ਸੁਣਿਐ ਸਤੁ ਸੰਤੋਖੁ ਗਿਆਨੁ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਇਕ ਨਹੀਂ, ਸਾਰੇ ਸਿੱਖ ਵਿਦਵਾਨ ਗੁਰੂ ਨਾਨਕ ਨੂੰ ਭਗਤੀ ਲਹਿਰ ਨਾਲ ਜੋੜਦੇ ਹਨ। ਕਈ ਕਹਿੰਦੇ ਹਨ, ਉਹ ਭਗਤੀ ਲਹਿਰ ਦੇ ਮੋਢੀ ਸਨ, ਕਈਆਂ ਅਨੁਸਾਰ ਉਹ ਭਗਤੀ ਮੱਤ ਦੇ ਪੈਰੋਕਾਰ ਸਨ ਤੇ ਕਈ ਉਨ੍ਹਾਂ ਨੂੰ ਪੰਜਾਬ ਵਿਚ ਭਗਤੀ ਅੰਦੋਲਨ ਨੂੰ ਅਰੰਭ ਕਰਨ ਵਾਲਾ ਮੰਨਦੇ ਹਨ। ਉਨ੍ਹਾਂ ਦੇ ਕਹਿਣ ਦਾ ਭਾਵ ਇਹ ਹੋਇਆ ਕਿ ਗੁਰੂ ਸਾਹਿਬ ਮੂਲ ਤੌਰ ‘ਤੇ ਭਗਤ ਸਨ ਤੇ ਭਗਤੀ ਲਹਿਰ ਚਲਾ ਕੇ ਗਏ ਹਨ।
ਹੁਣ ਥੋੜ੍ਹਾ ਡੂੰਘੇ ਚੱਲ ਕੇ ਦੇਖੀਏ ਕਿ ਭਗਤ ਕੌਣ ਹੁੰਦਾ ਹੈ? ਭਗਤ ਦਾ ਆਮ ਅਰਥ ਉਹ ਬੰਦਾ, ਜਿਸ ਨੇ ਆਪਣੀ ਸੁਤੰਤਰ ਸੋਚ ਨੂੰ ਪੂਰੀ ਤਰ੍ਹਾਂ ਕਿਸੇ ਦੂਜੇ ਵਿਅਕਤੀ, ਦੈਵੀ ਪੁਰਸ਼ ਜਾਂ ਸ਼ਕਤੀ, ਜਿਸ ਨੂੰ ਉਹ ਆਪਣਾ ਸਵਾਮੀ ਜਾਂ ਪ੍ਰਭੂ ਕਹਿੰਦਾ ਹੈ, ਦੇ ਅਧੀਨ ਕਰ ਦਿੱਤਾ ਹੋਵੇ। ਭਗਤ ਉਹ ਹੈ,

ਜੋ ਹਰ ਵੇਲੇ ਆਪਣੇ ਪ੍ਰਭੂ ਦੀ ਪ੍ਰਸ਼ੰਸਾ ਵਿਚ ਡੁੱਬਾ ਰਹਿੰਦਾ ਹੈ ਅਤੇ ਉਸ ਦੀ ਭਗਤੀ ਅਰਥਾਤ ਪੂਜਾ ਪਾਠ ਕਰਦਾ ਰਹਿੰਦਾ ਹੈ। ਉਹ ਹਰ ਸਵਾਸ ਨਾਲ ਉਸ ਦੇ ਗੁਣ ਗਾਉਂਦਾ ਹੈ, ਸੰਸਾਰ ਤੋਂ ਉਦਾਸੀਨ ਰਹਿੰਦਾ ਹੈ ਤੇ ਆਪਣੇ ਸਭ ਕਾਰਜ ਸਵਾਮੀ ਦੇ ਸਹਾਰੇ ਛੱਡਦਾ ਹੈ। ਭਗਤ ਇਸ ਸੰਸਾਰ ਨੂੰ ਅਗਿਆਨ ਅਤੇ ਦੁਖਾਂ ਦਾ ਘਰ ਸਮਝਦਾ ਹੈ ਤੇ ਇਸ ਵਿਚ ਜਨਮ ਲੈਣ ਨੂੰ ਪਾਪਾਂ ਦੀ ਸਜ਼ਾ ਮੰਨਦਾ ਹੈ। ਇੱਥੇ ਉਸ ਦਾ ਦਮ ਘੁਟਦਾ ਹੈ ਤੇ ਉਹ ਇਸ ‘ਦੋਜ਼ਖ’ ਰੂਪੀ ਸੰਸਾਰ ਵਿਚ ਨਿਰਲੇਪ ਰਹਿ ਕੇ ਆਪਣਾ ਸਮਾਂ ਕੱਟਦਾ ਹੈ। ਉਹ ਆਪਣਾ ਅਸਲ ਨਿਵਾਸ ਬੈਕੁੰਠ ਭਾਵ ਸਚਿਖੰਡ ਜਾਂ ਸਵਰਗ ਨੂੰ ਮੰਨਦਾ ਹੈ, ਜਿੱਥੇ ਉਸ ਅਨੁਸਾਰ ਉਸ ਦਾ ਪ੍ਰਭੂ ਨਿਵਾਸ ਕਰਦਾ ਹੈ।
ਭਗਤ ਦਾ ਸਿਰਫ ਇਕੋ ਮਨੋਰਥ ਹੁੰਦਾ ਹੈ ਕਿ ਉਹ ਪੂਜਾ ਪਾਠ ਭਾਵ ਨਾਮ ਸਿਮਰਨ ਰਾਹੀਂ ਪ੍ਰਭੂ ਨੂੰ ਖੁਸ਼ ਕਰਕੇ ਇਸ ਜਲਦੇ ਸੰਸਾਰ ਤੋਂ ਮੁਕਤੀ ਪ੍ਰਾਪਤ ਕਰੇ ਤੇ ਬੈਕੁੰਠ ਵਿਚ ਰਹਿਣ ਦਾ ਸਥਾਨ ਬਣਾਵੇ। ਹਰ ਭਗਤ ਇਹ ਚਾਹੁੰਦਾ ਹੈ ਕਿ ਉਹ ਸਚਿਖੰਡ ਵਿਚ ਜਾ ਕੇ ਪ੍ਰਭੂ ਚਰਨਾਂ ਵਿਚ ਸਦੀਵੀ ਜੀਵਨ ਬਿਤਾਵੇ ਤੇ ਹਮੇਸ਼ਾ ਲਈ ਨਿਸ਼ਚਿੰਤ ਹੋ ਕੇ ਉਥੇ ਜ਼ਿੰਦਗੀ ਦੇ ਸਭ ਰਸ ਮਾਣਦਾ ਰਹੇ। ਹਰ ਭਗਤ ਉਮਰ ਭਰ ਇਹੀ ਉਦੇਸ਼ ਪੂਰਾ ਕਰਨ ਵਿਚ ਰੁੱਝਾ ਰਹਿੰਦਾ ਹੈ।
