ਕਰੋਨਾ ਵਾਇਰਸ ਦੇ ਸਮਿਆਂ ਵਿਚ ਕੈਨੇਡਾ

ਕਰੋਨਾ ਵਾਇਰਸ ਦਾ ਸੰਕਟ ਸਮੁੱਚੀ ਦੁਨੀਆਂ ਉਤੇ ਛਾਇਆ ਹੋਇਆ ਹੈ। ਇਸ ਨੇ ਸਮੁੱਚੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਰਥਕਤਾ ਉਤੇ ਪੈ ਰਹੇ ਇਸ ਦੇ ਅਸਰਾਂ ਬਾਰੇ ਅੰਦਾਜ਼ੇ ਲਾਏ ਜਾਣ ਲੱਗੇ ਹਨ। ਚੀਨ ਤੋਂ ਅਰੰਭ ਹੋਏ ਇਸ ਵਾਇਰਸ ਨੇ ਹੁਣ ਤਕ ਚੀਨ, ਇਟਲੀ ਅਤੇ ਸਪੇਨ ਵਿਚ ਬਹੁਤ ਨੁਕਸਾਨ ਕੀਤਾ ਹੈ। ਇੰਗਲੈਂਡ ਵਰਗੇ ਮੁਲਕ ਵਿਚ ਇਸ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਕੈਨਡਾ ਵਿਚ ਵੀ ਇਸ ਵਾਇਰਸ ਨੇ ਡਾਢਾ ਅਸਰ ਪਾਇਆ ਹੈ। ਇਸ ਬਾਰੇ ਚਰਚਾ ਕੈਨੇਡਾ ਵੱਸਦੇ ਉਘੇ ਕਹਾਣੀਕਾਰ ਤੇ ਲੇਖਕ ਹਰਪ੍ਰੀਤ ਸੇਖਾ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

-ਸੰਪਾਦਕ

ਹਰਪ੍ਰੀਤ ਸੇਖਾ
ਫੋਨ: 1-778-231-1189

ਦੁਨੀਆਂ ਭਰ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਮੰਗਲਵਾਰ ਤਕ ਸਵਾ 14 ਲੱਖ ਨੂੰ ਜਾ ਅੱਪੜੀ ਹੈ। ਇਹ ਸੰਖਿਆ ਸਿਰਫ ਉਨ੍ਹਾਂ ਦੀ ਹੈ ਜਿਨ੍ਹਾਂ ਨੂੰ ਟੈਸਟ ਕੀਤਾ ਗਿਆ ਹੈ; ਕਰੋਨਾ ਤੋਂ ਪ੍ਰਭਾਵਿਤ ਪਰ ਟੈਸਟ ਤੋਂ ਖੁੰਝਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੋਵੇਗੀ। ਇਸ ਮਹਾਂਮਾਰੀ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਹੁਣ ਤੱਕ ਸਭ ਤੋਂ ਵੱਧ ਮਾਰ ਅਮਰੀਕਾ, ਚੀਨ, ਇਟਲੀ ਅਤੇ ਸਪੇਨ ‘ਤੇ ਪਈ ਹੈ। ਇਹ ਵਾਇਰਸ ਇੱਕ ਤੋਂ ਦੂਜੇ ਤੱਕ ਪਹੁੰਚਦਾ ਹੈ। ਇਸ ਦੀ ਲੜੀ ਨੂੰ ਤੋੜਨ ਲਈ ਸਰਕਾਰਾਂ ਇੱਕ ਦੂਜੇ ਤੋਂ ਛੇ ਫੁੱਟ ਦੀ ਦੂਰੀ ‘ਤੇ ਰਹਿਣ ਲਈ ਆਖ ਰਹੀਆਂ ਹਨ। ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਆਦੇਸ਼ ਹਨ। ਕੈਨੇਡਾ ਵਿਚ ਸਕੂਲ ਬੰਦ ਹਨ। ਬੱਚੇ ਘਰਾਂ ਅੰਦਰ ਤੜੇ ਅੱਕਲਕਾਨ ਹੋਏ ਪਏ ਹਨ। ਕਾਲਜ-ਯੂਨੀਵਰਸਿਟੀਆਂ ਦੇ ਵਿਦਿਆਰਥੀ ਘਰ ਬੈਠੇ ਹੀ ਆਨਲਾਈਨ ਪੜ੍ਹਾਈ ਕਰ ਰਹੇ ਹਨ। ਬਹੁਤ ਸਾਰੇ ਕੰਮ ਬੰਦ ਹੋ ਗਏ ਹਨ; ਲਾਇਬਰੇਰੀਆਂ, ਜਿੰਮ, ਪੱਬ। ਕੌਮਾਂਤਰੀ ਆਵਾਜਾਈ ਤਕਰੀਬਨ ਠੱਪ ਹੀ ਹੈ। ਸਟਾਕ ਮਾਰਕੀਟ ਨੂੰ ਜ਼ਬਰਦਸਤ ਝਟਕੇ ਲੱਗੇ ਹਨ। ਲੋਕਾਂ ਦੀ ਜਮ੍ਹਾਂ ਪੂੰਜੀ ਸੁੰਘੜ ਗਈ ਹੈ। ਕਈ ਥਾਵੀਂ ਮੁੰਕਮਲ ਬੰਦ ਹੈ। ਸਾਡੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਪੂਰੀ ਤਰ੍ਹਾਂ ਬੰਦ ਨਹੀਂ ਹੈ। ਅੱਧ-ਪਚੱਧੇ ਕੰਮ ਚੱਲ ਰਹੇ ਹਨ। ਕਈ ਲੋਕ ਘਰਾਂ ਤੋਂ ਹੀ ਕੰਮ ਕਰ ਰਹੇ ਹਨ। ਸੜਕਾਂ ਉਪਰ ਵਿਰਲੀ-ਟਾਵੀਂ ਕਾਰ ਦਿਸਦੀ ਹੈ।
ਕੈਨੇਡਾ ਦੀ ਕੇਂਦਰ ਸਰਕਾਰ ਨੇ ਇਸ ਵਾਇਰਸ ਕਾਰਨ ਘਰ ਬੈਠੇ ਵਾਸੀਆਂ ਨੂੰ ਦੋ ਹਜ਼ਾਰ ਡਾਲਰ ਤੱਕ ਦਾ ਭੱਤਾ ਦੇਣ ਦਾ ਐਲਾਨ ਕੀਤਾ ਹੈ। ਕਾਰੋਬਾਰਾਂ ਨੂੰ ਚੱਲਦੇ ਰੱਖਣ ਲਈ ਕਾਮਿਆਂ ਨੂੰ 75 ਪ੍ਰਤੀਸ਼ਤ ਤੱਕ ਦੀਆਂ ਤਨਖਾਹਾਂ ਸਰਕਾਰੀ ਖਜ਼ਾਨੇ ‘ਚੋ ਦੇਣ ਦਾ ਐਲਾਨ ਕੀਤਾ ਹੈ। ਸੂਬੇ ਦੀ ਸਰਕਾਰ ਨੇ ਪ੍ਰਭਾਵਤ ਕਿਰਾਏਦਾਰਾਂ ਨੂੰ ਮਕਾਨ ਦਾ ਕਰਾਇਆ ਦੇਣ ਲਈ ਪੰਜ ਸੌ ਡਾਲਰ ਤੱਕ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਕਿਰਾਇਆ ਨਾ ਮਿਲਣ ਦੀ ਸੂਰਤ ਵਿਚ ਮਕਾਨ ਮਾਲਕ ਕਿਰਾਏਦਾਰ ਨੂੰ ਕੱਢ ਨਹੀਂ ਸਕੇਗਾ। ਵਿਆਜ ਦੀ ਦਰ ਘਟਾ ਦਿੱਤੀ ਗਈ ਹੈ। ਹੋਰ ਬਹੁਤ ਸਾਰੀਆਂ ਛੋਟਾਂ ਦੇ ਐਲਾਨ ਹੋਏ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਰ ਰੋਜ਼ ਦੇਸ਼ ਵਾਸੀਆਂ ਨੂੰ ਸੰਬੋਧਨ ਕਰਕੇ ਭਰੋਸਾ ਦਿੰਦਾ ਹੈ ਕਿ ਇਸ ਸਮੇਂ ਦੌਰਾਨ ਸਰਕਾਰ ਕਿਸੇ ਨੂੰ ਭੁੱਖਾ ਨਹੀਂ ਮਰਨ ਦੇਵੇਗੀ, ਨਾ ਕਿਸੇ ਨੂੰ ਬੇਘਰ ਹੋਣ ਦੇਵੇਗੀ।
ਉਧਰ, ਸੂਬੇ ਦਾ ਸਿਹਤ ਮੰਤਰੀ ਅਤੇ ਸਿਹਤ ਅਫਸਰ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੇ ਅੰਕੜੇ ਦੱਸਦੇ ਹਨ ਤੇ ਸਾਵਧਾਨੀ ਵਰਤਣ ਦੇ ਆਦੇਸ਼ ਦਿੰਦੇ ਹਨ। ਕਿਸੇ ਸੰਭਾਵੀ ਐਮਰਜੈਂਸੀ ਲਈ ਵੈਨਕੂਵਰ ਕਨਵੈਨਸ਼ਨ ਸੈਂਟਰ ਵਿਚ ਆਰਜ਼ੀ ਹਸਪਤਾਲ ਤਿਆਰ ਕਰ ਲਿਆ ਹੈ। ਬੱਸਾਂ ਦੇ ਕਿਰਾਏ ਮੁਆਫ ਕਰ ਦਿੱਤੇ ਹਨ। ਬੱਸ ਡਰਾਈਵਰਾਂ ਦੇ ਬਚਾਅ ਲਈ ਪਿਛਲੇ ਦਰਵਾਜ਼ੇ ਰਾਹੀਂ ਹੀ ਬੱਸ ਵਿਚ ਚੜ੍ਹਨ-ਉਤਰਨ ਦੇ ਆਦੇਸ਼ ਹਨ। ਕਰੋਨਾ ਦੀ ਆਮਦ ਦੇ ਪਹਿਲੇ ਕੁਝ ਦਿਨਾਂ ਦੌਰਾਨ ਲੋਕਾਂ ਵਿਚ ਚੀਜ਼ਾਂ ਇਕੱਠੀਆਂ ਕਰਨ ਲਈ ਆਪੋ-ਧਾਪੀ ਪੈ ਗਈ ਸੀ। ਸਟੋਰਾਂ ਵਿਚ ਸ਼ੈਲਫਾਂ ਖਾਲੀ ਹੋ ਗਈਆਂ ਸਨ ਤੇ ਘਰਾਂ ਦੀਆਂ ਤੂਸੀਆਂ ਗਈਆਂ। ਸਰਕਾਰ ਦੇ ਵਾਰ-ਵਾਰ ਦੁਹਾਈ ਦੇਣ ਕਿ ਖਾਣ-ਪੀਣ ਦੀਆਂ ਵਸਤਾਂ ਵਿਚ ਕਮੀ ਨਹੀਂ ਆਵੇਗੀ, ਲੋਕਾਂ ਵਿਚ ਅਫਰਾ-ਤਫਰੀ ਮੱਚ ਗਈ ਸੀ। ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਟਾਇਲਟ ਪੇਪਰ, ਹੈਂਡ ਸੈਨੇਟਾਈਜ਼ਰ ਤੇ ਲਾਈਸੋਲ ਡਿਸਇਨਫੈਕਟਿੰਗ ਵਾਈਪਸ ‘ਤੇ ਸਟੋਰਾਂ ਵਿਚ ਹੂੰਝਾ ਫਿਰ ਗਿਆ। ਕੈਨੇਡਾ ਦੇ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਇੱਕ ਕਾਰੋਬਾਰੀ ਜੋੜੇ ਦੀ ਚਰਚਾ ਸੀ ਜਿਨ੍ਹਾਂ ਨੇ ਇਹ ਵਸਤਾਂ ਖਰੀਦ ਕੇ ਅੱਗੇ ਆਨਲਾਈਨ ਮਹਿੰਗੇ ਭਾਅ ਵੇਚਣ ਦਾ ਕਾਰੋਬਾਰ ਆਰੰਭ ਲਿਆ। ਕੁਝ ਲੋਕ ਮਾਸਕ ਖਰੀਦ ਕੇ ਮਹਿੰਗੇ ਭਾਅ ਵੇਚਣ ਲੱਗੇ। ਇਸ ਤਰ੍ਹਾਂ ਕਰਦੇ ਕੁਝ ਪੱਤਰਕਾਰਾਂ ਦੇ ਅੜਿੱਕੇ ਆ ਗਏ ਤੇ ਫਿਰ ਪੁਲਿਸ ਦੇ। ਸਰਕਾਰ ਨੇ ਅਜਿਹੀਆਂ ਚੀਜ਼ਾਂ ਤੋਂ ਮੁਨਾਫਾਂ ਕਮਾਉਣ ਵਾਲਿਆਂ ਨੂੰ ਇਸ ਤਰ੍ਹਾਂ ਨਾ ਕਰਨ ਦੀ ਚਿਤਾਵਨੀ ਦਿੱਤੀ। ਲੋਕਾਂ ਨੇ ਸੋਸ਼ਲ ਮੀਡੀਆ ਉਤੇ ਲਾਹਨਤਾਂ ਪਾਈਆਂ। ਓਨਟੇਰੀਓ ਸੂਬੇ ਦੇ ਪ੍ਰੀਮੀਅਰ ਨੇ ਅਜਿਹੇ ਮੁਨਾਫਾਖੋਰਾਂ ਨੂੰ ਕਰੜੇ ਹੱਥੀਂ ਲੈਣ ਦੀ ਸਖਤ ਤਾੜਨਾ ਕੀਤੀ। ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਸੁੰਨ-ਸਰਾਂ ਦਾ ਫਾਇਦਾ ਲੈਂਦਿਆਂ ਚੋਰਾਂ ਨੇ ਕੁਝ ਬੰਦ ਪਏ ਸਟੋਰਾਂ ਨੂੰ ਸੰਨ੍ਹਾਂ ਲਾ ਲਈਆਂ। ਡੈਲਟਾ ਸ਼ਹਿਰ ਵਿਚ ਕਿਸੇ ਨੇ ਅਜਿਹੀ ਮਹਾਂਮਾਰੀ ਦੌਰਾਨ ਐਂਬੂਲੈਂਸ ਦੀ ਮਹਤੱਤਾ ਦੀ ਪਰਵਾਹ ਨਾ ਕਰਦਿਆਂ ਤਿੰਨ ਖੜ੍ਹੀਆਂ ਐਂਬੂਲੈਂਸਾਂ ਵਿਚੋਂ ਕਬਾੜੀਆਂ ਨੂੰ ਵੇਚਣ ਲਈ ਕੈਟਾਲਿਟਿਕ ਕਨਵਰਟਰ ਲਾਹ ਲਏ।
‘ਟਰਾਂਟੋ ਸਨ’ ਅਖਬਾਰ ਵਿਚ ਮਹਾਂਮਾਰੀ ਦੌਰਾਨ ਕੈਨੇਡਾ ਵਿਚ ਨਵੇਂ ਪਰਵਾਸੀਆਂ ਦੀ ਆਮਦ ‘ਤੇ ਵਿਰਾਮ ਲੱਗਣ ਬਾਰੇ ਇਕ ਲੇਖ ਛਪਿਆ। ਇਸ ਦੇ ਪ੍ਰਤੀਕਰਮ ਵਿਚ ਬਹੁਤ ਸਾਰੇ ਲੋਕਾਂ ਵਲੋਂ ਨਵੇਂ ਪਰਵਾਸੀਆਂ ਦੀ ਆਮਦ ‘ਤੇ ਪੱਕਾ ਵਿਰਾਮ ਲਾਉਣ ਦੀ ਮੰਗ ਕੀਤੀ ਗਈ। ਕੁਝ ਨੇ ਪੂਰਬ ਵਲੋਂ ਆਉਣ ਵਾਲੇ ਪਰਵਾਸੀਆਂ ਨੂੰ ਬਿਮਾਰੀਆਂ ਫੈਲਾਉਣ ਵਾਲੇ ਅਤੇ ਕੈਨੇਡਾ ਦੇ ਵੈਲਫੇਅਰ ਦਾ ਨਾਜਾਇਜ਼ ਫਾਇਦਾ ਲੈਣ ਵਾਲੇ ਗਰਦਾਨਿਆਂ। ਆਮ ਦਿਨਾਂ ਦੌਰਾਨ ਅਜੇਹੇ ਪ੍ਰਤੀਕਰਮ ਦੇਣ ਵਾਲਿਆਂ ਨੂੰ ‘ਰੇਸਿਸਟ’ (ਨਸਲਪ੍ਰਸਤ) ਆਖ ਕੇ ਬਹੁਤ ਸਾਰੇ ਉਨ੍ਹਾਂ ਵਿਰੁਧ ਨਿੱਤਰ ਆਉਂਦੇ ਹਨ ਪਰ ਇਸ ਲੇਖ ਦੇ ਪ੍ਰਤੀਕਰਮ ਦੇਣ ਵਾਲਿਆਂ ਵਿਰੁਧ ਇੱਕ-ਅੱਧ ਆਵਾਜ਼ ਹੀ ਉਭਰੀ। ਸਰਕਾਰ ਦੇ ਇਕੱਠ ਕਰਨ ਦੀ ਮਨਾਹੀ ਦੇ ਆਦੇਸ਼ ਦੇ ਬਾਵਜੂਦ ਕੁਝ ਲੋਕ ਇਕੱਠੇ ਹੋ ਕੇ ਵਿਆਹ ਦੇ ਜਸ਼ਨ ਮਨਾਉਂਦੇ ਫੜੇ ਗਏ। ਡੈਲਟਾ ਸ਼ਹਿਰ ਵਿਚ ਹੌਟ ਯੋਗਾ ਸਟੂਡੀਓ ਦੇ ਮਾਲਕ ਨੇ ਸਰਕਾਰ ਦੇ ਹੁਕਮਾਂ ਦੀ ਪਰਵਾਹ ਨਾ ਕਰਦੇ ਹੋਏ ਕਲਾਸਾਂ ਜਾਰੀ ਰੱਖੀਆਂ। ਉਸ ਦਾ ਦਾਅਵਾ ਸੀ ਕਿ ਗਰਮੀ ਕਰੋਨਾ ਵਾਇਰਸ ਨੂੰ ਮਾਰ ਦਿੰਦੀ ਹੈ। ਉਸ ਦੇ ਇਨ੍ਹਾਂ ਝੂਠੇ ਦਾਅਵਿਆਂ ਕਰ ਕੇ ਉਸ ਦੇ ਕਾਰੋਬਾਰ ਦਾ ਲਾਈਸੈਂਸ ਰੱਦ ਹੋ ਗਿਆ।
ਫੂਡ ਬੈਂਕ, ਮੀਲਜ਼ ਆਨ ਵੀਲ੍ਹਜ਼, ਗੁਰੂ ਨਾਨਕ’ਜ਼ ਫਰੀ ਕਿਚਨ ਤੇ ਹੋਰ ਬਹੁਤ ਸਾਰੀਆਂ ਸਮਾਜਸੇਵੀ ਸੰਸਥਾਵਾਂ ਲੋੜਵੰਦਾਂ ਦੀ ਸਹਾਇਤਾ ਲਈ ਹੋਰ ਸਰਗਰਮ ਹੋਈਆਂ ਹਨ। ਕੈਲਗਿਰੀ ਦੀ ਸੰਸਥਾ, ਲਿਫਟਓਵਰਜ਼ ਲੋਕਾਂ ਦੀਆਂ ਨਜ਼ਰਾਂ ਵਿਚ ਆਈ, ਜਿਹੜੀ ਰੈਸਟੋਰੈਂਟਾਂ ਤੋਂ ਬਚਿਆ ਭੋਜਨ ਇਕੱਠਾ ਕਰਦੇ ਹਨ ਅਤੇ ਲੋੜਵੰਦਾਂ ਨੂੰ ਪਹੁੰਚਾਉਂਦੇ ਹਨ। ਉਨ੍ਹਾਂ ਨੇ ਕੁਇੰਟਲਾਂ ਦੇ ਹਿਸਾਬ ਭੋਜਨ ਇਕੱਠਾ ਕਰਕੇ ਲੋੜਵੰਦਾਂ ਤੱਕ ਪਹੁੰਚਾਇਆ। ਕੈਲਗਿਰੀ ਸਥਿਤ ਇਕ ਸਰਵੇਖਣ ਕੰਪਨੀ ਦੇ ਸਰਵੇਖਣ ਅਨੁਸਾਰ ਇਸ ਮਹਾਂਮਾਰੀ ਤੋਂ ਬਾਅਦ ਕੈਨੇਡੀਅਨ ਲੋਕ ਇਕ-ਦੂਜੇ ਪ੍ਰਤੀ ਹੋਰ ਦਿਆਲੂ ਬਣਨਗੇ। ਇਸੇ ਸਰਵੇਖਣ ਮੁਤਾਬਕ ਇਸ ਮਹਾਂਮਾਰੀ ਦੇ ਪ੍ਰਭਾਵ ਨਾਲ ਨਿਜੱਠਣ ਲਈ ਜੈਨਰੇਸ਼ਨ ਜ਼ੈੱਡ (1997 ਤੋਂ 2012 ਦੇ ਵਿਚਕਾਰ ਜਨਮਿਆਂ) ਵਿਚੋਂ ਸਤਾਈ ਪ੍ਰਤੀਸ਼ਤ ਦਾ ਝੁਕਾਅ ਧਾਰਮਿਕ ਹੋਣ ਵਲ ਹੋਇਆ ਹੈ ਅਤੇ ਅਠੱਤੀ ਪ੍ਰਤੀਸ਼ਤ ਨੇ ਮਹਿਸੂਸ ਕੀਤਾ ਕਿ ਉਹ ਅਜਨਬੀਆਂ ਦੀ ਹੋਰ ਸਹਾਇਤਾ ਕਰਨ ਵਲ ਝੁਕੇ ਹਨ।
ਡਾਕਟਰ, ਨਰਸਾਂ ਅਤੇ ਸਿਹਤ ਖੇਤਰ ਵਿਚ ਕੰਮ ਕਰਨ ਵਾਲੇ ਹੋਰ ਕਾਮਿਆਂ, ਗਰੋਸਰੀ ਸਟੋਰਾਂ ਵਿਚ ਕੰਮ ਕਰਨ ਵਾਲਿਆਂ ਉਪਰ ਨੌਕਰੀ ਦੀ ਜ਼ਿੰਮੇਵਾਰੀ ਵਧ ਗਈ ਹੈ। ਉਨ੍ਹਾਂ ਨੂੰ ਓਵਰ ਟਾਈਮ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਹੌਸਲਾ ਅਫਜ਼ਾਈ ਲਈ ਸ਼ਾਮ ਨੂੰ ਸੱਤ ਵਜੇ ਲੋਕ ਬਰਤਨ ਖੜਕਾਉਂਦੇ ਹਨ। ਵੈਨਕੂਵਰ ਦੀ ਇਤਿਹਾਸਕ ਨਾਈਨ-ਓ-ਕਲਾਕ ਗੰਨ ਨੌਂ ਵਜੇ ਦੀ ਥਾਂ ਸੱਤ ਵਜੇ ਫਾਇਰ ਕਰਨ ਲੱਗੀ ਹੈ।
