ਦੁੱਖ ਭੰਜਨੀ ਦਾ ਬੇਰ: ਭਾਈ ਨਿਰਮਲ ਸਿੰਘ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਸ਼ੋਸ਼ਲ ਮੀਡੀਏ ‘ਤੇ ਦੋ ਦਿਨ ਪਹਿਲਾਂ ਚਰਚਾ ਸੀ ਕਿ ਕੀਰਤਨ ਸਮਰਾਟ ਪਦਮਸ਼੍ਰੀ ਭਾਈ ਨਿਰਮਲ ਕਰੋਨਾ ਪਾਜ਼ੇਟਿਵ ਹਨ। ਫਿਰ ਅੰਮ੍ਰਿਤ ਵੇਲੇ ਖਬਰ ਆਈ ਕਿ ਉਹ ਚੱਲ ਵਸੇ ਹਨ। ਇਹ ਖਬਰ ਇਵੇਂ ਲੱਗੀ, ਜਿਵੇਂ ਸਾਡੀ ਕੀਰਤਨ ਪਰੰਪਰਾ ‘ਤੇ ਬੰਬ ਡਿੱਗ ਪਿਆ ਹੋਵੇ, ਜਿਵੇਂ ਸਭ ਤਹਿਸ-ਨਹਿਸ ਹੋ ਗਿਆ ਹੋਵੇ ਤੇ ਕੁਛ ਵੀ ਨਾ ਬਚਿਆ ਹੋਵੇ।

ਕਰੋਨਾ ਦੀ ਭਿਆਨਕਤਾ ‘ਤੇ ਯਕੀਨ ਨਹੀਂ ਸੀ ਆਉਂਦਾ। ਚੁਟਕਲੇ ਸੁਝਦੇ ਸਨ ਕਿ ਜਨਤਾ ਐਵੇਂ ਡਰੀ ਹੋਈ ਹੈ। ਅੱਜ ਯਕੀਨ ਹੋ ਗਿਆ ਹੈ ਕਿ ਇਹ ਸੱਚਮੁਚ ਮਹਾਮਾਰੀ ਹੈ। ਹੁਣ ਬੇਸ਼ੱਕ ਕਰੋਨਾ ਕਿਸੇ ਨੂੰ ਕੁਝ ਨਾ ਕਹੇ, ਪਰ ਸਾਡੀ ਦੁੱਖ ਭੰਜਨੀ ਦਾ ਬੇਰ ਤੋੜ ਕੇ ਲੈ ਗਿਆ ਹੈ; ਉਹ ਵੀ ਟੀਸੀ ਦਾ।
ਕਈ ਸਾਲ ਹੋਏ, ਉਹ ਹਰ ਰੋਜ਼ ਅੰਮ੍ਰਿਤ ਵੇਲੇ ਬਾਣੀ ਦੀ ਤੁਕ ਅਤੇ ਫਤਿਹ ਲਿਖ ਕੇ ਵੱਟਸਐਪ ਕਰਦੇ ਸਨ ਤੇ ਮੈਂ ਉਨ੍ਹਾਂ ਨੂੰ ਹਰ ਰੋਜ਼ ਤਾਜ਼ੇ ਫੁੱਲ ਦੀ ਫੋਟੋ ਖਿੱਚ ਕੇ ਤੇ ਨਾਲ ਕੁਛ ਨਾ ਕੁਛ ਲਿਖ ਕੇ ਭੇਜਦਾ ਸਾਂ। ਚਾਰ ਦਿਨ ਤੋਂ ਉਨ੍ਹਾਂ ਦਾ ਕੋਈ ਮੈਸੇਜ ਨਹੀਂ ਸੀ ਆਇਆ; ਆਇਆ ਤਾਂ ਕਿਹੜਾ ਆਇਆ!
ਉਨ੍ਹਾਂ ਨਾਲ ਮੇਰਾ ਸਬੰਧ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੀ। ਮੈਂ ਉਥੇ ਪੜ੍ਹਦਾ ਸੀ ਤੇ ਅਸੀਂ ‘ਸਰਬੱਤ ਸੇਵਾ ਸੁਸਾਇਟੀ’ ਦੇ ਨਾਂ ਹੇਠ ਹਰ ਸਾਲ ਦਸਮ ਪਿਤਾ ਦਾ ਆਗਮਨ ਦਿਵਸ ਮਨਾਉਂਦੇ ਸਾਂ। ਸ਼ਾਇਦ 1991-92ਵੇਂ ਵਿਚ ਅਸੀਂ ਭਾਈ ਸਾਹਿਬ ਨੂੰ ਯੂਨੀਵਰਸਿਟੀ ਬੁਲਾਇਆ ਸੀ। ਉਨ੍ਹਾਂ ਨੇ ਦੀਵਾਨ ਵਿਚ ਬਸੰਤ ਰਾਗ ਗਾਇਆ ਤੇ ਸਭ ਨੂੰ ਨਿਹਾਲ ਕਰ ਦਿੱਤਾ।
ਉਨ੍ਹਾਂ ਨੂੰ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਠਹਿਰਾਇਆ ਸੀ। ਰਾਤ ਨੂੰ ਅਸੀਂ ਉਨ੍ਹਾਂ ਨੂੰ ਫਿਰ ਮਿਲਣ ਚਲੇ ਗਏ। ਮੈਂ ਸ਼ਬਦ ਸੁਣਨ ਲਈ ਬੇਨਤੀ ਕੀਤੀ ਤਾਂ ਉਹ ਕਹਿਣ ਲੱਗੇ, ਅੰਮ੍ਰਿਤ ਵੇਲੇ ਆਉਣਾ।
ਅਸੀਂ ਪੰਜ-ਸੱਤ ਜਾਣੇ ਇਕੱਠੇ ਹੋ ਕੇ ਅੰਮ੍ਰਿਤ ਵੇਲੇ ਫਿਰ ਚਲੇ ਗਏ। ਭਾਈ ਸਾਹਿਬ ਤਿਆਰ ਬਰ ਤਿਆਰ ਬੈਠੇ ਸਨ ਤੇ ਸਾਨੂੰ ਉਡੀਕ ਹੀ ਰਹੇ ਸਨ। ਕਹਿਣ ਲੱਗੇ, ਕਿਤੇ ਖੁੱਲ੍ਹੇ ਅਸਮਾਨ ਹੇਠ ਬੈਠਦੇ ਹਾਂ। ਅਸੀਂ ਉਨ੍ਹਾਂ ਦੇ ਸਾਜ ਚੁੱਕੇ ਤੇ ਯੂਨੀਵਰਸਿਟੀ ਦੇ ਬੁਟੈਨੀਕਲ ਗਾਰਡਨ ‘ਚ ਚਲੇ ਗਏ। ਚਾਰੇ ਪਾਸੇ ਫੁੱਲ ਖਿੜੇ ਹੋਏ। ਕਿਤੇ ਡਬਲ ਡੇਲੀਆ ਤੇ ਕਿਤੇ ਕੰਵਲ, ਕਿਤੇ ਗੁਲਦੌਦੀ ਕਿਤੇ ਗੁਲਾਬ, ਕਿਤੇ ਸਤਬਰਗ ਕਿਤੇ ਚਮੇਲੀ। ਕਿਆ ਕਹਿਣ ਦੀਆਂ ਬਾਤਾਂ! ਕਿਆ ਨਜ਼ਾਰੇ!
