ਆਫੀਆ ਸਦੀਕੀ ਦਾ ਜਹਾਦ-19

ਤੁਸੀਂ ਪੜ੍ਹ ਚੁੱਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ। ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਅਮਰੀਕਾ ਪੁੱਜ ਗਈ। ਆਪਣੇ ਭਰਾ ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ ਤੇ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ ਜਿਨ੍ਹਾਂ ਦਾ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਊਰਜਾ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਕਹਿਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਜਹਾਦ ਦੇ ਮਾਮਲੇ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ ਤੇ ਆਖਰਕਾਰ ਦੋਵੇਂ ਵੱਖ ਹੋ ਗਏ। ਅਮਜਦ ਖਾਨ ਨੇ ਇਕ ਹੋਰ ਕੁੜੀ ਨਾਲ ਨਿਕਾਹ ਕਰਵਾ ਲਿਆ। ਫਿਰ ਵਾਪਸ ਪਾਕਿਸਤਾਨ ਪੁੱਜੀ ਆਫੀਆ ਦਾ ਸਿੱਧਾ ਸੰਪਰਕ ਅਲ-ਕਾਇਦਾ ਦੇ ਅਹਿਮ ਬੰਦਿਆਂ ਨਾਲ ਹੋ ਗਿਆ। ਇਹ ਬੰਦੇ ਅਮਰੀਕਾ ਵਿਚ ਦੂਜੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਸਨ ਕਿ ਐਫ਼ਬੀæਆਈæ ਨੇ ਸਾਰੀ ਸੂਹ ਕੱਢ ਲਈ। 9/11 ਹਮਲਿਆਂ ਦੇ ਸੂਤਰਧਾਰ ਖਾਲਿਦ ਸ਼ੇਖ ਮੁਹੰਮਦ ਫੜਿਆ ਗਿਆ। ਹੋਰ ਗ੍ਰਿਫਤਾਰੀਆਂ ਵੀ ਹੋਈਆਂ, ਪਰ ਆਫੀਆ ਘਰੋਂ ਫਰਾਰ ਹੋ ਗਈ। ਫਿਰ ਉਸ ਦੇ ਫੜੇ ਜਾਣ ਦੀ ਖਬਰ ਆ ਗਈ।æææਹੁਣ ਅੱਗੇ ਪੜ੍ਹੋæææ

ਹਰਮਹਿੰਦਰ ਚਹਿਲ
ਫੋਨ: 703-362-3239
ਅਮਰੀਕਾ ਨੇ ਭਾਵੇਂ ਆਫੀਆ ਦੀ ਗ੍ਰਿਫਤਾਰੀ ਬਾਰੇ ਕੁਝ ਨਹੀਂ ਦੱਸਿਆ ਸੀ, ਫਿਰ ਵੀ ਇਹ ਗੱਲ ਪਾਕਿਸਤਾਨ ਪਹੁੰਚ ਗਈ। ਇੰਨਾ ਹੀ ਨਹੀਂ, ਇਹ ਵੀ ਕਿ ਅਮਰੀਕਨਾਂ ਨੇ ਉਸ ਦੇ ਗੋਲੀ ਮਾਰੀ ਹੈ ਜਿਸ ਨਾਲ ਉਹ ਸਖਤ ਜ਼ਖ਼ਮੀ ਹੋ ਗਈ। ਲੋਕਾਂ ਦਾ ਸੋਚਣਾ ਸੀ ਕਿ ਉਸ ਨੂੰ ਜਾਨੋਂ ਮਾਰਨ ਲਈ ਹੀ ਉਸ ਦੇ ਗੋਲੀ ਮਾਰੀ ਗਈ ਹੋਊ, ਪਰ ਉਹ ਸਬੱਬੀਂ ਬਚ ਰਹੀ। ਉਂਜ ਇਸ ਬਾਰੇ ਅਮਰੀਕੀ ਫੌਜ ਦੇ ਅਫਸਰਾਂ ਦਾ ਕੁਝ ਹੋਰ ਕਹਿਣਾ ਸੀ। ਉਨ੍ਹਾਂ ਮੁਤਾਬਕ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੋਈ ਅਤਿਵਾਦੀ ਔਰਤ ਫੜੀ ਗਈ ਹੈ ਤਾਂ ਉਹ ਉਸ ਦੀ ਪੁਛ-ਗਿੱਛ ਕਰਨ ਲਈ ਉਸ ਕਮਰੇ ‘ਚ ਪਹੁੰਚੇ ਜਿਥੇ ਉਹ ਬੰਦ ਸੀ। ਅੰਦਰ ਸਾਹਮਣੇ ਕੁਝ ਅਫਗਾਨ ਪੁਲਿਸ ਵਾਲੇ ਬੈਠੇ ਸਨ। ਸਾਰਿਆਂ ਤੋਂ ਪਿੱਛੇ ਆਫੀਆ ਪਰਦੇ ਉਹਲੇ ਬੈਠੀ ਸੀ। ਉਹ ਬਹਿ ਕੇ ਅਫਗਾਨ ਪੁਲਿਸ ਵਾਲਿਆਂ ਨਾਲ ਗੱਲਬਾਤ ਕਰਨ ਹੀ ਲੱਗੇ ਸਨ ਕਿ ਆਫੀਆ ਨੇ ਪਰਦੇ ਪਿੱਛਿਉਂ ਆਉਂਦਿਆਂ ਇੱਕ ਅਮਰੀਕੀ ਅਫਸਰ ਦੀ ਐਮæ 4 ਗੰਨ ਚੁੱਕ ਲਈ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾਉਣ ਲੱਗੀ। ਆਪਣੇ ਬਚਾਅ ਲਈ ਅਮਰੀਕਨ ਅਫਸਰ ਨੇ ਗੋਲੀ ਚਲਾਈ ਜੋ ਆਫੀਆ ਦੇ ਪੇਟ ‘ਚ ਲੱਗੀ। ਫਿਰ ਉਹ ਉਸ ਨੂੰ ਜ਼ਖ਼ਮੀ ਹੋਈ ਨੂੰ ਸਟਰੈਚਰ ‘ਤੇ ਪਾ ਕੇ ਆਪਣੇ ਬੇਸ ਲੈ ਗਏ। ਇਸ ਘਟਨਾ ਬਾਰੇ ਆਫੀਆ ਨੇ ਅੱਗੇ ਚੱਲ ਕੇ ਕੋਰਟ ਨੂੰ ਕੁਝ ਹੋਰ ਦੱਸਿਆ। ਖੈਰ! ਆਫੀਆ ਦੇ ਗੋਲੀ ਲੱਗਣ ਦੀ ਗੱਲ ਸੁਣ ਕੇ ਪਾਕਿਸਤਾਨ ਦੇ ਲੋਕ ਭੜਕ ਉਠੇ। ਹਿਊਮਨ ਰਾਈਟਸ ਵਾਲੇ ਅਤੇ ਹੋਰ ਕਈ ਗਰੁੱਪ ਅੱਗੇ ਆ ਗਏ ਸਨ। ਪਾਕਿਸਤਾਨ ਵਿਚ ਮਾਹੌਲ ਬਹੁਤ ਗਰਮਾ ਗਿਆ। ਆਫੀਆ ਸਦੀਕੀ ਦਾ ਨਾਂ ਬੱਚੇ ਬੱਚੇ ਦੀ ਜ਼ੁਬਾਨ ‘ਤੇ ਚੜ੍ਹ ਗਿਆ। ਜਲਸੇ ਜਲੂਸਾਂ ਦਾ ਹਰ ਪਾਸੇ ਹੜ੍ਹ ਆ ਗਿਆ। ਮੁਜ਼ਾਹਰੇ ਹੁੰਦੇ ਤਾਂ ਲੋਕਾਂ ਦੇ ਹੱਥਾਂ ‘ਚ ਸਲੋਗਨ ਚੁੱਕੇ ਹੁੰਦੇ। ਕਿਸੇ ‘ਤੇ ਲਿਖਿਆ ਹੁੰਦਾ-‘ਡਾਕਟਰ ਸਦੀਕੀ ਨੂੰ ਰਿਹਾ ਕਰੋ।’ ਕਿਸੇ ‘ਤੇ ਲਿਖਿਆ ਹੁੰਦਾ-‘ਇਸਲਾਮ ਦੀ ਧੀ ਆਫੀਆ ਸਦੀਕੀ’। ਦਿਨਾਂ ‘ਚ ਹੀ ਆਫੀਆ ਦਾ ਨਾਂ, ਕੌਮ ਦਾ ਮਾਣ ਬਣ ਗਿਆ। ਇੱਧਰ ਜਲਸੇ ਜਲੂਸ ਜ਼ੋਰਾਂ ‘ਤੇ ਸਨ, ਤੇ ਉਧਰ ਅਮਰੀਕਾ ਵਾਲੇ ਆਫੀਆ ਨੂੰ ਨਿਊ ਯਾਰਕ ਲਿਜਾ ਚੁੱਕੇ ਸਨ। ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਦੁਆਰਾ ਪ੍ਰੈਸ ਕਾਨਫਰੰਸ ਬੁਲਾ ਕੇ ਇਹ ਦੱਸ ਦਿੱਤਾ ਗਿਆ ਕਿ ਐਫ਼ਬੀæਆਈæ ਵੱਲੋਂ ਸਭ ਤੋਂ ਵੱਧ ਖਤਰਨਾਕ ਅਤਿਵਾਦੀ ਕਰਾਰ ਦਿੱਤੀ ਆਫੀਆ ਸਦੀਕੀ ਫੜੀ ਜਾ ਚੁੱਕੀ ਹੈ।
ਆਫੀਆ ਨੂੰ ਨਿਊ ਯਾਰਕ ਦੇ ਉਸੇ ਮੈਟਰੋਪਾਲੇਟਿਨ ਡਿਟੈਨਸ਼ਨ ਸੈਂਟਰ ਵਿਚ ਬੰਦ ਕੀਤਾ ਗਿਆ ਜਿਥੇ ਕਦੇ 1993 ਦੇ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਦੀ ਪਾਰਕਿੰਗ ਵਿਚ ਧਮਾਕਾ ਕਰਨ ਵਾਲੇ ਰਮਜ਼ੀ ਯੂਸਫ ਜਾਂ ਉਜ਼ੇਰ ਪਰਾਚਾ ਨੂੰ ਰੱਖਿਆ ਗਿਆ ਸੀ। ਉਸ ਦੇ ਹੋਰ ਬਹੁਤ ਸਾਰੇ ਸਾਥੀ ਜੋ ਇਸ ਵੇਲੇ ਜੇਲ੍ਹਾਂ ‘ਚ ਆਪਣੀ ਸਜ਼ਾ ਭੁਗਤ ਰਹੇ ਸਨ, ਇਸੇ ਸੈਂਟਰ ਵਿਚੋਂ ਲੰਘ ਕੇ ਗਏ ਸਨ। ਪੰਜ ਅਗਸਤ 2008 ਨੂੰ, ਸਵੇਰੇ ਦਸ ਵਜੇ ਆਫੀਆ ਨੂੰ ਪਹਿਲੀ ਵਾਰ ਕੋਰਟ ‘ਚ ਪੇਸ਼ ਕੀਤਾ ਗਿਆ। ਕੋਰਟ ਕੰਪਲੈਕਸ ਖਚਾ ਖਚ ਭਰਿਆ ਹੋਇਆ ਸੀ। ਪ੍ਰੈਸ ਸਮੇਤ ਬਹੁਤੇ ਲੋਕ ਇਹ ਵੇਖਣ ਲਈ ਉਤਾਵਲੇ ਸਨ ਕਿ ਅਤਿਵਾਦ ਦੀ ਦੁਨੀਆਂ ਦੀ ਸਭ ਤੋਂ ਖਤਰਨਾਕ ਔਰਤ ਵੇਖਣ ਨੂੰ ਲੱਗਦੀ ਕਿਹੋ ਜਿਹੀ ਹੈ? ਥੋੜ੍ਹੀ ਦੇਰ ਪਿੱਛੋਂ ਪੁਲਿਸ ਨੇ ਪੈਂਤੀ ਕੁ ਵਰ੍ਹਿਆਂ ਦੀ ਛੋਟੀ ਜਿਹੀ ਤੇ ਭੋਲੀ ਭਾਲੀ ਦਿਸਦੀ ਔਰਤ ਨੂੰ ਲਿਆ ਕੇ ਕੋਰਟ ‘ਚ ਖੜ੍ਹਾ ਕੀਤਾ ਤਾਂ ਸਭ ਹੈਰਾਨ ਰਹਿ ਗਏ। ਉਸ ਨੇ ਹਲਕੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਸਿਰ ‘ਤੇ ਨਾਭੀ ਰੰਗ ਦਾ ਸਕਾਰਫ ਲਪੇਟਿਆ ਹੋਇਆ ਸੀ। ਵੇਖਣ ਨੂੰ ਉਹ ਬਹੁਤ ਕਮਜ਼ੋਰ ਲੱਗਦੀ ਸੀ। ਸ਼ਾਇਦ ਉਹ ਅਜੇ ਤੱਕ ਗੋਲੀ ਲੱਗੇ ਜ਼ਖ਼ਮ ਕਾਰਨ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਸੀ।
ਜੱਜ ਨੇ ਉਸ ਨੂੰ ਪੁੱਛਿਆ ਕਿ ਤੂੰ ਆਪਣਾ ਦੋਸ਼ ਕਬੂਲ ਕਰਦੀ ਹੈਂ, ਤਾਂ ਉਸ ਨੇ ਨਾਂਹ ਵਿਚ ਸਿਰ ਮਾਰਿਆ। ਪ੍ਰੈਸ ਦੇ ਲੋਕਾਂ ਨਾਲ ਖਚਾ ਖਚ ਭਰੀ ਕੋਰਟ ਵਿਚ ਚੁੱਪ ਛਾਈ ਹੋਈ ਸੀ। ਸਭ ਨੂੰ ਲੱਗ ਰਿਹਾ ਸੀ ਕਿ ਇਹ ਕੇਸ ਅਤਿਵਾਦ ਖਿਲਾਫ ਚੱਲ ਰਹੀ ਗੁਪਤ ਲੜਾਈ ਦਾ ਸਭ ਤੋਂ ਔਖਾ ਕੇਸ ਹੋਵੇਗਾ। ਆਮ ਲੋਕਾਂ ਦੇ ਤਾਂ ਇਹ ਗੱਲ ਵੀ ਮੰਨਣ ‘ਚ ਨਹੀਂ ਆ ਰਹੀ ਸੀ ਕਿ ਆਫੀਆ ਨੂੰ ਵਾਕਿਆ ਹੀ ਗਜ਼ਨੀ ਸ਼ਹਿਰ ਵਿਚ ਫੜਿਆ ਗਿਆ ਹੋਵੇਗਾ। ਉਹ ਸੋਚ ਰਹੇ ਸਨ ਕਿ ਪਿਛਲੇ ਪੰਜ ਸਾਲਾਂ ਤੋਂ ਗੁਪਤ ਜੇਲ੍ਹ ‘ਚ ਰੱਖੀ ਆਫੀਆ ਨੂੰ ਸਿਰਫ ਡਰਾਮਾ ਰਚਣ ਲਈ ਗਜ਼ਨੀ ਦੇ ਬਾਜ਼ਾਰ ਵਿਚ ਲਿਆ ਕੇ ਛੱਡ ਦਿੱਤਾ ਗਿਆ ਹੋਵੇਗਾ ਤੇ ਨਾਲ ਹੀ ਫੜ ਲਿਆ ਗਿਆ ਹੋਵੇਗਾ। ਕਈਆਂ ਨੂੰ ਤਾਂ ਇਹ ਵੀ ਲੱਗਿਆ ਕਿ ਇਹ ਕੁੜੀ ਅਤਿਵਾਦੀ ਹੋ ਹੀ ਨਹੀਂ ਸਕਦੀ। ਖੈਰ! ਅਮਰੀਕਾ ਦੀ ਸਿਵਲ ਰਾਈਟਸ ਯੂਨੀਅਨ ਨੂੰ ਲੱਗਿਆ ਕਿ ਅਜਿਹਾ ਕੇਸ ਆ ਚੁੱਕਾ ਹੈ ਜਿਸ ਨੂੰ ਉਹ ਚਿਰਾਂ ਤੋਂ ਉਡੀਕ ਰਹੇ ਸਨ; ਕਿਉਂਕਿ ਉਹ ਕਈ ਸਾਲਾਂ ‘ਤੋਂ ਸਰਕਾਰ ‘ਤੇ ਦੋਸ਼ ਲਾ ਰਹੇ ਸਨ ਕਿ ਉਹ ਅਤਿਵਾਦ ਖਿਲਾਫ ਲੜਾਈ ਦਾ ਬਹਾਨਾ ਵਰਤ ਕੇ ਬਹੁਤ ਸਾਰੇ ਲੋਕਾਂ ਨੂੰ ਲੰਬੇ ਚਿਰ ਤੋਂ ਗੁਪਤ ਜੇਲ੍ਹਾਂ ਵਿਚ ਬੰਦ ਕਰੀ ਬੈਠੀ ਹੈ ਤੇ ਉਨ੍ਹਾਂ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਹੁਣ ਉਨ੍ਹਾਂ ਦੀ ਸੋਚਣੀ ਸੀ ਕਿ ਇਸ ਕੇਸ ਰਾਹੀਂ ਉਹ ਇਸ ਸੱਚਾਈ ਨੂੰ ਸਾਹਮਣੇ ਲੈ ਆਉਣਗੇ।
ਆਫੀਆ ਨੂੰ ਸਿਵਲ ਰਾਈਟਸ ਯੂਨੀਅਨ ਵੱਲੋਂ ਫਿੰਕ ਨਾਂ ਦੀ ਉਚ ਕੋਟੀ ਦੀ ਵਕੀਲ ਦਿੱਤੀ ਗਈ। ਉਸ ਦਿਨ ਥੋੜ੍ਹੀ ਬਹੁਤ ਕਾਰਵਾਈ ਕਰਦਿਆਂ ਜੱਜ ਨੇ ਕੋਰਟ ਬਰਖਾਸਤ ਕਰ ਦਿੱਤੀ। ਮਾਰਸ਼ਲ ਆਫੀਆ ਨੂੰ ਵਾਪਸ ਜੇਲ੍ਹ ਵੱਲ ਲੈ ਗਏ। ਅਗਲੇ ਦਿਨ ਆਫੀਆ ਦੇ ਪਰਿਵਾਰ ਦੀ ਵਕੀਲ ਸ਼ਾਰਪ ਵੀ ਉਥੇ ਪਹੁੰਚ ਗਈ। ਫਿੰਕ ਅਤੇ ਸ਼ਾਰਪ ਨੇ ਤਕਰੀਬਨ ਤਿੰਨ ਘੰਟੇ ਜੇਲ੍ਹ ‘ਚ ਆਫੀਆ ਨਾਲ ਲੰਬੀ ਗੱਲਬਾਤ ਕੀਤੀ। ਬਾਹਰ ਆ ਕੇ ਸ਼ਾਰਪ ਨੇ ਐਲਾਨ ਕੀਤਾ ਕਿ ਆਫੀਆ ਮੁਤਾਬਕ ਉਸ ਨੂੰ ਪਿਛਲੇ ਕਿੰਨੇ ਹੀ ਸਾਲਾਂ ਤੋਂ ਅਫਗਾਨਿਸਤਾਨ ਦੇ ਬਗਰਾਮ ਏਅਰਫੋਰਸ ਬੇਸ ਦੇ ਕਿਸੇ ਗੁਪਤ ਸੈਲ ‘ਚ ਕੈਦ ਰੱਖਿਆ ਗਿਆ ਸੀ। ਇਸ ਦੇ ਉਲਟ ਅਮਰੀਕਨ ਸਰਕਾਰ ਇਹ ਨਹੀਂ ਸੀ ਮੰਨਦੀ ਕਿ ਉਹ ਪਹਿਲਾਂ ਤੋਂ ਐਫ਼ਬੀæਆਈæ ਜਾਂ ਸੀæਆਈæਏæ ਦੀ ਹਿਰਾਸਤ ਵਿਚ ਸੀ, ਪਰ ਉਹ ਇਹ ਕਹਿ ਰਹੀ ਸੀ ਕਿ ਇਹ ਬਹੁਤ ਹੀ ਖਤਰਨਾਕ ਅਤਿਵਾਦੀ ਹੈ। ਸਰਕਾਰ ਮੁਤਾਬਕ ਸਭ ਤੋਂ ਵੱਡਾ ਸਬੂਤ ਉਸ ਕੋਲੋਂ ਫੜੇ ਗਏ ਉਹ ਕਾਗਜ਼ ਪੱਤਰ ਸਨ ਜੋ ਉਸ ਦੀ ਗ੍ਰਿਫਤਾਰੀ ਵੇਲੇ ਥਾਣੇਦਾਰ ਗਨੀ ਖਾਂ ਨੇ ਬਰਾਮਦ ਕੀਤੇ ਸਨ। ਆਫੀਆ ਦੀ ਵਕੀਲ ਦਾ ਕਹਿਣਾ ਸੀ ਕਿ ਇਹ ਸਾਰੇ ਪੇਪਰ ਝੂਠੇ ਹਨ ਅਤੇ ਗੌਰਮਿੰਟ ਵੱਲੋਂ ਪਲਾਂਟ ਕੀਤੇ ਗਏ ਹਨ। ਉਂਜ, ਇਨ੍ਹਾਂ ‘ਚ ਕਾਫੀ ਪੇਪਰ ਆਫੀਆ ਦੀ ਆਪਣੀ ਹੱਥ ਲਿਖਤ ਸੀ ਜੋ ਉਸ ਨੂੰ ਸ਼ੱਕ ਦੇ ਘੇਰੇ ‘ਚ ਲਿਆ ਰਹੀ ਸੀ।
ਪਿੱਛੇ ਪਾਕਿਸਤਾਨ ‘ਚ ਇਹੀ ਗੱਲ ਉਸ ਦੇ ਮਾਮੇ ਫਾਰੂਕੀ ਨੇ ਸੁਣੀ ਤਾਂ ਉਸ ਨੂੰ ਕੋਈ ਸ਼ੱਕ ਨਾ ਰਿਹਾ। ਉਸ ਨੂੰ ਯਾਦ ਆਇਆ ਕਿ ਛੇ ਮਹੀਨੇ ਪਹਿਲਾਂ ਜਦੋਂ ਆਫੀਆ ਉਸ ਦੇ ਘਰ ਆਈ ਸੀ ਤਾਂ ਇਹੀ ਕਾਲਾ ਬੈਗ ਉਸ ਦੇ ਕੋਲ ਸੀ ਜਿਸ ਨੂੰ ਉਹ ਹੱਥ ਨਹੀਂ ਲਾਉਣ ਦੇ ਰਹੀ ਸੀ ਅਤੇ ਬੜਾ ਸੰਭਾਲ ਸੰਭਾਲ ਕੇ ਰੱਖ ਰਹੀ ਸੀ। ਅਮਜਦ ਅਤੇ ਉਸ ਦੇ ਘਰਦਿਆਂ ਨੇ ਉਸ ਦੀ ਗ੍ਰਿਫਤਾਰੀ ਦੀ ਗੱਲ ਸੁਣੀ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਜਾਣਨ ਦੀ ਕਾਹਲੀ ਹੋਈ ਕਿ ਉਸ ਕੋਲ ਬੱਚੇ ਸਨ ਕਿ ਨਹੀਂ? ਖੈਰ! ਬੱਚੇ ਉਸ ਕੋਲ ਨਹੀਂ ਸਨ, ਪਰ ਜਦੋਂ ਅਮਜਦ ਨੇ ਉਹ ਵੀਡੀਉ ਵੇਖੀ ਜੋ ਆਫੀਆ ਦੀ ਗ੍ਰਿਫਤਾਰੀ ਤੋਂ ਅਗਲੇ ਦਿਨ ਪੁਲਿਸ ਵੱਲੋਂ ਬਣਾਈ ਗਈ ਸੀ ਤਾਂ ਉਸ ਨੇ ਆਫੀਆ ਨਾਲ ਫੜੇ ਗਏ ਮੁੰਡੇ ਨੂੰ ਪਛਾਣ ਲਿਆ। ਇਹ ਉਸ ਦਾ ਆਪਣਾ ਪੁੱਤਰ ਅਹਿਮਦ ਸੀ। ਆਫੀਆ ਆਪਣੇ ਪੁੱਤ ਦੀ ਸ਼ਨਾਖਤ ਲੁਕਾ ਕੇ ਰੱਖਣੀ ਚਾਹੁੰਦੀ ਸੀ। ਉਸ ਨੇ ਆਪਣੀ ਤਫਤੀਸ਼ ਕਰਨ ਵਾਲਿਆਂ ਨੂੰ ਇਹੀ ਕਿਹਾ ਕਿ ਉਹ ਮੁੰਡਾ ਕੋਈ ਯਤੀਮ ਸੀ, ਇਸੇ ਲਈ ਉਸ ਨੇ ਉਸ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਕਿਉਂਕਿ ਉਸ ਦਾ ਆਪਣਾ ਕੋਈ ਨਹੀਂ ਸੀ। ਦੂਜਾ ਨਾਲ ਰੱਖਣ ਦਾ ਇੱਕ ਕਾਰਨ ਉਸ ਨੇ ਇਹ ਵੀ ਦੱਸਿਆ ਕਿ ਔਰਤ ਹੋਣ ਕਾਰਨ ਉਹ ਇਕੱਲੀ ਸਫਰ ਨਹੀਂ ਕਰ ਸਕਦੀ, ਇਸੇ ਲਈ ਉਹ ਮੁੰਡੇ ਨੂੰ ਨਾਲ ਰੱਖਦੀ ਸੀ, ਪਰ ਜਦੋਂ ਐਫ਼ਬੀæਆਈæ ਨੇ ਉਸ ਮੁੰਡੇ ਦਾ ਡੀæਐਨæਏæ ਕਰਵਾਇਆ ਤਾਂ ਇਹ ਗੱਲ ਸਾਫ ਹੋ ਗਈ ਕਿ ਉਹ ਆਫੀਆ ਦਾ ਆਪਣਾ ਪੁੱਤਰ ਹੈ।
ਇਸ ਗੱਲ ਦਾ ਖੁਲਾਸਾ ਹੋਣ ਪਿੱਛੋਂ ਆਫੀਆ ਬਹੁਤ ਉਦਾਸ ਹੋ ਗਈ ਅਤੇ ਉਸ ਨੇ ਬੋਲਣਾ ਬੰਦ ਕਰ ਦਿੱਤਾ। ਉਸ ਨੂੰ ਆਪਣੇ ਮੁੰਡੇ ਦੀ ਜ਼ਿੰਦਗੀ ਬਾਰੇ ਫਿਕਰ ਹੋਇਆ। ਉਹ ਸੋਚਣ ਲੱਗੀ ਕਿ ਐਫ਼ਬੀæਆਈæ ਉਸ ਦੇ ਮੁੰਡੇ ਨੂੰ ਮਾਰ ਸਕਦੀ ਹੈ ਜਾਂ ਲੰਬੇ ਸਮੇਂ ਤੱਕ ਆਪਣੀ ਹਿਰਾਸਤ ‘ਚ ਰੱਖ ਸਕਦੀ ਹੈ, ਸਿਰਫ ਉਸ ਦੇ ਖਿਲਾਫ ਵਰਤਣ ਲਈ। ਕਿਉਂਕਿ ਅਮਰੀਕੀ ਕਾਨੂੰਨ ਮੁਤਾਬਕ ਬਾਰਾਂ ਸਾਲਾਂ ਦਾ ਬੱਚਾ ਆਪਣੇ ਮਾਂ ਪਿਉ ਦੇ ਹੱਕ ‘ਚ ਜਾਂ ਉਲਟ ਗਵਾਹੀ ਦੇਣ ਦੇ ਕਾਬਲ ਸਮਝਿਆ ਜਾਂਦਾ ਹੈ। ਆਫੀਆ ਬਿਲਕੁਲ ਹੀ ਚੁੱਪ ਹੋ ਗਈ। ਉਸ ਨੇ ਆਪਣੇ ਵਕੀਲਾਂ ਨਾਲ ਵੀ ਬੋਲਣਾ ਛੱਡ ਦਿੱਤਾ। ਈਮੇਲ ਵਗੈਰਾ ਭੇਜਣੀਆਂ ਬੰਦ ਕਰ ਦਿੱਤੀਆਂ। ਪੁੱਤ ਦੇ ਦੁੱਖ ‘ਚ ਉਹ ਸਾਰਾ ਦਿਨ ਇਕੱਲੀ ਬੈਠੀ ਰੋਂਦੀ ਰਹਿੰਦੀ। ਸਹੀ ਢੰਗ ਨਾਲ ਖਾਣਾ ਵੀ ਛੱਡ ਗਈ।
ਉਧਰ ਪਾਕਿਸਤਾਨ ਵਿਚ ਜਨਤਾ ਬੜੀ ਹਮਦਰਦੀ ਨਾਲ ਆਫੀਆ ਦੀ ਕਹਾਣੀ ਸੁਣ ਰਹੀ ਸੀ। ਸਾਰਿਆਂ ਨੂੰ ਉਸ ਨਾਲ ਹੱਦੋਂ ਵੱਧ ਹਮਦਰਦੀ ਸੀ। ਪਾਕਿਸਤਾਨ ਦੇ ਟੀæਵੀæ ਚੈਨਲ, ਜੀਓ ਟੀæਵੀæ ਨੇ ਖਾਸ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਸੀ ਜਿਸ ਦਾ ਨਾਂ ਸੀ ‘ਏ ਹਿਊਮਨ ਰਾਈਟਸ ਟਰੈਜ਼ਿਡੀ, ਆਫੀਆ ਸਦੀਕੀ’। ਪਾਕਿਸਤਾਨੀ ਹਕੂਮਤ ‘ਚ ਉਸ ਵੇਲੇ ਹਾਲਾਤ ਠੀਕ ਨਹੀਂ ਸਨ। ਮੁਸ਼ਰਫ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਨਵੀਂ ਚੋਣ ਹੋ ਰਹੀ ਸੀ। ਲੋਕਾਂ ਦੀ ਨਬਜ਼ ਪਛਾਣਦਿਆਂ ਨੈਸ਼ਨਲ ਅਸੈਂਬਲੀ ਨੇ ਆਫੀਆ ਸਦੀਕੀ ਦੇ ਹੱਕ ਵਿਚ ਮਤਾ ਪਾਸ ਕਰਦਿਆਂ ਆਫੀਆ ਦੀ ਮਦਦ ਲਈ ਡੈਲੀਗੇਸ਼ਨ ਅਮਰੀਕਾ ਭੇਜਣ ਦਾ ਫੈਸਲਾ ਕਰ ਦਿੱਤਾ। ਉਧਰ ਅਮਰੀਕਾ ਨੇ ਇਸ ਵੇਲੇ ਡਰੋਨ ਹਮਲੇ ਵਧਾ ਦਿੱਤੇ ਸਨ। ਇਨ੍ਹਾਂ ਵਿਚ ਚੋਟੀ ਦੇ ਅਲ-ਕਾਇਦਾ ਮੈਂਬਰ ਮਾਰੇ ਜਾ ਰਹੇ ਸਨ। ਸਮਝਣ ਵਾਲੇ ਸਮਝਦੇ ਸਨ ਕਿ ਇਹ ਇਸ ਕਰ ਕੇ ਹੋ ਰਿਹਾ ਹੈ, ਕਿਉਂਕਿ ਆਫੀਆ ਕੋਲੋਂ ਫੜੀ ਗਈ ਥੰਬ ਡਰਾਈਵ ਵਿਚੋਂ ਬਹੁਤ ਸਾਰੇ ਅਲ-ਕਾਇਦਾ ਮੈਂਬਰਾਂ ਦੇ ਠਿਕਾਣਿਆਂ ਦਾ ਪਤਾ ਲੱਗਿਆ ਹੋਵੇਗਾ। ਹੋਰ ਕੁਝ ਤਾਂ ਪਾਕਿਸਤਾਨੀ ਸਰਕਾਰ ਨਾ ਕਰ ਸਕੀ, ਪਰ ਆਫੀਆ ਦਾ ਮੁੰਡਾ ਉਸ ਦੀ ਭੈਣ ਦੇ ਹਵਾਲੇ ਕਰਵਾਉਣ ਦਾ ਕੰਮ ਜ਼ਰੂਰ ਕਰਵਾ ਦਿੱਤਾ।
ਉਧਰ ਆਫੀਆ ਦਾ ਵਰਤਾਅ ਅਜੇ ਵੀ ਖਾਮੋਸ਼ ਅਤੇ ਜ਼ਿੱਦੀ ਸੀ। ਉਸ ਨੇ ਆਪਣੀ ਅਰੇਨਮੈਂਟ ‘ਤੇ ਕੋਰਟ ‘ਚ ਜਾਣ ਤੋਂ ਜੁਆਬ ਦੇ ਦਿੱਤਾ। ਉਸ ਨੇ ਕਿਸੇ ਨਾਲ ਵੀ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸ ਨੇ ਵਕੀਲਾਂ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ ਤਾਂ ਫਿੰਕ ਵਰਗੀ ਮਸ਼ਹੂਰ ਵਕੀਲ ਨੇ ਵੀ ਬੇਵਸ ਜਿਹਾ ਮਹਿਸੂਸ ਕੀਤਾ। ਇਸ ਤਰ੍ਹਾਂ ਆਫੀਆ ਨੇ ਆਪਣੀਆਂ ਕਈ ਕੋਰਟ ਸੁਣਵਾਈਆਂ ਵੀ ਲੰਘਾ ਦਿੱਤੀਆਂ। ਇਹ ਵੇਖਦਿਆਂ ਉਸ ਦੀ ਵਕੀਲ ਨੇ ਕੋਰਟ ਨੂੰ ਬੇਨਤੀ ਕੀਤੀ ਕਿ ਆਫੀਆ ਦਿਮਾਗੀ ਤੌਰ ‘ਤੇ ਸਹੀ ਨਹੀਂ ਜਾਪਦੀ। ਇਸ ਕਰ ਕੇ ਉਸ ਦਾ ਮੁਆਇਨਾ ਕਰਵਾ ਕੇ ਇਲਾਜ ਕਰਵਾਇਆ ਜਾਵੇ। ਜੱਜ ਨੇ ਇਸ ਬੇਨਤੀ ਨੂੰ ਮੰਨਦਿਆਂ ਆਫੀਆ ਨੂੰ ਫੈਡਰਲ ਮੈਡੀਕਲ ਸੈਂਟਰ ਕਾਰਸਵੈਲ (ਟੈਕਸਸ) ਭੇਜਣ ਦਾ ਹੁਕਮ ਕਰ ਦਿੱਤਾ। ਉਥੇ ਪਹੁੰਚ ਕੇ ਆਫੀਆ ਨੇ ਮਾਨਸਿਕ ਤੌਰ ‘ਤੇ ਕਾਫੀ ਰਾਹਤ ਮਹਿਸੂਸ ਕੀਤੀ। ਦਸੰਬਰ ਮਹੀਨੇ ਜਦੋਂ ਪਾਕਿਸਤਾਨੀ ਸਰਕਾਰ ਦਾ ਖਾਸ ਵਫਦ ਉਸ ਨੂੰ ਮਿਲਣ ਆਇਆ ਤਾਂ ਆਫੀਆ ਉਸ ਵੇਲੇ ਇਸੇ ਮੈਡੀਕਲ ਸੈਂਟਰ ਵਿਚ ਸੀ। ਉਸ ਨੇ ਬੜੇ ਚੰਗੇ ਢੰਗ ਨਾਲ ਇਸ ਵਫਦ ਨਾਲ ਮੁਲਾਕਾਤ ਕੀਤੀ। ਵਫਦ ਨੇ ਪਾਕਿਸਤਾਨ ਸਰਕਾਰ ਵੱਲੋਂ ਉਸ ਨੂੰ ਕਨੂੰਨੀ ਮਦਦ ਦਾ ਭਰੋਸਾ ਦਿਵਾਇਆ। ਇਸ ਦੇ ਛੇਤੀ ਪਿੱਛੋਂ ਪਾਕਿਸਤਾਨੀ ਸਰਕਾਰ ਨੇ ਆਫੀਆ ਦੇ ਕਾਨੂੰਨੀ ਖਰਚਿਆਂ ਲਈ ਤਕਰੀਬਨ ਦੋ ਮਿਲੀਅਨ ਡਾਲਰ ਦੀ ਮਦਦ ਦਾ ਪ੍ਰਬੰਧ ਕਰ ਦਿੱਤਾ। ਉਦੋਂ ਹੀ ਅਮਰੀਕਾ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਆਫੀਆ ‘ਤੇ ਅਤਿਵਾਦ ਦਾ ਮੁਕੱਦਮਾ ਨਹੀਂ ਚਲਾਏਗੀ, ਸਗੋਂ ਉਸ ‘ਤੇ ਉਸ ਜੁਰਮ ਬਦਲੇ ਮੁਕੱਦਮਾ ਚਲਾਇਆ ਜਾਵੇਗਾ ਜੋ ਉਸ ਨੇ ਅਮਰੀਕੀ ਫੌਜੀਆਂ ‘ਤੇ ਗੋਲੀ ਚਲਾਉਣ ਦਾ ਕੀਤਾ। ਇਸੇ ਵੇਲੇ ਆਫੀਆ ਦੇ ਡਾਕਟਰਾਂ ਨੇ ਆਪਣੀ ਰਿਪੋਰਟ ‘ਚ ਲਿਖ ਦਿੱਤਾ ਕਿ ਉਹ ਮਾਨਸਿਕ ਤੌਰ ‘ਤੇ ਬਿਮਾਰ ਹੈ। ਉਸ ਦੀ ਵਕੀਲ ਫਿੰਕ ਨੇ ਇਸ ਦਾ ਫਾਇਦਾ ਉਠਾਉਂਦਿਆਂ ਗੌਰਮਿੰਟ ‘ਤੇ ਇਲਜ਼ਾਮ ਲਾਇਆ ਕਿ ਐਫ਼ਬੀæਆਈæ ਦੇ ਤਸੀਹਿਆਂ ਕਾਰਨ ਹੀ ਆਫੀਆ ਦੀ ਇਹ ਹਾਲਤ ਹੋਈ ਹੈ, ਪਰ ਆਫੀਆ ਨੇ ਉਸ ਨਾਲ ਬੋਲਣਾ ਬੰਦ ਕਰ ਦਿੱਤਾ। ਸਿਰਫ ਉਸੇ ਨਾਲ ਹੀ ਨਹੀਂ, ਸਗੋਂ ਆਫੀਆ ਹਰ ਉਸ ਸ਼ਖਸ ਤੋਂ ਦੂਰ ਰਹਿਣ ਲੱਗੀ ਜਿਸ ਬਾਰੇ ਉਸ ਨੂੰ ਲੱਗਦਾ ਸੀ ਕਿ ਇਹ ਯਹੂਦੀ ਹੈ, ਜਾਂ ਯਹੂਦੀਆਂ ਦੇ ਸੰਪਰਕ ‘ਚ ਹੈ। ਉਸ ਦੀਆਂ ਅਜਿਹੀਆਂ ਹਰਕਤਾਂ, ਉਸ ਦੇ ਵਕੀਲਾਂ ਅਤੇ ਉਸ ਦੇ ਆਪਣਿਆਂ ਨੂੰ ਵੀ ਪਰੇਸ਼ਾਨ ਕਰ ਰਹੀਆਂ ਸਨ। ਉਂਜ ਇਸ ਵੇਲੇ ਆਫੀਆ ਬੜੇ ਚੰਗੇ ਰੌਂਅ ਵਿਚ ਸੀ। ਇੱਕ ਤਾਂ ਪਾਕਿਸਤਾਨੀ ਸਰਕਾਰ ਉਸ ਦੀ ਮਦਦ ਕਰ ਰਹੀ ਸੀ, ਪਰ ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਡਾਕਟਰ ਨੇ ਲਿਖ ਦਿੱਤਾ ਸੀ ਕਿ ਆਫੀਆ ਸਦੀਕੀ ਮਾਨਸਿਕ ਬਿਮਾਰੀ ਕਾਰਨ ਮੁਕੱਦਮੇ ਦਾ ਸਾਹਮਣਾ ਨਹੀਂ ਕਰ ਸਕਦੀ। ਉਸ ਨੂੰ ਜਾਪਦਾ ਸੀ ਕਿ ਸ਼ਾਇਦ ਮਾਨਸਿਕ ਬਿਮਾਰੀ ਦੀ ਵਜ੍ਹਾ ਕਰ ਕੇ ਉਸ ਨੂੰ ਰਿਹਾਅ ਕਰ ਦਿੱਤਾ ਜਾਵੇ, ਪਰ ਆਫੀਆ ਦੀ ਇਹ ਖੁਸ਼ੀ ਉਦੋਂ ਉਡ ਪੁੱਡ ਗਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਡਾਕਟਰਾਂ ਦੀ ਇੱਕ ਹੋਰ ਟੀਮ ਉਸ ਦਾ ਮੁਆਇਨਾ ਕਰਨ ਆ ਪਹੁੰਚੀ ਹੈ।
