ਜਾਰੀ ਰਹੇ ਕਾਰਵਾਂ-ਏ-ਜ਼ਿੰਦਗੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸ਼ਹਾਦਤ ਦੇ ਅਰਥਾਂ ਨੂੰ ਵਿਸ਼ਾਲਤਾ ਦਿੰਦਿਆਂ ਕਿਹਾ ਸੀ, “ਸ਼ਹਾਦਤ ਨੂੰ ਕਿਸੇ ਧਰਮ, ਕੌਮ, ਸਮਾਜ, ਦੇਸ਼, ਜਾਤ, ਰੰਗ ਜਾਂ ਨਸਲੀ ਵਲਗਣਾਂ ਵਿਚ ਨਹੀਂ ਵਲਿਆ ਜਾ ਸਕਦਾ।…ਸ਼ਹਾਦਤ, ਸਿਰਫ ਜਿਸਮਾਨੀ ਹੀ ਨਹੀਂ ਹੁੰਦੀ, ਇਹ ਇਖਲਾਕੀ, ਮਾਨਸਿਕ, ਆਰਥਕ, ਸਮਾਜਕ ਤੇ ਰਾਜਨੀਤਕ ਵੀ ਹੁੰਦੀ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੰਸਾਰ ਭਰ ਵਿਚ ਪੈਦਾ ਹੋਏ ਹਾਲਾਤ ‘ਤੇ ਨਜ਼ਰਸਾਨੀ ਕਰਦਿਆਂ ਨਸੀਹਤ ਕੀਤੀ ਹੈ, “ਬਾਹਰ ਸਭ ਕੁਝ ਬੰਦ ਹੈ, ਪਰ ਇਹ ਅਸਥਾਈ ਹੈ, ਉਨੇ ਸਮੇਂ ਲਈ ਆਪਣੇ ਅੰਦਰਲੇ ਕਿਵਾੜ ਖੋਲੋ। ਗਿਆਨ ਇੰਦਰੀਆਂ ਨੂੰ ਆਲੇ-ਦੁਆਲੇ ਨੂੰ ਸਿਆਣਨ, ਪਰਖਣ, ਸਮਝਣ ਲਈ ਵਰਤੋ। ਇਸ ਨੂੰ ਅਜਾਈਂ ਨਾ ਗਵਾਓ, ਕਿਉਂਕਿ ਕਸ਼ਟਮਈ ਦਿਨ ਜਦ ਖਤਮ ਹੋ ਗਏ ਤਾਂ ਮਨੁੱਖ ਨੇ ਫਿਰ ਦੁਨਿਆਵੀ ਦੌੜ ਵਿਚ ਖਚਤ ਹੋ ਜਾਣਾ ਏ।” ਪਰ ਉਨ੍ਹਾਂ ਨਾਲ ਹੀ ਕਿਹਾ ਹੈ, “ਨਿੱਜਤਾ ਨਾਲੋਂ ਸਰਬੱਤ ਦੇ ਭਲੇ ਦੀ ਕਾਮਨਾ ਮਨ ਵਿਚ ਪਾਲਾਂਗੇ ਤਾਂ ਇਸ ਪੀੜ-ਪਰੁੱਚੇ ਵਕਤਾਂ ਦੌਰਾਨ ਰਿਸ਼ਤਿਆਂ ਵਿਚ ਪੈਦਾ ਹੋਈ ਨਵੀਨਤਮ ਸੁਗੰਧ ਹੁਲਾਸਮਈ ਦਿਨਾਂ ਦਾ ਆਗਾਜ਼ ਹੋਵੇਗੀ।” ਕਿਉਂਕਿ “ਕਸ਼ਟਾਂ ਭਰੇ ਸਮਿਆਂ ਵਿਚ ਸਭ ਤੋਂ ਚੰਗਾ ਹੁੰਦਾ ਹੈ, ਕਿਸੇ ਦੀ ਪੀੜ ਵਿਚ ਪੀੜ-ਪੀੜ ਹੋਣਾ, ਦਰਦ ਵੰਡਾਉਣਾ, ਭੁੱਖੀ ਆਂਦਰ ਲਈ ਟੁੱਕ ਦਾ ਆਹਰ ਕਰਨਾ ਅਤੇ ਮਨੁੱਖ ਹੋਣ ਦਾ ਫਰਜ਼ ਨਿਭਾਉਣਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਕਰੋਨਾ ਦੀ ਮਹਾਮਾਰੀ ਨੇ ਦੁਨੀਆਂ ਨੂੰ ਇਕ ਅਜਿਹੇ ਮੋੜ ‘ਤੇ ਲਿਆ ਖਲਿਆਰਿਆ ਏ, ਜਿਥੋਂ ਅੱਗੇ ਹਨੇਰਾ ਹੀ ਨਜ਼ਰ ਆਉਂਦਾ। ਸਭ ਕੁਝ ਬੰਦ। ਰਾਹ-ਰਸਤੇ ਸੁੰਨਸਾਨ। ਘਰਾਂ ਵਿਚ ਬੰਦ ਏ ਮਨੁੱਖ, ਪਰ ਅਜ਼ਾਦ ਨੇ ਪਰਿੰਦੇ। ਜੰਗਲੀਂ ਜਾਨਵਰਾਂ ਨੂੰ ਪੂਰਨ ਖੁੱਲ। ਨਹੀਂ ਡਰਦੇ ਮਨੁੱਖਾਂ ਕੋਲੋਂ। ਖੁਦ ਹੀ ਸੰਤਾਪੀ ਜਲਾਵਤਨੀ ਹੰਢਾ ਰਹੇ ਮਨੁੱਖ ਨੂੰ ਲੋੜ ਹੈ, ਉਨ੍ਹਾਂ ਬੰਦ ਬੂਹੇ, ਬਾਰੀਆਂ, ਰੌਸ਼ਨਦਾਨ, ਖਿੜਕੀਆਂ ਅਤੇ ਦਰਾਂ ਨੂੰ ਖੋਲ੍ਹਣ ਦੀ, ਜਿਸ ਦਾ ਮਨੁੱਖ ਨੂੰ ਸ਼ਾਇਦ ਕਦੇ ਚੇਤਾ ਹੀ ਨਾ ਆਇਆ ਹੋਵੇ।
