ਧਰਤੀ ਦੀ ਖੋਜ

ਹਰਜੀਤ ਦਿਓਲ, ਬਰੈਂਪਟਨ
ਇੱਕ ਵੀਰਾਨ ਗ੍ਰਹਿ। ਦੂਰ ਦੂਰ ਤੱਕ ਜੀਵਨ ਦਾ ਕੋਈ ਚਿਨ੍ਹ ਨਹੀਂ। ਉਪਰ ਪੀਲੇ ਜਿਹੇ ਰੰਗ ਦਾ ਆਸਮਾਨ, ਥੱਲੇ ਕਾਲੀ ਪੈ ਗਈ ਜਮੀਨ। ਨਾ ਹਵਾ, ਨਾ ਪਾਣੀ ਅਤੇ ਨਾ ਕੋਈ ਦਰਖਤ-ਉਜਾੜ ਵਿਚ ਮੌਤ ਜਿਹਾ ਸੱਨਾਟਾ ਪਸਰਿਆ ਪਿਆ ਹੈ। ਆਕਾਸ਼ ‘ਚ ਕੋਈ ਧੱਬਾ ਜਿਹਾ ਨਜ਼ਰ ਆ ਰਿਹਾ ਹੈ, ਜੋ ਹੌਲੀ ਹੌਲੀ ਵੱਡਾ ਆਕਾਰ ਲੈਂਦਾ ਜਾ ਰਿਹਾ ਹੈ। ਕੁਝ ਘੰਟਿਆਂ ਪਿਛੋਂ ਇਹ ਧੱਬਾ ਕੋਈ ਪੁਲਾੜੀ ਯਾਨ ਦੀ ਸ਼ਕਲ ਅਖਤਿਆਰ ਕਰ ਲੈਂਦਾ ਹੈ, ਤੇ ਕੁਝ ਹੋਰ ਘੰਟਿਆਂ ਪਿਛੋਂ ਇਹ ਵੱਡੇ ਆਕਾਰ ਦਾ ਗੋਲਾ ਬੇ-ਅਵਾਜ਼ ਜਮੀਨ ‘ਤੇ ਆ ਟਿਕਦਾ ਹੈ। ਕੁਝ ਕੁ ਮਿੰਟਾਂ ਪਿਛੋਂ ਇਸ ਦੇ ਇੱਕ ਪਾਸਿਓਂ ਕੋਈ ਪੌੜੀ ਜਿਹੀ ਨਿਕਲਦੀ ਹੈ, ਤੇ ਦੇਖਦਿਆਂ ਹੀ ਇੱਕ ਇੱਕ ਕਰਕੇ ਦੋ ਜੀਵ ਪੌੜੀ ਰਾਹੀਂ ਜਮੀਨ ‘ਤੇ ਉਤਰ ਆਉਂਦੇ ਹਨ। ਇਨ੍ਹਾਂ ਕੋਈ ਵਾਤਾਵਰਣ ਰੱਖਿਅਕ ਪੋਸ਼ਾਕਾਂ ਪਾਈਆਂ ਹੋਈਆਂ ਹਨ, ਤੇ ਇਹ ਕਦੇ ਇਸ ਧਰਤੀ ‘ਤੇ ਰਾਜ ਕਰਦੇ ਮਨੁੱਖ ਜਾਪਦੇ ਹਨ।

ਔਰਤ ਅਤੇ ਮਰਦ ਹਨ ਸ਼ਾਇਦ। ਮਰਦ ਇਸ ਗ੍ਰਹਿ ‘ਤੇ ਪਹਿਲਾਂ ਵੀ ਗੇੜਾ ਲਾ ਚੁਕਾ ਹੈ, ਪਰ ਔਰਤ ਪਹਿਲੀ ਵਾਰ ਆਈ ਹੈ। ਜਿਸ ਗ੍ਰਹਿ ਤੋਂ ਇਹ ਆਏ ਹਨ, ਮਰਦ ਉਥੋਂ ਦਾ ਵੱਡਾ ਵਿਗਿਆਨੀ ਹੈ ਤੇ ਇਸ ਵੀਰਾਨ ਪਏ ਗ੍ਰਹਿ ਬਾਰੇ ਕਾਫੀ ਕੁਝ ਜਾਣਦਾ ਹੈ। ਅਸਚਰਜ ਨਾਲ ਭਰੀ ਆਪਣੀ ਸਾਥਣ ਨੂੰ ਉਹ ਦੱਸਦਾ ਹੈ, “ਇਸ ਗ੍ਰਹਿ ਦਾ ਨਾਂ ਧਰਤੀ ਹੁੰਦਾ ਸੀ। ਜਿਵੇਂ ਕਿ ਸਾਡੇ ਪੁਰਖਿਆਂ ਦੱਸਿਆ, ਉਹ ਇੱਥੋਂ ਹੀ ਆਪਣੀ ਨਸਲ ਬਚਾ ਕੇ ਸਾਡੇ ਮੌਜੂਦਾ ਗ੍ਰਹਿ ‘ਤੇ ਪੁੱਜੇ ਸਨ। ਧਰਤੀ ਦੇ ਅੰਤ ਬਾਰੇ ਅਸੀਂ ਉਨ੍ਹਾਂ ਤੋਂ ਹੀ ਜਾਣਿਆ। ਅਹੁ ਦੇਖ! ਕਿਸੇ ਵੱਡੀ ਬਿਲਡਿੰਗ ਦਾ ਢਾਂਚਾ ਕਿਵੇਂ ਪਹਾੜ ਜਿਹਾ ਜਾਪਦਾ ਹੈ। ਬਹੁਤ ਤਰੱਕੀ ਕਰ ਗਏ ਸਨ, ਇੱਥੋਂ ਦੇ ਬਾਸ਼ਿੰਦੇ। ਅੰਤ ਸਾਰੀ ਖੇਡ ਇਨ੍ਹਾਂ ਆਪ ਹੀ ਵਿਗਾੜ ਲਈ ਤੇ ਜੇ ਸਮਾਂ ਰਹਿੰਦੇ ਉਹ ਇੱਥੋਂ ਨਾ ਨਿਕਲਦੇ, ਸਾਡਾ ਤਾਂ ਵਜੂਦ ਹੀ ਨਹੀਂ ਸੀ ਹੋਣਾ। ਸਟੀਫਨ ਹਾਕਿੰਗ! ਹਾਂ ਇਹੀ ਨਾਂ ਸੀ ਉਸ ਦਾ। ਉਸ ਦੀ ਤਸਵੀਰ ਤਾਂ ਤੂੰ ਦੇਖੀ ਹੋਣੀ ਐ ਸਾਡੇ ਮਿਊਜ਼ੀਅਮ ਵਿਚ। ਕੁਦਰਤ ਵੱਲੋਂ ਲਾਚਾਰ, ਪਰ ਪ੍ਰਤਿਭਾ ਦਾ ਧਨੀ। ਉਸ ਦੀ ਹੀ ਭਵਿਖਵਾਣੀ ‘ਤੇ ਅਮਲ ਕਰਕੇ ਸਾਡੇ ਪੁਰਖੇ ਇੱਥੋਂ ਨਿਕਲਣ ਬਾਰੇ ਸੋਚ ਸਕੇ।”
ਔਰਤ ਉਜਾੜ ਪਏ ਦ੍ਰਿਸ਼ਾਂ ਨੂੰ ਹੈਰਾਨੀ ਨਾਲ ਦੇਖ ਰਹੀ ਸੀ। ਖੰਡਰ ਕਦੇ ਘੁੱਗ ਵਸਦੇ ਗ੍ਰਹਿ ਦੀ ਗਵਾਹੀ ਭਰ ਰਹੇ ਸਨ, ਪਰ ਆਖਰ ਹੋਇਆ ਕੀ? ਕਿਵੇਂ ਹੋਈ ਭਿਅਨਕ ਬਰਬਾਦੀ? ਉਸ ਦੀ ਸੋਚ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ, ਪਰ ਉਸ ਦਾ ਸਾਥੀ ਸਭ ਭੇਤ ਜਾਣਦਾ ਸੀ, ਕਿਉਂਕਿ ਉਹ ਇੱਥੇ ਪਹਿਲਾਂ ਵੀ ਆ ਚੁਕਾ ਸੀ ਤੇ ਖੋਜਾਂ ਰਾਹੀਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇ ਸਕਦਾ ਸੀ। ਉਸ ਸਾਥਣ ਨੂੰ ਦੱਸਿਆ, “ਇਥੋਂ ਦੇ ਵਾਸੀਆਂ ਵਿਗਿਆਨ ‘ਚ ਬਹੁਤ ਤਰੱਕੀ ਕਰ ਲਈ ਸੀ। ਰਹਿਣ ਲਈ ਆਲੀਸ਼ਾਨ ਤੇ ਸਭ ਸਹੂਲਤਾਂ ਨਾਲ ਲੈਸ ਆਸ਼ਿਆਨੇ ਬਣਾ ਲਏ ਸਨ, ਸਫਰ ਲਈ ਬਹੁਤ ਤੇਜ ਗਤੀ ਨਾਲ ਚੱਲਣ ਵਾਲੇ ਯਾਨ, ਨਾਲ ਹੀ ਹੈਰਾਨੀਜਨਕ ਸੰਚਾਰ ਵਿਵਸਥਾ। ਬੜੀਆਂ ਸੁਖ ਸੁਵਿਧਾਵਾਂ ਹਾਸਲ ਕਰ ਲਈਆਂ ਸਨ ਇਸ ਤੇਜ ਦਿਮਾਗ ਮਨੁੱਖ ਨੇ, ਪਰ ਬਹੁਤਾ ਚਿਰ ਇਨ੍ਹਾਂ ਨੂੰ ਮਾਣ ਨਹੀਂ ਸਕਿਆ। ਬਰਬਾਦੀ ਤੋਂ ਨਹੀਂ ਬਚ ਸਕਿਆ ਬੇਚਾਰਾ।”
ਬਰਬਾਦੀ ਬਾਰੇ ਜਾਣਨ ਲਈ ਬਹੁਤ ਉਤਸਕ ਸੀ ਉਸ ਦੀ ਸਾਥਣ, ਸੋ ਮਰਦ ਨੇ ਖੁਲਾਸਾ ਕੀਤਾ, “ਇਨ੍ਹਾਂ ਬਦਨਸੀਬਾਂ ਨੇ ਪ੍ਰਮਾਣੂ ਬੰਬ ਵੀ ਤਿਆਰ ਕਰ ਲਏ ਸਨ, ਜੋ ਕੁਝ ਸਮੇਂ ਵਿਚ ਹੀ ਇਸ ਖੂਬਸੂਰਤ ਧਰਤੀ ਨੂੰ ਖੰਡਰਾਂ ਵਿਚ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਸਨ। ਆਪਸ ਵਿਚ ਲੜਾਈਆਂ ਕਰਦੇ ਇਹ ਆਪਣੀ ਹਉਮੈ ਨੂੰ ਕਾਬੂ ਨਾ ਰੱਖ ਸਕੇ, ਤੇ ਨਤੀਜਾ ਤੂੰ ਦੇਖ ਹੀ ਰਹੀ ਹੈਂ।”
ਔਰਤ ਨੇ ਪੁਛਿਆ, “ਐਨੇ ਵਿਕਸਿਤ ਦਿਮਾਗ ਆਪਣੀ ਬਰਬਾਦੀ ਬਾਰੇ ਜਾਗਰੂਕ ਕਿਉਂ ਨਾ ਹੋਏ?”
ਮਰਦ ਨੇ ਦੱਸਿਆ, “ਜਾਗਰੂਕ ਸਨ ਭਾਗਵਾਨੇ, ਪਰ ਇੱਕ ਹੋਰ ਲਾਇਲਾਜ ਬੀਮਾਰੀ ਦਾ ਸ਼ਿਕਾਰ ਸਨ ਇਹ ਲੋਕ, ਤੇ ਉਹ ਸੀ ਰੱਬ ਤੇ ਉਸ ਦਾ ਭਾਈਵਾਲ ਧਰਮ। ਕਹਿੰਦੇ ਸੀ, ਪਈ ਰੱਬ ਇੱਕ ਹੈ, ਪਰ ਉਸ ਦੇ ਜੋਟੀਦਾਰ ਧਰਮ ਤਾਂ ਵੱਖਰੇ ਸਨ। ਹਰ ਧਰਮ ਆਪਣੇ ਆਪ ਨੂੰ ਦੂਜੇ ਤੋਂ ਸ਼੍ਰੇਸ਼ਠ ਸਾਬਤ ਕਰਨ ਲਈ ਜੂਝਣ ਲੱਗਾ। ਧਰਮਾਂ ਦੀ ਆਪਸ ‘ਚ ਖਹਿਬਾਜੀ ਇਨ੍ਹਾਂ ਨੂੰ ਲੈ ਬੈਠੀ। ਮਨੁੱਖਤਾ ਦੇ ਭਲੇ ਲਈ ਬਣੇ ਧਰਮਾਂ ਨੂੰ ਜਨੂਨੀਆਂ ਨੇ ਪੁੱਠਾ ਗੇੜ ਦੇ ਦਿੱਤਾ ਅਤੇ ਧਰਮ ਪਿੱਛੇ ਇੱਕ ਦੂਜੇ ਦੀ ਜਾਨ ਲੈਣਾ ਇਨ੍ਹਾਂ ਦਾ ਮਨ ਭਾਉਂਦਾ ਸ਼ੁਗਲ ਬਣ ਗਿਆ। ਸਿਆਣੇ ਸਿਆਸਤਦਾਨਾਂ ਨੇ ਵਿਨਾਸ਼ਕਾਰੀ ਪ੍ਰਮਾਣੂ ਬੰਬ ਵਰਤਣੋਂ ਤਾਂ ਗੁਰੇਜ ਕੀਤਾ, ਪਰ ਮਨੁੱਖ ਦੀ ਮਾੜੀ ਕਿਸਮਤ ਨੂੰ ਇਹ ਬੰਬ ਧਰਮੀ ਜਨੂਨੀਆਂ ਹੱਥ ਆ ਗਏ। ਫਿਰ ਓਹ ਹੋਇਆ, ਜਿਸ ਬਾਰੇ ਸੋਚ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਰੱਬ, ਜਿਸ ਦਾ ਕੋਈ ਵਜੂਦ ਹੀ ਨਹੀਂ ਸੀ, ਸਰਵਨਾਸ਼ ਦਾ ਕਾਰਨ ਬਣਿਆ, ਤੇ ਆਪੋ ਆਪਣੇ ਧਰਮ ਦੀ ਰੱਖਿਆ ਕਰਦੇ ਇਹ ਸੋਹਣੀ ਧਰਤੀ ਨੂੰ ਖੰਡਰ ਬਣਾ ਗਏ।”
ਵਾਪਸੀ ਸਫਰ ਵੇਲੇ ਔਰਤ ਨੇ ਆਪਣੇ ਸਾਥੀ ਨੂੰ ਕਿਹਾ, “ਗਨੀਮਤ ਹੈ, ਸਾਡੇ ਗ੍ਰਹਿ ਨੂੰ ਹਾਲੇ ਰੱਬ ਅਤੇ ਧਰਮ ਦੀ ਲਾਗ ਨਹੀਂ ਲੱਗੀ।” ਮਰਦ ਨੇ ਡੂੰਘਾ ਸਾਹ ਲੈ ਕੇ ਕਿਹਾ, “ਰੱਬ ਕਰੇ ਨਾ ਹੀ ਲੱਗੇ!” ਤੇ ਉਹ ਜੋਰ ਦੀ ਹੱਸ ਪਿਆ।