‘ਟੋਕੀਓ ਓਲੰਪਿਕਸ-2020’ ਉਤੇ ਕਰੋਨਾ ਦੀ ਕਰੋਪੀ

ਜਗਰੂਪ ਸਿੰਘ ਜਰਖੜ
ਫੋਨ: 91-98143-00722
ਦੁਨੀਆਂ ਭਰ ਵਿਚ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਫੈਲੇ ਕਰੋਪ ਕਾਰਨ ‘ਟੋਕੀਓ ਓਲੰਪਿਕਸ ਖੇਡਾਂ-2020’, ਜੋ ਇਸ ਵਰ੍ਹੇ 24 ਜੁਲਾਈ ਤੋਂ 9 ਅਗਸਤ ਤੱਕ ਹੋਣੀਆਂ ਸਨ, ਇੱਕ ਸਾਲ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਹੁਣ ਇਹ ਖੇਡਾਂ ਅਗਲੇ ਵਰ੍ਹੇ ‘ਟੋਕੀਓ ਓਲੰਪਿਕਸ-2020’ ਦੇ ਬੈਨਰ ਹੇਠ ਹੀ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਹੋਣਗੀਆਂ।

ਓਲੰਪਿਕਸ ਖੇਡਾਂ ਦੇ 124 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਓਲੰਪਿਕਸ ਖੇਡਾਂ ਦਾ ਆਯੋਜਨ ਪੰਜ ਸਾਲ ਦੇ ਵਕਫੇ ਬਾਅਦ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ 1916 ਵਿਚ ਬਰਲਿਨ ਵਿਖੇ ਹੋਣ ਵਾਲੀਆਂ 6ਵੀਆਂ ਓਲੰਪਿਕਸ ਖੇਡਾਂ ਪਹਿਲੇ ਵਿਸ਼ਵ ਯੁੱਧ ਕਾਰਨ ਰੱਦ ਹੋ ਗਈਆਂ ਸਨ। ਉਸ ਪਿਛੋਂ ਦੂਜੇ ਵਿਸ਼ਵ ਯੁੱਧ ਕਾਰਨ 1940 ਵਿਚ ਟੋਕੀਓ ਓਲੰਪਿਕਸ ਅਤੇ 1944 ਵਿਚ ਲੰਡਨ ਓਲੰਪਿਕਸ ਖੇਡਾਂ ਵੀ ਰੱਦ ਹੋ ਗਈਆਂ ਸਨ। ਟੋਕੀਓ ਓਲੰਪਿਕਸ ਨੂੰ ਇਹ ਦੂਜੀ ਵਾਰ ਭੈੜੀ ਨਜ਼ਰ ਲੱਗੀ ਹੈ ਕਿ ਜਦੋਂ ਖੇਡਾਂ ਦਾ ਆਯੋਜਨ ਖਟਾਈ ਵਿਚ ਪਿਆ ਹੈ। ਇਸ ਤੋਂ ਪਹਿਲਾਂ ਟੋਕੀਓ 1964 ਵਿਚ ਓਲੰਪਿਕ ਖੇਡਾਂ ਦਾ ਇੱਕ ਸਫਲ ਆਯੋਜਨ ਕਰ ਚੁਕਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਦੋ ਸਰਦ ਓਲੰਪਿਕਸ ਖੇਡਾਂ ਅਤੇ ਦੋ ਵਿਸ਼ਵ ਫੁੱਟਬਾਲ ਕੱਪ ਮੁਕਾਬਲੇ ਵੀ ਰੱਦ ਹੋ ਗਏ ਸਨ।
