ਕਿਧਰੇ ਦੇਰ ਨਾ ਹੋ ਜਾਏ

ਕੈਂਬ੍ਰਿਜ ਲਰਨਿੰਗ ਸੰਸਥਾ, ਮਿਸੀਸਾਗਾ (ਕੈਨੇਡਾ) ਦੇ ਡਾਇਰੈਕਟਰ ਅਤੇ ਕਈ ਸੈਕੰਡਰੀ ਤੇ ਪੋਸਟ ਸੈਕੰਡਰੀ ਵਿਦਿਅਕ ਸੰਸਥਾਵਾਂ ਦੇ ਐਜੂਕੇਸ਼ਨਲ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਡਾ. ਡੀ. ਪੀ. ਸਿੰਘ ਦੀਆਂ 21 ਕਿਤਾਬਾਂ ਅਤੇ ਹਜ਼ਾਰ ਕੁ ਲੇਖ ਤੇ ਕਹਾਣੀਆਂ ਆਦਿ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛਪ ਚੁਕੇ ਹਨ। ਕਰੋਨਾ ਵਾਇਰਸ ਦੀ ਵਬਾ ਕਾਰਨ ਸੰਸਾਰ ਪੱਧਰ ‘ਤੇ ਮੱਚੀ ਹਾਹਾਕਾਰ ਦੀ ਜੜ੍ਹ ਫੋਲਦਿਆਂ ਉਨ੍ਹਾਂ ਹਥਲੀ ਵਿਗਿਆਨ ਗਲਪ ਕਹਾਣੀ ‘ਕਿਧਰੇ ਦੇਰ ਨਾ ਹੋ ਜਾਏ’ ਰਾਹੀਂ ਇਕ ਅਰਾਜਕਤਾਵਾਦੀ ਦੀ ਸੌੜੀ ਸੋਚ ਦਾ ਖੁਲਾਸਾ ਕੀਤਾ ਹੈ, ਜੋ ਆਪਣੇ ਮਾਨਸਿਕ ਰਸ਼ਕ ਲਈ ਲੋਕਾਂ ਨੂੰ ਕਰੋਨਾ ਵਾਇਰਸ ਦੀ ਲਾਗ ਲਾ ਦਿੰਦਾ ਹੈ ਅਤੇ ਇਸ ਨੂੰ ਆਪ ਵੀ ਚਟਮ ਕਰ ਜਾਂਦਾ ਹੈ।

-ਸੰਪਾਦਕ

ਡਾ. ਡੀ. ਪੀ. ਸਿੰਘ, ਕੈਨੇਡਾ
ਓ-ਮਅਲਿ: ਦਰਦਪਸਨ@ਗਮਅਲਿ।ਚੋਮ

ਸੰਨ 2019 ਦੇ ਨਵੰਬਰ ਮਹੀਨੇ ਦੀ ਗੱਲ ਹੈ। ਵਿਸ਼ਵ ਦੀ ਦੂਜੀ ਮਹਾਸ਼ਕਤੀ ਦੇ ਇਕ ਮਹਾਨਗਰ ਦੀ ਵਾਇਰਸ ਰਿਸਰਚ ਪ੍ਰਯੋਗਸ਼ਾਲਾ ਵਿਚ ਇਕ ਅਜਬ ਵਰਤਾਰਾ ਵਰਤ ਗਿਆ। ਘਟਨਾਕ੍ਰਮ ਕੁਝ ਇੰਜ ਵਾਪਰਿਆ। ਪ੍ਰਯੋਗਸ਼ਾਲਾ ‘ਚ ਚਿੱਟੇ ਦਸਤਾਨੇ ਤੇ ਚਿੱਟਾ ਕੋਟ ਪਹਿਨੀ ਵਿਸ਼ਾਣੂ-ਵਿਗਿਆਨੀ ਡਾ. ਯੰਗ ਸੂ ਅੱਧਖੜ੍ਹ ਉਮਰ ਵਾਲੇ ਮੁਲਾਕਾਤੀ ਨਾਲ ਗੱਲਬਾਤ ਵਿਚ ਮਗਨ ਸੀ। ਤਦ ਹੀ, ਖੁਰਦਬੀਨ ਦੇ ਹੇਠਲੇ ਸਿਰੇ ਵਾਲੇ ਲੈਂਜ਼ ਹੇਠ ਕੱਚ ਦੀ ਇਕ ਸਲਾਈਡ ਨੂੰ ਖਿਸਕਾਉਂਦਿਆਂ ਯੰਗ ਸੂ ਬੋਲਿਆ, “ਮਿਸਟਰ ਲੀਓ! ਆਓ ਤੁਹਾਨੂੰ ਦਿਖਾਵਾਂ, ਮੌਤ ਦਾ ਇਕ ਬਹੁਤ ਹੀ ਖਤਰਨਾਕ ਏਜੰਟ।”
ਗੰਜੇ ਸਿਰ ਤੇ ਫੀਨੇ ਨੱਕ ਵਾਲੇ ਲੀਓ ਨੇ ਖੁਰਦਬੀਨ ਵੱਲ ਝਾਕਿਆ। ਜਾਹਰ ਸੀ ਕਿ ਉਹ ਅਜਿਹੇ ਯੰਤਰ ਬਾਰੇ ਨਹੀਂ ਸੀ ਜਾਣਦਾ। ਆਪਣੀ ਥਾਂ ਤੋਂ ਬਿਨਾ ਹਿੱਲੇ ਉਹ ਬੋਲਿਆ, “ਮੇਰੀ ਨਜ਼ਰ ਕਮਜ਼ੋਰ ਹੈ।”
“ਕੋਈ ਗੱਲ ਨਹੀਂ। ਆਓ! ਆਪਣੀ ਖੱਬੀ ਅੱਖ, ਖੱਬੇ ਹੱਥ ਨਾਲ ਢਕ ਲਵੋ ਤੇ ਸੱਜੀ ਅੱਖ ਨਾਲ ਤੁਸੀਂ ਖੁਰਦਬੀਨ ਦੇ ਉਪਰਲੇ ਸਿਰੇ ਵਾਲੇ ਲੈਂਜ਼ ਰਾਹੀਂ ਦੇਖੋ। ਵਿਸ਼ਾਣੂਆਂ ਦਾ ਅਜਬ ਸੰਸਾਰ ਨਜ਼ਰ ਆਉਣ ਲੱਗੇਗਾ।”
ਲੀਓ ਨੇ ਇੰਜ ਹੀ ਕੀਤਾ।
“ਕੁਝ ਵੀ ਸਾਫ ਨਜ਼ਰ ਨਹੀਂ ਆ ਰਿਹਾ। ਧੁੰਦਲਾ ਧੁੰਦਲਾ ਹੈ ਸਭ ਕੁਝ।” ਉਹ ਬੋਲਿਆ।
“ਇਸ ਪੇਚ ਨੂੰ ਐਡਜਸਟ ਕਰੋ,” ਯੰਗ ਸੂ ਨੇ ਖੁਰਦਬੀਨ ਦੇ ਹੇਠਲੇ ਸਿਰੇ ਕੋਲ ਲੱਗੇ ਪੇਚ ਵੱਲ ਇਸ਼ਾਰਾ ਕਰਦਿਆਂ ਕਿਹਾ, “ਸ਼ਾਇਦ ਖੁਰਦਬੀਨ ਤੁਹਾਡੀ ਨਜ਼ਰ ਲਈ ਸਹੀ ਫੋਕਸਡ ਨਹੀਂ ਹੈ।”
“ਜੀ!” ਤੇ ਲੀਓ ਨੇ ਦੱਸੇ ਅਨੁਸਾਰ ਪੇਚ ਨੂੰ ਮਰੋੜਾ ਦਿੱਤਾ।
“ਵਾਹ! ਹੁਣ ਤਾਂ ਸਭ ਕੁਝ ਸਾਫ ਸਾਫ ਨਜ਼ਰ ਆ ਰਿਹਾ ਹੈ,” ਲੀਓ ਦੇ ਬੋਲ ਸਨ, “ਬਹੁਤਾ ਕੁਝ ਤਾਂ ਹੈ ਨਹੀਂ ਇਥੇ ਦੇਖਣ ਲਈ, ਬੱਸ ਛੇ ਭੁਜੀ ਸ਼ਕਲ ਵਾਲੇ ਕੁਝ ਕੁ ਧੱਬੇ ਜਿਹੇ ਨਜ਼ਰ ਆ ਰਹੇ ਹਨ। ਇੰਜ ਜਾਪਦਾ ਹੈ, ਜਿਵੇਂ ਇਨ੍ਹਾਂ ਕੋਈ ਮੁਕਟ ਪਾਇਆ ਹੋਵੇ। ਤੁਹਾਡੇ ਅਨੁਸਾਰ ਇਹ ਛੋਟੇ ਛੋਟੇ ਵਿਸ਼ਾਣੂ ਵੱਧ-ਫੁਲ ਕੇ ਕਿਸੇ ਮਹਾਨਗਰ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੇ ਹਨ। ਵਾਹ! ਕਿਆ ਕਮਾਲ ਦੀ ਸ਼ੈਅ ਨੇ ਇਹ!”
“ਜੀ ਹਾਂ! ਇਹੋ ਹੀ ਹੈ, ਨੋਵਲ ਕਰੋਨਾ ਵਾਇਰਸ (ਕੋਵਿਡ-19), ਜੋ ਪੁਰਾਣੇ ਕੋਰੋਨਾ ਵਾਇਰਸ ਦਾ ਹੀ ਬਦਲਿਆ ਰੂਪ ਹੈ, ਪਰ ਹੈ ਬਹੁਤ ਹੀ ਘਾਤਕ।”
ਤਦ ਹੀ ਲੀਓ ਖੁਰਦਬੀਨ ਤੋਂ ਨਜ਼ਰ ਹਟਾ ਉਠ ਖੜਾ ਹੋਇਆ। ਜਾਂਚ ਹੇਠਲੀ ਕੱਚ ਦੀ ਸਲਾਈਡ ਨੂੰ ਹੱਥ ਵਿਚ ਫੜ੍ਹ ਉਹ ਖਿੜਕੀ ਦੇ ਕੋਲ ਜਾ ਪੁੱਜਾ। “ਇੰਨੇ ਸੂਖਮ” ਉਸ ਨੇ ਸਲਾਈਡ ਘੋਖਦਿਆਂ ਕਿਹਾ। ਝਿਜਕਦਿਆਂ ਉਸ ਨੇ ਪੁੱਛਿਆ, “ਕੀ ਇਹ ਜ਼ਿੰਦਾ ਨੇ? ਕੀ ਇਹ ਅਜੇ ਵੀ ਘਾਤਕ ਨੇ?”
