ਕਰੋਨਾ ਵਾਇਰਸ ਕਾਰਨ ਸ਼੍ਰੋਮਣੀ ਕਮੇਟੀ ਦੀ ਆਮਦਨ ਨੂੰ ਵੱਡੀ ਸੱਟ

ਸ੍ਰੀ ਆਨੰਦਪੁਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਆਰਥਿਕ ਸੰਕਟ ਵੱਲ ਨਾਲ ਵਧ ਰਹੀ ਹੈ। 100 ਕਰੋੜ ਦੀ ਮਾਸਿਕ ਆਮਦਨ ਵਾਲੀ ਇਸ ਸੰਸਥਾ ਦੀ ਆਮਦਨ ਵਿਚ 98 ਫੀਸਦ ਤੱਕ ਘਟ ਗਈ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਨੂੰ ਇਕਜੁੱਟ ਰੱਖਣ, ਗੁਰੂ ਘਰਾਂ ਦੇ ਪ੍ਰਬੰਧਾਂ ਚਲਾਉਣ ਅਤੇ ਸਿੱਖਾਂ ਦੇ ਕੌਮੀ ਮਸਲਿਆਂ ਦੀ ਤਰਜ਼ਮਾਨੀ ਕਰਦੀ ਹੈ। ਪਰ ਬੀਤੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੀ ਆਮਦਨ ‘ਚ ਭਾਰੀ ਕਮੀ ਤੇ ਖਰਚਿਆਂ ‘ਚ ਵਾਧਾ ਦਰਜ ਕੀਤਾ ਗਿਆ ਹੈ।

ਸੂਤਰਾਂ ਅਨੁਸਾਰ ਹਰ ਸਾਲ ਦੇ ਬਜਟ ਵਿਚ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਵਾਧੇ ਦਾ ਅਨੁਮਾਨ ਲਾਇਆ ਜਾਂਦਾ ਹੈ। ਪਰ ਲੰਘੇ ਵਰ੍ਹੇ ਦੌਰਾਨ ਇਹ ਵਾਧਾ ਦੋ ਫੀਸਦੀ ਤੱਕ ਵੀ ਨਹੀਂ ਪਹੁੰਚ ਸਕਿਆ ਹੈ, ਜਿਸ ਤੋਂ ਬਾਅਦ ਕਰੋਨਾ ਵਾਇਰਸ ਕਾਰਨ ਗੁਰਦੁਆਰਿਆਂ ਵਿਚ ਸੰਗਤ ਦੀ ਆਮਦ ਘੱਟ ਗਈ ਤੇ ਚੜ੍ਹਾਵਾ ਬੰਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰਿਆਂ ਦੇ ‘ਚ 21 ਹਜ਼ਾਰ ਦੇ ਕਰੀਬ ਮੁਲਾਜ਼ਮ ਹਨ, ਜਿਨ੍ਹਾਂ ਦੀ ਮਾਸਿਕ ਤਨਖਾਹ 20 ਤੋਂ 22 ਕਰੋੜ ਤੱਕ ਬਣਦੀ ਹੈ। ਜੇਕਰ ਸ੍ਰੀ ਦਰਬਾਰ ਸਾਹਿਬ ਦੇ ਔਸਤਨ 25 ਕਰੋੜ ਰੁਪਏ ਮਹੀਨਾ ਦੇ ਚੜ੍ਹਾਵੇ ਉਤੇ ਨਜ਼ਰ ਮਾਰੀ ਜਾਵੇ ਤਾਂ ਕਰੋਨਾ ਦੇ ਪ੍ਰਕੋਪ ਤੋਂ ਬਾਅਦ ਇਹ ਅੰਕੜਾ ਹਜ਼ਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।
ਇਸੇ ਤਰ੍ਹਾਂ ਕੇਸਗੜ੍ਹ ਸਾਹਿਬ ਵਿਖੇ ਮਾਰਚ ਮਹੀਨੇ ਵਿਚ ਹੀ 3 ਕਰੋੜ ਰੁਪਏ ਦਾ ਘਾਟਾ ਪਿਛਲੇ ਸਾਲ ਦੇ ਮੁਕਾਬਲੇ ਦਰਜ ਕੀਤਾ ਗਿਆ ਹੈ। ਜਦਕਿ ਬਾਕੀ ਗੁਰਦੁਆਰਾ ਸਹਿਬਾਨ ਦਾ ਵੀ ਇਹੋ ਹਾਲ ਹੈ। ਗੁਰਦੁਆਰਾ ਸਹਿਬਾਨ ਦੇ ਸਟੋਰਾਂ ਵਿਚ ਪਿਆ ਲੰਗਰ ਦੀ ਰਸਦ ਦਾ ਭੰਡਾਰ ਵੀ ਕੁਝ ਹਫਤਿਆਂ ਦਾ ਹੀ ਰਹਿ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਹੇ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਗਲੀ-ਗਲੀ ਭੇਜਣ ਦੀ ਬਜਾਏ ਹਰ ਪਿੰਡ ਵਿਚਲੇ ਗੁਰਦੁਆਰੇ ਵਿਚ ਹੀ ਲੰਗਰ ਤਿਆਰ ਕਰਵਾ ਕੇ ਲੋਕਾਂ ਨੂੰ ਮੁਹੱਈਆ ਕਰਵਾ ਦੇਣਾ ਚਾਹੀਦਾ ਹੈ।
__________________
ਸ਼੍ਰੋਮਣੀ ਕਮੇਟੀ ਨੇ ਹਮੇਸ਼ਾਂ ਬਿਨਾਂ ਭੇਦਭਾਵ ਤੋਂ ਮਦਦ ਕੀਤੀ: ਲੌਂਗੋਵਾਲ
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਦ ਵੀ ਮਨੁੱਖਤਾ ਉਤੇ ਕੋਈ ਆਫਤ ਆਈ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਧਰਮ, ਜਾਤ, ਫਿਰਕੇ ਤੋਂ ਉੱਪਰ ਉਠ ਕੇ ਮਦਦ ਕੀਤੀ ਹੈ। ਉਸੇ ਅਨੁਸਾਰ ਹੁਣ ਵੀ ਸਿੱਖ ਫਲਸਫੇ ਤੇ ਗੁਰੂ ਸਹਿਬਾਨ ਵੱਲੋਂ ਸਰਬੱਤ ਦੇ ਭਲੇ ਦੇ ਸੁਨੇਹੇ ਅਨੁਸਾਰ ਕਰੋਨਾ ਮਹਾਮਾਰੀ ਨਾਲ ਜੂਝ ਰਹੇ ਗਰੀਬ, ਗੁਰਬਿਆਂ ਦੀ ਮਦਦ ਕੀਤੀ ਜਾ ਰਹੀ ਹੈ। ਜਿਥੋਂ ਤੱਕ ਆਰਥਿਕ ਸੰਕਟ ਦੀ ਗੱਲ ਹੈ ਤਾਂ ਸਿੱਖ ਪੰਥ ਦੇ ਵਡੇਰੇ ਹਿੱਤਾਂ ਲਈ ਤੇ ਸ਼੍ਰੋਮਣੀ ਕਮੇਟੀ ਦੀ ਚੜ੍ਹਦੀਕਲਾ ਲਈ ਵਿਦਵਾਨਾਂ ਵੱਲੋਂ ਜੇ ਕੋਈ ਸੁਝਾਅ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਉਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।
__________________
ਦਰਬਾਰ ਸਾਹਿਬ ਦੇ ਆਲੇ-ਦੁਆਲੇ ਹਵਾ ਤੇ ਸ਼ੋਰ ਪ੍ਰਦੂਸ਼ਣ ਘਟਿਆ
ਅੰਮ੍ਰਿਤਸਰ: ਕਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਕਾਰਨ ਕਾਰੋਬਾਰ ਤੇ ਆਵਾਜਾਈ ਬੰਦ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਵਾ ਤੇ ਸ਼ੋਰ ਪ੍ਰਦੂਸ਼ਣ ਵਿਚ ਵੀ ਵੱਡੀ ਕਮੀ ਆਈ ਹੈ ਅਤੇ ਇਸ ਵੇਲੇ ਵਾਤਾਵਰਨ ਦੀ ਸਥਿਤੀ ਬਿਹਤਰ ਹੋ ਗਈ ਹੈ।
ਕਰੋਨਾ ਵਾਇਰਸ ਤੋਂ ਬਚਾਅ ਲਈ ਜਨਤਾ ਕਰਫਿਊ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਰਫਿਊ ਲਾ ਦਿੱਤਾ ਗਿਆ ਸੀ। ਇਸ ਦੌਰਾਨ ਜਿਥੇ ਕਾਰੋਬਾਰ ਬੰਦ ਹਨ, ਉਥੇ ਆਵਾਜਾਈ ਵੀ ਬੰਦ ਹੈ। ਇਸ ਦਾ ਅਸਰ ਵਾਤਾਵਰਨ ਉਤੇ ਪਿਆ ਹੈ। ਸ੍ਰੀ ਦਰਬਾਰ ਸਾਹਿਬ ਨੇੜੇ ਪ੍ਰਦੂਸ਼ਣ ਨੂੰ ਮਾਪਣ ਲਈ ਲਾਏ ਗਏ ਉਪਕਰਨ ਵਿਚ ਵੀ ਹਵਾ ਦੀ ਕੁਆਲਿਟੀ ਏਕਿਊਆਈ (ਏਅਰ ਕੁਆਲਿਟੀ ਇੰਡੈਕਸ) 60 ਦਰਜ ਕੀਤੀ ਗਈ ਹੈ, ਜੋ ਕਿ ਕਰਫਿਊ ਤੋਂ ਪਹਿਲਾਂ ਲਗਭਗ 105 ਤੋਂ 120 ਦੇ ਵਿਚਾਲੇ ਦਰਜ ਕੀਤੀ ਗਈ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜੀਨੀਅਰ ਹਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਵਿਚ ਵੱਡੀ ਕਮੀ ਆਈ ਹੈ। ਹਵਾ ਵਿਚ ਪ੍ਰਦੂਸ਼ਣ ਘਟਣ ਨਾਲ ਇਸ ਦੀ ਕੁਆਲਿਟੀ ਬਿਹਤਰ ਹੋਈ ਹੈ। ਉਨ੍ਹਾਂ ਆਖਿਆ ਕਿ ਏਕਿਊਆਈ 0 ਤੋਂ 50 ਨੂੰ ਬਿਹਤਰ ਦਰਜਾ ਹਵਾ ਮੰਨਿਆ ਜਾਂਦਾ ਹੈ। ਆਵਾਜਾਈ ਬੰਦ ਹੋਣ ਕਾਰਨ ਸ਼ੋਰ ਪ੍ਰਦੂਸ਼ਣ ਵੀ ਖਤਮ ਹੋ ਗਿਆ ਹੈ, ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੁੰਦੇ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਨੂੰ ਬਿਨਾਂ ਕਿਸੇ ਰੁਕਾਵਟ ਸੁਣਿਆ ਜਾ ਸਕਦਾ ਹੈ।
ਇਸ ਵੇਲੇ ਕਰਫਿਊ ਅਤੇ ਕਰੋਨਾ ਦੇ ਪ੍ਰਕੋਪ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨਾ ਮਾਤਰ ਰਹਿ ਗਈ ਹੈ। ਵਧੇਰੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਦਿਨਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅੰਦਰੂਨੀ ਮਰਿਆਦਾ ਨੂੰ ਬਰਕਰਾਰ ਰੱਖਿਆ ਗਿਆ ਹੈ। ਪਿਛਲੇ ਵਰ੍ਹਿਆਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਦੀ ਮਾਤਰਾ ਉਤੇ ਜੇਕਰ ਝਾਤ ਮਾਰੀ ਜਾਵੇ ਤਾਂ 2017 ਵਿਚ ਹਵਾ ਦੀ ਕੁਆਲਿਟੀ ਏਕਿਊਆਈ ਔਸਤਨ 132 ਅਤੇ 2018 ਵਿਚ ਔਸਤਨ 115 ਦਰਜ ਕੀਤੀ ਗਈ ਸੀ। 2019 ਵਿਚ ਹਵਾ ਦੀ ਕੁਆਲਿਟੀ ਵਿਚ ਹੋਰ ਵੀ ਸੁਧਾਰ ਦਰਜ ਕੀਤਾ ਗਿਆ ਸੀ ਪਰ ਇਨ੍ਹਾਂ ਦਿਨਾਂ ਵਿਚ ਵੱਡਾ ਸੁਧਾਰ ਆਇਆ ਹੈ ਅਤੇ ਪ੍ਰਦੂਸ਼ਣ ਖਤਮ ਹੋਇਆ ਹੈ।
ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਵਾ ਅਤੇ ਆਵਾਜ਼ ਪ੍ਰਦੂਸ਼ਣ ਵਧੇਰੇ ਹੋਣ ਕਾਰਨ ਪ੍ਰਦੂਸ਼ਣ ਦਾ ਪ੍ਰਭਾਵ ਨਾ ਸਿਰਫ ਇਥੇ ਲੱਗੇ ਸੋਨੇ ਦੇ ਪੱਤਰਿਆਂ ਸਗੋਂ ਸੰਗਮਰਮਰ ਉਤੇ ਵੀ ਹੋ ਰਿਹਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖਲ ਮਗਰੋਂ ਇਥੇ ਪ੍ਰਦੂਸ਼ਣ ਦੀ ਰੋਕਥਾਮ ਲਈ ਯਤਨ ਕੀਤੇ ਗਏ ਸਨ ਅਤੇ ਇਨ੍ਹਾਂ ਯਤਨਾਂ ਤਹਿਤ ਹੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਨੇੜੇ ਇਹ ਪ੍ਰਦੂਸ਼ਣ ਮਾਪਕ ਉਪਕਰਨ ਸਥਾਪਤ ਕੀਤਾ ਗਿਆ ਸੀ, ਜੋ ਰੋਜ਼ਾਨਾ ਹਵਾ ਵਿਚ ਪ੍ਰਦੂਸ਼ਣ ਬਾਰੇ ਜਾਣਕਾਰੀ ਦਿੰਦਾ ਹੈ। ਜ਼ਿਕਰਯੋਗ ਹੈ ਕਿ ਸਮੁੱਚੇ ਪੰਜਾਬ ਵਿਚ ਹੀ ਕਰਫਿਊ ਕਾਰਨ ਆਵਾਜਾਈ ਬੰਦ ਹੋਣ ਅਤੇ ਸਨਅਤਾਂ ਆਦਿ ਬੰਦ ਹੋਣ ਕਾਰਨ ਹਵਾ ਪ੍ਰਦੂਸ਼ਣ ਵਿਚ ਕਮੀ ਆਈ ਹੈ।