ਕੌਮਾਂਤਰੀ ਓਲੰਪਿਕਸ ਕੌਂਸਲ ਦੇ ਪ੍ਰਧਾਨ ਥਾਮਸ ਬਾਕ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਕਰੋਨਾ ਵਾਇਰਸ ਦੀ ਬੀਮਾਰੀ ਦੇ ਫੈਲੇ ਪ੍ਰਭਾਵ ਕਾਰਨ ਵੱਖ ਵੱਖ ਮੁਲਕਾਂ ਤੇ ਖੇਡ ਫੈਡਰੇਸ਼ਨਾਂ ਦੇ ਦਬਾਅ ਕਾਰਨ ਇਨ੍ਹਾਂ ਖੇਡਾਂ ਨੂੰ ਇੱਕ ਸਾਲ ਲਈ ਮੁਲਤਵੀ ਕਰਨਾ ਪਿਆ ਹੈ। ਉਂਜ ਖੇਡਾਂ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁਕੀਆਂ ਸਨ। 26 ਬਿਲੀਅਨ ਡਾਲਰ ਦੇ ਬਜਟ ਵਾਲੀਆਂ ਇਨ੍ਹਾਂ ਖੇਡਾਂ ਵਿਚ 28 ਇਵੈਂਟਾਂ ਵਿਚ 200 ਤੋਂ ਵੱਧ ਮੁਲਕਾਂ ਦੇ ਕੋਈ ਗਿਆਰਾਂ ਹਜ਼ਾਰ ਖਿਡਾਰੀਆਂ ਅਤੇ ਅਥਲੀਟਾਂ ਨੇ ਹਿੱਸਾ ਲੈਣਾ ਸੀ। ਟੋਕੀਓ ਓਲੰਪਿਕਸ ਖੇਡਾਂ ਲਈ 12 ਅਰਬ ਡਾਲਰ ਦੀ ਸਪਾਂਸਰਸ਼ਿਪ ਵੀ ਮਿਲ ਚੁਕੀ ਸੀ।
ਇਸ ਤੋਂ ਇਲਾਵਾ ਮੀਡੀਆ ਰਾਈਟਸ ਤੇ ਖੇਡਾਂ ਦਾ ਫਾਈਨਲ ਪ੍ਰੋਗਰਾਮ ਅਤੇ ਸਾਰੇ ਸਟੇਡੀਅਮ ਦੀ ਉਸਾਰੀ ਪੂਰੀ ਤਰ੍ਹਾਂ ਮੁਕੰਮਲ ਹੋ ਚੁਕੀ ਹੈ। ਟੋਕੀਓ ਓਲੰਪਿਕਸ ਖੇਡਾਂ ਦਾ ਨੈਸ਼ਨਲ ਸਟੇਡੀਅਮ, ਜਿੱਥੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਹੋਣਾ ਸੀ, ਉਹ ਕਰੀਬ ਡੇਢ ਬਿਲੀਅਨ ਡਾਲਰ ਦੀ ਲਾਗਤ ਨਾਲ ਬਣਿਆ ਹੈ ਤੇ ਸਟੇਡੀਅਮ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ। 60 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਇੱਕ ਨਿਵੇਕਲੀ ਕਿਸਮ ਦਾ ਸਟੇਡੀਅਮ ਹੈ, ਜਦੋਂ ਕਿ ਓ. ਆਈ. ਹਾਕੀ ਸਟੇਡੀਅਮ ਵੀ ਪਿਛਲੇ ਸਾਲ ਜੂਨ ਮਹੀਨੇ ਮੁਕੰਮਲ ਹੋ ਚੁਕਾ ਹੈ। ਇਸ ਹਾਕੀ ਸਟੇਡੀਅਮ ਵਿਚ ਤਾਂ 4 ਮੁਲਕਾਂ ਦਾ ਹਾਕੀ ਟੂਰਨਾਮੈਂਟ ਕਰਵਾ ਕੇ ਇਸ ਦੀ ਸਫਲ ਪਰਖ ਵੀ ਕੀਤੀ ਜਾ ਚੁਕੀ ਹੈ।
ਟੋਕੀਓ ਓਲੰਪਿਕਸ ਖੇਡਾਂ ਦਾ ਮੁਲਤਵੀ ਹੋਣਾ ਜਾਪਾਨ ਲਈ ਸੁਨਾਮੀ ਜਿਹਾ ਇੱਕ ਝਟਕਾ ਹੈ। ਯਾਦ ਰਹੇ, 2024 ਦੀਆਂ ਓਲੰਪਿਕਸ ਖੇਡਾਂ ਦੀ ਮੇਜ਼ਬਾਨੀ ਪੈਰਿਸ ਅਤੇ 2028 ਓਲੰਪਿਕਸ ਖੇਡਾਂ ਦੀ ਮੇਜ਼ਬਾਨੀ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਨੂੰ ਮਿਲ ਚੁਕੀ ਹੈ। ਖੁਦਾ ਨਾ ਖਾਸਤਾ ਜੇ ਅਗਲੇ ਸਾਲ ਵੀ ਟੋਕੀਓ ਓਲੰਪਿਕਸ ਖੇਡਾਂ ‘ਤੇ ਕੋਈ ਕੁਦਰਤੀ ਆਫਤ ਜਾਂ ਕੋਈ ਹੋਰ ਭੀੜ ਬਣੀ ਤਾਂ ਇਹ ਖੇਡਾਂ ਮੁਲਤਵੀ ਨਹੀਂ, ਸਗੋਂ ਰੱਦ ਹੋ ਜਾਣਗੀਆਂ। ਫਿਰ ਪਤਾ ਨਹੀਂ ਟੋਕੀਓ ਸ਼ਹਿਰ ਨੂੰ ਕਦੋਂ ਓਲੰਪਿਕਸ ਖੇਡਾਂ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਵੇਗਾ, ਕਿਉਂਕਿ ਸਾਲ 2022 ਵਿਚ ਰਾਸ਼ਟਰ ਮੰਡਲ ਖੇਡਾਂ, ਏਸ਼ੀਅਨ ਖੇਡਾਂ ਅਤੇ ਵਿਸ਼ਵ ਕੱਪ ਫੁੱਟਬਾਲ, ਵਿਸ਼ਵ ਕੱਪ ਹਾਕੀ ਅਤੇ ਹੋਰ ਕਈ ਵੱਡੇ ਮੁਕਾਬਲੇ ਹੋਣੇ ਹਨ, ਜਿਨ੍ਹਾਂ ਨੂੰ ਕਿਸੇ ਵੀ ਹਾਲਾਤ ਵਿਚ ਅੱਗੇ ਨਹੀਂ ਪਾਇਆ ਜਾ ਸਕਦਾ।
ਟੋਕੀਓ ਓਲੰਪਿਕਸ ਖੇਡਾਂ ਦੇ ਮੁਲਤਵੀ ਹੋਣ ਨਾਲ ਜਿੱਥੇ ਜਾਪਾਨ ਨੂੰ ਕਰੋੜਾਂ ਡਾਲਰਾਂ ਦਾ ਘਾਟਾ ਪਿਆ ਹੈ, ਉਥੇ ਵੱਖ ਵੱਖ ਮੁਲਕ, ਜਿਨ੍ਹਾਂ ਨੇ ਓਲੰਪਿਕਸ ਖੇਡਾਂ ਵਿਚ ਹਿੱਸਾ ਲੈਣਾ ਹੈ, ਉਹ ਵੀ ਲੱਖਾਂ ਡਾਲਰਾਂ ਦੇ ਕਰਜ਼ਈ ਹੋ ਗਏ ਹਨ, ਕਿਉਂਕਿ ਵੱਡੇ ਪੱਧਰ ‘ਤੇ ਹਰ ਮੁਲਕ ਓਲੰਪਿਕਸ ਖੇਡਾਂ ਦੀਆਂ ਤਿਆਰੀਆਂ ‘ਚ ਲੱਗਾ ਹੋਇਆ ਸੀ।
ਇਸ ਤੋਂ ਇਲਾਵਾ ਬਹੁਤ ਸਾਰੇ ਨਾਮੀ ਖਿਡਾਰੀ, ਜੋ ਰਿਟਾਇਰਮੈਂਟ ਦੇ ਲਾਗੇ ਹਨ, ਉਨ੍ਹਾਂ ਦਾ ਖੇਡ ਕੈਰੀਅਰ ਡਾਵਾਂਡੋਲ ਹੋ ਗਿਆ ਹੈ। ਖਿਡਾਰੀਆਂ ਨੂੰ ਅਗਲੇ ਵਰ੍ਹੇ ਤੱਕ ਆਪਣੀ ਫਿਟਨੈਸ ਲੈਵਲ ਦੀ ਲੈਅ ਨੂੰ ਬਣਾਈ ਰੱਖਣ ਵਿਚ ਬੜੀ ਮੁਸ਼ਕਿਲ ਆਵੇਗੀ।
ਭਾਰਤ ਦਾ ਟੈਨਿਸ ਸਟਾਰ ਲਿਏਂਡਰ ਪੇਸ, ਜੋ 7 ਓਲੰਪਿਕਸ ਖੇਡ ਚੁਕਾ ਹੈ ਅਤੇ 1996 ਦੀਆਂ ਐਟਲਾਂਟਾ ਓਲੰਪਿਕਸ ਵਿਚ ਕਾਂਸੀ ਦਾ ਤਮਗਾ ਵੀ ਜਿੱਤ ਚੁਕਾ ਹੈ, ਨੇ ਟੋਕੀਓ ਓਲੰਪਿਕਸ ਖੇਡਾਂ ਤੋਂ ਆਪਣੇ ਖੇਡ ਕੈਰੀਅਰ ਨੂੰ ਅਲਵਿਦਾ ਕਹਿਣੀ ਸੀ। ਇਸੇ ਤਰ੍ਹਾਂ ਵਿਸ਼ਵ ਚੈਂਪੀਅਨ ਅਤੇ ਓਲੰਪਿਕਸ ਖੇਡਾਂ ਵਿਚ ਕਾਂਸੀ ਦਾ ਤਮਗਾ ਜੇਤੂ ਮੁੱਕੇਬਾਜ਼ ਮੈਰੀ ਕੌਮ ਨੇ ਵੀ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਨਾ ਸੀ।
