ਕਰੋਨਾ ਦਾ ਸਹਿਮ: ਪੰਜਾਬ ਦੇ ਕਈ ਪਿੰਡ ਕੀਤੇ ਸੀਲ

ਚੰਡੀਗੜ੍ਹ: ਪੰਜਾਬ ਦੇ ਬਹੁ-ਗਿਣਤੀ ਪਿੰਡਾਂ ਅਤੇ ਸ਼ਹਿਰਾਂ ਨੂੰ ਮੁਕੰਮਲ ਤੌਰ ਉਤੇ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਤੇ ਪ੍ਰਸ਼ਾਸਨ ਨੇ ਗਰਾਮ ਪੰਚਾਇਤਾਂ ਦੀ ਮਦਦ ਨਾਲ ਪਿੰਡਾਂ ਦੇ ਰਸਤਿਆਂ ਉਤੇ ਪੱਕੇ ਨਾਕੇ ਲਗਾ ਕੇ ਪਿੰਡਾਂ ਦੇ ਨੌਜਵਾਨਾਂ ਦਾ 24 ਘੰਟੇ ਪਹਿਰਾ ਲਗਾ ਦਿੱਤਾ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਬਹੁ-ਗਿਣਤੀ ਸ਼ਹਿਰਾਂ ਵਿਚ ਵੀ ਗਲੀਆਂ-ਮਹੱਲਿਆਂ ‘ਚ ਨਾਕੇ ਲਗਾ ਕੇ ਸਥਾਨਕ ਲੋਕਾਂ ਨੂੰ ਪਹਿਰਾ ਦੇਣ ਲਈ ਕਿਹਾ ਗਿਆ ਹੈ।

ਪੁਲਿਸ ਤੇ ਪ੍ਰਸ਼ਾਸਨ ਨੇ ਪਿੰਡਾਂ ਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਕਿਸੇ ਵੀ ਬਾਹਰੀ ਵਿਅਕਤੀ ਦਾ ਦਾਖਲਾ ਰੋਕਣ ਲਈ ਕਿਹਾ ਹੈ ਅਤੇ ਬਹੁਤ ਹੰਗਾਮੀ ਹਾਲਤ ਵਿਚ ਜੇਕਰ ਕੋਈ ਵਿਅਕਤੀ ਪਿੰਡ ਵਿਚ ਆਉਂਦਾ ਹੈ ਤਾਂ ਰਜਿਸਟਰ ਉਤੇ ਉਸ ਦਾ ਮੁਕੰਮਲ ਵੇਰਵਾ ਤੇ ਪਿਛਲੇ ਦਿਨਾਂ ਦੌਰਾਨ ਸਮਾਜ ਵਿਚ ਵਿਚਰਨ ਬਾਰੇ ਜਾਣਕਾਰੀ ਦਰਜ ਕਰਨ ਲਈ ਕਿਹਾ ਗਿਆ ਹੈ। ਸੰਗਰੂਰ, ਬਰਨਾਲਾ, ਮਾਨਸਾ, ਮੋਗਾ, ਕਪੂਰਥਲਾ, ਮੁਹਾਲੀ, ਰੂਪਨਗਰ ਅਤੇ ਤਰਨ ਤਾਰਨ ਦੇ ਕਈ ਪਿੰਡਾਂ ਤੋਂ ਹਾਸਲ ਜਾਣਕਾਰੀ ਮੁਤਾਬਕ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੇ ਵੀ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਨਾਕੇ ਲਾਉਣ ਤੋਂ ਗੁਰੇਜ਼ ਨਹੀਂ ਕੀਤਾ ਬਲਕਿ ਸਹਿਯੋਗ ਦਿੱਤਾ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਦਾਇਤਾਂ ਦਿੱਤੀਆਂ ਸਨ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਦੀਆਂ ਪਾਬੰਦੀਆਂ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਸਖਤੀ ਨਾਲ ਲਾਗੂ ਕੀਤਾ ਜਾਵੇ। ਡੀ.ਜੀ.