ਉਤਰ-ਕਰੋਨਾ ਯੁਗ ਦੇ ਨਿਰਮਾਣ ਨੂੰ ਸਮਝਦਿਆਂ

ਅਮਰਜੀਤ ਸਿੰਘ ਗਰੇਵਾਲ
ਇਕ ਵੱਡੇ ਵਿਦਵਾਨ ਤੋਂ ਲੈ ਕੇ ਆਮ ਰਿਕਸ਼ਾ ਚਾਲਕ ਤੱਕ ਸਾਰੇ ਲੋਕ ਇਕੋ ਸਵਾਲ ਕਰ ਰਹੇ ਹਨ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਕਦੋਂ ਰੁਕੇਗੀ? ਲੋਕ ਆਪਣੇ ਕੰਮਾਂ ‘ਤੇ ਕਦੋਂ ਵਾਪਿਸ ਜਾਣਗੇ? ਕੀ ਕਰੋਨਾ ਵਾਇਰਸ ਤੋਂ ਪਹਿਲਾਂ ਵਾਲੇ ਹਾਲਾਤ ਵਾਪਿਸ ਪਰਤਣਗੇ ਵੀ ਕਿ ਨਹੀਂ? ਮਹਾਮਾਰੀ ਜ਼ਰੂਰ ਰੁਕੇਗੀ, ਲੋਕ ਕੰਮਾਂ-ਕਾਰਾਂ ‘ਤੇ ਵੀ ਜਾਣਗੇ; ਪਰ ਦੁਨੀਆਂ ਉਹ ਨਹੀਂ ਰਹੇਗੀ, ਜੋ ਇਸ ਸੰਕਟ ਤੋਂ ਪਹਿਲਾਂ ਹੁੰਦੀ ਸੀ। ਆਰਥਕ, ਰਾਜਨੀਤਕ ਅਤੇ ਸਮਾਜਕ ਢਾਂਚਾ-ਤਿੰਨੋ ਬਦਲ ਜਾਣਗੇ। ਇਸ ਲੇਖ ਰਾਹੀਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦੁਨੀਆਂ ਦੇ ਜਿਸ ਢਾਂਚੇ ਨੂੰ 2008 ਦਾ ਆਰਥਕ ਸੰਕਟ ਨਾ ਬਦਲ ਸਕਿਆ, ਉਸ ਨੂੰ ਇਹ ਵਾਇਰਲ ਇਨਫੈਕਸ਼ਨ ਕਿਵੇਂ ਬਦਲ ਦੇਵੇਗੀ?

ਪਹਿਲੀ ਗੱਲ ਤਾਂ ਇਹ ਕਿ ਕਰੋਨਾ ਵਾਇਰਸ ਰਾਹੀਂ ਫੈਲਾਈ ਜਾ ਰਹੀ ਬਿਮਾਰੀ ਅਤੇ ਉਸ ਵਿਚੋਂ ਪੈਦਾ ਹੋਣ ਵਾਲਾ ਆਰਥਕ ਸੰਕਟ, ਦੋਵੇਂ ਵਿਸ਼ਵ ਪੱਧਰੀ ਸੰਕਟ ਹਨ। ਇਸ ਲਈ ਇਨ੍ਹਾਂ ਦੇ ਹੱਲ ਵੀ ਵਿਸ਼ਵ ਪੱਧਰੀ ਸਹਿਯੋਗ ਰਾਹੀਂ ਹੀ ਹੋਣਗੇ। ਆਈਸੋਲੇਸ਼ਨ ਵੀ ਜ਼ਰੂਰੀ ਹੈ, ਪਰ ਉਸ ਤੋਂ ਵੀ ਵੱਧ ਜਰੂਰੀ ਹੈ, ਮੁਲਕਾਂ ਦਾ ਆਪਸੀ ਵਿਸ਼ਵਾਸ। ਸਾਡੇ ਸਾਹਮਣੇ ਮੌਸਮੀ ਤਬਦੀਲੀ ਅਤੇ ਬੇਰੁਜ਼ਗਾਰੀ ਜਿਹੇ ਹੋਰ ਵੀ ਅਨੇਕਾਂ ਮਸਲੇ ਹਨ, ਜੋ ਸਿਰਫ ਮੁਲਕਾਂ ਦੇ ਆਪਸੀ ਸਹਿਯੋਗ ਅਤੇ ਸਾਂਝੀ ਐਕਸ਼ਨ ਪਲੈਨ ਰਾਹੀਂ ਹੀ ਹੱਲ ਹੋ ਸਕਦੇ ਹਨ, ਉਨ੍ਹਾਂ ਦੀ ਹਉਮੈ ਤੇ ਹਵਸ ਰਾਹੀਂ ਨਹੀਂ।
ਇਹ ਗੱਲ ਬਿਲਕੁਲ ਦਰੁਸਤ ਹੈ ਕਿ ਮਾਨਵਜਾਤੀ ਨੂੰ ਦਰਪੇਸ਼ ਵਿਸ਼ਵ ਪੱਧਰੀ ਸਮੱਸਿਆਵਾਂ ਨੂੰ ਇਕੱਲੇ ਰਾਸ਼ਟਰਵਾਦ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ। ਫਿਰ ਵਿਸ਼ਵ ਪੱਧਰੀ ਸਮੱਸਿਆਵਾਂ ਦੇ ਹੱਲ ਲਈ ਵੱਖ ਵੱਖ ਮੁਲਕਾਂ ਦੇ ਸਹਿਯੋਗ ‘ਤੇ ਆਧਾਰਿਤ ਵਿਸ਼ਵ ਢਾਂਚਾ ਕਿਹੋ ਜਿਹਾ ਹੋਵੇ? ਇਸ ਬਾਰੇ ਚਰਚਾ ਕਰਨੀ ਜ਼ਰੂਰੀ ਹੈ। ਜੇ ਗਲੋਬਲ ਸਿਆਸਤ ਦਾ ਅਰਥ ਗਲੋਬਲ ਸਰਕਾਰ ਨਹੀਂ ਹੈ ਅਤੇ ਨਾ ਹੀ ਗਲੋਬਲ ਤਕਨਾਲੋਜੀ ਦੀ ਸਰਦਾਰੀ ਹੈ, ਤਾਂ ਫੇਰ ਕੌਮੀ ਸਰਕਾਰਾਂ ਨੂੰ, ਬਿਨਾ ਕਿਸੇ ਇਕ, ਦੋ ਜਾਂ ਤਿੰਨ ਧਿਰਾਂ ਦੀ ਚੌਧਰ ਦੇ, ਕਿਵੇਂ ਗਲੋਬਲਾਈਜ਼ ਕੀਤਾ ਜਾਵੇ? ਇਹ ਸਾਡੇ ਸਮਿਆਂ ਦਾ ਵੱਡਾ ਸਵਾਲ ਹੈ।
ਫੈਸਲੇ ਲੈਣ ਦੇ ਅਮਲ ਨੂੰ ਬਨਾਵਟੀ ਗਿਆਨ, ਬਿਗਡੈਟਾ ਐਨਾਲਿਟਿਕਸ, ਬਹੁ-ਕੌਮੀ ਕਾਰਪੋਰੇਸ਼ਨਾਂ, ਸ਼ਕਤੀਸ਼ਾਲੀ ਮੁਲਕਾਂ ਦੀ ਚੌਧਰ ਅਤੇ ਕੌਮੀ-ਰਾਜਾਂ ਦੇ ਸ਼ਕਤੀਸ਼ਾਲੀ ਕੇਂਦਰਾਂ ਦੀ ਸਰਦਾਰੀ (ਚੌਧਰ) ਤੋਂ ਬਚਾਉਂਦਿਆ ਪਰਿਵਾਰਾਂ ਅਤੇ ਭਾਈਚਾਰਿਆਂ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਇਸ ਭੀੜ ਨੂੰ ਕਿਵੇਂ ਇਕਜੁੱਟ ਕਰਨਾ ਹੈ ਜਾਂ ਫਿਰ ਕਿ ਬੰਦੇ ਨੂੰ ਮਨਫੀ ਹੋਣ ਤੋਂ ਕਿਵੇਂ ਬਚਾਉਣਾ ਹੈ? ਇਹ ਬਹੁਤ ਵੱਡਾ ਸਵਾਲ ਹੈ। ਬੰਦਿਆਂ, ਪਰਿਵਾਰਾਂ, ਭਾਈਚਾਰਿਆਂ ਅਤੇ ਰਾਜਾਂ ਨੂੰ ਭਰੋਸੇ ਵਿਚ ਲਏ ਬਿਨਾ ਸ਼ਕਤੀਸਾਲੀ ਕੇਂਦਰ ਰਾਹੀਂ ਲਏ ਫੈਸਲਿਆਂ ਦਾ ਨਤੀਜਾ ਅਸੀਂ ਲੱਖਾਂ ਦੀ ਗਿਣਤੀ ਵਿਚ ਪੈਦਲ ਹੀ ਆਪਣੇ ਘਰਾਂ ਨੂੰ ਵਾਪਿਸ ਪਰਤ ਰਹੇ ਪਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਅਤੇ ਇਨਫੈਕਸ਼ਨ ਦੀ ਵਧੀ ਹੋਈ ਸੰਭਾਵਨਾ ਤੋਂ ਲਾ ਸਕਦੇ ਹਾਂ। ਇਸ ਵਰਤਾਰੇ ਨੇ 1947 ਦੀ ਯਾਦ ਤਾਜ਼ਾ ਕਰਵਾ ਦਿੱਤੀ।
