ਵਿਸਰਿਆ ਲੋਕ ਨਾਟ ‘ਖਿਉੜੇ’

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਪੰਜਾਬੀ ਲੋਕ ਧਾਰਾ ਵਿਚ ਲੋਕ ਨਾਟ ਦੇ ਜਿਨ੍ਹਾਂ ਰੂਪਾਂ ਤੇ ਵੰਨਗੀਆਂ ਨੇ ਲੋਕ ਮਨਾਂ ਵਿਚ ਆਪਣਾ ਸਨਮਾਨਯੋਗ ਸਥਾਨ ਬਣਾਈ ਰੱਖਿਆ ਹੈ, ਉਨ੍ਹਾਂ ਵਿਚ ਖਿਉੜੇ ਦਾ ਲੋਕ ਨਾਟ ਬਹੁਤ ਘੱਟ ਜਾਣਿਆ ਜਾਂਦਾ ਹੈ। ਕਹਿੰਦੇ ਹਨ, ਪਹਿਲੇ ਸਮਿਆਂ ਵਿਚ ਖਿਉੜੇ ਦਾ ਮਹੱਤਵ ਜ਼ਰੂਰ ਬਣਿਆ ਰਿਹਾ ਹੈ। ਸਵਾਲ-ਜਵਾਬ ਦੇ ਲਹਿਜੇ ਵਿਚ ਲੋਕ ਧੁਨਾਂ ‘ਤੇ ਗਾਏ ਜਾਣ ਵਾਲੇ ਵਿਸ਼ੇਸ਼ ਵੰਨਗੀ ਦੇ ਲੋਕ ਗੀਤਾਂ ਦੇ ਗਾਇਨ ਤੇ ਖੇਡੇ ਜਾਣ ਵਾਲੇ ਲੋਕ ਨਾਟ ਦੇ ਸੁਮੇਲ ਨੂੰ ਖਿਉੜੇ ਕਿਹਾ ਜਾਂਦਾ ਸੀ। ਵਿਆਹ ਮੌਕੇ ਔਰਤਾਂ ਦੀਆਂ ਦੋ ਟੋਲੀਆਂ ਆਹਮੋ-ਸਾਹਮਣੇ ਬੈਠ ਹੇਕਾਂ ਲਾ ਲਾ ਕੇ ਲੋਕ ਗੀਤ ਗਾਉਂਦੀਆਂ ਸਨ ਤੇ ਨਾਟਕ ਵੀ ਖੇਡਦੀਆਂ ਸਨ। ਲੋਕ ਗੀਤਾਂ ਰਾਹੀਂ ਸਵਾਲ-ਜਵਾਬ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ ਤੇ ਲੋਕ ਨਾਟ ਉਸਰਦਾ ਜਾਂਦਾ ਸੀ। ਲੋਕ ਨਾਟ ਖੇਡਦਿਆਂ ਔਰਤ ਕਲਾਕਾਰ ਇਕ ਤੋਂ ਵੱਧ ਪਾਤਰਾਂ ਦਾ ਸਵਾਂਗ ਵੀ ਰਚ ਲੈਂਦੀਆਂ ਸਨ। ਵਿਆਹ ਦੇ ਚਾਵਾਂ-ਮਲਾਰਾਂ ਅਤੇ ਖੁਸ਼ੀਆਂ ਵਾਲੇ ਹੋਰ ਸ਼ੁਭ ਮੌਕਿਆਂ ‘ਤੇ ਵੀ ਖਿਉੜੇ ਖੇਡੇ/ਗਾਏ ਜਾਂਦੇ।

ਖਿਉੜੇ ਦਾ ਲੋਕ ਨਾਟ ਖੇਡਣ ਲਈ ਬੜੇ ਅਜੀਬ ਤੇ ਵਿਲੱਖਣ ਕਿਸਮ ਦੇ ਸਥਾਨ ਨੂੰ ਰੰਗ ਮੰਚ ਵਜੋਂ ਵਰਤਿਆ ਜਾਂਦਾ ਸੀ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ “ਆਹਮੋ-ਸਾਹਮਣੇ ਸਥਿਤ ਦੋ ਮਕਾਨਾਂ ਦੀਆਂ ਛੱਤਾਂ ਜਾਂ ਚੌਂਤਰਿਆਂ ‘ਤੇ ਦੋ ਟੋਲੀਆਂ ਵਿਚ ਬੈਠ ਕੇ ਔਰਤਾਂ ਨਾਟਕੀ ਸੰਵਾਦ ਉਚਾਰਦੀਆਂ ਸਨ। ਵਾਰਤਾਲਾਪ ਦਾ ਕੁਝ ਹਿੱਸਾ ਲੋਕ ਧੁਨਾਂ ਵਿਚ ਗਾ ਕੇ ਪੇਸ਼ ਕੀਤਾ ਜਾਂਦਾ ਸੀ।” (ਪੰਜਾਬੀ ਲੋਕ ਧਾਰਾ ਵਿਸ਼ਵਕੋਸ਼, ਪੰਨਾ 1194)