ਪੀ. ਨੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਰੇਂਜਾਂ ਦੇ ਆਈਜੀਜ਼ ਤੇ ਡੀਆਈਜੀਜ਼ ਨੂੰ ਹਦਾਇਤਾਂ ਕੀਤੀਆਂ ਸਨ ਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਹਿਰੀ ਲੋਕਾਂ ਦੀ ਸ਼ਮੂਲੀਅਤ ਨਾਲ ਹੀ ਲੋਕਾਂ ਦਾ ਘਰਾਂ ‘ਚ ਰਹਿਣਾ ਯਕੀਨੀ ਬਣਾਇਆ ਜਾਵੇ। ਡੀ.ਜੀ.ਪੀ. ਦੀਆਂ ਹਦਾਇਤਾਂ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀਆਂ ਵੱਲੋਂ ਸਰਪੰਚ ਜਾਂ ਗਰਾਮ ਪੰਚਾਇਤ ਦੇ ਮੈਂਬਰਾਂ ਨੂੰ ਕਰਫਿਊ ਪਾਸ ਜਾਰੀ ਕੀਤੇ ਗਏ ਹਨ ਤਾਂ ਜੋ ਹੰਗਾਮੀ ਹਾਲਤ ਵਿਚ ਪੁਲਿਸ ਜਾਂ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਦੇ ਨਾਲ ਲੋਕਾਂ ਨੂੰ ਜ਼ਰੂਰੀ ਵਸਤਾਂ ਵੀ ਮੁਹੱਈਆ ਕਰਵਾਈਆਂ ਜਾ ਸਕਣ। ਪਿੰਡਾਂ ਵਿਚਲੀਆਂ ਹੱਟੀਆਂ ਨੂੰ ਦੋ ਤੋਂ ਚਾਰ ਘੰਟਿਆਂ ਲਈ ਹੀ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਸਰਪੰਚਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਹੱਟੀ ਉਤੇ ਰਾਸ਼ਨ ਖਤਮ ਹੁੰਦਾ ਹੈ ਤਾਂ ਦੁਕਾਨਦਾਰ ਦੇ ਨਾਲ ਜਾ ਕੇ ਸ਼ਹਿਰ ਤੋਂ ਰਾਸ਼ਨ ਲਿਆਂਦਾ ਜਾਵੇ। ਪਿੰਡਾਂ ਅੰਦਰ ਸਿਰਫ ਸਬਜ਼ੀ ਦੀਆਂ ਰੇਹੜੀਆਂ ਨੂੰ ਹੀ ਆਉਣ ਦਿੱਤਾ ਜਾਵੇਗਾ। ਪਿੰਡ ਵਿਚੋਂ ਨਾ ਤਾਂ ਕੋਈ ਵਿਅਕਤੀ ਬਾਹਰ ਜਾਵੇਗਾ ਤੇ ਨਾ ਹੀ ਕੋਈ ਵਿਅਕਤੀ ਪਿੰਡ ਅੰਦਰ ਦਾਖ਼ਲ ਹੋ ਸਕੇਗਾ।
ਪਿੰਡ ਵਿਚ ਵਿਅਕਤੀਆਂ ਨੂੰ ਇਕੱਠੇ ਨਾ ਹੋਣ ਦੇਣ ਲਈ ਵੀ ਪੰਚਾਇਤਾਂ ਤੋਂ ਸਹਿਯੋਗ ਮੰਗਿਆ ਗਿਆ ਹੈ। ਇਸੇ ਤਰ੍ਹਾਂ ਸ਼ਹਿਰਾਂ ਵਿਚ ਇਸ ਤਰ੍ਹਾਂ ਦਾ ਬੰਦੋਬਸਤ ਕੀਤਾ ਗਿਆ ਹੈ ਕਿ ਕਈ ਥਾਈਂ ਗਲੀਆਂ ਨੂੰ ਇਕ ਪਾਸੇ ਤੋਂ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਡੀ.ਜੀ.ਪੀ. ਦੀਆਂ ਹਦਾਇਤਾਂ ਲਾਗੂ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੂਬੇ ਦੇ ਬਹੁਗਿਣਤੀ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿਚ ਨਾਕੇ ਤੇ ਪਹਿਰੇਦਾਰੀ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਕ-ਦੋ ਦਿਨਾਂ ਦੇ ਅੰਦਰ ਹੀ ਇਹ ਅਮਲ ਸਮੁੱਚੇ ਪੰਜਾਬ ਵਿਚ ਲਾਗੂ ਹੋ ਜਾਵੇਗਾ।