“ਨਹੀਂ, ਇਹ ਜ਼ਿੰਦਾ ਨਹੀਂ ਹਨ। ਇਨ੍ਹਾਂ ਨੂੰ ਵਿਸ਼ੇਸ਼ ਢੰਗ ਨਾਲ ਮਾਰ ਦਿੱਤਾ ਗਿਆ ਹੈ।” ਯੰਗ ਸੂ ਬੋਲਿਆ।
“ਪਰ ਇਨ੍ਹਾਂ ਦੀ ਤਬਾਹਕੁਨ ਤਾਕਤ ਨੂੰ ਦੇਖਦਿਆਂ ਮੇਰਾ ਖਿਆਲ ਹੈ ਕਿ ਕਾਸ਼! ਅਸੀਂ ਪੂਰੇ ਬ੍ਰਹਿਮੰਡ ਵਿਚ ਇਨ੍ਹਾਂ ਦੀ ਹੋਂਦ ਨੂੰ ਹੀ ਖਤਮ ਕਰ ਸਕਦੇ।”
ਲੀਓ ਨੇ ਥੋੜ੍ਹਾ ਮੁਸਕਰਾਉਂਦਿਆਂ ਕਿਹਾ, “ਲੱਗਦਾ ਹੈ ਤੁਸੀਂ ਇਨ੍ਹਾਂ ਨੂੰ ਜ਼ਿੰਦਾ ਹਾਲਤ ਵਿਚ ਰੱਖਣ ਬਾਰੇ ਤਾਂ ਕਦੇ ਨਹੀਂ ਸੋਚਿਆ ਹੋਵੇਗਾ।”
“ਨਹੀਂ। ਅਜਿਹੀ ਗੱਲ ਨਹੀਂ। ਸਗੋਂ ਸਾਡੇ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ।” ਯੰਗ ਸੂ ਨੇ ਕਿਹਾ।
“ਇਥੇ, ਮਿਸਾਲ ਲਈ” ਬੋਲਦਿਆਂ ਉਹ ਕਮਰੇ ਨੂੰ ਪਾਰ ਕਰ ਸਾਹਮਣੇ ਕੰਧ ਵਿਚ ਜੜ੍ਹੀ ਸੈਲਫ ਕੋਲ ਪੁੱਜ ਗਿਆ। ਸੈਲਫ ਉਤੇ ਪਈਆਂ ਅਨੇਕ ਸੀਲਬੰਦ ਕੱਚ ਦੀਆਂ ਟਿਊਬਾਂ (ਨਲੀਆਂ) ਵਿਚੋਂ ਇਕ ਟਿਊਬ ਨੂੰ ਚੁੱਕ ਉਹ ਬੋਲਿਆ, “ਇਹ ਇਨ੍ਹਾਂ ਜੀਵਾਣੂਆਂ ਦਾ ਜ਼ਿੰਦਾ ਸੈਂਪਲ ਹੈ। ਬਹੁਤ ਹੀ ਘਾਤਕ ਬੀਮਾਰੀ ਦੇ ਸ਼ਕਤੀਸ਼ਾਲੀ ਵਿਸ਼ਾਣੂ। ਅਜਿਹੀ ਬੀਮਾਰੀ, ਜਿਸ ਨਾਲ ਇਨਸਾਨ ਬਹੁਤ ਹੀ ਦਰਦਨਾਕ ਮੌਤ ਮਰਦਾ ਹੈ।” ਉਸ ਦੇ ਝਿਜਕ ਭਰੇ ਬੋਲ ਸਨ, “ਆਹ ਸ਼ੀਸ਼ੀ ਵਿਚ ਬੰਦ ਹੈ, ਮੌਤ ਦਾ ਇਹ ਸ਼ਕਤੀਸ਼ਾਲੀ ਏਜੰਟ, ਨੋਵਲ ਕਰੋਨਾ ਵਾਇਰਸ।”
ਲੀਓ ਦੀਆਂ ਅੱਖਾਂ ਵਿਚ ਸੰਤੁਸ਼ਟੀ ਦੀ ਇਕ ਹਲਕੀ ਜਿਹੀ ਝਲਕ ਨਜ਼ਰ ਆਈ। “ਅਜਿਹੀ ਜਾਨਲੇਵਾ ਚੀਜ਼ ਨੂੰ ਸੰਭਾਲਣਾ ਬੜਾ ਜੋਖਮ ਭਰਿਆ ਕੰਮ ਹੈ।” ਲਲਚਾਈਆਂ ਅੱਖਾਂ ਨਾਲ ਟਿਊਬ ਨੂੰ ਦੇਖਦਿਆਂ ਉਹ ਬੋਲਿਆ।
ਯੰਗ ਸੂ ਨੂੰ ਲੀਓ ਦੇ ਲਹਿਜ਼ੇ ਵਿਚ ਭੈੜੀ ਖੁਸ਼ੀ ਦਾ ਇਜ਼ਹਾਰ ਨਜ਼ਰ ਆਇਆ। ਅੱਜ ਦੁਪਹਿਰੇ ਲੀਓ ਉਸ ਦੇ ਇਕ ਪੁਰਾਣੇ ਮਿੱਤਰ ਦੇ ਹਵਾਲੇ ਨਾਲ ਉਸ ਨੂੰ ਮਿਲਣ ਆਇਆ ਸੀ, ਪਰ ਇਸ ਦਾ ਸੁਭਾਅ ਤਾਂ ਉਸ ਦੇ ਮਿੱਤਰ ਦੇ ਸੁਭਾਅ ਤੋਂ ਬਿਲਕੁਲ ਹੀ ਉਲਟ ਸੀ। ਗੰਜਾ ਸਿਰ, ਚਪਟਾ ਨੱਕ, ਬਿੱਲੀਆਂ ਅੱਖਾਂ, ਉਘੜ-ਦੁਘੜੇ ਹਾਵ-ਭਾਵ ਤੇ ਘਾਬਰਿਆ ਜਿਹਾ, ਪਰ ਵਿਸ਼ਾਣੂਆਂ ਬਾਰੇ ਜਾਣਨ ਲਈ ਡਾਢਾ ਹੀ ਉਤਸੁਕ। ਲੀਓ ਉਸ ਦੇ ਸ਼ਾਂਤ-ਸੁਭਾਅ ਵਾਲੇ ਖੋਜੀ ਦੋਸਤ, ਜੋ ਵਿਗਿਆਨਕ ਵਿਚਾਰ-ਵਟਾਂਦਰੇ ਦੌਰਾਨ ਕਦੇ ਵੀ ਵਿਚਲਿਤ ਨਹੀਂ ਸੀ ਹੁੰਦਾ, ਨਾਲੋਂ ਬਹੁਤ ਹੀ ਵੱਖਰਾ ਸੀ। ਸ਼ਾਇਦ ਅਜਿਹਾ ਇਸ ਲਈ ਸੀ ਕਿ ਲੀਓ ਨੋਵਲ ਕਰੋਨਾ ਵਾਇਰਸ ਦੀ ਘਾਤਕ ਤਾਕਤ ਬਾਰੇ ਜਾਣ ਕੇ ਡਾਢਾ ਪ੍ਰਭਾਵਿਤ ਹੋ ਗਿਆ ਸੀ।
ਗੰਭੀਰ ਮੁਦਰਾ ਵਿਚ ਟਿਊਬ ਨੂੰ ਹੱਥ ਵਿਚ ਫੜੀ ਯੰਗ ਸੂ ਬੋਲ ਰਿਹਾ ਸੀ, “ਹਾਂ, ਇਸ ਵਿਚ ਮਹਾਮਾਰੀ ਕੈਦ ਹੈ। ਇਸ ਛੋਟੀ ਜਿਹੀ ਟਿਊਬ ਦੇ ਦ੍ਰਵ ਨੂੰ, ਜੇ ਕਿਧਰੇ ਕਿਸੇ ਵੀ ਖਾਣ ਵਾਲੀ ਚੀਜ਼ ਵਿਚ ਰਲਾ ਦੇਵੋ ਤਾਂ ਇਸ ਵਿਚਲੇ ਸੂਖਮ ਵਿਸ਼ਾਣੂ, ਜਿਨ੍ਹਾਂ ਦੀ ਨਾ ਤਾਂ ਕੋਈ ਮਹਿਕ ਹੈ ਤੇ ਨਾ ਹੀ ਸੁਆਦ ਅਤੇ ਜਿਨ੍ਹਾਂ ਨੂੰ ਦੇਖਣ ਲਈ ਬਹੁਤ ਹੀ ਸ਼ਕਤੀਸ਼ਾਲੀ ਖੁਰਦਬੀਨ ਦੀ ਲੋੜ ਪੈਂਦੀ ਹੈ, ਬੱਸ ‘ਜਾਓ ਤੇ ਵਧੋ ਫੁਲੋ’ ਕਹਿੰਦਿਆਂ ਹੀ ਤੁਰੰਤ ਦਮ-ਘੋਟੂ, ਦਰਦਨਾਕ ਤੇ ਭਿਆਨਕ ਮੌਤ ਦਾ ਕਹਿਰ ਸ਼ਹਿਰ ‘ਤੇ ਢਾਹੁਣਾ ਸ਼ੁਰੂ ਕਰ ਦੇਣਗੇ।
ਤਦ ਮੌਤ ਦਾ ਇਹ ਏਜੰਟ ਥਾਂ ਥਾਂ ਆਪਣਾ ਸ਼ਿਕਾਰ ਭਾਲਦਾ ਫਿਰ ਰਿਹਾ ਹੋਵੇਗਾ। ਉਹ ਕਿਧਰੇ ਕਿਸੇ ਮਾਂ ਤੋਂ ਉਸ ਦਾ ਬੱਚਾ ਖੋਹ ਰਿਹਾ ਹੋਵੇਗਾ ਤੇ ਕਿਧਰੇ ਕਿਸੇ ਔਰਤ ਤੋਂ ਉਸ ਦਾ ਸੁਹਾਗ। ਕਿਧਰੇ ਇਹ ਕਿਸੇ ਕਾਰਿੰਦੇ ਨੂੰ ਆਪਣੀ ਡਿਊਟੀ ਕਰਨ ਤੋਂ ਅਯੋਗ ਕਰ ਰਿਹਾ ਹੋਵੇਗਾ ਤੇ ਕਿਧਰੇ ਕਿਸੇ ਮਿਹਨਤਕਸ਼ ਲਈ ਔਕੜਾਂ ਦਾ ਪਿਟਾਰਾ ਖੋਲ੍ਹ ਰਿਹਾ ਹੋਵੇਗਾ। ਇਸ ਦੀ ਲਾਗ ਕਾਰਨ ਬੀਮਾਰ ਹੋਏ ਮਨੁੱਖ ਦੀ ਛਿੱਕ, ਖੰਘ, ਥੁੱਕ ਤੇ ਲਾਰ ਇਸ ਦੇ ਵਾਹਨ ਹਨ। ਇਨ੍ਹਾਂ ਹੀ ਵਾਹਨਾਂ ਦਾ ਸਵਾਰ ਹੋ ਇਹ ਸ਼ਹਿਰ ਦੀਆਂ ਹਵਾਵਾਂ ਵਿਚ ਉਡਦਾ-ਪੁਡਦਾ, ਥਾਂ-ਕੁਥਾਂ ਸ਼ਹਿ ਲਾਈ ਬੈਠਾ, ਪਾਰਕਾਂ ਵਿਚ ਲੱਗੀਆਂ ਪੀਘਾਂ ਉਤੇ ਝੂਟੇ ਲੈਂਦੇ ਛੋਟੇ ਬੱਚਿਆਂ, ਜਿਮ ਵਿਚ ਕਸਰਤ ਕਰ ਰਹੇ ਯੁਵਕਾਂ, ਰੈਸਤਰਾਂ ਵਿਚ ਖਾਣਾ ਖਾਂਦੇ ਪਰਿਵਾਰਾਂ, ਸਕੂਲਾਂ ਤੇ ਲਾਇਬ੍ਰੇਰੀਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ, ਖਰੀਦੋ-ਫਰੋਖਤ ਕਰਦੇ ਲੋਕਾਂ, ਬਿਜਨਸ ਮੀਟਿੰਗਾਂ ਤੇ ਕਾਨਫਰੰਸਾਂ ਵਿਚ ਮਸ਼ਰੂਫ ਆਵਾਮ, ਜਨਤਕ ਰੈਲੀਆਂ ਤੇ ਜਨ-ਸਮਾਗਮਾਂ ਵਿਚ ਹਿੱਸਾ ਲੈ ਰਹੀ ਜਨਤਾ, ਹੋਰ ਤਾਂ ਹੋਰ ਬੱਸਾਂ ਜਾਂ ਟੈਕਸੀਆਂ ਵਿਚ ਸਫਰ ਕਰਦੇ ਯਾਤਰੀਆਂ ਦਾ ਵੀ ਪਿੱਛਾ ਕਰ ਰਿਹਾ ਹੋਵੇਗਾ। ਆਪਣੇ ਅਣਜਾਣਪੁਣੇ ਵਿਚ, ਕਿਧਰੇ ਇਸ ਘਰ ਦੇ ਤੇ ਕਿਧਰੇ ਉਸ ਘਰ ਦੇ ਵਾਸੀ, ਜਿਨ੍ਹਾਂ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕੀਤੇ ਬਿਨਾ ਖਾਣਾ ਖਾ ਲਿਆ ਹੋਵੇਗਾ, ਜਾਂ ਫਿਰ ਸੁਤੇ-ਸਿਧ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਇਸ ਦੀ ਲਾਗ ਭਰਿਆ ਹੱਥ ਲਾ ਲਿਆ ਹੋਵੇਗਾ, ਸਹਿਜੇ ਹੀ ਇਸ ਦਾ ਸ਼ਿਕਾਰ ਹੋ ਜਾਣਗੇ। ਅਣਧੋਤੇ ਫਲ ਤੇ ਸਲਾਦ ਖਾਂਦਿਆਂ, ਜਨਤਕ ਨਲ ਤੋਂ ਪਾਣੀ ਪੀਂਦਿਆਂ, ਤੇ ਜਾਂ ਫਿਰ ਦੋਸਤਾਂ ਮਿੱਤਰਾਂ ਨਾਲ ਹੱਥ ਮਿਲਾਉਂਦਿਆਂ ਪਤਾ ਨਹੀਂ ਕਦੋਂ ਤੇ ਕਿਥੇ ਇਹ ਜਮਦੂਤ ਤੁਹਾਨੂੰ ਪਕੜ ਲਵੇ। ਸਿਰਫ ਇਕ ਵਾਰ ਮਨੁੱਖ ਦੀ ਸਾਹ ਪ੍ਰਣਾਲੀ ਜਾਂ ਖਾਧ-ਪਦਾਰਥਾਂ ਦਾ ਅੰਗ ਬਣਦਿਆਂ ਹੀ, ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਕਾਬੂ ਕਰ ਸਕੀਏ, ਦੇਖਦਿਆਂ ਹੀ ਦੇਖਦਿਆਂ ਇਹ ਮਹਾਂਨਗਰਾਂ, ਸ਼ਹਿਰਾਂ ਤੇ ਕਸਬਿਆਂ ਦੀ ਸੰਪੂਰਨ ਬਰਬਾਦੀ ਦਾ ਕਸੀਦਾ ਲਿਖ ਚੁਕਾ ਹੋਵੇਗਾ।”
ਅਚਾਨਕ ਉਹ ਚੁੱਪ ਹੋ ਗਿਆ। ਉਸ ਨੂੰ ਯਾਦ ਆ ਗਿਆ ਕਿ ਬਿਆਨਬਾਜ਼ੀ ਕਰਨਾ ਉਸ ਦੀ ਕਮਜ਼ੋਰੀ ਸੀ।
“ਪਰ ਇਹ ਵਾਇਰਸ-ਸੈਂਪਲ ਇਥੇ ਪੂਰੀ ਤਰ੍ਹਾਂ ਮਹਿਫੂਜ਼ ਹੈ।” ਉਹ ਬੋਲਿਆ।
ਲੀਓ ਨੇ ਸਿਰ ਹਿਲਾਇਆ। ਉਸ ਦੀਆਂ ਅੱਖਾਂ ਵਿਚ ਅਜੀਬ ਚਮਕ ਸੀ। ਖੰਘੂਰਾ ਮਾਰ ਉਸ ਨੇ ਗਲਾ ਸਾਫ ਕੀਤਾ। “ਇਹ ਅਰਾਜਕਤਾਵਾਦੀ, ਬਦਮਾਸ਼,” ਉਹ ਬੋਲਿਆ, “ਬਿਲਕੁਲ ਮੂਰਖ ਹਨ, ਪੱਕੇ ਮੂਰਖ! ਆਪਣੇ ਮੁਫਾਦ ਲਈ ਉਹ ਬੰਬਾਂ ਦੀ ਵਰਤੋਂ ਕਰਦੇ ਨੇ, ਜਦ ਕਿ ਉਹ ਜਾਣਦੇ ਹੀ ਨਹੀਂ ਕਿ ਅਜਿਹੀ ਚੀਜ਼ ਵੀ ਮੌਜੂਦ ਹੈ। ਮੇਰਾ ਖਿਆਲ ਹੈ…।”
ਅਚਾਨਕ ਫੋਨ ਦੀ ਘੰਟੀ ਵੱਜੀ। ਯੰਗ ਸੂ ਦਾ ਧਿਆਨ ਉਚਕਿਆ ਤੇ ਉਹ ਫੋਨ ਸੁਣਨ ਲੱਗਾ। ਥੋੜ੍ਹੀ ਜਿਹੀ ਗੱਲਬਾਤ ਪਿਛੋਂ ਉਹ ਬੋਲਿਆ, “ਤੁਸੀਂ ਰੁਕੋ! ਮੈਂ ਇਕ ਮਿੰਟ ਵਿਚ ਵਾਪਸ ਆਉਂਦਾ ਹਾਂ।” ਤੇ ਉਹ ਪ੍ਰਯੋਗਸ਼ਾਲਾ ਦਾ ਦਰਵਾਜਾ ਖੋਲ੍ਹ ਬਾਹਰ ਚਲਾ ਗਿਆ। ਜਦ ਉਹ ਮੁੜ ਪ੍ਰਯੋਗਸ਼ਾਲਾ ਵਿਚ ਦਾਖਿਲ ਹੋਇਆ ਤਾਂ ਲੀਓ ਆਪਣੀ ਘੜੀ ਦੇਖ ਰਿਹਾ ਸੀ।
“ਪਤਾ ਹੀ ਨਹੀਂ ਲੱਗਾ ਕਿ ਇਕ ਘੰਟਾ ਬੀਤ ਗਿਆ ਹੈ ਗੱਲਬਾਤ ਵਿਚ!” ਉਹ ਬੋਲਿਆ। “ਤਿੰਨ ਵੱਜ ਰਹੇ ਹਨ। ਮੈਨੂੰ ਇਥੋਂ ਢਾਈ ਵਜੇ ਚੱਲ ਪੈਣਾ ਚਾਹੀਦਾ ਸੀ। ਸੱਚੀ ਗੱਲ ਤਾਂ ਇਹ ਹੈ ਕਿ ਤੁਹਾਡਾ ਖੋਜ ਕਾਰਜ ਸੱਚਮੁੱਚ ਹੀ ਦਿਲਚਸਪ ਹੈ, ਜਿਸ ਕਾਰਨ ਵਕਤ ਦੇ ਗੁਜ਼ਰ ਜਾਣ ਦਾ ਪਤਾ ਹੀ ਨਹੀਂ ਚਲਿਆ, ਪਰ ਹੁਣ ਮੈਨੂੰ ਜਾਣਾ ਹੋਵੇਗਾ। ਕਿਉਂਕਿ ਸਾਢੇ ਤਿੰਨ ਵਜੇ ਮੇਰਾ ਕਿਸੇ ਹੋਰ ਸੱਜਣ ਨੂੰ ਮਿਲਣਾ ਤੈਅ ਹੈ। ਇਸ ਮੁਲਾਕਾਤ ਲਈ ਸਮਾਂ ਦੇਣ ਵਾਸਤੇ ਤੁਹਾਡਾ ਸ਼ੁਕਰੀਆ।”
ਯੰਗ ਸੂ ਉਸ ਨੂੰ ਦਰਵਾਜੇ ਤਕ ਛੱਡਣ ਗਿਆ ਤੇ ਸੋਚਾਂ ਵਿਚ ਡੁੱਬਾ ਵਾਪਸ ਆ ਗਿਆ। ਉਹ ਲੀਓ ਬਾਰੇ ਹੀ ਸੋਚ ਰਿਹਾ ਸੀ ਕਿ ਨਾ ਤਾਂ ਉਹ ਕੋਰੀਅਨ ਨਜ਼ਰ ਆ ਰਿਹਾ ਸੀ ਤੇ ਨਾ ਹੀ ਤਾਇਵਾਨੀ ਜਾਂ ਜਾਪਾਨੀ। “ਲਗਦਾ ਹੈ ਕਿ ਉਹ ਜ਼ਰੂਰ ਹੀ ਮਾੜੇ ਸੁਭਾਅ ਵਾਲਾ ਸਥਾਨਕ ਵਾਸੀ ਹੀ ਹੈ।” ਉਹ ਬੁੜਬੁੜਾਇਆ। “ਦੇਖੋ ਤਾਂ ਉਹ ਜ਼ਿੰਦਾ ਨੋਵਲ ਕਰੋਨਾ ਵਾਇਰਸ ਦੇ ਸੈਂਪਲ ਨੂੰ ਕਿਵੇਂ ਘੂਰ ਰਿਹਾ ਸੀ।”
ਅਚਾਨਕ ਉਸ ਨੂੰ ਇਕ ਨਵੀਂ ਚਿੰਤਾ ਨੇ ਘੇਰ ਲਿਆ। ਉਹ ਤੇਜ਼ੀ ਨਾਲ ਖੁਰਦਬੀਨ ਵਾਲੇ ਮੇਜ਼ ਵੱਲ ਗਿਆ ਤੇ ਤੁਰੰਤ ਹੀ ਆਪਣੇ ਰਿਕਾਰਡ-ਟੇਬਲ ਵੱਲ ਮੁੜ ਆਇਆ। ਤਦ ਉਸ ਨੇ ਕਾਹਲੀ ਕਾਹਲੀ ਆਪਣੀਆਂ ਜੇਬਾਂ ਦੀ ਫੋਲਾ-ਫਾਲੀ ਕੀਤੀ, ਤੇ ਫਿਰ ਫਟਾਫਟ ਦਰਵਾਜੇ ਵੱਲ ਨੱਠ ਉਠਿਆ। “ਸ਼ਾਇਦ ਮੈਂ ਉਸ ਨੂੰ ਜੂਲੀਆ ਦੇ ਮੇਜ਼ ਉਤੇ ਭੁੱਲ ਆਇਆ ਹੋਵਾਂ।” ਉਹ ਬੁੜਬੁੜਾ ਰਿਹਾ ਸੀ। ਕਮਰੇ ਤੋਂ ਬਾਹਰ ਆ ਉਹ ਦੁਖ ਭਰੀ ਅਵਾਜ਼ ਨਾਲ ਚੀਖਿਆ, “ਜੂਲੀਆ!”