ਲੋਕ ਨਾਟ ਖੇਡਣ ਵਾਲੀਆਂ ਔਰਤਾਂ ਇਕ ਦੂਜੀ ਨੂੰ ਸੰਬੋਧਨ ਕਰਕੇ ਆਪੋ ਆਪਣੇ ਹਿੱਸੇ ਦਾ ਨਾਟਕੀ ਸੰਵਾਦ ਉਚਾਰਦੀਆਂ-ਅਲਾਪਦੀਆਂ ਸਨ। ਉਚਾਰੇ ਜਾਣ ਵਾਲੇ ਸੰਵਾਦਾਂ ਦੇ ਕੁਝ ਹਿੱਸੇ ਨੂੰ ਵਿਚ-ਵਿਚਾਲੇ ਲੋਕ ਗੀਤਾਂ ਦੀਆਂ ਧੁਨਾਂ ‘ਤੇ ਗਾ ਕੇ ਉਹ ਜਚਵੇਂ-ਫੱਬਵੇਂ ਅੰਦਾਜ਼ ਵਿਚ ਪੇਸ਼ ਕਰਦੀਆਂ ਸਨ ਤੇ ਲੋਕ ਗੀਤਾਂ ਰਾਹੀਂ ਸਵਾਲ ਜੁਆਬ ਕਰਨ ਦਾ ਖੁਸ਼ਗਵਾਰ ਮਾਹੌਲ ਸਿਰਜ ਲਿਆ ਜਾਂਦਾ ਸੀ। ਇਸ ਲੋਕ ਨਾਟ ਦੌਰਾਨ ਕਈ ਵਾਰ ਕਈ ਥਾਂਈਂ ਅਜਿਹੇ ਮੌਕਿਆਂ ਦੀ ਸਿਰਜਣਾ ਵੀ ਕੀਤੀ ਜਾਂਦੀ ਸੀ, ਜਦੋਂ ਨਾਇਕਾ ਕਿਸੇ ਘਰ ਦੀ ਖਿੜਕੀ ਵਿਚ ਬੈਠ ਕੇ, ਟਿਕਟਿਕੀ ਲਾ ਕੇ ਬੜੀਆਂ ਸੱਧਰਾਂ ਨਾਲ ਆਪਣੇ ਪ੍ਰੇਮੀ ਦੀ ਉਡੀਕ ਕਰ ਰਹੀ ਹੁੰਦੀ ਸੀ। ਕਈ ਵਾਰ ਉਸ ਦਾ ਪ੍ਰੀਤਮ (ਜੋ ਕਦੇ ਕਦਾਈਂ ਦਰਸ਼ਕਾਂ ਵਿਚ ਬੈਠਾ ਹੁੰਦਾ ਸੀ) ਉਠ ਕੇ ਉਸ ਵੱਲ ਬੜੀਆਂ ਹਸਰਤ ਭਰੀਆਂ ਨਿਗਾਹਾਂ ਨਾਲ ਵੇਖਦਿਆਂ ਉਸ ਵੱਲ ਵਧਦਾ ਸੀ ਤੇ ਉਸ ਨਾਲ ਪਿਆਰ ਭਰੇ ਮਿੱਠੜੇ ਬੋਲਾਂ ਦੀ ਸਾਂਝ ਪਾਉਂਦਾ ਸੀ।
ਚਾਨਣੀਆਂ ਰਾਤਾਂ ਵਿਚ ਦੇਰ ਰਾਤ ਗਈ ਤੱਕ ਇਹ ਲੋਕ ਨਾਟ ਚੱਲਦਾ ਰਹਿੰਦਾ ਸੀ। ਕਹਿੰਦੇ ਹਨ, ਪੁਰਾਣੇ ਵੇਲਿਆਂ ਵਿਚ ਬਹੁਤਾ ਕਰਕੇ ਅੰਮ੍ਰਿਤਸਰ ਤੇ ਲਾਹੌਰ ਵਿਚ ਖਿਉੜੇ ਖੇਡਣ ਦਾ ਚਲਨ ਵਧੇਰੇ ਪਾਇਆ ਜਾਂਦਾ ਸੀ। ਸਮੇਂ ਦੇ ਪਹੀਏ ਨੇ ਬੇਰੋਕ ਘੁੰਮਦਿਆਂ ਰਹਿਣਾ ਹੈ। ਵਕਤ ਦੇ ਬਦਲਣ ਨਾਲ ਬਹੁਤ ਕੁਝ ਨੇ ਬਦਲ ਜਾਣਾ ਹੁੰਦਾ ਹੈ। ਬਹੁਤ ਕੁਝ ਗਵਾਚ ਜਾਂਦਾ ਹੈ। ਲੋਕ ਨਾਟ ਵੀ ਲੋਪ ਹੁੰਦੇ ਜਾ ਰਹੇ ਹਨ। ਖਿਉੜੇ ਦਾ ਲੋਕ ਨਾਟ ਲੋਕ ਚੇਤਿਆਂ ਵਿਚੋਂ ਵੀ ਆਪਣਾ ਨਾਮ, ਰੂਪ, ਰਚਨਾ, ਸੁਭਾਅ, ਸਥਾਨ ਆਦਿ ਬਹੁਤੇ ਕੁਝ ਨੂੰ ਕਰੀਬ ਗਵਾ ਚੁਕਾ ਹੈ। ਲੋਕ ਨਾਟ ਪਰੰਪਰਾ ਬਾਰੇ ਕਾਫੀ ਖੋਜ ਕਾਰਜ ਹੋਇਆ ਹੈ। ਕਈ ਹੋਰ ਲੋਕ ਨਾਟਾਂ ਅਤੇ ਖਿਉੜੇ ਲੋਕ ਨਾਟ ‘ਤੇ ਬਹੁਤਾ ਕੰਮ ਨਹੀਂ ਹੋਇਆ। ਇਸ ਦਿਸ਼ਾ ਵੱਲ ਹੋਰ ਖੋਜ ਕਾਰਜ ਕਰਨ/ਕਰਵਾਉਣ ਵਾਸਤੇ ਸਾਧਨ ਜੁਟਾਉਣ ਦੀ ਲੋੜ ਹੈ, ਜਿਨ੍ਹਾਂ ਨੂੰ ਆਧਾਰ ਬਣਾ ਕੇ ਖੋਜਾਰਥੀ ਨਿੱਠ ਕੇ ਕੰਮ ਕਰ ਸਕਣ।