ਭੀੜ ਨੂੰ ਕਿਵੇਂ ਇਕਜੁੱਟ ਕਰਨਾ ਹੈ? ਇਸ ਸਵਾਲ ਦਾ ਜਵਾਬ ਵੀ ਸਾਨੂੰ ਇਸ ਮਹਾਮਾਰੀ ਦੀ ਪਰਖ-ਪੜਚੋਲ ਵਿਚੋਂ ਹੀ ਪ੍ਰਾਪਤ ਹੋਵੇਗਾ। ਇਹ ਮਹਾਮਾਰੀ ਹੀ ਨਵੇਂ ਸੰਸਾਰ ਦੇ ਲੱਛਣਾਂ ਦੀ ਨਿਸ਼ਾਨਦੇਹੀ ਕਰੇਗੀ। ਇਸ ਦਿਸ਼ਾ ਵਿਚ ਪਹਿਲੀ ਦੇਖਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਅਤੇ ਚੀਨ ਵਿਚਾਲੇ ਚੱਲਿਆ ਤਜਾਰਤੀ ਯੁੱਧ ਹੁਣ ਦੂਸ਼ਣਬਾਜੀ ਵਿਚ ਬਦਲ ਗਿਆ ਹੈ, ਜਿਸ ਨੇ ਦੁਨੀਆਂ ਅੰਦਰ ਬੇਭਰੋਸਗੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਭਾਵੇਂ ਅਮਰੀਕਾ ਦੇ ਵਿਸ਼ਵ ਸੱਤਾ ਦੀ ਲੀਡਰਸ਼ਿਪ ਤੋਂ ਲਾਂਭੇ ਹੋ ਜਾਣ ਨਾਲ ਚੀਨ ਦਾ ਪ੍ਰਭਾਵ ਵਧ ਰਿਹਾ ਹੈ।
ਹੁਣ ਇਕ ਪਾਸੇ ਤਾਂ ਅਮਰੀਕਾ ਦੀ ਕਰੋਨਾ ਵਾਇਰਸ ਨਾਲ ਲੜਾਈ ਆਪਣੀ ਸਿਖਰ ‘ਤੇ ਹੈ, ਦੂਜੇ ਪਾਸੇ ਚੀਨ ਇਸ ਸੰਕਟ ‘ਤੇ ਕਾਬੂ ਪਾ ਕੇ ਆਪਣੀ ਆਰਥਕ ਵਿਵਸਥਾ ਨੂੰ ਸੰਭਾਲਣ ਵਿਚ ਲੱਗਾ ਹੋਇਆ ਹੈ। ਚੀਨ ਦਾ ਪਲੜਾ ਭਾਰੀ ਹੈ, ਪਰ ਚੀਨ ਨੇ ਸ਼ੁਰੂ ਸ਼ੁਰੂ ਵਿਚ ਇਸ ਬਿਮਾਰੀ ਦੀ ਅਸਲੀਅਤ ਨੂੰ ਛੁਪਾ ਕੇ ਜਿਵੇਂ ਦੁਨੀਆਂ ਵਿਚ ਫੈਲਣ ਦਿੱਤਾ, ਉਸ ਨੇ ਚੀਨ ਦੇ ਅਕਸ ਨੂੰ ਵੱਡੀ ਠੇਸ ਪਹੁੰਚਾਈ ਹੈ। ਇਸੇ ਤਰ੍ਹਾਂ ਟਰੰਪ ਪ੍ਰਸ਼ਾਸਨ ਨੇ ਵੀ ਯੂਰਪੀਅਨ ਯੂਨੀਅਨ ਨੂੰ ਦੱਸੇ ਬਿਨਾ ਹੀ ਉਥੋਂ ਆਉਣ ਵਾਲੀਆਂ ਫਲਾਈਟਾਂ ਬੰਦ ਕਰ ਦਿੱਤੀਆਂ ਸਨ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਮੁਲਕਾਂ ਦੇ ਆਪਸੀ ਸਹਿਯੋਗ ਬਿਨਾ ਕਰੋਨਾ ਵਾਇਰਸ ਦੀ ਮਹਾਮਾਰੀ ‘ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਇਸ ਵਾਸਤੇ ਸੰਕਟ ਦੇ ਇਨ੍ਹਾਂ ਵਕਤਾਂ ਵਿਚ, ਇਸ ਸੰਸਾਰ ਕੋਲ ਆਪਣੇ ਆਪ ਨੂੰ ਇਕ ਨਾਨ-ਸਾਵਰਨ ਅਤੇ ਨਾਨ-ਹੈਜਮੌਨਿਕ ਬਹੁ-ਧਰੁਵੀ ਵਰਲਡ-ਆਰਡਰ ਦੇ ਰੂਪ ਵਿਚ ਕਲਪਿਤ ਕਰਨ ਤੋਂ ਬਿਨਾ ਹੋਰ ਕੋਈ ਪਰਿਭਾਸ਼ਾ ਹੀ ਨਹੀਂ ਰਹਿ ਜਾਂਦੀ।
ਇਹ ਨਹੀਂ ਕਿ ਦੁਨੀਆਂ ਨੂੰ ਇਸ ਮਹਾਮਾਰੀ ਦੀ ਕੋਈ ਭਿਣਕ ਨਹੀਂ ਸੀ। ਬਿਲ ਗੇਟਸ ਨੇ 2015 ਵਿਚ ਹੀ ਇਹ ਚਿਤਾਵਨੀ ਦੇ ਦਿੱਤੀ ਸੀ, “ਸ਼ੁਕਰ ਕਰੋ ਕਿ ਇਬੋਲਾ ਪੱਛਮੀ ਅਫਰੀਕਾ ਜਿਹੇ ਉਨ੍ਹਾਂ ਮੁਲਕਾਂ ਵਿਚ ਹੀ ਫੈਲਿਆ, ਜੋ ਦੁਨੀਆਂ ਦੀ ਘਣੀ ਆਬਾਦੀ ਵਾਲੇ ਇਲਾਕਿਆਂ ਤੋਂ ਕੱਟੇ ਹੋਏ ਸਨ। ਦੂਜੇ ਇਹ ਹਵਾ ਰਾਹੀਂ ਨਹੀਂ, ਤਰਲ (ਫਲਿਊਡਜ਼) ਰਾਹੀਂ ਫੈਲਣ ਵਾਲੀ ਬਿਮਾਰੀ ਸੀ। ਇਸ ਲਈ ਛੇਤੀ ਸੰਭਾਲੀ ਗਈ। ਅਗਲੀ ਵਾਰ ਜੇ ਕੋਈ ਹਵਾ ਰਾਹੀਂ ਫੈਲਣ ਵਾਲੀ ਬਿਮਾਰੀ ਆ ਗਈ, ਜਿਸ ਦੇ ਲੱਛਣ ਵੀ ਪਛੜ ਕੇ ਉਦੋਂ ਤੱਕ ਦਿਖਾਈ ਨਾ ਦੇਣ, ਜਦੋਂ ਤੱਕ ਉਸ ਬਿਮਾਰੀ ਦੇ ਮਰੀਜ਼ ਰੇਲ ਗੱਡੀਆਂ ਅਤੇ ਜਹਾਜਾਂ ਰਾਹੀਂ ਦੁਨੀਆਂ ਦੇ ਕਈ ਸ਼ਹਿਰ ਘੁੰਮ ਨਾ ਆਏ ਹੋਣ, ਤਾਂ ਸੋਚੋ ਕੀ ਹੋਵੇਗਾ?”
