ਜੰਗ-ਏ-ਆਜ਼ਾਦੀ ਹਿੰਦੋਸਤਾਨ ‘ਚ ਅਪਰੈਲ ਮਹੀਨੇ ਦੇ ਸ਼ਹੀਦ ਯੋਧੇ

ਜਦੋਂ ਅਸੀਂ ਹਿੰਦੋਸਤਾਨ ਦੀ ਆਜ਼ਾਦੀ ਬਾਰੇ ਸੋਚਦੇ ਹਾਂ ਜਾਂ ਧਿਆਨ ਮਾਰਦੇ ਹਾਂ ਤਾਂ ਲੂੰ-ਕੰਡੇ ਖੜੇ ਹੋ ਜਾਂਦੇ ਹਨ। ਅੰਗਰੇਜ਼ੀ ਹਕੂਮਤ ਇੰਨੀ ਬੇਰਹਿਮ ਕਰੂਰ ਸੀ ਕਿ ਇਤਿਹਾਸ ਦੇ ਪੰਨੇ ਇਨਕਲਾਬੀਆਂ ਦੇ ਖੂਨ ਨਾਲ ਲੱਥ-ਪੱਥ ਹੋਏ ਦਿੱਸਦੇ ਹਨ।

ਹਿੰਦੋਸਤਾਨ ਦੀ ਅੰਗਰੇਜ਼ ਹਕੂਮਤ ਵਿਰੁਧ ਵੱਖ ਵੱਖ ਸਭਾਵਾਂ, ਲਹਿਰਾਂ, ਜਥੇਬੰਦੀਆਂ ਅਤੇ ਗੈਰ-ਜਥੇਬੰਦਕ ਦੇਸ਼-ਪ੍ਰਸਤਾਂ ਨੇ ਜਾਨ ਦੀ ਪਰਵਾਹ ਨਾ ਕਰਦਿਆਂ ਆਜ਼ਾਦੀ ਦੇ ਸੰਗਰਾਮ ‘ਚ ਹਿੱਸਾ ਪਾਇਆ। ਇਨ੍ਹਾਂ ਵਿਚ ਕੂਕਾ ਲਹਿਰ, ਗਦਰ ਲਹਿਰ, ਬੱਬਰ ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੰਗਾਲੀ ਇਨਕਲਾਬੀ ਲਹਿਰ, ਨੌਜਵਾਨ ਭਾਰਤ ਸਭਾ, ਖੁਦਾ-ਏ-ਖਿਦਮਤ ਲਹਿਰ, ਖਾਕਸਾਰ ਤਹਿਰੀਕ, ਵਹਾਬੀ ਲਹਿਰ, ਫਕੀਰ ਅਤੇ ਸੰਨਿਆਸੀ ਲਹਿਰ ਸਣੇ ਕਈ ਹੋਰ ਲਹਿਰਾਂ, ਸਭਾਵਾਂ ਅਤੇ ਜਥੇਬੰਦੀਆਂ ਨੇ ਹਿੱਸਾ ਪਾਇਆ।
ਹਿੰਦੋਸਤਾਨ ਦੀ ਆਜ਼ਾਦੀ ਲਈ ਅੰਗਰੇਜ਼ ਵਿਰੁਧ ਜੰਗ ਕਰੀਬ ਦੋ ਸਦੀਆਂ ਤੋਂ ਵੱਧ ਸਮਾਂ ਚੱਲੀ, ਜਿਸ ਦਾ ਹਰ ਪਲ, ਦਿਨ, ਹਫਤਾ, ਮਹੀਨਾ ਅਤੇ ਹਰ ਸਾਲ ਇਤਿਹਾਸ ਦੇ ਪੰਨਿਆਂ ‘ਤੇ ਦਿੱਤੀਆਂ ਸ਼ਹਾਦਤਾਂ ਦੇ ਸਬੂਤ ਦੱਸਦੇ ਹਨ। ਹਿੰਦੋਸਤਾਨ ਦੀ ਆਜ਼ਾਦੀ ‘ਚ ਅਪਰੈਲ ਮਹੀਨੇ ਸ਼ਹੀਦ ਹੋਏ ਯੋਧਿਆਂ ਵੇਰਵਾਂ ਇਉਂ ਹੈ,