ਯਾਦ ਰੱਖਣਾ! ਕੁਝ ਵੀ ਖਤਮ ਨਹੀਂ ਹੁੰਦਾ। ਜ਼ਿੰਦਗੀ ਦੇ ਸਫਰ ਲਈ ਹੱਠ, ਹੌਸਲਾ, ਹਿੰਮਤ ਅਤੇ ਹਮਦਰਦੀ ਦਾ ਕਾਰਵਾਂ ਜਾਰੀ ਰਹਿਣਾ ਚਾਹੀਦਾ ਹੈ। ਅਜਿਹੇ ਮੌਕਿਆਂ ‘ਤੇ ਪਰਖੀ ਜਾਂਦੀ ਹੈ, ਮਨੁੱਖੀ ਮਨ ਦੀ ਤਕੜਾਈ, ਸਿਰੜ ਅਤੇ ਸੰਤੋਖ।
ਜਾਰੀ ਹੈ ਧਰਤੀ ਦਾ ਘੁੰਮਣਾ, ਸੂਰਜ ਦਾ ਚੜ੍ਹਨਾ, ਦਿਨ-ਰਾਤ ਦੀ ਫੇਰੀ, ਮੱਸਿਆ ਅਤੇ ਪੁੰਨਿਆਂ ਦਾ ਪੰਦਰਵੇਂ ਦਿਨਾਂ ਦਾ ਗੇੜਾ। ਤਾਰਿਆਂ ਦਾ ਟਿਮਟਿਮਾਉਣਾ, ਜੁਗਨੂੰਆਂ ਦੀ ਰਾਤ ਦੀ ਜੂਹ ਵਿਚ ਫੇਰੀ ਅਤੇ ਧਰਤ ਦੀ ਕਾਲਖ-ਜੂਹੇ ਚਾਨਣ ਦੀ ਸੱਦ ਲਾਉਣਾ।
ਨਿਰੰਤਰ ਜਾਰੀ ਹੈ ਹਵਾ ਦਾ ਵਗਣਾ, ਨਦੀਆਂ-ਨਾਲਿਆਂ ਦੀ ਗਤੀਸ਼ੀਲਤਾ, ਦਰਿਆਵਾਂ ਵਿਚ ਪਾਣੀਆਂ ਦਾ ਵਹਾ, ਬੇੜੀਆਂ ਦਾ ਆਉਣਾ-ਜਾਣਾ, ਸਮੁੰਦਰ ਵਿਚ ਉਠ ਰਹੀਆਂ ਲਹਿਰਾਂ ਦਾ ਸਮੁੰਦਰੀ ਕੰਢਿਆਂ ਨੂੰ ਸਹਿਲਾਉਣਾ, ਬਿਰਖਾਂ ਦੇ ਵਿਹੜੇ ਬਹਾਰ ਦਾ ਨਿਉਂਦਾ, ਪੱਤਿਆਂ ਵਿਚ ਰੁਮਕਦੀ ਪੌਣ ਦਾ ਰਾਗ, ਆਲ੍ਹਣੇ ਵਿਚ ਗੁਫਤਗੂ ਕਰ ਰਹੇ ਬੋਟ ਅਤੇ ਉਨ੍ਹਾਂ ਦੇ ਖੰਭਾਂ ਵਿਚ ਅੰਬਰ ਨੂੰ ਕਲਾਵੇ ਵਿਚ ਲੈਣ ਦੀ ਤਮੰਨਾ।
ਜਾਰੀ ਰੱਖੋ ਮਨ ਦੀ ਚਾਦਰ ‘ਤੇ ਸੁਪਨਿਆਂ ਦੀਆਂ ਬੂਟੀਆਂ ਪਾਉਣਾ। ਇਨ੍ਹਾਂ ਦੇ ਰੰਗਾਂ ਦੀ ਤਰਤੀਬ, ਨੁਹਾਰ ਅਤੇ ਕਲਾਕਾਰੀ ਵਿਚੋਂ ਹੋਣ ਵਾਲੇ ਸੁਖਨ ਨੂੰ ਮਨ ਦੀਆਂ ਬਰੂਹਾਂ ‘ਤੇ ਤਰੌਂਕੋ। ਮਨ ਦੀ ਲਬਰੇਜ਼ਤਾ ਸਮੇਤ ਬਹੁਤ ਕੁਝ ਤੁਹਾਡੀ ਰੂਹ ਦਾ ਹਾਸਲ ਹੋਵੇਗਾ, ਜੋ ਤੁਹਾਡੀ ਸਦੀਵਤਾ ਦਾ ਗੁਣਗਾਣ ਕਰੇਗਾ।
ਖੁੱਲੇ ਰੱਖੋ ਦਿਲ ਦੇ ਦਰਾਂ ਨੂੰ ਤਾਂ ਕਿ ਇਨ੍ਹਾਂ ਵਿਚ ਸੂਖਮ-ਭਾਵਨਾਵਾਂ ਦੀ ਆਵਾਜਾਈ ਬਣੀ ਰਹੇ। ਪੈਦਾ ਹੁੰਦੀਆਂ ਰਹਿਣ ਪਿਆਰ-ਤਰੰਗਾਂ। ਇਹ ਕੰਪਨ ਫਿਜ਼ਾ ਨੂੰ ਲਰਜ਼ਾਏਗੀ। ਮੋਹ-ਵਿਗੁੱਚੇ ਲੋਕ, ਪਿਆਰ-ਸਰਗਮ ਵਿਚ ਖੁਦ ਨੂੰ ਚੰਗਾ ਚੰਗਾ ਮਹਿਸੂਸ ਕਰਦੇ, ਆਲੇ-ਦੁਆਲੇ ਦੀ ਰਸਭਿੰਨਤਾ ਨੂੰ ਹੋਰ ਹੁਸੀਨ ਬਣਾਉਣਗੇ। ਦਿਲ ਦੇ ਦਰਵਾਜੇ ਖੁੱਲੇ ਰਹਿਣ ਤਾਂ ਇਹ ਵੀ ਤੰਦਰੁਸਤ ਰਹਿੰਦਾ। ਤੰਗਦਸਤ ਸਮਿਆਂ ਵਿਚ ਤਾਂ ਇਸ ਦੀ ਤੰਦਰੁਸਤੀ ਹੋਰ ਵੀ ਵੱਧ ਅਹਿਮ। ਬਿਮਾਰ ਜਾਂ ਕਮਜ਼ੋਰ ਦਿਲਾਂ ਵਾਲੇ ਕਿਵੇਂ ਸਾਹਮਣਾ ਕਰ ਸਕਣਗੇ ਚੁਣੌਤੀਆਂ ਦਾ?