ਇਸੇ ਦੌਰਾਨ ਉਸ ਨੇ ਅਮਰੀਕਾ ਸਰਕਾਰ ਦੇ ਨਾਂ ਲੰਬਾ ਪੱਤਰ ਲਿਖਿਆ। ਇਸ ਵਿਚ ਉਸ ਨੇ ਆਪਣੇ ਢੰਗ ਨਾਲ ਇਹ ਨੁਕਤਾ ਰੱਖਣ ਦੀ ਕੋਸ਼ਿਸ਼ ਕੀਤੀ ਕਿ ਉਸ ਕੋਲ ਬਹੁਤ ਸਾਰੇ ਗੁਪਤ ਭੇਤ ਹਨ ਜੋ ਅਮਰੀਕਾ ਸਰਕਾਰ ਦੇ ਕੰਮ ਆ ਸਕਦੇ ਹਨ। ਉਹ ਸੋਚ ਰਹੀ ਸੀ ਕਿ ਸ਼ਾਇਦ ਇਹ ਭੇਤ ਜਾਣਨ ਬਦਲੇ ਹੀ ਸਰਕਾਰ ਉਸ ਨੂੰ ਰਿਹਾਅ ਕਰਨਾ ਮੰਨ ਜਾਵੇ। ਜੇਲ੍ਹ ਵਾਰਡਨ ਨੂੰ ਇਹ ਚਿੱਠੀ ਦਿੰਦਿਆਂ ਉਸ ਨੇ ਆਗਾਹ ਕੀਤਾ ਕਿ ਇਸ ਚਿੱਠੀ ਨੂੰ ਪਰੈਜ਼ੀਡੈਂਟ ਓਬਾਮਾ ਤੱਕ ਪਹੁੰਚਾ ਦਿੱਤਾ ਜਾਵੇ, ਪਰ ਆਫੀਆ ਨੂੰ ਫਿਰ ਨਿਰਾਸ਼ਾ ਹੱਥ ਲੱਗੀ। ਉਸ ਦੀ ਇਸ ਚਿੱਠੀ ਵੱਲ ਕਿਸੇ ਨੇ ਵੀ ਧਿਆਨ ਨਾ ਦਿੱਤਾ, ਸਗੋਂ ਉਸ ਨੂੰ ਵੱਡਾ ਧੱਕਾ ਉਦੋਂ ਲੱਗਿਆ ਜਦੋਂ ਡਾਕਟਰਾਂ ਦੀ ਨਵੀਂ ਟੀਮ ਨੇ ਆਪਣੀ ਰਿਪੋਰਟ ‘ਚ ਲਿਖ ਦਿੱਤਾ ਕਿ ਉਹ ਬਿਲਕੁਲ ਠੀਕ ਹੈ ਅਤੇ ਆਪਣੇ ਕੇਸ ਦਾ ਸਾਹਮਣਾ ਸਹੀ ਢੰਗ ਨਾਲ ਕਰ ਸਕਦੀ ਹੈ।  ਇਸ ਨਵੀਂ ਮੈਡੀਕਲ ਰਿਪੋਰਟ ਮਿਲਣ ਪਿੱਛੋਂ ਸਰਕਾਰ ਉਸ ਨੂੰ ਵਾਪਸ ਨਿਊ ਯਾਰਕ ਲੈ ਆਈ ਤੇ ਕੇਸ ਫਿਰ ਤੋਂ ਸ਼ੁਰੂ ਕਰ ਦਿੱਤਾ। ਜੱਜ ਨੇ ਉਸ ਦਾ ਵਕੀਲ ਬਦਲਦਿਆਂ ਕੇਸ ਦੀ ਤਾਰੀਖ ਰੱਖ ਦਿੱਤੀ। ਉਸ ਦੀ ਨਵੀਂ ਵਕੀਲ ਡਾਨ ਕਾਰਡੀ ਸੀ ਅਤੇ ਕੇਸ ਦੀ ਤਾਰੀਖ 7 ਜੂਨ 2009 ਸੀ।
ਉਸ ਦਿਨ ਜੱਜ ਬਰਮਨ ਨੇ ਕਾਰਵਾਈ ਸ਼ੁਰੂ ਕਰਦਿਆਂ ਆਫੀਆ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਮਾਰਸ਼ਲਾਂ ਨੇ ਆਫੀਆ ਨੂੰ ਲਿਆ ਕੇ ਕੋਰਟ ‘ਚ ਖੜ੍ਹੀ ਕਰ ਦਿੱਤਾ। ਜ਼ਰੂਰੀ ਕਾਰਵਾਈ ਨਜਿੱਠਦਿਆਂ ਜੱਜ ਨੇ ਉਸ ਨੂੰ ਉਸ ਦੀ ਵਕੀਲ ਕੋਲ ਬੈਠਣ ਦੀ ਇਜਾਜ਼ਤ ਦੇ ਦਿੱਤੀ। ਵਕੀਲ ਆਪਣਾ ਕੰਮ ਕਰਨ ਲੱਗੀ, ਪਰ ਜਾਪਦਾ ਸੀ ਕਿ ਆਫੀਆ ਨੂੰ ਆਪਣੀ ਵਕੀਲ ਨਾਲ ਕੋਈ ਸਰੋਕਾਰ ਨਹੀਂ ਸੀ। ਉਹ ਚੱਲਦੀ ਕਾਰਵਾਈ ਵਿਚ ਉਠ ਖੜ੍ਹੀ ਹੋਈ ਅਤੇ ਉਚੀ ਬੋਲੀ, “ਮੈਂ ਕੁਝ ਕਹਿਣਾ ਚਾਹੁੰਦੀ ਹਾਂæææ।”
“ਆਫੀਆ ਤੈਨੂੰ ਬੋਲਣ ਦਾ ਵਕਤ ਮਿਲੂਗਾ ਪਰ ਅਜੇ ਤੂੰ ਬੈਠ।” ਜੱਜ ਨੇ ਹੁਕਮ ਸੁਣਾਇਆ, ਪਰ ਆਫੀਆ ਉਸ ਦੀ ਗੱਲ ਮੰਨਣ ਦੀ ਬਜਾਇ ਫਿਰ ਬੋਲੀ, “ਮੈਂ ਜੋ ਕੁਝ ਕੀਤਾ ਐ, ਉਹ ਦੁਨੀਆਂ ‘ਚ ਅਮਨ ਕਾਇਮ ਕਰਨ ਲਈ ਕੀਤਾæææ।”
