ਇਛ ਪੁਨੀ ਸਰਧਾ ਸਭ ਪੂਰੀ

ਡਾ. ਗੁਰਨਾਮ ਕੌਰ, ਕੈਨੇਡਾ
ਛੋਟੇ ਹੁੰਦਿਆਂ ਤੋਂ ਪਿੰਡ ਦੇ ਗੁਰਦੁਆਰਾ ਅਟਾਰੀ ਸਾਹਿਬ ਵਿੱਖੇ ਲੱਗਦੇ ਸਾਲਾਨਾ ਧਾਰਮਿਕ ਦੀਵਾਨ ਵਿਚ ਜਦੋਂ ਢਾਡੀ ਜਥਿਆਂ ਜਾਂ ਕਵੀਸ਼ਰਾਂ ਤੋਂ ਗੁਰੂ ਨਾਨਕ ਸਾਹਿਬ ਦੇ ਬਚਪਨ ਬਾਰੇ ਸਾਖੀਆਂ ਸੁਣਨੀਆਂ ਜਾਂ ‘ਸਾਕਾ ਨਨਕਾਣਾ ਸਾਹਿਬ’ ਸੁਣਨਾ ਤਾਂ ਮਨ ਵਿਚ ਨਨਕਾਣਾ ਸਾਹਿਬ ਦੇਖਣ ਦੀ ਬਹੁਤ ਇੱਛਾ ਅਤੇ ਦੋ ਮੁਲਕ ਬਣਨ ਕਰਕੇ ਨਾ ਜਾ ਸਕਣ ਦੀ ਮਜ਼ਬੂਰੀ ਵਿਚੋਂ ਬਹੁਤ ਵੈਰਾਗ ਮਹਿਸੂਸ ਹੋਣਾ| ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਹੋਣ ਕਰਕੇ ਲੋਕਾਂ ਨੂੰ ਆਪਣੇ ਕੋਰਟ-ਕਚਹਿਰੀ ਦੇ ਕੰਮਾਂ ਲਈ ਲਾਹੌਰ ਜਾਣਾ ਪੈਂਦਾ ਸੀ| ਇਸ ਲਈ ਬਾਪੂ ਜੀ ਨੇ ਜਦੋਂ ਲਾਹੌਰ ਦੀਆਂ ਗੱਲਾਂ ਸੁਣਾਉਣੀਆਂ ਅਤੇ ਬੇਜੀ ਨੇ ਦੱਸਣਾ ਕਿ ਜਿਸ ਦਿਨ ਉਹ ਬਾਰੀਏ ਮਾਮੇ ਅੱਛਰਾ ਸਿੰਘ (ਬੇਜੀ ਦੀ ਮਾਸੀ ਦਾ ਪੁੱਤ, ਜੋ ਜਿਲਾ ਸ਼ੇਖੂਪੁਰੇ ਦੇ ਚੱਕ 27 ਵਿਚ ਮੁਰੱਬਿਆਂ ਦੇ ਮਾਲਕ ਸਨ) ਦੇ ਵਿਆਹ ‘ਤੇ ਜਾਣ ਲਈ ਲਾਹੌਰ ਸਟੇਸ਼ਨ ‘ਤੇ ਉਤਰੇ, ਗੋਦੀ ਉਨ੍ਹਾਂ ਦੇ ਮੇਰਾ ਵੱਡਾ ਵੀਰ ਅਮਰ ਸਿੰਘ ਸੀ।

ਉਸ ਦਿਨ ਲਾਹੌਰ ਸਟੇਸ਼ਨ ‘ਤੇ ਡੂੰਘੀ ਚੁੱਪ ਵਰਤੀ ਹੋਈ ਸੀ, ਕਿਉਂਕਿ ਉਸ ਦਿਨ ਭਗਤ ਸਿੰਘ ਅਤੇ ਉਸ ਦੇ ਸਾਥੀਆਂ-ਰਾਜ ਗੁਰੂ ਅਤੇ ਸੁਖਦੇਵ ਨੂੰ ਫਾਂਸੀ ਲਾਈ ਗਈ ਸੀ ਤਾਂ ਮਨ ਵਿਚ ਲਾਹੌਰ ਸ਼ਹਿਰ ਤੇ ਉਸ ਦੇ ਸਟੇਸ਼ਨ ਦੀ ਕਲਪਨਾ ਕਰਨੀ ਕਿ ਉਹ ਕਿਹੋ ਜਿਹਾ ਸ਼ਹਿਰ ਹੋਵੇਗਾ| ਵੱਡੀ ਹੋ ਕੇ, ਸਮੇਤ ਨਾਨਕ ਸਿੰਘ ਦੇ ਨਾਵਲਾਂ ਅਤੇ ਹੋਰ ਸਾਹਿਤ ਵਿਚ ਅਨੇਕਾਂ ਵਾਰ ਲਾਹੌਰ ਸ਼ਹਿਰ ਦਾ ਜ਼ਿਕਰ ਪੜ੍ਹਿਆ|
ਕੈਨੇਡਾ ਜਦੋਂ ਆਪਣੇ ਵੱਡੇ ਪੁੱਤਰ ਮਨਵੀਰ ਦੇ ਬੇਟੇ ਅਜੈ ਸਿੰਘ ਦੇ ਜਨਮ ਵੇਲੇ ਸੰਨ 2006 ਵਿਚ ਆ ਕੇ ਚਾਰ ਮਹੀਨੇ ਰਹੀ ਤਾਂ ਇੱਕ ਟੀ. ਵੀ. ਪ੍ਰੋਗਰਾਮ ਚਲਦਾ ਹੁੰਦਾ ਸੀ, ‘ਜਿਨ ਲਾਹੌਰ ਨਹੀ ਦੇਖਿਆ।’ ਪ੍ਰੋਗਰਾਮ ਵਿਚ ਲਾਹੌਰ ਸ਼ਹਿਰ ਦੇ ਬਾਜ਼ਾਰਾਂ, ਖਾਸ ਖਾਸ ਅਤੇ ਇਤਿਹਾਸਕ ਥਾਂਵਾਂ ਬਾਰੇ ਕਾਫੀ ਜਾਣਕਾਰੀ ਦਿਤੀ ਹੁੰਦੀ ਸੀ| ਵੈਸੇ ਵੀ ਲਾਹੌਰ ਨਾਲ ਸਿੱਖ ਇਤਿਹਾਸ ਦਾ ਏਨਾ ਕੁਝ ਜੁੜਿਆ ਹੋਇਆ ਹੈ, ਸਮੇਤ ਸਿੱਖ ਰਾਜ ਦੇ, ਕਿ ਇਸ ਨੂੰ ਚੇਤਿਆਂ ਵਿਚੋਂ ਬਰਖਾਸਤ ਕੀਤਾ ਹੀ ਨਹੀਂ ਜਾ ਸਕਦਾ|
ਭਾਰਤ ਰਹਿੰਦਿਆਂ ਇਕੋ ਇਕ ਢੰਗ ਸਿੱਖ ਜਥਿਆਂ ਨਾਲ ਯਾਤਰਾ ‘ਤੇ ਜਾਣਾ ਹੀ ਨਜ਼ਰ ਆਉਂਦਾ ਸੀ, ਪਰ ਉਹ ਵੀ ਕੋਈ ਢੰਗ ਦਾ ਸਾਥ ਨਾ ਮਿਲਣ ਕਰਕੇ ਸਾਜਗਾਰ ਨਹੀਂ ਹੋ ਸਕਿਆ| ਵੈਸੇ ਵੀ ਜਦੋਂ ਅਖਬਾਰਾਂ ਵਿਚ ਯਾਤਰਾ ਦੇ ਹਾਲ ਪੜ੍ਹੀਦੇ ਸੀ ਕਿ ਰੇਲ ਗੱਡੀਆਂ ਵਿਚ ਸੀਟਾਂ ਮੱਲਣ ਲਈ ਜਾਂ ਗੁਰਦੁਆਰਿਆਂ ਵਿਚ ਕਮਰੇ ਲੈਣ ਲਈ ਲੋਕ ਕਿਵੇਂ ਝਗੜੇ ਕਰਦੇ ਹਨ ਤਾਂ ਛੋਟੇ ਬੱਚਿਆਂ ਸਮੇਤ ਯਾਤਰਾ ਦੌਰਾਨ ਪ੍ਰੇਸ਼ਾਨ ਹੋਣ ਤੋਂ ਮਨ ਕਤਰਾਉਂਦਾ ਸੀ| ਇਸ ਲਈ ਮਨ ਵਿਚ ਡੂੰਘੀ ਰੀਝ ਹੋਣ ਦੇ ਬਾਵਜੂਦ ਵਿਛੜੇ ਗੁਰਧਾਮਾਂ ਦੀ ਯਾਤਰਾ ਕਰਨੀ ਸੰਭਵ ਹੀ ਨਹੀਂ ਸੀ ਹੋ ਸਕੀ|
ਪਿਛਲੇ ਸਾਲ (ਸੰਨ 2019) ਦੇ ਸ਼ੁਰੂ ਵਿਚ ਹੀ ਮੇਰੇ ਛੋਟੇ ਵੀਰ ਨਿਰਮਲ ਸਿੰਘ ਦੀ ਪੋਤੀ ਨਵਰੀਤ ਦਾ ਵਿਆਹ ਆ ਗਿਆ| ਮੈਂ ਆਪਣੇ ਵੱਡੇ ਭੈਣ-ਭਣੋਈਏ ਅਤੇ ਭਾਣਜਿਆਂ ਅਮਨਦੀਪ ਤੇ ਸੰਦੀਪ ਨਾਲ ਭਾਰਤ ਜਾਣ ਲਈ ਦੋ ਕੁ ਮਹੀਨੇ ਪਹਿਲਾਂ ਹੀ ਸੀਟ ਮਖਸੂਸ ਕਰਵਾ ਲਈ| ਉਦੋਂ ਹੀ ਇੰਜੀਨੀਅਰ ਹਰਜੀਤ ਸਿੰਘ ਗਿੱਲ ਦਾ ਫੋਨ ਆ ਗਿਆ, “ਡਾ. ਸਾਹਿਬ! ਲਾਹੌਰ ਯੂਨੀਵਰਸਿਟੀ ਵਿਚ ਪਰਸ਼ੀਅਨ ਵਿਭਾਗ ਵੱਲੋਂ ਸੁਲਤਾਨ ਬਾਹੂ ਅਤੇ ਮੌਲਾਨਾ ਰੂਮੀ ‘ਤੇ ਸੈਮੀਨਾਰ ਕਰਾਉਣ ਦੀ ਵਿਉਂਤਵੰਦੀ ਕੀਤੀ ਗਈ ਹੈ| ਤੁਸੀਂ ਚੱਲਣੈ?”