ਕਸ਼ਟਾਂ ਭਰੇ ਸਮਿਆਂ ਵਿਚ ਸਭ ਤੋਂ ਚੰਗਾ ਹੁੰਦਾ ਹੈ, ਕਿਸੇ ਦੀ ਪੀੜ ਵਿਚ ਪੀੜ-ਪੀੜ ਹੋਣਾ, ਦਰਦ ਵੰਡਾਉਣਾ, ਧੁੱਪ ਵਿਚਲੇ ਨੰਗੇ ਸਿਰ ਦੀ ਛਾਂ ਬਣਨਾ, ਭੁੱਖੀ ਆਂਦਰ ਲਈ ਟੁੱਕ ਦਾ ਆਹਰ ਕਰਨਾ, ਲੋੜਵੰਦ ਦੀ ਲਾਚਾਰੀ ਨੂੰ ਅੱਖੋਂ-ਪਰੋਖੇ ਕਰਕੇ, ਮਦਦ ਦਾ ਹੱਥ ਵਧਾਉਣਾ ਅਤੇ ਮਨੁੱਖ ਹੋਣ ਦਾ ਫਰਜ਼ ਨਿਭਾਉਣਾ। ਬਹੁਤ ਘੱਟ ਲੋਕ ਹਨ, ਜੋ ਅਜਿਹੇ ਮੌਕਿਆਂ ‘ਤੇ ਇਨਸਾਨੀਅਤ ਦਾ ਫਰਜ਼ ਨਿਭਾਉਂਦੇ। ਜ਼ਿਆਦਾਤਰ ਲੋਕ ਤਾਂ ਹੈਵਾਨ ਬਣਦਿਆਂ ਦੇਰ ਨਹੀਂ ਲਾਉਂਦੇ। ਇਨਸਾਨੀਅਤ ਜਿੰਦਾ ਰਹੇ ਤਾਂ ਸਭ ਕੁਝ ਪਹਿਲਾਂ ਨਾਲੋਂ ਵੀ ਬਿਹਤਰ ਹੋ ਜਾਂਦਾ।
ਟੁੱਟੇ ਰਿਸ਼ਤਿਆਂ, ਤਿੱੜਕੇ ਸਬੰਧਾਂ ਅਤੇ ਖੁਦਗਰਜ਼ੀ ਵਿਚ ਗਰਕੀਆਂ ਸਕੀਰੀਆਂ ਵੰਨੀ ਸੁਗਮ ਸੰਦੇਸ਼ ਭੇਜੋ ਕਿ ਆਓ! ਗਲਵੱਕੜੀਆਂ ਪਾਈਏ, ਗੁੱਸੇ-ਗਿਲੇ ਭੁਲਾਈਏ। ਇਕ ਦੂਜੇ ਦੀ ਖੈਰ-ਸੁੱਖ ਮੰਗਦਿਆਂ, ਆਪਣੀ ਸੁਖਨ ਨੂੰ ਹੋਰ ਸੁਖਾਵਾਂ ਬਣਾਈਏ। ਸਮਾਜ ਤਾਂ ਹੀ ਜਿਉਂਦਾ ਰਹਿਣਾ ਜੇ ਸਕੇ-ਸਬੰਧੀ ਰਹਿਣਗੇ। ਨਿੱਜਤਾ ਨਾਲੋਂ ਸਰਬੱਤ ਦੇ ਭਲੇ ਦੀ ਕਾਮਨਾ ਮਨ ਵਿਚ ਪਾਲਾਂਗੇ ਤਾਂ ਇਸ ਪੀੜ-ਪਰੁੱਚੇ ਵਕਤਾਂ ਦੌਰਾਨ, ਰਿਸ਼ਤਿਆਂ ਵਿਚ ਪੈਦਾ ਹੋਈ ਨਵੀਨਤਮ ਸੁਗੰਧ ਹੁਲਾਸਮਈ ਦਿਨਾਂ ਦਾ ਆਗਾਜ਼ ਹੋਵੇਗੀ। ਗੱਲਬਾਤ ਦਾ ਸਿਲਸਿਲਾ ਟੁੱਟਣ ਨਾ ਦੇਣਾ। ਸਰੀਰਕ ਦੂਰੀਆਂ ਦੀ ਰੁੱਤ ਵਿਚ ਮਨਾਂ ਦੀ ਨੇੜਤਾ ਵਧਾਉਣ ਲਈ ਯਤਨ-ਯਾਤਰਾ ਜਾਰੀ ਰੱਖੋ, ਜੋ ਤੁਹਾਡੇ ਚੇਤਿਆਂ ਵਿਚੋਂ ਖੁਰ ਚੁਕੀ ਸੀ।
ਘਰ ਵਿਚ ਤੁਸੀਂ ‘ਕੱਲੇ ਨਹੀਂ, ਘਰ ਦੇ ਜੀਅ ਨੇ। ਘਰ ਵਿਚ ਪਈਆਂ ਪੁਸਤਕਾਂ ਤੁਹਾਨੂੰ ਹਾਕਾਂ ਮਾਰ ਕੇ ਹਾਰ ਚੁਕੀਆਂ ਸਨ, ਉਨ੍ਹਾਂ ਨੂੰ ਆਗੋਸ਼ ਵਿਚ ਲਓ। ਉਨ੍ਹਾਂ ਨਾਲ ਗੱਲਾਂ ਕਰੋ। ਹਰਫ-ਬ-ਹਰਫ ਉਨ੍ਹਾਂ ਵਿਚ ਉਤਰੋ। ਉਨ੍ਹਾਂ ਦੇ ਅਰਥਾਂ ਦੀਆਂ ਤਹਿਆਂ ਫਰੋਲੋ। ਤੁਹਾਡੇ ਸੋਚ-ਧਰਾਤਲ ਵਿਚ ਜੀਵਨ-ਜਾਚ ਦਾ ਪੌਦਾ ਮੌਲਣ ਲੱਗੇਗਾ, ਜਿਸ ਦੀ ਕਦੇ ਤੁਸੀਂ ਕਾਮਨਾ ਕੀਤੀ ਸੀ। ਇਸ ਨੂੰ ਹਰ ਰੋਜ਼ ਨਵੀਆਂ ਲਿਖਤਾਂ, ਕਿਤਾਬਾਂ, ਆਦਿ ਦਾ ਪਾਣੀ ਪਾਓ। ਮਹਾਨ ਵਿਅਕਤੀਆਂ ਦੀ ਕਿਤਾਬੀ ਸੰਗਤ ਵਿਚੋਂ ਬਹੁਤ ਕੁਝ ਚੰਗੇਰਾ, ਅਚੇਤ ਹੀ ਤੁਹਾਡੀ ਮਨ ਦੀ ਸਲੇਟ ‘ਤੇ ਉਕਰਿਆ ਜਾਵੇਗਾ, ਜੋ ਸਦੀਵ ਰਹੇਗਾ।
ਘਰ ਦੀ ਖਿੜਕੀ ਵਿਚੋਂ ਰਾਤ ਨੂੰ ਅੰਬਰ ਵੱਲ ਝਾਤੀ ਮਾਰੋ। ਤਾਰਿਆਂ ਨਾਲ ਗੱਲਾਂ ਕਰੋ। ਟੁੱਟਦੇ ਤਾਰੇ ਦੀ ਪੈਦਾ ਕੀਤੀ ਰੋਸ਼ਨੀ ਵਿਚੋਂ ਉਸਾਰੂ ਪ੍ਰਤੀਬਿੰਬ ਪੈਦਾ ਕਰੋ। ਰਾਤ ਦੀ ਸੁੰਦਰਤਾ ਅਤੇ ਇਸ ਦੀ ਚੁੱਪ ਵਿਚੋਂ ਬਹੁਤ ਕੁਝ ਸੁਣਾਈ ਦੇਵੇਗਾ, ਜਿਸ ਤੋਂ ਆਕੀ ਹੋ ਗਏ ਸਨ ਕੰਨ। ਘਰ ਦੀ ਛੱਤ ‘ਤੇ ਟਹਿਲੋ। ਆਲੇ-ਦੁਆਲੇ ਦੀਆਂ ਛੱਤਾਂ ਅਤੇ ਇਨ੍ਹਾਂ ਘਰਾਂ ਵਿਚ ਦੁੱਬਕੀ ਲੋਕਾਈ ਨੂੰ ਬਾਹਰ ਨਿਕਲਣ ਲਈ ਪ੍ਰੇਰੋ।
ਨਿਕਲੀ ਧੁੱਪ ਵਿਚ ਕੁਦਰਤ ਦੀ ਅਸੀਮ ਸੁੰਦਰਤਾ ਨੂੰ ਨਿਹਾਰੋ, ਇਸ ਨੂੰ ਮਾਣੋ, ਕਿਉਂਕਿ ਕਾਇਨਾਤ ਦੀ ਕੈਨਵਸ ਵਿਚ ਬਹੁਤ ਸਾਰੇ ਰੰਗ ਸਮਾਏ ਹੁੰਦੇ, ਜਿਨ੍ਹਾਂ ਦੀ ਚਿੱਤਰਕਾਰੀ ਵਿਚੋਂ ਜੀਵਨ ਦੀ ਕਲਾ-ਨਿਕਾਸ਼ੀ ਕੀਤੀ ਜਾ ਸਕਦੀ। ਕਦੇ ਕਦਾਈਂ ਫੁੱਲਾਂ-ਬੂਟਿਆਂ, ਝਾੜੀਆਂ, ਜੰਗਲ-ਬੇਲਿਆਂ ਅਤੇ ਦੂਰ ਤੀਕ ਫੈਲੇ ਖੇਤਾਂ ਦੀ ਹਰਿਆਲੀ ਨੂੰ ਮਨ ਜੂਹ ਵਿਚ ਚਿਤਾਰੋ।
ਜਾਰੀ ਹੈ ਬੀਜਾਂ ਦਾ ਪੁੰਗਰਨਾ, ਫਸਲਾਂ ਦਾ ਵਧਣਾ, ਬਹਾਰ ਦਾ ਆਉਣਾ, ਫੁੱਲਾਂ ਅਤੇ ਫਲਾਂ ਦਾ ਬੂਟਿਆਂ ਨੂੰ ਸ਼ਿੰਗਾਰਨਾ, ਫੁੱਟ ਰਹੀਆਂ ਕਰੂੰਬਲਾਂ, ਟਾਹਣੀਆਂ ‘ਤੇ ਰੰਗਲੀ ਬਹਾਰ, ਪੱਤਿਆਂ ਦੀਆਂ ਗਲਵਕੜੀਆਂ ਅਤੇ ਬਿਰਖਾਂ ਦਾ ਝੂਮਣਾ।
