾਰ ਕਿਤਾਬਾਂ ਛਪਦੀਆਂ ਹਨ, ਵਿਕਦੀਆਂ ਹਨ, ਲਾਇਬਰੇਰੀਆਂ ਤੇ ਘਰਾਂ ਦੀਆਂ ਬੁੱਕ ਸ਼ੈਲਫਾਂ ਦੀ ਸ਼ਾਨ ਬਣਦੀਆਂ ਹਨ, ਪਰ ਪੜ੍ਹਨਯੋਗ ਤੇ ਦਿਲਾਂ ਅੰਦਰ ਘਰ ਕਰ ਜਾਣ ਵਾਲੀਆਂ ਪੁਸਤਕਾਂ ਵਿਰਲੀਆਂ-ਟਾਵੀਆਂ ਹੀ ਹੁੰਦੀਆਂ ਹਨ, ਜੋ ਲੋਕ ਮਨਾਂ ‘ਤੇ ਆਪਣੀ ਡੂੰਘੀ ਛਾਪ ਛੱਡਦੀਆਂ ਹਨ। ‘ਪੰਜਾਬੀ ਲੋਕਧਾਰਾ ਦੇ ਵਿਸਰਦੇ ਵਰਤਾਰੇ’ ਪੁਸਤਕ ਉਨ੍ਹਾਂ ਕੁਝ ਖਾਸ ਕਿਤਾਬਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਮੁੜ ਮੁੜ ਪੜ੍ਹਦਿਆਂ ਵੀ ਕੁਝ ਨਾ ਕੁਝ ਨਵਾਂ ਪੜ੍ਹਨ ਜਿਹਾ ਅਹਿਸਾਸ ਹੁੰਦਾ ਰਹਿੰਦਾ ਹੈ ਤੇ ਅਨੰਦ ਵੀ ਮਿਲਦਾ ਹੈ। ਲੋਕ ਰੰਗ ਦੇ ਵੱਖ ਵੱਖ ਰੰਗਾਂ ਨਾਲ ਓਤ-ਪੋਤ ਤੇ ਆਪਣੀ ਦਮਦਾਰ ਹਾਜ਼ਰੀ ਲਵਾਉਂਦੀ ਇਸ ਅਦੁੱਤੀ ਪੁਸਤਕ ਦਾ ਨਿੱਘਾ ਸਵਾਗਤ ਹੈ।

*ਐਸੋਸੀਏਟ ਪ੍ਰੋਫੈਸਰ (ਸੇਵਾ ਮੁਕਤ)
ਜੀ. ਜੀ. ਡੀ. ਐਸ਼ ਡੀ. ਕਾਲਜ
ਹਰਿਆਣਾ, ਜਿਲਾ ਹੁਸ਼ਿਆਰਪੁਰ।