ਮਹਾਮਾਰੀ, ਸਮੂਹਿਕ ਸਦਮਾ ਅਤੇ ਬੇਖਬਰ ਲੋਕ

ਬੂਟਾ ਸਿੰਘ
ਫੋਨ: +91-94634-74342
2007 ਵਿਚ ਲੇਖਕਾ ਨੇਓਮੀ ਕਲਾਈਨ ਨੇ ਖੋਜ ਭਰਪੂਰ ਕਿਤਾਬ ਲਿਖੀ ਸੀ – ‘ਦਿ ਸ਼ੌਕ ਡਾਕਟਰਿਨ’। ਦੁਨੀਆਂ ਦੀਆਂ 30 ਤੋਂ ਵਧੇਰੇ ਜ਼ੁਬਾਨਾਂ ਵਿਚ ਅਨੁਵਾਦ ਹੋ ਚੁੱਕੀ ਇਸ ਕਿਤਾਬ ਨੇ ਦੁਨੀਆ ਨੂੰ ‘ਸਦਮਾ ਮੱਤ’ ਦੇ ਪੈਰੋਕਾਰ ਯੋਜਨਾਘਾੜਿਆਂ ਅਤੇ ‘ਸ਼ਿਕਾਗੋ ਸਕੂਲ ਆਫ ਇਕਨਾਮਿਕਸ’ ਦੀ ਵਿਚਾਰਧਾਰਕ ਰਾਹਨੁਮਾਈ ਹੇਠ ਕੰਮ ਕਰਦੇ ਕਾਰਪੋਰੇਟ ਸਰਮਾਏਦਾਰੀ ਪੱਖੀ ਨਿਜ਼ਾਮਾਂ ਦੇ ਲੁਕਵੇਂ ਪੱਖ ਤੋਂ ਜਾਣੂ ਕਰਾਇਆ। ਲੇਖਕਾ ਨੇ ਖੁਲਾਸਾ ਕੀਤਾ ਕਿ ਘੋਰ ਸੱਜੇਪੱਖੀ ਤਾਕਤਾਂ ਸੱਚਮੁੱਚ ਦੀਆਂ ਜਾਂ ਨਕਲੀ ਆਫਤਾਂ ਦੇ ਬਹਾਨੇ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਨੂੰ ਕਿਵੇਂ ਸਹਿਜੇ ਹੀ ਥੋਪਣ ਵਿਚ ਕਾਮਯਾਬ ਹੋ ਜਾਂਦੀਆਂ ਹਨ।

ਹਾਲ ਹੀ ਵਿਚ ਭਾਰਤ ਵਿਚ ਆਰ. ਐਸ਼ ਐਸ-ਭਾਜਪਾ ਦੀ ਸਰਕਾਰ ਕਰੋਨਾ ਵਾਇਰਸ ਦੇ ਖੌਫ ਨੂੰ ਪੂਰੇ ਮੁਲਕ ਨੂੰ ਸਮਾਜਿਕ ਸਦਮਾ ਦੇਣ ਲਈ ਅਮਲ ਵਿਚ ਲਿਆ ਕੇ ਇਸ ਦੌਰਾਨ ਆਪਣਾ ਫਿਰਕੂ ਏਜੰਡਾ ਲਾਗੂ ਕਰ ਰਹੀ ਹੈ। ਬੈਂਕਾਂ ਦਾ ਰਲੇਵਾਂ ਕਰਕੇ ਵਿੱਤ ਵਿਵਸਥਾ ਦਾ ਹੋਰ ਜ਼ਿਆਦਾ ਕੇਂਦਰੀਕਰਨ ਕਰ ਲਿਆ ਗਿਆ ਹੈ। ਜੰਮੂ ਕਸ਼ਮੀਰ ਵਿਚ ਡੌਮੀਸਾਈਲ ਦੀ ਨੀਤੀ ਚੁੱਪ-ਚੁਪੀਤੇ ਲਾਗੂ ਕੀਤੀ ਜਾ ਰਹੀ ਹੈ। ਸੀ. ਏ. ਏ. -ਐਨ. ਪੀ. ਆਰ. -ਐਨ. ਆਰ. ਸੀ. ਖਿਲਾਫ ਵਿਸ਼ਾਲ ਲੋਕ ਵਿਰੋਧ ਨੂੰ ਲੌਕਡਾਊਨ ਦੇ ਬਹਾਨੇ ਬੇਕਿਰਕੀ ਨਾਲ ਦਬਾ ਦਿੱਤਾ ਗਿਆ ਹੈ। ਮਹਾਮਾਰੀ ਨੂੰ ਮੁਸਲਿਮ ਘੱਟਗਿਣਤੀ ਵਿਰੁੱਧ ਨਫਰਤ ਫੈਲਾਉਣ ਦਾ ਸਾਧਨ ਬਣਾ ਲਿਆ ਗਿਆ ਹੈ। ਇਸ ਦੀ ਮੁੱਖ ਮਿਸਾਲ ਨਿਜ਼ਾਮੂਦੀਨ ਮਰਕਜ਼ ਦਾ ਦਾਨਵੀਕਰਨ ਹੈ। ਮੋਦੀ ਪੱਖੀ ਚੈਨਲ ‘ਕਰੋਨਾ ਸੇ ਜੰਗ ਵਿਚ ‘ਜਮਾਤ’ ਕਾ ਆਘਾਤ?’, ‘ਕਰੋਨਾ ਜਹਾਦ ਸੇ ਦੇਸ਼ ਬਚਾਓ’, ‘ਨਿਜ਼ਾਮੂਦੀਨ ਕਾ ਵਿਲੇਨ ਕੌਨ?’, ‘ਧਰਮ ਕੇ ਨਾਮ ਪਰ ਜਾਨਲੇਵਾ ‘ਅਧਰਮ’ ਵਰਗੇ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਤ ਕਰਦੇ ਦੇਖੇ ਗਏ। ਸੋਸ਼ਲ ਮੀਡੀਆ ਉਪਰ ਮੁਸਲਮਾਨਾਂ ਵਿਰੁਧ ਜ਼ਹਿਰੀਲੀਆਂ ਪੋਸਟਾਂ ਦੀ ਭਰਮਾਰ ਹੈ। ਅਗਨੀਪੋਸਟ. ਕਾਮ ਵਰਗੀਆਂ ਵੈੱਬਸਾਈਟਾਂ ਸ਼ਰੇਆਮ ਜ਼ਹਿਰ ਫੈਲਾ ਰਹੀਆਂ ਹਨ।
ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਮਰਕਜ਼ ਨੂੰ ਤਬਲੀਗੀ ਜਮਾਤ ਦਾ ਦੁਨੀਆ ਦਾ ਸਭ ਤੋਂ ਬੜਾ ਮਰਕਜ਼ (ਕੇਂਦਰ) ਮੰਨਿਆ ਜਾਂਦਾ ਹੈ। ਇਸ ਦੀ ਸਥਾਪਨਾ ਮੌਲਾਨਾ ਇਲਿਆਸ ਕਾਂਧਲਵੀ ਨੇ 1927-28 ਵਿਚ ਸੁੰਨੀ ਮੁਸਲਮਾਨਾਂ ਦੀ ਜਥੇਬੰਦੀ ‘ਤਬਲੀਗੀ ਜਮਾਤ’ ਵਜੋਂ ਕੀਤੀ ਸੀ। ਜਮਾਤ ਦੇ ਇਸ ਸਦਰ-ਮੁਕਾਮ ਵਿਖੇ ਪੂਰਾ ਸਾਲ ਦੇਸ਼-ਵਿਦੇਸ਼ ਤੋਂ ਲੋਕ ਇਸਲਾਮੀ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਲਈ ਆਉਂਦੇ-ਜਾਂਦੇ ਰਹਿੰਦੇ ਸਨ। ਸਾਲ ਵਿਚ ਇੱਥੇ ਕਈ ਵਾਰ ਜਮਾਤਾਂ ਲੱਗਦੀਆਂ ਹਨ ਜਿਸ ਵਿਚ ਸ਼ਾਮਲ ਹੋ ਕੇ ਲੋਕ ਕੁਰਾਨ ਅਤੇ ਹੋਰ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦੇ ਹਨ।
ਇਸੇ ਤਰ੍ਹਾਂ ਦਾ ਇਕ ਇਕੱਠ ਨਿਜ਼ਾਮੂਦੀਨ ਮਰਕਜ਼ ਵਿਖੇ ਇਸ ਵਾਰ 13 ਤੋਂ 15 ਮਾਰਚ ਤਕ ਹੋਇਆ ਸੀ ਜਿਸ ਵਿਚ ਭਾਰਤ ਦੇ 14 ਰਾਜਾਂ ਤੋਂ ਲੋਕ ਅਤੇ ਇਸੇ ਤਰ੍ਹਾਂ ਮਲੇਸ਼ੀਆ, ਇੰਡੋਨੇਸ਼ੀਆ, ਸਾਊਦੀ ਅਰਬ ਤੇ ਕਿਰਗਿਜ਼ਸਤਾਨ ਅਤੇ ਹੋਰ ਕਈ ਮੁਲਕਾਂ ਦੇ 5000 ਤੋਂ ਵਧੇਰੇ ਨੁਮਾਇੰਦੇ ਸ਼ਾਮਲ ਹੋਏ। ਪਹਿਲਾਂ ਦਿੱਲੀ ਪੁਲਿਸ-ਪ੍ਰਸ਼ਾਸਨ ਅੱਖਾਂ ਮੀਟ ਕੇ ਬੈਠਾ ਰਿਹਾ। ਜਦ ਇਸ ਸਮਾਗਮ ਵਿਚ ਸ਼ਾਮਲ ਹੋਏ ਤੇਲੰਗਾਨਾ ਦੇ ਛੇ ਵਿਅਕਤੀਆਂ ਦੀ ਮੌਤ ਦੀ ਖਬਰ ਆ ਗਈ ਤਾਂ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਇਕਦਮ ਸਰਗਰਮ ਹੋ ਗਈ। ਮਰਕਜ਼ ਨੂੰ ਖਾਲੀ ਕਰਵਾ ਕੇ ਇੱਥੇ ਮੌਜੂਦ 2361 ਲੋਕਾਂ ਦੀ ਸਕ੍ਰੀਨਿੰਗ ਕਰਨ ਤੋਂ ਬਾਅਦ ਮਰਕਜ਼ ਨੂੰ ‘ਕਰੋਨਾ ਹੌਟਸਪੌਟ’ ਕਰਾਰ ਦੇ ਦਿੱਤਾ ਗਿਆ। ਸਰਕਾਰੀ ਰਿਪੋਰਟ ਕਹਿੰਦੀ ਹੈ ਕਿ ਇੱਥੇ ਮੌਜੂਦ ਲੋਕਾਂ ਵਿਚੋਂ ਵੱਡੀ ਤਾਦਾਦ ‘ਚ ਲੋਕਾਂ ਦੇ ਟੈਸਟ ਪਾਜ਼ੇਟਿਵ ਹਨ ਜਿਸ ਕਾਰਨ 617 ਨੂੰ ਹਸਪਤਾਲਾਂ ਵਿਚ ਅਤੇ ਬਾਕੀਆਂ ਨੂੰ ਕੁਆਰਨਟੀਨ (ਏਕਾਂਤਵਾਸ) ਵਿਚ ਰੱਖਿਆ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਤਬਲੀਗੀ ਜਮਾਤ ਦੇ ਪ੍ਰਬੰਧਕਾਂ ਨੂੰ ਹਾਲਾਤ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਰੱਦ ਕਰ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਅਜਿਹਾ ਨਾ ਕਰਕੇ ਬਹੁਤ ਘਾਤਕ ਗਲਤੀ ਕੀਤੀ ਹੈ ਕਿਉਂਕਿ ਬਾਹਰੋਂ ਆਉਣ ਵਾਲੇ ਅਣਜਾਣੇ ਹੀ ਕੋਵਿਡ-19 ਦੇ ‘ਕੈਰੀਅਰ’ ਬਣ ਗਏ ਅਤੇ ਉਨ੍ਹਾਂ ਜ਼ਰੀਏ ਸਥਾਨਕ ਲੋਕ ਇਸ ਇਨਫੈਕਸ਼ਨ ਦੀ ਲਪੇਟ ਵਿਚ ਆ ਗਏ; ਲੇਕਿਨ ਕੀ ਇਸ ਲਈ ਸਿਰਫ ਤਬਲੀਗੀ ਪ੍ਰਬੰਧਕ ਹੀ ਜ਼ਿੰਮੇਵਾਰ ਹਨ? ਭਾਰਤ ਸਰਕਾਰ ਉਨ੍ਹਾਂ ਦੇ ਵੀਜ਼ੇ ਰੱਦ ਕਰ ਸਕਦੀ ਸੀ, ਜਾਂ ਫਿਰ ਏਅਰਪੋਰਟਾਂ ਉਪਰ ਉਨ੍ਹਾਂ ਦੀ ਵਿਸ਼ੇਸ਼ ਸਕ੍ਰੀਨਿੰਗ ਕਰਨ ਤੋਂ ਬਾਅਦ ਤਬਲੀਗੀ ਮਰਕਜ਼ ਅੰਦਰ ਇਨਫੈਕਸ਼ਨ ਤੋਂ ਬਚਾਓ ਲਈ ਵਿਸ਼ੇਸ਼ ਇੰਤਜ਼ਾਮ ਕਰਵਾਏ ਜਾਂਦੇ। ਮਹਾਮਾਰੀ ਦੇ ਮੱਦੇਨਜ਼ਰ 15 ਮਾਰਚ ਨੂੰ ਸਮਾਗਮ ਖਤਮ ਤੋਂ ਤੁਰੰਤ ਬਾਅਦ ਵੀ ਸਰਕਾਰੀ ਏਜੰਸੀਆਂ ਅਤੇ ਦਿੱਲੀ ਪੁਲਿਸ ਵਲੋਂ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਮਰਕਜ਼ ਖਾਲੀ ਕਰਵਾ ਕੇ ਵਿਦੇਸ਼ੀਆਂ ਨੂੰ ਕੁਆਰਨਟੀਨ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਗਏ।
