ਵਾਗੀ ਤੋਂ ਸਿਰਤਾਜ ਰਾਗੀ ਤਕ ਭਾਈ ਨਿਰਮਲ ਸਿੰਘ ਖਾਲਸਾ

ਭਾਈ ਨਿਰਮਲ ਸਿੰਘ (12 ਅਪਰੈਲ 1952-2 ਅਪਰੈਲ 2020) ਇਕੋ-ਇਕ ਹਜ਼ੂਰੀ ਰਾਗੀ ਸਨ, ਜਿਨ੍ਹਾਂ ਨੂੰ ਪਦਮਸ੍ਰੀ (2009 ਵਿਚ) ਦੇ ਖਿਤਾਬ ਨਾਲ ਨਿਵਾਜਿਆ ਗਿਆ। ਉਨ੍ਹਾਂ ਆਪਣੀ ਮਿਹਨਤ, ਲਗਨ ਤੇ ਸੁਰੀਲੀ ਅਵਾਜ਼ ਸਦਕਾ ਸਭ ਦਾ ਮਨ ਮੋਹਿਆ ਅਤੇ ਗੁਰਮਤਿ ਸੰਗੀਤ ਨੂੰ ਮਾਲਾਮਾਲ ਕੀਤਾ। ਉਨ੍ਹਾਂ ਦੇ ਅਚਾਨਕ ਵਿਛੋੜੇ ‘ਤੇ ਅਸੀਂ ਆਪਣੇ ਪਾਠਕਾਂ ਲਈ ਡਾ. ਰੂਪ ਸਿੰਘ ਦਾ ਇਹ ਲੇਖ ਛਾਪ ਰਹੇ ਹਾਂ।

-ਸੰਪਾਦਕ

ਡਾ. ਰੂਪ ਸਿੰਘ

ਕਰੋਨਾ ਮਹਾਂਮਾਰੀ ਦੀ ਕੌਮਾਂਤਰੀ ਆਫਤ ਨੇ ਰਾਗ-ਰਤਨ ਦੇ ਅਨਮੋਲ ਹੀਰੇ ਪਦਮਸ੍ਰੀ ਭਾਈ ਨਿਰਮਲ ਸਿੰਘ ਨੂੰ ਵੀ ਨਿਗਲ ਲਿਆ ਹੈ। ਆਫਤ ਦੇ ਦੌਰ ਵਿਚ ਕੁਦਰਤ ਦਾ ਕਹਿਰ ਦੇਖੋ ਕਿ ਦੇਸ਼-ਵਿਦੇਸ਼ ਵਿਚ ਲੱਖਾਂ ਚਾਹੁੰਣ ਵਾਲਿਆਂ ਦੇ ਬਾਵਜੂਦ ਖੂਨ ਦੇ ਰਿਸ਼ਤੇ, ਪਰਿਵਾਰਕ ਰਿਸ਼ਤੇਦਾਰ, ਸੱਜਣ-ਸਨੇਹੀ ਸ਼ਾਮਿਲ ਨਹੀਂ ਹੋ ਸਕੇ।
ਗੁਰਮਤਿ ਸੰਗੀਤ ਦੇ ਅਨਮੋਲ ਰਤਨ ਤੇ ਲੇਖਕ ਭਾਈ ਨਿਰਮਲ ਸਿੰਘ ਖਾਲਸਾ, ਗੁਰਮਤਿ ਸੰਗੀਤ ਨੂੰ ਰੋਮ-ਰੋਮ ਤੋਂ ਸਮਰਪਿਤ, ਰਤਨਾਂ ਦੇ ਪਾਰਖੂ, ਕਦਰਦਾਨ, ਵਿਸ਼ਵ ਪ੍ਰਸਿਧ ਕੀਰਤਨੀਏ, ਉਚ ਕੋਟੀ ਦੇ ਲੇਖਕ, ਬੁਲਾਰੇ ਅਤੇ ਵਾਰਤਾਕਾਰ ਸਨ। ਗੁਰਮਤਿ ਸੰਗੀਤ ਉਨ੍ਹਾਂ ਨੂੰ ਵਿਰਸੇ ‘ਚੋਂ ਪ੍ਰਾਪਤ ਨਹੀਂ ਹੋਇਆ ਸੀ। ਪੰਜਾਬ ਦੇ ਜ਼ਰਖੇਜ਼ ਦਿਹਾਤੀ ਖੇਤਰ ਮਾਲਵੇ ਦੇ ਜੰਮਪਲ, ਦੁਆਬੇ ਦੀ ਧਰਤੀ ‘ਤੇ ਗੁਰਬਤ ਤੇ ਸਮਾਜਿਕ ਨਾ-ਬਰਾਬਰੀ ਨਾਲ ਨਿਰੰਤਰ ਸੰਘਰਸ਼ ਕਰ, ਮਾਝੇ ਦੀ ਧਰਤੀ ‘ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਦੇ ਸੁਰ-ਤਾਲ ਦੀਆਂ ਬਰੀਕੀਆਂ ਦੀ ਸੂਖਮ ਸੂਝ ਪ੍ਰਾਪਤ ਕਰ, ਗੁਰਬਾਣੀ ਗੁਰਮਤਿ ਵਿਚਾਰਧਾਰਾ ਤੇ ਸਿੱਖ ਪਰੰਪਰਾਵਾਂ ‘ਚ ਜਵਾਨ ਹੋ, ਗੁਰਮਤਿ ਸੰਗੀਤ ਦੇ ਧਰੂ-ਤਾਰੇ ਵਾਂਗ ਚਮਕੇ ਤੇ ਪ੍ਰਵਾਨ ਚੜ੍ਹੇ, ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਕਿਸੇ ਜਾਣਕਾਰੀ ਦੇ ਮੁਥਾਜ ਨਹੀਂ ਸਨ। ਸੰਸਾਰ ਭਰ ਵਿਚ ਗੁਰਬਾਣੀ ਦੇ ਕਦਰਦਾਨਾਂ, ਸੰਗੀਤ ਪ੍ਰੇਮੀਆਂ ਵਾਸਤੇ ਉਨ੍ਹਾਂ ਦੀ ਆਵਾਜ਼ ਖੇਤਰੀ ਸੀਮਾਵਾਂ ਤੋਂ ਸੁਤੰਤਰ ਹੋ ਬ੍ਰਹਿਮੰਡੀ ਪਛਾਣ ਬਣ ਚੁੱਕੀ ਸੀ। ਗੁਰਬਾਣੀ ਆਧਾਰਿਤ ਗੁਰਮਤਿ ਸੰਗੀਤ ਦੀ ਕਰਾਮਾਤ ਸਦਕਾ ਸੰਸਾਰ ਦੇ ਪ੍ਰਸਿਧ 55 ਦੇਸ਼ਾਂ ਦਾ ਕਈ ਵਾਰ ਭ੍ਰਮਣ ਕਰ ਚੁੱਕੇ ਭਾਈ ਨਿਰਮਲ ਸਿੰਘ ਦੀ ਗਿਆਨ ਪ੍ਰਾਪਤੀ ਦੀ ਅਮੁੱਕ ਜਿਗਿਆਸਾ, ਸੋਚ, ਸ਼ਕਤੀ, ਸਮਰੱਥਾ ਸਦਕਾ, ਦ੍ਰਿਸ਼ਟੀ ਬਹੁਦਿਸ਼ਾਵੀ, ਵਿਸ਼ਾਲ ਤੇ ਵਿਕਸਿਤ ਹੋ ਚੁੱਕੀ ਸੀ।
ਮਾਲਵੇ ਦੇ ਪਛੜੇ-ਸਰਹੱਦੀ ਇਲਾਕੇ, ਵਣਾਂ, ਜੰਡਾਂ, ਕਰੀਰਾਂ, ਅੱਕਾਂ ਦੀ ਧਰਤੀ ਜੰਡਵਾਲਾ ਭੀਮੇਸ਼ਾਹ ‘ਚ ਗਿਆਨੀ ਚੰਨਣ ਸਿੰਘ ਤੇ ਮਾਤਾ ਗੁਰਦੇਵ ਕੌਰ ਦੇ ਘਰ 12 ਅਪਰੈਲ, 1952 ਨੂੰ ਪੈਦਾ ਹੋਏ ਭਾਈ ਨਿਰਮਲ ਸਿੰਘ ਪਰਿਵਾਰ ਦੇ ਪਲੇਠੇ ਪੁੱਤਰ ਸਨ। ਜੰਡਵਾਲਾ ਭੀਮੇਸ਼ਾਹ ਤੋਂ ਮੁੱਢਲੀ ਵਿੱਦਿਆ ਪ੍ਰਾਪਤ ਕਰਕੇ 1968 ਨੂੰ ਪਿੰਡ ਮੰਡਾਲਾ ਜ਼ਿਲ੍ਹਾ ਜਲੰਧਰ ਦੇ ਮੰਡ ਖੇਤਰ ‘ਚ ਜ਼ਮੀਨ ਅਲਾਟ ਹੋਣ ਕਾਰਨ, ਦਰਿਆ ਸਤਲੁਜ ਨਾਲ ਕਲੋਲਾਂ ਕਰਦਿਆਂ, ਇਨ੍ਹਾਂ ਨੇ ਜਵਾਨੀ ‘ਚ ਪ੍ਰਵੇਸ਼ ਕੀਤਾ। ਅੱਠ ਪੜ੍ਹਿਆ ਇਹ ਨੌਜਵਾਨ ਖੇਤੀ ਕਾਰਜਾਂ ‘ਚ ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰਦਾ, ਮੰਡਾਲੇ ਦੇ ਮੰਡ ਖੇਤਰ ‘ਚ ਚਰਾਂਦਾਂ ‘ਚ ਡੰਗਰ ਚਾਰਦਾ, ਸਿਰ ਪੈਰ ਤੋਂ ਨੰਗਾ ਇਹ ਵਾਗੀ ਮੁੰਡਾ, ਕਾਦਰ ਦੇ ਕਰਤੇ ਵਲੋਂ ਬਖਸ਼ਿਸ਼ ਸੁਰੀਲੀ ਆਵਾਜ਼ ‘ਚ ਲੋਕ ਗੀਤ ਗੁਣ ਗੁਣਾਂਦਾ ਰਹਿੰਦਾ। ਕਈ ਵਾਰ ਸੱਥਾਂ ‘ਚ ਬੋਹੜਾਂ ਹੇਠ ਬਜ਼ੁਰਗ-ਨੌਜਵਾਨ ਇਨ੍ਹਾਂ ਪਾਸੋਂ ਹੀਰ, ਮਿਰਜ਼ਾ, ਸੱਸੀ ਆਦਿ ਸੁਣ ਕੇ ਵਾਹ-ਵਾਹ ਕਰ ਉਠਦੇ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦਾਖਲਾ ਲੈਣਾ ਵੀ ਅਜੀਬ ਵਰਤਾਰੇ ਨਾਲੋਂ ਘੱਟ ਨਹੀਂ ਸੀ। ਕਿਸੇ ਨੇਕ ਪੁਰਸ਼ ਨੇ ਇਨ੍ਹਾਂ ਨੂੰ ਸਲਾਹ ਦਿੱਤੀ ਕਿ ਤੇਰੇ ਪਾਸ ਮਿੱਠੀ ਤਰਾਸ਼ੀ ਹੋਈ ਆਵਾਜ਼ ਹੈ, ਜੇਕਰ ਤੂੰ ਸੁਰ-ਤਾਲ ਦਾ ਗਿਆਨ ਰਾਗ ਵਿੱਦਿਆ ਦੇ ਮਾਹਰਾਂ ਪਾਸੋਂ ਪ੍ਰਾਪਤ ਕਰ ਲਵੇ ਤਾਂ ਇਹ ਸੋਨੇ ‘ਤੇ ਸੁਹਾਗਾ ਹੋਵੇਗਾ। ਇਨ੍ਹਾਂ ਦੇ ਮਨ ਵਿਚ ਗਾਉਣ ਦੀ ਤਾਂ ਪਹਿਲਾਂ ਹੀ ਹੁੱਬ ਸੀ ਪਰ ਇਨ੍ਹਾਂ ਦੇ ਪਿਤਾ ਖੇਤੀ ਦੇ ਕੰਮ ਨਾਲੋਂ ਇਸ ਨੂੰ ਨਖਿੱਧ ਕੰਮ ਸਮਝਦੇ ਸਨ। ਖੈਰ! ਇਨ੍ਹਾਂ ਨੇ ਕਿਸੇ ਦੇ ਰਾਹੀਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦਾਖਲ ਹੋਣ ਲਈ ਦਰਖਾਸਤ ਭੇਜ ਦਿੱਤੀ। ਇਨ੍ਹਾਂ ਨੂੰ ਸੱਦਾ ਵੀ ਪ੍ਰਾਪਤ ਹੋ ਗਿਆ ਪਰ ਕੁਝ ਦਿਨ ਸ਼ਰੀਕਾਂ ਨੇ ਦੱਬੀ ਰੱਖਿਆ। ਗੁਰਮਤਿ ਸੰਗੀਤ ਦੀ ਸੂਝ-ਸਮਝ ਪ੍ਰਾਪਤ ਕਰਨ ‘ਚ ਇਨ੍ਹਾਂ ਦੀ ਸਤਿਕਾਰਤ ਮਾਤਾ ਨੇ ਵਿਸ਼ੇਸ਼ ਰੁਚੀ ਦਿਖਾਈ। ਉਨ੍ਹਾਂ ਨੇ ਆਪਣੀ ਸੋਨੇ ਦੀ ਛਾਪ ਭਾਈ ਨਿਰਮਲ ਸਿੰਘ ਨੂੰ ਦਿੱਤੀ ਤੇ ਕਿਹਾ ਕਿ ਦੂਸਰੇ ਪਿੰਡ ਵੇਚ ਕੇ ਦਾਖਲਾ ਲੈਣ ਵਾਸਤੇ ਕੱਪੜਿਆਂ ਦਾ ਪ੍ਰਬੰਧ ਅਤੇ ਆਉਣ ਜਾਣ ਆਦਿ ਦਾ ਖਰਚਾ ਕਰ ਲੈ ਪਰ ਪਿਤਾ ਤੋਂ ਚੋਰੀ। ਤੇਜਾ ਸਿੰਘ ਸਮੁੰਦਰੀ ਹਾਲ ‘ਚ ਦਾਖਲੇ ਵਾਸਤੇ ਪ੍ਰੀਖਿਆ ਲਈ ਜਾ ਰਹੀ ਸੀ। ਇਹ ਵੀ ਫਾਂਟਾਂ ਵਾਲਾ ਪਜਾਮਾ ਪਾਈ, ਸਿਰ ‘ਤੇ ਸਾਫਾ ਬੰਨ੍ਹ ਕੇ ਹਾਜ਼ਰ ਹੋ ਗਏ। ਪ੍ਰੀਖਿਆ ਲੈਣ ਵਾਲਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਧਰਮ ਪ੍ਰਚਾਰ ਕਮੇਟੀ ਮੈਂਬਰ ਗੁਰਬਖਸ਼ ਸਿੰਘ, ਪ੍ਰਿੰ: ਹਰਿਭਜਨ ਸਿੰਘ (ਸ਼ਹੀਦ ਸਿੱਖ ਮਿਸ਼ਨਰੀ ਕਾਲਜ) ਅਤੇ ਸੰਗੀਤ ਦੇ ਉਸਤਾਦ ਪ੍ਰੋ: ਅਵਤਾਰ ਸਿੰਘ ਨਾਜ਼ ਸਨ। ਇਨ੍ਹਾਂ ਨੂੰ ਪੁੱਛਿਆ ਗਿਆ ਕਿ ਕੋਈ ਸ਼ਬਦ ਆਉਂਦਾ ਹੈ, ਇਨ੍ਹਾਂ ਨੇ ‘ਹਾਂ’ ਕਰ ਦਿੱਤੀ; ਹਾਲਾਂਕਿ ਉਸ ਸਮੇਂ ਇਨ੍ਹਾਂ ਨੂੰ ਸ਼ਬਦ ਤੇ ਗੀਤ ਦੇ ਅੰਤਰ ਦਾ ਅਨੁਭਵ ਨਹੀਂ ਸੀ। ਇਨ੍ਹਾਂ ਨੇ ਨਰਿੰਦਰ ਬੀਬਾ ਦਾ ਧਾਰਮਿਕ ਗੀਤ ਗਾ ਕੇ ਸੁਣਾਇਆ:
ਕਲਗੀਧਰ ਪੰਥ ਪਿਆਰੇ ਦਾ,
ਇਕ ਹੁਕਮ ਵਜਾ ਕੇ ਤੁਰ ਚਲਿਆ,
ਚਮਕੌਰ ਗੜ੍ਹੀ ਦੀਆਂ ਕੰਧਾਂ ਨੂੰ
ਸੋਚਾਂ ‘ਚ ਪਾ ਕੇ ਤੁਰ ਚਲਿਆ।
ਦੂਸਰਾ ਗੀਤ ਜਿਸ ਨੂੰ ਵੀ ਇਹ ਸ਼ਬਦ ਹੀ ਸਮਝਦੇ ਸਨ, ਇਨ੍ਹਾਂ ਕੰਨ ‘ਤੇ ਹੱਥ ਰੱਖ ਕੇ ਸੁਣਾਇਆ:
ਚੰਨ ਮਾਤਾ ਗੁਜਰੀ ਦਾ
ਸੁੱਤਾ ਕੰਡਿਆ ਦੀ ਸੇਜ ਵਿਛਾਈ।
ਪਾਰਖੂ ਸ਼ਖਸੀਅਤਾਂ ਨੇ ਪਛਾਣ ਲਿਆ ਕਿ ਜੇ ਇਸ ਨੌਜਵਾਨ ਦੇ ਗਾਉਣ ਦੇ ਸ਼ੌਕ ਤੇ ਕੁਦਰਤੀ ਆਵਾਜ਼ ਨੂੰ ਤਰਾਸ਼ਿਆ ਜਾਵੇ ਤਾਂ ਨਿਵੇਕਲੀ ਸ਼ਖਸੀਅਤ ਦੀ ਘਾੜਤ ਬਣ ਸਕਦੀ ਹੈ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਉਸਤਾਦਾਂ ਦੀ ਮਾਰ, ਭਾਈ ਨਿਰਮਲ ਸਿੰਘ ਦੀ ਜਿਗਿਆਸਾ, ਮਿਹਨਤ, ਲਗਨ ਤੇ ਸਿਰੜ ਨੇ ਇਸ ਵਾਗੀ ਮੁੰਡੇ ਨੂੰ ਸਿਰਤਾਜ ਰਾਗੀ ਹੋਣ ਦਾ ਮਾਣ ਸਤਿਕਾਰ ਦਿਵਾਇਆ।
ਗੁਰਮਤਿ ਸੰਗੀਤ ਦੀ ਸੂਝ-ਸਮਝ ਅਤੇ ਸਿੱਖਿਆ ਪ੍ਰਾਪਤ ਕਰਕੇ ਭਾਈ ਨਿਰਮਲ ਸਿੰਘ ਦੀ ਪਹਿਲੀ ਨਿਯੁਕਤੀ ਬਤੌਰ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਰੋਹਤਕ (ਹਰਿਆਣਾ) ਵਿਖੇ ਹੋਈ ਅਤੇ 1978 ਵਿਚ ਕੁਝ ਮਹੀਨੇ ਇਨ੍ਹਾਂ ਨੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ‘ਚ ਕੰਡਕਟਰ ਦੀ ਡਿਊਟੀ ਵੀ ਕੀਤੀ। ਇਸ ਸਮੇਂ ਹੀ ਇਨ੍ਹਾਂ ਨੇ ਪਹਿਲੀ ਰਚਨਾ ਕਿਸਾਨੀ ਦੀ ਮੰਦਹਾਲੀ ਬਾਰੇ ਲਿਖੀ ਜੋ ਨਵ ਭਾਰਤ ਟਾਈਮਜ਼ ਦਿੱਲੀ ‘ਚ ਪ੍ਰਕਾਸ਼ਿਤ ਹੋਈ। ਕੁਝ ਸਮੇਂ ਬਾਅਦ ਹੀ ਗੁਰਮਤਿ ਸੰਗੀਤ ਦਾ ਸਿਖਿਆਰਥੀ, ਗੁਰਮਤਿ ਸੰਗੀਤ ਅਧਿਆਪਕ ਬਣ ਰਿਸ਼ੀਕੇਸ਼ ਵਿਖੇ ਕਾਰਜਸ਼ੀਲ ਹੋਇਆ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋਹੜ (ਰਾਜਸਥਾਨ) ਵਿਖੇ ਵੀ ਇਨ੍ਹਾਂ ਨੇ ਦੋ ਸਾਲ ਗੁਰਮਤਿ ਸੰਗੀਤ ਦੀ ਤਾਲੀਮ ਵਿਦਿਆਰਥੀਆਂ ਨੂੰ ਦਿੱਤੀ।
1979 ‘ਚ ਭਾਈ ਨਿਰਮਲ ਸਿੰਘ ਦੀ ਚਿਰਕੋਣੀ ਰੀਝ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ‘ਚ ਭਾਈ ਗੁਰਮੇਜ ਸਿੰਘ ਜੀ ਹਜ਼ੂਰੀ ਰਾਗੀ ਨਾਲ ਸਹਾਇਕ ਰਾਗੀ ਵਜੋਂ ਨਿਯੁਕਤ ਹੋ ਕੇ ਪੂਰੀ ਹੋਈ। 1985 ਤੱਕ ਭਾਈ ਗੁਰਮੇਜ ਸਿੰਘ ਨਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾ ਕੇ ਇਨ੍ਹਾਂ ਨੇ 1986 ਵਿਚ ਆਪਣਾ ਰਾਗੀ ਜਥਾ ਬਣਾ ਲਿਆ।