ਬਹੁਤ ਸੋਹਣੀ ਜਿਹੀ ਥਾਂ ਦੇਖ ਕੇ ਭਾਈ ਸਾਹਿਬ ਉਥੇ ਹੀ ਬਿਰਾਜ ਗਏ ਤੇ ਸਾਜ ਸੁਰ ਕਰਨ ਲੱਗ ਪਏ। ਅਸੀਂ ਇਸ ਤਰ੍ਹਾਂ ਸਾਹਮਣੇ ਬੈਠ ਗਏ, ਜਿਵੇਂ ਉਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਾਮੀਰ ਹੋ ਗਿਆ ਹੋਵੇ।
ਭਾਈ ਸਾਹਿਬ ਨੇ ਬਸੰਤ ਰਾਗ ਗਾਇਆ। “ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ॥” ਫਿਰ “ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ॥” ਫਿਰ ਹੋਰ, ਫਿਰ ਹੋਰ, ਫਿਰ ਹੋਰ। ਪਤਾ ਹੀ ਨਾ ਲੱਗਾ, ਕਦ ਸੂਰਜ ਚੜ੍ਹ ਆਇਆ ਤੇ ਨੌਂ ਵੱਜ ਗਏ। ਇਵੇਂ ਲੱਗਾ ਜਿਵੇਂ ਭਾਈ ਸਾਹਿਬ ਸਾਨੂੰ ਜਹਾਜ ਵਿਚ ਚੜ੍ਹਾ ਕੇ ਕਿਸੇ ਹੋਰ ਲੋਕ ਵਿਚ ਲੈ ਗਏ ਹੋਣ। ਬੜੀ ਮੁਸ਼ਕਿਲ ਨਾਲ ਅਸੀਂ ਉਸੇ ਥਾਂ ਤੋਂ ਵਾਪਸ ਆਏ। ਅਸੀਂ ਸਾਰੇ ਇਕ ਦੂਜੇ ਵੱਲ ਦੇਖ ਰਹੇ ਸਾਂ ਤੇ ਮਨੋ ਮਨੀ ਕਹਿ ਰਹੇ ਸਾਂ, ‘ਇਹ ਹੁੰਦਾ ਹੈ ਰਾਗ ਤੇ ਇਹ ਹੁੰਦਾ ਹੈ ਕੀਰਤਨ।’ ਭਾਈ ਸਾਹਿਬ ਵਾਪਸ ਪਰਤ ਗਏ। ਅਸੀਂ ਰੋਜ਼ ਉਡੀਕਦੇ ਰਹਿੰਦੇ ਕਿ ਕਿਸ ਦਿਨ ਰੇਡੀਓ ‘ਤੇ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਦਾ ਕੀਰਤਨ ਆਵੇ ਤੇ ਅਸੀਂ ਸੁਣੀਏ।
ਇਕ ਦੋਸਤ ਕੋਲ ਡਬਲ ਕੈਸਟ ਟੇਪ ਰਿਕਾਰਡਰ ਸੀ, ਜਿਹਦੇ ਵਿਚ ਅਸੀਂ ਭਾਈ ਸਾਹਿਬ ਦਾ ਕੀਰਤਨ ਰਿਕਾਰਡ ਕਰ ਲਿਆ ਸੀ। ਅਸੀਂ ਉਹਦੀਆਂ ਕਾਪੀਆਂ ਕਰਕੇ ਸਾਰੇ ਦੋਸਤਾਂ ਵਿਚ ਵੰਡ ਦਿੱਤੀਆਂ। ਚੰਡੀਗੜ੍ਹ ਦੀ ਪਥਰੀਲੀ ਫਿਜ਼ਾ ਵਿਚ ਭਾਈ ਸਾਹਿਬ ਦਾ ਕੀਰਤਨ ਗੂੰਜਣ ਲੱਗ ਪਿਆ ਤੇ ਯੂਨੀਵਰਸਿਟੀ ਦੇ ਮੁੰਡੇ-ਕੁੜੀਆਂ ਦੀ ਜ਼ੁਬਾਨ ‘ਤੇ ਹਰ ਵਕਤ ਇਹੀ ਧੁਨਾਂ ਚੜ੍ਹੀਆਂ ਰਹਿੰਦੀਆਂ, “ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ…ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ।”
ਭਾਈ ਸਾਹਿਬ ਸਾਡੀ ਰੂਹ ਵਿਚ ਵਸ ਗਏ ਸਨ। ਹੋ ਸਕਦਾ ਹੈ ਕਿ ਅਸੀਂ ਵੀ ਕੁਝ ਨਾ ਕੁਝ ਉਨ੍ਹਾਂ ਦੇ ਦਿਲ ‘ਤੇ ਅਸਰ ਕੀਤਾ ਹੋਵੇ। ਮੇਰਾ ਸ਼ੱਕ ਯਕੀਨ ‘ਚ ਬਦਲ ਗਿਆ, ਜਦ ਮੇਰੇ ਹੋਸਟਲ ਦੇ ਪਤੇ ‘ਤੇ ਭਾਈ ਸਾਹਿਬ ਦਾ ਖਤ ਆ ਗਿਆ, ਜਿਹਦੇ ਵਿਚ ਉਨ੍ਹਾਂ ਨੇ ਬੁਟੈਨੀਕਲ ਗਾਰਡਨ ਦੀ ਯਾਦ ਨੂੰ ਆਪਣੇ ਜੀਵਨ ਦੀ ਅਦਭੁੱਤ ਯਾਦ ਦੱਸਿਆ, ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਮੈਨੂੰ ਅੰਮ੍ਰਿਤਸਰ ਆਉਣ ‘ਤੇ ਮਿਲਣ ਦੀ ਤਾਕੀਦ ਕੀਤੀ।
ਅਸੀਂ ਬਹੁਤੀ ਦੇਰ ਨਾ ਪੈਣ ਦਿੱਤੀ ਤੇ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਕੁਲਜੀਤ, ਹਰਜੀਤ, ਜਗਦੀਸ਼, ਗੁਰਸ਼ੇਰ, ਗੁਰੀ ਤੇ ਮੈਂ ਅੰਮ੍ਰਿਤਸਰ ਚਲੇ ਗਏ। ਨਾਨਕ ਨਿਵਾਸ ਵਿਚ ਤਿੰਨ ਕਮਰੇ ਲੈ ਲਏ, ਪਰ ਰਹਿੰਦੇ ਸਾਰਾ ਦਿਨ ਇੱਕ ਕਮਰੇ ਵਿਚ ਹੀ ਤੇ ਦੇਰ ਰਾਤ ਤੱਕ ਸੈਮੀਨਾਰ ਲਾਈ ਰੱਖਦੇ। ਅਸੀਂ ਸ਼੍ਰੋਮਣੀ ਕਮੇਟੀ ਦੇ ਦਫਤਰੋਂ ਰਾਗੀ ਸਿੰਘਾਂ ਦਾ ਡਿਊਟੀ ਚਾਰਟ ਹਾਸਲ ਕਰ ਲਿਆ ਤੇ ਭਾਈ ਨਿਰਮਲ ਸਿੰਘ ਦੀ ਡਿਊਟੀ ਤੋਂ ਪਹਿਲਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਰਾਗੀ ਸਿੰਘਾਂ ਦੇ ਐਨ ਸਾਹਮਣੇ ਬਿਰਾਜ ਜਾਂਦੇ। ਇਕ ਦਿਨ ਭਾਈ ਸਾਹਿਬ ਦੀ ਪੂਰੀ ‘ਆਸਾ ਦੀ ਵਾਰ’ ਸਰਵਣ ਕੀਤੀ। ਕੀਰਤਨ ਦੌਰਾਨ ਕਈ ਵਾਰੀ ਭਾਈ ਸਾਹਿਬ ਨਾਲ ਨਜ਼ਰ ਮਿਲ ਜਾਂਦੀ ਤੇ ਉਹ ਨਜ਼ਰਾਂ ਵਿਚ ਹੀ ਕੁਝ ਕਹਿ ਜਾਂਦੇ ਤੇ ਅਸੀਂ ਸਮਝ ਜਾਂਦੇ, ਜਿਵੇਂ ਸਾਡੀ ਹਾਜ਼ਰੀ ਸੱਚਖੰਡ ਵਿਚ ਪ੍ਰਵਾਨ ਹੋ ਗਈ ਹੋਵੇ।
ਕੁਝ ਚਿਰ ਪਿਛੋਂ ਮੇਰੇ ਮਨ ਵਿਚ ਫਿਰ ਵਲਵਲਾ ਉਠਿਆ ਤੇ ਮੈਂ ਅੰਮ੍ਰਿਤਸਰ ਪਹੁੰਚ ਗਿਆ; ਸਰਾਂ ‘ਚ ਕਮਰਾ ਲਿਆ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਿਆ। ਕਹਿੰਦੇ ਹਨ, ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਹਨ। ਮੈਂ ਦੰਗ ਰਹਿ ਗਿਆ ਕਿ ਅੰਦਰ ਭਾਈ ਨਿਰਮਲ ਸਿੰਘ ਕੀਰਤਨ ਕਰ ਰਹੇ ਸਨ। ਮੈਨੂੰ ਸਾਹਮਣੇ ਥਾਂ ਵੀ ਮਿਲ ਗਈ ਤੇ ਅਨੰਦ ਬੱਝ ਗਿਆ। ਭਾਈ ਸਾਹਿਬ ਦੀ ਡਿਊਟੀ ਸਮਾਪਤ ਹੋਈ ਤਾਂ ਮੈਂ ਵੀ ਉਠ ਕੇ ਬਾਹਰ ਆ ਗਿਆ ਤੇ ਦਰਸ਼ਣੀ ਡਿਓੜ੍ਹੀ ਕੋਲ ਜਾ ਕੇ ਫਤਿਹ ਬੁਲਾਈ। ਉਹ ਮੈਨੂੰ ਕਲਾਵੇ ‘ਚ ਲੈ ਕੇ ਆਪਣੇ ਖਸੂਸੀ ਅੰਦਾਜ਼ ਵਿਚ ਬੋਲੇ, “ਤੁਹਾਨੂੰ ਮਿਲ ਕੇ ਦਿਲ ਬੜਾ ਪ੍ਰਸੰਨ ਹੁੰਦੈ।” ਮੈਂ ਰੋਜ਼ ਉਨ੍ਹਾਂ ਨੂੰ ਪ੍ਰਸੰਨ ਕਰਦਾ ਤੇ ਖੁਦ ਪ੍ਰਸੰਨ ਹੁੰਦਾ।
ਉਨ੍ਹੀਂ ਦਿਨੀਂ ਭਾਈ ਸਾਹਿਬ ਚੌਕ ਘੰਟਾ-ਘਰ ਵਾਲੇ ਪਾਸੇ, ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਉਪਰ ਵਾਲੇ ਕਮਰਿਆਂ ਵਿਚ ਰਹਿੰਦੇ ਸਨ। ਇਕ ਦਿਨ ਕੀਰਤਨ ਉਪਰੰਤ ਉਹ ਮੈਨੂੰ ਆਪਣੀ ਰਿਹਾਇਸ਼ ਵਿਖੇ ਨਾਲ ਲੈ ਗਏ। ਘਰੇ ਭਾਈ ਅਮਰੀਕ ਸਿੰਘ ਜ਼ਖਮੀ ਆਏ ਹੋਏ ਸਨ। ਭਾਈ ਸਾਹਿਬ ਨੇ ਦੱਸਿਆ ਕਿ ਉਹ ਆਪਣੇ ਬੇਟੇ ਲਈ ਕਹਿਣ ਆਏ ਸਨ ਕਿ ਮੈਂ ਉਹਨੂੰ ਆਪਣੇ ਨਾਲ ਰੱਖ ਲਵਾਂ। ਮੈਂ ਭਾਈ ਸਾਹਿਬ ਦੀ ਰਾਗ ਵਿੱਦਿਆ ‘ਤੇ ਹੈਰਾਨ ਹੋਇਆ ਕਿ ਘਰਾਣਿਆਂ ਵਾਲੇ ਕਿਵੇਂ ਆਪਣੇ ਬੱਚਿਆਂ ਨੂੰ ਉਨ੍ਹਾਂ ਕੋਲੋਂ ਸੰਗੀਤ ਦੀ ਤਾਲੀਮ ਦੁਆਉਣ ਲਈ ਫਰਿਆਦੀ ਹੋ ਰਹੇ ਹਨ!
ਇਕ ਦਿਨ ਫਿਰ ਉਹ ਮੈਨੂੰ ਦਰਬਾਰ ਸਾਹਿਬ ਤੋਂ ਆਪਣੇ ਨਾਲ ਲੈ ਗਏ। ਬੜੀਆਂ ਗੱਲਾਂ ਹੋਈਆਂ। ਉਨ੍ਹਾਂ ਨੇ ਬੜੀ ਹੀ ਹਿਰਦੇਵੇਧਕ ਗੱਲ ਦੱਸੀ ਕਿ ਸੱਚਖੰਡ ਦੇ ਅੰਦਰ ਵੀ ਕਿਸੇ ਮੁੱਖ ਗ੍ਰੰਥੀ ਵੱਲੋਂ ਉਨ੍ਹਾਂ ਨਾਲ ਜਾਤ-ਪਾਤੀ ਵਿਤਕਰਾ ਤੇ ਕਟਾਕਸ਼ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇ ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਥਾਂ ਇਨ੍ਹਾਂ ਲੋਕਾਂ ਵੱਲ ਦੇਖਣ ਤਾਂ ਉਹ ਇੱਥੇ ਇੱਕ ਪਲ ਨਹੀਂ ਰਹਿ ਸਕਦੇ। ਉਨ੍ਹਾਂ ਦੀ ਨਿਸ਼ਠਾ ਅਤੇ ਸਿਦਕ ਅੱਗੇ ਮੇਰਾ ਸਿਰ ਝੁਕ ਗਿਆ। ਉਸ ਦਿਨ ਉਨ੍ਹਾਂ ਦੀ ਪਤਨੀ ਨੇ ਬੜੇ ਕਰਾਰੇ ਪਕੌੜੇ ਬਣਾਏ ਹੋਏ ਸਨ ਤੇ ਚਾਹ ਦੇ ਵਿਚ ਪਤਾ ਨਹੀਂ ਕਿਹੜੇ ਕਿਹੜੇ ਮਸਾਲੇ ਪਾਏ ਕਿ ਉਹੋ ਜਿਹੀ ਚਾਹ ਮੁੜ ਕੇ ਨਸੀਬ ਨਹੀਂ ਹੋਈ।
ਮੈਂ ਐਮ. ਫਿਲ਼ ਕਰਕੇ ਫਗਵਾੜੇ ਪੜ੍ਹਾਉਣ ਲੱਗ ਗਿਆ ਤੇ ਝੱਟ ਮੰਗਣੀ ਪੱਟ ਵਿਆਹ ਹੋ ਗਿਆ। ਬੱਚੇ ਹੋਏ ਤਾਂ ਗ੍ਰਹਿਸਥੀ ਨੇ ਪੁਰਾਣਾ ਸਭ ਕੁਝ ਭੁੱਲ ਭੁਲਾ ਦਿੱਤਾ। ਹਾਂ, ਇਨ੍ਹਾਂ ਦਿਨਾਂ ਵਿਚ ਟੇਪਾਂ ਨੇ ਬੜਾ ਸਾਥ ਦਿੱਤਾ। ਘਰ ਹੋਣਾ ਤਾਂ ਆਪਣੇ ਮਨਪਸੰਦ ਰਾਗੀਆਂ ਦੇ ਸ਼ਬਦ ਸੁਣਦੇ ਰਹਿਣਾ। ਜਿਹੜਾ ਸ਼ਬਦ ਸਿਲੇਬਸ ‘ਚ ਲੱਗਾ ਹੋਣਾ, ਉਹ ਦੇਖਣਾ ਕਿ ਜੇ ਕਿਸੇ ਅੱਛੇ ਰਾਗੀ ਸਿੰਘ ਨੇ ਗਾਇਆ ਹੈ ਤਾਂ ਉਹਦੀ ਕੈਸੇਟ ਖਰੀਦ ਲਿਆਉਣੀ। ਵਾਰ ਵਾਰ ਸੁਣਨੀ ਤੇ ਸ਼ਬਦ ਦਾ ਪ੍ਰਭਾਵ ਮੰਡਲ ਫੜਨ ਦੀ ਕੋਸ਼ਿਸ਼ ਕਰਨੀ। ਕਦੀ ਕਦਾਈਂ ਭਾਈ ਸਾਹਿਬ ਦੇ ਦਰਸ਼ਣ ਟੀ. ਵੀ. ‘ਤੇ ਹੀ ਹੁੰਦੇ।
ਇਕ ਦਿਨ ਮੇਰੇ ਵੱਡੇ ਭਾਈ ਸਾਹਿਬ ਦਾ ਫੋਨ ਆਇਆ ਕਿ ਨਵਾਂ ਸ਼ਹਿਰ ਦੇ ਵੱਡੇ ਕਾਰੋਬਾਰੀ ਹਰਦੇਵ ਸਿੰਘ ਕਾਹਮੇ ਨੇ ਆਪਣੇ ਪਿੰਡ ਆਪਣੇ ਪਿਤਾ ਜੀ ਦੀ ਅੰਤਿਮ ਅਰਦਾਸ ਵਜੋਂ ਸਮਾਗਮ ਕਰਾਉਣਾ ਹੈ ਤੇ ਉਹਨੇ ਦਰਬਾਰ ਸਾਹਿਬ ਦੇ ਕਿਸੇ ਹਜ਼ੂਰੀ ਰਾਗੀ ਨੂੰ ਬੁਲਾਉਣ ਲਈ ਕਿਹਾ ਹੈ। ਮੈਂ ਭਾਈ ਨਿਰਮਲ ਸਿੰਘ ਦੀ ਸਿਫਾਰਸ਼ ਕੀਤੀ ਤਾਂ ਉਨ੍ਹਾਂ ਨੇ ਝੱਟ ਫੋਨ ਘੁਮਾ ਦਿੱਤਾ। ਮੇਰੇ ਵੱਡੇ ਭਾਈ ਨੇ ਮੈਨੂੰ ਦੱਸਿਆ ਕਿ ਉਹ ਮੰਨ ਗਏ ਹਨ, ਪਰ ਉਨ੍ਹਾਂ ਇਕ ਸ਼ਰਤ ਰੱਖੀ ਹੈ ਕਿ ‘ਤੁਹਾਡੇ ਇਲਾਕੇ ਦਾ ਅਵਤਾਰ ਸਿੰਘ ਯੂਨੀਵਰਸਿਟੀ ਵਿਚ ਪੜ੍ਹਦਾ ਸੀ, ਉਹਦਾ ਕੋਈ ਅਤਾ ਪਤਾ ਦੱਸੋ।’ ਮੇਰੇ ਵੱਡੇ ਭਾਈ ਨੇ ਦੱਸਿਆ ਕਿ ਉਹ ਤਾਂ ਮੇਰਾ ਛੋਟਾ ਭਾਈ ਹੈ ਤਾਂ ਭਾਈ ਸਾਹਿਬ ਖਿੜ ਖਿੜਾ ਕੇ ਹੱਸ ਪਏ ਤੇ ਕਹਿਣ ਲੱਗੇ ਕਿ ਜੇ ਤੁਸੀਂ ਉਹਨੂੰ ਬੁਲਾਓਂਗੇ ਤਾਂ ਮੈਂ ਜ਼ਰੂਰ ਆਵਾਂਗਾ।