ਬਿਲ ਗੇਟਸ ਦਾ ਡਰ ਠੀਕ ਨਿਕਲਿਆ। ਕਰੋਨਾ ਵਾਇਰਸ ਨੇ ਇਹ ਕਹਿਰ ਹੁਣ ਸਾਰੀ ਦੁਨੀਆਂ ਵਿਚ ਫੈਲਾਇਆ ਹੋਇਆ ਹੈ।
ਅਮਰੀਕਾ ਦੀ ਖੁਫੀਆ ਏਜੰਸੀ ਸੀ. ਆਈ. ਏ. ਨੇ ਤਾਂ ਇਸ ਤੋਂ ਵੀ ਪਹਿਲਾਂ 2006 ਵਿਚ ਛਪੀ ਆਪਣੀ ਇਕ ਰਿਪੋਰਟ ਰਾਹੀਂ ਸਪਸ਼ਟ ਕਰ ਦਿੱਤਾ ਸੀ ਕਿ ਇਸ ਤਰ੍ਹਾਂ ਦੀ ਮਹਾਮਾਰੀ ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਤੋਂ ਸ਼ੁਰੂ ਹੋ ਕੇ ਸਾਰੀ ਦੁਨੀਆਂ ਵਿਚ ਫੈਲ ਸਕਦੀ ਹੈ। ਵਿਸ਼ਵ ਬੈਂਕ ਵੀ ਅਜਿਹੀਆਂ ਚਿਤਾਵਨੀਆਂ ਕਈ ਵਾਰ ਦੇ ਚੁਕਾ ਹੈ।
ਸਪਸ਼ਟ ਹੈ ਕਿ ਦੁਨੀਆਂ ਕੋਲ ਜਾਣਕਾਰੀ ਤਾਂ ਸੀ, ਪਰ ਇਸ ਮਹਾਮਾਰੀ ਨੂੰ ਰੋਕਣ ਲਈ ਮੁਲਕਾਂ ਕੋਲ ਲੋੜੀਂਦੇ ਸਾਧਨ ਮੌਜੂਦ ਨਹੀਂ ਸਨ। ਅਮਰੀਕਾ ਜਿਹੇ ਵਿਕਸਿਤ ਮੁਲਕਾਂ ਕੋਲ ਵੀ ਨਹੀਂ। ਭਾਵ ਮੁਲਕਾਂ ਨੇ ਆਪਣੇ ਸਿਹਤ ਪ੍ਰਬੰਧ/ਇਨਫਰਾਸਟ੍ਰਕਚਰ ਵੱਲ ਬਣਦਾ ਧਿਆਨ ਨਹੀਂ ਦਿੱਤਾ। ਇਸ ਵਿਸ਼ਵ ਪੱਧਰ ਦੀ ਚੁਣੌਤੀ ਦਾ ਟਾਕਰਾ ਕਰਨ ਲਈ ਜਿਸ ਪੱਧਰ ਦੀ ਰਣਨੀਤੀ ਦੀ ਲੋੜ ਸੀ, ਉਸ ਦੇ ਨਿਰਮਾਣ ਲਈ ਵੱਖ ਵੱਖ ਮੁਲਕਾਂ ਦਾ ਆਪਸੀ ਅਤੇ ਵਿਸ਼ਵ ਸੰਸਥਾਵਾਂ ਨਾਲ ਸਹਿਯੋਗ ਗੈਰਹਾਜ਼ਰ ਸੀ। ਡਬਲਿਊ. ਐਚ. ਓ. ਜਿਹੀਆਂ ਵਿਸ਼ਵ ਸੰਸਥਾਵਾਂ ਆਪਣੀਆਂ ਕਮਜ਼ੋਰੀਆਂ ਕਾਰਨ ਕੇਂਦਰੀ ਰੋਲ ਨਿਭਾਉਣ ਵਿਚ ਅਸਮਰੱਥ ਸਨ। ਦਰਅਸਲ ਜਿਸ ਕਿਸਮ ਦੀ ਵਿਸ਼ਵ ਸਿਹਤ ਵਿਵਸਥਾ ਦੇ ਨਿਰਮਾਣ ਦੀ ਲੋੜ ਸੀ, ਉਸ ਵੱਲ ਕਿਸੇ ਦਾ ਧਿਆਨ ਹੀ ਨਾ ਗਿਆ। ਆਪਣੀ ਆਰਥਕ ਅਤੇ ਰਾਜਨੀਤਕ ਸ਼ਕਤੀ ਵਧਾਉਣ ਦੀ ਧੁਨ ਵਿਚ ਅਸੀਂ ਆਪਣੀ ਹੋਂਦ ਹੀ ਖਤਰੇ ਵਿਚ ਪਾ ਲਈ। ਨਤੀਜੇ ਵਜੋਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਰੋਨਾ ਵਾਇਰਸ ਦੇ ਫੈਲਣ ਪਿਛੇ ਵਿਸ਼ਵ ਸੱਤਾ ਦੀ ਗੈਰਹਾਜ਼ਰੀ ਪ੍ਰਮੁਖ ਵਜ੍ਹਾ ਗਿਣੀ ਜਾਵੇਗੀ।
ਕਰੋਨਾ ਵਾਇਰਸ ਦੀ ਮਹਾਮਾਰੀ ਇਕ ਜ਼ਬਰਦਸਤ ਚਿਤਾਵਨੀ ਹੈ ਕਿ ਜੇ ਅਸੀਂ ਵਿਸ਼ਵ ਵਿਵਸਥਾ ਦੇ ਨਿਰਮਾਣ ਰਾਹੀਂ ਵਿਸ਼ਵ ਸਹਿਯੋਗ ਦੀਆਂ ਇਮਾਨਦਾਰ ਸੰਭਾਵਨਾਵਾਂ ਨਾ ਜਗਾਈਆਂ ਤਾਂ ਸਾਨੂੰ ਇਸ ਤੋਂ ਵੀ ਵੱਡੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਮਨੁੱਖ ਜਾਤੀ ਦੇ ਬਚਾਓ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਟਰੰਪ, ਸ਼ੀ, ਪੂਤਿਨ ਅਤੇ ਮੋਦੀ ਜਿਹਿਆਂ ਵਲੋਂ ਰਾਸ਼ਟਰਵਾਦੀ ਲੀਹਾ ‘ਤੇ ਵਿਕਸਿਤ ਕੀਤੇ ਜਾ ਰਹੇ ਸਾਵਰਨ ਕੌਮੀ-ਰਾਜਾਂ ਦੇ ਸਮਾਨੰਤਰ ਇਕ ਨਾਨ-ਸਾਵਰਨ ਵਿਸ਼ਵ ਸੱਤਾ ਦਾ ਵੀ ਨਿਰਮਾਣ ਕੀਤਾ ਜਾਵੇ। ਕਰੋਨਾ ਵਾਇਰਸ ਨੇ ਇਸ ਲੋੜ ਨੂੰ ਉਭਾਰ ਦਿੱਤਾ ਹੈ।
