ਕਰੋਨਾ: ਆਲਮੀ ਅਰਥਚਾਰਾ ਇਕ ਫੀਸਦ ਘਟਣ ਦਾ ਅਨੁਮਾਨ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ (ਯੂਐਨ) ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਮਹਾਮਾਰੀ ਕਰਕੇ ਆਲਮੀ ਅਰਥਚਾਰਾ ਸਾਲ 2020 ਵਿਚ ਕਰੀਬ ਇਕ ਫੀਸਦ ਤੱਕ ਘੱਟ ਸਕਦਾ ਹੈ, ਜਦੋਂਕਿ ਪਹਿਲਾਂ ਇਸ ਵਿਚ 2.5 ਫੀਸਦ ਵਾਧੇ ਦਾ ਅਨੁਮਾਨ ਸੀ।

ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੰਦਿਆਂ ਸਾਫ ਕਰ ਦਿੱਤਾ ਹੈ ਕਿ ਜੇਕਰ ਉਚਿਤ ਵਿੱਤੀ ਰਾਹਤ ਦਾ ਇੰਤਜ਼ਾਮ ਕੀਤੇ ਬਿਨਾਂ ਆਰਥਿਕ ਸਰਗਰਮੀਆਂ ਉਤੇ ਪਾਬੰਦੀਆਂ ਵਧਾਈਆਂ ਜਾਂਦੀਆਂ ਹਨ, ਤਾਂ ਇਹ ਨਿਘਾਰ ਹੋਰ ਵੀ ਵੱਧ ਸਕਦਾ ਹੈ।
ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਬਾਰੇ ਵਿਭਾਗ (ਡੀ.ਈ.ਐਸ਼ਏ.) ਦੀ ਇਕ ਸਮੀਖਿਆ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਆਲਮੀ ਸਪਲਾਈ ਲੜੀਆਂ ਤੇ ਕੌਮਾਂਤਰੀ ਵਣਜ ਵਿਚ ਅੜਿੱਕਾ ਬਣ ਰਹੀ ਹੈ। ਪਿਛਲੇ ਮਹੀਨੇ ਦੌਰਾਨ ਲਗਭਗ ਸੌ ਮੁਲਕਾਂ ਦੀਆਂ ਕੌਮਾਂਤਰੀ ਸਰਹੱਦਾਂ ਨੂੰ ਬੰਦ ਕਰਨ ਨਾਲ ਲੋਕਾਂ ਦੀ ਆਮਦੋਰਫਤ ਤੇ ਸੈਰ-ਸਪਾਟੇ ਵਿਚ ਖੌਫਨਾਕ ਠਹਿਰਾਅ ਆਇਆ ਹੈ। ਡੀ.ਈ.ਐਸ਼ਏ. ਨੇ ਕਿਹਾ, ‘ਇਨ੍ਹਾਂ ਮੁਲਕਾਂ ਵਿਚ ਲੱਖਾਂ ਕਿਰਤੀਆਂ ਨੂੰ ਆਪਣਾ ਰੁਜ਼ਗਾਰ ਖੁੱਸਣ ਦੇ ਖਦਸ਼ੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰਾਂ ਆਪਣੇ ਅਰਥਚਾਰੇ ਨੂੰ ਮੰਦੀ ਦੇ ਰਾਹ ਪੈਣ ਤੋਂ ਰੋਕਣ ਲਈ ਵੱਡੇ ਰਾਹਤ ਪੈਕੇਜ ਦੇਣ ਉਤੇ ਵਿਚਾਰ ਕਰ ਰਹੀਆਂ ਹਨ। ਸਭ ਤੋਂ ਮਾੜੇ ਹਾਲਾਤ ਵਿਚ ਅਰਥਚਾਰਾ 2020 ਵਿਚ 0.9 ਫੀਸਦ ਤਕ ਦਾ ਨਿਘਾਰ ਆ ਸਕਦਾ ਹੈ।’ ਡੀ.ਈ.ਐਸ਼ਈ. ਨੇ ਹਾਲਾਂਕਿ ਇਹ ਪੇਸ਼ੀਨਗੋਈ ਵੀ ਕੀਤੀ ਕਿ ਜੇਕਰ ਹਾਲਾਤ ਸੰਭਲ ਗਏ ਤਾਂ ਇਸ ਸਾਲ ਆਲਮੀ ਅਰਥਚਾਰਾ 1.2 ਫੀਸਦ ਤੱਕ ਦਾ ਵਾਧਾ ਦਰਜ ਕਰ ਸਕਦਾ ਹੈ।