ਉਸ ਦਿਨ ਮੈਂ ਬੜੇ ਚਾਅ ਨਾਲ ਕਾਹਮੇ ਪਿੰਡ ਪਹੁੰਚ ਗਿਆ। ਭਾਈ ਸਾਹਿਬ ਆਏ ਤਾਂ ਉਨ੍ਹਾਂ ਮੈਨੂੰ ਇਸ ਤਰ੍ਹਾਂ ਕਲਾਵੇ ਵਿਚ ਘੁੱਟ ਲਿਆ, ਜਿਵੇਂ ਕੋਈ ਗੁਆਚਾ ਹੋਇਆ ਦਿਲ ਦਾ ਜਾਨੀ ਲੱਭ ਗਿਆ ਹੋਵੇ। ਉਹ ਮੈਨੂੰ ਆਪਣੇ ਨਾਲ ਹੀ ਚੁਬਾਰੇ ਵਿਚ ਲੈ ਗਏ ਤੇ ਪੁਰਾਣੀਆਂ ਗੱਲਾਂ ਵਿਚ ਗੁਆਚ ਗਏ। ਮੇਰੇ ਭਾਈ ਸਾਹਿਬ ਆਏ ਤਾਂ ਉਨ੍ਹਾਂ ਦਾ ਸ਼ੁਕਰਾਨਾ ਕੀਤਾ ਕਿ ‘ਤੁਸੀਂ ਮੇਰਾ ਗੁਆਚਾ ਯਾਰ ਮਿਲਾ ਦਿੱਤਾ।’ ਮੈਂ ਹੈਰਾਨ ਹੋਇਆ ਕਿ ਭਾਈ ਸਾਹਿਬ ਨੇ ਮੇਰੇ ਜਿਹੇ ਆਮ ਅਤੇ ਅਣਗੌਲੇ ਇਨਸਾਨ ਨੂੰ ਵੀ ਕਿੰਨੀ ਸ਼ਿੱਦਤ ਨਾਲ ਯਾਦ ਰੱਖਿਆ।
ਫਗਵਾੜੇ ਕੀਰਤਨ ਦਰਬਾਰ ਹੋਣਾ ਸੀ ਤੇ ਮੈਂ ਇਸ਼ਤਿਹਾਰਾਂ ‘ਚ ਭਾਈ ਸਾਹਿਬ ਦਾ ਨਾਂ ਪੜ੍ਹ ਕੇ ਚਲਾ ਗਿਆ। ਕੀਰਤਨ ਭੇਟਾ ਅਰਪਣ ਕਰਨ ਗਿਆ ਤਾਂ ਭਾਈ ਸਾਹਿਬ ਨੇ ਹਾਰਮੋਨੀਅਮ ‘ਤੇ ਰੱਖੇ ਪੰਜੇ ਦੀਆਂ ਤਿੰਨ ਉਂਗਲਾਂ ਚੁੱਕ ਕੇ ਮੇਰੀ ਹਾਜ਼ਰੀ ਕਬੂਲ ਕਰਦਿਆਂ ਮੈਨੂੰ ਰੁਕਣ ਲਈ ਸੰਕੇਤ ਕੀਤਾ ਤੇ ਨਾਲ ਹੀ “ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ” ਵਾਲੇ ਸ਼ਬਦ ਦਾ ਗਾਇਨ ਅਰੰਭ ਦਿੱਤਾ। ਸਮਾਪਤੀ ਹੋਣ ‘ਤੇ ਮੈਂ ਉਨ੍ਹਾਂ ਕੋਲ ਗਿਆ, ਉਸੇ ਤਰ੍ਹਾਂ ਉਨ੍ਹਾਂ ਮੈਨੂੰ ਕਲਾਵੇ ‘ਚ ਲਿਆ ਤੇ ਲੰਗਰ ਵੱਲ ਲੈ ਗਏ। ਅਸੀਂ ‘ਕੱਠਿਆਂ ਬੈਠ ਕੇ ਚਾਹ ਛਕੀ ਤਾਂ ਮੈਂ ਘਰ ਆਉਣ ਲਈ ਆਖਿਆ। ਉਨ੍ਹਾਂ ਕੋਲ ਸਮਾਂ ਨਹੀਂ ਸੀ ਤੇ ਫਿਰ ਕਦੀ ਆਉਣ ਲਈ ਆਖ ਕੇ ਚਲੇ ਗਏ। ਏਨਾ ਮਿਲਾਪੜਾ ਸ਼ਾਇਦ ਹੀ ਕੋਈ ਹੋਵੇ!
ਬਟਾਲੇ ਦੇ ਡੀ. ਏ. ਵੀ. ਕਾਲਜ ਤੋਂ ਮੈਨੂੰ ਸੈਮੀਨਾਰ ਲਈ ਸੱਦਾ ਆਇਆ। ਪ੍ਰੋ. ਹਰਪਾਲ ਸਿੰਘ ਨੂੰ ਵੀ ਉਨ੍ਹਾਂ ਨੇ ਬੁਲਾਇਆ ਸੀ ਤੇ ਅਸੀਂ ਦੋਵੇਂ ਚਲੇ ਗਏ। ਉਥੇ ਭਾਈ ਨਿਰਮਲ ਸਿੰਘ ਵੀ ਆਏ ਹੋਏ ਸਨ। ਬਹੁਤ ਖਿੜ ਕੇ ਮਿਲੇ ਤੇ ਚਾਹ ਪਾਣੀ ਪਿਛੋਂ ਸੈਮੀਨਾਰ ਵਿਚ ਸਾਨੂੰ ਆਪਣੇ ਨਾਲ ਹੀ ਬਹਾ ਲਿਆ। ਉਨ੍ਹਾਂ ਦਾ ਨਾਂ ਅਨਾਊਂਸ ਹੋਇਆ ਤਾਂ ਉਨ੍ਹਾਂ ਨੇ ਕੁੜਤੇ ਦੀ ਜੇਬ ‘ਚੋਂ ਸ਼ੀਸ਼ੀ ਕੱਢੀ। ਇਕ ਗੋਲੀ ਮੂੰਹ ‘ਚ ਪਾਈ ਤੇ ਸ਼ੀਸ਼ੀ ਮੇਰੇ ਵੱਲ ਕਰ ਦਿੱਤੀ। ਉਹ ਆਯੁਰਵੈਦਿਕ ਕੰਠਵਟੀ ਸੀ। ਮੈਂ ਤਿੰਨ ਚਾਰ ਗੋਲੀਆਂ ਕੱਢ ਕੇ ਸ਼ੀਸ਼ੀ ਪ੍ਰੋ. ਹਰਪਾਲ ਸਿੰਘ ਵੱਲ ਕਰ ਦਿੱਤੀ ਤਾਂ ਉਨ੍ਹਾਂ ਨੇ ਵੀ ਦੋ ਤਿੰਨ ਗੋਲੀਆਂ ਦਾ ਪ੍ਰਸ਼ਾਦ ਲੈ ਲਿਆ।
ਭਾਈ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ ਰਾਗਾਤਮਕਤਾ ਦੀ ਅਧਿਆਤਮਕ ਅਹਿਮੀਅਤ ‘ਤੇ ਵਿਦਵਤਾ ਭਰਪੂਰ ਵਿਖਿਆਨ ਪੇਸ਼ ਕੀਤਾ ਤੇ ਸੈਮੀਨਾਰ ਦੀ ਸੁਰ ਸੈੱਟ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਰਾਗ ਬਾਣੀ ਦੀ ਬੌਧਿਕ ਵੱਥ ਨੂੰ ਰੂਹ ਤੱਕ ਉਤਾਰ ਦਿੰਦਾ ਹੈ। ਉਨ੍ਹਾਂ ਤੋਂ ਬਾਅਦ ਹਰੇਕ ਵਿਦਵਾਨ ਦਾ ਕੇਂਦਰ ਬਿੰਦੂ ਉਹੀ ਰਹੇ।