ਜਾਰੀ ਰਹਿਣਾ ਚਾਹੀਦਾ ਹੈ, ਮਨ ਵਿਚ ਦੱਬੀਆਂ ਕਲਾ-ਬਿਰਤੀਆਂ ਨੂੰ ਮੂੜ ਤੋਂ ਉਭਾਰਨ ਅਤੇ ਵਿਸਥਾਰਨ ਦਾ ਕਾਰਜ। ਇਹ ਮਨ ਦੀ ਸੰਤੁਸ਼ਟਤਾ, ਰੂਹ ਦੀ ਭਰਪਾਈ ਅਤੇ ਸਵੈ ਦੀ ਪਛਾਣ ਸਿਰਜਣ ਦਾ ਸਭ ਤੋਂ ਉਤਮ ਆਹਰ। ਇਸ ਵਿਚ ਰੁੱਝਿਆਂ ਨਹੀਂ ਰਹਿੰਦੀ ਕੋਈ ਸਾਰ ਅਤੇ ਬੰਦਾ ਖੁਦ ਤੋਂ ਬੇਖਬਰ ਹੋਇਆ, ਮਨ-ਬਿਰਤੀਆਂ ਨੂੰ ਦਿੰਦਾ ਏ ਵਿਸ਼ਾਲ ਵਿਸਥਾਰ।
ਜਾਰੀ ਰੱਖੋ ਆਸ ਤੇ ਵਿਸ਼ਵਾਸ ਦਾ ਦੀਵਾ ਜਗਾਉਣਾ। ਚਿੱਤ ਦੇ ਆਲ੍ਹਣਿਆਂ ਵਿਚ ਇਨ੍ਹਾਂ ਨੂੰ ਟਿਕਾਉਣਾ ਅਤੇ ਖੁੰਝੇ-ਖਰਲਾਂ ਨੂੰ ਰੁਸ਼ਨਾਉਣਾ। ਸ਼ੁਕਰ ਕਰੋ ਕਿ ਇਸ ਬਹਾਨੇ ਹੀ ਤੁਹਾਡੇ ਅੰਦਰ ਚਾਨਣ ਨੇ ਦਸਤਕ ਦਿਤੀ ਹੈ ਅਤੇ ਇਸ ਵਿਚੋਂ ਹੀ ਕੁਝ ਨਰੋਇਆ ਪਨਪ ਕੇ, ਤੁਹਾਡੀਆਂ ਤਰਜ਼ੀਹਾਂ ਅਤੇ ਤਦਬੀਰਾਂ ਨੂੰ ਨਵੀਂ ਸੇਧ ਵੀ ਦੇ ਸਕਦੈ।
ਜਾਰੀ ਰਹੇ, ਸ਼ੁਕਰਗੁਜ਼ਾਰੀ ਦਾ ਸਫਰਨਾਮਾ, ਕੁਦਰਤ ਦੀਆਂ ਵਰੋਸਾਈਆਂ ਦਾਤਾਂ ਦਾ, ਬਜੁਰਗਾਂ ਦੀਆਂ ਅਸੀਸਾਂ ਦਾ, ਘਰ-ਪਰਿਵਾਰ ਵਿਚੋਂ ਮਿਲੀ ਅਪਣੱਤ ਤੇ ਮਮਤਾਈ ਮੋਹ ਦਾ, ਪ੍ਰਾਪਤੀਆਂ ਦਾ ਅਤੇ ਮਾਣਮੱਤੇ ਸਫਰਾਂ ਦਾ, ਜਿਨ੍ਹਾਂ ਨੇ ਜੀਵਨ ਨੂੰ ਨਵੇਂ ਰੂਪ ਵਿਚ ਦੇਖਣ ਤੇ ਸਮਝਣ ਦੇ ਯੋਗ ਬਣਾਇਆ। ਧੰਨਵਾਦੀ ਹੋਵੋ ਕੁਦਰਤ ਦੀਆਂ ਨਿਆਮਤਾਂ ਦੇ, ਜੋ ਹਰ ਵੇਲੇ, ਹਰ ਮੋੜ ‘ਤੇ ਤੁਹਾਡੀਆਂ ਜੀਵਨ-ਚਿੰਰਜੀਵਤਾ ਦਾ ਨਾਦ ਉਪਜਾ ਰਹੀਆਂ ਨੇ।
ਜਾਰੀ ਹੈ ਸਾਹ-ਸਰੰਗੀ ਵਿਚ ਪੈਦਾ ਹੋਇਆ ਸੰਗੀਤ, ਸਮੁੱਚੇ ਸਰੀਰ ਵਿਚ ਲਹੂ ਦੀ ਨਿਰੰਤਰ ਸਪਲਾਈ, ਸਰੀਰਕ ਕ੍ਰਿਆਵਾਂ ਦੀ ਅਟੁੱਟ ਰਫਤਾਰ, ਮਨ ਦੀ ਉਡਾਣ, ਆਪਣਿਆਂ ਨੂੰ ਮਿਲਣ ਦੀ ਚਾਹਤ, ਪੈਰਾਂ ਨਾਲ ਪੈੜ-ਸਿਰਜਣ ਦੀ ਤਮੰਨਾ, ਨੀਂਦ ਦਾ ਆਉਣਾ ਤੇ ਜਾਗਣ ਦੀ ਕ੍ਰਿਆ, ਭੁੱਖ ਦਾ ਲੱਗਣਾ ਆਦਿ। ਜੇ ਇਹ ਕੁਦਰਤੀ ਕਾਰਜ ਨਹੀਂ ਰੁਕ ਸਕਦੇ ਤਾਂ ਮਨੁੱਖ ਕਿਉਂ ਇੰਨਾ ਹੀਣਾ ਹੋ ਜਾਵੇ ਕਿ ਆਪਣੇ ਆਪ ਨੂੰ ਨਿਰਬਲ ਅਤੇ ਨਿਤਾਣਾ ਸਮਝੇ।