1984 ਵਿਚ ਵਾਪਰੇ ਘੱਲੂਘਾਰੇ ਦਾ ਦਰਦ ਇਨ੍ਹਾਂ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ‘ਚ ਹੰਢਾਇਆ ਜਿਸ ਨੂੰ ਇਹ ਕਦੇ ਭੁਲਾ ਨਹੀਂ ਸਕੇ। ਬਹੁਤ ਲੰਮੇ ਸਮੇਂ ਤੋਂ ਭਾਈ ਦਰਸ਼ਨ ਸਿੰਘ ਸਹਾਇਕ ਰਾਗੀ ਅਤੇ ਭਾਈ ਕਰਤਾਰ ਸਿੰਘ ਤਬਲੇ ‘ਤੇ ਇਨ੍ਹਾਂ ਨਾਲ ਸੰਗਤ ਕਰਦੇ ਰਹੇ ਹਨ। ਭਾਈ ਨਿਰਮਲ ਸਿੰਘ ਦਾ ਮੰਨਣਾ ਹੈ ਕਿ ਗੁਰੂ ਰਾਮਦਾਸ ਦੇ ਦਰਬਾਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹੋ ਕੇ ਵਿਚਰਨਾ ਤੇ ਜੀਵਨ ਜਿਊਣਾ ਸਭ ਤੋਂ ਸਤਿਕਾਰਮਈ ਤੇ ਮਾਣਯੋਗ ਹੈ ਪਰ ਸੰਸਾਰ ਵਿਚ ਵਿਚਰਦਿਆਂ ਇਹ ਮਾਰਗ ਏਨਾ ਆਸਾਨ ਤੇ ਸੁਖਾਲਾ ਵੀ ਨਹੀਂ, ਸਗੋਂ ਬਿਖਮ-ਬਿਖੜਾ ਤੇ ਮੁਸ਼ਕਿਲਾਂ ਭਰਪੂਰ ਵੀ ਹੈ। ਸੰਸਾਰ ‘ਚ ਧਾਰਮਿਕ ਹੋ ਵਿਚਰਨਾ ਆਸਾਨ ਹੈ ਪਰ ਸੰਸਾਰਿਕ ਰੰਗ ਤਮਾਸ਼ਿਆਂ, ਸੁਖ-ਸਹੂਲਤਾਂ ਦਾ ਤਿਆਗ ਕਰਨਾ ਪੈਂਦਾ ਹੈ। ਧਾਰਮਿਕ ਵਿਅਕਤੀ ਵਾਸਤੇ ਨੇਮਬੱਧ, ਅਨੁਸ਼ਾਸਨਮਈ, ਧਰਮੀ ਜੀਵਨ ਜਿਊਣਾ ਆਸਾਨ ਹੈ ਪਰ ਲੋਕਾਈ ਦੀਆਂ ਨਜ਼ਰਾਂ ‘ਚ ਅਜਿਹਾ ਰਹਿਣਾ ਬਹੁਤ ਬਿਖੜਾ ਹੈ।
ਭਾਈ ਨਿਰਮਲ ਸਿੰਘ ਗੁਰਬਾਣੀ ਨੂੰ ਨਿਰਧਾਰਿਤ ਰਾਗਾਂ ‘ਚ ਗਾਉਣ ਦੀ ਮੁਹਾਰਤ ਰੱਖਦੇ ਸਨ। ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ‘ਚ ਸ਼ਬਦ ਗਾਇਨ ਕਰਕੇ ਪੁਰਾਤਨ ਕੀਰਤਨ ਸ਼ੈਲੀ ਨੂੰ ਬਹਾਲ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਕੀਰਤਨ ਸੇਵਾ ਕਰਦਿਆਂ ਇਨ੍ਹਾਂ ਨੇ ਪੰਜਾਂ ਤਖਤਾਂ, ਦੇਸ਼-ਵਿਦੇਸ਼ ‘ਚ ਸਥਿਤ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ, ਕੀਰਤਨ ਦਰਬਾਰਾਂ ਤੇ ਪ੍ਰਸਿਧ ਸਟੇਜਾਂ ‘ਤੇ ਕੀਰਤਨ ਰਾਹੀਂ ਹਾਜ਼ਰੀ ਭਰ ਕੇ ਨਾਮਣਾ ਖੱਟਿਆ।