“ਜੀ ਸਰ।” ਨਾਲ ਦੇ ਕਮਰੇ ‘ਚੋਂ ਉਸ ਦੀ ਸੈਕਟਰੀ ਦੀ ਅਵਾਜ਼ ਸੁਣਾਈ ਦਿੱਤੀ।
“ਹੁਣੇ ਹੁਣੇ ਜਦ ਆਪਾਂ ਗੱਲ ਕੀਤੀ ਸੀ, ਕੀ ਮੈਂ ਤੇਰੇ ਮੇਜ਼ ਉਤੇ ਕੁਝ ਭੁੱਲ ਤਾਂ ਨਹੀਂ ਆਇਆ?”
ਕੁਝ ਦੇਰ ਚੁੱਪ ਪਿਛੋਂ ਜੂਲੀਆ ਦੀ ਅਵਾਜ਼ ਸੁਣਾਈ ਦਿੱਤੀ, “ਨਹੀਂ ਸਰ! ਇਥੇ ਤਾਂ ਕੁਝ ਵੀ ਨਹੀਂ…।”
“ਸਤਿਆਨਾਸ!” ਯੰਗ ਸੂ ਚੀਖਿਆ ਤੇ ਤੇਜ਼ੀ ਨਾਲ ਬਾਹਰ ਵੱਲ ਭੱਜਿਆ। ਕਾਹਲੇ ਕਾਹਲੇ ਕਦਮੀਂ ਪ੍ਰਯੋਗਸ਼ਾਲਾ ਦੇ ਹਾਲ ਨੂੰ ਪਾਰ ਕਰ ਉਹ ਬਾਹਰਲੀ ਸੜਕ ਉਤੇ ਪਹੁੰਚ ਗਿਆ।
ਜ਼ੋਰ ਨਾਲ ਖੋਲ੍ਹੇ ਗਏ ਦਰਵਾਜੇ ਦੀ ਠਾਹ ਸੁਣਦੇ ਹੀ ਜੂਲੀਆ ਅਚਨਚੇਤੀ ਡਰ ਕਾਰਨ ਖਿੜਕੀ ਵੱਲ ਭੱਜੀ। ਸੜਕ ਉਤੇ ਅੱਜ ਦਾ ਮੁਲਾਕਾਤੀ ਟੈਕਸੀ ਵਿਚ ਬੈਠ ਰਿਹਾ ਨਜ਼ਰ ਆਇਆ।
ਨੰਗੇ ਸਿਰ, ਬਿਨਾ ਕੋਟ ਪਹਿਨੀ ਯੰਗ ਸੂ ਆਮ ਚੱਪਲਾਂ ਵਿਚ ਹੀ ਪਾਗਲਾਂ ਵਾਂਗ ਹਰਕਤਾਂ ਕਰਦਾ ਬਾਹਰ ਵੱਲ ਨੱਠਿਆ ਜਾ ਰਿਹਾ ਸੀ। ਉਸ ਦੀ ਇਕ ਚੱਪਲ ਦਾ ਸਟਰੈਪ ਵੀ ਨਿਕਲ ਆਇਆ ਸੀ, ਪਰ ਉਹ ਇਸ ਵੱਲ ਬਿਨਾ ਧਿਆਨ ਦਿੱਤੇ, ਉਵੇਂ ਹੀ ਚੱਪਲ ਨੂੰ ਘਸੀਟਦਾ ਦੌੜਿਆ ਜਾ ਰਿਹਾ ਸੀ।
“ਲੱਗਦਾ ਹੈ ਕਿ ਡਾ. ਯੰਗ ਸੂ ਦਾ ਦਿਮਾਗ ਹਿੱਲ ਗਿਆ ਹੈ।” ਜੂਲੀਆ ਬੁੜਬੁੜਾਈ। “ਡਾ. ਯੰਗ ਸੂ ਰੁਕੋ…।” ਸ਼ਬਦ ਅਜੇ ਉਸ ਦੇ ਮੂੰਹ ਵਿਚ ਹੀ ਸਨ ਕਿ ਉਸ ਦੇਖਿਆ, ਅੱਜ ਵਾਲਾ ਮੁਲਾਕਾਤੀ ਵੀ ਆਲੇ ਦੁਆਲੇ ਝਾਕਦਾ, ਅਜਿਹੀ ਹੀ ਦਿਮਾਗੀ ਬੀਮਾਰੀ ਦਾ ਸ਼ਿਕਾਰ ਲੱਗ ਰਿਹਾ ਸੀ। ਮੁਲਾਕਾਤੀ, ਯੰਗ ਸੂ ਵੱਲ ਅਜੀਬ ਇਸ਼ਾਰਾ ਕਰ, ਫਟਾਫਟ ਕਾਰ ਵਿਚ ਬੈਠ ਗਿਆ। ਜੋ ਤੇਜ਼ ਗਤੀ ਨਾਲ ‘ਹੁਨੇਨ ਸੀ ਫੂਡ ਮਾਰਕਿਟ’ ਵੱਲ ਜਾਂਦੇ ਰਸਤੇ ਉਤੇ ਅੱਖੋਂ ਓਹਲੇ ਹੁੰਦੀ ਜਾ ਰਹੀ ਸੀ। ਤੁਰੰਤ ਹੀ ਯੰਗ ਸੂ ਨੇ ਪਿੱਛਿਓਂ ਆ ਰਹੀ ਟੈਕਸੀ ਨੂੰ ਹੱਥ ਦਿੱਤਾ, ਤੇ ਅਗਲੇ ਹੀ ਪਲ ਉਸ ਵਿਚ ਬੈਠ ਤੇਜ਼ ਰਫਤਾਰ ਨਾਲ ਲੀਓ ਦੀ ਟੈਕਸੀ ਦਾ ਪਿੱਛਾ ਕਰਦਾ ਨਜ਼ਰ ਆਇਆ।
ਜੂਲੀਆ ਖਿੜਕੀ ਤੋਂ ਪਿੱਛੇ ਹਟ, ਕਮਰੇ ਵਿਚ ਹੱਕੀ-ਬੱਕੀ ਖੜੀ ਸੀ।
“ਬੇਸ਼ਕ ਡਾ. ਯੰਗ ਸੂ ਥੋੜ੍ਹਾ ਸਨਕੀ ਹੈ, ਪਰ ਸਰਦੀ ਦੇ ਇਸ ਮੌਸਮ ਵਿਚ ਬਿਨਾ ਟੋਪ, ਕੋਟ ਤੇ ਬੂਟ-ਜੁਰਾਬਾਂ ਪਹਿਨੇ ਸੜਕਾਂ ਉਤੇ ਦੌੜੇ ਫਿਰਨਾ ਕਿਥੋਂ ਦੀ ਸਿਆਣਪ ਹੈ?” ਉਸ ਸੋਚਿਆ।
ਅਚਾਨਕ ਉਸ ਨੂੰ ਖੁਸ਼ਨੁਮਾ ਵਿਚਾਰ ਆਇਆ। ਜਲਦੀ ਜਲਦੀ ਉਸ ਨੇ ਹਾਲ ਨੂੰ ਪਾਰ ਕਰ ਬਾਹਰਲੇ ਦਰਵਾਜੇ ਕੋਲ ਪਏ ਆਪਣੇ ਬੂਟ ਪਹਿਨੇ, ਕਿੱਲੀ ਤੋਂ ਆਪਣਾ ਹੈਟ ਤੇ ਕੋਟ ਲਾਹ ਕੇ ਤੁਰੰਤ ਪਹਿਨਦਿਆਂ ਉਸ ਨੇ ਯੰਗ ਸੂ ਦਾ ਹੈਟ ਤੇ ਕੋਟ ਵੀ ਚੁੱਕ ਲਿਆ।
ਪ੍ਰਯੋਗਸ਼ਾਲਾ ਤੋਂ ਬਾਹਰ ਆ, ਕੋਲੋਂ ਲੰਘ ਰਹੀ ਟੈਕਸੀ ਨੂੰ ਰੋਕ, ਵਿਚ ਬੈਠਦਿਆਂ ਹੀ ਉਸ ਨੂੰ ‘ਹੁਨੇਨ ਸੀ ਫੂਡ ਮਾਰਕਿਟ’ ਵੱਲ ਚੱਲਣ ਲਈ ਕਿਹਾ ਤਾਂ ਜੋ ਕੁਝ ਦੇਰ ਪਹਿਲਾਂ ਹੀ ਟੈਕਸੀ ਵਿਚ ਬੈਠੇ, ਨੰਗੇ ਸਿਰ ਤੇ ਬਿਨਾ ਕੋਟ ਵਾਲੇ ਬੰਦੇ ਨੂੰ ਲੱਭ ਸਕੇ।
“ਨੰਗੇ ਸਿਰ ਵਾਲਾ ਤੇ ਬਿਨਾ ਕੋਟ ਤੋਂ, ਮੈਡਮ ਜੀ! ਠੀਕ ਹੈ ਨਾ।” ਕਹਿ ਡਰਾਈਵਰ ਨੇ ਐਕਸੀਲੇਟਰ ਦਬਾ, ਦੱਸੀ ਦਿਸ਼ਾ ਵੱਲ ਟੈਕਸੀ ਸਰਪਟ ਦੁੜਾ ਦਿੱਤੀ।

ਜਿਵੇਂ ਹੀ ਤੇਜ਼ ਰਫਤਾਰ ਟੈਕਸੀ ‘ਹੁਨੇਨ ਟੈਕਸੀ ਸਟੈਂਡ’ ਨੇੜੇ ਪੁੱਜੀ, ਜਿਥੇ ਅਕਸਰ ਡਰਾਈਵਰ ਤੇ ਹੋਰ ਵਿਹਲੜ ਬੈਠੇ ਰਹਿੰਦੇ ਸਨ। ਉਹ ਸਾਰੇ ਹੀ ਇੰਨੀ ਤੇਜ਼ੀ ਨਾਲ ਆ ਰਹੀ ਟੈਕਸੀ ਨੂੰ ਦੇਖ ਹੈਰਾਨ ਹੋ ਗਏ।
ਤੁਰੰਤ ਹੀ ਟੈਕਸੀ ਅੱਖੋਂ ਓਹਲੇ ਹੋ ਗਈ।
“ਆਹ! ਲੀਅ ਨੂੰ ਕੀ ਹੋ ਗਿਆ? ਇੰਨੀ ਤੇਜ਼ੀ?” ਮੋਟੇ ਠੁੱਲੇ ਜੁੱਸੇ ਵਾਲੇ ਯਿਫਾਨ ਦੇ ਬੋਲ ਸਨ।
“ਜਾਪਦਾ ਹੈ ਐਕਸੀਲੇਟਰ ਦੀ ਇਹੀ ਤਿਹੀ ਕਰ ਰਿਹਾ ਹੈ।” ਛੋਟੇ ਕੱਦ ਵਾਲਾ ਵਾਂਗ ਬੋਲਿਆ।
“ਓਹ ਦੇਖੋ! ਇਕ ਹੋਰ ਅਜਿਹਾ ਹੀ ਪਾਗਲ ਆ ਰਿਹਾ ਹੈ।” ਬੁੱਢੇ ਸੈਂਗ ਨੇ ਸਰਪਟ ਦੌੜੀ ਆ ਰਹੀ ਟੈਕਸੀ ਵੱਲ ਇਸ਼ਾਰਾ ਕਰਦਿਆਂ ਕਿਹਾ।
“ਇਹ ਤਾਂ ਆਪਣਾ ਫੈਂਗ ਹੈ।” ਯਿਫਾਨ ਕਹਿ ਰਿਹਾ ਸੀ, “ਇਸ ਨੂੰ ਕੀ ਹੋ ਗਿਆ? ਜਾਪਦਾ ਹੈ ਇਹ ਲੀਅ ਦੀ ਟੈਕਸੀ ਦਾ ਪਿੱਛਾ ਕਰ ਰਿਹਾ ਹੈ।”
ਟੈਕਸੀ ਸਟੈਂਡ ‘ਤੇ ਹਾਜ਼ਰ ਮੰਡਲੀ ਵਿਚ ਜ਼ੋਸ਼ ਭਰ ਗਿਆ ਸੀ। ਇਕੱਠੀਆਂ ਕਈ ਅਵਾਜ਼ਾਂ ਸੁਣਾਈ ਦਿੱਤੀਆਂ, “ਤੇਜ਼ ਚਲਾ ਫੈਂਗ, ਹੋਰ ਤੇਜ਼ ਚਲਾ।” “ਵਾਹ ਬਈ ਵਾਹ! ਜ਼ਬਰਦਸਤ ਮੁਕਾਬਲਾ ਹੈ ਇਹ।” “ਤੂੰ ਜ਼ਰੂਰ ਉਸ ਨੂੰ ਫੜ੍ਹ ਲਵੇਗਾ।” “ਬੱਸ ਜ਼ਰਾ ਹੋਰ ਤੇਜ਼ ਕਰ ਲੈ ਆਪਣੀ ਗੱਡੀ। ਬਾਜ਼ੀ ਜਿੱਤ ਲਈ ਸਮਝ।”
“ਲਗਦਾ ਹੈ, ਚਲਾਨ ਕਟੇਗਾ ਇਨ੍ਹਾਂ ਦਾ ਤੇਜ਼ ਸਪੀਡ ਕਾਰਨ।” ਵਾਂਗ ਦੇ ਬੋਲ ਸਨ।
“ਤੋਬਾ, ਤੋਬਾ, ਮੈਨੂੰ ਤਾਂ ਚੱਕਰ ਆ ਰਿਹਾ ਹੈ।” ਤੇਜ਼ੀ ਨਾਲ ਨੇੜੇ ਆ ਰਹੀ ਇਕ ਹੋਰ ਟੈਕਸੀ ਨੂੰ ਦੇਖ ਬੁੱਢਾ ਸੈਂਗ ਬੋਲਿਆ। “ਓਹ ਦੇਖੋ, ਇਕ ਹੋਰ ਪਾਗਲ ਆ ਰਿਹਾ ਹੈ।” “ਜਾਪਦਾ ਹੈ ਸ਼ਹਿਰ ਦੇ ਸਾਰੇ ਡਰਾਈਵਰ ਪਾਗਲ ਹੋ ਗਏ ਨੇ ਅੱਜ।”
“ਇਹ ਤਾਂ ਆਪਣਾ ਯਾਂਗ ਹੈ।” ਛੋਟੇ ਕੱਦ ਵਾਲਾ ਵਾਂਗ ਬੋਲਿਆ।
“ਆਹ ਤਾਂ ਔਰਤ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।” ਯਿਫਾਨ ਦੇ ਬੋਲ ਸਨ, “ਆਮ ਕਰ ਕੇ ਤਾਂ ਇਸ ਤੋਂ ਉਲਟ ਹੁੰਦਾ ਹੈ।”
“ਉਸ ਦੇ ਹੱਥ ਵਿਚ ਕੀ ਹੈ?”