ਇਸ ਵਿਚ ਕੋਈ ਸੱਕ ਨਹੀਂ ਕਿ ਦੁਨੀਆਂ ਆਰਥਕ ਮੰਦੀ ਦਾ ਸ਼ਿਕਾਰ ਹੋਣ ਜਾ ਰਹੀ ਹੈ। 2008 ਦੀ ਮੰਦੀ ਦੌਰਾਨ ਏ. ਟੀ. ਐਮ. ਮਸ਼ੀਨਾਂ ਵਿਚੋਂ ਪੈਸੇ ਨਿਕਲਣੇ ਬੰਦ ਹੋ ਗਏ ਸਨ। ਸਰਕਾਰ ਨੇ ਬੈਂਕਾਂ ਦੀ ਮਦਦ ਕੀਤੀ ਤਾਂ ਮਸ਼ੀਨਾਂ ਵੀ ਚੱਲ ਪਈਆਂ, ਪਰ ਹੁਣ ਤਾਂ ਕਰੋਨਾ ਵਾਇਰਸ ਨੇ ਸਰਕਾਰਾਂ ਦੀ ਮਦਦ ਨਾਲ ਲੋਕਾਂ ਨੂੰ ਘਰਾਂ ਵਿਚ ਹੀ ਕੈਦ ਕਰ ਦਿੱਤਾ ਹੈ। ਉਹ ਆਪਣੇ ਕੰਮ ‘ਤੇ ਨਹੀਂ ਜਾ ਸਕਦੇ। ਸਾਰਾ ਕਾਰੋਬਾਰ ਠੱਪ ਪਿਆ ਹੈ। ਸਕੂਲ, ਕਾਲਜ, ਯੂਨੀਵਰਸਿਟੀਆਂ-ਸਭ ਬੰਦ ਹਨ। ਮਲਟੀਪਲੈਕਸ, ਜਿਮ, ਸਿਨੇਮਾ ਹਾਲ ਆਦਿ ਮਨਪ੍ਰਚਾਵੇ ਵਾਲੀਆਂ ਥਾਂਵਾਂ ਵੀ ਨਹੀਂ ਖੁਲ੍ਹ ਰਹੀਆਂ। ਕੋਈ ਆਵਾਜਾਈ ਨਹੀਂ। ਹੋਟਲਾਂ, ਢਾਬਿਆਂ, ਰੇੜ੍ਹੀਆਂ, ਦੁਕਾਨਦਾਰਾਂ, ਠੇਕੇਦਾਰਾਂ-ਸਭ ਦਾ ਕਾਰੋਬਾਰ ਰੁਕ ਗਿਆ ਹੈ। ਬੇਰੁਜ਼ਗਾਰੀ ਨੇ ਬਿਜਲੀ ਦੀ ਸਪੀਡ ਫੜ ਲਈ ਹੈ। ਲਗਦਾ ਹੈ ਕਿ ਮਹਾਮਾਰੀ ਨੇ ਬੇਰੁਜ਼ਗਾਰੀ ਅਤੇ ਭੁੱਖਮਰੀ ਨਾਲ ਯਾਰੀ ਪਾ ਲਈ ਹੈ।
ਪਰ ਇਸ ਵਧ ਰਹੀ ਬੇਰੁਜ਼ਗਾਰੀ ਦੇ ਬਾਵਜੂਦ ਸੰਪੂਰਨ ਬੰਦੀ ਦੇ ਮਾਹੌਲ ਵਿਚ ਅਮਾਜ਼ੋਨ ਵਲੋਂ ਮੇਰੇ ਨਾਲ ਇਕ ਬੜੀ ਦਿਲਚਸਪ ਘਟਨਾ ਵਾਪਰੀ। ਘੰਟੀ ਵੱਜੀ ਤਾਂ ਮੈਂ ਗੇਟ ‘ਤੇ ਜਾ ਕੇ ਦੇਖਿਆ ਕਿ ਕੁਝ ਦਿਨ ਪਹਿਲਾਂ ਅਮਾਜ਼ੋਨ ਨੇ ਅਮਰੀਕਾ ਵਿਚ ਇਕ ਲੱਖ ਨਵੀਆਂ ਨੌਕਰੀਆਂ ਵਾਸਤੇ ਇਸ਼ਤਿਹਾਰ ਦਿੱਤਾ ਹੈ। ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਇਸ ਤਾਲਾਬੰਦੀ ਨੇ ਅਮਾਜ਼ੋਨ ਦਾ ਆਨਲਾਈਨ ਤਜਾਰਤ ਦਾ ਕੰਮ ਬਹੁਤ ਵਧਾ ਦਿੱਤਾ ਹੈ। ਬਹੁਤ ਸਾਰੇ ਲੋਕ ਤਾਂ ਪਹਿਲਾਂ ਵੀ ਅਮਾਜ਼ੋਨ ‘ਤੇ ਹੀ ਖਰੀਦੋ-ਫਰੋਖਤ ਕਰਦੇ ਸਨ, ਪਰ ਹੁਣ ਇਸ ਤਾਲਾਬੰਦੀ ਪਿਛੋਂ ਲਗਦਾ ਹੈ ਕਿ ਜਿਵੇਂ ਵਾਲਮਾਰਟ ਨੇ ਸੀਅਰਜ਼ ਦਾ ਦੀਵਾਲਾ ਕੱਢ ਦਿੱਤਾ ਸੀ, ਉਸੇ ਤਰ੍ਹਾਂ ਹੁਣ ਅਮਾਜ਼ੋਨ ਦਾ ਆਨਲਾਈਨ ਬਾਜ਼ਾਰ ਵਾਲਮਾਰਟ ਦੇ ਸਟੋਰਾਂ ਦਾ ਦਿਵਾਲਾ ਕੱਢਣ ਦੇ ਮੂਡ ਵਿਚ ਹੈ।
ਇਕੱਲੇ ਭਾਰਤ ਵਿਚ ਹੀ ਜਦੋਂ ਤੋਂ ਕਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋਇਆ ਹੈ, ਉਦੋਂ ਤੋਂ ਲੈ ਕੇ ਹੋਣ ਤੱਕ ਸ਼ੋਸ਼ਲ ਮੀਡੀਆ ਦੇ ਟਰੈਫਿਕ ਵਿਚ ਪੰਜਾਹ ਗੁਣਾ ਵਾਧਾ ਹੋ ਚੁਕਾ ਹੈ। ਮੂਕ ਕੋਰਸਾਂ ਵਿਚ ਵਧ ਰਹੇ ਦਾਖਲਿਆਂ ਤੋਂ ਪਤਾ ਚੱਲਦਾ ਹੈ ਕਿ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਐਮ. ਆਈ. ਟੀ., ਹਾਰਵਰਡ, ਸਟੈਨਫੋਰਡ, ਪ੍ਰਿੰਸਟਨ ਜਿਹੀਆਂ ਕੁਝ ਵੱਡੀਆਂ ਯੂਨੀਵਰਸਿਟੀਆਂ ਛੇਤੀ ਹੀ ਇੱਟਾਂ-ਸੀਮੈਂਟ ਦੇ ਵਿਦਿਅਕ ਅਦਾਰਿਆਂ ਨੂੰ ਜਿੰਦਰੇ ਮਰਵਾ ਕੇ, ਸਿੱਖਿਆ ਦਾ ਸਾਰਾ ਬਿਜਨਸ ਆਪਣੇ ਹੱਥਾਂ ਵਿਚ ਕੇਂਦ੍ਰਿਤ ਕਰ ਲੈਣਗੀਆਂ। ਉਵੇਂ, ਜਿਵੇਂ ਨੈਟਫਲਿਕਸ, ਆਨਲਾਈਨ ਕਲਾਊਡ ਰਾਹੀਂ ਸਾਰੀ ਐਂਟਰਟੇਨਮੈਂਟ ਇੰਡਸਟਰੀ ਕਾਬੂ ਕਰਨ ਦੇ ਆਹਰ ਵਿਚ ਲੱਗਾ ਹੋਇਆ ਹੈ। ਇਸ ਕਰੋਨਾ ਵਾਇਰਸ ਦੀ ਮਹਾਮਾਰੀ ਪਿਛੋਂ ਹੈਲਥ ਕੇਅਰ ਇੰਡਸਟਰੀ ਦਾ ਆਨਲਈਨ ਹੋ ਜਾਣਾ ਤਾਂ ਲਗਭਗ ਤੈਅ ਹੀ ਹੈ। ਆਈ. ਬੀ. ਐਮ. ਵੈਟਸਨ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਇਸ ਮੁਕਾਬਲੇਬਾਜ਼ੀ ਵਿਚ ਵਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।