______________________
ਲੌਕਡਾਊਨ: ਪਰਿਵਾਰਕ ਜੀਆਂ ਨੂੰ ਅੰਤਿਮ ਵਿਦਾਇਗੀ ਦੇਣ ਨੂੰ ਤਰਸੇ ਲੋਕ
ਚੰਡੀਗੜ੍ਹ: ਕਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੀਤੀ ਗਈ ਦੇਸ਼ਵਿਆਪੀ ਤਾਲਾਬੰਦੀ ਤੇ ਪੰਜਾਬ ‘ਚ ਲਗਾਏ ਗਏ ਕਰਫਿਊ ਨੇ ਗਰੀਬ ਪਰਿਵਾਰ ਐਨੇ ਝੰਬ ਦਿੱਤੇ ਹਨ ਕਿ ਉਨ੍ਹਾਂ ਨੂੰ ਮੋਇਆਂ ਦੀ ਮਿੱਟੀ ਸਮੇਟਣੀ ਵੀ ਔਖੀ ਹੋ ਗਈ ਹੈ। ਗਰੀਬ ਘਰਾਂ ‘ਚ ਕਫਨ ਖਰੀਦਣ ਅਤੇ ਸਸਕਾਰ ਕਰਨ ਜੋਗੀ ਪਹੁੰਚ ਵੀ ਨਹੀਂ ਬਚੀ ਹੈ। ਔਖ ਦੀ ਇਸ ਘੜੀ ‘ਚ ਦਾਨੀ ਸੱਜਣ ਲੋੜਵੰਦਾਂ ਦਾ ਸਹਾਰਾ ਬਣ ਰਹੇ ਹਨ। ਕਰੋਨਾ ਵਾਇਰਸ ਕਾਰਨ ਲਗਾਏ ਕਰਫਿਊ ਨੇ ਦਿਹਾੜੀਦਾਰ ਲੋਕਾਂ ਦੇ ਸਭ ਵਸੀਲੇ ਖੋਹ ਲਏ ਹਨ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿਚ ਲੰਘੇ ਹਫਤੇ ਦੌਰਾਨ ਕੁਦਰਤੀ ਤੌਰ ਉਤੇ ਫੌਤ ਹੋਏ ਸੈਂਕੜੇ ਵਿਅਕਤੀਆਂ ਦੇ ਸਸਕਾਰ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਸੰਭਵ ਹੋਏ ਹਨ।
ਬੁਢਲਾਡਾ ਦਾ ਵਕੀਲ ਰਾਮ ਜ਼ਿੰਦਗੀ ਭਰ ਕੈਂਸਰ ਨਾਲ ਲੜਿਆ। ਦਲਿਤ ਬਸਤੀ ਦੇ ਇਸ ਬਾਸ਼ਿੰਦੇ ਨੂੰ ਇਲਾਜ ਲਈ ਬੂਹੇ ਖੜਕਾਉਣੇ ਪਏ। ਆਖਰਕਾਰ ਕੈਂਸਰ ਨੇ ਉਸ ਨੂੰ ਸਦਾ ਲਈ ਖਾਮੋਸ਼ ਕਰ ਦਿੱਤਾ। ਮੌਤ ਮਗਰੋਂ ਜਦੋਂ ਪਰਿਵਾਰ ਉਸ ਦੇ ਸਸਕਾਰ ਦਾ ਕੋਈ ਵਸੀਲਾ ਕਰਨ ਤੋਂ ਬੇਵੱਸ ਹੋ ਗਿਆ ਤਾਂ ਗੁਆਂਢੀਆਂ ਨੇ ‘ਨੇਕੀ ਫਾਊਂਡੇਸ਼ਨ’ ਨੂੰ ਫੋਨ ਕੀਤਾ। ਆਖਰਕਾਰ ਇਸ ਫਾਊਂਡੇਸ਼ਨ ਦੇ ਵਾਲੰਟੀਅਰਾਂ ਨੇ ਅੰਤਿਮ ਸੰਸਕਾਰ ਵਾਸਤੇ ਸਮੱਗਰੀ ਤੇ ਲੱਕੜਾਂ ਦਾ ਪ੍ਰਬੰਧ ਕੀਤਾ।
ਇਸੇ ਤਰ੍ਹਾਂ ਪਿੰਡ ਕੁੱਤੀਵਾਲ ਖੁਰਦ (ਮੌੜ ਮੰਡੀ) ਵਿਚ ਮਜ਼ਦੂਰ ਵਲੈਤੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਪਤਨੀ ਵੀ ਸੁੱਧ-ਬੁੱਧ ਗੁਆ ਬੈਠੀ। ਮੌਤ ਮਗਰੋਂ ਪਰਿਵਾਰ ਦੇ ਹੱਥ ਖਾਲੀ ਸਨ। ਮਹਿਲਾ ਸਰਪੰਚ ਭੁਪਿੰਦਰ ਕੌਰ ਨੇ ਦੱਸਿਆ ਕਿ ਆਖਰਕਾਰ ਮੁਹੱਲਾ ਵਾਸੀਆਂ ਨੇ ਪੈਸੇ ਇਕੱਠੇ ਕਰ ਕੇ ਵਲੈਤੀ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕੀਤਾ। ਬਰਨਾਲਾ ਸ਼ਹਿਰ ਦੇ ਮੁੱਖ ਸ਼ਮਸ਼ਾਨਘਾਟ ਵਿਚ ਲੰਘੇ ਇਕ ਹਫਤੇ ਵਿਚ ਦਰਜਨ ਸਸਕਾਰ ਹੋਏ ਹਨ ਜਿਨ੍ਹਾਂ ਵਿਚੋਂ ਚਾਰ ਵਿਅਕਤੀ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਇਨ੍ਹਾਂ ਚਾਰੋਂ ਦੇ ਅੰਤਿਮ ਸੰਸਕਾਰ ਸਮਾਜ ਸੇਵੀ ਸੱਜਣਾਂ ਨੇ ਕੀਤੇ। ਇਨ੍ਹਾਂ ‘ਚ ਤਿੰਨ ਔਰਤਾਂ ਵੀ ਸਨ।
ਮੋਗਾ ਦੇ ਐਡਵੋਕੇਟ ਦਿਨੇਸ਼ ਕੁਮਾਰ ਵਰ੍ਹਿਆਂ ਤੋਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਦੇ ਆ ਰਹੇ ਹਨ। ਉਨ੍ਹਾਂ ਨੇ ਹੁਣ ਐਲਾਨ ਕੀਤਾ ਹੈ ਕਿ ਜੇਕਰ ਕਰਫਿਊ ਦੌਰਾਨ ਕਿਸੇ ਨੂੰ ਸਸਕਾਰ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਲੱਕੜਾਂ ਵਗੈਰਾ ਦਾ ਪ੍ਰਬੰਧ ਕਰਨਗੇ। ਮੁਕਤਸਰ ‘ਚ ਇਕ ਰੇਹੜੀ ਵਾਲੇ ਦੀ ਮ੍ਰਿਤਕ ਦੇਹ ਨੂੰ ਸਿਰਫ ਗੁਰਬਤ ਕਰ ਕੇ ਰੁਲਣਾ ਪਿਆ। ਇਹ ਵਿਅਕਤੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦੀ ਪਤਨੀ ਦਾ ਸਾਰਾ ਪੈਸਾ ਇਲਾਜ ‘ਚ ਚਲਾ ਗਿਆ। ਜਦੋਂ ਉਹ ਮੁਕਤਸਰ ਦੇ ਸ਼ਮਸ਼ਾਨਘਾਟ ਵਿਚ ਮ੍ਰਿਤਕ ਦੇਹ ਲੈ ਕੇ ਗਈ ਤਾਂ ਉਸ ਤੋਂ 2400 ਰੁਪਏ ਮੰਗੇ ਗਏ। ਦੱਸਿਆ ਜਾਂਦਾ ਹੈ ਕਿ ਪੈਸੇ ਨਾ ਹੋਣ ਕਰ ਕੇ ਉਹ ਦੂਜੇ ਸ਼ਮਸ਼ਾਨਘਾਟ ਵਿਚ ਮ੍ਰਿਤਕ ਦੇਹ ਲੈ ਗਈ ਜਿੱਥੇ ਸਮਾਜ ਸੇਵੀ ਲੋਕਾਂ ਨੇ ਸਸਕਾਰ ਕੀਤਾ।
ਦੱਸਣਯੋਗ ਹੈ ਕਿ ਫਿਰੋਜ਼ਪੁਰ ਵਿਚ ਵੀ ਕਰੋਨਾ ਵਾਇਰਸ ਦੇ ਇਕ ਸ਼ੱਕੀ ਮਰੀਜ਼ ਦਾ ਲੋਕਾਂ ਨੇ ਸ਼ਮਸ਼ਾਨਘਾਟ ਵਿਚ ਸਸਕਾਰ ਨਹੀਂ ਕਰਨ ਦਿੱਤਾ ਸੀ। ਇਸ ਤਰ੍ਹਾਂ ਦਾ ਸੰਕਟ ਹਰ ਪਾਸੇ ਹੈ। ਮੁਹਾਲੀ ਵਿਚ ਇਕ ਝੁੱਗੀ ਵਾਲੇ ਵਿਅਕਤੀ ਦਾ ਸਸਕਾਰ ਵੀ ਉਧਾਰ ਲੱਕੜਾਂ ਮੰਗ ਕੇ ਕਰਨਾ ਪਿਆ ਸੀ। ਇਕ ਪਾਸੇ ਜਿਥੇ ਕਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ ਵਿਚ ਗਏ ਵਿਅਕਤੀਆਂ ਦਾ ਸਸਕਾਰ ਕਰਨ ਵਿਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਉਥੇ ਹੀ ਗਰੀਬ ਲੋਕਾਂ ਨੂੰ ਕੁਦਰਤੀ ਮੌਤਾਂ ਵੀ ਦੁੱਖ ਦੇ ਰਹੀਆਂ ਹਨ।