ਕਰਫਿਊ: ਨਸ਼ੇੜੀਆਂ ਨੇ ਨਸ਼ਾ ਛਡਾਊ ਕੇਂਦਰਾਂ ਵਲ ਘੱਤੀਆਂ ਵਹੀਰਾਂ

ਅੰਮ੍ਰਿਤਸਰ: ਕਰੋਨਾਵਾਇਰਸ ਤੋਂ ਬਚਾਅ ਲਈ ਲਾਏ ਕਰਫਿਊ ਕਾਰਨ ਇਕ ਪਾਸੇ ਨਸ਼ਾ ਤਸਕਰੀ ਨੂੰ ਨੱਥ ਪਈ ਹੈ ਪਰ ਦੂਜੇ ਪਾਸੇ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ ਹੈ। ਇਹ ਮਰੀਜ਼ ਇਥੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਚੱਲ ਰਹੇ ਓਟ ਕੇਂਦਰ ਵਿਚ ਵੱਡੀ ਗਿਣਤੀ ਵਿਚ ਦਵਾਈ ਲੈਣ ਪੁੱਜ ਰਹੇ ਹਨ, ਜਿਥੇ ਕਰੋਨਾਵਾਇਰਸ ਸਬੰਧੀ ਲੋੜੀਂਦੇ ਨਿਯਮਾਂ ਦੀ ਉਲੰਘਣਾ ਹੋਈ ਹੈ।
ਸਰਕਾਰੀ ਮੈਡੀਕਲ ਕਾਲਜ ਦੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਪੀ.ਡੀ. ਗਰਗ ਨੇ ਦੱਸਿਆ ਕਿ

ਕਰਫਿਊ ਕਾਰਨ ਨਸ਼ੇ ਦੇ ਆਦੀ ਮਰੀਜ਼ਾਂ ਦੀ ਗਿਣਤੀ ਵਿਚ 15 ਤੋਂ 20 ਫੀਸਦ ਵਾਧਾ ਹੋਇਆ ਹੈ। ਅੰਮ੍ਰਿਤਸਰ ਵਿਚ ਵੇਰਕਾ, ਅਜਨਾਲਾ, ਮਾਨਾਂਵਾਲਾ, ਬਾਬਾ ਬਕਾਲਾ, ਲੋਪੋਕੇ, ਚੋਗਾਵਾਂ ਅਤੇ ਸੈਂਟਰਲ ਜੇਲ੍ਹ ਆਦਿ ਵਿਚ ਓਟ ਕੇਂਦਰ ਚਲਾਏ ਜਾ ਰਹੇ ਹਨ, ਜਿਥੋਂ ਲਗਭਗ 250 ਤੋਂ ਵੱਧ ਮਰੀਜ਼ ਦਵਾਈ ਲੈ ਰਹੇ ਹਨ। ਵੱਡੀ ਗਿਣਤੀ ਵਿਚ ਨਸ਼ਾ ਮਰੀਜ਼ਾਂ ਦੇ ਪੁੱਜਣ ਬਾਰੇ ਉਨ੍ਹਾਂ ਆਖਿਆ ਕਿ ਕਰਫਿਊ ਕਾਰਨ ਨਸ਼ਾ ਤਸਕਰੀ ਉਤੇ ਰੋਕ ਲੱਗੀ ਹੈ। ਇਸ ਦੌਰਾਨ ਕਈ ਨਸ਼ੇ ਦੇ ਆਦੀ ਮਰੀਜ਼ ਜੋ ਪਹਿਲਾਂ ਦਵਾਈ ਲੈ ਰਹੇ ਸਨ ਅਤੇ ਵਿਚਾਲੇ ਛੱਡ ਗਏ ਸਨ, ਹੁਣ ਨਸ਼ਾ ਨਾ ਮਿਲਣ ਕਾਰਨ ਮੁੜ ਦਵਾਈ ਲੈਣ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਮਾਹਰ ਡਾਕਟਰ ਦੀ ਸਲਾਹ ਨਾਲ ਹੀ ਅਗਲੇ ਕੁਝ ਦਿਨਾਂ ਵਾਸਤੇ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾਵੇਗੀ। ਇਸ ਸਬੰਧੀ ਲੋੜੀਂਦੀ ਦਵਾਈ ਵਿਭਾਗ ਕੋਲ ਮੌਜੂਦ ਹੈ।