ਬਹੁਤੇ ਅਰਥ ਸ਼ਾਸਤਰੀਆਂ ਨੂੰ ਡਰ ਹੈ ਕਿ ਇਸ ਬਿਪਤਾ ਦੇ ਆਉਣ ਨਾਲ ਵਿਸ਼ਵੀਕਰਣ ਦੇ ਪ੍ਰਾਜੈਕਟ ਨੂੰ ਧੱਕਾ ਵੱਜੇਗਾ ਤੇ ਇਮੀਗਰੇਸ਼ਨ ‘ਤੇ ਪਾਬੰਦੀਆਂ ਲੱਗਣ ਦੀ ਸੰਭਾਵਨਾ ਵਧੇਗੀ, ਪਰ ਸਮਝਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਮੁਲਕਾਂ ਨੂੰ ਸਕਿਲਡ (ਹੁਨਰ) ਮੈਨਪਾਵਰ ਚਾਹੀਦੀ ਹੈ, ਜੇ ਉਨ੍ਹਾਂ ਨੂੰ ਉਹ ਨਹੀਂ ਮਿਲੇਗੀ, ਤਾਂ ਉਨ੍ਹਾਂ ਦੇ ਅਰਥਚਾਰਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਜਿਸ ਰਫਤਾਰ ਨਾਲ ਮਾਈਗਰੇਸ਼ਨ ਘਟੇਗੀ, ਉਸੇ ਰਫਤਾਰ ਨਾਲ ਟੈਲੀਮਾਈਗਰੇਸ਼ਨ ਵਧੇਗੀ। ਟੈਲੀਮਾਈਗਰੇਸ਼ਨ ਨਾਲ ਸਿਰਫ ਇਨ੍ਹਾਂ ਮੁਲਕਾਂ ਲਈ ਹੁਨਰ ਵਾਲੇ ਕਾਮਿਆਂ ਦੀ ਵਿਸ਼ਵ ਮੰਡੀ ਹੀ ਨਹੀਂ ਖੁੱਲ੍ਹੇਗੀ, ਸਗੋਂ ਆਪੋ ਆਪਣੇ ਮੁਲਕਾਂ/ਘਰਾਂ ਤੋਂ ਆਨਲਾਈਨ ਕੰਮ ਕਰ ਰਹੀ ਇਹ ਕੁਸ਼ਲ ਕਿਰਤ ਸਸਤੇ ਭਾਅ ਵੀ ਮਿਲੇਗੀ। ਰੋਬੋਟਾਂ ਅਤੇ ਰੀਮੋਟ ਵਰਕਰਾਂ ਦਾ ਯੁਗ ਆਉਣ ਵਾਲਾ ਹੈ। ਲੇਬਰ ਵੈਲਫੇਅਰ ਦੀਆਂ ਸਾਰੀਆਂ ਜਿੰਮੇਵਾਰੀਆਂ ਵੀ ਖਤਮ। ਇਸ ਤਬਦੀਲੀ ਲਈ ਲੋੜੀਂਦੇ ਪਲੈਟਫਾਰਮ ਤਾਂ ਕਦੋਂ ਦੇ ਤਿਆਰ ਹੋ ਕੇ ਵਿਸ਼ਵ ਪੱਧਰ ‘ਤੇ ਕਾਮਯਾਬੀ ਨਾਲ ਟੈਸਟ ਵੀ ਹੋ ਚੁਕੇ ਹਨ। ਬੱਸ ਇਕ ਸਹੀ ਮੌਕੇ ਦੀ ਤਲਾਸ਼ ਸੀ। ਕਰੋਨਾ ਵਾਇਰਸ ਨੇ ਹੁਣ ਉਹ ਮੌਕਾ ਵੀ ਮੁਹੱਈਆ ਕਰ ਦਿਤਾ ਹੈ। ਮਸ਼ੀਨ ਲਰਨਿੰਗ, ਟੈਲੀਮਾਈਗਰੇਸ਼ਨ, 3-ਡੀ ਪ੍ਰਿੰਟਿੰਗ, ਆਈ. ਓ. ਟੀ. ਅਤੇ ਬਲੌਕ ਚੇਨ ਦੀਆਂ ਤਕਨੀਕਾਂ ਰਲ ਕੇ ਜਿਸ ਚੌਥੀ ਸਨਅਤੀ ਕ੍ਰਾਂਤੀ ਨੂੰ ਅਮਲ ਵਿਚ ਲਿਆ ਰਹੀਆਂ ਹਨ, ਉਸ ਲਈ ਮਾਈਗਰੇਸ਼ਨ ਨਾਲੋਂ ਟੈਲੀਮਾਈਗਰੇਸ਼ਨ ਵੱਧ ਉਪਯੋਗੀ ਹੈ।
ਨਤੀਜੇ ਵਜੋਂ ਕਲਾਸ ਰੂਮ ਸਿੱਖਿਆ ਨੂੰ ਆਨਲਾਈਨ ਲਰਨਿੰਗ, ਸਿਹਤ ਸੁਰੱਖਿਆ ਨੂੰ ਟੈਲੀਮੈਡੀਸਨ, ਪਰਵਾਸ ਨੂੰ ਰੀਮੋਟ ਵਰਕ ਅਤੇ ਮਨਪ੍ਰਚਾਵੇ ਦੇ ਆਧਾਰ ਢਾਂਚੇ ਨੂੰ ‘ਕਲਾਊਡ’ ਸਹਿਜੇ ਹੀ ਸੰਭਾਲ ਲੈਣਗੇ। ਇਹ ਸਾਰਾ ਕੁਝ ਅਮਲੀ ਤੌਰ ‘ਤੇ ਸਿਰਫ ਸਥਾਪਤ ਹੀ ਨਹੀਂ ਹੋ ਚੁਕਾ, ਸਗੋਂ ਵੱਡੇ ਪੱਧਰ ‘ਤੇ ਪੁਰਾਣੇ ਢਾਂਚੇ ਨੂੰ ਤਬਦੀਲ ਵੀ ਕਰ ਰਿਹਾ ਹੈ। ਕਰੋਨਾ ਵਾਇਰਸ ਦੀ ਮਹਾਮਾਰੀ ਤਾਂ ਸਿਰਫ ਉਹ ਆਖਰੀ ਪੜਾਅ ਹੈ, ਜਿਸ ਨੇ ਡਿਜ਼ੀਟਲ ਕ੍ਰਾਂਤੀ ਜਾਂ ਆਨਲਾਈਨ ਮੋੜ ਨੂੰ ਉਤਰ-ਕਰੋਨਾ ਵਾਇਰਸ ਯੁਗ ਦੀ ਨਵੀਂ ਦੁਨੀਆਂ ਵਿਚ ਰੁਪਾਂਤ੍ਰਿਤ ਕਰਨਾ ਹੈ। ਇਸ ਦਾ ਇਹ ਮਤਲਬ ਨਹੀਂ ਕੱਢ ਲੈਣਾ ਚਾਹੀਦਾ ਕਿ ਇਸ ਆਨਲਾਈਨ ਕ੍ਰਾਂਤੀ ਨੂੰ ਪ੍ਰੋਮੋਟ ਕਰਨ ਲਈ ਅਮਾਜ਼ੋਨ, ਗੂਗਲ, ਐਪਲ ਅਤੇ ਫੇਸਬੁਕ ਜਿਹੀਆਂ ਵੱਡੀਆਂ ਕੰਪਨੀਆਂ ਕਰੋਨਾ ਵਾਇਰਸ ਦੇ ਸੰਕਟ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੀਆਂ ਹਨ। ਇਹੋ ਕਹਿਣਾ ਚਾਹੀਦਾ ਹੈ ਕਿ ਇਸ ਕ੍ਰਾਂਤੀਕਾਰੀ ਤਬਦੀਲੀ ਦਾ ਸਮਾਂ ਆ ਗਿਆ ਹੈ, ਰੋਕਿਆ ਨਹੀਂ ਜਾ ਸਕਦਾ। ਇਸ ਦੇ ਨਫੇ ਨੁਕਸਾਨਾਂ ਬਾਰੇ ਸੋਚਣਾ ਬਾਅਦ ਦਾ ਕੰਮ ਹੈ।