ਮੇਰਾ ਨਾਂ ਬੋਲਿਆ ਤਾਂ ਮੈਂ ਗਿਆਰਵੀਂ ਸਦੀ ਦੇ ਅਰਬੀ ਵਿਦਵਾਨ ਅਲਜੁਜਰਾਨੀ ਦੀ ਕਿਤਾਬ ‘ਦਲਾਇਲ ਅਲ ਐਜਾਜ਼’ ਦੇ ਹਵਾਲੇ ਅਤੇ ਤਰਜ਼ ਅਨੁਸਾਰ ਗੁਰਬਾਣੀ ਦੇ ਕਰਤਾਰੀ ਅਤੇ ਮੌਲਿਕ ਪਹਿਲੂ ਦੀ ਨਿਸ਼ਾਨਦੇਹੀ ਕਰਦਿਆਂ ਵਿਆਖਿਆ ਕੀਤੀ। ਭਾਈ ਸਾਹਿਬ ਨੇ ਮੈਨੂੰ ਥਾਪੜਾ ਦਿੱਤਾ ਤੇ ਕਮਾਲ ਕਮਾਲ ਕਰਨ ਲੱਗੇ। ਮੈਂ ਕਿਹਾ, “ਭਾਈ ਸਾਹਿਬ, ਇਹ ਤੁਹਾਡੀ ਕੰਠਵਟੀ ਦਾ ਕਮਾਲ ਸੀ।” ਭਾਈ ਸਾਹਿਬ ਖਿੜਖਿੜਾ ਕੇ ਹੱਸ ਪਏ।
ਰੋਟੀ ਵੇਲੇ ਸਾਰੇ ਜਣੇ ਇਕ ਦੂਜੇ ਨੂੰ ਕਹਿ ਰਹੇ ਸਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਿਰਫ ਰਾਗੀ ਨਹੀਂ, ਭਾਈ ਸਾਹਿਬ ਜਿਹੇ ਵਿਦਵਾਨ ਰਾਗੀ ਹੋਣੇ ਚਾਹੀਦੇ ਹਨ। ਭਾਈ ਸਾਹਿਬ ਨੇ ਯੂਨੀਵਰਸਿਟੀ ਕਾਲਜਾਂ ਦੇ ਅਧਿਆਪਕਾਂ ਦੇ ਸਿਰ ਸੱਚਖੰਡ ਦਾ ਜਾਦੂ ਧੂੜ ਦਿੱਤਾ ਸੀ, ਜੋ ਸਭ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ।
ਭਾਸ਼ਾ ਵਿਭਾਗ ਨੇ ਸ਼੍ਰੋਮਣੀ ਰਾਗੀ ਦੇ ਅਵਾਰਡ ਲਈ ਢੁਕਵੀਂ ਚੋਣ ਕਰਨ ਹਿਤ ਕਈ ਅਦਾਰਿਆਂ ਦੀ ਰਾਇ ਮੰਗੀ ਹੋਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ. ਸੀ. ਨੂੰ ਵੀ ਚਿੱਠੀ ਗਈ ਤੇ ਉਨ੍ਹਾਂ ਪੰਜਾਬੀ ਵਿਭਾਗ ਨੂੰ ਘੱਲ ਦਿੱਤੀ। ਉਥੇ ਰਾਗ ਵਿੱਦਿਆ ਦਾ ਜਾਣੂ ਤੇ ਕੀਰਤਨ ਪ੍ਰੇਮੀ, ਮੇਰਾ ਦੋਸਤ ਮਨਜਿੰਦਰ ਸਿੰਘ ਸੀਨੀਅਰ ਰਿਸਰਚ ਫੈਲੋ ਸੀ। ਵਿਭਾਗ ਨੇ ਇਹ ਸਿਫਾਰਸ਼ ਉਹਦੇ ਜਿੰਮੇ ਲਾ ਦਿੱਤੀ। ਉਹਨੇ ਅੱਗੋਂ ਮੈਨੂੰ ਫੋਨ ਖੜਕਾ ਦਿੱਤਾ ਤੇ ਮੈਂ ਭਾਈ ਸਾਹਿਬ ਦਾ ਨਾਂ ਲੈ ਦਿੱਤਾ। ਮਨਜਿੰਦਰ ਇਕ ਦਮ ਸਹਿਮਤ ਹੋ ਗਿਆ ਤੇ ਅੱਗੋਂ ਮੇਰਾ ਜਿੰਮਾ ਲਾ ਦਿੱਤਾ ਕਿ ਮੈਂ ਭਾਈ ਸਾਹਿਬ ਤੋਂ ਉਨ੍ਹਾਂ ਦਾ ਜੀਵਨ ਬਿਓਰਾ ਲੈ ਕੇ ਭੇਜਾਂ।
ਮੈਂ ਭਾਈ ਸਾਹਿਬ ਨੂੰ ਫੋਨ ਖੜਕਾ ਦਿੱਤਾ। ਉਹ ਕਿਤੇ ਲੰਮੇ ਸਫਰ ‘ਤੇ ਜਾ ਰਹੇ ਸਨ। ਮੈਂ ਉਨ੍ਹਾਂ ਨੂੰ ਅਵਾਰਡ ਬਾਬਤ ਕੁਝ ਨਾ ਦੱਸਿਆ ਤੇ ਆਨੇ ਬਹਾਨੇ ਜੀਵਨ ਬਿਓਰਾ ਮੰਗ ਲਿਆ। ਉਹ ਕਹਿਣ ਲੱਗੇ, ‘ਕਿਸੇ ਨੂੰ ਕਹਿ ਕੇ ਘਰੋਂ ਮੰਗਵਾ ਲਵੋ।’ ਮਨਜਿੰਦਰ ਭਾਈ ਸਾਹਿਬ ਦੇ ਘਰੇ ਗਿਆ, ਜੀਵਨ ਬਿਓਰਾ ਲਿਆਇਆ ਤੇ ਸਿਫਾਰਸ਼ ਕਰਕੇ ਭੇਜ ਦਿੱਤਾ। ਉਸ ਅਵਾਰਡ ਦਾ ਜਦ ਐਲਾਨ ਹੋਇਆ ਤਾਂ ਭਾਈ ਸਾਹਿਬ ਤੋਂ ਵੱਧ ਖੁਸ਼ੀ ਮੈਨੂੰ ਹੋਈ ਤੇ ਮੈਥੋਂ ਵੱਧ ਮਨਜਿੰਦਰ ਨੂੰ। ਸਾਨੂੰ ਬੜਾ ਚੰਗਾ ਲੱਗਾ ਕਿ ਅਸੀਂ ਵੀ ਕੋਈ ਨੇਕ ਕੰਮ ਕਰ ਸਕੇ।
ਪ੍ਰੋ. ਹਰਪਾਲ ਸਿੰਘ ਦੇ ਵਿਦਿਆਰਥੀ ਪਰਮਿੰਦਰ ਦਾ ਵਿਆਹ ਸੀ ਤੇ ਉਹਦਾ ਰਿਸ਼ਤਾ ਕਰਾਉਣ ਵਿਚ ਮੇਰਾ ਵੀ ਕੁਝ ਯੋਗਦਾਨ ਸੀ। ਹਰ ਕੰਮ ਵਿਚ ਉਹ ਮੇਰੀ ਸਲਾਹ ਜ਼ਰੂਰ ਪੁੱਛਦਾ। ਉਹਨੇ ਆਪਣੇ ਅਨੰਦ ਕਾਰਜ ਲਈ ਰਾਗੀ ਸਿੰਘਾਂ ਬਾਰੇ ਮੇਰੀ ਸਲਾਹ ਪੁੱਛੀ ਤਾਂ ਮੈਂ ਭਾਈ ਸਾਹਿਬ ਦਾ ਨਾਂ ਲੈ ਦਿੱਤਾ। ਮੈਂ ਫੋਨ ਕੀਤਾ ਤਾਂ ਉਹ ਕਿਸੇ ਬਾਹਰਲੇ ਮੁਲਕ ਵਿਚ ਸਨ। ਕਹਿਣ ਲੱਗੇ, “ਤੁਸੀਂ ਅਨੰਦ ਕਾਰਜ ਕਿਸੇ ਲੋਕਲ ਜਥੇ ਤੋਂ ਕਰਵਾ ਲਉ, ਅਸੀਂ ਫਿਰ ਕਦੇ ਘਰੇ ਬਹਿ ਕੇ ਕੀਰਤਨ ਕਰਾਂਗੇ।”
ਵਿਆਹ ਪਿਛੋਂ ਪਰਮਿੰਦਰ ਨੇ ਫਿਰ ਕਿਹਾ ਤਾਂ ਮੈਂ ਭਾਈ ਸਾਹਿਬ ਨੂੰ ਬੇਨਤੀ ਕਰ ਦਿੱਤੀ। ਦੱਸੀ ਤਰੀਕ ਨੂੰ ਮੈਂ ਬੰਗੇ ਪਰਮਿੰਦਰ ਦੇ ਘਰੇ ਪਹੁੰਚ ਗਿਆ ਤੇ ਪ੍ਰੋ. ਹਰਪਾਲ ਸਿੰਘ ਵੀ ਚੰਡੀਗੜ੍ਹੋਂ ਆ ਗਏ। ਠੀਕ ਸਮੇਂ ‘ਤੇ ਭਾਈ ਸਾਹਿਬ ਵੀ ਪਹੁੰਚ ਗਏ ਤੇ ਉਨ੍ਹਾਂ ਦੇ ਸਾਥੀ ਲੁਧਿਆਣਿਓਂ ਆਏ। ਕਮਰੇ ਵਿਚ ਅਸੀਂ ਸੱਤ ਅੱਠ ਜਣੇ ਹੀ ਸਾਂ ਤੇ ਭਾਈ ਸਾਹਿਬ ਨੇ ਕੀਰਤਨ ਅਰੰਭ ਕਰ ਦਿੱਤਾ। ਕੋਈ ਮਾਈਕ, ਕੋਈ ਸਪੀਕਰ ਨਹੀਂ ਸੀ ਤੇ ਕਮਰੇ ਦੀ ਕੁਦਰਤੀ ਈਕੋ ਵਿਚ ਭਾਈ ਸਾਹਿਬ ਦੀ ਤਲਿਸਮੀ ਅਵਾਜ਼ ਤੇ ਚੋਣਵੇਂ ਸ਼ਬਦ ਘਰ ਦੇ ਵਾਤਾਵਰਣ ਵਿਚ ਇੰਜ ਘੁਲ ਰਹੇ ਸਨ, ਜਿਵੇਂ ਅੰਮ੍ਰਿਤ ਦੇ ਬਾਟੇ ਵਿਚ ਪਤਾਸੇ ਘੁਲਦੇ ਹੋਣ। ਅੱਖਾਂ ਮੁੰਦ ਮੁੰਦ ਜਾਣ; ਖੁੱਲ੍ਹਣ ਤਾਂ ਭਾਈ ਸਾਹਿਬ ਇੰਜ ਲੱਗਣ ਜਿਵੇਂ ਇੰਦਰ ਦੇਵਤਿਆਂ ਸੰਗ ਪਰਮਿੰਦਰ ਦੇ ਘਰ ਉਤਰ ਆਇਆ ਹੋਵੇ।
ਪਰਮਿੰਦਰ ਹੋਰਾਂ ਰਲ ਕੇ ਪ੍ਰਸ਼ਾਦਾ-ਪਾਣੀ ਤਿਆਰ ਕੀਤਾ ਹੋਇਆ ਸੀ ਤੇ ਸਭ ਨੇ ਰਲ-ਮਿਲ ਕੇ ਛਕਿਆ। ਭਾਈ ਸਾਹਿਬ ਨੇ ਸਿੱਖ ਸਮਾਜ ਬਾਬਤ ਕਈ ਭੁਲੇਖੇ ਦੂਰ ਕੀਤੇ। ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਕਰਿੰਦਿਆਂ ਦੀ ਕਾਰਕਰਦਗੀ ਦੇ ਕਈ ਦੁਖਦੇ ਅਤੇ ਧੁਖਦੇ ਕਿੱਸੇ ਸੁਣਾਏ। ਅਖੀਰ ਸਾਨੂੰ ਬਾਣੀ ਪੜ੍ਹਨ, ਕੀਰਤਨ ਸੁਣਨ ਤੇ ਅਮਲੀ ਜੀਵਨ ਜੀਣ ਲਈ ਪ੍ਰੇਰਿਤ ਕਰਕੇ ਰੁਖਸਤ ਹੋ ਗਏ।
ਹੁਣ ਤੱਕ ਉਨ੍ਹਾਂ ਬਾਰੇ ਮੈਂ ਪ੍ਰੋ. ਹਰਪਾਲ ਸਿੰਘ ਨਾਲ ਹੀ ਗੱਲ ਕਰਦਾ ਸੀ, ਪਰ ਹੁਣ ਪਰਮਿੰਦਰ ਵੀ ਉਨ੍ਹਾਂ ਨੂੰ ਮੁਹੱਬਤ ਕਰਨ ਲੱਗ ਪਿਆ। ਅਸੀਂ ਉਨ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਤੇ ਉਨ੍ਹਾਂ ਦੀ ਵਿਸ਼ੇਸ਼ ਕੀਰਤਨ ਸ਼ੈਲੀ ਦਾ ਅਨੰਦ ਲੈਂਦੇ। ਉਨ੍ਹਾਂ ਨਾਲ ਹੋਈਆਂ ਮੁਲਾਕਾਤਾਂ ਤੇ ਗਾਏ ਸ਼ਬਦ ਚੇਤੇ ਕਰ ਕਰ ਖੁਸ਼ ਹੁੰਦੇ।
ਕਰੋਨਾ ਕਹਿਰ ਵਾਪਰਿਆ ਤਾਂ ਇਹਦੇ ਚਰਚੇ ਚਾਰੇ ਪਾਸੇ ਸੁਣਨ ਨੂੰ ਮਿਲਦੇ। ਮੈਂ ਇਹਨੂੰ ਗੰਭੀਰਤਾ ਨਾਲ ਨਹੀਂ ਸਾਂ ਲੈ ਰਿਹਾ। ਲਗਦਾ ਸੀ ਕਿ ਇਹ ਕੋਈ ਮਹਾਮਾਰੀ ਨਹੀਂ, ਵਿਸ਼ਵ ਵਿਆਪੀ ਸਿਆਸਤ ਹੈ, ਜਿਹਦਾ ਭੇਦ ਪਿਛੋਂ ਖੁੱਲ੍ਹਣਾ ਹੈ। ਇਕ ਦਿਨ ਭਾਈ ਸਾਹਿਬ ਦੀ ਕਰੋਨਾ ਪਾਜ਼ੇਟਿਵ ਹੋਣ ਦੀ ਖਬਰ ਆਈ ਤਾਂ ਇਕ-ਦਮ ਕਾਲਜਾ ਬਾਹਰ ਨੂੰ ਆਇਆ। ਸ਼ੁਕਰ ਕੀਤਾ, ਜਦ ਭਾਈ ਸਾਹਿਬ ਨੇ ਆਪਣੀ ਇਹ ਖਬਰ ਖੁਦ ਰੱਦ ਕਰ ਦਿੱਤੀ। ਦਿਲ ਨੂੰ ਸਕੂਨ ਮਿਲਿਆ।