ਇਹ ਸੋਚ ਕੋਈ ਨਵੀਂ ਨਹੀਂ। ਗੁਰੂ ਸਾਹਿਬ ਦੇ ਸਮੇਂ ਤੇ ਉਸ ਤੋਂ ਮੁੱਦਤਾਂ ਪਹਿਲਾਂ ਤੋਂ ਵੀ ਲੋਕ ਇਵੇਂ ਹੀ ਸੋਚਦੇ ਸਨ। ਇਸ ਤਰਕਹੀਣ ਸੋਚ ਨਾਲ ਜੁੜੀ ਜੀਵਨ ਜਾਚ ਤੇ ਰਸਮੋ ਰਿਵਾਜ਼ਾਂ ਨੂੰ ਨਕਾਰਦਿਆਂ ਗੁਰੂ ਸਾਹਿਬ ਦੂਰ ਦੂਰ ਗਏ, ਜਿੱਥੇ ਉਨ੍ਹਾਂ ਨੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਵਿਚ ਆਪਣੇ ਤਰਕ-ਸੰਗਤ ਵਿਚਾਰਾਂ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀ ਸਾਰੀ ਬਾਣੀ ਵਿਚ ਪੂਜਾ ਪਾਠ ਵਾਲੀ ਭਗਤੀ ਦਾ ਵਿਰੋਧ ਮਿਲਦਾ ਹੈ। ਕਿਤੇ ਉਹ ਆਰਤੀ ਦਾ ਖੰਡਨ ਕਰਦੇ ਹਨ, ਕਿਤੇ ਸਮਾਧੀ ਦਾ ਤੇ ਕਿਤੇ ‘ਜਗਦੀਸ਼’ ਭਾਵ ਪ੍ਰਭੂ ਦੇ ਨਾਂ ਦੇ ਰਟਣ ਦਾ; ਪਰ ਤਾਂ ਵੀ ਸਭ ਸਿੱਖ ਵਿਦਵਾਨ ਗੁਰੂ ਸਾਹਿਬ ਨੂੰ ਭਗਤ ਦੇ ਉਪਰੋਕਤ ਬਿੰਬ ਵਿਚ ਢਾਲ ਕੇ ਹੀ ਉਨ੍ਹਾਂ ਦੀ ਬਾਣੀ ਦੀ ਵਿਆਖਿਆ ਕਰਦੇ ਹਨ। ਉਹ ਸਮਝਦੇ ਹਨ ਕਿ ਗੁਰੂ ਸਾਹਿਬ ਦੀ ਬਾਣੀ ਉਨ੍ਹਾਂ ਦੇ ਅੰਤਹਿਕਰਣ ਦਾ ਉਹ ਬਿਆਨ ਹੈ, ਜੋ ਉਨ੍ਹਾਂ ਨੇ ਅਕਾਲ ਪੁਰਖ ਦੀ ਅਰਾਧਨਾ ਵਿਚ ਲਿਖਿਆ ਹੈ।
ਇਹੀ ਕਾਰਨ ਹੈ ਕਿ ਉਹ ਉਨ੍ਹਾਂ ਦੇ ਹਰ ਸ਼ਬਦ ਨੂੰ ਅਕਾਲ ਪੁਰਖ ਨਾਲ ਜੋੜ ਕੇ ਦੇਖਦੇ ਹਨ ਤੇ ਬਾਣੀ ਦੀ ਵਿਆਖਿਆ ਵੇਲੇ ਕਈ ਅਜਿਹੇ ਸ਼ਬਦ ਆਪਣੇ ਵਲੋਂ ਹੀ ਨਾਲ ਲਾ ਦਿੰਦੇ ਹਨ। ਉਹ ਬਾਣੀ ਨੂੰ ਇਹ ਜਾਣਨ ਲਈ ਨਹੀਂ ਪੜ੍ਹਦੇ ਕਿ ਇਸ ਵਿਚ ਲਿਖਿਆ ਕੀ ਹੈ? ਸਗੋਂ ਇਹ ਮੰਨ ਕੇ ਵਿਆਖਿਆ ਕਰਦੇ ਹਨ ਕਿ ਇਹ ਇਕ ਪੂਜਾ ਪਾਠ ਦੀ ਸਮੱਗਰੀ ਹੈ ਤੇ ਇਸ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਲਹਿਜੇ ਵਿਚ ਪੇਸ਼ ਕੀਤਾ ਜਾਵੇ। ਉਹ ਇਸ ਦਾ ਅਧਿਐਨ ਗੁਰੂ ਸਾਹਿਬ ਦੀ ਦਰਸਾਈ ਨਿਰਪੱਖ ਦ੍ਰਿਸ਼ਟੀ ਭਾਵ ‘ਨਦਰਿ’ ਨਾਲ ਨਹੀਂ ਕਰਦੇ, ਸਗੋਂ ਇਕ ਸੱਚੇ ਭਗਤ ਵਾਂਗ ਸਮਰਪਿਤ ਹੋ ਕੇ ਆਪਣੇ ਅੰਦਰ ਪਈ ਪੂਰਵ-ਧਾਰਨਾ ਅਨੁਸਾਰ ਵਧਾ ਚੜ੍ਹਾ ਕੇ ਕਰਦੇ ਹਨ। ਅਜਿਹਾ ਕਰਦਿਆਂ ਉਹ ਇਹ ਵੀ ਨਹੀਂ ਦੇਖਦੇ ਕਿ ਕਿਸੇ ਤੁਕ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵਿਚ ਕੀ ਲਿਖਿਆ ਹੋਇਆ ਹੈ? ਉਹ ਕਿਸੇ ਵੀ ਵਿਚਾਰ ਨੂੰ ਗੁਰੂ ਸਾਹਿਬ ਦੀ ਜੀਵਨ ਸ਼ੈਲੀ ਤੇ ਉਸ ਤੋਂ ਉਭਰਦੇ ਉਨ੍ਹਾਂ ਦੇ ਕਿਰਦਾਰ ਨਾਲ ਮੇਲ ਕੇ ਨਹੀਂ ਦੇਖਦੇ ਤਾਂ ਕਿ ਜਾਣ ਸਕਣ ਕਿ ਕੀ ਗੁਰੂ ਸਾਹਿਬ ਅਜਿਹਾ ਕੁਝ ਲਿਖ ਵੀ ਸਕਦੇ ਹਨ ਜਾਂ ਨਹੀ!