ਜਿਹੜੇ ਲੋਕਾਂ ਨੂੰ ਕੰਮ ਦੇ ਰੁਝੇਵਿਆਂ ਵਿਚ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਦਾ ਮੌਕਾ ਨਹੀਂ ਸੀ ਮਿਲਦਾ, ਉਨ੍ਹਾਂ ਅੰਦਰਲਾ ਬਚਪਨ ਜਾਗ ਪਿਆ ਹੈ। ਉਹ ਬੱਚਿਆਂ ਨਾਲ ਖੇਡਦੇ ਹਨ। ਮੇਰੇ ਇੱਕ ਦੋਸਤ ਨੂੰ ਕੈਨੇਡਾ ਆਇਆਂ ਪੱਚੀ ਸਾਲ ਹੋ ਗਏ ਹਨ। ਉਹ ਆਖਦਾ ਹੈ, “ਪਹਿਲਾਂ ਕਦੇ ਸਿਹਤ ਵਲ ਧਿਆਨ ਹੀ ਨਹੀਂ ਸੀ ਗਿਆ। ਹੁਣ ਸਵੇਰੇ ਸੱਤ ਕਿਲੋਮੀਟਰ ਸੈਰ ਕਰਦਾ ਹਾਂ। ਦਸ ਕਿਲੋ ਵਜ਼ਨ ਘਟਾ ਲਿਆ ਹੈ। ਆਵਦੇ ਟਾਈਮ ਨਾਲ ਸੌਈਂਦੈ, ਮਰਜ਼ੀ ਨਾਲ ਉਠੀਦੈ। ਕਈ ਕਿਤਾਬਾਂ ਪੜ੍ਹੀਆਂ। ਇਹੋ ਜਿਹੀ ਬੇਫਿਕਰੀ ਤਾਂ ਕਾਲਜ ਪੜ੍ਹਦਿਆਂ ਹੁੰਦੀ ਸੀ।”
ਅੰਗਰੇਜ਼ੀ ਸ਼ਬਦ ਵਰਚੂਅਲ ਦੀ ਵਰਤੋਂ ਵਧ ਗਈ ਹੈ। ਲੋਕ ਆਪਣੇ ਪਿਆਰਿਆਂ ਦੀ ਹੋਂਦ ਮਹਿਸੂਸ ਕਰਨ ਲਈ ਵਿਰਚੂਅਲ ਲੰਚ/ਡਿਨਰ (ਆਪੋ-ਆਪਣੇ ਟਿਕਾਣੇ ‘ਤੇ ਬੈਠੇ ਇੱਕੋ ਵੇਲੇ ਭੋਜਨ ਖਾਂਦੇ ਹਨ), ਵਰਚੂਅਲ ਹਗ, ਵਰਚੂਅਲ ਸੰਗਤ ਕਰਨ ਲੱਗੇ ਹਨ। ਮੇਰੇ ਭਾਣਜੇ ਦੀ ਸੱਤ ਸਾਲਾ ਬੇਟੀ ਫੋਨ ਰਾਹੀਂ ਮੈਨੂੰ ਅੰਗਰੇਜ਼ੀ ਵਿਚ ਆਖਦੀ ਹੈ, “ਬਾਬਾ ਜੀ, ਜਦੋਂ ਇਹ ਕਰੋਨਾ ਮੁੱਕ ਗਿਆ, ਮੈਂ ਤੁਹਾਨੂੰ ਸੱਚੀਮੁੱਚੀ ਜੱਫੀ ਪਾਊਂਗੀ, ਉਦੋਂ ਤੱਕ ਆਹ ਲਵੋ ਐਵੇਂ ਮੁੱਚੀ ਦੀ।” ਉਹ ਬਾਹਾਂ ਆਪਣੇ ਦੁਆਲੇ ਵਲ ਲੈਂਦੀ ਹੈ। ਉਸ ਦੇ ਕਹਿਣ ਵਿਚ ਇੰਨਾ ਜ਼ਿਆਦਾ ਪਿਆਰ ਹੈ ਕਿ ਮੈਨੂੰ ਉਸ ਦਾ ‘ਵਰਚੂਅਲ ਹਗ ‘ਸੱਚੀਮੁੱਚ ਦੀ ਜੱਫੀ ਨਾਲੋਂ ਵੀ ਜ਼ਿਆਦਾ ਚੰਗਾ ਲਗਦਾ ਹੈ।