ਗੁਰਬਾਣੀ ਨੂੰ ਪੁਰਾਤਨ ਰੀਤਾਂ ਅਨੁਸਾਰ ਤੰਤੀ ਸਾਜ਼ਾਂ ਨਾਲ ਗਾ ਕੇ ਇਹ ਰੂਹਾਨੀ ਅਨੁਭਵ ਮਹਿਸੂਸ ਕਰਦੇ ਸਨ। ਭਾਈ ਨਿਰਮਲ ਸਿੰਘ ਗੁਰਮਤਿ ਸੰਗੀਤ ਦੇ ਮੁਢਲੇ ਸਾਜ਼ ਰਬਾਬ, ਤਾਊਸ, ਦਿਲਰੁਬਾ, ਅਸਰਾਜ, ਵਚਿੱਤਰ-ਵੀਣਾ, ਸਰੋਦ, ਤਾਨਪੁਰਾ ਆਦਿ ਨੂੰ ਗੁਰਮਤਿ ਸੰਗੀਤ ਲਈ ਉਤਮ ਮੰਨਦੇ ਸਨ। ਭਾਈ ਸਾਹਿਬ ਨੂੰ ਪੜਤਾਲ ਗਾਇਕੀ, ਧਰੁਪਦ ਗਾਇਕੀ, ਖਿਆਲ ਗਾਇਕੀ, ਪੁਰਾਤਨ ਬੰਦਸ਼ਾਂ, ਰੀਤਾਂ ਨੂੰ ਵੱਖ-ਵੱਖ ਤਾਲਾਂ ਜਿਵੇਂ ਚਾਰਤਾਲ, ਝੱਪਤਾਲ, ਆੜਾ ਚਾਰ ਤਾਲ, ਸੂਲ ਤਾਲ, ਛੋਟਾ ਤੀਨਤਾਲ, ਇਕਤਾਲ, ਫਰੋਦਸਤ, ਰੂਪਕ, ਦੀਪ ਚੰਦੀ, ਦਾਦਰਾ, ਕਹਿਰਵਾ ਆਦਿ ‘ਚ ਗਾਉਣ ਦਾ ਵਿਸ਼ੇਸ਼ ਅਨੰਦ ਆਉਂਦਾ ਸੀ। ਭਾਰਤੀ ਸੰਗੀਤ ਪਰੰਪਰਾ ਨਾਲ ਸਬੰਧਿਤ ਮਾਲ ਕੌਂਸ, ਚੰਦਰ ਕੌਂਸ, ਬਾਗੇਸ਼ਵਰੀ, ਪਹਾੜੀ, ਪੀਲੂ, ਅਹੀਰ ਭੈਰਵੀ ਪਟਦੀਪ, ਕਿਰਵਾਨੀ, ਮਾਰਵਾ, ਭੈਰਵੀ ਆਦਿ ਰਾਗਾਂ ‘ਚ ਵੀ ਗਾਉਣਾ ਉਨ੍ਹਾਂ ਦੇ ਮਨ ਨੂੰ ਭਾਉਂਦਾ ਸੀ।
ਭਾਰਤ ਭਰ ਦੀਆਂ ਪ੍ਰਸਿਧ ਰਿਕਾਰਡਿੰਗ ਕੰਪਨੀਆਂ ਟੀ-ਸੀਰੀਜ਼, ਮਿਊਜ਼ਿਕ ਟੂਡੇ, ਟਿਪਸ, ਫਾਈਨਟੱਚ, ਮਿਊਜਕ ਮੈਮਰੀਜ਼ ਆਦਿ ਨੇ 50 ਤੋਂ ਵਧੇਰੇ ਰਿਕਾਰਡ, ਟੇਪਾਂ, ਸੀਡੀਜ਼, ਡੀ.ਵੀ.ਡੀ, ਵੀਡੀਉ ਆਦਿ ਰਾਹੀਂ ਭਾਈ ਨਿਰਮਲ ਸਿੰਘ ਦੀ ਕੀਰਤਨ ਸ਼ੈਲੀ ਨੂੰ ਸੰਭਾਲਣ ਦਾ ਯਤਨ ਕੀਤਾ।
ਵੱਖ-ਵੱਖ ਰਾਗਾਂ ‘ਚ ਹਜ਼ਾਰਾਂ ਸ਼ਬਦ ਗਾਇਨ ਕਰ ਚੁੱਕੇ ਭਾਈ ਸਾਹਿਬ ਨੇ ਮਿੱਠੀ ਸੁਰੀਲੀ ਆਵਾਜ਼ ‘ਚ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਚਨਾ ਸੁਖਮਨੀ ਸਾਹਿਬ ਨੂੰ ਗਾਉੜੀ ਰਾਗ ‘ਚ ਗਾਇਨ ਕੀਤਾ ਜਿਸ ਨੂੰ ਸਰੋਤਿਆਂ ਨੇ ਬੇਹੱਦ ਸਲਾਹਿਆ। ਹਜ਼ਾਰਾਂ ਗੁਰਮਤਿ ਸੰਗੀਤ ਤੇ ਸੂਫੀ ਗਾਇਕੀ ਦੇ ਪ੍ਰੇਮੀਆਂ ਦੀ ਰੀਝ ਨੂੰ ਪੂਰਾ ਕਰਨ ਵਾਸਤੇ ਇਨ੍ਹਾਂ ਨੇ ਬਾਬਾ ਫਰੀਦ ਜੀ ਦੇ ਸਲੋਕਾਂ ਨੂੰ ਸੂਫੀਆਨਾ ਅੰਦਾਜ਼ ‘ਚ ਗਾਇਆ। ਭਾਈ ਸੁਰਜਨ ਸਿੰਘ ਜੀ ਵਲੋਂ ਗਾਇਨ ਕੀਤੀ ਗਈ ਆਸਾ ਦੀ ਵਾਰ ਤੋਂ ਬਾਅਦ ਭਾਈ ਨਿਰਮਲ ਸਿੰਘ ਖਾਲਸਾ ਦੀ ਗਾਇਨ ਕੀਤੀ ਆਸਾ ਦੀ ਵਾਰ ਨੂੰ ਗੁਰਬਾਣੀ ਪ੍ਰੇਮੀਆਂ ਨੇ ਏਨਾ ਪਸੰਦ ਕੀਤਾ ਹੈ ਕਿ ਹੁਣ ਤੱਕ ਉਸ ਦੀਆਂ 60 ਲੱਖ ਸੀ.ਡੀਜ਼ ਵਿਕ ਚੁੱਕੀਆਂ ਹਨ।