8 ਅਪਰੈਲ 1857 ਦੇ ਗਦਰ ਵਿਚ ਪਹਿਲੀ ਗੋਲੀ ਦਾਗ ਕੇ ਜੰਗ-ਏ-ਆਜ਼ਾਦੀ ਦਾ ਬਿਗਲ ਵਜਾਉਣ ਵਾਲੇ ਯੋਧੇ ਮੰਗਲ ਪਾਂਡੇ ਨੂੰ ਕਲਕੱਤਾ ਦੀ ਬੈਰਕਪੁਰ ਛਾਉਣੀ ਵਿਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ।
18 ਅਪਰੈਲ 1899 ਨੂੰ ਤਿੰਨ ਚਾਪੇਕਰ ਭਰਾਵਾਂ ਵਿਚੋਂ ਦਮੋਦਰ ਚਾਪੇਕਰ ਨੂੰ ਰੈਡ ਨਾਂ ਦੇ ਅੰਗਰੇਜ਼ ਅਫਸਰ ਨੂੰ ਮਾਰਨ ਦੇ ਦੋਸ਼ ‘ਚ ਫਾਂਸੀ।
20 ਅਪਰੈਲ 1915 ਨੂੰ ਸ਼ਹੀਦ ਅਰਜਨ ਸਿੰਘ ਸਪੁੱਤਰ ਸ਼ ਕੋਰਾ ਸਿੰਘ, ਪਿੰਡ ਖਖਰਾਣਾ (ਜਿਲਾ ਫਿਰੋਜ਼ਪੁਰ) ਅਨਾਰਕਲੀ ਬਾਜ਼ਾਰ ਵਿਚ ਥਾਨੇਦਾਰ ਮੁਹੰਮਦ ਮੂਸਾ ਤੇ ਹੌਲਦਾਰ ਮੌਹਸਮ ਅਲੀ ਖਾਂ ਨੂੰ ਮਾਰਨ ਦੇ ਦੋਸ਼ ‘ਚ ਫਾਂਸੀ।
26 ਅਪਰੈਲ 1915 ਨੂੰ ਭਾਈ ਈਸ਼ਰ ਸਿੰਘ, ਪਿੰਡ ਰੱਕਬਾ, (ਲੁਧਿਆਣਾ), ਜੋ 12 ਨੰਬਰ ਰਸਾਲੇ ਵਿਚ ਮੁਲਾਜ਼ਮ ਸੀ, ਨੂੰ ਗਦਰ ਕਰਨ ਦੇ ਦੋਸ਼ ਵਿਚ ਮੇਰਠ ਜੇਲ੍ਹ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
26 ਅਪਰੈਲ 1915 ਨੂੰ ਸ਼ ਫੂਲਾ ਸਿੰਘ ਪਲਟਨ 128 ਪਾਉਨੀਅਰ ਮੇਰਠ ਜੇਲ੍ਹ ਵਿਚ ਗਦਰ ਨਾਲ ਸਬੰਧ ਹੋਣ ਦੇ ਦੋਸ਼ ਲਾ ਕੇ ਕੋਰਟ ਮਾਰਸ਼ਲ ਕਰਕੇ ਫਾਂਸੀ।
23 ਅਪਰੈਲ 1918 ਭਾਈ ਰਾਮ ਸਿੰਘ ਧੁਲੇਤਾ ਨੇ ਗਦਾਰ ਰਾਮ ਚੰਦਰਾ ਨੂੰ ਸੈਨ ਫਰਾਂਸਿਸਕੋ ਦੀ ਅਦਾਲਤ ‘ਚ ਗੋਲੀ ਮਾਰ ਕੇ ਪਾਰ ਬੁਲਾਇਆ, ਉਸ ਸਮੇਂ ਸ਼ੈਰਿਫ ਨੇ ਭਾਈ ਧੁਨੇਤਾ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
