ਸਿਰ ਪਈ ਨਾਲ ਨਜਿੱਠਣ ਲਈ ਸਹਿਯੋਗ ਤਾਂ ਕਰਨਾ ਪਊ!

-ਜਤਿੰਦਰ ਪਨੂੰ
ਸਾਲ 2020 ਚੜ੍ਹਦੇ ਸਾਰ ਜਿਸ ਬਿਮਾਰੀ ਨੂੰ ਚੀਨ ਦੇ ਸਿਰ ਪਈ ਮੁਸੀਬਤ ਸਮਝ ਕੇ ਦੁਨੀਆਂ ਦੇ ਕਈ ਮੁਲਕਾਂ ਦੀਆਂ ਸਰਕਾਰਾਂ ਨੇ ਇਸ ਤੋਂ ਵਪਾਰਕ ਜਾਂ ਡਿਪਲੋਮੈਟਿਕ ਲਾਭ ਲੈਣ ਦਾ ਯਤਨ ਕੀਤਾ ਸੀ, ਆਖਰ ਨੂੰ ਇਹ ਔਕੜ ਉਨ੍ਹਾਂ ਦੇ ਆਪਣੇ ਘਰਾਂ ਤੱਕ ਜਾ ਪਹੁੰਚੀ। ਦੁਨੀਆਂ ਦੇ ਗਿਣੇ-ਚੁਣੇ ਦੇਸ਼ ਇਸ ਮੁਸੀਬਤ ਤੋਂ ਅਜੇ ਤੱਕ ਬਚੇ ਹੋਏ ਮੰਨੇ ਜਾ ਸਕਦੇ ਹਨ, ਬਾਕੀ ਸਭ ਦੇਸ਼ਾਂ ਵਿਚ ਇਸ ਦੀ ਮਾਰ ਜਾਂ ਲਾਗ ਜਾ ਚੁੱਕੀ ਹੋਣ ਕਾਰਨ ਇਹ ਦੱਸ ਸਕਣਾ ਕਿਸੇ ਵੀ ਮਾਹਰ ਲਈ ਔਖਾ ਹੈ ਕਿ ਮੁਸੀਬਤ ਮੁੱਕਣ ਵਿਚ ਐਨਾ ਕੁ ਸਮਾਂ ਲਾਵੇਗੀ।

ਹਕੀਕਤ ਇਹ ਹੈ ਕਿ ਕੋਈ ਮਾਹਰ ਇਹ ਗੱਲ ਕਹਿਣ ਵਾਲਾ ਵੀ ਨਹੀਂ ਲੱਭਦਾ ਕਿ ਇਹ ਬਿਮਾਰੀ ਆਖਰ ਨੂੰ ਕਾਬੂ ਆ ਹੀ ਜਾਵੇਗੀ, ਇਸ ਦੀ ਮਾਰ ਵਧਣ ਜਾਂ ਸਮੱਸਿਆ ਦੇ ਲਟਕਦੇ ਜਾਣ ਦੇ ਕਿਆਫੇ ਹੀ ਸੁਣਨ ਨੰ ਮਿਲਦੇ ਹਨ। ਹਾਹਾਕਾਰ ਮਚਾਉਣ ਵਾਲੀ ਇਸ ਬਿਮਾਰੀ ਨਾਲ ਦਿਨੋ-ਦਿਨ ਮੌਤਾਂ ਦੀ ਸਿਰਫ ਗਿਣਤੀ ਹੀ ਨਹੀਂ ਵਧਦੀ, ਹਰ ਨਵੇਂ ਦਿਨ ਇਸ ਨਾਲ ਮੌਤਾਂ ਤੇ ਕੇਸਾਂ ਦੇ ਵਧਣ ਦੀ ਰਫਤਾਰ ਵੀ ਵਧੀ ਜਾਂਦੀ ਹੈ। ਸੰਸਾਰ ਦੀ ਮਹਾਂਸ਼ਕਤੀ ਕਿਹਾ ਜਾਂਦਾ ਅਮਰੀਕਾ ਇਸ ਦੀ ਮਾਰ ਹੇਠ ਬੇਸ਼ੱਕ ਹੋਰਨਾਂ ਤੋਂ ਪਿੱਛੋਂ ਆਇਆ, ਪਰ ਜਦੋਂ ਉਥੇ ਇਸ ਦੀ ਮਾਰ ਪਈ ਤਾਂ ਏਨੀ ਤੇਜ਼ੀ ਨਾਲ ਵਧੀ ਹੈ ਕਿ ਉਸ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।
ਅਸੀਂ ਸਿਹਤ ਦੇ ਮਾਮਲਿਆਂ ਦੇ ਜਾਣਕਾਰ ਨਹੀਂ ਅਤੇ ਇਸੇ ਲਈ ਇਸ ਬਿਮਾਰੀ ਦੇ ਕਾਰਨਾਂ ਅਤੇ ਇਲਾਜ ਜਿਹੇ ਵੱਡੇ ਮੁੱਦਿਆਂ ਦੀ ਗੱਲ ਨਹੀਂ ਕਰ ਰਹੇ, ਸਗੋਂ ਇਸ ਦੀ ਥਾਂ ਇਸ ਗੱਲ ਨੂੰ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੰਸਾਰ ਦੇ ਕਈ ਦੇਸ਼ ਅਜੇ ਤੱਕ ਵੀ ਇਸ ਤੋਂ ਅਵੇਸਲੇ ਜਾਪਦੇ ਹਨ। ਪਿਛਲੇ ਸਾਰੇ ਸਮੇਂ ਦੌਰਾਨ ਇਹ ਵਾਪਰਦਾ ਰਿਹਾ ਹੈ ਕਿ ਜਦੋਂ ਵੀ ਕੋਈ ਮਹਾਮਾਰੀ ਚੱਲੀ, ਉਸ ਦੀ ਮਾਰ ਇੱਕ ਹੱਦ ਤੱਕ ਸੀਮਤ ਰਹਿੰਦੀ ਸੀ, ਅੱਜ ਤੱਕ ਕਿਸੇ ਇੱਕ ਵੀ ਰੋਗ ਦੀ ਮਾਰ ਇਸ ਤਰ੍ਹਾਂ ਸਾਰੇ ਸੰਸਾਰ ਵਿਚ ਨਹੀਂ ਸੀ ਹੋਈ। ਕਿਉਂਕਿ ਸੰਸਾਰ ਨੂੰ ਏਦਾਂ ਦੀ ਖਿਲਾਰੇ ਵਾਲੀ ਮੁਸ਼ਕਿਲ ਨਾਲ ਪਹਿਲੀ ਵਾਰ ਮੱਥਾ ਲਾਉਣਾ ਪਿਆ ਹੈ, ਇਸ ਲਈ ਸਾਰੇ ਦੇਸ਼ਾਂ ਨੂੰ ਮਿਲ ਕੇ ਚੱਲਣਾ ਵੀ ਪੈਣਾ ਹੈ। ਮੁਸ਼ਕਿਲ ਦਾ ਮੁਕਾਬਲਾ ਕਰਨ ਦੇ ਰਾਹ ਵਿਚ ਵੱਡੀ ਮੁਸ਼ਕਿਲ ਇਹੀ ਹੈ ਕਿ ਇਸ ਦੇ ਟਾਕਰੇ ਲਈ ਅਜੇ ਵੀ ਸਮੁੱਚੇ ਸੰਸਾਰ ਦੇ ਦੇਸ਼ਾਂ ਦੀ ਇੱਕਸੁਰਤਾ ਨਹੀਂ ਦਿਖਾਈ ਦੇ ਰਹੀ। ਲੋੜੀਂਦੀ ਇੱਕਸੁਰਤਾ ਵੇਲੇ ਸਿਰ ਬਣ ਜਾਂਦੀ ਤਾਂ ਬਿਮਾਰੀ ਮੁੱਢ ਵਿਚ ਹੀ ਨੱਪੀ ਜਾ ਸਕਦੀ ਸੀ।