ਚੈਨੀਏ ਤਾਪੇ ਦੁਨੀਆਂ ਦੀ ਨੰਬਰ ਇਕ ਬੈਡਮਿੰਟਨ ਖਿਡਾਰਨ ਤਾਈ ਤਜੂ ਜਿੰਗ, ਇੰਗਲੈਂਡ ਦੀ ਸੋਨ ਤਮਗਾ ਜੇਤੂ ਹਾਕੀ ਖਿਡਾਰਨ ਸੂਸਾਨਾਹ ਟਾਊਨਸੈਂਡ, 28 ਸਾਲਾ ਓਲੰਪਿਕਸ ਜੇਤੂ ਜਿਮਨਾਸਟਿਕਸ ਖਿਡਾਰਨ ਬੈਕੀ ਡੋਨੀ ਅਤੇ ਤਾਇਕਵਾਂਡੋ ਦਾ ਸੁਪਰਸਟਾਰ ਦੋ ਵਾਰ ਓਲੰਪਿਕਸ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲਾ ਜਾਅਦੇ ਜੋਨਸ, ਹਾਲੈਂਡ ਹਾਕੀ ਟੀਮ ਦਾ ਕਪਤਾਨ ਬਿੱਲੀ ਬੱਕਰ ਅਤੇ ਭਾਰਤ ਦਾ ਪੈਨਲਟੀ ਕਾਰਨਰ ਸਪੈਸ਼ਲਿਸਟ ਰੁਪਿੰਦਰ ਪਾਲ ਸਿੰਘ ਸਮੇਤ ਦੁਨੀਆਂ ਦੇ ਕਈ ਨਾਮੀ ਖਿਡਾਰੀਆਂ ਨੇ ਟੋਕੀਓ ਓਲੰਪਿਕਸ ਪਿਛੋਂ ਆਪਣੇ ਖੇਡ ਕੈਰੀਅਰ ਨੂੰ ਅਲਵਿਦਾ ਆਖ ਕੇ ਸ਼ਾਨਾਂਮੱਤੀ ਰਿਟਾਇਰਮੈਂਟ ਦਾ ਐਲਾਨ ਕਰਨਾ ਸੀ। ਹੁਣ ਖੇਡ ਹਲਕਿਆਂ ਵਿਚ ਇਹ ਚਰਚਾ ਹੈ ਕਿ ਕੀ ਇਹ ਖਿਡਾਰੀ ਹੋਰ ਇੱਕ ਸਾਲ ਤੱਕ ਆਪਣਾ ਫਿਟਨੈਸ ਲੈਵਲ ਬਣਾਈ ਰੱਖਣਗੇ! ਇਹ ਤਾਂ ਖਿਡਾਰੀਆਂ ਦੇ ਇਰਾਦੇ, ਮਿਹਨਤ ਮੁਸ਼ੱਕਤ ਅਗਲੇ ਸਾਲ ਹੀ ਬਿਆਨ ਕਰਨਗੇ ਕਿ ਉਹ ਓਲੰਪਿਕਸ ਖੇਡਾਂ ਵਿਚ ਆਪਣਾ ਕਿੰਨਾ ਜੌਹਰ ਦਿਖਾਉਂਦੇ ਹਨ ਜਾਂ ਫਿਰ ਅੱਜ ਦੇ ਸਮੇਂ ਨੂੰ ਕੋਸਦਿਆਂ ਓਲੰਪਿਕਸ ਖੇਡਾਂ ਤੋਂ ਪਹਿਲਾਂ ਹੀ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦੇ ਹਨ?
ਟੋਕੀਓ ਓਲੰਪਿਕਸ ਖੇਡਾਂ ਦੀ ਮੁਲਤਵੀ ਦੇ ਐਲਾਨ ਨੇ ਕਈ ਖਿਡਾਰੀਆਂ ਦੇ ਸੰਜੋਏ ਸੁਪਨੇ ਚਕਨਾਚੂਰ ਵੀ ਕਰ ਦਿੱਤੇ ਹਨ ਅਤੇ ਕਈਆਂ ਨੂੰ ਅਗਲੇ ਵਰ੍ਹੇ ਛੁਪੇ ਰੁਸਤਮ ਬਣਨ ਦਾ ਵੀ ਮੌਕਾ ਮਿਲੇਗਾ। ਆਸ ਇਹੋ ਹੈ ਕਿ ਅਗਲੇ ਵਰ੍ਹੇ ਟੋਕੀਓ ਖੇਡਾਂ ਦਾ ਇਹ ਮਹਾਕੁੰਭ ਅਜਿਹਾ ਇਤਿਹਾਸ ਸਿਰਜੇ ਕਿ ਲੋਕ ਕਰੋਨਾ ਵਾਇਰਸ ਨੂੰ ਭੁੱਲ ਕੇ ਟੋਕੀਓ ਓਲੰਪਿਕਸ ਖੇਡਾਂ-2020 ਦੀ ਗਾਥਾ ਨੂੰ ਹਮੇਸ਼ਾ ਯਾਦ ਰੱਖਣ!