ਜਾਰੀ ਰਹੇ ਅੰਤਰੀਵੀ ਯਾਤਰਾ। ਖੁਦ ਵੱਲ ਮੁੜੋ। ਅੰਦਰ ਵੱਲ ਝਾਕੋ। ਖੁਦ ਨੂੰ ਪਛਾਣੋ, ਆਪ ਨੂੰ ਜਾਣੋ ਅਤੇ ਖੁਦ ਦੀ ਤਲਾਸ਼ ਕਰੋ, ਜੋ ਤੁਹਾਡੇ ਅੰਦਰ ਵੱਸਦਾ ਹੈ। ਅੰਤਰ ਸੰਵਾਦ ਬਹੁਤ ਜਰੂਰੀ ਹੁੰਦੈ, ਸਵੈ ਦੀ ਉਤਪਤੀ ਅਤੇ ਵਿਕਾਸ ਲਈ। ਖੁਦ ਤੋਂ ਬਿਹਤਰ ਕੋਈ ਨਹੀਂ ਹੁੰਦਾ, ਜੋ ਕਮੀਆਂ, ਕੁਤਾਹੀਆਂ, ਕਮੀਨਗੀਆਂ ਅਤੇ ਕੁਹਜਾਂ ਨੂੰ ਸਮਝ ਸਕੇ। ਇਹ ਵਧੀਆ ਮੌਕਾ ਹੈ, ਆਪਣੇ ਰੂਬਰੂ ਹੋਣ ਦਾ ਅਤੇ ਪਾਕੀਜ਼ ਹੋਣ ਲਈ ਕਾਲੇ ਧੱਬਿਆਂ ਨੂੰ ਧੋਣ ਦਾ।
ਜਗਦਾ ਰਹੇ ਅੰਤਰੀਵੀ ਜਲੋਅ, ਅੰਦਰੂਨੀ ਖੁਸ਼ੀ ਅਤੇ ਖੇੜੇ ਦਾ ਦੀਪ। ਅੰਦਰੂਨੀ ਹਾਕ ਨੂੰ ਸੁਣਨ ਦਾ ਅੰਦਾਜ਼ ਤੇ ਅਦਾਬ, ਰੂਹ-ਰੰਗਰੇਜਤਾ ਨੂੰ ਆਲਮੀ ਫਿਕਰਮੰਦੀ ਦੇ ਰੰਗ ਵਿਚ ਓਤਪੋਤ ਕਰਨ ਦਾ ਯਤਨ ਜਾਰੀ ਰਹੇ।
ਜਾਰੀ ਰੱਖੋ ਅਰਦਾਸ ਦੀ ਅਰਾਧਨਾ, ਬੰਦਗੀ ਦੀ ਬਿਰਤੀ ਅਤੇ ਮਨ ਵਿਚ ਚੰਗੇਰੇ ਤੇ ਉਸਾਰੂ ਵਿਚਾਰ ਪੈਦਾ ਕਰਨ ਦੀ ਤੌਫੀਕ। ਮਾੜੇ ਵਿਚਾਰ ਮਨੁੱਖ ਨੂੰ ਗਰਕਣੀ ਵਿਚ ਧੱਕਦੇ, ਜਦ ਕਿ ਉਸਾਰੂ ਬਿਰਤੀ ਡੁੱਬਦੇ ਵਿਅਕਤੀ ਦੇ ਦੀਦਿਆਂ ਵਿਚ ਕੰਢਿਆਂ ਦਾ ਅਕਸ ਧਰਦੇ ਨੇ। ਸਿਰੜੀ ਅਤੇ ਖੁਦ ‘ਤੇ ਵਿਸ਼ਵਾਸ ਕਰਨ ਵਾਲੇ ਹੀ ਪੀੜਾਂ ਵਿਚ ਪਗਡੰਡੀਆਂ ਦੀ ਸਿਰਜਣਾ ਕਰਦੇ ਨੇ। ਵਧੀਆ ਸੋਚਣ ਵਾਲੇ ਹੀ ਕੁਝ ਵਧੀਆ ਕਰਦੇ ਨੇ, ਕਿਉਂਕਿ ਉਤਮ-ਉਤੇਜਨਾ ਵਿਚੋਂ ਹੀ ਉਪਜਦੀ ਏ ਅੰਬਰ ਨੂੰ ਪੌੜੀਆਂ ਲਾਉਣ ਦੀ ਚਾਹਤ।
ਜਾਰੀ ਰਹੇ ਚੰਗੇ ਵਿਚਾਰਾਂ ਦਾ ਦਾਨ-ਪ੍ਰਦਾਨ। ਸੰਵਾਦ ਰਚਾਉਣ ਦੀ ਪ੍ਰਥਾ। ਇਕ ਦੂਜੇ ਤੋਂ ਪ੍ਰਭਾਵਿਤ ਹੋਣ ਜਾਂ ਕਰਨ ਦੀ ਪਹਿਲ। ਵਿਚਾਰਾਂ ਦੀ ਜੁਗਤੀ ਵਿਚੋਂ ਦੀਵਿਆਂ ਨੂੰ ਸਮਾਜ ਦੇ ਮਸਤਕ ਬਨੇਰੇ ‘ਤੇ ਧਰਨ ਦੀ ਪ੍ਰਕ੍ਰਿਆ। ਵਿਚਾਰਾਂ ਦੇ ਕਾਫਲੇ ਹੀ ਬਦਲੀਆਂ ਰੁੱਤਾਂ ਅਤੇ ਮੌਸਮਾਂ ਨੂੰ ਵਿਹੜੇ ਦਾ ਸ਼ਿੰਗਾਰ ਬਣਾਉਂਦੇ ਨੇ। ਗੱਲਬਾਤ ਵਿਚਲੀ ਗਹਿਰ ਗੰਭੀਰਤਾ ਵਿਚੋਂ ਹੀ ਸੁਘੜ ਸਿਆਣਪਾਂ ਦੀ ਸੋਝੀ ਹੁੰਦੀ, ਜਿਸ ਵਿਚੋਂ ਚਿੰਤਨ ਅਤੇ ਚੇਤਨਾ ਦਾ ਜਾਗ ਲੱਗਦਾ।