ਪ੍ਰੋਫੈਸਰ ਹਰਾਰੀ ਜਿਹੇ ਬਹੁਤ ਸਾਰੇ ਵਿਦਵਾਨਾਂ ਨੂੰ ਚਿੰਤਾ ਹੈ ਕਿ ਚੀਨ ਅਤੇ ਹੋਰ ਕਈ ਮੁਲਕਾਂ ਨੇ ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਵਾਸਤੇ ਜੋ ਸਰਵੇਲੈਂਸ ਤਕਨਾਲੋਜੀ ਦਾ ਇਸਤੇਮਾਲ ਕੀਤਾ ਹੈ, ਉਹ ਆਮ ਤੌਰ ‘ਤੇ ਅਤਿਵਾਦੀਆਂ ਦੀ ਸੂਹ ਕੱਢਣ ਲਈ ਵਰਤੀ ਜਾਂਦੀ ਹੈ, ਇਸ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਇਹ ਵਿਦਵਾਨ ਬਾਖੂਬੀ ਜਾਣਦੇ ਹਨ ਕਿ ਇਹ ਉਹੋ ਤਕਨਾਲੋਜੀ ਹੈ, ਜਿਸ ਰਾਹੀਂ ਲਰਨਿੰਗ ਐਨਾਲਿਟਿਕਸ ਦੇ ਨਾਂ ਹੇਠ ਹਰ ਵਿਦਿਆਰਥੀ ਲਈ ਵਿਅਕਤੀਗਤ ਪੱਧਰ ‘ਤੇ ਉਸ ਦੀ ਸਿੱਖਿਆ ਪ੍ਰਾਪਤ ਕਰਨ ਦੀ ਸਮਰੱਥਾ ਅਤੇ ਸੰਭਾਵਨਾ ਅਨੁਸਾਰ ਉਸ ਵਾਸਤੇ ਸਬਕ ਤਿਆਰ ਕੀਤੇ ਜਾਂਦੇ ਹਨ। ਬਿਜਨਸ ਐਨਾਲਿਟਿਕਸ ਦੇ ਨਾਂ ਹੇਠ, ਉਸ ਦੀ ਮਦਦ ਨਾਲ ਕਾਰਖਾਨੇਦਾਰ ਆਪਣਾ ਮਾਲ ਤਿਆਰ ਕਰਦੇ ਹਨ ਅਤੇ ਵਪਾਰੀ ਉਸ ਨੂੰ ਵੇਚਦੇ ਹਨ। ਇਸੇ ਤਰ੍ਹਾਂ ਡਾਕਟਰ ਕਿਸੇ ਵੀ ਮਨੁੱਖ ਨੂੰ ਲੱਗਣ ਵਾਲੀ ਬਿਮਾਰੀ ਦਾ ਅਗਾਊਂ ਪਤਾ ਲਾ ਲੈਂਦੇ ਹਨ। ਇਹ ਸੈਂਸਰਜ਼, ਬਿਗ ਡੈਟਾ ਐਨਾਲਿਟਿਕਸ ਅਤੇ ਮਸ਼ੀਨ ਲਰਨਿੰਗ ਦੇ ਅਭੇਦ (ਕਨਵਰਜੈਂਸ) ਦਾ ਚਮਤਕਾਰ ਹੈ।
ਇਹ ਤਕਨਾਲੋਜੀ ਸਿਰਫ ਮਨੁੱਖਾਂ ਅਤੇ ਮਨੁੱਖੀ ਸਮਾਜਾਂ ਦੀ ਜਾਸੂਸੀ ਲਈ ਹੀ ਨਹੀਂ ਵਰਤੀ ਜਾਂਦੀ, ਉਨ੍ਹਾਂ ਦੇ ਵਿਹਾਰ ਨੂੰ ਮੋੜਾ ਦੇਣ ਲਈ ਵੀ ਵਰਤੀ ਜਾਂਦੀ ਹੈ। ਜਦੋਂ ਮਾਨਵ ਵਿਗਿਆਨੀ ਅਤੇ ਸਮਾਜ ਸ਼ਾਸਤਰੀ ਮਨੁੱਖੀ ਤੇ ਸਮਾਜਕ ਵਿਹਾਰ ਨੂੰ ਸਮਝਣ ਲਈ ਇਹੋ ਕੰਮ ਪਰੰਪਰਾਗਤ ਢੰਗਾਂ ਨਾਲ ਕਰਦੇ ਸਨ ਤਾਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਸੀ। ਨਾ ਹੀ ਇਨ੍ਹਾਂ ਲੋਕਾਂ ਨੂੰ ਸਾਹਿਤਕਾਰਾਂ ਅਤੇ ਕਲਾਕਾਰਾਂ ਤੋਂ ਕੋਈ ਸ਼ਿਕਾਇਤ ਸੀ, ਜੋ ਆਪੋ ਆਪਣੇ ਤਰੀਕਿਆਂ ਨਾਲ ਮਨੁੱਖਾਂ ਅਤੇ ਸਮਾਜਾਂ ਨੂੰ ਢਾਲਣ ਦੀ ਜਿੰਮੇਵਾਰੀ ਨਿਭਾਉਂਦੇ ਸਨ। ਕਿਤੇ ਇਸ ਲਈ ਤਾਂ ਨਹੀਂ ਕਿ ਨਵੇਂ ਟੂਲਜ਼ ਨਾਲ ਇਹ ਕੰਮ ਬਹੁਤ ਕਾਮਯਾਬੀ ਨਾਲ ਹੋਣ ਲੱਗ ਪਵੇਗਾ? ਗੱਲ ਬੜੀ ਸਪਸ਼ਟ ਹੈ ਕਿ ਤਕਨਾਲੋਜੀ ਆਪਣੇ ਆਪ ਵਿਚ ਚੇਤੰਨ ਫੈਸਲੇ ਲੈਣ ਦੇ ਸਮਰੱਥ ਨਹੀਂ ਹੈ। ਇਸ ਦੇ ਫੈਸਲੇ ਤਾਂ ਹਰ ਤਰ੍ਹਾਂ ਚੇਤੰਨ ਮਨੁੱਖ ਦੇ ਟੀਚਿਆਂ ਅਤੇ ਚਾਹਤਾਂ ‘ਤੇ ਨਿਰਭਰ ਕਰਨਗੇ। ਫਿਲਮ ਮੇਕਰ ਨੇ ਆਪਣੇ ਸਿਨੇਮਾ ਰਾਹੀਂ ਹਿੰਸਾ ਪ੍ਰੋਮੋਟ ਕਰਨੀ ਹੈ ਜਾਂ ਮੁਹੱਬਤ, ਇਹ ਗੱਲ ਫਿਲਮ ਮੇਕਿੰਗ ਦੀ ਤਕਨਾਲੋਜੀ ‘ਤੇ ਨਹੀਂ, ਫਿਲਮ ਮੇਕਰ ‘ਤੇ ਨਿਰਭਰ ਕਰਦੀ ਹੈ। ਖੈਰ! ਇਹ ਪੁਰਾਣੀ ਬਹਿਸ ਹੈ। ਆਪਾਂ ਆਪਣੇ ਵਿਸ਼ੇ ਵੱਲ ਪਰਤਦਿਆਂ ਗੱਲ ਸਮੇਟਦੇ ਹਾਂ।
ਸੋ ਉਤਰ-ਕਰੋਨਾ ਯੁਗ ਦੇ ਨਿਰਮਾਣ ਵੱਲ ਵਧਦਿਆਂ ਸਾਡਾ ਪਹਿਲਾ ਕਦਮ ਤਾਂ ਆਪਣੇ ਸਿਹਤ ਸੁਰੱਖਿਆ ਸਿਸਟਮ ਨੂੰ ਮਜ਼ਬੂਤ ਕਰਨਾ ਹੀ ਹੋਵੇਗਾ। ਇਸ ਸਬੰਧੀ ਅਸੀਂ ਹੇਠ ਲਿਖੇ ਨੁਕਤਿਆਂ ਦੀ ਪਛਾਣ ਕੀਤੀ ਹੈ,