ਜਦੋਂ ਇਸ ਦੀ ਮਾਰ ਚੀਨ ਵਿਚ ਸ਼ੁਰੂ ਹੋਈ, ਉਦੋਂ ਅਮਰੀਕਾ ਅਤੇ ਚੀਨ ਦਾ ਵਪਾਰਕ ਆਢਾ ਲੱਗਾ ਹੋਇਆ ਸੀ ਤੇ ਦੋਹਾਂ ਦਾ ਤਾਲਮੇਲ ਹੋ ਨਹੀਂ ਸੀ ਸਕਦਾ। ਫਿਰ ਵੀ ਇਹ ਆਸ ਰੱਖੀ ਜਾਂਦੀ ਸੀ ਕਿ ਸੰਕਟ ਵੱਡਾ ਹੈ, ਇਸ ਲਈ ਅਮਰੀਕਾ ਦੀ ਸਰਕਾਰ ਹੰਗਾਮੀ ਹਾਲਾਤ ਵਿਚ ਵਿਰੋਧ ਦੇ ਕੁਝ ਨੁਕਤੇ ਲਾਂਭੇ ਰੱਖ ਕੇ ਮਦਦ ਦੇ ਸਕਦੀ ਹੈ। ਏਦਾਂ ਦੀ ਕੋਈ ਗੱਲ ਉਸ ਵੇਲੇ ਨਹੀਂ ਸੀ ਹੋਈ, ਉਲਟਾ ਚੀਨ ਦੇ ਖਿਲਾਫ ਭੰਡੀ-ਪ੍ਰਚਾਰ ਦਾ ਚੱਕਰ ਚੱਲਦਾ ਰਿਹਾ। ਵਪਾਰ ‘ਤੇ ਨਜ਼ਰ ਰੱਖਦੀਆਂ ਏਜੰਸੀਆਂ ਇਹ ਕਹਿੰਦੀਆਂ ਹਨ ਕਿ ਉਸ ਵਕਤ ਅਮਰੀਕਾ ਵਿਚੋਂ ਮੂੰਹ ਢਕਣ ਵਾਲੇ ਮਾਸਕ ਅਤੇ ਸਰਜੀਕਲ ਜੰਤਰ ਹੀ ਨਹੀਂ, ਵੈਂਟੀਲੇਟਰ ਵੀ ਚੀਨ ਨੂੰ ਵੇਚੇ ਜਾਂਦੇ ਰਹੇ ਸਨ। ਬਾਅਦ ਵਿਚ ਜਦੋਂ ਆਪਣੇ ਘਰ ਵਿਚ ਇਹੋ ਜਿਹੇ ਰੋਗ ਦਾ ਸਾਹਮਣਾ ਕਰਨ ਦੀ ਨੌਬਤ ਆਈ ਤਾਂ ਉਨ੍ਹਾਂ ਕੋਲ ਲੋੜੀਂਦਾ ਸਾਮਾਨ ਨਹੀਂ ਸੀ ਬਚਿਆ। ਖਬਰਾਂ ਦੱਸ ਰਹੀਆਂ ਹਨ ਕਿ ਉਸ ਵਕਤ ਵੀ ਮਾਹਰਾਂ ਨੇ ਕਿਹਾ ਸੀ ਕਿ ਐਸ ਵੇਲੇ ਇਹ ਕੰਮ ਨਾ ਕੀਤਾ ਜਾਵੇ, ਪਰ ਉਨ੍ਹਾਂ ਦੀ ਗੱਲ ਕਿਸੇ ਨੇ ਸੁਣੀ ਨਹੀਂ ਸੀ।
ਰਾਸ਼ਟਰਪਤੀ ਡੋਨਲਡ ਟਰੰਪ ਦਾ ਹਾਲ ‘ਹੱਥ ਕਾਰ ਵੱਲ, ਚਿੱਤ ਯਾਰ ਵੱਲ’ ਵਾਂਗ ਬਣਿਆ ਸੀ। ਉਸ ਦੀ ਅਹੁਦੇ ਦੀ ਮਿਆਦ ਪੁੱਗਣ ਵਾਲੀ ਹੈ ਤੇ ਇਹ ਸਾਲ ਮੁੱਕਣ ਤੱਕ ਆਮ ਹਾਲਾਤ ਮੁਤਾਬਿਕ ਇਸ ਅਹੁਦੇ ਦੀ ਅਗਲੀ ਚੋਣ ਹੋਣੀ ਜ਼ਰੂਰੀ ਹੈ। ਉਹ ਆਪਣੇ ਘਰ ਵਿਚ ਮਹਾਂਮਾਰੀ ਦਾ ਮੁਕਾਬਲਾ ਕਰਨ ਵੱਲ ਧਿਆਨ ਦੇਣ ਦੀ ਥਾਂ ਆਪਣੀ ਚੋਣ ਲਈ ਪਾਰਟੀ ਮੀਟਿੰਗਾਂ ਵਿਚ ਹੀ ਰੁੱਝਾ ਰਿਹਾ ਸੀ। ਉਸ ਦੀ ਹਾਲਤ ਇਹ ਹੈ ਕਿ ਜਦੋਂ ਕਰੋਨਾ ਦੇ ਕੇਸਾਂ ਦੀ ਗਿਣਤੀ ਦੋ-ਤਿੰਨ ਲੱਖ ਨੇੜੇ ਚਲੀ ਗਈ ਤੇ ਮੌਤਾਂ ਦਾ ਅੰਕੜਾ ਸਾਢੇ ਸੱਤ ਹਜ਼ਾਰ ਨੂੰ ਛੂਹ ਗਿਆ ਸੀ, ਉਸ ਨੇ ਅਲੋਕਾਰ ਬਿਆਨ ਦਾਗ ਦਿੱਤਾ ਕਿ ਰਾਸ਼ਟਰਪਤੀ ਚੋਣ ਮਿਥੇ ਸਮੇਂ ‘ਤੇ ਹੀ ਕੀਤੀ ਜਾਵੇਗੀ। ਸੰਸਾਰ ਭਰ ਦੀਆਂ ਓਲੰਪਿਕਸ ਖੇਡਾਂ ਅਗਲੇ ਸਾਲ ਲਈ ਮੁਲਤਵੀ ਹੋ ਚੁਕੀਆਂ ਹਨ ਤੇ ਹਾਲਾਤ ਵਿਗੜ ਗਏ ਤਾਂ ਅਮਰੀਕਾ ਦੀ ਰਾਸ਼ਟਰਪਤੀ ਚੋਣ ਵੀ ਸ਼ਾਇਦ ਕਰਵਾਉਣੀ ਬਹੁਤ ਔਖੀ ਹੋ ਜਾਣੀ ਹੈ, ਪਰ ਡੋਨਲਡ ਟਰੰਪ ਆਪਣੇ ਚੋਣਾਂ ਦੇ ਮੁਕਾਬਲੇ ਲਈ ਸਰਪੱਟ ਦੌੜਿਆ ਜਾ ਰਿਹਾ ਹੈ।
ਨਤੀਜਾ ਇਸ ਦਾ ਇਹ ਹੋਇਆ ਕਿ ਚੀਨ ਨੇ ਸੰਸਾਰ ਰਾਜਨੀਤੀ ਦੀ ਬਿਆਨਬਾਜ਼ੀ ਵਿਚ ਫਸਣ ਦੀ ਥਾਂ ਔਕੜ ਦੇ ਟਾਕਰੇ ਲਈ ਸਾਰਾ ਧਿਆਨ ਲਾਇਆ ਤੇ ਕਾਬੂ ਪਾ ਲਿਆ। ਉਥੇ ਹੋਈਆਂ ਮੌਤਾਂ ਦੀ ਗਿਣਤੀ ਸਾਢੇ ਤਿੰਨ ਹਜ਼ਾਰ ਤੀਕ ਆ ਕੇ ਰੁਕ ਗਈ ਹੈ, ਪਰ ਪਿੱਛੋਂ ਇਸ ਰੋਗ ਦੀ ਮਾਰ ਦਾ ਸ਼ਿਕਾਰ ਹੋਣ ਵਾਲੇ ਇਟਲੀ ਵਿਚ ਉਸ ਤੋਂ ਚਾਰ ਗੁਣਾਂ ਤੇ ਨਾਲ ਲੱਗਦੇ ਸਪੇਨ ਵਿਚ ਵੀ ਲਗਭਗ ਏਨੀਆਂ ਹੋ ਚੁਕੀਆਂ ਹਨ। ਮਰਜ਼ ਦੀ ਮਾਰ ਹੇਠ ਆਉਣ ‘ਤੇ ਇਰਾਨ ਲਈ ਅਮਰੀਕਾ ਨੇ ਮਦਦ ਦੀ ਪੇਸ਼ਕਸ਼ ਚੋਭ ਲਾਉਣ ਵਾਂਗ ਕੀਤੀ ਸੀ, ਉਸ ਦੇਸ਼ ਨੇ ਬਿਮਾਰੀ ਨੂੰ ਠੱਲ੍ਹ ਪਾ ਲਈ ਅਤੇ ਸਵਾ ਤਿੰਨ ਹਜ਼ਾਰ ਮੌਤਾਂ ‘ਤੇ ਰੁਕ ਗਿਆ ਹੈ, ਪਰ ਉਸ ਤੋਂ ਪਿੱਛੋਂ ਇਸ ਰਾਹੇ ਪਿਆ ਅਮਰੀਕਾ ਉਸ ਤੋਂ ਢਾਈ ਗੁਣਾਂ ਆਪਣੇ ਲੋਕ ਬਿਮਾਰੀ ਦੇ ਕਾਰਨ ਗੁਆ ਚੁਕਾ ਹੈ।
ਬਿਮਾਰੀ ਦੀ ਸ਼ੁਰੂਆਤ ਦਾ ਫਰਕ ਵੀ ਨੋਟ ਕਰਨ ਵਾਲਾ ਹੈ। ਅਮਰੀਕਾ ਵਿਚ ਮੌਤਾਂ ਹੋਣ ਵਾਲਾ ਸਿਲਸਿਲਾ 29 ਫਰਵਰੀ ਨੂੰ ਸ਼ੁਰੂ ਹੋਇਆ ਸੀ, ਇਰਾਨ ਵਿਚ ਪਹਿਲੀ ਮੌਤ 19 ਫਰਵਰੀ ਨੂੰ ਹੋਈ ਸੀ ਤੇ ਇਟਲੀ ਤੋਂ ਪਹਿਲੀ ਮਾੜੀ ਖਬਰ 21 ਫਰਵਰੀ ਨੂੰ ਆਈ ਸੀ, ਜਦ ਕਿ ਫਰਾਂਸ ਵਿਚ ਮੌਤਾਂ ਦਾ ਚੱਕਰ 15 ਫਰਵਰੀ ਨੂੰ ਸ਼ੁਰੂ ਹੋਇਆ ਸੀ। ਚੀਨ ਵਿਚ ਇਹ ਮਾਰ ਬਹੁਤ ਪਹਿਲਾਂ ਸ਼ੁਰੂ ਹੋ ਚੁਕੀ ਸੀ ਅਤੇ 22 ਜਨਵਰੀ ਤੋਂ ਪਹਿਲਾਂ ਸਤਾਰਾਂ ਮੌਤਾਂ ਹੋ ਚੁਕੀਆਂ ਸਨ।
ਉਸ ਪਿਛੋਂ ਕਈ ਦਿਨ ਗਰਾਫ ਚੜ੍ਹਦਾ ਗਿਆ। ਉਸ ਨੇ ਰੋਕਣ ਵਿਚ ਸਫਲਤਾ ਇਸ ਕਰ ਕੇ ਹਾਸਲ ਕਰ ਲਈ ਕਿ ਉਸ ਦੇਸ਼ ਦੇ ਲੋਕ ਆਪਣੀ ਸਰਕਾਰ ਦੇ ਲਾਗੂ ਕੀਤੇ ਲਾਕਡਾਊਨ ਦੀ ਉਲੰਘਣਾ ਕਰਨ ਦੀ ਹਿੰਮਤ ਕਰਨ ਵਾਲੇ ਨਹੀਂ, ਦੂਜੇ ਪਾਸੇ ਅਮਰੀਕਾ ਦਾ ਰਾਸ਼ਟਰਪਤੀ ਖੁਦ ਹੀ ਕਿਸੇ ਲਾਕਡਾਊਨ ਦੀ ਲੋੜ ਨਹੀਂ ਸੀ ਸਮਝਦਾ। ਜਾਪਾਨ, ਦੱਖਣੀ ਕੋਰੀਆ ਜਾਂ ਸਿੰਗਾਪੁਰ ਨੇ ਵੀ ਲੋਕਾਂ ਦੇ ਇਸੇ ਸਹਿਯੋਗ ਨਾਲ ਬਿਮਾਰੀ ਕੰਟਰੋਲ ਕੀਤੀ ਸੀ, ਪਰ ਇਟਲੀ, ਫਰਾਂਸ ਤੇ ਹੋਰ ਦੇਸ਼ ਇਸ ਤਰ੍ਹਾਂ ਦਾ ਬੰਧੇਜ ਬੱਧ ਲਾਕਡਾਊਨ ਕਰਨ ਵਿਚ ਸਫਲ ਨਹੀਂ ਸੀ ਹੋ ਸਕੇ। ਪਹਿਲਾਂ ਇਹ ਕੰਮ ਬੇਦਿਲੀ ਨਾਲ ਤੇ ਬਹੁਤ ਨਰਮੀ ਨਾਲ ਕੀਤਾ ਜਾਂਦਾ ਰਿਹਾ, ਜਿਸ ਕਾਰਨ ਇਹ ਬਿਮਾਰੀ ਵਧ ਗਈ ਹੋ ਸਕਦੀ ਹੈ।
ਅਕਲਮੰਦੀ ਇਸ ਗੱਲ ਵਿਚ ਹੁੰਦੀ ਹੈ ਕਿ ਕਿਸੇ ਦੂਜੇ ਦਾ ਹੱਥ ਸੜਿਆ ਵੇਖ ਕੇ ਸੜਨ ਤੋਂ ਬਚਣ ਦਾ ਕੁਝ ਢੰਗ ਸੋਚਿਆ ਜਾਵੇ, ਪਰ ਇਥੇ ਅਜਿਹੀ ਗੱਲ ਸਿੱਖਣ ਦੀ ਥਾਂ ਕੁਝ ਕਾਰੋਬਾਰ, ਕੁਝ ਰਾਜਨੀਤੀ ਅਤੇ ਦੋਹਾਂ ਨਾਲੋਂ ਵੱਧ ਸੰਸਾਰ ਕੂਟਨੀਤੀ ਵੱਲ ਧਿਆਨ ਦੇਣ ਕਰ ਕੇ ਨੁਕਸਾਨ ਹੋਇਆ ਹੈ। ਨੁਕਸਾਨ ਸਿਰਫ ਇਟਲੀ, ਇਰਾਨ, ਫਰਾਂਸ ਜਾਂ ਅਮਰੀਕਾ ਦਾ ਨਹੀਂ ਸਮਝਣਾ ਚਾਹੀਦਾ, ਇਹ ਮਨੁੱਖਤਾ ਦਾ ਨੁਕਸਾਨ ਹੈ ਅਤੇ ਅਗਲੀ ਗੱਲ ਇਹ ਕਿ ਜੇ ਇਸ ਗਲਤੀ ਤੋਂ ਅਜੇ ਤੱਕ ਵੀ ਨਾ ਸਿੱਖਿਆ ਗਿਆ ਤਾਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਇਹ ਨੁਕਸਾਨ ਭੁਗਤਣਾ ਪੈ ਸਕਦਾ ਹੈ।
ਭਾਰਤ ਵਿਚ ਅਜੇ ਬਚਾਅ ਦੀ ਹਾਲਤ ਜਾਪਦੀ ਹੈ। ਅਸੀਂ ਸੁੱਖ ਮੰਗਾਂਗੇ ਕਿ ਸਾਡਾ ਦੇਸ਼ ਇਸ ਮਾਰ ਤੋਂ ਬਚਿਆ ਰਹੇ, ਪਰ ਇਸ ਲਈ ਕਿਸੇ ਸਰਕਾਰ ਦੇ ਸਿਰ ਸਾਰੀ ਜ਼ਿਮੇਵਾਰੀ ਛੱਡ ਕੇ ਨਹੀਂ ਬਚਿਆ ਜਾ ਸਕਦਾ। ਲੋਕਾਂ ਨੂੰ ਵੀ ਇਸ ਦਾ ਸਹਿਯੋਗ ਕਰਨਾ ਪਵੇਗਾ ਤੇ ਇਹ ਸੋਚ ਕੇ ਕਰਨਾ ਪਵੇਗਾ ਕਿ ਜੀਣ-ਮਰਨ ਇਸ ਵਕਤ ਸਭ ਦਾ ਦਾਅ ‘ਤੇ ਲੱਗ ਚੁਕਾ ਹੈ। ਵੇਲਾ ਕਾਫੀ ਨਾਜ਼ੁਕ ਹੈ!