ਪ੍ਰਾਈਵੇਟ ਹਸਪਤਾਲ ਨੇ ਔਖੇ ਵੇਲੇ ਪਿੱਠ ਵਿਖਾਈ

ਚੰਡੀਗੜ੍ਹ: ਕਰੋਨਾ ਮਹਾਮਾਰੀ ਖਿਲਾਫ ਜੰਗ ਵਿਚ ਕਾਰਪੋਰੇਟ ਹਸਪਤਾਲ ਪਿੱਛੇ ਖੜ੍ਹੇ ਹਨ ਜੋ ਸਰਕਾਰ ਤੋਂ ਲਾਹੇ ਲੈਣ ਵਿਚ ਅੱਗੇ ਸਨ। ਪੰਜਾਬ ਵਿਚ ਏਦਾਂ ਦਾ ਕੋਈ ਕਾਰਪੋਰੇਟ ਹਸਪਤਾਲ ਨਹੀਂ ਹੈ ਜਿਸ ਨੇ ਖੁਦ ਹੀ ਪੂਰੇ ਹਸਪਤਾਲ ਦੀਆਂ ਸੇਵਾਵਾਂ ਸਰਕਾਰ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਹੋਵੇ। ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਨੇ ਸਖਤ ਤੇਵਰ ਦਿਖਾਏ ਹਨ ਪਰ ਹਾਲੇ ਤੱਕ ਕੋਈ ਵੱਡਾ ਹਸਪਤਾਲ ਕਰੋਨਾ ਖਿਲਾਫ ਮੁਹਿੰਮ ਵਿਚ ਅੱਗੇ ਨਹੀਂ ਕੁੱਦਿਆ ਹੈ।

ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਮੈਕਸ ਹੈਲਥ ਕੇਅਰ ਨੂੰ ਮੁਹਾਲੀ ਵਿਚ 3.15 ਏਕੜ ਜ਼ਮੀਨ ਬਿਲਕੁਲ ਨਾਮਾਤਰ ਰਾਸ਼ੀ ਉਤੇ ਹੀ ਦਿੱਤੀ ਹੈ ਅਤੇ ਇਸੇ ਤਰ੍ਹਾਂ ਬਠਿੰਡਾ ‘ਚ ਇਸੇ ਕੰਪਨੀ ਨੂੰ ਸਰਕਾਰੀ 4.80 ਏਕੜ ਜ਼ਮੀਨ ਦਿੱਤੀ ਹੈ। ਸਰਕਾਰ ਨੇ ਪੰਜਾਹ ਵਰ੍ਹਿਆਂ ਲਈ ਇਹ ਜ਼ਮੀਨ ਸਾਲਾਨਾ ਇਕ ਰੁਪਏ ਲੀਜ਼ ਉਤੇ ਦਿੱਤੀ ਹੈ। ਬੇਸ਼ੱਕ ਇਸ ਦੇ ਬਦਲੇ ਗਰੀਬ ਮਰੀਜ਼ਾਂ ਦੇ ਇਲਾਜ ਲਈ ਹਰ ਵਰ੍ਹੇ ਇਨ੍ਹਾਂ ਹਸਪਤਾਲਾਂ ਨੇ ਸਰਕਾਰ ਕੋਲ ਆਪਣੀ ਆਮਦਨ ਦਾ ਪੰਜ ਫੀਸਦੀ ਜਮ੍ਹਾਂ ਕਰਵਾਉਣਾ ਹੁੰਦਾ ਹੈ ਪਰ ਕਰੋਨਾ ਖਿਲਾਫ ਜੰਗ ‘ਚ ਇਸ ਕੰਪਨੀ ਨੇ ਖੁਦ ਆਪਣੀਆਂ ਸੇਵਾਵਾਂ ਦੀ ਸਰਕਾਰ ਨੂੰ ਦੇਣ ਦੀ ਖੁੱਲ੍ਹੀ ਪੇਸ਼ਕਸ਼ ਨਹੀਂ ਕੀਤੀ ਹੈ।
ਸੂਤਰਾਂ ਅਨੁਸਾਰ ਮੁਹਾਲੀ ਦੇ ਫੋਰਟਿਸ ਹਸਪਤਾਲ ਨੂੰ ਵੀ ਸਰਕਾਰ ਨੇ ਸਸਤੇ ਭਾਅ ‘ਤੇ ਜ਼ਮੀਨ ਦਿੱਤੀ ਸੀ। ਜੋ ਵੇਰਵੇ ਪਤਾ ਲੱਗੇ ਹਨ, ਉਨ੍ਹਾਂ ਅਨੁਸਾਰ ਸਰਕਾਰ ਨੇ ਇਸ ਹਸਪਤਾਲ ਨੂੰ 2100 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਜ਼ਮੀਨ ਦਿੱਤੀ ਸੀ ਜਦੋਂ ਕਿ ਮਾਰਕੀਟ ਭਾਅ ਉਦੋਂ 31,262 ਰੁਪਏ ਪ੍ਰਤੀ ਵਰਗ ਗਜ਼ ਸੀ। ਇਸ ਹਸਪਤਾਲ ਨੂੰ 8.22 ਏਕੜ ਜ਼ਮੀਨ ਦਿੱਤੀ ਗਈ ਸੀ। ਇਸੇ ਆਧਾਰ ਉਤੇ ਸੂਚਨਾ ਕਮਿਸ਼ਨ ਪੰਜਾਬ ਵਲੋਂ ਮੈਕਸ ਹਸਪਤਾਲ ਅਤੇ ਫੋਰਟਿਸ ਹਸਪਤਾਲ ਨੂੰ ਪਬਲਿਕ ਅਥਾਰਟੀ ਐਲਾਨਿਆ ਗਿਆ ਹੈ ਕਿਉਂਕਿ ਇਨ੍ਹਾਂ ਹਸਪਤਾਲਾਂ ਨੇ ਸਰਕਾਰ ਤੋਂ ਛੋਟਾਂ ਲਈਆਂ ਹਨ।
ਸੂਤਰ ਦੱਸਦੇ ਹਨ ਕਿ ਸਰਕਾਰ ਤਰਫ਼ੋਂ ਇਨ੍ਹਾਂ ਹਸਪਤਾਲਾਂ ਨੂੰ ਹੋਰ ਵੀ ਰਿਆਇਤਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਮੈਡੀਸਿਟੀ ‘ਚ ਕਾਰਪੋਰੇਟ ਹਸਪਤਾਲਾਂ ਲਈ 10 ਏਕੜ ਜ਼ਮੀਨ ਹੋਰ ਰੱਖੀ ਗਈ ਹੈ। ਵੇਰਵਿਆਂ ਮੁਤਾਬਕ ਪੰਜਾਬ ਵਿਚ ਛੋਟੇ ਵੱਡੇ ਕਰੀਬ ਛੇ ਹਜ਼ਾਰ ਪ੍ਰਾਈਵੇਟ ਹਸਪਤਾਲ ਹਨ ਜਿਨ੍ਹਾਂ ਦੇ ਦਰਵਾਜ਼ੇ ਹਾਲੇ ਪੂਰੀ ਤਰ੍ਹਾਂ ਖੁੱਲ੍ਹੇ ਨਹੀਂ ਹਨ। ਲੋਕ ਆਖਦੇ ਹਨ ਕਿ ਇਨ੍ਹਾਂ ਹਸਪਤਾਲਾਂ ਨੂੰ ਮੁਸ਼ਕਲ ਦੀ ਘੜੀ ਵਿਚ ਬੂਹੇ ਬੰਦ ਨਹੀਂ ਕਰਨੇ ਚਾਹੀਦੇ ਸਨ। ਦੱਸਣਯੋਗ ਹੈ ਮੁੱਖ ਮੰਤਰੀ ਦੀ ਚੇਤਾਵਨੀ ਮਗਰੋਂ ਵੀ ਅੱਜ ਹਸਪਤਾਲਾਂ ਦੇ ਪੂਰੇ ਦਰਵਾਜ਼ੇ ਨਹੀਂ ਖੁੱਲ੍ਹੇ।
_________________________
ਸਰਕਾਰ ਪ੍ਰਾਈਵੇਟ ਹਸਪਤਾਲਾਂ ਦੀ ਮਦਦ ਲਵੇ: ਮਜੀਠੀਆ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਪੀਪੀਈ ਕਿੱਟਾਂ ਉਪਲਭਦ ਕਰਵਾਈਆਂ ਜਾਣ ਤੇ ਕੋਵਿਡ-19 ਖਿਲਾਫ ਲੜਾਈ ਵਿਚ ਪ੍ਰਾਈਵੇਟ ਹਸਪਤਾਲਾਂ ਅਤੇ ਉਨ੍ਹਾਂ ਦੇ ਸਟਾਫ ਦੀ ਮਦਦ ਲੈਣ ਸਮੇਤ ਸੁਰੱਖਿਆ ਲਈ ਇਸਤੇਮਾਲ ਹੁੰਦੇ ਮੈਡੀਕਲ ਉਪਕਰਨਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨਾਲ ਰਾਜ ਸਰਕਾਰ ਸਖਤੀ ਨਾਲ ਪੇਸ਼ ਆਵੇ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਅਨੁਸਾਰ ਸਰਕਾਰੀ ਹਸਪਤਾਲਾਂ ਵਿਚ ਪੀਪੀਈ ਕਿੱਟਾਂ ਸਪਲਾਈ ਨਹੀਂ ਕੀਤੀਆਂ ਜਾ ਰਹੀਆਂ ਹਨ, ਜਿਸ ਕਰਕੇ ਦੋ ਨਰਸਾਂ ਕਰੋਨਾਵਾਇਰਸ ਤੋਂ ਪੀੜਤ ਹੋ ਚੁੱਕੀਆਂ ਹਨ।