1. ਕੌਮਾਂਤਰੀ ਸਿਹਤ ਸੰਸਥਾ ਨੂੰ ਮਜ਼ਬੂਤ ਕਰਕੇ ਵਿਭਿੰਨ ਮੁਲਕਾਂ ਦੇ ਆਪਸੀ ਸਹਿਯੋਗ ਨੂੰ ਯਕੀਨੀ ਬਣਾਉਣਾ। ਅਜਿਹੇ ਅਤੇ ਕੁਝ ਹੋਰ ਸਮਾਜਕ-ਸਭਿਆਚਾਰਕ ਉਪਰਾਲਿਆਂ, ਜਿਨ੍ਹਾਂ ਦੀ ਆਪਾਂ ਬਾਅਦ ਵਿਚ ਗੱਲ ਕਰਾਂਗੇ, ਰਾਹੀਂ ਨਾਨ-ਸਾਵਰਨ ਵਿਸ਼ਵ ਸੱਤਾ ਦੇ ਨਿਰਮਾਣ ਦੀ ਦਿਸ਼ਾ ਵਿਚ ਅੱਗੇ ਵਧਣਾ।
2. ਜਿਨ੍ਹਾਂ ਮੁਲਕਾਂ ਵਿਚ ਆਪਣੇ ਸਿਹਤ ਸੁਰੱਖਿਆ ਸਿਸਟਮ ਨੂੰ ਮਜ਼ਬੂਤ ਕਰਨ ਲਈ ਲੋੜੀਂਦੀ ਆਰਥਕ ਸਮਰੱਥਾ ਮੌਜੂਦ ਨਹੀਂ ਹੈ, ਉਨ੍ਹਾਂ ਦੀ ਵਿਸ਼ਵ ਸਿਹਤ ਸੰਸਥਾ (ਡਬਲਿਊ. ਐਚ. ਓ.) ਰਾਹੀਂ ਮਦਦ ਕਰਨਾ ਅਮੀਰ ਮੁਲਕਾਂ ਦੀ ਜਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਕਰੋਨਾ ਵਾਇਰਸ ਨੇ ਸਾਨੂੰ ਸਿਖਾ ਦਿੱਤਾ ਹੈ ਕਿ ਕੋਈ ਵੀ ਮੁਲਕ ਅਜਿਹੀ ਲੜਾਈ ਇਕੱਲਿਆਂ ਨਹੀਂ ਲੜ ਸਕਦਾ। ਸਭ ਨੂੰ ਰਲ ਕੇ ਹੀ ਹਿੰਮਤ ਕਰਨੀ ਪੈਣੀ ਹੈ।
3. ਵੱਖ ਵੱਖ ਮੁਲਕਾਂ ਦੇ ਸਿਹਤ ਸੁਰੱਖਿਆ ਵਸੀਲਿਆਂ ਦੀ ਵਿਸ਼ਵ ਪੱਧਰ ‘ਤੇ ਤਾਲਮੇਲ ਢੰਗ ਨਾਲ ਇਮਾਨਦਾਰਾਨਾ ਵਰਤੋਂ ਕਿਵੇਂ ਕਰਨੀ ਹੈ? ਇਸ ਸਬੰਧੀ ਚੀਨ ਦੇ ਤਜ਼ਰਬੇ ਤੋਂ ਸਿੱਖਣ ਦੀ ਲੋੜ ਹੈ। ਅਜਿਹਾ ਕਰਨ ਲਈ ਵਿਸ਼ਵ ਸੰਸਥਾ ਨੂੰ ਹੇਠ ਲਿਖੀਆਂ ਤਿੰਨ ਤਹਿਆਂ ਵਾਲੇ ਕੌਮਾਂਤਰੀ ਟੈਲੀਮੈਡੀਸਨ ਸੈਂਟਰ ਦੀ ਸਥਾਪਨਾ ਕਰਨੀ ਹੋਵੇਗੀ: (A) ਟੈਲੀਮੈਡੀਸਨ ਪਲੈਟਫਾਰਮ ਦੀ ਪਹਿਲੀ ਤਹਿ, (ਅ) ਟੈਲੀਮੈਡੀਸਨ ਕਲਾਊਡ ਦੀ ਦੂਜੀ ਤਹਿ ਅਤੇ (e) ਟੈਲੀਮੈਡੀਸਨ ਸਰਵਿਸ ਐਪਲੀਕੇਸ਼ਨ ਦੀ ਤੀਜੀ ਤਹਿ। ਇਸ ਕੌਮਾਂਤਰੀ ਸੈਂਟਰ ਦੀ ਸਫਲਤਾ ਲਈ ਵੱਖ ਵੱਖ ਮੁਲਕਾਂ, ਸੂਬਿਆਂ ਅਤੇ ਸਥਾਨਕ ਸਰਕਾਰਾਂ ਦੀਆਂ ਸਰਕਾਰੀ ਤੇ ਗੈਰਸਰਕਾਰੀ ਸੰਸਥਾਵਾਂ ਨੂੰ ਕੌਮਾਂਤਰੀ ਸੰਸਥਾਵਾਂ ਅਤੇ ਕਾਰਪੋਰੇਸ਼ਨਾਂ ਨਾਲ ਰਲ ਕੇ ਕੰਮ ਕਰਨਾ ਪੈਣਾ ਹੈ। ਇਹ ਕੋਈ ਮੁਸ਼ਕਿਲ ਕੰਮ ਨਹੀਂ ਹੈ, ਕਿਉਂਕਿ ਇਹ ਕੰਮ ਚੀਨ ਨੇ ਮਹੀਨਿਆਂ ਵਿਚ ਨਹੀਂ, ਹਫਤਿਆਂ ਵਿਚ ਹੀ ਕਰ ਲਿਆ ਸੀ।
4. ਜਿੰਨੀ ਦੇਰ ਤੱਕ ਦੁਨੀਆਂ ਦੇ ਹਰ ਵਿਅਕਤੀ ਕੋਲ ਜੀਣ ਥੀਣ ਲਈ ਘਰ, ਸ਼ੁੱਧ ਭੋਜਨ ਤੇ ਸਾਫ ਪਾਣੀ ਨਹੀਂ ਹੋਵੇਗਾ, ਉਸ ਦੀ ਜੇਬ ਵਿਚ ਪੈਸੇ ਨਹੀਂ ਹੋਣਗੇ ਅਤੇ ਉਸ ਦਾ ਧਿਆਨ ਰੱਖਣ ਲਈ ਜਿੰਮੇਵਾਰ ਸਰਕਾਰਾਂ ਤੇ ਕਾਨੂੰਨ ਨਹੀਂ ਹੋਣਗੇ, ਓਨੀ ਦੇਰ ਤੱਕ ਇਸ ਧਰਤੀ ‘ਤੇ ਵੱਸਣ ਵਾਲਾ ਕੋਈ ਵੀ ਵਿਅਕਤੀ ਅਤੇ ਉਸ ਦਾ ਪਰਿਵਾਰ, ਭਾਵੇਂ ਉਹ ਕਿੰਨਾ ਵੀ ਸਾਧਨ ਸੰਪੰਨ ਕਿਉਂ ਨਾ ਹੋਵੇ, ਸੁਰੱਖਿਅਤ ਨਹੀਂ ਹੈ। ਇਕ ਸਲਾਹ ਹੈ ਕਿ ਅੱਜ ਹਾਈਡਰੋਪੌਨਿਕ2 ਐਰੋਪੌਨਿਕ, ਸੋਲਰ ਐਨਰਜੀ ਅਤੇ ਮੀਂਹ ਦੇ ਪਾਣੀ ਨੂੰ ਸੰਭਾਲਣ ਦੀਆਂ ਤਕਨੀਕਾਂ ਏਨੀਆਂ ਵਿਕਸਿਤ ਹੋ ਚੁਕੀਆਂ ਹਨ, ਜਿਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਿਹੀਆਂ ਸੰਸਥਾਵਾਂ ਨੇ ਮਾਨਕੀਕਰਣ (ਸਟੈਂਡਰਡਾਈਜ਼) ਵੀ ਕਰ ਲਿਆ ਹੈ। ਇਕ ਘਰ ਵਿਚ ਅਜਿਹੀ ਵਿਵਸਥਾ ਕਰਨ ‘ਤੇ ਇਕ ਲੱਖ ਤੋਂ ਘੱਟ ਖਰਚਾ ਆਉਂਦਾ ਹੈ। ਜੇ ਸਰਕਾਰੀ ਮਦਦ ਮਿਲ ਜਾਵੇ ਤਾਂ ਹਰ ਘਰ ਆਪਣੇ ਰੋਟੀ-ਪਾਣੀ ਦਾ ਘਰ ਵਿਚ ਹੀ ਪ੍ਰਬੰਧ ਕਰ ਸਕਦਾ ਹੈ।
5. ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜੂਨ 2017 ਵਿਚ ਮੌਸਮੀ ਤਬਦੀਲੀ ਦੀ ਪੈਰਿਸ ਸਮਝੌਤੇ ਵਿਚੋਂ ਆਪਣੇ ਮੁਲਕ ਨੂੰ ਬਾਹਰ ਕੱਢ ਕੇ ਦੁਨੀਆਂ ਨੂੰ ਜੋ ਸੁਨੇਹਾ ਦੇਣ ਦੀ ਕੋਸ਼ਿਸ ਕੀਤੀ ਸੀ ਕਿ ਸਰਬੱਤ ਦੀ ਭਲਾਈ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਸਾਡੀ ਦਿਲਚਸਪੀ ਤਾਂ ਸਿਰਫ ਆਪਣੇ ਆਪ ਦੀ ਭਲਾਈ ਵਿਚ ਹੈ, ਉਹ ਸੋਚ ਉਤਰ-ਕਰੋਨਾ ਯੁਗ ਦੀ ਸੋਚ ਨਹੀਂ ਹੋ ਸਕਦੀ। ਜੇ ਅਮਰੀਕਾ ਨੇ ਆਪਣੀ ਇਹ ਸੋਚ ਨਾ ਬਦਲੀ ਤਾਂ ਉਹ ਅਲੱਗ-ਥਲੱਗ ਹੋ ਕੇ ਕਿਤੇ ਦਾ ਵੀ ਨਹੀਂ ਰਹੇਗਾ। ਇਹ ਸੋਚ ਨਾ ਤਾਂ ਸਾਨੂੰ ਮੌਸਮੀ ਤਬਦੀਲੀ ਦੇ ਦੁਰਪ੍ਰਭਾਵਾਂ ਤੋਂ ਬਚਾ ਸਕਦੀ ਹੈ ਅਤੇ ਨਾ ਹੀ ਕਰੋਨਾ ਵਾਇਰਸ ਦੀ ਮਹਾਮਾਰੀ ਤੋਂ। ਸਾਨੂੰ ਰਾਸ਼ਟਰਵਾਦ ਦੀ ਸੌੜੀ ਪਰਿਭਾਸ਼ਾ ਤੋਂ ਉਪਰ ਉਠਣਾ ਪਵੇਗਾ।
6. ਦੂਜੇ ਵਿਸ਼ਵ ਯੁੱਧ ਦੇ ਵਿਨਾਸ਼ ਪਿਛੋਂ ਜਦੋਂ ਦੁਨੀਆਂ ਦੀ ਪੁਨਰ ਉਸਾਰੀ ਦਾ ਸਵਾਲ ਸਾਹਮਣੇ ਆਇਆ ਤਾਂ ਸਭ ਦੀ ਸਾਂਝੀ ਸੋਚ ਵਿਚੋਂ ਯੂ. ਐਨ. ਓ. ਨੇ ਜਨਮ ਲਿਆ। ਇਸ ਸੰਸਥਾ ਦਾ ਮੁਖ ਉਦੇਸ਼ ਆਉਣ ਵਾਲੇ ਸਮਿਆਂ ਵਿਚ ਕੌਮਾਂਤਰੀ ਝਗੜਿਆਂ (ਕਨਫਲਿਕਟਸ) ਨੂੰ ਰੋਕਣਾ ਸੀ। ਯੂ. ਐਨ. ਓ. ਨੇ ਆਪਣਾ ਰੋਲ ਨਿਭਾਇਆ। ਕੀ ਇਹ ਸੰਸਥਾ ਹੁਣ ਦੁਨੀਆਂ ਨੂੰ ਕਰੋਨਾ ਵਾਇਰਸ, ਮੌਸਮੀ ਤਬਦੀਲੀ, ਬੇਰੁਜ਼ਗਾਰੀ ਅਤੇ ਨਾਬਰਾਬਰੀ ਜਿਹੀਆਂ ਨਾਮੁਰਾਦ ਆਫਤਾਂ ਤੋਂ ਬਚਾ ਸਕਦੀ ਹੈ? ਜੇ ਨਹੀਂ, ਤਾਂ ਸਾਨੂੰ ਇਸ ਸੰਸਥਾ ਦੇ ਪੁਨਰ ਨਿਰਮਾਣ ਬਾਰੇ ਸੋਚਣਾ ਚਾਹੀਦਾ ਹੈ। ਦੁਨੀਆਂ ਸੋਚੇਗੀ ਵੀ ਜਰੂਰ, ਪਰ ਮੈਂ ਇਨ੍ਹਾਂ ਨਵੀਆਂ ਚੁਣੌਤੀਆਂ ਦੇ ਪਰਿਪੇਖ ਵਿਚ ਯੂ. ਐਨ. ਓ. ਦੇ ਵਿਸਤਾਰ ਲਈ ਇਕ ਛੋਟੀ ਜਿਹੀ ਸਲਾਹ ਦੇਣੀ ਚਾਹਾਂਗਾ। ਪਾਰਰਾਸ਼ਟਰੀ ਬਿਜ਼ਨਸ ਕਾਰਪੋਰੇਸ਼ਨਾਂ ਪਿਛੋਂ ਪਾਰਰਾਸ਼ਟਰੀ ਭਾਈਚਾਰਿਆਂ, ਜਿਨ੍ਹਾਂ ਨੂੰ ਅੱਜ ਕਲ੍ਹ ਕਾਸਮੋਨੇਸ਼ਨਜ਼ (ਬ੍ਰਹਿਮੰਡਾਂ) ਦੇ ਰੂਪ ਵਿਚ ਸਮਝਿਆ ਜਾ ਰਿਹਾ ਹੈ, ਦੀ ਸੁਘੜ (ਡੀਸੈਂਟਰਡ), ਗਤੀਸ਼ੀਲ (ਡਾਈਨੇਮਿਕ) ਅਤੇ ਈਵੋਲਵਿੰਗ (ਵਿਕਸਿਤ) ਗਲੋਬਲ ਨੈਟਵਰਕਿੰਗ ਨੂੰ ਵਿਸ਼ਵੀਕਰਣ ਦੇ ਅਗਲੇ ਪੜਾਅ ਦੇ ਰੂਪ ਵਿਚ ਦੇਖਣ ਦੀ ਲੋੜ ਹੈ।
ਇਹ ਵਿਸ਼ਵ ਭਾਈਚਾਰੇ ਜਿਥੇ ਆਪਣੀ ਜਨਮ ਭੂਮੀ ਨਾਲ ਜੁੜੇ ਹੁੰਦੇ ਹਨ, ਉਥੇ ਆਪਣੀਆਂ ਕਰਮ ਭੂਮੀਆਂ ਨਾਲ ਵੀ ਬਰਾਬਰ ਹੀ ਜੁੜੇ ਹੁੰਦੇ ਹਨ। ਇਨ੍ਹਾਂ ਦੀ ਸੰਰਚਨਾ ਵਿਚ ਹੀ ਸਰਬੱਤ ਦਾ ਭਲਾ, ਸਰਬ ਸਾਂਝੀਵਾਲਤਾ ਅਤੇ ਵਿਸ਼ਵ ਸਹਿਯੋਗ ਅੰਕਿਤ ਹੋਏ ਹੁੰਦੇ ਹਨ। ਇਹ ਵੀ ਸੱਚ ਹੈ ਕਿ ਅੱਜ ਹਰ ਭਾਈਚਾਰਾ ਪਾਰਰਾਸ਼ਟਰੀ ਭਾਈਚਾਰਾ ਹੈ ਅਤੇ ਹਰ ਸਥਾਨ ਬਹੁ-ਭਾਈਚਾਰਕ ਸਥਾਨ। ਕੀ ਇਨ੍ਹਾਂ ਬ੍ਰਹਿਮੰਡਾਂ ਨੂੰ ਮਾਨਤਾ ਪ੍ਰਦਾਨ ਕਰਕੇ ਯੂ. ਐਨ. ਓ. ਸਿਸਟਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ? ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਮੁੱਦੇ ਹੋਣਗੇ, ਜਿਥੋਂ ਇਹ ਚਰਚਾ ਅਰੰਭ ਹੋ ਸਕਦੀ ਹੈ।