ਜਾਰੀ ਰੱਖੋ ਉਮੀਦ ਤੇ ਉਮੰਗ ਵਿਚਲੀ ਸਮਤੋਲਤਾ, ਕਰਮ ਤੇ ਧਰਮ ਵਿਚਲੀ ਨੇੜਤਾ, ਦੁੱਖ ਤੇ ਸੁੱਖ ਦੀ ਸਾਂਝੇਦਾਰੀ, ਦਿਆ ਤੇ ਦਰਿਆਦਿਲੀ ਦੀ ਅਮੋੜਤਾ, ਨਾਦ ਅਤੇ ਅਨਾਦੀ ਵਿਚਲੀ ਸਪਸ਼ਟਤਾ ਅਤੇ ਆਪਣੇ ਤੇ ਪਰਾਏ ਵਿਚ ਘਟਦੀ ਦੂਰੀ।
ਜਾਰੀ ਰੱਖੋ ਸੋਚ ਦੀ ਗਲੀ ਵਿਚ ਜੁਗਨੂੰਆਂ ਦਾ ਟਿਮਟਿਮਾਉਣਾ, ਸ਼ੁਭ ਕਰਮਨ ਦਾ ਗੀਤ ਰੁਆਂਸੇ ਹੋਠਾਂ ‘ਤੇ ਟਿਕਾਉਣਾ, ਚੁੱਪ ਦੀ ਠੋਢੀ ‘ਤੇ ਅਗੰਮੀ ਬੋਲਾਂ ਦਾ ਟਿੱਕਾ ਲਾਉਣਾ ਅਤੇ ‘ਨੀਚੀ ਹੂ ਅਤਿ ਨੀਚੁ’ ਦੀ ਧੁਨ ਦਾ ਮਨ ਜੂਹੇ ਉਪਜਾਉਣਾ।
ਜਾਰੀ ਰੱਖੋ ਡਿੱਗਿਆਂ ਨੂੰ ਉਠਾਉਣਾ, ਲਤਾੜਿਆਂ ਨੂੰ ਗਲ ਨਾਲ ਲਾਉਣਾ, ਉਨੀਂਦਰੇ ਨੈਣਾਂ ਨੂੰ ਲੋਰੀ ਸੁਣਾਉਣਾ ਅਤੇ ਲਾਚਾਰ ਦੇ ਸਿਰ ਧਰੀ ਦੁੱਖਾਂ ਦੀ ਗਠੜੀ ਲਈ ਪਂੈਡਾ-ਪਾਂਧੀ ਬਣਨਾ।
ਜਾਰੀ ਰੱਖੋ ਸੁਪਨਹੀਣ ਦੀਦਿਆਂ ਵਿਚ ਸੁਪਨੇ ਧਰਨ ਦੀ ਕਰਮ-ਜਾਚਨਾ, ਰੂਹ-ਹੀਣਾਂ ਨੂੰ ਰੰਗਰੇਜ਼ ਬਣਨ ਲਈ ਪ੍ਰੇਰਨਾ ਅਤੇ ਖਾਲੀ ਖਾਲੀ ਨੈਣਾਂ ਨੂੰ ਚਿਰਾਗ ਬਣਨ ਦੀ ਤਮੰਨਾ। ਮੋਮਬੱਤੀਆਂ ਬੁਝਾਉਣ ਵਾਲੇ ਤਾਂ ਬਹੁਤ ਹੋਣਗੇ, ਪਰ ਤੁਸੀਂ ਬਨੇਰਿਆਂ ‘ਤੇ ਮੋਮਬੱਤੀ ਬਾਲਦੇ ਰਹਿਣਾ ਭਾਵੇਂ ਕਿੰਨੇ ਵੀ ਤੂਫਾਨ ਇਨ੍ਹਾਂ ਨੂੰ ਬੁਝਾਉਣ ਲਈ ਬਜਿੱਦ ਹੋਣ।
ਜਾਰੀ ਰੱਖੋ ਆਤਮ-ਸਨਮਾਨ, ਆਤਮ-ਵਿਸ਼ਵਾਸ ਅਤੇ ਆਤਮ-ਨਿਰਭਰਤਾ ਦੀ ਅਗੰਮੀ ਯਾਤਰਾ, ਕਿਉਂਕਿ ਇਹ ਸਫਰ ਸਭ ਤੋਂ ਅਨੂਠਾ ਅਤੇ ਅਹਿਮ ਹੁੰਦਾ, ਜਿਸ ਨੇ ਤੁਹਾਡਾ ਨਾਮ ਤਹਿਜ਼ੀਬ ਵਿਚ ਨਿਸ਼ਚਿਤ ਕਰਨਾ।
ਜਾਰੀ ਰੱਖੋ ਜੀਵਨ ਦਾ ਸਫਰ। ਜੀਵਨ ਬਹੁਤ ਅਣਮੁੱਲਾ, ਅਨੰਦਮਈ ਅਤੇ ਇਲਾਹੀ ਹੁੰਦਾ, ਜੇ ਅਸੀਂ ਹੈਂਕੜ, ਹਉਮੈਂ, ਹੰਕਾਰ, ਹੱਠ-ਧਰਮੀ ਅਤੇ ਹੋਸ਼ੀ ਬਿਰਤੀ ਨੂੰ ਤਿਆਗ ਕੇ ਸੁੱਚੀਆਂ ਕਦਰਾਂ ਕੀਮਤਾਂ ਨੂੰ ਜੀਵਨ ਉਦੇਸ਼ ਬਣਾਈਏ।