ਭਾਈ ਨਿਰਮਲ ਸਿੰਘ ਦੀ ਸ਼ਖਸੀਅਤ ਬਹੁਭਾਂਤੀ ਸੀ ਜਿਸ ਨੂੰ ਸਮਝਣਾ ਏਨਾ ਆਸਾਨ ਨਹੀਂ ਸੀ। ਉਹ ਇਕੋ ਹੀ ਸਮੇਂ ਸੰਸਾਰ ਪ੍ਰਸਿਧ ਗੁਰੂ-ਘਰ ਦੇ ਕੀਰਤਨੀਏ, ਗੁਰਮਤਿ ਸੰਗੀਤ ਅਚਾਰੀਆ, ਦੂਰ ਦ੍ਰਿਸ਼ਟੀ ਰੱਖਣ ਵਾਲੇ ਲੇਖਕ, ਦੁਨੀਆ ਦੇਖਣ-ਮਾਨਣ ਦੇ ਚਾਹਵਾਨ, ਯਾਰਾਂ ਦੇ ਯਾਰ ਸਨ। ਇਨ੍ਹਾਂ ਦੇ ਪ੍ਰਸੰਸਕਾਂ, ਚਾਹੁਣ ਵਾਲਿਆਂ, ਸੁਭਚਿੰਤਕਾਂ, ਦੋਸਤਾਂ, ਮਿੱਤਰਾਂ ਦਾ ਘੇਰਾ ਬਹੁਤ ਵਿਸ਼ਾਲ ਸੀ। ਮੇਰੇ ਵਰਗੇ ਸੁਦਾਮਿਆਂ ਤੋਂ ਲੈ ਕੇ ਸਮਾਜਿਕ, ਧਾਰਮਿਕ, ਰਾਜਨੀਤਕ, ਪ੍ਰਸ਼ਾਸਨਿਕ ਉਚ ਪਦਵੀਆਂ ਤੇ ਅਹੁਦਿਆਂ ‘ਤੇ ਬਿਰਾਜਮਾਨ ਸ਼ਖਸੀਅਤਾਂ ਨਾਲ ਇਨ੍ਹਾਂ ਦੀਆਂ ਵਿਚਾਰਾਂ, ਖਾਣ-ਪੀਣ, ਚਲਣ-ਫਿਰਨ, ਘੁੰਮਣ ਦੀ ਸਾਂਝ ਬਹੁਤ ਪੁਰਾਣੀ ਸੀ। ਕੀਰਤਨ ਖੇਤਰ ‘ਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਕਾਰਨ ਇਨ੍ਹਾਂ ਦੀ ਪਹੁੰਚ ਤੇ ਸੁਣਵਾਈ ਦੇਸ਼-ਵਿਦੇਸ਼ ‘ਚ ਉਚ ਅਧਿਕਾਰੀਆਂ ਤੇ ਪਦਵੀ ਤੱਕ ਸਹਿਜ ਸੁਭਾਅ ਸੀ।
ਵਿਸ਼ਵ ਪ੍ਰਸਿਧ ਗਜ਼ਲ ਗਾਇਕ ਗੁਲਾਮ ਅਲੀ ਖਾਂ ਸਾਹਿਬ ਨੂੰ ਭਾਈ ਨਿਰਮਲ ਸਿੰਘ ਨੇ ਉਸਤਾਦ ਧਾਰਨ ਕੀਤਾ ਹੋਇਆ ਸੀ। ਸੰਗੀਤਕ ਸਾਂਝ ਕਾਰਨ ਇਹ ਰਿਸ਼ਤਾ ਉਸਤਾਦ ਸ਼ਗਿਰਦ ਦਾ ਹੈ ਪਰ ਇਨ੍ਹਾਂ ‘ਚ ਗੂੜ੍ਹੀ ਆੜੀ ਤੇ ਯਾਰੀ ਵੀ ਸੀ।
ਭਾਈ ਨਿਰਮਲ ਸਿੰਘ ‘ਚ ਘੁੰਮਣ-ਫਿਰਨ, ਵੱਖ-ਵੱਖ ਧਰਮਾਂ, ਜਾਤਾਂ, ਸਭਿਆਚਾਰਾਂ ਦੇ ਲੋਕਾਂ ਨੂੰ ਮਿਲਣ ਦੀ ਪ੍ਰਬਲ ਰੀਝ ਸੀ ਜਿਸ ਸਦਕਾ ਇਨ੍ਹਾਂ ਨੂੰ ਭਾਰਤ ਭਰ ਦੇ ਭਰਮਣ ਤੋਂ ਇਲਾਵਾ ਦੁਨੀਆ ਦੇ 55 ਦੇਸ਼ਾਂ ‘ਚ ਵਾਰ-ਵਾਰ ਜਾਣ-ਆਉਣ ਦਾ ਮੌਕਾ ਪ੍ਰਾਪਤ ਹੋਇਆ। ਇਨ੍ਹਾਂ ਸਫਰਾਂ ਦੀ ਕਹਾਣੀ, ਇਨ੍ਹਾਂ ਦੇ ਵਿਸ਼ਾਲ ਡਰਾਇੰਗ ਰੂਮ ‘ਚ ਸਜਾਏ ਹੋਏ ਸਰਟੀਫਿਕੇਟਾਂ, ਸਨਮਾਨ-ਚਿੰਨ੍ਹਾਂ, ਤਸ਼ਤਰੀਆਂ, ਟੇਪਾਂ, ਸੀ. ਡੀ. ਆਦਿ ਤੋਂ ਪ੍ਰੱਤਖ ਪੜ੍ਹੀ ਜਾ ਸਕਦੀ ਹੈ।
