ਕਰੋਨਾ ਦੀ ਮਾਰ: ਕੈਪਟਨ ਸਰਕਾਰ ਸਿਆਸੀ ਲਾਹਾ ਲੈਣ ਵਿਚ ਜੁਟੀ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਆਰੰਭਿਆ ਗਿਆ ਭਲੇ ਦਾ ਕੰਮ ਸਿਆਸੀ ਲਾਹੇ ਦੀ ਘੁੰਮਣਘੇਰੀ ‘ਚ ਫਸਣ ਲੱਗਿਆ ਹੈ। ਰਾਜ ਸਰਕਾਰ ਵਲੋਂ 10 ਲੱਖ ਪਰਿਵਾਰਾਂ ਨੂੰ ਮੁਫਤ ਰਾਸ਼ਨ ਦੇ ਥੈਲੇ ਵੰਡੇ ਜਾਣੇ ਹਨ, ਜਿਨ੍ਹਾਂ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਛਾਪਣ ਕਰ ਕੇ ਰਾਸ਼ਨ ਦੀ ਵੰਡ ‘ਚ ਦੇਰੀ ਹੋਣ ਲੱਗੀ ਹੈ।

ਇਕ ਪਾਸੇ ਜਿਥੇ ਕਰਫਿਊ ਦੇ ਇਸ ਸਮੇਂ ‘ਚ ਰਾਜ ਦੇ ਗਰੀਬ ਲੋਕ ਦੋ ਵਕਤ ਦੀ ਰੋਟੀ ਲਈ ਰਾਸ਼ਨ ਉਡੀਕ ਰਹੇ ਹਨ ਉਥੇ ਹੀ ਰਾਜ ਸਰਕਾਰ ਕੁਝ ਦਿਨਾਂ ਤੋਂ ਮੁੱਖ ਮੰਤਰੀ ਦੀ ਤਸਵੀਰ ਵਾਲੇ ਥੈਲਿਆਂ ਦੇ ਇੰਤਜ਼ਾਮਾਂ ਵਿਚ ਉਲਝੀ ਹੋਈ ਹੈ। ਇਸ ਨੂੰ ਲੈ ਕੇ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਹੋ ਗਈਆਂ ਹਨ। ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਵਲੋਂ 28 ਮਾਰਚ ਨੂੰ ਜਾਰੀ ਕੀਤੇ ਗਏ ਪੱਤਰ ਅਨੁਸਾਰ ਪੰਜਾਬ ਵਿਚ ਆਰਥਿਕ ਪੱਖੋਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇ 10 ਲੱਖ ਥੈਲੇ ਮੁਫਤ ਵੰਡਣ ਦਾ ਫੈਸਲਾ ਲਿਆ ਗਿਆ ਹੈ। ਰਾਸ਼ਨ ਦੇ ਥੈਲੇ ਵਿਚ 10 ਕਿੱਲੋ ਆਟੇ ਦੀ ਥੈਲੀ, ਦੋ ਕਿੱਲੋ ਖੰਡ ਅਤੇ ਦੋ ਕਿੱਲੋ ਦਾਲ ਦਾ ਪੈਕੇਟ ਪਾਇਆ ਗਿਆ ਹੈ।
ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਮੁਫਤ ਵੰਡੇ ਜਾਣ ਵਾਲੇ ਇਸ ਰਾਸ਼ਨ ਵਾਸਤੇ ਮੁੱਖ ਮੰਤਰੀ ਦੀ ਤਸਵੀਰ ਵਾਲਾ ਜੋ ਥੈਲਾ ਤਿਆਰ ਕਰਵਾਇਆ ਗਿਆ ਹੈ, ਉਸ ਉਤੇ ਕਰੀਬ ਡੇਢ ਕਰੋੜ ਰੁਪਏ ਖਰਚ ਕੀਤੇ ਗਏ ਹਨ। ਪ੍ਰਤੀ ਥੈਲਾ ਅੰਦਾਜ਼ਨ 15 ਰੁਪਏ ਖਰਚੇ ਗਏ ਹਨ। ਥੈਲਿਆਂ ਦਾ ਪ੍ਰਬੰਧ ਅਤੇ ਤਸਵੀਰ ਦੀ ਛਪਾਈ ਰਾਜ ਪੱਧਰ ਉਤੇ ਕੀਤੀ ਗਈ ਹੈ ਜਿਸ ਮਗਰੋਂ ਥੈਲੇ ਜ਼ਿਲ੍ਹਿਆਂ ਵਿਚ ਪੈਕਿੰਗ ਵਾਸਤੇ ਭੇਜੇ ਗਏ ਹਨ। ਜਾਰੀ ਪੱਤਰ ਅਨੁਸਾਰ 10 ਕਿੱਲੋ ਆਟੇ ਦੀ ਥੈਲੀ ਉਤੇ 240 ਰੁਪਏ ਕੀਮਤ ਹੈ ਜਦੋਂਕਿ ਦਾਲ 50 ਤੋਂ 57 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖਰੀਦੀ ਗਈ ਹੈ। ਖੰਡ ਦੀ ਸਪਲਾਈ ਸ਼ੂਗਰਫੈੱਡ ਨੇ ਕੀਤੀ ਹੈ। ਦਾਲਾਂ ਦੀ ਖਰੀਦ ਦਾ ਕੰਮ ਨੈਫੇਡ ਨੂੰ ਦਿੱਤਾ ਗਿਆ ਹੈ। ਮਹਿਕਮੇ ਨੇ 30 ਮਾਰਚ ਨੂੰ ਮੁੜ ਪੱਤਰ ਜਾਰੀ ਕਰ ਕੇ ਹਦਾਇਤ ਕੀਤੀ ਹੈ ਕਿ ਇਹ ਮੁਫਤ ਰਾਸ਼ਨ ਉਨ੍ਹਾਂ ਗਰੀਬ ਲੋਕਾਂ ਨੂੰ ਦਿੱਤਾ ਜਾਣਾ ਹੈ ਜੋ ਨੀਲੇ ਕਾਰਡਾਂ ਵਾਲੀ ਸਕੀਮ ਤੋਂ ਵਾਂਝੇ ਰਹਿ ਗਏ ਹਨ। ਰਾਸ਼ਨ ਵੰਡਣ ਸਮੇਂ ਸਮਾਜਿਕ ਦੂਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿਚ ਰਾਸ਼ਨ ਦੇ 8500 ਥੈਲੇ ਵੰਡੇ ਜਾਣੇ ਹਨ। ਕਾਂਗਰਸ ਦੇ ਵਿਧਾਇਕਾਂ ਨੇ ਇਸ ਮੁਫਤ ਰਾਸ਼ਨ ਦੀ ਵੰਡ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵਲੋਂ ਕਰੀਬ 70 ਕਰੋੜ ਰੁਪਏ ਦਾ ਬਜਟ ਇਸ ਮੁਫਤ ਰਾਸ਼ਨ ਸਕੀਮ ਵਾਸਤੇ ਰੱਖਿਆ ਗਿਆ ਹੈ ਅਤੇ ਪਹਿਲੇ ਪੜਾਅ ਤਹਿਤ 10 ਲੱਖ ਪਰਿਵਾਰਾਂ ਨੂੰ ਮੁਫਤ ਰਾਸ਼ਨ ਦੇਣ ਦਾ ਟੀਚਾ ਮਿਥਿਆ ਗਿਆ ਹੈ। ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪੱਧਰ ਉਤੇ ਜੋ ਕੰਟਰੋਲ ਰੂਮ ਬਣਾਏ ਗਏ ਹਨ, ਉਨ੍ਹਾਂ ‘ਤੇ ਸਭ ਤੋਂ ਵੱਧ ਸ਼ਿਕਾਇਤਾਂ ਰਾਸ਼ਨ ਨਾ ਮਿਲਣ ਦੀਆਂ ਹਨ। ਸ਼ਹਿਰੀ ਤੇ ਪੇਂਡੂ ਖੇਤਰਾਂ ਦੀਆਂ ਗਰੀਬ ਬਸਤੀਆਂ ਦੇ ਲੋਕ ਰਾਸ਼ਨ ਦੀ ਉਡੀਕ ਵਿਚ ਹਨ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਸਰਕਾਰ ਵਲੋਂ ਰਾਸ਼ਨ ਅਤੇ ਥੈਲੇ ਉਤੇ ਕਰੀਬ 435 ਰੁਪਏ (ਪ੍ਰਤੀ ਕਿੱਟ) ਖਰਚ ਕੀਤੇ ਜਾ ਰਹੇ ਹਨ ਅਤੇ ਪਹਿਲੇ ਪੜਾਅ ਵਿਚ ਕਰੀਬ 43.50 ਕਰੋੜ ਰੁਪਏ ਦਾ ਖਰਚਾ ਆਵੇਗਾ।
_________________________
ਸਿਆਸੀ ਲਾਹੇ ਕਰ ਕੇ ਵੰਡ ਪੱਛੜੀ : ਚੀਮਾ
ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਥੈਲਿਆਂ ਉਤੇ ਮੁੱਖ ਮੰਤਰੀ ਦੀ ਤਸਵੀਰ ਛਾਪਣ ਦੇ ਚੱਕਰ ਵਿਚ ਰਾਸ਼ਨ ਵੰਡਣ ਦਾ ਕੰਮ ਚਾਰ ਦਿਨ ਪੱਛੜ ਗਿਆ ਹੈ ਅਤੇ ਸਰਕਾਰ ਇਸ ਔਖੇ ਵੇਲੇ ਵਿਚ ਵੀ ਪਾਰਟੀ ਦੀ ਮਜ਼ਬੂਤੀ ਭਾਲਣ ਲੱਗੀ ਹੈ। ਕਰਫਿਊ ਦੇ ਦਿਨਾਂ ‘ਚ ਰਾਸ਼ਨ ਦੀ ਵੰਡ ਨੂੰ ਪ੍ਰਾਪਤੀ ਵਜੋਂ ਉਭਾਰਨਾ ਜਾਇਜ਼ ਨਹੀਂ ਹੈ ਬਲਕਿ ਇਹ ਸਰਕਾਰ ਦਾ ਮਨੁੱਖਤਾ ਪ੍ਰਤੀ ਫਰਜ਼ ਹੈ। ਸਰਕਾਰ ਹਾਲਾਤ ਸੁਧਰਨ ਮਗਰੋਂ ਲਾਹੇ ਵਾਲੀਆਂ ਗੱਲਾਂ ਕਰ ਲਵੇ ਪ੍ਰੰਤੂ ਹੁਣ ਗਰੀਬਾਂ ਤੱਕ ਰਾਸ਼ਨ ਪਹੁੰਚਾਉਣ ਉਤੇ ਧਿਆਨ ਕੇਂਦਰਿਤ ਕਰੇ।
_________________________
ਸ਼ਰਾਬ ਕੰਪਨੀਆਂ ਵਲੋਂ ਕੈਪਟਨ ਦੀ ਮਸ਼ਹੂਰੀ
ਚੰਡੀਗੜ੍ਹ: ਸ਼ਰਾਬ ਸਨਅਤਾਂ ਸਰਕਾਰ ਨੂੰ ਮੁਫਤ ‘ਚ ਸੈਨੇਟਾਈਜ਼ਰ ਮੁਹੱਈਆ ਕਰਵਾ ਰਹੀਆਂ ਹਨ। ਕੋਈ ਸ਼ਰਾਬ ਸਨਅਤ ਸੈਨੇਟਾਈਜ਼ਰ ਦੀਆਂ ਸ਼ੀਸ਼ੀਆਂ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਲੇਬਲ ਚਿਪਕਾ ਕੇ ਸਪਲਾਈ ਦੇ ਰਹੀ ਹੈ ਜਦੋਂਕਿ ਸਾਬਕਾ ਅਕਾਲੀ ਮੰਤਰੀ ਦੀ ਸ਼ਰਾਬ ਸਨਅਤ ਆਪਣੇ ਬਰਾਂਡ ਦੇ ਨਾਮ ਵਾਲੇ ਲੇਬਲਾਂ ਨਾਲ ਸੈਨੇਟਾਈਜ਼ਰ ਦੇ ਰਹੀ ਹੈ। ਵੇਰਵਿਆਂ ਅਨੁਸਾਰ ਪੰਜਾਬ ਦੀਆਂ ਅੱਧੀ ਦਰਜਨ ਸ਼ਰਾਬ ਫੈਕਟਰੀਆਂ ਵਲੋਂ ਸਰਕਾਰੀ ਅਦਾਰਿਆਂ ਨੂੰ ਮੁਫਤ ਵਿਚ ਸੈਨੇਟਾਈਜ਼ਰ ਸਪਲਾਈ ਕੀਤੇ ਜਾ ਰਹੇ ਹਨ। ਸਾਬਕਾ ਅਕਾਲੀ ਮੰਤਰੀ ਦੀਪ ਮਲਹੋਤਰਾ ਦੀ ਫਿਰੋਜ਼ਪੁਰ ਜ਼ਿਲ੍ਹੇ ਵਿਚਲੀ ਸ਼ਰਾਬ ਸਨਅਤ ਵੀ ਸੈਨੇਟਾਈਜਰ ਸਪਲਾਈ ਕਰ ਰਹੀ ਹੈ।