ਇਸ ਕਾਰਜ ਵਿਚ ਉਹ ਕਿਸੇ ਤਰਕ ਵਿਵੇਕੀ ਵਿਧੀ ਦਾ ਸਹਾਰਾ ਲੈਣ ਦੀ ਥਾਂ ਮਨ ਭਾਉਂਦੀਆਂ ਤਰਕੀਬਾਂ ਵਰਤਦੇ ਹਨ ਤਾਂ ਜੋ ਬਾਣੀ ਨੂੰ ਵੱਧ ਤੋਂ ਵੱਧ ਅਧਿਆਤਮਕ ਦਿੱਖ ਵਾਲੀ ਦਰਸਾਇਆ ਜਾ ਸਕੇ। ਇਸ ਦੀ ਮਿਸਾਲ ਜਪੁਜੀ ਦੀ 10ਵੀਂ ਪਉੜੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਕੋਲੋਂ ਹੀ ਬਹੁਤ ਕੁਝ ਅਜਿਹਾ ਮਿਲਾ ਕੇ ਅਰਥ ਕੀਤੇ ਹਨ, ਜੋ ਇਸ ਵਿਚ ਲਿਖਿਆ ਹੋਇਆ ਨਹੀਂ ਮਿਲਦਾ। ਪਾਠਕਾਂ ਦੇ ਨਿਰਣੇ ਲਈ ਇਹ ਪੂਰੀ ਦੀ ਪੂਰੀ ਪਉੜੀ ਤੇ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਸਾਹਿਬ ਸਿੰਘ ਵਲੋਂ ਕੀਤੇ ਇਸ ਦੇ ਅਰਥ ਇੰਜ ਹਨ,
ਸੁਣਿਐ ਸਤੁ ਸੰਤੋਖੁ ਗਿਆਨੁ॥
ਸੁਣਿਐ ਅਠਸਠਿ ਕਾ ਇਸਨਾਨੁ॥
ਸੁਣਿਐ ਪੜਿ ਪੜਿ ਪਾਵਹਿ ਮਾਨੁ॥
ਸੁਣਿਐ ਲਾਗੈ ਸਹਜਿ ਧਿਆਨੁ॥
ਨਾਨਕ ਭਗਤਾ ਸਦਾ ਵਿਗਾਸੁ॥
ਸੁਣਿਐ ਦੂਖ ਪਾਪ ਕਾ ਨਾਸੁ॥੧੦॥
ਇਸ ਪਉੜੀ ਦੇ ਅਰਥ ਕਰਦਿਆਂ ਪ੍ਰੋ. ਸਾਹਿਬ ਲਿਖਦੇ ਹਨ, “ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਉਂਕਿ) ਅਕਾਲ ਪੁਰਖ ਦੀ ਸਿਫਤਿ ਸਾਲਾਹ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ), ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਹਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿਚ ਹੀ ਆ ਜਾਂਦੇ ਹਨ)। ਜੋ ਸਤਿਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਉਂਦੇ ਹਨ, ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਮਿਲ ਜਾਂਦਾ ਹੈ। ਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ।10।”
ਆਪਣੀ ਵਿਆਖਿਆ ਵਿਚ ਪ੍ਰੋ. ਸਾਹਿਬ ਨੇ ‘ਸੁਣਿਐ’ ਦਾ ਅਰਥ ਅਕਾਲ ਪੁਰਖ ਦੇ ਨਾਮ ਨੂੰ ਸੁਣਨਾ ਕੀਤਾ ਹੈ ਤੇ ਇਸੇ ਅਰਥ ਨੂੰ ਵਾਰ ਵਾਰ ਛੇ ਵਾਰੀ ਵਰਤਿਆ ਹੈ। ਉਨ੍ਹਾਂ ਅਨੁਸਾਰ ਅਕਾਲ ਪੁਰਖ ਦੇ ਨਾਮ ਨੂੰ ਸੁਣਨ ਨਾਲ (1) ਮਨੁੱਖ ਦੇ ਹਿਰਦੇ ਵਿਚ ਦਾਨ ਦੇਣ ਦਾ ਸੁਭਾਉ, ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦੇ ਹਨ; (2) ਅਠਾਹਠ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲਦਾ ਹੈ; (3) ਭਗਤ ਜਨਾਂ ਨੂੰ ਉਹ ਸਤਿਕਾਰ ਮਿਲਦਾ ਹੈ, ਜੋ ਆਮ ਮਨੁੱਖ ਵਿਦਿਆ ਪੜ੍ਹ ਕੇ ਪਾਉਂਦੇ ਹਨ; (4) ਅਡੋਲਤਾ ਵਿਚ ਚਿੱਤ ਦੀ ਬਿਰਤੀ ਟਿਕ ਜਾਂਦੀ ਹੈ; (5) ਮਨੁੱਖ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਤੇ (6) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਓ ਬਣਿਆ ਰਹਿੰਦਾ ਹੈ।
ਪਉੜੀ ਵਿਚ ਛੇ ਪੰਕਤੀਆਂ ਹਨ ਤੇ ਪੰਜ ਵਾਰ ‘ਸੁਣਿਐ’ ਸ਼ਬਦ ਆਇਆ ਹੈ। ਵਿਆਖਿਆ ਵਿਚ ਛੇ ਵਾਰ ਅਕਾਲ ਪੁਰਖ ਦੇ ਨਾਮ (ਨੂੰ ਸੁਣਨ) ਦਾ ਜ਼ਿਕਰ ਆਇਆ ਹੈ, ਜਦੋਂ ਕਿ ਪਉੜੀ ਵਿਚ ਇਹ ਇਕ ਵਾਰ ਵੀ ਨਹੀਂ ਆਇਆ। ਇਕ ਵਾਰ ਵੀ ਉਨ੍ਹਾਂ ਇਹ ਨਹੀਂ ਸੋਚਿਆ ਕਿ ਜੋ ਅਰਥ ਉਹ ਕਰ ਰਹੇ ਹਨ, ਉਹ ਸੱਚ ਹੋਣ ਦੀ ਸੰਭਾਵਨਾ ਦੇ ਨੇੜੇ ਤੇੜੇ ਵੀ ਹਨ ਕਿ ਨਹੀਂ? ਇਕ ਵੀ ਸਬੂਤ ਦੇਣ ਤੋਂ ਬਿਨਾ ਉਹ ਵਾਰ ਵਾਰ ਇਹੀ ਦੱਸੀ ਜਾਂਦੇ ਹਨ ਕਿ ਸਾਰੀ ਪਉੜੀ ਨਾਮ ਸੁਣਨ ਦੀ ਵਡਿਆਈ ਬਾਰੇ ਹੈ ਤੇ ਨਾਮ ਸੁਣਨ ਨਾਲ ਹੀ ਸਭ ਕੁਝ ਹੁੰਦਾ ਹੈ।