ਭਾਰਤ ਦੇ ਸਤਿਕਾਰਤ ਸਨਮਾਨ ਪਦਮਸ੍ਰੀ ਦੀ ਪ੍ਰਾਪਤੀ ਕਰਕੇ ਵੀ ਸੰਸਾਰ ਦੇ ਇਕਲੌਤੇ ਗੁਰੂ-ਘਰ ਦੇ ਕੀਰਤਨੀਏ ਭਾਈ ਨਿਰਮਲ ਸਿੰਘ ਜੀ ਦਾ ਕਹਿਣਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਗੁਰੂ ਰਾਮਦਾਸ ਦੇ ਪਾਵਨ ਦਰਬਾਰ ਤੋਂ ਹੋਈਆਂ ਪ੍ਰਾਪਤੀਆਂ ਤੇ ਸੰਗਤਾਂ ਵਲੋਂ ਮਿਲੇ ਪਿਆਰ-ਅਸੀਸਾਂ ਦੇ ਸਨਮੁੱਖ ਸੰਸਾਰਿਕ ਸਨਮਾਨ ਤੁੱਛ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਜੋ ਕੁਝ ਵੀ ਹਾਂ, ਸਭ ਸ਼ਬਦ ਗੁਰੂ ਦੀ ਕਮਾਈ ਤੇ ਗੁਰਬਾਣੀ ਨੂੰ ਸਮਰਪਿਤ ਹੋਣ ਦੀ ਪ੍ਰਤੱਖ ਕਰਾਮਾਤ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਮੰਡ ਖੇਤਰ ਦੇ ਬੇਲਿਆਂ-ਬਰੇਤਿਆਂ ਤੇ ਦਲਦਲੀ ਛੰਬਾਂ ਤੋਂ ਭਾਰਤ ਦੇ ਰਾਸ਼ਟਰਪਤੀ ਭਵਨ, ਪ੍ਰਧਾਨ-ਮੰਤਰੀ ਨਿਵਾਸ, ਕੈਨੇਡਾ ਦੀ ਪਾਰਲੀਮੈਂਟ ਤੱਕ ਦਾ ਬਿਖਮ-ਬਿਖੜਾ ਤੇ ਲੰਮੇਰਾ ਸਫਰ, ਸ਼ਬਦ ਗੁਰੂ ਦੇ ਆਸਰੇ, ਸੁਰਤਾਲ ਦੀ ਮੁਹਾਰਤ ਸਦਕਾ ਸਹਿਜ-ਸੁਖਾਵਾਂ ਤੇ ਸੁਹਾਵਣਾ ਹੋ ਨਿਬੜਿਆ।
ਭਾਈ ਨਿਰਮਲ ਸਿੰਘ ਸੁਭਾਅ ਦਾ ਖੁੱਲ੍ਹਾ, ਬੇਬਾਕ, ਪਰ ਸਿੱਖੀ ਸਿਦਕ ਭਰੋਸਾ ਤੇ ਦਰਦ ਰੱਖਣ ਵਾਲਾ ਸੀ। ਇਟਲੀ ਦੇ ਏਅਰਪੋਰਟ ‘ਤੇ ਜੇਕਰ ਸਿੱਖਾਂ ਦੀ ਦਸਤਾਰ ਉਤਾਰ ਕੇ ਚੈੱਕ ਕਰਨ ਦੀ ਸ਼ਰਮਨਾਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤਾਂ ਇਨ੍ਹਾਂ ਨੇ ਛੁਪਾਇਆ ਨਹੀਂ ਸਗੋਂ ਸਭ ਤੋਂ ਪਹਿਲੇ ਸਿੱਖੀ ਦੀ ਸ਼ਾਨ ਦਸਤਾਰ ਦੇ ਸਤਿਕਾਰ ਤੇ ਸਵੈਮਾਣ ਦੀ ਬਹਾਲੀ ਵਾਸਤੇ ਭਾਰਤ ਸਰਕਾਰ ਵਲੋਂ ਇਨ੍ਹਾਂ ਨੂੰ ਪ੍ਰਦਾਨ ਕੀਤੇ ਵਕਾਰੀ ਸਨਮਾਨ ਪਦਮਸ੍ਰੀ ਨੂੰ ਵਾਪਸ ਕਰਨ ਦਾ ਫੈਸਲਾ ਕਰ ਲਿਆ ਸੀ। ਇਨ੍ਹਾਂ ਦੀ ਪਹਿਲ ਸਦਕਾ ਹੀ ਇਹ ਮਸਲਾ ਦੇਸ਼ ਦੁਨੀਆ ਵਿਚ ਭਖਿਆ ਤੇ ਅੰਤ ਨੂੰ ਹੱਲ ਹੋ ਗਿਆ। ਗੁਰਬਾਣੀ ਗਾਇਨ ਤੋਂ ਇਲਾਵਾ ਭਾਈ ਨਿਰਮਲ ਸਿੰਘ ਨੂੰ ਲਿਖਣ ਕਲਾ ‘ਚ ਵੀ ਮੁਹਾਰਤ ਸੀ। ਵੱਖ-ਵੱਖ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਲਿਖਣ ਤੋਂ ਇਲਾਵਾ ਉਨ੍ਹਾਂ ਨੇ ਦੋ ਪੁਸਤਕਾਂ- ‘ਗੁਰਮਤਿ ਸੰਗੀਤ ਦੇ ਅਨਮੋਲ ਹੀਰੇ’ ਅਤੇ ‘ਪ੍ਰਸਿਧ ਕੀਰਤਨਕਾਰ ਬੀਬੀਆਂ’ ਵੀ ਲਿਖੀਆਂ।