ਅਗਲੀ ਸਵੇਰ ਛੇ ਕੁ ਵਜੇ ਹੀ ਚੰਦਰੀ ਖਬਰ ਆਈ ਕਿ ਭਾਈ ਸਾਹਿਬ ਚੱਲ ਵਸੇ। ਇੰਜ ਲੱਗਾ, ਜਿਵੇਂ ਸਾਡੇ ਦਿਲਾਂ ਦੀ ਹੀਰੋਸ਼ੀਮਾ ਉਤੇ ਕਿਸੇ ਨੇ ਐਟਮ ਬੰਬ ਸੁੱਟ ਦਿੱਤਾ ਹੋਵੇ। ਮੈਨੂੰ ਯਕੀਨ ਹੋ ਗਿਆ, ਕਰੋਨਾ ਕਿੰਨਾ ਕਹਿਰਵਾਨ ਹੈ।
ਮਨ ਅਰਦਾਸ ਕਰਨ ਲੱਗਾ ਕਿ ਵਾਹਿਗੁਰੂ ਭਾਈ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਸਾਨੂੰ ਇਹ ਮਨਹੂਸ ਭਾਣਾ ਮੰਨਣ ਦਾ ਬਲ ਬਖਸ਼ੇ। ਸੁਰਤ ਫਿਰ ਭੰਗ ਹੋਈ, ਜਦ ਖਬਰ ਆਈ ਕਿ ਵੇਰਕਾ ਵਾਲਿਆਂ ਨੇ ਆਪਣੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਭਾਈ ਸਾਹਿਬ ਦਾ ਸਸਕਾਰ ਨਹੀਂ ਕਰਨ ਦਿੱਤਾ ਤੇ ਸ਼ਮਸ਼ਾਨਘਾਟ ਨੂੰ ਜ਼ਿੰਦਰੇ ਮਾਰ ਦਿੱਤੇ ਹਨ।
ਪੰਜਾਬ ਦਾ ਅਜੋਕਾ ਇਤਿਹਾਸ ਹਰੇ ਇਨਕਲਾਬ ਦੀ ਆਮਦ ਨਾਲ ਜਿਮੀਦਾਰਾਂ ਦੇ ਆਰਥਕ ਵਾਰੇ-ਨਿਆਰੇ ਹੋਣ ਅਤੇ ਗੈਰ-ਕਾਸ਼ਤਕਾਰ ਕੰਮੀਆਂ ਦੇ ਆਰਥਕ ਉਜਾੜੇ ਦਾ ਇਤਿਹਾਸ ਹੈ। ਇਹਦੇ ਇਲਾਵਾ ਇਹ ਪੰਜਾਬ ਦੀ ਸਮਾਜਕ ਅਤੇ ਸੱਭਿਆਚਾਰਕ ਪਛਾਣ ਸਾਂਝੀਵਾਲਤਾ ਦੇ ਪਤਨ, ਵੇਦਨਾ ਅਤੇ ਯਾਤਨਾ ਦਾ ਇਤਿਹਾਸ ਹੈ। ਗੁਰਦਿਆਲ ਸਿੰਘ ਨੇ ਆਪਣੇ ਨਾਵਲ ‘ਮੜ੍ਹੀ ਦਾ ਦੀਵਾ’ ਰਾਹੀਂ ਸਾਨੂੰ ਇਹੀ ਸਮਝਾਇਆ ਹੈ ਕਿ ਸਿਰ ਨੂੰ ਚੜ੍ਹੇ ਹੋਏ ਹਰੇ ਇਨਕਲਾਬ ਵਾਲਾ ਭੰਤਾ ਸਾਂਝੀਵਾਲਤਾ ਵਾਲੇ ਇਖਲਾਕ ਦੇ ਮਾਲਕ ਆਪਣੇ ਬਾਪ ਧਰਮ ਸਿੰਘ ਦੇ ਸਮੇਂ ਆਪਣੇ ਖੇਤਾਂ ਵਿਚ ਬਣਾਈ ਆਪਣੇ ਸੀਰੀ ਜਗਸੀਰ ਦੇ ਬਾਪ ਦੀ ਮੜ੍ਹੀ ਚੁਕਵਾ ਦਿੰਦਾ ਹੈ।
ਅੱਜ ਹਰੇ ਇਨਕਲਾਬ ਦਾ ਸਿਤਮ ਦੇਖੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ, ਕੀਰਤਨ ਸਮਰਾਟ, ਪਦਮਸ਼੍ਰੀ ਭਾਈ ਨਿਰਮਲ ਸਿੰਘ ਦਾ ਵੇਰਕਾ ਵਾਲਿਆਂ ਨੇ ਆਪਣੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਹੀ ਨਹੀਂ ਕਰਨ ਦਿੱਤਾ। ਬੇਸ਼ੱਕ ਭਾਈ ਸਾਹਿਬ ਦਾ ਸਸਕਾਰ ਕਰਨ ਤੋਂ ਮਨ੍ਹਾ ਕਰ ਦੇਣ ਕਰਕੇ ਵੇਰਕਾ ਵਾਲਿਆਂ ਨੇ ਕਰੋਨਾ ਦੇ ਪਰਦੇ ਹੇਠ ਜਾਤੀਵਾਦੀ ਨਫਰਤ ਦਾ ਅਮਿੱਟ ਕਲੰਕ ਖੱਟ ਕੇ, ਸਿੱਖ ਸਮਾਜ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ ਤੇ ਭਾਈ ਸਾਹਿਬ ਨੇ ਵੀ ਆਪਣੀ ਮ੍ਰਿਤਕ ਦੇਹ ਰੋਲ ਕੇ ਸਿੱਖ ਸਮਾਜ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਅਸੀਂ ਕਿੰਨੇ ਕੁ ਸਿੱਖ ਹਾਂ!