ਚਲੋ ਜਿਵੇਂ ਉਹ ਕਹਿੰਦੇ ਹਨ, ਉਵੇਂ ਮੰਨ ਲਈਏ; ਤਾਂ ਵੀ ਇਹ ਸਾਰੇ ਫਲ ਪ੍ਰਭੂ ਦਾ ਕਿਹੜਾ ਨਾਮ ਸੁਣਨ ਨਾਲ ਮਿਲਦੇ ਹਨ? ਉਸ ਦੇ ਪ੍ਰਚਲਿਤ ਸਭ ਨਾਮ ਕੂੜ ਹਨ ਤੇ ਅਸਲ ਨਾਮ ਲੱਭਣ ਵਾਲਾ ਪਿਆ ਹੈ। ਉਸ ਦਾ ਜੋ ਵੀ ਅਸਲ ਨਾਮ ਹੈ, ਉਸ ਨੂੰ ਜਾਣਨਾ ਹੀ ਤਾਂ ਜਪੁਜੀ ਦਾ ਮੂਲ ਮਨੋਰਥ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਨਿਰੰਕਾਰ ਸੱਚ ਖੰਡ ਵਿਚ ਵਸਦਾ ਹੈ, ਜੋ ਅਜੇ ਅਛੋਹ ਤੇ ਅਪਹੁੰਚ ਹੈ। ਇਸ ਲਈ ਅਜੇ ਨਾ ਸੱਚ ਖੰਡ ਦੇ ਅੰਦਰੂਨ ਬਾਰੇ ਕੁਝ ਪਤਾ ਹੈ, ਨਾ ਹੀ ਨਿਰੰਕਾਰ ਦੇ ਸਤਿ ਨਾਮ ਬਾਰੇ ਕੁਝ ਕਿਹਾ ਜਾ ਸਕਦਾ ਹੈ। ਜਿਨ੍ਹਾਂ ਗੁਣਾਂ ਦੇ ਆਧਾਰ ‘ਤੇ ਨਿਰੰਕਾਰ ਦਾ ਇਹ ਨਾਮ ਨਿਰਧਾਰਤ ਹੋਵੇਗਾ, ਉਨ੍ਹਾਂ ਵਿਚੋਂ ਤਾਂ ਹਾਲੀ ਦੋ ਚਾਰ ਗੁਣ ਹੀ ਪਤਾ ਹਨ ਤੇ ਬਾਕੀ ਸਾਰੇ ਲੱਭਣ ਵਾਲੇ ਪਏ ਹਨ। ਜੇ ਇਨ੍ਹਾਂ ਨੂੰ ਜਾਣੇ ਬਿਨਾ ਹੀ ਕੋਈ ਉਸ ਦੇ ਨਾਮ ਬਾਰੇ ਕੁਝ ਕਹਿਣ ਦਾ ਦਾਅਵਾ ਕਰਦਾ ਹੈ, ਉਹ ਹਉਮੈ ਵਿਚ ਭਟਕਦਾ ਹੈ।
ਗੁਰੂ ਸਾਹਿਬ ਅਜਿਹੇ ਵਿਅਕਤੀ ਨੂੰ ‘ਸਿਰਿ ਗਾਵਾਰਾ ਗਵਾਰੁ’ ਕਹਿੰਦੇ ਹਨ। ਉਨ੍ਹਾਂ ਅਨੁਸਾਰ ਨਿਰੰਕਾਰ ਦੇ ਅਸਲ ਨਾਮ ਵਾਲਾ ਸ਼ਬਦ ਕਈ ਮੁਸ਼ੱਕਤ ਭਰੇ ਲੰਮੇ ਸੰਘਰਸ਼ਾਂ ਦੀ ਟਕਸਾਲ ਵਿਚੋਂ ਬਣ ਕੇ ਨਿਕਲੇਗਾ। ਉਨ੍ਹਾਂ ਨੇ ਜਪੁਜੀ ਵਿਚ ਨਾਮ ਨੂੰ ਜਾਣਨ ਲਈ, ਇਸ ਦੇ ਗੁਣ ਤੇ ਵਡਿਆਈਆਂ ਦਾ ਗਿਆਨ ਹਾਸਲ ਕਰਨ ਦੀ ਗੱਲ ਕੀਤੀ ਹੈ। ਇਸੇ ਮੰਤਵ ਲਈ ਉਨ੍ਹਾਂ ਨੇ ਸਾਰੇ ਸਬਦ ਖੋਜ ਵਿਧੀਆਂ ਨਾਲ ਸਬੰਧਤ ਵਰਤੇ ਹਨ। ਸੁਣਨਾ ਤਾਂ ਨਾ ਕੋਈ ਖੋਜ ਕਾਰਜ ਹੈ, ਨਾ ਖੋਜ ਵਿਧੀ। ਇਸ ਲਈ ਸੁਣਨ ਨਾਲ ਅਕਾਲ ਪੁਰਖੁ ਜਾਂ ਨਿਰੰਕਾਰ ਬਾਰੇ ਕੋਈ ਗਿਆਨ ਕਿਵੇਂ ਹਾਸਲ ਹੋ ਸਕਦਾ ਹੈ? ਨਾਲੇ ਇਸ ਵਿਸ਼ੇ ‘ਤੇ ਕੋਈ ਸੁਣਾਵੇਗਾ ਵੀ ਕੀ? ਜਿਸ ਗਿਆਨ ਦੀ ਉਹ ਗੱਲ ਕਰੇਗਾ, ਉਹ ਕੂੜ ਹੋਵੇਗਾ, ਕਿਉਂਕਿ ਉਹ ਉਨ੍ਹਾਂ ਵਿਧੀਆਂ ਰਾਹੀਂ ਹੀ ਪ੍ਰਾਪਤ ਕੀਤਾ ਗਿਆ ਹੋਵੇਗਾ, ਜੋ ਉਨ੍ਹਾਂ ਨੇ ਪਹਿਲੀ ਪਉੜੀ ਵਿਚ ਹੀ ਨਕਾਰ ਦਿੱਤੀਆਂ ਹਨ।
ਇਸ ਪਿਛੋਂ ਸੁਣਨ ਦਾ ਇਕੋ ‘ਮਹੱਤਵ’ ਰਹਿ ਜਾਂਦਾ ਹੈ ਤੇ ਉਹ ਹੈ, ਭਗਤੀ ਕਰਨਾ, ਜੋ ਭਗਤ ਜਨ ਰਟ ਕੇ, ਬੋਲ ਕੇ, ਸਿਮ੍ਰਿਤੀਆਂ ਸ਼ਾਸਤਰਾਂ ਨੂੰ ਸੁਣ ਕੇ, ਚੁੱਪ ਰਹਿ ਕੇ, ਸਮਾਧੀ ਲਾ ਕੇ, ਪੁੱਠੇ ਲਟਕ ਕੇ ਜਾਂ ਹੋਰ ਅਜਿਹੇ ਬੇਲੋੜੇ ਢੰਗ ਵਰਤ ਕੇ ਕਰਦੇ ਸਨ। ਇਹ ਸਭ ਅੰਧ-ਵਿਸ਼ਵਾਸੀ ਕਾਰਜ ਹਨ। ਭਗਤੀ ਕਹੇ ਜਾਣ ਵਾਲੇ ਇਨ੍ਹਾਂ ਫੋਕਟ ਕਾਰਜਾਂ ਨਾਲ ਨਾ ਗਿਆਨ ਪ੍ਰਾਪਤ ਹੋ ਸਕਦਾ ਹੈ, ਨਾ ਸਤੁ ਤੇ ਨਾ ਸੰਤੋਖੁ, ਕਿਉਂਕਿ ਇਹ ਗਿਆਨ ਪ੍ਰਪਤੀ ਦੀ ਕੋਈ ਵਿਧੀ ਹੀ ਨਹੀਂ ਹਨ। ਇਸ ਲਈ ‘ਸੁਣਿਐ’ ਨੂੰ ਨਾਮ ਸੁਣਨਾ ਕਹਿਣਾ ਇਹ ਕਿਸੇ ਤਰ੍ਹਾਂ ਵੀ ਗੁਰੂ ਨਾਨਕ ਦੇ ਅਰਥਾਂ ਵਾਲਾ ਅਰਥ ਨਹੀਂ ਹੈ।
ਪਰ ਪ੍ਰੋ. ਸਾਹਿਬ ਸਿੰਘ ਦੀ ਇਸ ਪਉੜੀ ਦੀ ਵਿਆਖਿਆ ਭਗਤੀ ਭਾਵ ਵਾਲੀ ਵਿਆਖਿਆ ਦੀ ਇਕੋ ਇਕ ਮਿਸਾਲ ਨਹੀਂ ਹੈ। ਇਸ ਦੀ ਦੂਜੀ ਤੁਕ ‘ਸੁਣਿਐ ਅਠਸਠਿ ਕਾ ਇਸਨਾਨੁ’ ਦੇ ਅਰਥ ਕਰਦਿਆਂ ਉਹ ਲਿਖਦੇ ਹਨ ਕਿ ਰੱਬ ਦਾ ਨਾਮ ਸੁਣਨ ਨਾਲ ਮਾਨੋ ਅਠਾਹਟ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ। ਇਹ ਲਿਖ ਕੇ ਉਹ ਦ੍ਰਿੜ ਕਰਦੇ ਹਨ ਹੈ ਕਿ ਤੀਰਥ ਇਸ਼ਨਾਨ ਭਗਤਾਂ (ਸਿੱਖਾਂ) ਲਈ ਕੋਈ ਫਾਇਦੇ ਵਾਲਾ ਕੰਮ ਹੈ, ਪਰ ਗੁਰੂ ਸਾਹਿਬ ਤਾਂ ਲਿਖਦੇ ਹਨ ‘ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕਿ ਨਾਇ ਕਰੀ॥’ ਉਹ ਤਾਂ ਤੀਰਥ ਨਹਾਉਣ ਤੋਂ ਉਕਾ ਹੀ ਇਨਕਾਰੀ ਹਨ, ਕਿਉਂਕਿ ਇਹ ਕਰਤਾਰ ਦੀ ਖੋਜ ਦੇ ਕੰਮ ਨਹੀਂ ਆਉਂਦਾ। ਇਸ ਲਈ ਪ੍ਰੋ. ਸਾਹਿਬ ਗੁਰਮਤਿ ਤੋਂ ਉਲਟ ਜਾ ਕੇ ਇਸ ਫੋਕਟ ਕਾਰਜ ਦਾ ਸਮਰਥਨ ਕਰਦੇ ਹਨ। ਫਿਰ ਤਾਂ ਉਹ ਉਨ੍ਹਾਂ ਸਿੱਖ ਵਿਦਵਾਨਾਂ ਵਿਚੋਂ ਹੀ ਇਕ ਹਨ, ਜੋ ਪੁਰਾਣੇ ਸਮਿਆਂ ਤੋਂ ਲੈ ਕੇ ਅੱਜ ਤੀਕ ਸਿੱਖ ਸ਼ਰਧਾਲੂਆਂ ਨੂੰ ਹਿੰਦੂ ਤੀਰਥਾਂ ਤੋਂ ਵਰਜ ਕੇ ਸਿਰਫ ਸਿੱਖ ਤੀਰਥਾਂ ‘ਤੇ ਇਸ਼ਨਾਨ ਕਰਨ ਦੀ ਸਲਾਹ ਦਿੰਦੇ ਆ ਰਹੇ ਹਨ।
ਇੰਨਾ ਹੀ ਨਹੀਂ, ਇਸ ਵਿਦਵਾਨ ਟੀਕਾਕਾਰ ਨੇ ਬਿਨਾ ਦਰਿਆਫਤ ਕੀਤੇ ਇਹ ਵੀ ਲਿਖ ਦਿੱਤਾ ਹੈ ਕਿ ਸੁਣਨਾ ਤਾਂ ਪੜ੍ਹ ਪੜ੍ਹ ਕੇ ਮਾਣ-ਇੱਜਤ ਪਾਉਣ ਨਾਲੋਂ ਵੀ ਚੰਗਾ ਕੰਮ ਹੈ। ਇਸ ਨਾਲ ਸਹਿਜੇ ਧਿਆਨ ਲੱਗ ਜਾਂਦਾ ਹੈ ਤੇ ਬਿਨਾ ਪੜ੍ਹਿਆਂ ਗਿਆਨ ਵੀ ਹੋ ਜਾਂਦਾ ਹੈ; ਪਰ ਪਿੰਡਾਂ, ਸ਼ਹਿਰਾਂ ਦੇ ਸਾਰੇ ਵਿਦਿਆਰਥੀਆਂ ਦਾ ਤਜ਼ਰਬਾ ਤਾਂ ਇਸ ਤੋਂ ਉਲਟ ਹੈ। ਸਵੇਰ ਵੇਲੇ ਗੁਰਦੁਆਰੇ ਦੇ ਪਾਠ ਵਾਲਾ ਲਾਊਡ ਸਪੀਕਰ ਸੁਣ ਕੇ ਉਨ੍ਹਾਂ ਦਾ ਧਿਆਨ ਉਖੜ ਜਾਂਦਾ ਹੈ ਤੇ ਉਹ ਪੜ੍ਹਾਈ ‘ਚੋਂ ਕਮਜ਼ੋਰ ਰਹਿ ਕੇ ਫੇਲ੍ਹ ਹੋ ਜਾਂਦੇ ਹਨ। ਨਾ ਉਨ੍ਹਾਂ ਨੂੰ ਪੜ੍ਹ ਪੜ੍ਹ ਮਾਣ ਮਿਲਦਾ ਹੈ, ਨਾ ਹੀ ਗਿਆਨ। ਇਸ ਅਨੁਸਾਰ ਤਾਂ ਭਗਤਾਂ ਨੂੰ ਵੀ ਸੁਣਨ ਦਾ ਕੋਈ ਲਾਭ ਨਹੀਂ ਹੋਵੇਗਾ, ਕਿਉਂਕਿ ਜੋ ਨਿਯਮ ਵਿਦਿਆਰਥੀਆਂ ‘ਤੇ ਲਾਗੂ ਹੁੰਦਾ ਹੈ, ਉਹੀ ਭਗਤੀ ਕਰਨ ਵਾਲਿਆਂ ‘ਤੇ ਹੁੰਦਾ ਹੈ। ਜੇ ਵਿਦਵਾਨ ਕਹਿੰਦੇ ਹਨ ਕਿ ਗੁਰੂ ਸਾਹਿਬ ਲਾਊਡ ਸਪੀਕਰਾਂ ਅਤੇ ਵਿਦਿਆਰਥੀਆਂ ਦੀ ਗੱਲ ਨਹੀਂ ਸੀ ਕਰ ਰਹੇ, ਸਗੋਂ ਵੇਦ ਸ਼ਾਸਤਰ ਸੁਣਨ ਵਾਲੇ ਸ਼ਰਧਾਲੂਆਂ ਦੀ ਗੱਲ ਕਰ ਰਹੇ ਸਨ। ਫਿਰ ਉਹ ਇਹ ਵੀ ਸੋਚਣ ਕਿ ਉਹੀ ਦੋ ਚਾਰ ਕਿਤਾਬਾਂ ਦੇ ਤੋਤਾ ਰਟਣੀ ਪਾਠ ਨੂੰ ਗੁਰੂ ਸਾਹਿਬ ਨੇ ਕਿਤੇ ਵੀ ਗਿਆਨ ਦਾ ਸਾਧਨ ਨਹੀਂ ਮੰਨਿਆ।
ਫਿਰ ਜੇ ਪੜ੍ਹ ਕੇ ਮਾਣ ਪਾਉਣ ਤੇ ਸੁਣ ਕੇ ਧਿਆਨ ਲਾਉਣ ਵਾਲੀ ਗੱਲ ਦਾ ਕਿਤੇ ਵੀ ਕੁਝ ਨਹੀਂ ਵੱਟਿਆ ਜਾਂਦਾ ਤਾਂ ਵਿਦਵਾਨਾਂ ਵਲੋਂ ਇਸ ਵਿਆਖਿਆ ਨੂੰ ਅਪਨਾਉਣ ਦਾ ਕੀ ਕਾਰਨ ਹੋ ਸਕਦਾ ਹੈ? ਸ਼ਾਇਦ ਉਹ ਪੁਜਾਰੀ ਵਰਗ ਤੇ ਸੰਪਰਦਾਈ ਸਾਧਾਂ ਦੇ ਹਿੱਤਾਂ ਨੂੰ ਪੂਰਦੇ ਹੋਣ। ਸਿੱਖ ਪੰਥ ਵਿਚ ਪੁਜਾਰੀ ਤੇ ਸੰਪਰਦਾਈਏ ਸਾਧ ਸੰਤ ਹੀ ਪਾਠ ਪੜ੍ਹਨ ਤੇ ਸੁਣਾਉਣ ਦਾ ਕਾਰਜ ਕਰਦੇ ਹਨ ਤੇ ਅਚੇਤ ਸ਼ਰਧਾਲੂਆਂ ਨੂੰ ਇਸ ਦੇ ਅਧਿਆਤਮਕ ਲਾਭ ਦੱਸ ਕੇ ਇੱਕਠਾ ਕਰਦੇ ਹਨ। ਇਸ ਲਈ ਸੁਣਾਉਣ ਵਾਲਿਆਂ ਨੂੰ ਸੰਗਤ, ਮਾਇਆ, ਮਾਣ ਪ੍ਰਤਿਸ਼ਠਾ, ਚੌਧਰ ਤੇ ਵੋਟ ਬੈਂਕ ਸਭ ਇਕ ਥਾਂਏਂ ਬੈਠੇ ਬਿਠਾਏ ਮਿਲ ਜਾਂਦੇ ਹਨ। ਸ਼ਾਇਦ ਇਸੇ ਲਈ ਇਹ ਵਿਦਵਾਨ ਗੁਰੂ ਸਾਹਿਬ ਤੋਂ ਉਪਰੋਂ ਉਪਰੀ ਵਾਰ ਵਾਰ ਇਹੀ ਗੱਲ ਪ੍ਰਚਾਰਦੇ ਹਨ ਕਿ ਸ਼ਰਧਾਲੂਆਂ ਲਈ ਸੁਣਨਾ ਬੜੇ ਅਧਿਆਤਮਕ ਲਾਹੇ ਵਾਲੀ ਕ੍ਰਿਆ ਹੈ!