___________________
ਦੁਨੀਆਂ ਭਰ ਵਿਚ ਖੜ੍ਹਾ ਹੋ ਸਕਦਾ ਹੈ ਖੁਰਾਕੀ ਵਸਤਾਂ ਦਾ ਸੰਕਟ
ਪੈਰਿਸ: ਤਿੰਨ ਆਲਮੀ ਸੰਸਥਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵੱਖ-ਵੱਖ ਮੁਲਕਾਂ ਦੀਆਂ ਅਥਾਰਿਟੀਆਂ ਕਰੋਨਾ ਵਾਇਰਸ ਦੇ ਸੰਕਟ ਨੂੰ ਕਾਬੂ ਕਰਨ ‘ਚ ਨਾਕਾਮ ਰਹੀਆਂ ਤਾਂ ਦੁਨੀਆਂ ਭਰ ਵਿਚ ਖੁਰਾਕੀ ਵਸਤਾਂ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਬਹੁਤ ਸਾਰੇ ਮੁਲਕਾਂ ਦੀਆਂ ਸਰਕਾਰਾਂ ਨੇ ਕੌਮਾਂਤਰੀ ਕਾਰੋਬਾਰ ਤੇ ਖੁਰਾਕੀ ਵਸਤਾਂ ਦੀ ਸਪਲਾਈ ਘਟਣ ਕਾਰਨ ਆਪਣੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਕਹਿ ਦਿੱਤਾ ਹੈ। ਲੋਕਾਂ ਵੱਲੋਂ ਦਹਿਸ਼ਤ ਦੇ ਮਾਰੇ ਧੜਾਧੜ ਕੀਤੀ ਗਈ ਖਰੀਦੋ ਫਰੋਖਤ ਕਾਰਨ ਵੀ ਸੰਕਟ ਖੜ੍ਹਾ ਹੋਇਆ ਹੈ ਤੇ ਬਹੁਤੀਆਂ ਸੁਪਰ ਮਾਰਕੀਟਾਂ ਖਾਲੀ ਪਈਆਂ ਹਨ। ਸੰਯੁਕਤ ਰਾਸ਼ਟਰ ਦੀ ਖੁਰਾਕ ਤੇ ਖੇਤੀਬਾੜੀ ਸੰਸਥਾ (ਐਫ਼ਏ.ਕਿਊ.) ਤੇ ਮੁਖੀ ਕਿਊ ਡੌਂਗਿਊ, ਵਿਸ਼ਵ ਸਿਹਤ ਸੰਸਥਾ (ਡਬਲਿਊ.ਐਚ.ਓ.) ਦੇ ਡਾਇਰੈਕਟਰ ਜਨਰਲ ਟੈਡਰੌਸ ਅਧੈਨੋਮ ਗੇਬ੍ਰੀਯੇਸਸ ਅਤੇ ਵਿਸ਼ਵ ਕਾਰੋਬਾਰ ਸੰਸਥਾ (ਡਬਲਿਊ.ਟੀ.ਓ.) ਦੇ ਡਾਇਰੈਕਟਰ ਰੌਬਰਟੋ ਅਜ਼ੈਵੇਡੋ ਵੱਲੋਂ ਜਾਰੀ ਸਾਂਝੀ ਰਿਪੋਰਟ ਅਨੁਸਾਰ ਬਰਾਮਦ ਸਬੰਧੀ ਲੱਗੀਆਂ ਪਾਬੰਦੀਆਂ ਕਾਰਨ ਦੁਨੀਆਂ ਭਰ ਦੀਆਂ ਮੰਡੀਆਂ ‘ਚ ਖੁਰਾਕੀ ਵਸਤਾਂ ਦਾ ਸੰਕਟ ਖੜ੍ਹਾ ਹੋ ਸਕਦਾ ਹੈ।
___________________
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ: ਗੁਟੇਰੇਜ਼
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਰੋਨਾ ਵਾਇਰਸ ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਮਹਾਮਾਰੀ ਨਾ ਸਿਰਫ ਲੋਕਾਂ ਦੀ ਜਾਨ ਲੈ ਰਹੀ ਹੈ ਸਗੋਂ ਆਰਥਿਕ ਮੰਦੀ ਵੱਲ ਵੀ ਲੈ ਕੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਇਤਿਹਾਸ ‘ਚ ਅਜਿਹਾ ਭਿਆਨਕ ਸੰਕਟ ਪਹਿਲਾਂ ਪੈਦਾ ਨਹੀਂ ਹੋਇਆ ਸੀ। ਗੁਟੇਰੇਜ਼ ਨੇ ‘ਸਾਂਝੀ ਜ਼ਿੰਮੇਵਾਰੀ, ਆਲਮੀ ਇਕਜੁੱਟਤਾ: ਸਮਾਜਿਕ ਆਰਥਿਕ ਦ੍ਰਿਸ਼’ ਵਿਸ਼ੇ ਉਤੇ ਰਿਪੋਰਟ ਸਾਂਝਾ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਪਿਛਲੇ 75 ਸਾਲਾਂ ਦੇ ਇਤਿਹਾਸ ‘ਚ ਅਜਿਹਾ ਸੰਕਟ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਅਸੀਂ ਅਜਿਹੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਜੋ ਲੋਕਾਂ ਦੀ ਜਾਨ ਲੈ ਰਿਹਾ ਹੈ। ਇਨਸਾਨਾਂ ਨੂੰ ਦੁੱਖ ਦੇ ਰਿਹਾ ਹੈ ਅਤੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਰਿਹਾ ਹੈ।’
___________________
ਫਿੱਚ ਨੇ ਭਾਰਤ ਦੀ ਜੀ.ਡੀ.ਪੀ. ਦੋ ਫੀਸਦੀ ਤੱਕ ਘਟਾਈ
ਨਵੀਂ ਦਿੱਲੀ: ਦਰਜਾਬੰਦੀ ਏਜੰਸੀ ਫਿੱਚ ਨੇ ਕਿਹਾ ਕਿ ਉਸ ਨੇ ਭਾਰਤ ਦੀ ਕੁੱਲ ਘਰੇਲੂ ਉਤਪਾਦ ਦੀ ਵਿਕਾਸ ਦਰ ਦੇ ਅਨੁਮਾਨਾਂ ਨੂੰ ਘਟਾ ਕੇ ਦੋ ਫੀਸਦ ਕਰ ਦਿੱਤਾ ਹੈ। ਇਹ ਪਿਛਲੇ ਤਿੰਨ ਦਹਾਕਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਪਹਿਲਾਂ ਇਸ ਦਰਜਾਬੰਦੀ ਏਜੰਸੀ ਨੇ ਜੀਡੀਪੀ ਅਨੁਮਾਨਾਂ ਨੂੰ ਘਟਾ ਕੇ 5.1 ਫੀਸਦ ਕੀਤਾ ਸੀ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਕੀਤੇ ਲੌਕਡਾਊਨ ਕਰਕੇ ਆਲਮੀ ਅਰਥਚਾਰਾ ਮੰਦੀ ਦੀ ਮਾਰ ਹੇਠ ਆ ਗਿਆ ਹੈ, ਜਿਸ ਦੇ ਅਸਰ ਤੋਂ ਭਾਰਤ ਵੀ ਨਹੀਂ ਬਚ ਸਕਿਆ। ਏਜੰਸੀ ਨੇ ਕਿਹਾ ਕਿ ਉਹ ਉਨ੍ਹਾਂ ਕੌਮਾਂਤਰੀ ਏਜੰਸੀਆਂ ਦੇ ਸਮੂਹ ਦਾ ਹਿੱਸਾ ਬਣੀ ਹੈ, ਜਿਸ ਨੇ ਕੋਵਿਡ-19 ਮਹਾਮਾਰੀ ਕਰਕੇ ਵਿਕਾਸ ਅਨੁਮਾਨਾਂ ਵਿਚ ਕਟੌਤੀ ਦੀ ਪੇਸ਼ੀਨਗੋਈ ਕੀਤੀ ਹੈ। ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਨੇ ਭਾਰਤ ਦੀ ਆਰਥਿਕ ਵਿਕਾਸ ਦਰ ਮੌਜੂਦਾ ਵਿੱਤੀ ਸਾਲ (ਅਪਰੈਲ 2020 ਤੋਂ ਮਾਰਚ 2021) ਵਿਚ ਘੱਟ ਕੇ 4 ਫੀਸਦ ਰਹਿਣ ਦਾ ਅਨੁਮਾਨ ਲਾਇਆ ਹੈ।