ਇਸ ਵਕਤ ਸੰਸਾਰ ਭਰ ਉਤੇ ਕਰੋਨਾ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ, ਸਗੋਂ ਨਿਤ ਦਿਨ ਵਧ ਹੀ ਰਿਹਾ ਹੈ। ਬਹੁਤ ਸਾਰੇ ਮੁਲਕਾਂ ਅੰਦਰ ਤਾਲਾਬੰਦੀ ਤਕ ਕੀਤੀ ਗਈ ਹੈ। ਅਮਰੀਕਾ ਵਿਚ ਇਸ ਤੋਂ ਪੀੜਤ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਲੋਕਾਂ ਅੰਦਰ ਇਸ ਵਾਇਰਸ ਕਾਰਨ ਦਹਿਸ਼ਤ ਹੈ, ਹਾਲਾਂਕਿ ਮਾਹਿਰ ਵਾਰ-ਵਾਰ ਕਹਿ ਰਹੇ ਹਨ ਕਿ ਇਹ ਵਾਇਰਸ ਬਹੁਤਾ ਘਾਤਕ ਨਹੀਂ, ਬੱਸ ਇਹ ਫੈਲਦਾ ਬਹੁਤ ਤੇਜ਼ੀ ਨਾਲ ਹੈ। ਥੋੜ੍ਹੀ ਜਿਹੀ ਸਾਵਧਾਨੀ ਨਾਲ ਇਸ ਤੋਂ ਬਚਾਅ ਸੰਭਵ ਹੈ।
ਉਂਜ, ਇਕ ਗੱਲ ਸਪਸ਼ਟ ਹੈ ਕਿ ਇਸ ਵਾਇਰਸ ਨੇ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਉਤੇ ਸਿੱਧਾ ਅਸਰ ਪਾਇਆ ਹੈ। ਇਸ ਨਾਲ ਆਰਥਕ, ਸਮਾਜਕ ਆਦਿ ਖੇਤਰ ਕੰਬ ਉਠੇ ਹਨ। ਮਾਹਿਰਾਂ ਨੇ ਤਾਂ ਹੁਣ ਇਸ ਪਿਛੋਂ ਵੱਖ-ਵੱਖ ਖੇਤਰਾਂ ਉਤੇ ਪੈਣ ਵਾਲੇ ਅਸਰਾਂ ਬਾਰੇ ਕਿਆਫੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਹੋਰ ਮੁਲਕਾਂ ਅਤੇ ਖਿੱਤਿਆਂ ਵਾਂਗ ਭਾਰਤ ਤੇ ਪੰਜਾਬ ਵੀ ਇਸ ਤੋਂ ਅਛੂਤੇ ਨਹੀਂ ਰਹੇ ਹਨ। ਸਮੁੱਚੇ ਭਾਰਤ ਵਿਚ 22 ਮਾਰਚ ਤੋਂ ਬਾਅਦ ਲਗਾਤਾਰ ਲੌਕਡਾਊਨ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਨੇ ਕਰਫਿਊ ਲਾਇਆ ਹੋਇਆ ਹੈ ਤਾਂ ਕਿ ਇਸ ਵਾਇਰਸ ਨੂੰ ਅਗਾਂਹ ਫੈਲਣ ਤੋਂ ਰੋਕਿਆ ਜਾ ਸਕੇ। ਅਸਲ ਵਿਚ ਭਾਰਤ ਦਾ ਸਿਹਤ ਸਿਸਟਮ ਇੰਨਾ ਕਮਜ਼ੋਰ ਹੈ ਕਿ ਮਾਹਿਰਾਂ ਨੂੰ ਖਦਸ਼ਾ ਹੈ ਕਿ ਜੇ ਕਿਤੇ ਭਾਰਤ ਵਿਚ ਵਧ ਰਹੇ ਕੇਸਾਂ ਦੀ ਗਿਣਤੀ ਇਸੇ ਹਿਸਾਬ ਵਧਦੀ ਰਹੀ ਤਾਂ ਸੰਕਟ ਹੋਰ ਵੀ ਭਿਆਨਕ ਹੋ ਸਕਦਾ ਹੈ।
ਪੰਜਾਬ ਵਿਚ ਵੀ ਸਿਹਤ ਸਹੂਲਤਾਂ ਬਾਰੇ ਜੋ ਖੁਲਾਸੇ ਹੋ ਰਹੇ ਹਨ, ਉਹ ਪ੍ਰੇਸ਼ਾਨ ਕਰਨ ਵਾਲੇ ਹਨ। ਸਗੋਂ ਇਸ ਵਾਇਰਸ ਕਾਰਨ ਫੌਤ ਹੋਏ ਪ੍ਰਸਿੱਧ ਕੀਰਤਨੀਏ ਨਿਰਮਲ ਸਿੰਘ ਖਾਲਸਾ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਤੋਂ ਸਾਫ ਪਤਾ ਲਗਦਾ ਹੈ ਕਿ ਇਸ ਮਾਮਲੇ ਨੂੰ ਕਿੰਨੀ ਗੈਰ ਸੰਜੀਦਗੀ ਨਾਲ ਲਿਆ ਗਿਆ। ਇਸ ਤੋਂ ਵੀ ਅਗਾਂਹ, ਵੇਰਕਾ ਵਿਚ ਉਨ੍ਹਾਂ ਦੇ ਸਸਕਾਰ ਬਾਰੇ ਜਿਹੜੇ ਤੱਥ ਮੀਡੀਆ ਵਿਚ ਉਜਾਗਰ ਹੋਏ ਹਨ, ਉਸ ਨੇ ਸਮਾਜਕ ਤਾਣੇ-ਬਾਣੇ ਉਤੇ ਵੀ ਵੱਡਾ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਵੇਰਕਾ ਦੇ ਕੁਝ ਲੋਕਾਂ ਨੇ ਉਨ੍ਹਾਂ ਦਾ ਸਸਕਾਰ ਉਥੇ ਹੋਣ ਤੋਂ ਰੁਕਵਾ ਦਿੱਤਾ। ਇਹ ਭਾਵੇਂ ਕਰੋਨਾ ਵਾਇਰਸ ਕਾਰਨ ਚਾਰੇ ਪਾਸੇ ਭੈਅ ਕਾਰਨ ਵੀ ਸੀ, ਪਰ ਇਸ ਪ੍ਰਸੰਗ ਵਿਚ ਜਾਤ ਦਾ ਮਸਲਾ ਵੀ ਪਿਛਾਂਹ ਨਹੀਂ ਸੁੱਟਿਆ ਜਾ ਸਕਦਾ। ਇਹ ਉਹ ਮਸਲਾ ਹੈ, ਜੋ ਨਿਰਮਲ ਸਿੰਘ ਖਾਲਸਾ ਖੁਦ ਸਾਰੀ ਉਮਰ ਉਠਾਉਂਦੇ ਰਹੇ ਹਨ। ਪਹਿਲੇ ਪਾਤਿਸ਼ਾਹ ਦਾ 550ਵਾਂ ਜਨਮ ਦਿਹਾੜਾ ਉਨ੍ਹਾਂ ਨੇ ਇਸ ਪ੍ਰਸੰਗ ਵਿਚ ਹੀ ਮਨਾਉਣ ਦਾ ਹੋਕਾ ਦਿੱਤਾ ਸੀ। ਉਂਜ ਵੀ ਸਿੱਖੀ ਅੰਦਰ ਜਾਤ-ਪਾਤ ਲਈ ਕੋਈ ਥਾਂ ਨਹੀਂ ਹੈ, ਪਰ ਸਿਆਸੀ, ਸਮਾਜਕ, ਧਾਰਮਿਕ ਆਦਿ ਕਈ ਕਾਰਨਾਂ ਕਰਕੇ ਜਾਤ-ਪਾਤ ਦਾ ਸਿਲਸਿਲਾ ਪਿਛਲੇ ਸਮੇਂ ਦੌਰਾਨ ਘਟਿਆ ਜ਼ਰੂਰ ਹੈ, ਟੁੱਟ ਨਹੀਂ ਸਕਿਆ। ਸਿਤਮਜ਼ਰੀਫੀ ਇਹ ਵੀ ਹੋਈ ਹੈ ਕਿ ਜਿਨ੍ਹਾਂ ਸਿੱਖ ਸੰਸਥਾਵਾਂ ਨੇ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣੀ ਸੀ, ਉਨ੍ਹਾਂ ਨੇ ਵੀ ‘ਯਥਾ ਸਥਿਤੀ’ ਵਾਲੀ ਹਾਲਤ ਬਣਾਈ ਰੱਖੀ ਅਤੇ ਇਹ ਪਹੁੰਚ ਅੱਜ ਵੀ ਬਰਕਰਾਰ ਹੈ।
ਕਰੋਨਾ ਵਾਇਰਸ ਕਾਰਨ ਸਮਾਜਕ ਤਾਣੇ-ਬਾਣੇ ਦਾ ਜੋ ਸੱਚ ਉਜਾਗਰ ਹੋ ਰਿਹਾ ਹੈ, ਉਹ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਪਰਿਵਾਰ ਦੇ ਜੀਅ ਆਪਣੇ ਰੋਗੀ ਦੇ ਸਸਕਾਰ ਲਈ ਦੇਹ ਲੈਣ ਤੋਂ ਇਨਕਾਰ ਤਕ ਕਰਨ ਲੱਗੇ ਹਨ। ਇਸ ਤੋਂ ਪਹਿਲਾਂ, ਲੌਕਡਾਊਨ ਦੀ ਸ਼ੁਰੂਆਤ ਮੌਕੇ ਪੁਲਿਸ ਦਾ ਜੋ ਵਿਹਾਰ ਸਾਹਮਣੇ ਆਇਆ ਸੀ, ਉਹ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਇਹ ਵਿਹਾਰ ਅਸਲ ਵਿਚ ਪੁਲਿਸ ਦੀ ਇਸ ਮਾਨਕਿਸਤਾ ਵਿਚੋਂ ਹੀ ਸਾਹਮਣੇ ਆਇਆ, ਜੋ ਨਾਂਹ ਸੁਣਨ ਦੀ ਆਦੀ ਨਹੀਂ। 1980ਵਿਆਂ ਦੇ ਸ਼ੁਰੂ ਵਿਚ ਸੂਬੇ ਉਤੇ ਪਏ ਸੰਕਟ ਦੌਰਾਨ ਪੰਜਾਬ ਪੁਲਿਸ ਨੂੰ ਜਿਸ ਤਰ੍ਹਾਂ ਦੀਆਂ ਮਾਰੂ ਤਾਕਤਾਂ ਨਾਲ ਲੈਸ ਕੀਤਾ ਗਿਆ ਸੀ, ਉਹ ਮਗਰੋਂ ਵਾਪਸ ਨਹੀਂ ਲਈਆਂ ਗਈਆਂ। ਵੱਖ-ਵੱਖ ਸਿਆਸੀ ਪਾਰਟੀਆਂ ਵੀ ਆਪਣਾ ਰਾਜਭਾਗ ਚਲਾਉਣ ਲਈ ਇਸੇ ਪੁਲਿਸ ਦੀ ਵਰਤੋਂ-ਦੁਰਵਰਤੋਂ ਕਰਦੀਆਂ ਰਹੀਆਂ ਹਨ। ਇਸੇ ਕਰਕੇ ਹੁਣ ਹੋਈਆਂ ਵਧੀਕੀਆਂ ਪਿਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਵੱਖਰੇ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਪਏ।
ਸਿਹਤ ਸਿਸਟਮ ਦਾ ਮਸਲਾ ਇਸ ਤੋਂ ਵੱਖਰਾ ਹੈ। ਪਿਛਲੇ ਸਾਲਾਂ ਦੌਰਾਨ ਪੰਜਾਬ ਵਿਚ ਹੀ ਨਹੀਂ, ਸਮੁੱਚੇ ਭਾਰਤ ਅੰਦਰ ਸਰਕਾਰੀ ਸਿਹਤ ਸਿਸਟਮ ਇਕ ਤਰ੍ਹਾਂ ਨਾਲ ਰੀਂਗਣ ਲਾ ਦਿੱਤਾ ਗਿਆ ਹੈ। ਇਕ ਖਾਸ ਨੀਤੀ ਤਹਿਤ ਪਹਿਲਾਂ ਸਰਕਾਰੀ ਸਿਹਤ ਸਿਸਟਮ ਨੂੰ ਜਾਣ-ਬੁੱਝ ਕੇ ਬਦਨਾਮ ਕੀਤਾ ਗਿਆ ਅਤੇ ਇਸੇ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਨੂੰ ਹੱਲਾਸ਼ੇਰੀ ਦਿੱਤੀ ਗਈ। ਹੁਣ ਕਰੋਨਾ ਸੰਕਟ ਨੇ ਪ੍ਰਾਈਵੇਟ ਹਸਪਤਾਲ ਵਾਲਿਆਂ ਦਾ ਜੋ ਵਿਹਾਰ ਸਾਹਮਣੇ ਲਿਆਂਦਾ ਹੈ, ਉਸ ਨੇ ਸਰਕਾਰਾਂ ਨੂੰ ਵੀ ਸੋਚਣ ਲਾ ਦਿੱਤਾ ਹੈ।
ਜਾਹਰ ਹੈ ਕਿ ਕਰੋਨਾ ਵਾਇਰਸ ਨੇ ਸਾਡੇ ਸਮੁੱਚੇ ਤਾਣੇ-ਬਾਣੇ ਦੇ ਵੱਖ-ਵੱਖ ਮਸਲਿਆਂ ਦੇ ਵੱਖ-ਵੱਖ ਪੱਖਾਂ ਦੀਆਂ ਕਮਜ਼ੋਰੀਆਂ ਸਾਹਮਣੇ ਲਿਆਂਦੀਆਂ ਹਨ। ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਕਮਜ਼ੋਰੀਆਂ ਬਾਰੇ ਨਿੱਠ ਕੇ ਵਿਚਾਰ ਕਰਕੇ ਉਸ ਤੋਂ ਬਾਅਦ ਨੀਤੀਆਂ ਦੀ ਰੂਪ-ਰੇਖਾ ਤਿਆਰ ਕਰਨ ਵਲ ਧਿਆਨ ਧਰਿਆ ਜਾਂਦਾ, ਪਰ ਅਜੇ ਤਕ ਇਸ ਤਰ੍ਹਾਂ ਦੀ ਕੋਈ ਕਵਾਇਦ ਸਾਹਮਣੇ ਨਹੀਂ ਆਈ ਹੈ। ਆਪੋ-ਆਪਣੇ ਢੰਗ ਨਾਲ ਖਾਨਾਪੂਰਤੀ ਹੀ ਕੀਤੀ ਜਾ ਰਹੀ ਜਾਪਦੀ ਹੈ। ਸਰਕਾਰਾਂ ਦਾ ਧਿਆਨ ਨਾ ਤਾਂ ਸਿਹਤ ਸਿਸਟਮ ਵਿਚ ਸੁਧਾਰ ਦਾ ਹੈ ਅਤੇ ਨਾ ਹੀ ਖੇਰੂੰ-ਖੇਰੂੰ ਹੋਏ ਪਏ ਸਮਾਜਕ ਤਾਣੇ-ਬਾਣੇ ਦਾ ਠੁੱਕ ਬੰਨ੍ਹਣ ਵਿਚ ਹੈ। ਪੁਲਿਸ ਸੁਧਾਰਾਂ ਦੀ ਗੱਲ ਤਾਂ ਕਿੰਨੇ ਚਿਰ ਤੋਂ ਕੀਤੀ ਜਾ ਰਹੀ ਹੈ, ਪਰ ਇਸ ਮਾਮਲੇ ਵਿਚ ਸਰਕਾਰਾਂ ਨੇ ਕੋਈ ਇੱਛਾ ਸ਼ਕਤੀ ਨਹੀਂ ਦਿਖਾਈ ਹੈ। ਮਾਹਿਰ ਕਹਿ ਰਹੇ ਹਨ ਕਿ ਕਰੋਨਾ ਸੰਕਟ ਗੁਜ਼ਰ ਜਾਣ ਪਿਛੋਂ ਇਹ ਦੁਨੀਆਂ ਪਹਿਲਾਂ ਵਰਗੀ ਨਹੀਂ ਰਹੇਗੀ, ਪਰ ਭਾਰਤ ਅਤੇ ਪੰਜਾਬ ਵਿਚ ਇਸ ਅੰਦਰ ਕਿੰਨੀ ਕੁ ਸਿਫਤੀ ਤਬਦੀਲੀ ਹੋਵੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਉਂਜ ਹੁਣ ਸਰਕਾਰਾਂ ਕੋਲ ਇਕ ਵਧੀਆ ਮੌਕਾ ਹੈ ਕਿ ਲੋਕਾਂ ਦੀਆਂ ਔਕੜਾਂ ਨੂੰ ਧਿਆਨ ਵਿਚ ਰੱਖ ਕੇ ਅਗਲੀਆਂ ਨੀਤੀਆਂ ਘੜੀਆਂ ਜਾਣ।