ਉਪਰੋਕਤ ਪਉੜੀ ਦੀ ਵਿਆਖਿਆ ਇਸ ਤੋਂ ਪਹਿਲੀਆਂ ਕੁਝ ਅਤੇ ਬਾਅਦ ਦੀਆਂ ਕਈ ਪਉੜੀਆਂ ਦੇ ਸੰਦਰਭ ਵਿਚ ਕਰਨੀ ਬਣਦੀ ਹੈ। ਇਸ ਤੋਂ ਇਲਾਵਾ ਸਮੁੱਚੇ ਜਪੁਜੀ ਦੀ ਸਿਖਿਆ ਤੇ ਇਸ ਦੇ ਉਦੇਸ਼ਾਂ ਨੂੰ ਵੀ ਧਿਆਨ ਵਿਚ ਰੱਖਣਾ ਜਰੂਰੀ ਹੈ। ਗੁਰੂ ਸਾਹਿਬ ਨੇ ਜਪੁਜੀ ਵਿਚ ਸੱਚ ਪ੍ਰਾਪਤੀ ਦੀਆਂ ਸਮਕਾਲੀ ਵਿਧੀਆਂ ਨਕਾਰ ਕੇ ਇਕ ਨਿਰਪੱਖ ਭਾਵ ਹਿਸਾਬੀ-ਕਿਤਾਬੀ ਵਿਧੀ ਦੀ ਰੂਪ ਰੇਖਾ ਸਿਰਜੀ ਹੈ। ਇਸ ਸਬੰਧ ਵਿਚ ਉਹ ਸੁਣੀਆਂ-ਸੁਣਾਈਆਂ ਗੱਲਾਂ ਜਾਂ ਕਥਾ ਕਹਾਣੀਆਂ, ਜਿਨ੍ਹਾਂ ਨਾਲ ਪੁਰਾਤਨ ਗ੍ਰੰਥ ਭਰੇ ਪਏ ਹਨ ਤੇ ਜੋ ਲੋਕ ਧਾਰਾ ਵਿਚ ਸੱਚ ਬਣ ਕੇ ਸਮਾ ਗਈਆਂ ਹਨ, ਦੇ ਤੱਥਆਤਮਿਕ ਮੁੱਲਾਂ ‘ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਅਨੁਸਾਰ ਇਹ ਗੱਲਾਂ ਉਦੋਂ ਤੀਕ ਸਹੀ ਨਹੀਂ ਮੰਨੀਆਂ ਜਾਂਦੀਆਂ, ਜਦੋਂ ਤੀਕ ਤਰਕ ਦੀ ਕਸੌਟੀ ‘ਤੇ ਪੂਰੀਆਂ ਨਾ ਉਤਰਨ। ਇਸ ਲਈ ਇਨ੍ਹਾਂ ਗੱਲਾਂ ‘ਤੇ ਅੰਨਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।
ਇਸ ਪਉੜੀ ਦੀ ਸਿੱਧੀ ਸਾਦੀ ਵਿਆਖਿਆ ਇਹ ਹੈ ਕਿ ਸੁਣਨ ਨੂੰ ਤਾਂ ਸੁਣਦੇ ਹਾਂ ਕਿ ਕਈ ਪਹੁੰਚੇ ਹੋਏ ਮਹਾਪੁਰਖਾਂ ਦਾ ਭਗਤੀ ਵਿਚ ਆਸਾਨੀ ਨਾਲ ਧਿਆਨ ਲਗ ਜਾਂਦਾ ਹੈ ਤੇ ਉਹ ਵੇਦ ਸ਼ਾਸਤਰ ਪੜ੍ਹ ਪੜ੍ਹ ਕੇ ਬੜਾ ਜਸ ਖੱਟ ਲੈਂਦੇ ਹਨ। ਇਸ ਨਾਲ ਉਨ੍ਹਾਂ ਨੂੰ ਸੰਸਾਰ ਦੇ ਸਾਰੇ ਭਾਵ ਅਠਾਹਟ ਤੀਰਥਾਂ ਦਾ ਫਲ ਮਿਲ ਜਾਂਦਾ ਹੈ। ਇਸ ਨਾਲ ਉਨ੍ਹਾਂ ਵਿਚ ਗਿਆਨ ਆ ਜਾਂਦਾ ਹੈ ਤੇ ਉਹ ਦਾਨੀ ਤੇ ਸਬਰ ਵਾਲੇ ਬਣ ਜਾਂਦੇ ਹਨ। ਸੁਣਦੇ ਹਾਂ ਕਿ ਅਜਿਹੇ ਗਿਆਨੀਆਂ-ਧਿਆਨੀਆਂ ਦੇ ਬਚਨ ਸੁਣ ਕੇ ਲੋਕਾਂ ਦੇ ਦੁੱਖ ਦਰਦ ਤੇ ਬੱਜਰ ਗੁਨਾਹਾਂ ਦੇ ਦੋਸ਼ ਖਤਮ ਹੋ ਜਾਂਦੇ ਹਨ। ਹੇ ਨਾਨਕ! ਇਹ ਗੱਲਾਂ ਜਾਣ ਕੇ ਭਗਤ ਜਨ ਬੜੇ ਖੁਸ਼ ਹੁੰਦੇ ਹਨ, ਭਾਵ ਸੁਣੀਆਂ-ਸੁਣਾਈਆਂ ‘ਤੇ ਯਕੀਨ ਕਰ ਬੈਠਦੇ ਹਨ।
ਇਸ ਨਿਰੋਲ ਸ਼ਬਦਾਰਥਕ ਵਿਆਖਿਆ ਤੋਂ ਇੰਜ ਜਾਪਦਾ ਹੈ ਕਿ ਗੁਰੂ ਸਾਹਿਬ ਨਾ ਸਿਰਫ ਸੁਣੀਆਂ-ਸੁਣਾਈਆਂ ਗੱਲਾਂ ਨੂੰ ਕਾਲਪਨਿਕ ਮੰਨਦੇ ਹਨ, ਸਗੋਂ ਸੁਣਨ ਦੀ ਪ੍ਰਕ੍ਰਿਆ ਨੂੰ ਹੀ ਭਰੋਸੇਯੋਗ ਨਹੀਂ ਸਨ ਮੰਨਦੇ। ਹਰ ਤੁਕ ਵਿਚ ਦਿੱਤੀ ਗੱਲ ਬ੍ਰਾਹਮਣਵਾਦੀ ਵਿਚਾਰਧਾਰਾ ‘ਤੇ ਕਈ ਕਈ ਸਵਾਲ ਖੜ੍ਹੇ ਕਰਦੀ ਹੈ। ਇਹ ਦੱਸਦੀ ਹੈ ਕਿ ਧਿਆਨ ਸਮਾਧੀ ਦੀ ਵਿਧੀ ਨਾਕਾਰਾਤਮਕ ਹੈ। ਅਧਿਆਤਮਕ ਪੁਸਤਕਾਂ ਦੀ ਤੋਤਾ-ਰਟਣੀ ਨਾਲ ਮਿਲੇ ਮਾਨ ਦਾ ਕੀ ਲਾਭ, ਜੇ ਉਸ ਨਾਲ ਗਿਆਨ ਹੀ ਨਾ ਉਪਜੇ! ਤੀਰਥ ਇਸ਼ਨਾਨ ਇਕ ਫੋਕਟ ਕਾਰਜ ਹੈ ਅਤੇ ‘ਗਲੀ ਗਿਆਨ ਨਾ ਢੂੰਡੀਐ’ ਦੇ ਮਹਾਵਾਕ ਅਨੁਸਾਰ ਗੱਲਾਂ ਸੁਣਨ ਦਾ ਗਿਆਨ ਨਾਲ ਕੋਈ ਵਾਸਤਾ ਹੀ ਨਹੀਂ। ਗਿਆਨ ਦੀ ਅਣਹੋਂਦ ਵਿਚ ਦਾਨੀ ਤੇ ਸੰਤੋਖੀ ਬਿਰਤੀਆਂ ਪੈਦਾ ਹੋਣ ਦਾ ਸਵਾਲ ਹੀ ਨਹੀਂ ਉਠਦਾ। ਜੇ ਇਹ ਸਭ ਸੁਣੀਆਂ-ਸੁਣਾਈਆਂ ਗੱਲਾਂ ਸੱਚ ਨਹੀਂ, ਫਿਰ ‘ਦੂਖ ਪਾਪ’ ਦੇ ਨਾਸ ਹੋਣ ਵਾਲੀ ਗੱਲ ਵੀ ਗੱਪ ਹੀ ਹੋਈ! ਇਸ ਕੂੜੋ ਕੂੜੀ ਦੇ ਮਾਹੌਲ ਵਿਚ ਜੇ ਭਗਤਾਂ ਨੂੰ ਖੁਸ਼ੀ ਦੇ ਕੋਈ ਚਾਅ ਚੜ੍ਹਦੇ ਵੀ ਹੋਣਗੇ, ਨਿਸ਼ਚੇ ਹੀ ਉਹ ਵੀ ਬੇਬੁਨਿਆਦ ਤੇ ਮਨਸੂਈ ਹੋਣਗੇ!
ਸੋ ਸੁਣਨ ਨਾਲ ਕਥਿਤ ਅਧਿਆਤਮਕ ਗੁਣਾਂ ਤੇ ਸੰਸਾਰਕ ਲਾਭਾਂ ਦਾ ਪ੍ਰਾਪਤ ਹੋਣਾ ਬ੍ਰਾਹਮਣਵਾਦੀਆਂ ਤੇ ਨਾਥ ਜੋਗੀਆਂ ਦੇ ਗਪੌੜੇ ਹੀ ਸਨ। ਇਨ੍ਹਾਂ ਦਾ ਪਾਜ ਉਧੇੜਨ ਲਈ ਹੀ ਗੁਰੂ ਸਾਹਿਬ ਨੇ ਇਸ ਪਉੜੀ ਵਿਚ ਇਨ੍ਹਾਂ ਦਾ ਜ਼ਿਕਰ ਕੀਤਾ ਹੈ; ਪਰ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਇਨ੍ਹਾਂ ਨੂੰ ਆਪਣੇ ਹੱਕ ਵਿਚ ਲਿਖੇ ਸਮਝ ਕੇ ਸੱਚ ਮੰਨ ਲੈਂਦੇ ਹਨ। ਉਹ ਦੂਜਿਆਂ ਦੀ ਬਿਆਨ ਵਾਰਤਾ ਤੇ ਵਿਸ਼ਵਾਸ ਕਰਨ ਦੀ ਕਾਹਲ ਵਿਚ ਆਪਣੇ ਧਿਆਨ ਨੂੰ ਗੁਆ ਬੈਠਦੇ ਹਨ। ਨਹੀਂ ਤਾਂ ਕਿਹੜਾ ਵਿਦਵਾਨ ਕਹੇਗਾ ਕਿ ਜਿਸ ਦੀ ਸੁਣੋ, ਉਸ ਦੀ ਮੰਨ ਲਵੋ ਤੇ ਕਿਹੜਾ ਗੁਰੂ ਦਾ ਸਿੱਖ ਬਿਨਾ ਸਿਰ-ਪੈਰ ਗੱਲਾਂ ਨੂੰ ਸੁਣ ਕੇ ਉਨ੍ਹਾਂ ‘ਤੇ ਯਕੀਨ ਕਰ ਲਵੇਗਾ? ਸਪਸ਼ਟ ਹੈ ਕਿ ਇਕ ਪਾਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਤਰਕ ਵਿਵੇਕ ਦੀ ਸਿੱਖੀ ਜਾਚ ਦੇ ਕੇ ਸੁਚੇਤ ਕਰਦੇ ਹਨ ਤੇ ਦੂਜੇ ਪਾਸੇ ਅਜੋਕੇ ਵਿਦਵਾਨ ਇਸ ਨੂੰ ਸੁਣਨ ਤੇ ਮੰਨਣ ਤੀਕ ਸੀਮਤ ਕਰ ਕੇ ਸਿੱਖਾਂ ਦੀ ਸੋਚ ਨੂੰ ਦਕਿਆਨੂਸੀ ਬਣਾ ਰਹੇ ਹਨ।
ਵਿਦਵਾਨਾਂ ਰਾਹੀਂ ਬਾਣੀ ਦੀ ਅਜਿਹੀ ਵਿਆਖਿਆ ਕਰਨ ਦੇ ਦੋ ਹੀ ਮੁੱਖ ਕਰਨ ਹੋ ਸਕਦੇ ਹਨ। ਜਾਂ ਤਾਂ ਕਿਸੇ ਗੁੱਝੇ ਜਾਤੀ ਜਾਂ ਜਮਾਤੀ ਹਿੱਤ ਕਾਰਨ ਉਹ ਸੱਚਾਈ ਦੀ ਗੱਲ ਕਰਨਾ ਹੀ ਨਹੀਂ ਚਾਹੁੰਦੇ, ਸਗੋਂ ਗੁਰੂ ਸਾਹਿਬ ਤੋਂ ਪਹਿਲਾਂ ਵਾਲੀ ਕਰਮ-ਕਾਂਡੀ ਤੇ ਭਰਮਾਊ ਸਥਿਤੀ ਬਰਕਰਾਰ ਰੱਖਣਾ ਚਾਹੁੰਦੇ ਹਨ। ਜੇ ਭਰਮ-ਭੁਲੇਖਿਆਂ ਹੇਠ ਸੱਚ ਛੁਪਾਉਣ ਵਿਚ ਉਨ੍ਹਾਂ ਦਾ ਕੋਈ ਲਾਭ ਛੁਪਿਆ ਹੋਇਆ ਹੈ ਤਾਂ ਉਹ ਇਹ ਮੰਨ ਹੀ ਲੈਣ ਕਿ ਸੱਚ ਦੀ ਗੱਲ ਬਹੁਤੀ ਦੇਰ ਨਹੀਂ ਦਬਾਈ ਜਾ ਸਕਦੀ। ਸਮੇਂ ਦੀ ਕਰਵਟ ਇਸ ਨੂੰ ਬਾਹਰ ਕੱਢ ਦੇਵੇਗੀ। ਤਰਕ-ਵਿਵੇਕ ਨੂੰ ਇਹ ਅਜਿਹਾ ਬਲਵਾਨ ਕਰ ਦੇਵੇਗੀ ਕਿ ਸੱਚ ਦਸ ਪਰਦੇ ਫਾੜ ਕੇ ਉਪਰ ਆ ਜਾਵੇਗਾ। ਅਜੋਕੇ ਸਮੇਂ ਵਿਚ ਵਿਗਿਆਨ ਤੇ ਮੀਡੀਆ ਜਲਦੀ ਹੀ ਇਸ ਕਾਰਜ ਨੂੰ ਬਹੁਤ ਆਸਾਨ ਬਣਾ ਦੇਣਗੇ। ਨਾਲ ਉਹ ਇਹ ਵੀ ਮੰਨ ਲੈਣ ਕਿ ਗੁਰਬਾਣੀ ਅਨੁਸਾਰ ਅਜਿਹਾ ਹਿੱਤ ਪਾਲਣਾ ਕਿਸੇ ਨਾ ਕਿਸੇ ਢੰਗ ਨਾਲ ਪਰਾਇਆ ਹੱਕ ਖਾਣ ਦੇ ਤੁੱਲ ਹੈ। ਗੁਰੂ ਨਾਨਕ ਦੇ ਸਿੱਖ ਹੋਣ ਨਾਤੇ ਉਹ ਆਪਣੀ ਇਖਲਾਕੀ ਜਿੰਮੇਵਾਰੀ ਸਮਝਣ ਤੇ ਸੱਚ ਦੀ ਕਮਾਨ ਹੇਠ ਆਉਣ। ਗੁਰੂ ਸਾਹਿਬ ਦੇ ਆਸੇ ਅਨੁਸਾਰ ਗੁਰਬਾਣੀ ਦੀ ਨਿਰਮਲ ਤੇ ਨਿਹਿੱਤ ਵਿਆਖਿਆ ਕਰਨਾ ਉਨ੍ਹਾਂ ਦਾ ਧਰਮ ਵੀ ਹੈ ਤੇ ਨੈਤਿਕ ਫਰਜ਼ ਵੀ।
ਪਰ ਜੇ ਉਹ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਅਣਜਾਣ ਹਨ ਤੇ ਅਣਜਾਣਪੁਣੇ ਵਿਚ ਤਰਕ-ਵਿਵੇਕ ਪਾਸੇ ਜਾ ਹੀ ਨਹੀਂ ਸਕਦੇ ਤਾਂ ਮਿਹਨਤ ਲਾ ਕੇ ਅਜਿਹਾ ਕਰਨਾ ਸਿੱਖਣ। ਮਿਹਨਤ ਕਰਨ ਦਾ ਸਬਕ ਵੀ ਉਹ ਇਸੇ ਪਉੜੀ ਵਿਚੋਂ ਲੈਣ ਕਿ ਕਿਸੇ ਸੁਣੀ-ਸੁਣਾਈ ਗੱਲ ‘ਤੇ ਯਕੀਨ ਨਾ ਕਰਕੇ ਇਸ ਨੂੰ ਸਮਝ ਬੂਝ ਨਾਲ ਵਿਚਾਰਨ। ਸਿੱਖੀ ਵਿਚ ਅੰਧ ਵਿਸ਼ਵਾਸ ਦੀ ਮਨਾਹੀ ਹੈ, ਪਰ ਸਵਾਲ ਪੁੱਛਣ ਦੀ ਮਨਾਹੀ ਨਹੀਂ। ਇਸ ਲਈ ਉਹ ਬਾਣੀ ਪੜ੍ਹਨ, ਸਵਾਲ ਕਰਨ, ਲਾਇਬ੍ਰੇਰੀ ਜਾਣ, ਡਿਕਸ਼ਨਰੀਆਂ ਫਰੋਲਣ ਤੇ ਸਹੀ ਨਿਰਣੇ ‘ਤੇ ਆਪ ਪਹੁੰਚਣ। ਜੇ ਇਸ ਪਾਸੇ ਆ ਹੀ ਗਏ ਹਨ ਤਾਂ ਇਸ ਕੰਮ ਨੂੰ ਸਿਦਕ ਨਾਲ ਨਿਭਾਉਣ। ਬਾਣੀ ਗੁਰੂ ਦੀ ਪੜ੍ਹਨ, ਸ਼ਬਦਾਰਥ ਡਿਕਸ਼ਨਰੀਆਂ ਵਿਚੋਂ ਲੱਭਣ ਤੇ ਵਿਆਖਿਆ ਆਪਣੀ ਕਰਨ। ਜੇ ਕਠਿਨਾਈ ਆਵੇ ਤਾਂ ਗੁਰੂ ਸਾਹਿਬ ਦੇ ਇਲਾਕੇ ਦੀ ਬੋਲੀ ਤੇ ਮੁਹਾਵਰਿਆਂ ਦਾ ਅਧਿਐਨ ਕਰਨ, ਉਸ ਵੇਲੇ ਦੀਆਂ ਦੂਜੀਆਂ ਕਾਵਿ ਕ੍ਰਿਤੀਆਂ ਨੂੰ ਪੜ੍ਹ ਕੇ ਅੰਦਾਜ਼ਾ ਲਾਉਣ, ਬਾਣੀ ਨੂੰ ਗੁਰੂ ਸਾਹਿਬ ਦੀ ਸ਼ਖਸੀਅਤ ਨਾਲ ਜੋੜ ਕੇ ਦੇਖਣ ਤੇ ਇਕ ਤੁਕ ਦੇਖਣ ਦੀ ਥਾਂ ਸਮੁੱਚੀ ਪਉੜੀ ਜਾਂ ਕਾਵਿ-ਪੈਰੇ ਨੂੰ ਵਿਚਾਰ ਕੇ ਅਰਥ ਕਰਨ। ਅਜਿਹੀ ਵਿਆਖਿਆ ਨਾਲ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਨੇੜੇ ਲੱਗਿਆ ਮਹਿਸੂਸ ਕਰਨਗੇ। ਇਹੀ ਉਨ੍ਹਾਂ ਲਈ ਬੈਕੁੰਠ ਵਾਸ ਹੋਵੇਗਾ।