ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਵਿਚ ਵੀ ਕੁਨਬਾਪ੍ਰਸਤੀ ਭਾਰੂ

ਚੰਡੀਗੜ੍ਹ: ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸਮਿਤੀਆਂ ਚੋਣਾਂ ਵਿਚ ਵੀ ਕੁਨਬਾਪ੍ਰਸਤੀ ਭਾਰੂ ਰਹੀ ਹੈ। ਸੀਨੀਅਰ ਅਕਾਲੀ ਆਗੂਆਂ ਦੇ ਨੂੰਹਾਂ, ਪੁੱਤਾਂ ਤੇ ਹੋਰ ਕਰੀਬੀ ਰਿਸ਼ਤੇਦਾਰਾਂ ਦੀ ਭਰਮਾਰ ਹੋਣ ਕਾਰਨ ਆਮ ਅਕਾਲੀ ਆਗੂਆਂ ਨੂੰ ਕੋਈ ਮੌਕਾ ਨਹੀਂ ਮਿਲਿਆ। ਇਨ੍ਹਾਂ ਚੋਣਾਂ ਵਿਚ ਜਿੱਤ ਹਾਸਲ ਕਰਨਾ ਰਾਜਨੀਤੀ ਦਾ ਪਹਿਲਾ ਦਾਖ਼ਲਾ ਮੰਨਿਆ ਜਾਂਦਾ ਹੈ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਬਹੁਤ ਸਾਰੇ ਆਗੂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਰਾਹੀਂ ਹੀ ਰਾਜਨੀਤੀ ਦੇ ਸਿਖ਼ਰ ਤੱਕ ਪਹੁੰਚੇ ਹਨ। 
ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਹੁਣ ਅਕਾਲੀ ਦਲ ਦੀ ਅਗਲੀ ਪੀੜ੍ਹੀ ਦੇ ਆਗੂਆਂ ਨੇ ਚੇਅਰਮੈਨੀਆਂ ਤੇ ਵਾਈਸ ਚੇਅਰਮੈਨੀਆਂ ‘ਤੇ ਵੀ ਅੱਖ ਟਿਕਾਈ ਹੋਈ ਹੈ। ਪਾਰਟੀ ਆਗੂਆਂ ਮੁਤਾਬਕ ਅੱਧੀ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਚੇਅਰਮੈਨ ਦੀ ਕੁਰਸੀ ‘ਤੇ ਅਕਾਲੀ ਆਗੂਆਂ ਦੇ ਪੁੱਤਰਾਂ ਵੱਲੋਂ ਦਾਅਵੇਦਾਰੀ ਜਤਾਈ ਜਾ ਰਹੀ ਹੈ। ਪੰਜਾਬ ਦੀਆਂ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਵਿਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਨੂੰਹ ਲਖਵੀਰ ਕੌਰ ਮੁਕਤਸਰ ਜ਼ਿਲ੍ਹੇ ਵਿਚੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤਣ ਵਾਲਿਆਂ ਵਿਚ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਸਪੁੱਤਰ ਗੁਰਪ੍ਰੀਤ ਸਿੰਘ ਮਲੂਕਾ, ਸਾਬਕਾ ਮੰਤਰੀ ਜਗੀਰ ਕੌਰ ਦਾ ਜਵਾਈ ਯੁਵਰਾਜ ਭੁਪਿੰਦਰ ਸਿੰਘ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਸੋਨੂ ਲੰਗਾਹ, ਮੁੱਖ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਭਰਾ ਕੁਲਤਾਰ ਸਿੰਘ ਬਰਾੜ, ਵਿਧਾਇਕ ਚਤਿੰਨ ਸਿੰਘ ਸਮਾਓਂ ਦਾ ਪੁੱਤਰ ਮਲਕੀਤ ਸਿੰਘ ਸਮਾਓਂ, ਵਿਧਾਇਕ ਹਰਪ੍ਰੀਤ ਸਿੰਘ ਦੀ ਪਤਨੀ ਅਵਨੀਤ ਕੌਰ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦਾ ਪੁੱਤਰ ਹਰਪ੍ਰੀਤ ਸਿੰਘ ਸ਼ਿਵਾਲਿਕ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਭਰਾ ਹਰਬੀਰ ਸਿੰਘ ਇਯਾਲੀ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦਾ ਪੁੱਤਰ ਰਣਬੀਰ ਸਿੰਘ ਸ਼ਾਮਲ ਹਨ। ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਦਾ ਪੁੱਤਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹਾਰ ਗਿਆ ਹੈ। ਇਸ ਤਰ੍ਹਾਂ ਨਾਲ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਅਕਾਲੀ ਦਲ ਨਾਲ ਸਬੰਧਤ ਆਗੂਆਂ ਦਾ ਬੋਲਬਾਲਾ ਹੋ ਗਿਆ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੇਅਰਮੈਨੀਆਂ ਦੇ ਇਹੋ ਦਾਅਵੇਦਾਰ ਮੰਨੇ ਜਾ ਰਹੇ ਹਨ। ਅਕਾਲੀ ਹਲਕਿਆਂ ਮੁਤਾਬਕ ਸਿੱਖਿਆ ਮੰਤਰੀ ਮਲੂਕਾ ਵੱਲੋਂ ਬਠਿੰਡਾ, ਜਗੀਰ ਕੌਰ ਵੱਲੋਂ ਕਪੂਰਥਲਾ, ਸੁੱਚਾ ਸਿੰਘ ਲੰਗਾਹ ਵੱਲੋਂ ਗੁਰਦਾਸਪੁਰ, ਵੀਰ ਸਿੰਘ ਲੋਪੋਕੇ ਵੱਲੋਂ ਅੰਮ੍ਰਿਤਸਰ, ਮਨਤਾਰ ਸਿੰਘ ਬਰਾੜ ਵੱਲੋਂ ਫਰੀਦਕੋਟ, ਚਤਿੰਨ ਸਿੰਘ ਸਮਾਓਂ ਵੱਲੋਂ ਮਾਨਸਾ ਤੇ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਲੁਧਿਆਣਾ ਜ਼ਿਲ੍ਹੇ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਆਪਣਿਆਂ ਨੂੰ ਦਿਵਾਉਣ ਲਈ ਹੁਣੇ ਤੋਂ ਹੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਆਗੂਆਂ ਨੇ ਜੇਤੂ ਉਮੀਦਵਾਰਾਂ ਦੀਆਂ ਮੀਟਿੰਗਾਂ ਵੀ ਬੁਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਕ ਦਾਅਵੇਦਾਰੀ ਦੀ ਆਵਾਜ਼ ਪਹੁੰਚਾਈ ਜਾ ਸਕੇ। ਸਾਲ 2008 ਵਿਚ ਵੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਪੁੱਤਰਾਂ ਤੇ ਭਰਾਵਾਂ ਦੇ ਹਿੱਸੇ ਹੀ ਕਈ ਜ਼ਿਲ੍ਹਿਆਂ ਦੀ ਚੇਅਰਮੈਨੀ ਆ ਗਈ ਸੀ। ਮਾਨਸਾ ਜ਼ਿਲ੍ਹੇ ਵਿਚ ਤਾਂ ਬਲਵਿੰਦਰ ਸਿੰਘ ਭੂੰਦੜ ਦੇ ਪੁੱਤਰ ਨੂੰ ਚੇਅਰਮੈਨ ਬਣਾਉਣ ਲਈ ਸਰਕਾਰ ਨੇ ਕਈ ਤਰ੍ਹਾਂ ਦੀਆਂ ਕਾਨੂੰਨੀ ਚੋਰ-ਮੋਰੀਆਂ ਲੱਭੀਆਂ।
ਸੂਤਰਾਂ ਮੁਤਾਬਕ ਉਸ ਸਮੇਂ ਮਾਨਸਾ ਜ਼ਿਲ੍ਹੇ ਦੇ ਚੇਅਰਮੈਨ ਦਾ ਅਹੁਦਾ ਦਲਿਤ ਉਮੀਦਵਾਰ ਲਈ ਰਾਖਵਾਂ ਰੱਖਿਆ ਗਿਆ ਸੀ, ਫਿਰ ਰਾਖਵਾਂਕਰਨ ਤੋੜਿਆ ਗਿਆ। ਮਨਪ੍ਰੀਤ ਸਿੰਘ ਇਯਾਲੀ ਸਾਲ 2008 ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਤਾਂ 2012 ਵਿਚ ਵਿਧਾਇਕ ਚੁਣੇ ਗਏ। ਇਸੇ ਤਰ੍ਹਾਂ ਬਲਵਿੰਦਰ ਸਿੰਘ ਭੂੰਦੜ ਵੀ ਆਪਣੇ ਪੁੱਤਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਤੋਂ ਬਾਅਦ 2012 ਦੀਆਂ ਚੋਣਾਂ ਵਿਚ ਸਰਦੂਲਗੜ੍ਹ ਹਲਕੇ ਤੋਂ ਟਿਕਟ ਦਿਵਾਉਣ ਵਿਚ ਕਾਮਯਾਬ ਹੋ ਗਏ ਸਨ।
ਅਕਾਲ ਤਖ਼ਤ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੀ ਨੂੰਹ ਦੇ ਰਾਜਨੀਤੀ ਵਿਚ ਆਉਣ ਨੂੰ ਪਰਿਵਾਰ ਦਾ ਨਿੱਜੀ ਮਾਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਵਿਚ ਸਰਗਰਮ ਹੈ ਪਰ ਉਨ੍ਹਾਂ ਦਾ ਕਾਰਜ ਖੇਤਰ ਧਾਰਮਿਕ ਹੈ। ਇਸ ਲਈ ਜੇ ਪੁੱਤਰ ਕੋਈ ਰਾਜਨੀਤਕ ਫੈਸਲਾ ਕਰਦਾ ਹੈ ਤਾਂ ਉਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ।

Be the first to comment

Leave a Reply

Your email address will not be published.