ਇਹ ਤੱਥ ਕੇਂਦਰ ਸਰਕਾਰ, ਦਿੱਲੀ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਦੀ ਭੂਮਿਕਾ ਉਪਰ ਗੰਭੀਰ ਖੜ੍ਹੇ ਕਰਦੇ ਹਨ। 12 ਮਾਰਚ ਨੂੰ ਦਿੱਲੀ ਸਰਕਾਰ ਵਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਸੀ ਕਿ 50 ਤੋਂ ਜ਼ਿਆਦਾ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਫਿਰ ਵੀ 13 ਤੋਂ 15 ਮਾਰਚ ਤੱਕ ਐਨੀ ਵੱਡੀ ਤਾਦਾਦ ‘ਚ ਲੋਕ ਉਥੇ ਇਕੱਠੇ ਹੋਏ। 23 ਮਾਰਚ ਨੂੰ ਪੂਰੇ ਮੁਲਕ ਵਿਚ ਲੌਕਡਾਊਨ ਲਾਗੂ ਕੀਤੇ ਜਾਣ ਤੋਂ ਬਾਅਦ ਵੀ ਮਰਕਜ਼ ਦੇ ਅੰਦਰ 2361 ਲੋਕ ਰਹਿਣ ਦਿੱਤੇ ਗਏ ਜਿਹਨਾਂ ਨੂੰ ਉਥੋਂ ਕੱਢਣ ਦੀ ਕਾਰਵਾਈ 31 ਮਾਰਚ ਨੂੰ ਸ਼ੁਰੂ ਕੀਤੀ ਗਈ। ਪ੍ਰਬੰਧਕਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਵਿਦੇਸ਼ੀਆਂ ਨੂੰ ਉਥੋਂ ਕੱਢਣ ਲਈ ਵਾਹਨਾਂ ਦੇ ਪਾਸ ਜਾਰੀ ਕਰਨ ਦੀ ਬੇਨਤੀ ਪ੍ਰਵਾਨ ਨਹੀਂ ਕੀਤੀ। ਬਾਅਦ ਵਿਚ ਇਸ ਇਕੱਠ ਨੂੰ ਮੁਸਲਮਾਨਾਂ ਨੂੰ ਭੰਡਣ ਦਾ ਹਥਿਆਰ ਬਣਾ ਲਿਆ ਗਿਆ। ਖੁਦ ਸਿਹਤ ਅਤੇ ਪਰਿਵਾਰ ਮੰਤਰਾਲੇ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਦੀ ਰੋਜ਼ਾਨਾ ਪ੍ਰੈੱਸ ਬਰੀਫਿੰਗ ਇਸ ਦਾ ਸਾਖਿਆਤ ਨਮੂਨਾ ਹੈ। ਉਸ ਨੇ ਪੂਰੇ ਮਾਮਲੇ ਨੂੰ ਫਿਰਕੂ ਰੰਗਤ ਦਿੰਦਿਆਂ ਕਿਹਾ ਕਿ ਸਰਕਾਰ ਦੇ ਉਪਾਅ ਸਫਲ ਹੋ ਰਹੇ ਸਨ, ਤਬਲੀਗੀ ਜਮਾਤ ਦੇ ਬਿਮਾਰਾਂ ਦੀ ਲਾਗ ਨਾਲ ਮਾਮਲਿਆਂ ‘ਚ ਵਾਧਾ ਹੋਣਾ ਸ਼ੁਰੂ ਹੋਇਆ ਹੈ। ਉਤਰਾਖੰਡ ਦੇ ਡੀ. ਜੀ. ਪੀ. ਨੇ ਧਮਕੀ ਦਿੱਤੀ ਹੈ ਕਿ ਜੇ 6 ਅਪਰੈਲ ਤੱਕ ਤਬਲੀਗੀ ਜਮਾਤ ਵਿਚ ਹਿੱਸਾ ਲੈਣ ਵਾਲਿਆਂ ਨੇ ਆਪੋ-ਆਪਣੇ ਪ੍ਰਸ਼ਾਸਨ ਨੂੰ ਰਿਪੋਰਟ ਨਾ ਕੀਤੀ ਤਾਂ ਉਨ੍ਹਾਂ ਵਿਰੁਧ ਇਰਾਦਾ ਕਤਲ ਦੇ ਕੇਸ ਦਰਜ ਕੀਤੇ ਜਾਣਗੇ।