10 ਅਪਰੈਲ 1919 ਨੂੰ ਕਾਲੇ ਕਾਨੂੰਨਾਂ ਵਿਰੁਧ ਰੋਹ ਭਰੇ ਸ਼ਾਂਤਮਈ ਅੰਦੋਲਨ ਅੰਮ੍ਰਿਤਸਰ, ਜੋ ਸੈਫੂਦੀਨ ਕਿੱਚਲੂ ਅਤੇ ਡਾ. ਸਤਿਆਪਲ ਦੀ ਗ੍ਰਿਫਤਾਰੀ ਵਿਰੁਧ ਸੀ, ਦੌਰਾਨ ਕਾਲੀਆਂ ਝੰਡੀਆਂ ਲੈ ਕੇ ਬੈਠੇ ਅੰਦੋਲਨਕਾਰੀਆਂ ‘ਤੇ ਗੋਲੀਆਂ ਦੀ ਬੌਛਾੜ ਨਾਲ 26 ਸ਼ਹੀਦ ਤੇ ਇਸ ਤੋਂ ਵੱਧ ਜ਼ਖਮੀ ਹੋਏ।
11 ਅਪਰੈਲ 1919 ਨੂੰ ਸਮਾਜ ਵਿਚ ਜਾਗ੍ਰਿਤੀ ਦੀ ਮਿਸ਼ਾਲ ਲੈ ਕੇ ਚੱਲਣ ਵਾਲੇ ਚਾਨਣ ਦੇ ਵਣਜ਼ਾਰੇ, ਆਜ਼ਾਦੀ ਘੁਲਾਟੀਏ ਸ਼ ਪ੍ਰਕਾਸ਼ ਸਿੰਘ ਪੁੱਤਰ ਸ਼ ਮੇਲਾ ਸਿੰਘ ਪਿੰਡ ਝਾਵਾਂ (ਜਿਲਾ ਹੁਸ਼ਿਆਰਪੁਰ) ਨੂੰ ਬੇਰਹਿਮੀਆਂ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ।
12 ਅਪਰੈਲ 1919 ਨੂੰ ਹੀਰਾ ਮੰਡੀ ਲਾਹੌਰ ਵਿਚ ਅੰਗਰੇਜ਼ ਰਾਜ ਅਤੇ ਰੌਲਟ ਐਕਟ ਵਿਰੁਧ ਸ਼ਾਂਤਮਈ ਜਲੂਸ ਦੀ ਅਗਵਾਈ ਕਰਦੇ 19 ਸਾਲ ਦੇ ਨੌਜਵਾਨ ਖੁਸ਼ੀ ਰਾਮ ਦੀ ਛਾਤੀ ਵਿਚ ਛੇ ਗੋਲੀਆਂ ਮਾਰੀਆਂ ਗਈਆਂ, ਪਰ ਇਸ ਦੇ ਬਾਵਜੂਦ ਉਸ ਦਾ ਹਰ ਕਦਮ ਅੱਗੇ ਵੱਲ ਵੱਧਦਾ ਦੇਖ ਕੇ ਫਰੰਗੀ ਦੀ ਪੱਤੇ ਚੱਟ ਪੁਲਿਸ ਦੇ ਸਿਪਾਹੀ ਨੇ ਮੱਥੇ ਵਿਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ।
13 ਅਪਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਵਿਚ ਰੌਲਟ ਐਕਟ ਵਿਰੁਧ ਰੋਸ ਇਕੱਠ ਉਤੇ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਸੈਂਕੜੇ ਇਨਸਾਫ ਪਸੰਦੀ ਬੇਦੋਸ਼ਿਆਂ ਨੂੰ ਸ਼ਹੀਦ ਕਰ ਦਿੱਤਾ, ਸੈਂਕੜੇ ਹੀ ਜ਼ਖਮੀ ਹੋਏ। ਸ਼ਹੀਦਾਂ ਦੀ ਗਿਣਤੀ ਮਦਨ ਮੋਹਨ ਮਾਲਵੀਆ ਮੁਤਾਬਕ 190 ਦੱਸੀ ਗਈ, ਪਰ ਨਾਮ, ਗਿਣਤੀ 400 ਤੋਂ ਵੱਧ ਦੇ ਲੱਭੇ ਹਨ। ਖੋਜ ਜਾਰੀ ਹੈ। ਇਸ ਖੂਨੀ ਕਾਂਡ ਨੇ ਬਹੁਤ ਸਾਰੇ ਦੇਸ਼ ਭਗਤ ਪੈਦਾ ਕੀਤੇ, ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਵੀ ਹਨ।
16 ਅਪਰੈਲ 1920 ਨੂੰ 29 ਸਾਲ ਦੇ ਨੱਥਾ ਸਿੰਘ ਪੁੱਤਰ ਸਾਧਾ ਸਿੰਘ ਪਿੰਡ ਢੋਟੀਆਂ ਅੰਡੇਮਾਨ ਜੇਲ੍ਹ ‘ਚ ਸ਼ਹੀਦ ਹੋਏ।
19 ਅਪਰੈਲ 1930 ਨੂੰ ਨਾ-ਮਿਲਵਰਤਣ ਲਹਿਰ ਦੇ ਹਿੱਸੇ ਦੇ ਨਾਲ ਨਾਲ ਹਥਿਆਰਬੰਦ ਆਜ਼ਾਦੀ ਪਸੰਦ ਯੋਧਿਆਂ ਨੇ ਚਿਟਾਗਾਂਗ ਅਸਲਾਖਾਨਾ ਲੁੱਟਿਆ। ਮੁੱਠਭੇੜ ਵਿਚ 30 ਦੇ ਕਰੀਬ ਸ਼ਹੀਦ ਹੋਏ।
ਅਪਰੈਲ 1954 ਨੂੰ ਭਾਈ ਬਿਸ਼ਨ ਸਿੰਘ ਸਪੁੱਤਰ ਭਾਈ ਜੀਊਣ ਸਿੰਘ ਪਿੰਡ ਢੋਟੀਆਂ ਗਦਰ ਲਹਿਰ ਨਾਲ ਸਬੰਧ ਹੋਣ ਕਰਕੇ ਡਸ਼ਗਈ ਵਿਚ ਕੋਰਟ ਮਾਰਸ਼ਲ, ਕਾਲੇ ਪਾਣੀ ਦੀ ਸਜ਼ਾ। ਅਪਰੈਲ ਮਹੀਨੇ ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ਦੀ ਗਿਣਤੀ ‘ਚ ਵਾਧਾ ਕੀਤਾ।
18 ਅਪਰੈਲ 1954 ਨੂੰ ਡਾ. ਸਤਿਆਪਾਲ ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ‘ਚ ਜਾ ਬਿਰਾਜੇ। ਉਨ੍ਹਾਂ ਕਾਲੇ ਕਾਨੂੰਨ ਰੌਲਟ ਐਕਟ ਵਿਰੁਧ ਲਾਮਬੰਦੀ ਕੀਤੀ।
16 ਅਪਰੈਲ 1961 ਨੂੰ ਗਦਰੀ ਬਾਬਾ ਭਾਈ ਰਣਧੀਰ ਸਿੰਘ ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ਦੀ ਮਾਲਾ ਦੇ ਮਣਕੇ ਬਣੇ।