ਮੈਂ ਝੱਟ ‘ਹਾਂ’ ਕਰ ਦਿਤੀ| ਦੋ ਕੁ ਦਿਨਾਂ ਵਿਚ ਹੀ ਪਰਸ਼ੀਅਨ ਵਿਭਾਗ ਦੇ ਮੁਖੀ ਡਾ. ਇਕਬਾਲ ਸ਼ਾਹਿਦ ਵਲੋਂ 16-17 ਫਰਵਰੀ 2019 ਨੂੰ ਹੋਣ ਵਾਲੇ ਸੈਮੀਨਾਰ ਲਈ ਸੱਦਾ-ਪੱਤਰ ਪਹੁੰਚ ਗਏ। ਅਸੀਂ 15 ਫਰਵਰੀ ਨੂੰ ਲਾਹੌਰ ਪਹੁੰਚਣਾ ਸੀ| ਹਰਜੀਤ ਸਿੰਘ ਗਿੱਲ, ਉਨ੍ਹਾਂ ਦੀ ਧਰਮ ਪਤਨੀ ਸੁਖਵੀਰ ਕੌਰ ਅਤੇ ਮੈਂ ਆਪਣੇ ਸਾਰੇ ਕਾਗਜ਼ ਪੱਤਰ ਲੈ ਕੇ ਟੋਰਾਂਟੋ ਵਿਚ ਪਾਕਿਸਤਾਨ ਅੰਬੈਸੀ ਪਹੁੰਚ ਗਏ, ਪਰ ਅਧਿਕਾਰੀਆਂ ਨੇ ਸਾਨੂੰ ਇਹ ਕਹਿ ਕੇ ਵਾਪਸ ਭੇਜ ਦਿਤਾ ਕਿ ਇਸ ਸੱਦਾ-ਪੱਤਰ ਦੀ ਕਾਪੀ ਅੰਬੈਸੀ ਨੂੰ ਵੀ ਆਉਣੀ ਚਾਹੀਦੀ ਹੈ| ਦੂਜੇ ਦਿਨ ਹੀ ਵਿਭਾਗ ਵੱਲੋਂ ਸਾਡੇ ਤਿੰਨਾਂ ਦੇ ਨਾਂਵਾਂ ਸਮੇਤ ਅੰਬੈਸੀ ਨੂੰ ਵੀ ਸੱਦਾ-ਪੱਤਰ ਪਹੁੰਚ ਗਿਆ|
ਅਸੀਂ ਫਿਰ ਵੀਜ਼ੇ ਲਈ ਦਰਖਾਸਤ ਦੇਣ ਲਈ ਪਹੁੰਚ ਗਏ ਅਤੇ ਫਾਰਮ ‘ਤੇ ਬਣੇ ਕਾਲਮ ਵਿਚ ਭਰ ਦਿਤਾ ਕਿ ਅਸੀਂ ਵਾਘਾ ਬਾਰਡਰ ਰਾਹੀਂ ਜਾਣਾ ਹੈ। ਫਾਰਮ ‘ਚ ਇਹ ਦੱਸਣਾ ਪੈਂਦਾ ਹੈ ਕਿ ਤੁਸੀਂ ਕਿਸ ਰਸਤੇ ਤੋਂ ਜਾਣਾ ਹੈ ਅਤੇ ਕਿਥੇ ਕਿਥੇ ਜਾਣਾ ਹੈ? ਤਿੰਨ ਕੁ ਦਿਨ ਵਿਚ ਹੀ ਹਰਜੀਤ ਸਿੰਘ ਨੂੰ ਫੋਨ ‘ਤੇ ਸੁਨੇਹਾ ਆ ਗਿਆ ਕਿ ਵੀਜ਼ਾ ਲੱਗ ਗਿਆ ਹੈ, ਆਪਣੇ ਪਾਸਪੋਰਟ ਲੈ ਜਾਵੋ| ਮੈਂ ਤੇ ਸੁਖਵੀਰ ਕੌਰ ਹਰਜੀਤ ਸਿੰਘ ਦੇ ਪਾਸਪੋਰਟ ਲਈ ਅਥਾਰਟੀ ਲੈਟਰ ਲੈ ਕੇ ਮੇਰੇ ਬੇਟੇ ਗੁਰਨੀਤ ਸਿੰਘ ਨਾਲ ਜਾ ਕੇ ਪਾਸਪੋਰਟ ਲੈ ਆਈਆਂ ਅਤੇ ਸਾਨੂੰ 15 ਦਿਨ ਦਾ ਵੀਜ਼ਾ ਮਿਲ ਗਿਆ|
ਮੈਂ ਸੁਲਤਾਨ ਬਾਹੂ ਅਤੇ ਮੌਲਾਨਾ ਰੂਮੀ ‘ਤੇ ਪੜ੍ਹਨ ਲਈ ਪਰਚਾ ਵੀ ਤਿਆਰ ਕਰ ਲਿਆ ਸੀ| ਮੈਂ ਤਾਂ ਭਾਰਤ ਜਾਣਾ ਹੀ ਸੀ, ਪਰ ਗਿੱਲ ਪਰਿਵਾਰ ਦਾ ਕਿਸੇ ਵਜ੍ਹਾ ਕਰਕੇ ਜਾਣ ਦਾ ਪ੍ਰੋਗਰਾਮ ਰੱਦ ਹੋ ਗਿਆ ਅਤੇ ਮੇਰੀ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਬਾਬੇ ਨਾਨਕ ਦੇ ਜਨਮ ਸਥਾਨ ‘ਤੇ ਨਤਮਸਤਕ ਹੋਣ, ਲਾਹੌਰ ਦੇਖਣ ਦੀ ਰੀਝ ਵੀ ਵਿਚੇ ਰਹਿ ਗਈ| ਹੋਇਆ ਇਉਂ ਕਿ ਵਿਆਹ ਦੀਆਂ ਰਸਮਾਂ ਤੋਂ ਅਸੀਂ 10 ਫਰਵਰੀ ਤੱਕ ਵਿਹਲੇ ਹੋ ਗਏ ਅਤੇ ਮੇਰਾ ਇਰਾਦਾ 14 ਫਰਵਰੀ ਨੂੰ ਕੰਮੋਕੇ-ਅੰਮ੍ਰਿਤਸਰ ਪਹੁੰਚਣ ਤੇ 15 ਫਰਵਰੀ ਨੂੰ ਪਾਕਿਸਤਾਨ ਜਾਣ ਦਾ ਸੀ। ਹਰਜੀਤ ਸਿੰਘ ਗਿੱਲ ਹੋਰਾਂ ਰਾਹੀਂ ਜਨਾਬ ਇਕਬਾਲ ਸ਼ਾਹਿਦ ਨੇ ਮੈਨੂੰ ਬਾਰਡਰ ਤੋਂ ਲੈ ਕੇ ਜਾਣ, ਰਹਿਣ ਆਦਿ ਦਾ ਸਾਰਾ ਪ੍ਰਬੰਧ ਕਰ ਦੇਣ ਦਾ ਭਰੋਸਾ ਦਿੱਤਾ ਸੀ, ਪਰ ਇਸ ਸਮੇਂ ਵਿਚ ਹੀ ਕਸ਼ਮੀਰ ਵਿਚ ਪੁਲਵਾਮਾ ਹਮਲੇ ਕਰਕੇ ਫਿਰ ਭਾਰਤ ਵੱਲੋਂ ਸਰਜੀਕਲ ਸਟਰਾਈਕ ਕਰਕੇ ਕਾਫੀ ਤਣਾਓ ਵਧ ਗਿਆ ਸੀ|
ਇਹੀ ਨਹੀਂ, ਦੋਹਾਂ ਮੁਲਕਾਂ ਵਿਚ ਇਕਦਮ ਵਪਾਰ ਵੀ ਬੰਦ ਹੋ ਗਿਆ ਸੀ ਅਤੇ ਭਾਰਤ ਵਾਲੇ ਪਾਸੇ ਪੰਜਾਬ ਵਿਚ ਸਰਹੱਦੀ ਪਿੰਡਾਂ ਨੂੰ ਖਾਲੀ ਕਰਾਉਣ ਦਾ ਦੌਰ ਵੀ ਸ਼ੁਰੂ ਹੋ ਗਿਆ ਸੀ| ਭਾਰਤੀ ਮੀਡੀਆ ਵਲੋਂ ਜਿੰਨੇ ਜ਼ੋਰ-ਸ਼ੋਰ ਨਾਲ ਪ੍ਰਚਾਰ ਸ਼ੁਰੂ ਹੋ ਗਿਆ ਸੀ, ਉਸ ਤੋਂ ਜਾਪਣ ਲੱਗ ਪਿਆ ਸੀ, ਲੜਾਈ ਹੁਣੇ ਲੱਗੀ ਕਿ ਲੱਗੀ| ਮੈਨੂੰ ਮੇਰੇ ਸਾਰੇ ਪਰਿਵਾਰ ਭਰਾ-ਭੈਣਾਂ ਅਤੇ ਬੱਚਿਆਂ ਵੱਲੋਂ ਏਹੀ ਕਿਹਾ ਗਿਆ ਕਿ ਜੇ ਲੜਾਈ ਲੱਗ ਗਈ ਤੇ ਤੂੰ ਉਧਰ ਫਸ ਗਈ ਤਾਂ ਸਰਹੱਦ ਪਾਰੋਂ ਵਾਪਸ ਆਉਣ ਵਿਚ ਦਿੱਕਤ ਆਵੇਗੀ, ਜੇ ਕਰਮਾਂ ਵਿਚ ਬਾਬੇ ਦੇ ਸਥਾਨ ‘ਤੇ ਮੱਥਾ ਟੇਕਣ ਦਾ ਸੁਭਾਗ ਹੋਇਆ ਤਾਂ ਕਦੀ ਫਿਰ ਮੌਕਾ ਮਿਲ ਜਾਵੇਗਾ| ਖੈਰ! ਸਭ ਦੇ ‘ਨਾਂਹ’ ਵਾਲੇ ਰਵੱਈਏ ਅੱਗੇ ਮੈਂ ਝੁਕ ਗਈ ਅਤੇ ਪ੍ਰੋਗਰਾਮ ਛੱਡ ਦਿਤਾ, ਪਰ ਮੇਰੇ ਮਨ ਵਿਚ ਬਹੁਤ ਉਦਾਸੀ ਸੀ, ਕਿਉਂਕਿ ਇੱਕ ਵਾਰ ਕਈ ਸਾਲ ਪਹਿਲਾਂ ਵੀ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਸੀ, ਇਸੇ ਤਰ੍ਹਾਂ ਲਾਹੌਰ ਸੈਮੀਨਾਰ ‘ਤੇ ਜਾਣ ਦਾ, ਇਸੇ ਕਿਸਮ ਦੀ ਵਜ੍ਹਾ ਕਰਕੇ ਇੰਜ ਹੀ ਪ੍ਰੋਗਰਾਮ ਮੁਲਤਵੀ ਹੋ ਗਿਆ ਸੀ; ਸਗੋਂ ਉਦੋਂ ਤਾਂ ਸੈਮੀਨਾਰ ਹੀ ਮੁਲਤਵੀ ਹੋ ਗਿਆ ਸੀ|
ਇਸ ਵਾਰ ਮੇਰਾ ਪੁੱਤਰ ਅਤੇ ਨੂੰਹ 31 ਦਸੰਬਰ ਨੂੰ ਆਪਣੇ ਦੋਸਤ ਦੇ ਵਿਆਹ ‘ਤੇ ਉਦੈਪੁਰ, ਰਾਜਸਥਾਨ ਗਏ| ਵਿਆਹ ਜਨਵਰੀ ‘ਚ ਸੀ। ਕੁਝ ਦਿਨ ਪਿੱਛੋਂ ਹੀ ਹਰਜੀਤ ਸਿੰਘ ਗਿੱਲ ਦਾ ਫੋਨ ਆ ਗਿਆ, ‘ਡਾ. ਸਾਹਿਬ! ਲਾਹੌਰ ਪੰਜਾਬੀ ਕਾਨਫਰੰਸ ਹੋ ਰਹੀ ਹੈ, ਸੁਨੇਹਾ ਆਇਆ ਹੈ| ਮੈਂ ਤੇ ਸੁਖਵੀਰ ਨੇ ਸਾਰੇ ਪਰਿਵਾਰ-ਬੇਟੀ ਸਿਮਰ, ਬੇਟੇ ਪ੍ਰਤੀਕ ਅਤੇ ਉਸ ਦੀ ਵਹੁਟੀ ਜੋਤੀ ਸਮੇਤ ਜਾਣ ਦਾ ਪ੍ਰੋਗਰਾਮ ਬਣਾਇਆ ਹੈ| ਤੁਸੀਂ ਜਾਣਾ ਚਾਹੋਗੇ ਤਾਂ ਸਪਾਂਸਰਸ਼ਿਪ ਮੰਗਵਾ ਲੈਂਦੇ ਹਾਂ|”
ਮੈਂ ਉਨ੍ਹਾਂ ਤੋਂ ਇੱਕ ਦਿਨ ਦਾ ਸਮਾਂ ਮੰਗਿਆ ਅਤੇ ਬੱਚਿਆਂ ਨੂੰ ਭਾਰਤ ਫੋਨ ਕੀਤਾ| ਉਨ੍ਹਾਂ ਨੇ ‘ਹਾਂ’ ਕਰ ਦਿੱਤੀ ਅਤੇ ਨਾਲ ਹੀ ਕਿਹਾ, “ਮਾਮਾ ਸਬੱਬ ਨਾਲ ਮੌਕਾ ਮਿਲ ਰਿਹਾ ਹੈ ਅਤੇ ਸਾਥ ਵੀ ਹੈ| ਅੰਕਲ ਹੋਰਾਂ ਨਾਲ ਜਾ ਕੇ ਵੀਜ਼ਾ ਅਪਲਾਈ ਕਰ ਦੇਵੋ|”
ਇਸ ਤਰ੍ਹਾਂ ਮੈਂ ਗਿੱਲ ਪਰਿਵਾਰ ਨਾਲ ਜਾ ਕੇ ਵੀਜ਼ੇ ਲਈ ਦਰਖਾਸਤ ਦੇ ਦਿੱਤੀ ਅਤੇ ਕੁਝ ਦਿਨਾਂ ਵਿਚ ਹੀ ਸਾਡਾ ਇੱਕ-ਇੱਕ ਮਹੀਨੇ ਦਾ ਵੀਜ਼ਾ ਲੱਗ ਕੇ ਆ ਗਿਆ| ਮੈਂ ਹਾਲੇ ਵੀ ਸ਼ਸ਼ੋਪੰਜ ਵਿਚ ਸਾਂ ਕਿ ਜਾਵਾਂ ਜਾਂ ਨਾ! 19 ਜਨਵਰੀ ਨੂੰ ਮੇਰੇ ਬੱਚੇ ਭਾਰਤ ਤੋਂ ਵਾਪਸ ਆ ਗਏ ਅਤੇ ਆਉਂਦਿਆਂ ਹੀ ਬੇਟੇ ਨੇ ਮੇਰੀ ਸੀਟ (ਲੁਫਤਾਂਸਾ ਏਅਰ ਲਾਈਨ ‘ਤੇ ਵਾਇਆ ਫਰੈਂਕਫਰਟ ਜਾਣ ਲਈ 9 ਫਰਵਰੀ ਅਤੇ ਆਉਣ ਲਈ ਵਾਇਆ ਦੁੱਬਈ ਏਅਰ ਇੰਡੀਆ ਅਤੇ ਏਅਰ ਕੈਨੇਡਾ 9 ਮਾਰਚ) ਦਾ ਪ੍ਰਬੰਧ ਕਰ ਦਿਤਾ| ਪੰਜਾਬੀ ਕਾਨਫਰੰਸ 14 ਅਤੇ 15 ਫਰਵਰੀ ਦੀ ਸੀ| ਗਿੱਲ ਪਰਿਵਾਰ ਵਾਰੀ ਵਾਰੀ 10-11 ਫਰਵਰੀ ਤੱਕ ਆਪਣੇ ਮੁਕਾਮ ਅੰਮ੍ਰਿਤਸਰ ਪਹੁੰਚ ਗਿਆ|
ਖਦਸ਼ੇ ਤਾਂ ਖਦਸ਼ੇ ਹੁੰਦੇ ਹਨ| 9 ਫਰਵਰੀ ਨੂੰ ਪੀਅਰਸਨ ਏਅਰਪੋਰਟ, ਟੋਰਾਂਟੋ ‘ਤੇ ਪਹੁੰਚ ਕੇ ਸਿਕਿਉਰਿਟੀ ਵਗੈਰਾ ਚੈੱਕ ਕਰਾ ਕੇ ਜਹਾਜ ‘ਤੇ ਸਵਾਰ ਹੋਣ ਦੀ ਉਡੀਕ ਹੋ ਰਹੀ ਸੀ, ਜੋ ਸ਼ਾਮ ਨੂੰ 6 ਵਜ ਕੇ 10 ਕੁ ਮਿੰਟ ‘ਤੇ ਚੱਲਣਾ ਸੀ। ਐਲਾਨ ਕਰ ਦਿਤਾ ਗਿਆ ਕਿ ਕੋਈ ਤਕਨੀਕੀ ਨੁਕਸ ਕਾਰਨ ਜਹਾਜ 7:30 ‘ਤੇ ਉਡਾਣ ਭਰੇਗਾ| ਘੁਸਰ-ਮੁਸਰ ਇਹ ਵੀ ਚੱਲ ਰਹੀ ਸੀ ਕਿ ਬਰਫਾਨੀ ਤੂਫਾਨ ਕਾਰਨ ਪਾਈਲਾਟ ਨੇ ਜਹਾਜ ਉਡਾਉਣੋਂ ਨਾਂਹ ਕਰ ਦਿਤੀ ਹੈ| ਫਿਰ ਐਲਾਨ ਹੋ ਗਿਆ ਕਿ 8:30 ‘ਤੇ ਉਡਾਣ ਸੰਭਵ ਹੋ ਸਕੇਗੀ| ਮੈਂ ਪਿਛਲੇ ਸਾਲ ਤੋਂ ਏਅਰਪੋਰਟ ‘ਤੇ ਵ੍ਹੀਲ ਚੇਅਰ ਲੈਣੀ ਸ਼ੁਰੂ ਕਰ ਦਿਤੀ ਹੈ, ਕਿਉਂਕਿ ਏਅਰਪੋਰਟ ‘ਤੇ ਤੇਜ ਤੁਰਦਿਆਂ ਕਾਫੀ ਸਾਹ ਚੜ੍ਹ ਜਾਂਦਾ ਹੈ| ਉਦੋਂ ਹੀ ਪਤਾ ਲੱਗਾ, ਜਦੋਂ 8:30 ‘ਤੇ ਵ੍ਹੀਲ ਚੇਅਰ ‘ਤੇ ਬਿਠਾ ਕੇ ਵਾਪਸ ਘਰਾਂ ਨੂੰ ਜਾਣ ਦਾ ਐਲਾਨ ਕਰ ਦਿਤਾ ਗਿਆ ਅਤੇ ਕਹਿ ਦਿਤਾ ਕਿ ਜਿਸ ਨੇ ਟੈਕਸੀ ਲੈਣੀ ਹੈ ਜਾਂ ਹੋਟਲ ‘ਚ ਠਹਿਰਨਾ ਹੈ, ਹੇਠਾਂ ਦਫਤਰ ‘ਚ ਜਾ ਕੇ ਰਜਿਸਟਰੇਸ਼ਨ ਕਰਵਾ ਲਵੋ ਅਤੇ ਆਪਣਾ ਸਮਾਨ ਲੈ ਲਵੋ|
ਮੈਂ ਘਰ ਫੋਨ ਕੀਤਾ ਤਾਂ ਮੇਰੇ ਪਤੀ ਸ਼ ਗੁਰਦਿਆਲ ਸਿੰਘ ਬੱਲ ਨੇ ਦੱਸਿਆ ਕਿ ਬੱਚਿਆਂ ਨੂੰ ਇੰਟਰਨੈਟ ਤੋਂ ਪਤਾ ਲੱਗ ਗਿਆ ਹੈ ਅਤੇ ਉਹ ਤੈਨੂੰ ਲੈਣ ਘਰੋਂ ਤੁਰ ਪਏ ਹਨ| ਮੈਂ ਆਪਣੇ ਸੂਟਕੇਸ ਲਏ ਅਤੇ ਬੱਚਿਆਂ ਨਾਲ ਘਰ ਲਈ ਰਵਾਨਾ ਹੋ ਗਈ| ਮੈਂ ਇਹ ਜ਼ਿਕਰ ਇਸ ਲਈ ਕੀਤਾ ਹੈ ਕਿਉਂਕਿ ਮੇਰੇ ਮਨ ਵਿਚ ਇਹ ਤੌਖਲਾ ਇਕ ਵਾਰ ਫਿਰ ਬੈਠ ਗਿਆ ਕਿ ਸ਼ਾਇਦ ਪਹਿਲੀਆਂ ਦੋ ਵਾਰੀਆਂ ਵਾਂਗ ਇਸ ਵਾਰ ਵੀ ਬਾਬੇ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਣਾ ਹੈ, ਬੇਭਰੋਸਗੀ ਇਸ ਕਦਰ ਹੋ ਗਈ ਸੀ|
ਘਰ ਵਾਪਸ ਆ ਕੇ ਹਰਜੀਤ ਸਿੰਘ ਗਿੱਲ ਨੂੰ ਅੰਮ੍ਰਿਤਸਰ ਫੋਨ ਕੀਤਾ ਕਿ ਮੇਰੀ ਫਲਾਈਟ ਮੌਸਮ ਕਰਕੇ ਰੱਦ ਹੋ ਗਈ ਹੈ, ਇਸ ਲਈ ਪਾਕਿਸਤਾਨ ਜਾਣ ਲਈ ਮੇਰਾ ਇੰਤਜ਼ਾਰ ਜ਼ਰੂਰ ਕਰਨ| ਦੂਜੇ ਦਿਨ ਫਿਰ ਉਸੇ ਸਮੇਂ ਏਅਰਪੋਰਟ ‘ਤੇ ਆਏ ਅਤੇ ਸ਼ੁਕਰ ਕੀਤਾ ਕਿ ਜਹਾਜ ਨੇ ਜਰਮਨੀ ਦੇ ਸ਼ਹਿਰ ਫਰੈਂਕਫਰਟ ਲਈ ਉਡਾਣ ਭਰ ਲਈ| ਟੋਰਾਂਟੋ ਤੋਂ ਦੂਜਾ ਬੋਰਡਿੰਗ ਪਾਸ ਨਹੀਂ ਸੀ ਦਿਤਾ ਗਿਆ ਅਤੇ ਦਸਿਆ ਗਿਆ ਸੀ ਕਿ ਇਹ ਫਰੈਂਕਫਰਟ ਜਾ ਕੇ ਹੀ ਮਿਲਣਗੇ|
ਫਰੈਂਕਫਰਟ ਏਅਰਪੋਰਟ ਬਹੁਤ ਵੱਡਾ ਹੈ| ਸਿਕਿਉਰਿਟੀ ਆਦਿ ਸਾਰੀਆਂ ਨਿਯਮਾਵਲੀਆਂ ਵਿਚੋਂ ਲੰਘ ਕੇ ਬੋਰਡਿੰਗ ਵਾਸਤੇ ਆ ਬੈਠੇ ਤਾਂ ਨਾਲ ਬੈਠੀਆਂ ਦੋ ਹੋਰ ਬੀਬੀਆਂ ਨਾਲ ਨੇੜੇ ਮੈਕਡੋਨਲ ਤੋਂ ਜਾ ਕੇ ਕਾਫੀ ਪੀਤੀ ਅਤੇ ਫਿਰ ਉਥੇ ਆ ਬੈਠੀ| ਕਾਊਂਟਰ ਖੁਲ੍ਹ ਗਿਆ ਸੀ ਅਤੇ ਅਚਾਨਕ ਖਿਆਲ ਆਇਆ ਕਿ ਬੋਰਡਿੰਗ ਪਾਸ ਬਾਰੇ ਪੁੱਛ ਲਿਆ ਜਾਵੇ| ਜਦੋਂ ਮੈਂ ਕਾਊਂਟਰ ‘ਤੇ ਪਹੁੰਚੀ ਤਾਂ ਮੈਥੋਂ ਪਹਿਲਾਂ ਹੀ ਇਕ ਮੁਸਾਫਿਰ ਦਾ ਬੋਰਡਿੰਗ ਪਾਸ ਲਈ ਝਗੜਾ ਹੋ ਰਿਹਾ ਸੀ, ਜੋ ਕਹਿ ਰਿਹਾ ਸੀ ਕਿ ਉਸ ਨੂੰ ਸੀਟ ਦਿਤੀ ਜਾਵੇ ਨਹੀਂ ਤਾਂ ਉਹ ਕੰਪਨੀ ਨੂੰ ਸੂ ਕਰੇਗਾ। ਉਸ ਨੂੰ ਅੱਗੋਂ ਉਤਰ ਮਿਲਿਆ ਕਿ ਰੱਬ ਨੂੰ ਵੀ ‘ਸੂ’ ਕਰ, ਜਿਸ ਨੇ ਕੱਲ੍ਹ ਮੌਸਮ ਖਰਾਬ ਕਰ ਦਿਤਾ ਸੀ| ਨਾਲ ਹੀ ਉਸ ਨੂੰ ਸਰਵਿਸ ਆਫਿਸ ਵਿਚ ਜਾ ਕੇ ਅਫਸਰਾਂ ਨਾਲ ਗੱਲ ਕਰਨ ਲਈ ਕਿਹਾ|
ਮੈਨੂੰ ਸ਼ਾਇਦ ਪੰਜਾਬੀ ਪਹਿਰਾਵੇ ਸਲਵਾਰ-ਕਮੀਜ਼ ਵਿਚ ਦੇਖ ਕੇ ਨਾਲ ਦੇ ਕਾਊਂਟਰ ਵੱਲ ਇਸ਼ਾਰਾ ਕਰ ਦਿੱਤਾ, ਕਿਉਂਕਿ ਉਸ ‘ਤੇ ਕੰਮ ਕਰ ਰਿਹਾ ਅਧਿਕਾਰੀ ਹਿੰਦੀ ਬੋਲ ਰਿਹਾ ਸੀ, ਜੋ ਦੇਖਣ ਵਿਚ ਜਰਮਨ ਹੀ ਲੱਗ ਰਿਹਾ ਸੀ| ਮੈਂ ਉਸ ਨੂੰ ਬੋਰਡਿੰਗ ਪਾਸ ਲਈ ਕਿਹਾ ਤਾਂ ਬੋਲਿਆ ਕਿ ਅਸੀਂ 104 ਨਵੇਂ ਮੁਸਾਫਰਾਂ ਨੂੰ ਇਸ ਪਹਿਲਾਂ ਹੀ ਭਰੀ ਹੋਈ ਫਲਾਈਟ ਵਿਚ ਥਾਂ ਨਹੀਂ ਦੇ ਸਕਦੇ| ਮੈਂ ਉਸ ਨੂੰ ਦੱਸਿਆ ਕਿ ਮੇਰੀ ਅੱਗੋਂ ਪਾਕਿਸਤਾਨ ਵਾਸਤੇ ਹਰ ਤਰ੍ਹਾਂ ਦੀ ਬੁਕਿੰਗ ਹੋ ਚੁਕੀ ਹੈ| ਇਸ ਲਈ ਜੇ ਮੈਨੂੰ ਸੀਟ ਨਾ ਮਿਲੀ ਤਾਂ ਪ੍ਰੇਸ਼ਾਨੀ ਹੋਵੇਗੀ ਅਤੇ ਮੇਰਾ ਸਾਰਾ ਪ੍ਰੋਗਰਾਮ ਗੜਬੜ ਹੋ ਜਾਵੇਗਾ| ਉਹ ਮੇਰੀ ਗੱਲ ‘ਤੇ ਹੱਸ ਪਿਆ ਅਤੇ ਬੋਲਿਆ, “ਕਿਸੀ ਔਰ ਕੋ ਮਤ ਬਤਾ ਦੇਨਾ ਕਿ ਪਾਕਿਸਤਾਨ ਕੇ ਲੀਏ ਬੁਕਿੰਗ ਹੈ| ਆਪ ਕੋ ਹਿੰਦੁਸਤਾਨ ਮੇਂ ਘੁਸਨੇ ਨਹੀਂ ਦੀਆ ਜਾਏਗਾ|”