“ਜਾਪਦਾ ਹੈ ਕੋਈ ਚੀਜ਼ ਹੈ!” ਕਿਸੇ ਦੇ ਬੋਲ ਸਨ।
“ਬਾਹਲਾ ਸਿਆਣਾ ਹੈ ਇਹ ਤਾਂ।” ਕੋਈ ਹੋਰ ਕਹਿ ਰਿਹਾ ਸੀ।
“ਬੁੱਢਾ ਲੀਅ ਤਾਂ ਨੰਬਰ ਲੈ ਗਿਆ। ਅਵੱਲ ਰਿਹਾ ਉਹ ਤਾਂ, ਦੂਜਾ ਨੰਬਰ ਕਿਸ ਦਾ ਰਿਹਾ?” ਵਾਂਗ ਪੁੱਛ ਰਿਹਾ ਸੀ।
ਜੂਲੀਆ ਦੀ ਕਾਰ ਵਾਹ ਵਾਹ ਦੇ ਤੀਬਰ ਸ਼ੋਰ-ਓ-ਗੁੱਲ ਵਿਚੋਂ ਗੁਜ਼ਰੀ। ਅਜਿਹਾ ਸ਼ੋਰ-ਓ-ਗੁੱਲ ਉਸ ਨੂੰ ਬਿਲਕੁਲ ਹੀ ਪਸੰਦ ਨਹੀਂ ਸੀ। ਉਹ ਤਾਂ ਸੋਚ ਰਹੀ ਸੀ ਕਿ ਉਹ ਤਾਂ ਸਿਰਫ ਆਪਣੀ ਡਿਊਟੀ ਕਰ ਰਹੀ ਸੀ। ਟੈਕਸੀ ਨੇ ‘ਚਐਨ ਹਿਲ ਪਾਰਕ’ ਦਾ ਘੁੰਮੇਟਾ ਪੂਰਾ ਕਰ ‘ਹੁਨੇਨ ਸੀ ਫੂਡ ਮਾਰਕਿਟ’ ਦੀ ਰਾਹ ਫੜ੍ਹ ਲਈ। ਜੂਲੀਆ ਦੀਆਂ ਅੱਖਾਂ ਫੈਂਗ ਦੀ ਟੈਕਸੀ ਦੀ ਪਿੱਠ ਉਤੇ ਟਿਕੀਆਂ ਹੋਈਆ ਸਨ, ਜਿਸ ਵਿਚ ਡਾ. ਯੰਗ ਸੂ ਆਪਣੇ ਕਮਲਪੁਣੇ ਕਾਰਨ ਠੰਢ ਨਾਲ ਠੁਰ ਠੁਰ ਕਰ ਰਿਹਾ ਸੀ।

ਸਭ ਤੋਂ ਅਗਲੀ ਟੈਕਸੀ ਵਿਚ, ਲੀਓ ਪਿਛਲੀ ਸੀਟ ਦੇ ਕੋਨੇ ਵਿਚ ਸੁੰਗੜ੍ਹਿਆ ਬੈਠਾ ਸੀ। ਸੱਜੇ ਹੱਥ ਵਿਚ ਉਸ ਨੇ ਉਹ ਛੋਟੀ ਜਿਹੀ ਟਿਊਬ ਕੱਸ ਕੇ ਫੜ੍ਹੀ ਹੋਈ ਸੀ, ਜਿਸ ਵਿਚ ਭਿਆਨਕ ਤਬਾਹੀ ਦੇ ਅੰਕੁਰ ਮੌਜੂਦ ਸਨ। ਉਸ ਦੇ ਚਿਹਰੇ ਉਤੇ ਡਰ ਤੇ ਖੁਸ਼ੀ ਦੇ ਹਾਵ-ਭਾਵ ਰਲ-ਗਡ ਸਨ। ਸਭ ਤੋਂ ਵੱਡਾ ਡਰ ਤਾਂ ਉਸ ਨੂੰ ਇਹ ਸੀ ਕਿ ਕਿਧਰੇ ਉਹ ਆਪਣਾ ਮਕਸਦ ਪੂਰਾ ਕਰਨ ਤੋਂ ਪਹਿਲਾਂ ਹੀ ਫੜ੍ਹਿਆ ਨਾ ਜਾਵੇ। ਉਸ ਦੇ ਇਸ ਡਰ ਵਿਚ, ਕੀਤੇ ਜਾ ਰਹੇ ਜੁਰਮ ਦਾ ਡਰ ਵੀ ਸ਼ਾਮਿਲ ਸੀ, ਪਰ ਉਸ ਨੂੰ ਕੀਤੇ ਜਾਣ ਵਾਲੇ ਕਾਰਨਾਮੇ ਦੀ ਖੁਸ਼ੀ, ਮੌਜੂਦਾ ਡਰ ਨਾਲੋਂ ਕਿਤੇ ਵੱਧ ਸੀ।
ਉਸ ਦੇ ਮਨ ਵਿਚ ਖਿਆਲਾਂ ਦੀ ਉਥਲ-ਪੁਥਲ ਸੀ, “ਅੱਜ ਤਕ ਕੋਈ ਵੀ ਅਰਾਜਕਤਾਵਾਦੀ ਅਜਿਹੇ ਕਾਰਨਾਮੇ ਨੂੰ ਕਰਨਾ ਤਾਂ ਕੀ, ਇਸ ਬਾਰੇ ਸੋਚ ਵੀ ਨਹੀਂ ਸਕਿਆ। ਏਮਿਲੀ ਅਰਮੰਡ, ਰੇਮੰਡ ਕਲੇਮਿਨ ਤੇ ਵਿਕਟਰ ਸਰਗੇ ਜਿਹੀਆਂ ਸ਼ਖਸੀਅਤਾਂ, ਜਿਨ੍ਹਾਂ ਦਾ ਮੈਂ ਹਮੇਸ਼ਾ ਕਾਇਲ ਰਿਹਾ ਸਾਂ, ਉਨ੍ਹਾਂ ਦੇ ਨਾਮ, ਮੇਰੇ ਇਸ ਕਾਰਨਾਮੇ ਦੀ ਬਦੌਲਤ ਫਿੱਕੇ ਪੈ ਜਾਣਗੇ। ਮੈਂ ਤਾਂ ਇਸ ਨਿੱਕੀ ਜਿਹੀ ਟਿਊਬ ਵਿਚਲੇ ਦ੍ਰਵ ਨੂੰ ਕਿਸੇ ਖਾਣਾ ਭੰਡਾਰ ਵਿਖੇ ਡੋਲ੍ਹਣਾ ਹੀ ਹੈ। ਬਾਕੀ ਕੰਮ ਤਾਂ ਦ੍ਰਵ ਵਿਚਲੇ ਨਿਕਚੂਆਂ ਨੇ ਆਪੇ ਕਰ ਲੈਣਾ ਹੈ।”
ਉਸ ਨੂੰ ਆਪਣੇ ਆਪ ‘ਤੇ ਰਸ਼ਕ ਆ ਰਿਹਾ ਸੀ। ਇਹ ਸਾਰਾ ਕੁਝ ਉਸ ਨੇ ਕਿੰਨ੍ਹੀ ਚਲਾਕੀ ਨਾਲ ਵਿਉਂਤ ਲਿਆ ਸੀ, ਪਹਿਲਾਂ ਡਾ. ਯੰਗ ਸੂ ਨੂੰ ਮਿਲਣ ਲਈ ਲੋੜੀਂਦੇ ਜਾਣ-ਪਛਾਣ ਪੱਤਰ ਦੀ ਜਾਲਸਾਜ਼ੀ, ਤੇ ਫਿਰ ਕਿਵੇਂ ਸੁਚੱਜੇ ਢੰਗ ਨਾਲ ਮੌਕੇ ਦਾ ਫਾਇਦਾ ਉਠਾਉਣਾ। “ਆਖਰ ਦੁਨੀਆਂ ਨੂੰ ਮੇਰੀ ਸ਼ਖਸੀਅਤ ਦਾ ਕਾਇਲ ਹੋਣਾ ਹੀ ਹੋਵੇਗਾ,” ਉਹ ਸੋਚ ਰਿਹਾ ਸੀ, “ਉਹ ਸਾਰੇ ਲੋਕ, ਜੋ ਸਦਾ ਮੇਰਾ ਮਜ਼ਾਕ ਬਣਾਉਂਦੇ ਰਹੇ, ਤਾਅਨੇ ਕੱਸਦੇ ਰਹੇ, ਮੈਨੂੰ ਨਿਕੰਮਾ ਤੇ ਨਾਲਾਇਕ ਕਹਿੰਦੇ ਰਹੇ, ਮੇਰੇ ਨਾਲ ਸਦਾ ਅਨਿਆਂ ਕਰਦੇ ਰਹੇ, ਤੇ ਮੈਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਨ ਸਮਝਦੇ, ਆਖਰਕਾਰ ਮੇਰੀ ਕਾਬਲੀਅਤ ਦੇ ਕਾਇਲ ਹੋ ਜਾਣਗੇ। ਮੌਤ ਦੇ ਇਸ ਤਾਂਡਵੀਂ ਨਾਚ ਨਾਲ ਮੈਂ ਉਨ੍ਹਾਂ ਨੂੰ ਦੱਸ ਦੇਵੇਗਾ ਕਿ ਕਿਸੇ ਨੂੰ ਅਲੱਗ-ਥਲੱਗ ਕਰਨਾ ਕਿੰਨਾ ਗਲਤ ਹੁੰਦਾ ਹੈ।”
“ਆਹ! ਅਸੀਂ ਕਿਥੇ ਪਹੁੰਚ ਗਏ ਹਾਂ? ਇਹ ਤਾਂ ‘ਹੁਨੇਨ ਸੀ ਫੂਡ ਮਾਰਕਿਟ’ ਜਾਪਦੀ ਹੈ।” ਉਸ ਨੇ ਕਾਰ ਦੀ ਖਿੜਕੀ ਰਾਹੀਂ ਬਾਹਰ ਝਾਂਕਿਆ। ਯੰਗ ਸੂ ਵਾਲੀ ਕਾਰ ਅਜੇ ਨਜ਼ਰ ਨਹੀਂ ਸੀ ਆ ਰਹੀ, ਪਰ ਉਹ ਕਿਸੇ ਸਮੇਂ ਵੀ ਪਹੁੰਚ ਸਕਦਾ ਸੀ। ਸਭ ਕੁਝ ਜਲਦੀ ਜਲਦੀ ਕਰਨ ਦੀ ਲੋੜ ਸੀ। ਉਸ ਨੇ ਡਰਾਈਵਰ ਨੂੰ ਫੂਡ ਮਾਰਕਿਟ ਕੋਲ ਟੈਕਸੀ ਰੋਕਣ ਦਾ ਇਸ਼ਾਰਾ ਕੀਤਾ। ਕਾਰ ਵਿਚੋਂ ਫਟਾਫਟ ਬਾਹਰ ਨਿਕਲ, 100 ਯੂਆਨ ਦਾ ਨੋਟ ਡਰਾਈਵਰ ਵੱਲ ਸੁੱਟ, ਬਿਨਾ ਬਕਾਏ ਦਾ ਇੰਤਜ਼ਾਰ ਕੀਤੇ, ਉਹ ਦਗੜ੍ਹ ਦਗੜ੍ਹ ਕਰਦਾ ਪੌੜੀਆਂ ਚੜ੍ਹ ਫੂਡ ਮਾਰਕਿਟ ਵਿਚ ਜਾ ਵੜਿਆ।