ਉਸ ਦੇ ਬੋਲਣ ਨਾਲ ਕੋਰਟ ਦੇ ਕੰਮ ‘ਚ ਰੁਕਾਵਟ ਪੈ ਗਈ। ਜੱਜ ਨੇ ਔਖ ਜਿਹੀ ਮੰਨਦਿਆਂ ਆਫੀਆ ਵੱਲ ਵੇਖਿਆ, ਪਰ ਆਫੀਆ ਨੇ ਆਪਣੀ ਗੱਲ ਜਾਰੀ ਰੱਖੀ, “ਮੈਂ ਤਾਂ ਤਾਲਿਬਾਨ ਅਤੇ ਅਮਰੀਕਾ ਵਿਚਕਾਰ ਸਮਝੌਤਾ ਕਰਵਾਉਣਾ ਚਾਹੁੰਦੀ ਆਂ। ਤੁਸੀਂ ਮੇਰੀ ਗੱਲ ਕਿਉਂ ਨ੍ਹੀਂ ਸੁਣਦੇ।”
“ਆਫੀਆ, ਤੂੰ ਪਲੀਜ਼ ਬੈਠ ਜਾ।” ਜੱਜ ਨੇ ਸਖਤ ਲਹਿਜ਼ੇ ‘ਚ ਇਹ ਲਫਜ਼ ਕਹੇ ਤਾਂ ਆਫੀਆ ਬੈਠ ਗਈ। ਉਸ ਨੇ ਮੇਜ਼ ‘ਤੇ ਸਿਰ ਰੱਖ ਲਿਆ ਤੇ ਅੱਖਾਂ ਮੀਚ ਲਈਆਂ। ਉਸ ਦੀ ਇਹ ਹਾਲਤ ਵੇਖ ਕੇ ਉਸ ਦੀ ਵਕੀਲ ਜੱਜ ਤੋਂ ਇਜਾਜ਼ਤ ਲੈਂਦਿਆਂ ਬੋਲੀ, “ਤੁਸੀਂ ਆਫੀਆ ਦੀ ਹਾਲਤ ਵੇਖ ਕੇ ਖੁਦ ਅੰਦਾਜ਼ਾ ਲਾ ਸਕਦੇ ਓਂ ਕਿ ਇਸ ਉਪਰ ਕਿਤਨਾ ਟਾਰਚਰ ਹੋਇਆ ਹੈ। ਇਸ ਦੀ ਹਾਲਤ ਸਹੀ ਨ੍ਹੀਂ ਹੈ। ਐਫ਼ਬੀæਆਈæ ਦੇ ਟਾਰਚਰ ਨੇ ਇਸ ਨੂੰ ਇਸ ਹਾਲਤ ‘ਚ ਪਹੁੰਚਾ ਦਿੱਤਾ ਹੈ।”
“ਯੂਅਰ ਆਨਰ, ਮੈਂ ਕੁਝ ਕਹਿਣਾ ਚਾਹੁੰਦੀ ਆਂ।” ਸਰਕਾਰੀ ਵਕੀਲ ਉਠ ਖੜ੍ਹੋਤੀ। ਜੱਜ ਨੇ ਉਸ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਤਾਂ ਉਹ ਆਪਣੀ ਗੱਲ ਕਹਿਣ ਲੱਗੀ, “ਆਫੀਆ ਅਜੇ ਤੱਕ ਇਹ ਨ੍ਹੀਂ ਦੱਸ ਸਕੀ ਕਿ ਉਸ ਉਪਰ ਇਹ ਟਾਰਚਰ ਕਦੋਂ ਅਤੇ ਕਿੱਥੇ ਹੋਇਆ ਹੈ। ਇਸ ਨੇ ਹੁਣ ਤੱਕ ਜੋ ਵੀ ਬਿਆਨ ਦਿੱਤੇ ਨੇ, ਉਹ ਆਪਸ ‘ਚ ਮੇਲ ਨ੍ਹੀਂ ਖਾਂਦੇ। ਇਹ ਵਾਰ ਵਾਰ ਆਪਣੇ ਬਿਆਨ ਬਦਲ ਰਹੀ ਹੈ। ਇਸ ਕਰ ਕੇ ਅਸੀਂ ਇਹ ਸਮਝਣ ‘ਚ ਅਸਮਰਥ ਆਂ ਕਿ ਇਸ ਦਾ ਕਿਹੜਾ ਬਿਆਨ ਸਹੀ ਮੰਨਿਆਂ ਜਾਵੇ। ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਆਫੀਆ ਦਿਮਾਗੀ ਬਿਮਾਰੀ ਦਾ ਸਿਰਫ ਬਹਾਨਾ ਬਣਾ ਰਹੀ ਐ। ਉਂਜ ਇਹ ਬਿਲਕੁਲ ਠੀਕ ਐ। ਇਹ ਆਪਣੇ ਕੇਸ ਦਾ ਸਾਹਮਣਾ ਕਰ ਸਕਦੀ ਐ।”
“ਉਹੀ ਤਾਂ ਮੈਂ ਕਹਿ ਰਹੀ ਆਂ ਕਿ ਮਿਸ ਆਫੀਆ ਕਿਸੇ ਵੀ ਗੱਲ ਦਾ ਉਤਰ ਠੀਕ ਨ੍ਹੀਂ ਦੇ ਰਹੀ। ਉਹ ਭੁੱਲ ਜਾਂਦੀ ਐ ਕਿ ਪਹਿਲਾਂ ਉਸ ਨੇ ਕੀ ਕਿਹਾ ਸੀ, ਤੇ ਹੁਣ ਕੀ ਕਹਿ ਰਹੀ ਐ। ਉਹ ਪੁਰਾਣੀਆਂ ਕਈ ਗੱਲਾਂ ਵੀ ਭੁੱਲ ਚੁੱਕੀ ਐ। ਅਤੇ ਇਹ ਸਭ ਕੁਛ ਐਫ਼ਬੀæਆਈæ ਦੇ ਜ਼ੁਲਮਾਂ ਕਾਰਨ ਵਾਪਰਿਆ ਐ। ਆਫੀਆ ਮਾਸੂਮ ਹੈ ਨਿਰਦੋਸ਼ ਹੈ।” ਇਜਾਜ਼ਤ ਲੈਂਦਿਆਂ ਆਫੀਆ ਦੀ ਵਕੀਲ ਬੋਲੀ।
ਜੱਜ ਨੇ ਦੋਨਾਂ ਧਿਰਾਂ ਦੀ ਗੱਲਬਾਤ ਸੁਣਨ ਪਿੱਛੋਂ ਫੈਸਲਾ ਕਰ ਦਿੱਤਾ ਕਿ ਆਫੀਆ ਬਿਲਕੁਲ ਸਹੀ ਹੈ ਅਤੇ ਉਹ ਆਪਣੇ ਕੇਸ ਦਾ ਸਾਹਮਣਾ ਕਰ ਸਕਦੀ ਹੈ। ਇਸ ਲਈ ਉਸ ਨੇ ਅਗਲੀ ਤਾਰੀਖ ਨਵੰਬਰ ਦੀ ਰੱਖ ਦਿੱਤੀ।
(ਚੱਲਦਾ)

Be the first to comment

Leave a Reply

Your email address will not be published.