ਇਸ ਦੌਰਾਨ ਜੋ ਹਿੰਦੂ ਇਕੱਠ ਜਾਂ ਸਮਾਗਮ ਹੋਏ ਉਨ੍ਹਾਂ ਦੀ ਜਾਣਕਾਰੀ ਦਬਾ ਲਈ ਗਈ। ਮਿਸਾਲ ਵਜੋਂ 1800 ਗੁਜਰਾਤੀ ਲੋਕਾਂ ਦਾ ਮਾਮਲਾ ਹੈ ਜੋ ਹਰਦਵਾਰ ਵਿਚ ਫਸੇ ਹੋਏ ਸਨ। ਗੁਜਰਾਤ ਦੇ ਮੁੱਖ ਮੰਤਰੀ ਰੁਪਾਣੀ ਨੇ ਉਤਰਾਖੰਡ ਦੇ ਮੁੱਖ ਮੰਤਰੀ ਨਾਲ ਗਿੱਟਮਿੱਟ ਕਰਕੇ ਉਨ੍ਹਾਂ ਨੂੰ ਉਤਰਾਖੰਡ ਦੀਆਂ ਸਰਕਾਰੀ ਲਗਜ਼ਰੀ ਬੱਸਾਂ ਵਿਚ ਬਿਠਾ ਕੇ ਸਿੱਧੇ ਘਰ ਪਹੁੰਚਾ ਦਿੱਤਾ। ਗੋਦੀ ਮੀਡੀਆ ਨੇ ਇਸ ਦੀ ਧੂੰਅ ਤਕ ਨਹੀਂ ਨਿਕਲਣ ਦਿੱਤੀ। ਰਾਮ ਨੌਮੀ ਉਪਰ ਕਈ ਜਗਾ੍ਹ ਹਿੰਦੂ ਫਿਰਕੂ ਨੇ ਇਕੱਠ ਕੀਤੇ। ਮਹਾਂਰਾਸ਼ਟਰ ਦੇ ਸੋਲਾਪੁਰ ਵਿਚ ਇਕ ਰਥ ਯਾਤਰਾ ਕਈ ਸਾਲਾਂ ਤੋਂ ਕੀਤੀ ਜਾਂਦੀ ਹੈ। ਇਸ ਵਾਰ ਵੀ ਸ਼ਰਧਾਲੂਆਂ ਨੇ ਲੌਕਡਾਊਨ ਦੀਆਂ ਧੱਜੀਆਂ ਉਡਾ ਕੇ ਰਥ ਯਾਤਰਾ ਕੱਢੀ। ਪੁਲਿਸ ਵਲੋਂ ਰੋਕੇ ਜਾਣ ‘ਤੇ ਪੱਥਰਬਾਜ਼ੀ ਕੀਤੀ ਗਈ ਜਿਸ ਵਿਚ ਕਈ ਪੁਲਿਸ ਵਾਲੇ ਜ਼ਖਮੀ ਹੋਏ। ਮਸ਼ਹੂਰ ਸ਼ਿਰਡੀ ਮੰਦਰ ਦੇ ਸੀ. ਈ. ਓ. ਅਤੇ ਉਸ ਦੇ ਪਰਿਵਾਰ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਹਦਾਇਤਾਂ ਦਾ ਉਲੰਘਣ ਕਰਕੇ ਰਾਮ ਨੌਵੀਂ ਦੀ ਪੂਜਾ ਕੀਤੀ।
ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਮਹਾਰਾਜਪੁਰ ਵਿਚ ਇਕ ਸ਼ਖਸ ਸੁਰੇਸ਼ ਨੇ ਆਪਣੀ ਮਾਂ ਦੀ ਤੇਹਰਵੀਂ ਦਾ ਭੋਜ ਕੀਤਾ। ਉਸ ਦੇ 23 ਰਿਸ਼ਤੇਦਾਰਾਂ ਵਿਚੋਂ 10 ਦੀ ਰਿਪੋਰਟ ਪਾਜ਼ਟਿਵ ਹੈ। ਇਸ ਪਿੱਛੋਂ 3000 ਘਰਾਂ ਦੇ ਇਸ ਪੂਰੇ ਇਲਾਕੇ ਨੂੰ ਸੀਲ ਕਰਕੇ 26000 ਲੋਕਾਂ ਨੂੰ ਹੋਮ ਕੁਆਰਨਟੀਨ ਕੀਤਾ ਗਿਆ ਹੈ। ਯੂ. ਪੀ. ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਪਿੰਡ ਮੋਰਨਾ ਵਿਚ ਜਦੋਂ ਪੁਲਿਸ ਨੇ ਪਿੰਡ ਦੇ ਮੁਖੀ ਨਾਹਰ ਸਿੰਘ ਦੇ ਪਰਿਵਾਰ ਨੂੰ ਲੌਕਡਾਊਨ ਦਾ ਉਲੰਘਣ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਪੁਲਿਸ ਉਪਰ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਸਾਰੇ ਮਾਮਲੇ ਹਿੰਦੂ ਫਿਰਕੇ ਨਾਲ ਸਬੰਧਤ ਹੋਣ ਕਾਰਨ ਸੰਘ ਦੀ ਟਰੌਲ ਆਰਮੀ, ਗੋਦੀ ਮੀਡੀਆ ਅਤੇ ਮੋਦੀ ਭਗਤਾਂ ਨੇ ਇਹ ਦਬਾ ਲਏ। ਸਿਰਫ ਤਬਲੀਗੀ ਜਮਾਤ ਦੇ ਇਕੱਠ ਨੂੰ ਕਰੋਨਾ ਜਹਾਦ ਦੱਸਿਆ ਜਾ ਰਿਹਾ ਹੈ। ਰਾਜ ਠਾਕਰੇ ਨੇ ਤਾਂ ਪੁਲਿਸ ਨੂੰ ਤਬਲੀਗੀਆਂ ਨੂੰ ਗੋਲੀ ਨਾਲ ਉਡਾ ਦੇਣ ਦੀ ਖੁੱਲ੍ਹ ਦੇਣ ਦੀ ਮੰਗ ਕੀਤੀ ਹੈ।
ਸੰਘ ਦੇ ਟਰੌਲ ਅਤੇ ਮੋਦੀ ਦੇ ਭਗਤ ਮੁਸਲਮਾਨਾਂ ਖਿਲਾਫ ਨਹਾਇਤ ਜ਼ਹਿਰੀਲਾ ਪ੍ਰਚਾਰ ਕਰ ਰਹੇ ਹਨ। ਇਕ ਡਿਜੀਟਲ ਹਿਊਮੈਨ ਰਾਈਟਸ ਗਰੁੱਪ, ਇਕੁਐਲਿਟੀ ਲੈਬ, ਵਲੋਂ ਸ਼ੇਅਰ ਕੀਤੇ ਡੇਟਾ ਅਨੁਸਾਰ 28 ਮਾਰਚ ਤੋਂ ਲੈ ਕੇ ਹੈਸ਼ਟੈਗ ਕਰੋਨਾਜਹਾਦ ਲਗਭਗ 3 ਲੱਖ ਵਾਰ ਟਵੀਟ ਕੀਤਾ ਗਿਆ ਜਿਸ ਨੂੰ ਟਵਿਟਰ ਉਪਰ 16. 50 ਕਰੋੜ ਲਕਾਂ ਵੱਲੋਂ ਦੇਖੇ ਜਾਣ ਦਾ ਅਨੁਮਾਨ ਹੈ। ਮੋਦੀ ਭਗਤਾਂ ਦੇ ਸੋਸ਼ਲ ਮੀਡੀਆ ਪ੍ਰਚਾਰ ਦੀਆਂ ਕੁਝ ਮਿਸਾਲਾਂ ਪੇਸ਼ ਹਨ: ਪ੍ਰਧਾਨ ਮੰਤਰੀ ਦੀ ਫੈਨ ਬਬੀਤਾ ਫੋਗਟ ਦਾ ਟਵੀਟ: “ਫੈਲਾ ਹੋਗਾ ਚਮਗਾਦੜ ਸੇ ਤੁਮਹਾਰੇ ਵਹਾਂ, ਹਮਾਰੇ ਯਹਾਂ ਤੋ ਜਾਹਿਲ ਸੂਰੋਂ ਸੇ ਫੈਲ ਰਹਾ ਹੈ।” ਇਸ ਅਕਾਊਂਟ ਨੂੰ ਪ੍ਰਧਾਨ ਮੰਤਰੀ ਫਾਲੋ ਕਰ ਰਿਹਾ ਹੈ। ਇਸੇ ਤਰ੍ਹਾਂ, ਸਮਾਚਾਰ ਏਜੰਸੀਆਂ ਦੀ ਰਿਪੋਰਟ ਆਈ ਕਿ ਜਿਹਨਾਂ ਤਬਲੀਗੀ ਜਮਾਤ ਵਿਚ ਹਿੱਸਾ ਲੈਣ ਵਾਲੇ 167 ਵਿਅਕਤੀਆਂ ਨੂੰ ਤੁਗਲਕਾਬਾਦ ਸਥਿਤ ਰੇਲਵੇ ਦੇ ਕੁਆਰਨਟੀਨ ਸੈਂਟਰ ਵਿਚ ਰੱਖਿਆ ਗਿਆ, ਉਨ੍ਹਾਂ ਨੇ ਡਾਕਟਰਾਂ ਸਮੇਤ ਮੈਡੀਕਲ ਅਮਲੇ ਨਾਲ ਬਦਸਲੂਕੀ ਕਰਨ ਤੋਂ ਇਲਾਵਾ ਉਨ੍ਹਾਂ ਉਪਰ ਥੁੱਕਿਆ। ਇਸ ਖਬਰ ਨਾਲ ਜੋੜ ਕੇ ਮੋਦੀ ਭਗਤਾਂ ਨੇ ਇਕ ਵੀਡੀਓ ਵੱਡੇ ਪੈਮਾਨੇ ‘ਤੇ ਵਾਇਰਲ ਕੀਤੀ। ਰਿਧੀਮਾ ਪਾਂਡੇ ਨਾਂ ਦੀ ਟਰੌਲ ਨੇ ਵੀਡੀਓ ਪੋਸਟ ਕਰਕੇ ਲਿਖਿਆ: ‘ਜਿਨਕੋ ਸਬੂਤ ਚਾਹੀਏ ਵੋਹ ਯੇ ਦੇਖ ਲੇਂ।’ ਇਸ ਵੀਡੀਓ ਨੂੰ ਟਵਿਟਰ ਉਪਰ 81 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ ਅਤੇ ਚਾਰ ਹਜ਼ਾਰ ਦੇ ਕਰੀਬ ਲੋਕਾਂ ਨੇ ਰੀ-ਟਵੀਟ ਕੀਤਾ ਹੈ। ਫੇਸਬੁੱਕ ਉਪਰ ਮੇਘਰਾਜ ਚੌਧਰੀ ਵਲੋਂ ਸ਼ੇਅਰ ਕੀਤੇ ਇਸੇ ਵੀਡੀਓ ਨੂੰ ਦੋ ਲੱਖ ਲੋਕਾਂ ਨੇ ਦੇਖਿਆ। ਇਸ ਵੀਡੀਓ ਕਲਿੱਪ ਵਿਚ ਇਕ ਸ਼ਖਸ ਅਤੇ ਉਸ ਦੇ ਆਲੇ-ਦੁਆਲੇ ਪੁਲਿਸ ਵਾਲੇ ਬੈਠੇ ਹਨ। ਉਹ ਪੁਲਿਸ ਵਾਲਿਆਂ ਉਪਰ ਥੁੱਕਦਾ ਹੈ, ਪੁਲਿਸ ਵਾਲੇ ਉਸ ਦੀ ਕੁੱਟਮਾਰ ਕਰਦੇ ਹਨ। ਇਸ ਵੀਡੀਓ ਕਲਿੱਪ ਨੂੰ ਤਬਲੀਗੀ ਜਮਾਤ ਨਾਲ ਜੋੜ ਦਿੱਤਾ ਗਿਆ। ਬੀ. ਬੀ. ਸੀ. ਸਰਵਿਸ ਵਲੋਂ ਜਾਂਚ ਕੀਤੇ ਜਾਣ ‘ਤੇ ਸਾਹਮਣੇ ਆਇਆ ਕਿ ਇਹ ਵੀਡੀਓ ਕਲਿੱਪ ਮੌਲਿਕ ਰੂਪ ਵਿਚ ਮੁੰਬਈ ਮਿਰਰ ਅਤੇ ਟਾਈਮਜ਼ ਆਫ ਇੰਡੀਆ ਅਖਬਾਰਾਂ ਦੀ ਵੈੱਬਸਾਈਟਾਂ ਉਪਰ 29 ਫਰਵਰੀ ਅਤੇ 2 ਮਾਰਚ ਨੂੰ ਸ਼ੇਅਰ ਕੀਤਾ ਗਿਆ ਸੀ। ਅਖਬਾਰ ਦੀ ਰਿਪੋਰਟ ਮੁਤਾਬਿਕ ਇਹ ਵੀਡੀਓ ਮੁਹੰਮਦ ਸੁਹੇਲ ਸ਼ੌਕਤ ਅਲੀ ਦੀ ਹੈ ਜਿਸ ਨੂੰ ਮੁੰਬਈ ਕੋਰਟ ਵਿਚ ਪੇਸ਼ੀ ‘ਤੇ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਉਸ ਨੂੰ ਉਸ ਦੇ ਪਰਿਵਾਰ ਵਲੋਂ ਲਿਆਂਦਾ ਖਾਣਾ ਨਹੀਂ ਖਾਣ ਦਿੱਤਾ। ਗੁੱਸੇ ਵਿਚ ਆ ਕੇ ਉਸ ਨੇ ਪੁਲਿਸ ਉਪਰ ਥੁੱਕ ਦਿੱਤਾ ਅਤੇ ਪੁਲਿਸ ਨੇ ਉਸ ਦੀ ਕੁੱਟਮਾਰ ਕੀਤੀ।
ਇਸੇ ਤਰ੍ਹਾਂ ਥਾਈਲੈਂਡ ਦੀ ਵੀਡੀਓ, ਤਬਲੀਗ ਵਿਚ ਹਿੱਸਾ ਲੈਣ ਵਾਲਿਆਂ ਦੇ ਖਾਤੇ ਪਾ ਦਿੱਤੀ ਗਈ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਮੁਸਲਿਮ ਫਿਰਕੇ ਨੂੰ ਦੋਸ਼ਧ੍ਰੋਹੀ ਸਾਬਤ ਕਰਨ ਲਈ ਮੋਦੀ ਭਗਤ ਕਿਵੇਂ ਕਿਸੇ ਵੀ ਪੁਰਾਣੇ ਵੀਡੀਓ ਕਲਿਪ ਜਾਂ ਤਸਵੀਰ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਰੇਹੜੀ ਉਪਰ ਸੰਤਰੇ ਟਿਕਾਉਂਦਿਆਂ ਹਰ ਸੰਤਰੇ ਉਪਰ ਮੂੰਹ ਤੋਂ ਥੁੱਕ ਲਾਉਂਦੇ, ਝੂਠੇ ਭਾਂਡਿਆਂ ਤੋਂ ਜੂਠ ਚੱਟਦੇ ਜਾਂ ਸਬਜ਼ੀਆਂ ਉਪਰ ਕੁਰਲੀ ਵਾਲਾ ਪਾਣੀ ਸੁੱਟਦੇ ਮੁਸਲਮਾਨਾਂ ਦੀਆਂ ਵੀਡੀਓ ਕਲਿਪ ਵਾਇਰਲ ਕੀਤੇ ਗਏ ਹਨ। ਆਲਟਨਿਊਜ਼ ਅਨੁਸਾਰ ਇਹ ਪੁਰਾਣੇ ਕਲਿਪ ਹਨ। ਯਾਦ ਰਹੇ, ਮੁਸਲਮਾਨਾਂ ਦੇ ਕਾਰੋਬਾਰਾਂ ਦੇ ਬਾਈਕਾਟ ਦੇ ਸੱਦੇ ਦਿੰਦੇ ਹੋਏ ਇਹ ਸੰਦੇਸ਼ਾਂ ਨਾਲ ਸ਼ੇਅਰ ਕੀਤੇ ਗਏ ਹਨ: ‘ਖਾਨੇ ਪੀਨੇ ਕੀ ਬਾਜ਼ਾਰੀ ਚੀਜ਼ੋਂ ਸੇ ਪਰਹੇਜ਼ ਕਰੇਂ ਔਰ ਟੋਪੀ ਵਾਲੀ ਬਿਮਾਰੀ ਕੀ ਨੀਚਤਾ ਦੇਖੋ।’ ਇਹ ਇਕ ਭਾਈਚਾਰੇ ਪ੍ਰਤੀ ਬੇਵਿਸ਼ਵਾਸੀ, ਨਫਰਤ ਪੈਦਾ ਕਰਨ ਤੇ ਸਰਕਾਰ ਦੀ ਨਲਾਇਕੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਸਿਲਸਿਲੇਵਾਰ ਤਰੀਕੇ ਨਾਲ ਕੀਤਾ ਜਾ ਰਿਹਾ ਹੈ।
ਇਹ ਨਸਲਵਾਦੀਆਂ, ਨਾਜ਼ੀਵਾਦੀਆਂ ਦਾ ਅਣਚਾਹੇ ਜਾਂ ਘੱਟਗਿਣਤੀ ਲੋਕਾਂ ਵਿਰੁਧ ਪਹਿਲਾਂ ਝੂਠੇ ਇਲਜ਼ਾਮ ਲਗਾਉਣ ਅਤੇ ਫਿਰ ਇਸ ਬਹਾਨੇ ਉਨ੍ਹਾਂ ਉਪਰ ਜ਼ੁਲਮਾਂ ਨੂੰ ਜਾਇਜ਼ ਠਹਿਰਾਉਣ ਦਾ ਆਜ਼ਮਾਇਆ ਹੋਇਆ ਤਰੀਕਾ ਹੈ। ਅਮਰੀਕਾ, ਜਰਮਨ ਆਦਿ ਦਾ ਇਤਿਹਾਸ ਐਸੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਇਸੇ ਲਈ ਤਾਂ ਇਕ ਆਗੂ ਦੀ ਸ਼ਖਸੀ-ਪੂਜਾ ਉਪਰ ਐਨਾ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸੰਮੋਹਨ ਜ਼ਰੀਏ ਢੁੱਕਵਾਂ ਮਾਹੌਲ ਤਿਆਰ ਕਰਨ ਲਈ ਕਦੇ ਥਾਲੀਆਂ ਖੜਕਾਉਣ ਅਤੇ ਕਦੇ ਬੱਤੀਆਂ ਬੁਝਾ ਕੇ ਮੋਮਬੱਤੀਆਂ, ਦੀਵੇ ਬਾਲਣ ਦੇ ਸੱਦੇ ਦਿੱਤੇ ਜਾ ਰਹੇ ਹਨ ਤਾਂ ਜੁ ਸ਼ਖਸੀ ਹਰਮਨਪਿਆਰਤਾ ਰਾਹੀਂ ਸੱਤਾਧਾਰੀ ਧਿਰ ਦੇ ਵਿਚਾਰਧਾਰਕ-ਰਾਜਨੀਤਕ ਏਜੰਡੇ ਨੂੰ ਲਾਗੂ ਕੀਤਾ ਜਾ ਸਕੇ। ਗੈਰਵਿਗਿਆਨਕ ਸੱਦਿਆਂ ਨੂੰ ਕਰੋਨਾ ਮਹਾਮਾਰੀ ਦਾ ਹੱਲ ਸਮਝ ਕੇ ਜਸ਼ਨੀਂ ਆਤਿਸ਼ਬਾਜ਼ੀ ਕਰਨ ਵਾਲੀ ਗਿਆਨ ਵਿਹੂਣੀ ਖਲਕਤ ਅਸਲ ਏਜੰਡੇ ਤੋਂ ਬੇਖਬਰ ਹੈ।