ਡਾ. ਗਰਗ ਨੇ ਇਨ੍ਹਾਂ ਦੋਸ਼ਾਂ ਬਾਰੇ ਆਖਿਆ ਕਿ ਇਹ ਦਵਾਈ ਵਧੇਰੇ ਦਿਨਾਂ ਲਈ ਮਰੀਜ਼ ਦੀ ਸਥਿਤੀ ਨੂੰ ਦੇਖਣ ਮਗਰੋਂ ਹੀ ਦਿੱਤੀ ਜਾਂਦੀ ਹੈ ਅਤੇ ਇਹ ਜਾਂਚ ਮਾਹਰ ਡਾਕਟਰ ਵਲੋਂ ਹੀ ਕੀਤੀ ਜਾ ਸਕਦੀ ਹੈ। ਇਸ ਲਈ ਇਹ ਦਵਾਈ ਸਿਰਫ ਸਰਕਾਰੀ ਮੈਡੀਕਲ ਕਾਲਜ ਦੇ ਓਟ ਕੇਂਦਰ ‘ਤੇ ਹੀ ਉਪਲਬਧ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿਚ ਕਰੋਨਾਵਾਇਰਸ ਦੇ ਟਾਕਰੇ ਲਈ ਕਰਫਿਊ ਲਾਗੂ ਹੋਣ ਤੋਂ ਬਾਅਦ ਹਰ ਤਰ੍ਹਾਂ ਦੀ ਸਪਲਾਈ ਠੱਪ ਹੈ। ਅਜਿਹੇ ਵਿਚ ਨਸ਼ੇ ਦੇ ਆਦੀ ਵਿਅਕਤੀ ਕਾਫੀ ਪਰੇਸ਼ਾਨ ਹੋ ਰਹੇ ਹਨ।
_________________________
ਨਸ਼ਿਆਂ ਖਿਲਾਫ ਜੰਗ ਲੜ ਰਹੀ ਖਾਕੀ ਦੀ ਹਕੀਕਤ ਸਾਹਮਣੇ ਆਈ
ਮੋਗਾ: ਕਰੋਨਾ ਮਹਾਮਾਰੀ ਨੂੰ ਰੋਕਣ ਲਈ ਪੰਚਾਇਤਾਂ ਵਲੋਂ ਪਿੰਡ ‘ਚ ਨਾਕਾਬੰਦੀ ਕਰਕੇ ਦਿੱਤੇ ਜਾ ਰਹੇ ਠੀਕਰੀ ਪਹਿਰੇ ਦੌਰਾਨ ਨਸ਼ਿਆਂ ਖਿਲਾਫ ਜੰਗ ਲੜ ਰਹੀ ਖਾਕੀ ਦੀ ਹਕੀਕਤ ਸਾਹਮਣੇ ਆਈ ਹੈ। ਕਈ ਪਿੰਡਾਂ ‘ਚ ਨੌਜਵਾਨਾਂ ਵਲੋਂ ਨਾਕਿਆਂ ਉਤੇ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨੂੰ ਨਸ਼ੇ ਸਹਿਤ ਫੜਨ ਦੀਆਂ ਵੀਡੀਓ ਵਾਇਰਲ ਹੋਈਆਂ ਹਨ। ਪਿੰਡ ਬੁੱਕਣਵਾਲਾ ‘ਚ ਅਜਿਹੀ ਹੀ ਘਟਨਾ ਵਾਪਰਨ ਦੀ ਵੀਡੀਓ ਵਾਇਰਲ ਹੋਣ ‘ਤੇ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਿੰਡ ਬੁੱਕਣਵਾਲਾ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਪਿੰਡਾਂ ਦੀਆਂ ਹੱਦਾਂ ਸੀਲ ਕੀਤੀਆਂ ਹੋਈਆਂ ਹਨ। ਕਰੋਨਾਵਾਇਰਸ ਕਾਰਨ ਲਾਏ ਨਾਕੇ ‘ਤੇ ਕੁਝ ਨੌਜਵਾਨਾਂ ਤੋਂ ਇਲਾਵਾ ਇਕ ਵਰਦੀਧਾਰੀ ਪੁਲੀਸ ਮੁਲਾਜ਼ਮਾਂ ਨੂੰ ਚਿੱਟੇ ਸਣੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿੰਡ ‘ਚ ਰੋਜ਼ਾਨਾ ਤਕਰੀਬਨ 15 ਤੋਂ 20 ਪੁਲਿਸ ਮੁਲਾਜ਼ਮ ਬਿਨਾਂ ਕਿਸੇ ਡਰ ਤੋਂ ਚਿੱਟਾ ਪੀਣ ਆਉਂਦੇ ਹਨ ਅਤੇ ਨਾਕਾਬੰਦੀ ਹੋਣ ਕਾਰਨ ਆਮ ਨਸ਼ੇੜੀ ਖੇਤਾਂ ‘ਚੋਂ ਪੈਦਲ ਲੰਘ ਕੇ ਨਸ਼ਾ ਕਰਨ ਲਈ ਆ ਰਹੇ ਹਨ।