ਉਹ ਸਿੱਧਾ ਮੀਟ ਸੈਕਸ਼ਨ ਵੱਲ ਗਿਆ। ਪਹਿਲਾ ਕਾਂਊਟਰ ਚਾਮਚੜਿਕਾਂ ਦੇ ਮੀਟ ਨਾਲ ਲੱਦਿਆ ਪਿਆ ਸੀ। ਉਹ ਮੀਟ ਖਰੀਦਣ ਦੇ ਅੰਦਾਜ਼ ਵਿਚ ਉਥੇ ਜਾ ਖੜ੍ਹਾ ਹੋਇਆ। ਸੇਲਜ਼ਮੈਨ ਅਜੇ ਪਹਿਲੇ ਗਾਹਕ ਨਾਲ ਹੀ ਮਸ਼ਰੂਫ ਸੀ। ਉਸ ਨੇ ਆਲੇ ਦੁਆਲੇ ਦੇਖਿਆ, ਸਭ ਆਪੋ ਆਪਣੀ ਖਰੀਦੋ-ਫਰੋਖਤ ਵਿਚ ਮਸਤ ਸਨ। ਹੋਰਨਾਂ ਦੀ ਨਜ਼ਰ ਤੋਂ ਚੋਰੀ, ਉਸ ਨੇ ਆਪਣੇ ਕੋਟ ਦੀ ਲੰਮੀ ਬਾਂਹ ਦੇ ਓਹਲੇ ਵਿਚ ਟਿਊਬ ਵਿਚਲੇ ਦ੍ਰਵ ਦੀਆਂ ਕੁਝ ਬੂੰਦਾਂ ਚਾਮਚੜਿਕਾਂ ਦੇ ਮੀਟ ਉਤੇ ਸੁੱਟ ਦਿੱਤੀਆਂ, ਤੇ ਚੁਪਚੁਪੀਤੇ ਅੱਗੇ ਤੁਰ ਗਿਆ, ਅਜਿਹੇ ਅੰਦਾਜ਼ ਵਿਚ ਜਿਵੇਂ ਉਸ ਨੂੰ ਇਹ ਮੀਟ ਪਸੰਦ ਨਾ ਅਇਆ ਹੋਵੇ।
ਅਗਲੇ ਕਾਊਂਟਰ ਉਤੇ ਵੱਡੇ-ਛੋਟੇ ਤੇ ਕਾਲੇ-ਚਿੱਟੇ ਸੱਪ ਵਿਕ ਰਹੇ ਸਨ, ਤੇ ਉਸ ਤੋਂ ਅੱਗੇ ਮੈਕਿਰਲ ਮੱਛੀਆਂ ਵਾਲਾ ਸਟਾਲ ਸੀ। ਉਹ ਅੱਗੇ ਲੰਘ ਗਿਆ। ਕੁਝ ਦੂਰੀ ਉਤੇ ‘ਸਸਤਾ ਸੂਰ ਦਾ ਮੀਟ’ ਹੈਡਿੰਗ ਵਾਲੀ ਦੁਕਾਨ ਉਤੇ ਕਾਫੀ ਭੀੜ ਲੱਗੀ ਹੋਈ ਸੀ। ਉਹ ਵੀ ਇਸੇ ਭੀੜ ਵਿਚ ਜਾ ਵੜਿਆ ਤੇ ਪਹਿਲਾਂ ਵਾਂਗ ਹੀ ਭੇਦ ਭਰੇ ਅੰਦਾਜ਼ ਵਿਚ ਟਿਊਬ ਵਿਚਲਾ ਬਾਕੀ ਦ੍ਰਵ ਇਸ ਦੁਕਾਨ ਦੇ ਮਾਲ ਉਤੇ ਡੋਲ੍ਹ ਦਿੱਤਾ। ਕੰਮ ਪੂਰਾ ਹੁੰਦਿਆਂ ਹੀ ਖੁਸ਼ੀ ਭਰੇ ਜੋਸ਼ ਨਾਲ ਉਹ ਚਹਿਕ ਉਠਿਆ। ਤਦ ਹੀ ਚੁਰਚੁਰੀ ਜਿਹੀ ਅਵਾਜ਼ ਸੁਣਾਈ ਦਿੱਤੀ। ਉਸ ਦੇਖਿਆ ਕਿ ਜੋਸ਼ ਜੋਸ਼ ਵਿਚ ਹਥਲੀ ਟਿਊਬ ਚੂਰਾ ਚੂਰਾ ਹੋ ਗਈ ਸੀ ਅਤੇ ਉਸ ਵਿਚਲੇ ਦ੍ਰਵ ਦੇ ਕੁਝ ਅੰਤਲੇ ਤੁਪਕੇ ਉਸ ਦੇ ਹੱਥ ਨੂੰ ਗਿੱਲਾ ਕਰ ਗਏ ਸਨ। ਚਿਹਰੇ ਉਤੇ ਅਚਾਨਕ ਆ ਬੈਠੀ ਮੱਖੀ ਨੂੰ ਉਡਾਉਣ ਲਈ ਜਿਵੇਂ ਹੀ ਉਸ ਚਿਹਰੇ ਨੂੰ ਛੂਹਿਆ, ਦ੍ਰਵ ਦਾ ਗਿੱਲਾ ਅਹਿਸਾਸ ਚਿਹਰੇ ਉਤੇ ਵੀ ਮਹਿਸੂਸ ਹੋਇਆ।
ਉਹ ਕੰਬ ਗਿਆ। “ਜਾਪਦਾ ਹੈ, ਮੇਰਾ ਨੰਬਰ ਪਹਿਲਾ ਹੀ ਹੋਵੇਗਾ। ਖੈਰ! ਕੁਝ ਵੀ ਵਾਪਰੇ, ਮੈਂ ਤਾਂ ਸ਼ਹੀਦ ਹੀ ਅਖਵਾਵਾਂਗਾ। ਮਾੜ੍ਹਾ ਸੌਦਾ ਨਹੀਂ ਹੈ ਇਹ। ਜੇ ਯੰਗ ਸੂ ਸੱਚ ਕਹਿ ਰਿਹਾ ਸੀ ਤਾਂ ਇਹ ਮੌਤ ਪਤਾ ਨਹੀਂ ਕਿੰਨਾ ਕੁ ਦੁਖ ਦੇਵੇਗੀ। ਸ਼ਾਇਦ ਬਹੁਤ ਹੀ ਦੁਰਗਤੀ ਵਾਲੀ ਹੋਵੇਗੀ ਇਹ।”
ਅਚਾਨਕ ਉਸ ਨੂੰ ਖਿਆਲ ਆਇਆ। ਉਸ ਦਾ ਹੱਥ ਅਜੇ ਵੀ ਗਿੱਲਾ ਸੀ। ਆਪਣੇ ਕਾਰਨਾਮੇ ਨੂੰ ਯਕੀਨਨ ਸਫਲ ਬਣਾਉਣ ਲਈ ਉਸ ਨੇ ਆਪਣੇ ਗਿੱਲੇ ਹੱਥ ਨੂੰ ਚੱਟ ਲਿਆ।
ਤਦ ਹੀ ਉਸ ਨੂੰ ਫੁਰਨਾ ਫੁਰਿਆ ਕਿ ਹੁਣ ਉਸ ਨੂੰ ਯੰਗ ਸੂ ਤੋਂ ਬਚਣ ਦੀ ਹੋਰ ਲੋੜ ਨਹੀਂ ਹੈ। ਉਹ ਫੂਡ ਮਾਰਕਿਟ ‘ਚੋਂ ਬਾਹਰ ਨਿਕਲ ਆਇਆ। ਹੌਲੇ ਹੌਲੇ ਮਾਰਕਿਟ ਦੀਆਂ ਪੌੜੀਆਂ ਉਤਰ ਉਹ ਪਾਰਕਿੰਗ ਵੱਲ ਚਲ ਪਿਆ। ਉਸ ਨੂੰ ਚੱਕਰ ਜਿਹਾ ਆਇਆ, ਪਰ ਅਗਲੇ ਹੀ ਪਲ ਉਹ ਸੰਭਲ ਗਿਆ। “ਕਾਫੀ ਤੇਜ਼ ਜ਼ਹਿਰ ਹੈ ਇਹ।” ਉਸ ਸੋਚਿਆ। ਉਹ ਹੱਥ ਕੱਛਾਂ ਵਿਚ ਤੁੰਨ, ਫੁੱਟਪਾਥ ਉਤੇ ਖੜ, ਯੰਗ ਸੂ ਦਾ ਇੰਤਜ਼ਾਰ ਕਰਨ ਲੱਗਾ। ਉਸ ਦੇ ਖੜ੍ਹੇ ਹੋਣ ਦੇ ਢੰਗ ਵਿਚ ਬੇਸ਼ਕ ਕੁਝ ਉਦਾਸੀ ਜਿਹੀ ਝਲਕ ਰਹੀ ਸੀ, ਪਰ ਨੇੜੇ ਆ ਰਹੀ ਮੌਤ ਨੇ ਉਸ ਨੂੰ ਨਿਰਸੰਦੇਹ ਸਵੈ-ਭਰੋਸੇ ਨਾਲ ਭਰ ਦਿੱਤਾ ਸੀ।

ਜਿਵੇਂ ਹੀ ਯੰਗ ਸੂ ਦੀ ਕਾਰ ਪਾਰਕਿੰਗ ਵਿਚ ਪੁੱਜੀ, ਖੁੱਲ੍ਹ ਕੇ ਹੱਸਦਾ ਉਹ ਪੂਰੇ ਜੋਸ਼ ਨਾਲ ਯੰਗ ਸੂ ਨੂੰ ਮਿਲਿਆ।
“ਅਰਾਜਕਤਾਵਾਦ ਜ਼ਿੰਦਾਬਾਦ! ਤੂੰ ਬਹੁਤ ਲੇਟ ਹੋ ਗਿਆ ਮੇਰੇ ਦੋਸਤ। ਕਰੋਨਾ ਵਾਇਰਸ ਤਾਂ ਹਵਾਵਾਂ ਦਾ ਸਵਾਰ ਬਣ ਚੁਕਾ ਹੈ।”
ਯੰਗ ਸੂ ਨੇ ਬੈਠੇ ਬਿਠਾਏ ਹੀ ਕਾਰ ਦੀ ਖਿੜਕੀ ਰਾਹੀਂ ਉਸ ਵੱਲ ਉਤਸੁਕਤਾਪੂਰਨ ਝਾਕਿਆ। “ਓ ਬਦਨਸੀਬ ਲੀਓ! ਮੈਨੂੰ ਲਗ ਰਿਹਾ ਹੈ ਕਿ ਤੂੰ ਇਸ ਨੂੰ ਚਟਮ ਕਰ ਗਿਆ ਹੈ।”
ਉਹ ਹੋਰ ਵੀ ਕੁਝ ਕਹਿਣਾ ਚਾਹੁੰਦਾ ਸੀ, ਪਰ ਰੁਕ ਗਿਆ। ਉਸ ਦੇ ਚਿਹਰੇ ਉਤੇ ਗੁੱਸੇ ਤੇ ਦੁੱਖ ਦੇ ਰਲੇ-ਮਿਲੇ ਭਾਵ ਸਨ। ਉਸ ਨੇ ਆਪਣੀ ਕਾਰ ਦਾ ਦਰਵਾਜਾ ਖੋਲਿਆ, ਇੰਜ ਜਾਪਿਆ ਜਿਵੇਂ ਉਹ ਥੱਲੇ ਉਤਰਨ ਲੱਗਾ ਹੋਵੇ, ਪਰ ਲਿਓ ਬੜੇ ਹੀ ਨਾਟਕੀ ਅੰਦਾਜ਼ ਵਿਚ ਉਸ ਨੂੰ ਅਲਵਿਦਾ ਕਹਿ, ਵੱਡੇ ਵੱਡੇ ਕਦਮ ਪੁੱਟਦਾ ‘ਜਾਂਗਤਸੇ ਰਿਵਰ ਬ੍ਰਿਜ਼’ ਵੱਲ ਤੁਰ ਗਿਆ। ਜਿਥੇ ਉਹ ਬੜੀ ਚਲਾਕੀ ਨਾਲ ਆਪਣੇ ਲਾਗ ਭਰੇ ਸਰੀਰ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਘਸਰਦਾ ਜਾ ਰਿਹਾ ਸੀ।