ਉਸ ਨੇ ਮੈਨੂੰ ਬੋਰਡਿੰਗ ਪਾਸ ਦੇ ਦਿਤਾ ਅਤੇ ਦੱਸਿਆ ਕਿ ਸੀਟ ਨੰਬਰ ਬਾਅਦ ‘ਚ ਦਿਤਾ ਜਾਵੇਗਾ| ਮੈਂ ਕੁਝ ਦੇਰ ਇੰਤਜ਼ਾਰ ਕੀਤਾ ਅਤੇ ਮੁੜ ਸੀਟ ਨੰਬਰ ਲੈਣ ਲਈ ਉਸ ਕੋਲ ਗਈ| ਉਸ ਨੇ ਉਪਰਲੇ ਕੈਬਿਨ ਵਿਚ ਸੀਟ ਅਲਾਟ ਕਰ ਦਿਤੀ ਅਤੇ ਮੈਂ ਬਿਨਾ ਕਿਸੇ ਵ੍ਹੀਲ ਚੇਅਰ ਦੀ ਉਡੀਕ ਕੀਤਿਆਂ ਆਪਣਾ ਬੈਗ ਲੈ ਕੇ ਔਖੀ ਸੌਖੀ ਉਪਰਲੇ ਕੈਬਿਨ ਵਿਚ ਸਭ ਤੋਂ ਪਿੱਛੇ ਮਿਲੀ ਆਪਣੀ ਸੀਟ ‘ਤੇ ਜਾ ਬੈਠੀ ਅਤੇ ਰੱਬ ਦਾ ਸ਼ੁਕਰ ਕੀਤਾ| ਇਹ ਤਾਂ ਪਿੱਛੋਂ ਪਤਾ ਲੱਗਾ ਕਿ ਕੁਝ ਮੁਸਾਫਰਾਂ ਨੂੰ ਪਹਿਲਾਂ ਚੇਨੱਈ ਜਾਣਾ ਪਿਆ ਅਤੇ ਫਿਰ ਉਥੋਂ ਵਾਪਸ ਦਿੱਲੀ ਆਏ| ਇੱਕ ਪਰਿਵਾਰ ਨੂੰ ਤਾਂ ਜਿਸ ਵਿਚ ਨੌਜੁਆਨ ਜੋੜੇ ਦੇ ਨਾਲ ਉਨ੍ਹਾਂ ਦੇ ਤਿੰਨ ਬੱਚਿਆਂ ਸਮੇਤ ਬਜੁਰਗ ਮਾਂ ਵੀ ਸੀ, ਪਹਿਲਾਂ ਦੁੱਬਈ ਭੇਜਿਆ, ਜਿਥੇ ਉਨ੍ਹਾਂ ਨੇ ਹਵਾਈ ਅੱਡੇ ‘ਤੇ ਕਰੀਬ 20 ਘੰਟੇ ਗੁਜ਼ਾਰੇ ਅਤੇ ਫਿਰ ਚੇਨੱਈ ਭੇਜਿਆ ਗਿਆ, ਜਿਥੋਂ ਉਹ ਦਿੱਲੀ ਗਏ| ਇਹ ਮੈਨੂੰ ਉਸ ਪਰਿਵਾਰ ਤੋਂ ਹੀ ਪਤਾ ਲੱਗਾ, ਜੋ ਮੇਰੇ ਨਾਲ ਹੀ ਏਅਰ ਇੰਡੀਆ ਅਤੇ ਏਅਰ ਕੈਨੇਡਾ ਤੇ ਦੁੱਬਈ ਰਾਹੀਂ ਦਿੱਲੀ ਤੋਂ ਵਾਪਸ ਟੋਰਾਂਟੋ ਆਇਆ ਸੀ|
ਬੇਟੇ ਗੁਰਨੀਤ ਸਿੰਘ ਨੇ ਮੇਰੇ ਭਤੀਜੇ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਹੁਣ 11 ਫਰਵਰੀ ਦੀ ਥਾਂ 12 ਫਰਵਰੀ ਨੂੰ ਪਹੁੰਚਾਂਗੀ| ਮੇਰਾ ਭਰੋਸਾ ਇਸ ਹੱਦ ਤੱਕ ਹਿੱਲ ਗਿਆ ਸੀ ਕਿ ਮੈਂ ਬੇਟੇ ਨੂੰ ਇੰਟਰਨੈੱਟ ‘ਤੇ ਫਲਾਈਟ ਦੀ ਜਾਣਕਾਰੀ ਰੱਖਣ ਲਈ ਕਹਿ ਦਿਤਾ ਸੀ| ਸ਼ੁਕਰ ਕੀਤਾ, ਜਦੋਂ ਸੁੱਖੀ-ਸਾਂਦੀਂ ਦਿੱਲੀ ਪਹੁੰਚੀ ਅਤੇ ਜੁਗਰਾਜ ਸਿੰਘ, ਮੇਰੇ ਭਤੀਜੇ ਦੇ ਬੇਟੇ ਨਾਲ ਸੈੱਲ ਫੋਨ ‘ਤੇ ਸੰਪਰਕ ਕੀਤਾ| ਉਹ 5 ਨੰਬਰ ਗੇਟ ‘ਤੇ ਮੇਰਾ ਇੰਤਜ਼ਾਰ ਕਰ ਰਿਹਾ ਸੀ| ਸਵੇਰੇ 9 ਵਜਦੇ ਨੂੰ ਪਿੰਡ ਘੁੰਗਰਾਲੀ ਪਹੁੰਚ ਕੇ ਹੀ ਚੈਨ ਆਇਆ ਅਤੇ ਨਨਕਾਣਾ ਸਾਹਿਬ ਜਾਣ ਦੀ ਆਸ ਪੂਰੀ ਹੁੰਦੀ ਨਜ਼ਰ ਆਈ|
(ਚਲਦਾ)