ਜਾਰੀ ਰੱਖੋ ਸਵੈ-ਸਾਧਨਾ, ਸਵੈ-ਸ਼ੁੱਧਤਾ, ਸਵੈ-ਸਾਦਗੀ, ਸਵੈ-ਸੁਹਜਤਾ, ਸਵੈ-ਸੰਤੋਖ ਅਤੇ ਸਵੈ-ਸਮਰਪਣ ਦਾ ਸਿਦਕ। ਇਹ ਮਾਰਗ ਹੀ ਤੁਹਾਨੂੰ ਦੂਜਿਆਂ ਨਾਲੋਂ ਵਿਲੱਖਣ ਅਤੇ ਵਿਕੋਲਿਤਰਾ ਕਰਦਾ। ਤੁਸੀਂ ਜੇ ਇਸ ਦੇ ਹਾਣੀ ਨਹੀਂ ਹੋਏ ਤਾਂ ਇਸ ਨੂੰ ਜਾਰੀ ਰੱਖਣਾ ਹੋਰ ਵੀ ਜਰੂਰੀ।
ਬਾਹਰ ਸਭ ਕੁਝ ਬੰਦ ਹੈ, ਪਰ ਇਹ ਅਸਥਾਈ ਹੈ, ਉਨੇ ਸਮੇਂ ਲਈ ਆਪਣੇ ਅੰਦਰਲੇ ਕਿਵਾੜ ਖੋਲੋ। ਗਿਆਨ ਇੰਦਰੀਆਂ ਨੂੰ ਆਲੇ-ਦੁਆਲੇ ਨੂੰ ਸਿਆਣਨ, ਪਰਖਣ ਸਮਝਣ ਲਈ ਵਰਤੋ। ਬਾਹਰੀ ਭਟਕਣਾ ਪਿਛੋਂ ਹੁਣ ਅੰਦਰ ਵੱਲ ਨੂੰ ਪਰਤਣ ਦਾ ਮੌਕਾ ਹੈ। ਇਸ ਨੂੰ ਅਜਾਈਂ ਨਾ ਗਵਾਓ ਕਿਉਂਕਿ ਕਸ਼ਟਮਈ ਦਿਨ ਜਦ ਖਤਮ ਹੋ ਗਏ ਤਾਂ ਮਨੁੱਖ ਨੇ ਫਿਰ ਦੁਨਿਆਵੀ ਦੌੜ ਵਿਚ ਖਚਤ ਹੋ ਜਾਣਾ ਏ।
ਜਾਰੀ ਰੱਖੋ ਖੁਦ ਨੂੰ ਬਦਲੇ ਹੋਏ ਹਾਲਾਤ ਨਾਲ ਨਜਿਠਣ ਲਈ ਤਿਆਰ ਕਰਨਾ, ਕਿਉਂਕਿ ਇਸ ਮਹਾਮਾਰੀ ਪਿਛੋਂ ਸਮੁੱਚੇ ਵਿਸ਼ਵ ਦਾ ਸਮਾਜਕ, ਆਰਥਕ, ਮਾਨਸਿਕ, ਸਰੀਰਕ ਅਤੇ ਵਿਅਕਤਿਤਵ ਵਰਤਾਰਾ ਬਹੁਤ ਬਦਲ ਜਾਣਾ। ਵਧੀਆ ਮਨੁੱਖ ਉਹ ਹੀ ਹੁੰਦਾ, ਜੋ ਭਵਿੱਖੀ ਚੁਣੌਤੀਆਂ ਨੂੰ ਕਿਆਸ, ਖੁਦ ਨੂੰ ਇਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਕਰੇ। ਸੋ ਲੋੜ ਹੈ ਕਿ ਆਉਣ ਵਾਲੇ ਦਿਨਾਂ ਲਈ ਮਾਨਸਿਕ ਤੌਰ ‘ਤੇ ਤਿਆਰ ਹੋਣਾ ਜਾਰੀ ਰੱਖੋ, ਜਦ ਤੁਸੀਂ ਸਮੇਂ ਦੀ ਕਸੌਟੀ ‘ਤੇ ਪਰਖੇ ਜਾਵੋਗੇ।
ਜਾਰੀ ਰੱਖੋ ਚੰਗਿਆਈ, ਭਲਿਆਈ ਅਤੇ ਬੰਦਿਆਈ ਦਾ ਸਫਰ ਕਿਉਂਕਿ ਇਹ ਅਜਿਹਾ ਸਫਰ ਹੈ, ਜੋ ਕਦੇ ਵੀ ਖਤਮ ਨਹੀਂ ਹੁੰਦਾ। ਇਹ ਸਫਰ ਕੁਝ ਅਜਿਹਾ ਝੋਲੀ ਵਿਚ ਪਾਉਂਦਾ, ਜੋ ਸਾਰੀ ਉਮਰ ਦੀ ਕਮਾਈ ਨਾਲੋਂ ਵੀ ਉਚਤਮ ਹੁੰਦਾ।
ਜ਼ਿੰਦਗੀ ਦੇ ਅਜਿਹੇ ਸਫਰ ਨੂੰ ਜਾਰੀ ਰੱਖਣ ਦੀ ਆਸ ਤਾਂ ਪਾਠਕਾਂ ਕੋਲੋਂ ਰੱਖੀ ਹੀ ਜਾ ਸਕਦੀ ਏ।