ਯੰਗ ਸੂ, ਲੀਓ ਦੀ ਕਾਰਸਤਾਨੀ ਦੇਖਣ ਵਿਚ ਇੰਨਾ ਮਗਨ ਸੀ ਕਿ ਜਦ ਜੂਲੀਆ ਉਸ ਦਾ ਕੋਟ, ਹੈਟ ਤੇ ਬੂਟ ਲੈ ਕੇ ਉਸ ਕੋਲ ਪੁੱਜੀ ਤਾਂ ਉਹ ਜ਼ਰਾ ਜਿੰਨਾ ਵੀ ਹੈਰਾਨ ਨਾ ਹੋਇਆ।
“ਤੂੰ ਚੰਗਾ ਕੀਤਾ ਕਿ ਮੇਰੀਆਂ ਚੀਜ਼ਾਂ ਲੈ ਆਈ।” ਉਹ ਬੋਲਿਆ, ਤੇ ਦੂਰ ਜਾ ਰਹੇ ਕਾਲੇ ਓਵਰਕੋਟ ਵਾਲੇ ਲੀਓ ਵੱਲ ਤੱਕਣ ਵਿਚ ਹੀ ਮਗਨ ਰਿਹਾ।
ਉਧਰ ਹੀ ਝਾਕਦਾ ਉਹ ਬੋਲਿਆ, “ਜੂਲੀਆ! ਕਾਰ ਵਿਚ ਬੈਠ ਜਾ।”
ਜੂਲੀਆ ਨੂੰ ਹੁਣ ਪੱਕਾ ਹੀ ਯਕੀਨ ਹੋ ਗਿਆ ਸੀ ਕਿ ਡਾ. ਯੰਗ ਸੂ ਦਿਮਾਗੀ ਤੌਰ ‘ਤੇ ਹਿੱਲ ਚੁਕਾ ਹੈ। ਇਸ ਲਈ ਉਸ ਨੇ ਟੈਕਸੀ ਵਾਲੇ ਨੂੰ ਵਾਪਸ ਜਾਣ ਲਈ ਆਪੇ ਹੁਕਮ ਚਾੜ੍ਹ ਦਿੱਤਾ।
“ਤੇ ਹੁਣ ਮੈਨੂੰ ਬੂਟ ਵੀ ਪਾਉਣੇ ਪੈਣਗੇ?” ਉਹ ਬੋਲਿਆ।
“ਜ਼ਰੂਰ!” ਜੂਲੀਆ ਦੀ ਹਲਕੀ ਜਿਹੀ ਅਵਾਜ਼ ਸੀ।
ਤਦ ਹੀ ਟੈਕਸੀ ਨੇ ਮੋੜ ਮੁੜਿਆ ਤੇ ਆਕੜ ਭਰੇ ਅੰਦਾਜ਼ ਨਾਲ ਚਲ ਰਿਹਾ ਕਾਲੇ ਕੋਟ ਵਾਲਾ ਆਕਾਰ ਅੱਖੋਂ ਓਹਲੇ ਹੋ ਗਿਆ।
ਯੰਗ ਸੂ ਇਕ ਝਟਕੇ ਜਿਹੇ ਨਾਲ ਜੂਲੀਆ ਵੱਲ ਮੁੜਿਆ ਤੇ ਬੋਲਿਆ, “ਦਰਅਸਲ, ਬਹੁਤ ਹੀ ਗੰਭੀਰ ਮਸਲਾ ਹੈ ਇਹ। ਉਹ ਆਦਮੀ ਜੋ ਮੈਨੂੰ ਮਿਲਣ ਆਇਆ ਸੀ, ਅਸਲ ਵਿਚ ਉਹ ਇਕ ਅਰਾਜਕਤਾਵਾਦੀ ਹੈ।… ਨਹੀਂ, ਨਹੀਂ! ਗਸ਼ ਨਾ ਖਾ ਜਾਈਂ। ਨਹੀਂ ਤਾਂ ਮੈਂ ਤੈਨੂੰ ਬਾਕੀ ਗੱਲ ਨਹੀਂ ਦੱਸ ਸਕਾਂਗਾ। ਮੈਂ ਨਹੀਂ ਸਾਂ ਜਾਣਦਾ ਕਿ ਉਹ ਅਰਾਜਕਤਾਵਾਦੀ ਹੈ। ਮੈਂ ਤਾਂ ਉਸ ਨੂੰ ਹੈਰਾਨ ਕਰਨ ਲਈ ਦੱਸ ਬੈਠਾ ਕਿ ਮੈਂ ਜੋ ਨਵਾਂ ਵਾਇਰਸ ਤਿਆਰ ਕੀਤਾ ਹੈ।…ਓਹੀ ਨੋਵਲ ਕਰੋਨਾ ਵਾਇਰਸ, ਜਿਸ ਬਾਰੇ ਮੈਂ ਤੇਰੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਤੇ ਜਿਸ ਦੀ ਲਾਗ ਨਾਲ ਕੁੱਕੜੀਆਂ, ਮੁਰਗਾਬੀਆਂ ਤੇ ਚਾਮਚੜਿੱਕਾਂ ਸਹਿਕ ਸਹਿਕ ਕੇ ਦਮ-ਘੁੱਟਵੀਂ ਮੌਤ ਮਰ ਗਈਆਂ ਸਨ। ਮੂਰਖਤਾ ਵੱਸ ਮੈਂ ਕਹਿ ਬੈਠਾ ਕਿ ਇਹ ਹੀ ਹੈ ਮੌਤ ਦਾ ਸਭ ਤੋਂ ਸ਼ਕਤੀਸ਼ਾਲੀ ਏਜੰਟ।
ਤੇ ਉਹ ਨਾਮੁਰਾਦ ਇਸ ਜ਼ਹਿਰੀਲੇ ਵਾਇਰਸ ਦਾ ਸੈਂਪਲ ਲੈ ਕੇ ਨੱਠ ਗਿਆ, ਸ਼ਹਿਰ ਦੀਆਂ ਹਵਾਵਾਂ ਵਿਚ ਜ਼ਹਿਰ ਘੋਲਣ ਲਈ। ਮੈਨੂੰ ਲੱਗ ਰਿਹਾ ਹੈ ਕਿ ਉਸ ਦੀ ਇਹ ਮਾੜੀ ਕਰਤੂਤ ਕਾਰਨ ਪੂਰੇ ਸ਼ਹਿਰਵਾਸੀਆਂ ਉਤੇ ਮੁਸੀਬਤਾਂ ਦਾ ਪਹਾੜ ਟੁੱਟ ਪਵੇਗਾ। ਜਾਪਦਾ ਹੈ, ਉਹ ਇਸ ਨੂੰ ਖੁਦ ਹੀ ਚਟਮ ਕਰ ਗਿਆ ਹੈ। ਮੈਂ ਨਹੀਂ ਜਾਣਦਾ ਕੀ ਵਾਪਰਨ ਵਾਲਾ ਹੈ? ਪਰ ਇਹ ਸੱਚ ਹੈ ਕਿ ਇਸ ਵਾਇਰਸ ਨੇ ਅਨੇਕਾਂ ਗਿਨੀ ਪਿੱਗਜ਼ ਦੀ ਜਾਨ ਲਈ ਹੈ। ਆਉਣ ਵਾਲੇ ਸਮੇਂ ਬਾਰੇ ਸੋਚ ਕੇ ਮੈਨੂੰ ਹੁਣੇ ਹੀ ਘਬਰਾਹਟ ਹੋ ਰਹੀ ਹੈ। ਨਹੀਂ, ਨਹੀਂ! ਮੈਨੂੰ ਧੀਰਜ ਰੱਖਣਾ ਹੋਵੇਗਾ।” ਯੰਗ ਸੂ ਲਗਾਤਾਰ ਬੁੜਬੁੜਾ ਰਿਹਾ ਸੀ।
ਜੂਲੀਆ ਦਾ ਚਿਹਰਾ ਹੈਰਾਨੀ ਤੇ ਪ੍ਰੇਸ਼ਾਨੀ ਵਾਲੇ ਭਾਵਾਂ ਨਾਲ ਰਲ-ਗਡ ਸੀ।
“ਸਾਨੂੰ ਮੌਜੂਦਾ ਹਾਲਾਤ ਉਥੇ ਫੋਕਸ ਕਰਨਾ ਹੋਵੇਗਾ। ਹੋਰ ਮਾਹਿਰਾਂ ਨੂੰ ਵੀ ਆਉਣ ਵਾਲੇ ਹਾਲਾਤ ਬਾਰੇ ਸੁਚੇਤ ਕਰਨ ਦੀ ਲੋੜ ਹੋਵੇਗੀ। ਹੋਰ ਤਾਂ ਹੋਰ, ਇਸ ਵਕਤ ਦੀ ਸਭ ਤੋਂ ਵੱਡੀ ਸਮੱਸਿਆ ਤਾਂ ਹੈ ਉਸ ਵਾਇਰਸ ਦਾ ਐਂਟੀਡੋਟ ਲੱਭਣਾ, ਪਰ ਅਜਿਹਾ ਕਰਨ ਤੋਂ ਪਹਿਲਾਂ ਉਸ ਦਾ ਨਵਾਂ ਸੈਂਪਲ ਵੀ ਤਿਆਰ ਕਰਨਾ ਹੋਵੇਗਾ। ਸੱਚ ਹੀ ਬਹੁਤ ਕੰਮ ਹੈ। ਚਲੋ ਜਲਦੀ ਚਲੋ ਪ੍ਰਯੋਗਸ਼ਾਲਾ ਨੂੰ। ਕਿਧਰੇ ਦੇਰ ਨਾ ਹੋ ਜਾਏ।” ਯੰਗ ਸੂ ਦੇ ਬੋਲ ਸਨ।
ਯੰਗ ਸੂ ਦੇ ਬੋਲ ਸੁਣਦਿਆਂ ਹੀ ਟੈਕਸੀ ਡਰਾਈਵਰ ਨੇ ਕਾਰ ਦੀ ਸਪੀਡ ਹੋਰ ਤੇਜ਼ ਕਰ ਦਿੱਤੀ।
ਪਰ ਆਉਣ ਵਾਲੀ ਆਫਤ ਤੋਂ ਬੇਖਬਰ ਮਹਾਨਗਰ ਦੇ ਵਾਸੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਵਿਚ ਵਿਅਸਤ ਸਨ।