22 ਅਪਰੈਲ 1980 ਨੂੰ ਗਦਰੀ ਬਾਬਾ ਬਾਬੂ ਮੰਗੂ ਰਾਮ ਮੁੱਗੋਵਾਲ, ਹੁਸ਼ਿਆਰਪੁਰ ਸਦੀਵੀ ਵਿਛੋੜਾ ਦੇ ਕੇ ਆਪਣੇ ਯੁੱਧ ਸਾਥੀ ਸ਼ਹੀਦਾਂ ਦੀ ਕਤਾਰ ‘ਚ ਖਲ੍ਹੋ ਗਏ। ਉਹ ਮਾਵਰਿਕ ਜਹਾਜ ਰਾਹੀਂ ਗਦਰ ਵਾਸਤੇ ਹਥਿਆਰ ਲੈ ਕੇ ਜਾ ਰਹੇ ਗਦਰੀਆਂ ‘ਚੋਂ ਇੱਕ ਮੈਂਬਰ ਸਨ। ਉਹ ਸੈਨ ਫਰਾਂਸਿਸਕੋ, ਜਰਮਨ ਸਾਜ਼ਿਸ਼ ਕੇਸ ਦੇ ਮੈਂਬਰ ਸਨ। ਅਮਰੀਕਾ ਤੋਂ ਹਿੰਦੋਸਤਾਨ ਵਾਪਿਸ ਜਾ ਕੇ ਆਦਿ ਧਰਮੀ ਲਹਿਰ ਦੇ ਬਾਨੀ, ਮੋਹਰੀ ਸਨ, 1946 ਵਿਚ ਐਮ. ਐਲ਼ ਏ. ਬਣੇ।
ਗੁਰਦੁਆਰਾ ਸੁਧਾਰ ਲਹਿਰ ਨਾਲ ਸਬੰਧਤ ਸ਼ਹੀਦਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਨਾ ਹੋਣ ਕਰਕੇ ਦੱਸਣਾ ਸੰਭਵ ਨਹੀਂ ਹੋ ਸਕਿਆ, ਪਰ ਇਹ ਲਹਿਰ ਦਾ ਹੋਣਾ ਵੀ ਦੇਸ਼ ਆਜ਼ਾਦੀ ਦਾ ਹੀ ਹਿੱਸਾ ਸੀ, ਕਿਉਂਕਿ ਮਹੰਤ ਲਾਣਾ ਅੰਗਰੇਜ਼ ਸਰਕਾਰ ਦੀ ਸ਼ਹਿ ਹੇਠ ਹੀ ਕੰਮ ਕਰਦਾ ਸੀ ਤੇ ਗੁਰੂ ਘਰਾਂ ਦੀ ਬੇਅਦਬੀ ਕਰਦਾ ਸੀ।
‘ਸ਼ਹੀਦ’ ਹਮੇਸ਼ਾ ਲੋਕਾਂ ਦੇ ਅੰਤਹਿਕਰਣ ‘ਚ ਵਸੇ ਹੋਏ ਹੋਣੇ ਚਾਹੀਦੇ ਹਨ, ਸਾਨੂੰ ਜਿਉਣ ਦੀ ਆਸ ਦਿੰਦੇ ਹਨ; ਦੇਸ਼, ਸਮਾਜ ਅਤੇ ਕੌਮਾਂ ਦਾ ਸਰਮਾਇਆ ਹੁੰਦੇ ਹਨ, ਮਾਣ ਹੁੰਦੇ ਹਨ, ਮਨੋਬਲ ਨੂੰ ਬੱਲ ਦਿੰਦੇ ਹਨ, ਔਖੇ ਹਾਲਾਤ ਵਿਚ ਰਾਹ ਦਰਸਾਉ ਹੁੰਦੇ ਹਨ ਤੇ ਚਾਨਣ ਮੁਨਾਰੇ ਹੁੰਦੇ ਹਨ। ਹਿੰਦੋਸਤਾਨ ਦੀ ਆਜ਼ਾਦੀ ਦੇ ਸ਼ਹੀਦ ਹਮੇਸ਼ਾ ਅਸਮਾਨ ‘ਚ ਚਮਕਦੇ ਸਿਤਾਰੇ ਵਾਂਗ ਰਹਿਣਗੇ।
ਵਲੋਂ: ਇੰਡੋ-ਅਮੈਰੀਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ।