ਸਾਹਿਤ ਅਤੇ ਸਿਨੇਮਾ ਦੀ ਰਿਸ਼ਤੇਦਾਰੀ

ਜਸਬੀਰ ਭੁੱਲਰ
ਮੈਂ ਆਪਣੇ ਆਪ ਨੂੰ ਕਹਾਣੀਕਾਰ ਆਖਦਾ ਹਾਂ, ਨਾਵਲਕਾਰ ਵੀ ਕਹਿ ਲਵਾਂ ਭਾਵੇਂ, ਪਰ ਖੁਦ ਨੂੰ ਫਿਲਮਕਾਰ ਮੈਂ ਨਹੀਂ ਆਖਦਾ। ਲੇਖਕ ਵਜੋਂ ਸਿਨੇਮਾ ਨਾਲ ਨੇੜਤਾ ਹੈ। ਵੱਖ-ਵੱਖ ਕਲਾਵਾਂ ਦੇ ਸਿਰਜਕਾਂ ਕੋਲ ਪ੍ਰਗਟਾਵੇ ਦਾ ਆਪੋ-ਆਪਣਾ ਤਰੀਕਾ ਹੈ। ਕੋਈ ਆਪਣੇ ਵਿਚਾਰਾਂ ਨੂੰ ਰੰਗਾਂ ਨਾਲ ਕਹਿੰਦਾ ਹੈ। ਕੋਈ ਆਪਣੀ ਗੱਲ ਨੂੰ ਸ਼ਬਦਾਂ ਦਾ ਲਿਬਾਸ ਪਹਿਨਾ ਦਿੰਦਾ ਹੈ ਤੇ ਕੋਈ ਸੈਲੂਲਾਈਡ ਵਿਚ ਮੂਰਤੀਮਾਨ ਕਰ ਦਿੰਦਾ ਹੈ। ਅਹਿਮੀਅਤ ਗੱਲ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਨ ਦੀ ਹੈ। ਇਹ ਸਾਰੀਆਂ ਵਿਧਾਵਾਂ ਆਪਸੀ ਨੇੜਤਾ ਦੇ ਬਾਵਜੂਦ ਵੱਖਰੀਆਂ ਹਨ। ਇਨ੍ਹਾਂ ਦੇ ਆਪਣੇ ਸਿਧਾਂਤ ਹਨ।

ਸਾਹਿਤ ਅਤੇ ਸਿਨੇਮਾ ਦਾ ਆਪਸੀ ਰਿਸ਼ਤਾ ਕੁਝ ਵਧੇਰੇ ਕਰੀਬੀ ਹੈ। ਜੇ ਸਿਨੇਮਾ ਖੁੱਲ੍ਹੀਆਂ ਬਾਹਵਾਂ ਨਾਲ ਸਾਹਿਤ ਨੂੰ ਸਵੀਕਾਰ ਕਰਦਾ ਹੈ ਤਾਂ ਸਾਹਿਤ ਵੀ ਸਿਨੇਮਾ ਤੋਂ ਪ੍ਰਭਾਵਿਤ ਹੁੰਦਾ ਹੈ। ਮੈਂ ਕਦੇ ਕਦਾਈਂ ਹੋਰਨਾਂ ਦੇ ਮੂੰਹੋਂ ਸੁਣਦਾ ਹਾਂ ਕਿ ਮੇਰੀਆਂ ਕਹਾਣੀਆਂ ਪੜ੍ਹਦਿਆਂ-ਪੜ੍ਹਦਿਆਂ ਦਿਸਣ ਵੀ ਲੱਗ ਪੈਂਦੀਆਂ ਨੇ। ਕਹਾਣੀ ਸੁਣਾਉਣ ਦੀ ਥਾਵੇਂ, ਦਿਖਾ ਸਕਣ ਦੀ ਸਮਰੱਥਾ ਕੀ ਪਤਾ, ਅਚੇਤ ਹੀ ਮੈਨੂੰ ਸਿਨੇਮਾ ਨੇ ਸਿਖਾ ਦਿੱਤੀ ਹੋਵੇ। ਅਸੀਂ ਬਹੁਤ ਫਿਲਮਾਂ ਦੇਖਦੇ ਹਾਂ, ਪਰ ਸਾਨੂੰ ਫਿਲਮ ਦੇਖਣੀ ਨਹੀਂ ਆਉਂਦੀ। ਦਰਅਸਲ, ਸਿਨੇਮਾ ਦੀ ਆਪਣੀ, ਵੱਖਰੀ ਭਾਸ਼ਾ ਹੈ। ਉਹ ਭਾਸ਼ਾ ਅਸੀਂ ਬਹੁਤੇ ਜਣੇ ਨਹੀਂ ਜਾਣਦੇ।
ਅਸੀਂ ਹਮੇਸ਼ਾ ਫਿਲਮ ਵਿਚੋਂ ਸਾਹਿਤ ਦੇਖਣ ਲੱਗ ਪੈਂਦੇ ਹਾਂ। ਫਿਲਮ ਦੇਖਣ ਪਿੱਛੋਂ ਜਦੋਂ ਅਸੀਂ ਆਪਸ ਵਿਚ ਫਿਲਮ ਦੀ ਸਿਫਤ ਜਾਂ ਨਿੰਦਿਆ ਕਰਦੇ ਹਾਂ ਤਾਂ ਫਿਲਮ ਦੇ ਹੋਰ ਪਸਾਰਾਂ ਵਲ ਸਾਡਾ ਧਿਆਨ ਵੀ ਨਹੀਂ ਜਾਂਦਾ। ਅਸੀਂ ਸਿਰਫ ਤੇ ਸਿਰਫ ਉਸ ਵਿਚਲੇ ਸਾਹਿਤ ਬਾਰੇ ਹੀ ਗੱਲ ਕਰਦੇ ਹਾਂ, ਪਰ ਇੱਕ ਗੱਲ ਤਾਂ ਸਾਫ ਹੈ ਕਿ ਸਿਨੇਮਾ ਨੇ ਸਾਹਿਤ ਨੂੰ ਬੜੇ ਪ੍ਰਬਲ ਰੂਪ ਵਿਚ ਆਪਣੇ ਅੰਦਰ ਸਮੋਇਆ ਹੁੰਦਾ ਹੈ। ਸਾਹਿਤ ਦੀ ਭਾਸ਼ਾ ਹੋਰ ਹੈ ਤੇ ਸਿਨੇਮਾ ਦੀ ਹੋਰ। ਲੇਖਕ ਦੀ ਕਿਰਤ, ਫਿਲਮ ਲਈ ਹਮੇਸ਼ਾ ਵਾਹਨ ਵਾਂਗੂ ਹੈ। ਫਿਲਮ ਹਮੇਸ਼ਾ ਸਾਹਿਤ ਦੇ ਮੋਢਿਆਂ ਉਤੇ ਚੜ੍ਹ ਕੇ ਹੀ ਸਫਲਤਾ ਵਲ ਪੈਰ ਪੁੱਟਦੀ ਹੈ। ਸਿਨੇਮਾ ਸਾਹਿਤ ਤੋਂ ਸੁਤੰਤਰ ਨਹੀਂ। ਉਹ ਸਾਹਿਤ ਨੂੰ ਵਰਤ ਰਿਹਾ ਵੀ ਪ੍ਰਤੀਤ ਹੁੰਦਾ ਹੈ।
ਫਿਲਮਕਾਰ ਗੋਦਾਰ ਨੂੰ ਫਿਲਮਾਂ ਦੀ ਇਸ ਨਿਰਭਰਤਾ ਦਾ ਅਹਿਸਾਸ ਸੀ। ਉਸ ਨੂੰ ਸ਼ਾਇਦ ਇਹ ਤੱਥ ਮਿਹਣੇ ਵਾਂਗੂ ਜਾਪਿਆ ਹੋਵੇ ਕਿ ਸਾਹਿਤ ਨੂੰ ਪਰ੍ਹਾਂ ਧੱਕ ਕੇ ਸਿਨੇਮਾ ਪੈਰ ਵੀ ਅਗਾਂਹ ਨਹੀਂ ਪੁੱਟ ਸਕਦਾ। ਗੋਦਾਰ ਨੇ ਸਾਹਿਤ ਨੂੰ ਮਨਫੀ ਕਰ ਕੇ ਫਿਲਮਾਂ ਬਣਾਈਆਂ ਵੀ। ਉਹ ਵਿਕੋਲਿਤਰਾ ਤਜਰਬਾ ਸੀ। ਉਸ ਦੀਆਂ ਉਹ ਫਿਲਮਾਂ ਸਿਨੇਮਾ ਦੀ ਪੜ੍ਹਾਈ ਦਾ ਮਹੱਤਵਪੂਰਨ ਹਿੱਸਾ ਬਣੀਆਂ ਹਨ, ਪਰ ਸਿਨੇਮਾ ਨੂੰ ਸਾਹਿਤ ਦੀ ਟੇਕ ਲੈਣੀ ਹੀ ਪਈ ਹੈ।
ਕਿਸੇ ਵੀ ਕਿੱਸੇ-ਕਹਾਣੀ ਜਾਂ ਨਾਵਲ ਨੂੰ ਫਿਲਮ ਦਾ ਰੂਪ ਦੇਣ ਵਿਚ ਕੁਝ ਵੀ ਅਸੰਭਵ ਨਹੀਂ। ਉਹ ਸਾਹਿਤਕ ਕਿਰਤ ਭਾਵੇਂ ਮੁਨਸ਼ੀ ਪ੍ਰੇਮ ਚੰਦ ਦਾ ਨਾਵਲ ਹੋਵੇ, ਕਿਸੇ ਦਲਿਤ ਲੇਖਕ ਦੀ ਰਚਨਾ ਹੋਵੇ ਤੇ ਭਾਵੇਂ ਕਿਸੇ ਅਗਾਂਹਵਧੂ ਲੇਖਕ ਦੀ ਕਹਾਣੀ। ਪੇਸ਼ਕਾਰੀ ਵਿਚ ਭਾਰਤੀਅਤਾ ਅਤਿ ਜ਼ਰੂਰੀ ਹੈ। ਇਹ ਭਾਰਤੀਅਤਾ ਦਲਿਤ ਸਮੱਸਿਆਵਾਂ ਨਾਲ ਜੂਝਦੀਆਂ ਫਿਲਮਾਂ ‘ਨਿਸ਼ਾਂਤ’, ‘ਮੰਥਨ’ ਅਤੇ ‘ਆਕਰੋਸ਼’ ਆਦਿ ਵਿਚ ਸੁਚੱਜੇ ਢੰਗ ਨਾਲ ਪੇਸ਼ ਹੋਈ।
ਜੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਉਤੇ ਫਿਲਮ ਬਣਦੀ ਹੈ ਤਾਂ ਉਸ ਵਿਚ ਜ਼ਿਮੀਂਦਾਰ ਵੀ ਹੈ, ਮੁਜਾਰਾ ਵੀ। ਜਦੋਂ ਉਨ੍ਹਾਂ ਦੋਵਾਂ ਵਿਚਕਾਰ ਟਕਰਾਅ ਨੂੰ ਫਿਲਮਾਇਆ ਜਾ ਰਿਹਾ ਹੋਵੇ ਤਾਂ ਜਾਤੀਵਾਦ ਦੀਆਂ ਪੈਦਾ ਕੀਤੀਆਂ ਉਲਝਣਾਂ ਨੂੰ ਵੀ ਧਿਆਨ ਵਿਚ ਰੱਖਣਾ ਪਵੇਗਾ। ‘ਗੋਦਾਨ’ ਅਤੇ ਸੱਤਿਆਜੀਤ ਰੇਅ ਵਲੋਂ ਬਣਾਈ ‘ਸਦਗਤੀ’ ਵਿਚ ਇਹ ਧਿਆਨ ਨਜ਼ਰ ਆਇਆ।
ਸਾਹਿਤ ਵੀ ਇਸ ਪਹੁੰਚ ਤੋਂ ਵੱਖਰਾ ਨਹੀਂ ਤੁਰਦਾ। ਸਾਨੂੰ ਦਲਿਤ ਸਰੋਕਾਰਾਂ ਨਾਲ ਹਮਦਰਦੀ ਹੁੰਦੀ ਹੈ, ਪਰ ਸਾਨੂੰ ਆਪਣੀ ਲਿਖਤ ਵਿਚ ਸਮਾਜਿਕ, ਆਰਥਿਕ ਅਤੇ ਸਿਆਸੀ ਪੱਖਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਟੈਲੀ ਸੀਰੀਅਲ ‘ਤਮਸ’ ਵਿਚ ਸਾਹਿਤ ਅਤੇ ਉਸ ਦਾ ਫਿਲਮਾਂਕਣ ਬੜੇ ਸੋਹਣੇ ਢੰਗ ਨਾਲ ਇਕਸੁਰ ਹੋਇਆ ਸੀ। ਇਹ ਇਕਸੁਰਤਾ ਤਾਂ ਹੀ ਸੰਭਵ ਹੋ ਸਕੀ ਸੀ ਕਿਉਂਕਿ ਕਹਾਣੀ ਵਿਚ ਨਿਰਦੇਸ਼ਕ ਦਾ ਯਕੀਨ ਸੀ।
ਇੱਕ ਸੋਚ ਇਹ ਵੀ ਬਣੀ ਹੋਈ ਹੈ ਕਿ ਕਹਾਣੀ ਵਿਚ ਤੇਜ਼-ਤਰਾਰੀ ਹੋਵੇ ਤਾਂ ਹੀ ਸਫਲ ਫਿਲਮ ਬਣੇਗੀ, ਪਰ ਇਹ ਵਿਚਾਰ ਹਮੇਸ਼ਾ ਠੀਕ ਨਹੀਂ ਹੁੰਦਾ। ਕਈ ਰਚਨਾਵਾਂ ਤੇਜ਼-ਤਰਾਰੀ ਤੋਂ ਵਿਰਵੀਆਂ ਸਨ, ਪਰ ਉਨ੍ਹਾਂ ਉਤੇ ਸਫਲ ਫਿਲਮਾਂ ਬਣੀਆਂ ਹਨ।
ਹੈਨਰੀ ਜੇਮਜ਼ ਦੇ ਨਾਵਲਾਂ ਵਿਚ ਵਾਰਤਾਲਾਪ ਅਤੇ ਵੇਰਵੇ ਬਹੁਤ ਜ਼ਿਆਦਾ ਹਨ, ਇਸ ਦੇ ਬਾਵਜੂਦ ਉਨ੍ਹਾਂ ਉਤੇ ਬਣੀਆਂ ਫਿਲਮਾਂ ਸਫਲ ਹੋਈਆਂ ਹਨ। ਕਿਸੇ ਨਾਵਲ ਦਾ ਸਾਰਾ ਕੁਝ ਹੀ ਫਿਲਮ ਵਿਚ ਜਜ਼ਬ ਨਹੀਂ ਹੋ ਜਾਂਦਾ। ਫਿਲਮਾਏ ਜਾਣ ਵਾਲੇ ਨਾਵਲ ਵਿਚੋਂ ਬੜੀ ਸੂਝ ਨਾਲ ਘਟਨਾਵਾਂ ਚੁਣਨੀਆਂ ਪੈਣਗੀਆਂ। ਪਟਕਥਾ ਲੇਖਕ ਲਈ ਇਹ ਅਤਿ ਜ਼ਰੂਰੀ ਹੈ ਕਿ ਉਸ ਨੂੰ ਸਾਹਿਤ ਬਾਰੇ ਪੂਰਾ ਗਿਆਨ ਹੋਵੇ ਤੇ ਫਿਲਮ ਬਣਾਉਣ ਦੀਆਂ ਬਰੀਕੀਆਂ ਨੂੰ ਵੀ ਓਨੀ ਹੀ ਚੰਗੀ ਤਰ੍ਹਾਂ ਜਾਣਦਾ ਹੋਵੇ। ਜਦੋਂ ਕੋਈ ਨਿਰਦੇਸ਼ਕ ਆਪਣੀ ਫਿਲਮ ਲਈ ਵਿਸ਼ੇਸ਼ ਨਾਵਲ ਚੁਣਦਾ ਹੈ ਤਾਂ ਉਸ ਦੀ ਪ੍ਰਤਿਭਾ ਵੀ ਨਾਵਲਕਾਰ ਦੀ ਪ੍ਰਤਿਭਾ ਦੇ ਹਾਣ ਦੀ ਹੋਣੀ ਚਾਹੀਦੀ ਹੈ ਤਾਂ ਹੀ ਫਿਲਮ ਸਿਖਰ ਨੂੰ ਛੋਹ ਸਕੇਗੀ। ਸੱਤਿਆਜੀਤ ਰੇਅ ਨੇ ‘ਚਾਰੂਲਤਾ’ ਅਤੇ ‘ਤੀਨ ਕੰਨਿਆ’ ਨਾਂ ਦੀਆਂ ਦੋ ਫਿਲਮਾਂ ਰਾਬਿੰਦਰਨਾਥ ਟੈਗੋਰ ਦੀਆਂ ਕਹਾਣੀਆਂ ਉਤੇ ਬਣਾਈਆਂ ਸਨ। ਉਹ ਫਿਲਮਾਂ ਤਾਂ ਹੀ ਵਿਸ਼ੇਸ਼ ਉਚਾਈ ਤੱਕ ਪਹੁੰਚ ਸਕੀਆਂ ਸਨ, ਕਿਉਂਕਿ ਦੋਵੇਂ ਆਪੋ-ਆਪਣੇ ਖੇਤਰ ਦੇ ਦਿੱਗਜ ਸਨ।
ਲੇਖਕ ਦਾ ਇਹ ਇਤਰਾਜ਼ ਆਮ ਤੌਰ ਉਤੇ ਰਿਹਾ ਹੈ ਕਿ ਫਿਲਮ ਨੇ ਸਾਹਿਤ ਨਾਲ ਨਿਆਂ ਨਹੀਂ ਕੀਤਾ ਜਾਂ ਨਿਰਦੇਸ਼ਕ ਕੋਲੋਂ ਮੂਲ ਕਹਾਣੀ ਦੀ ਰੂਹ ਨੂੰ ਨਹੀਂ ਛੋਹਿਆ ਜਾ ਸਕਿਆ। ਚਾਰਲਸ ਡਿਕਨਜ਼ ਦੇ ਨਾਵਲ ‘ਗਰੇਟ ਐਕਸਪੈਕਟੇਸ਼ਨਜ਼’ ਉਤੇ ਡੇਵਿਡ ਲੀਨ ਨੇ ਫਿਲਮ ਬਣਾਈ ਸੀ। ਉਹ ਵਾਚਣਯੋਗ ਫਿਲਮ ਸੀ। ਨਾਵਲ ਦੇ ਪਾਤਰਾਂ ਨੂੰ ਮੂਰਤ ਰੂਪ ਵਿਚ ਦੇਖਣਾ ਪ੍ਰਭਾਵਸ਼ਾਲੀ ਲੱਗਦਾ ਸੀ; ਪਰ ਨਾਵਲ ਦਾ ਬੜਾ ਕੁਝ ਫਿਲਮ ਵਿਚ ਗੁਆਚ ਗਿਆ ਸੀ। ਦਾਸਤੋਵਸਕੀ ਦੀ ਕਹਾਣੀ ‘ਏ ਮੀਕ ਵੂਮੈਨ’ ਦਾ ਫਿਲਮ ਰੂਪਾਂਤਰ ਵੱਖਰੀ ਭਾਂਤ ਦਾ ਸੀ। ਨਿਰਦੇਸ਼ਕ ਨੇ ਕਹਾਣੀ ਦਾ ਸਮਾਂ, ਸਥਾਨ ਅਤੇ ਕਈ ਆਦਰਸ਼ਕ ਕਿਸਮ ਦੇ ਵਿਚਾਰ ਵੀ ਬਦਲ ਦਿੱਤੇ ਸਨ। ਇਹੋ ਜਿਹੀਆਂ ਤਬਦੀਲੀਆਂ ਉਤੇ ਲੇਖਕ ਨੂੰ ਅਕਸਰ ਇਤਰਾਜ਼ ਹੁੰਦਾ ਹੈ।
ਪੰਜਾਬੀ ਦੇ ਨਾਵਲਾਂ ਅਤੇ ਕਹਾਣੀਆਂ ਉਤੇ ਵੀ ਕਈ ਫਿਲਮਾਂ ਬਣੀਆਂ ਹਨ। ਕੁਝ ਸੁਹਿਰਦ ਯਤਨ ਵੀ ਸਨ। ਨਾਨਕ ਸਿੰਘ ਦੇ ਨਾਵਲ ‘ਪਵਿੱਤਰ ਪਾਪੀ’ ਉਤੇ ਬਲਰਾਜ ਸਾਹਨੀ ਦੇ ਯਤਨਾਂ ਨਾਲ ਇਸੇ ਨਾਂ ਦੀ ਹਿੰਦੀ ਫਿਲਮ ਬਣੀ ਸੀ। ਰਾਜਿੰਦਰ ਸਿੰਘ ਬੇਦੀ ਦੇ ਨਾਵਲ ‘ਏਕ ਚਾਦਰ ਮੈਲੀ ਸੀ’ ਉਤੇ ‘ਰਾਣੋ’ ਨਾਂ ਦੀ ਫਿਲਮ ਬਣਨੀ ਸ਼ੁਰੂ ਹੋਈ ਸੀ, ਪਰ ਫਿਲਮ ਦੀ ਨਾਇਕ ਗੀਤਾ ਬਾਲੀ ਦੀ ਬੇਵਕਤੀ ਮੌਤ ਕਾਰਨ ਫਿਲਮ ਅਧੂਰੀ ਰਹਿ ਗਈ। ਬਾਅਦ ਵਿਚ ਸੁਖਵਿੰਦਰ ਢੱਡਾ ਨੇ ਉਸੇ ਨਾਵਲ ਉਤੇ ‘ਏਕ ਚਾਦਰ ਮੈਲੀ ਸੀ’ ਫਿਲਮ ਬਣਾਈ, ਪਰ ਉਹ ਸਾਧਾਰਨਤਾ ਤੱਕ ਹੀ ਸੀਮਿਤ ਰਹੀ। ਬੂਟਾ ਸਿੰਘ ਸ਼ਾਦ ਨੇ ਆਪਣੇ ਕੁਝ ਨਾਵਲਾਂ ਉਤੇ ਆਪ ਹੀ ਫਿਲਮਾਂ ਬਣਾਈਆਂ ਸਨ। ਸੁਰਿੰਦਰ ਸਿੰਘ ਦੀ ਨਿਰਦੇਸ਼ਨਾ ਵਿਚ ਬਣੀ ਫਿਲਮ ‘ਮੜ੍ਹੀ ਦਾ ਦੀਵਾ’ ਗੁਰਦਿਆਲ ਸਿੰਘ ਦੇ ਨਾਵਲ ਜਿੰਨੀ ਹੀ ਢਹਿੰਦੀਆਂ ਕਲਾਂ ਵਾਲੀ ਫਿਲਮ ਸੀ। ਉਂਜ, ਪੰਜਾਬੀ ਵਿਚ ਇਹੋ ਜਿਹੇ ਨਾਵਲ, ਕਹਾਣੀਆਂ ਬਹੁਤ ਹਨ ਜਿਨ੍ਹਾਂ ਉਤੇ ਚੰਗੀਆਂ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ।
ਮਿੱਥ ਅਤੇ ਸ਼ਾਇਰੀ ਸਾਡੇ ਸਿਨੇਮਾ ਦੇ ਮਹੱਤਵਪੂਰਨ ਅੰਗ ਹਨ। ਮਿੱਥ ਸਾਧਾਰਨ ਮਨੁੱਖ ਦੇ ਅਚੇਤ ਮਨ ਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ। ਸ਼ਾਇਰੀ ਸੰਵੇਦਨਸ਼ੀਲ ਮਨ ਨੂੰ ਟੁੰਬਦੀ ਹੈ। ਤਰਕ ਵਾਲੇ ਮਨੁੱਖ ਲਈ ਯਥਾਰਥ ਯਾਨੀ ਜ਼ਮੀਨੀ ਸੱਚ ਦੀ ਇਬਾਰਤ ਹੀ ਪਹਿਲ ਲੈਂਦੀ ਹੈ। ‘ਪਿਆਸਾ’ ਫਿਲਮ ਦੀ ਤਾਕਤ ਸਾਹਿਰ ਲੁਧਿਆਣਵੀ ਦੀ ਉਰਦੂ ਸ਼ਾਇਰੀ ਸੀ। ‘ਕਭੀ ਕਭੀ’ ਫਿਲਮ ਦੇ ਗੀਤ ਅਤੇ ‘ਬਰਸਾਤ ਕੀ ਰਾਤ’ ਦੇ ਗੀਤ ਤੇ ਕੱਵਾਲੀਆਂ ਕਾਰਨ ਇਨ੍ਹਾਂ ਫਿਲਮਾਂ ਨੇ ਕੀਰਤੀਮਾਨ ਸਥਾਪਤ ਕੀਤੇ ਸਨ।
ਇੱਕ ਜ਼ਮਾਨੇ ਵਿਚ ਕਵਿਤਾ ਦੀ ਜਾਦੂਗਰੀ ਪੰਜਾਬੀ ਫਿਲਮਾਂ ਵਿਚ ਵੀ ਨਮੂਦਾਰ ਹੋਈ ਸੀ। ਨੰਦ ਲਾਲ ਨੂਰਪੁਰੀ ਦੇ ਲਿਖੇ ਗੀਤਾਂ ਵਾਲੀਆਂ ਫਿਲਮਾਂ ‘ਮੰਗਤੀ’ ਤੇ ‘ਬੁਲਬੁਲ’ ਕਾਵਿ ਸ਼ਕਤੀ ਕਰਕੇ ਹੀ ਚੇਤੇ ਕੀਤੀਆਂ ਜਾਂਦੀਆਂ ਹਨ। ਸਾਹਿਤਕ ਗੀਤਾਂ ਦੇ ਆਧਾਰ ਉਤੇ ਸਫਲ ਹੋਈਆਂ ਫਿਲਮਾਂ ਦੀ ਗਿਣਤੀ ਵੱਡੀ ਹੈ। ਕਿਸੇ ਨਾਵਲ, ਕਹਾਣੀ ਜਾਂ ਨਾਟਕ ਦਾ ਫਿਲਮ ਲਈ ਰੂਪਾਂਤਰ ਹੋਰ ਗੱਲ ਹੈ, ਪਰ ਕੁਝ ਲੇਖਕ ਸਮੁੱਚਾ ਜੀਵਨ ਫਿਲਮਾਂ ਲਈ ਲਿਖਣ ਵਲ ਲਾ ਦਿੰਦੇ ਹਨ; ਯਾਨੀ ਸਾਹਿਤ ਸਿਨਮੇ ਦੀ ਨੌਕਰੀ ਵਿਚ।
ਫਿਲਮਾਂ ਲਈ ਲਿਖਣਾ ਅਕਸਰ ਨਿਮਨ ਪੱਧਰ ਉਤੇ ਆਉਣਾ ਹੁੰਦਾ ਹੈ। ਨਾ ਚਾਹੁੰਦਿਆਂ ਹੋਇਆਂ ਵੀ ਫਿਲਮ ਦੇ ਲੇਖਕ ਨੂੰ ਕਦੇ ਬਲਾਤਕਾਰ ਦਾ ਦ੍ਰਿਸ਼ ਘੜਨਾ ਪੈਂਦਾ ਹੈ ਤੇ ਕਦੇ ਅਸ਼ਲੀਲ ਵਾਰਤਾਲਾਪ ਲਿਖਣੀ ਪੈਂਦੀ ਹੈ। ਸਾਹਿਤ ਦਾ ਲੇਖਕ ਸੁਤੰਤਰ ਹੈ ਪਰ ਫਿਲਮ ਦਾ ਲੇਖਕ ਆਪਣੀ ਮਰਜ਼ੀ ਦਾ ਮਾਲਕ ਨਹੀਂ ਹੁੰਦਾ। ਬਹੁਤ ਵਾਰ ਫਿਲਮ ਦੇ ਲੇਖਕ ਨੂੰ ਗੈਰ-ਸਾਹਿਤਕ ਅਤੇ ਸਮਝ ਤੋਂ ਊਣੇ ਲੋਕਾਂ ਹੱਥੋਂ ਜ਼ਲੀਲ ਹੋਣਾ ਪੈਂਦਾ ਹੈ, ਕਿਉਂਕਿ ਲੇਖਕ ਨੇ ਦ੍ਰਿਸ਼ ਲਿਖਣ ਵੇਲੇ ਉਨ੍ਹਾਂ ਲੋਕਾਂ ਦੀਆਂ ਹੇਠਲੇ ਪੱਧਰ ਦੀਆਂ ਅਨੈਤਿਕ ਲੋੜਾਂ ਅਤੇ ਕਾਮ-ਸੁਆਦ ਨੂੰ ਮੁੱਖ ਨਹੀਂ ਰੱਖਿਆ ਹੁੰਦਾ। ਲੇਖਕ ਆਪਣੀ ਸਿਰਜਣਾ ਦਾ ਰੱਬ ਹੁੰਦਾ ਹੈ, ਪਰ ਫਿਲਮ ਦੇ ਲੇਖਕ ਦਾ ਲਿਖਿਆ ਹੋਇਆ ਆਖਰੀ ਨਹੀਂ ਹੁੰਦਾ। ਉਹਦੇ ਲਿਖੇ ਹੋਏ ਨੂੰ ਰੱਦ ਕਰਨ ਵਾਲੇ ਕਈ ‘ਰੱਬ’ ਹੁੰਦੇ ਹਨ।
ਫਿਲਮ, ਨਿਰਦੇਸ਼ਕ ਦਾ ਮਾਧਿਅਮ ਹੈ ਅਤੇ ਸਾਹਿਤ, ਲੇਖਕ ਦਾ। ਫਿਲਮ ਦਾ ਆਧਾਰ ਸਾਹਿਤ ਹੈ, ਪਰ ਫਿਲਮ ਵਿਧਾ ਦੀਆਂ ਕੁਝ ਲੋੜਾਂ ਪੂਰੀਆਂ ਕਰਨ ਖਾਤਰ ਫਿਲਮਕਾਰਾਂ ਨੂੰ ਸਾਹਿਤਕ ਰਚਨਾ ਵਿਚ ਕਈ ਤਰ੍ਹਾਂ ਦੀ ਤਰਮੀਮ ਕਰਨੀ ਪੈਂਦੀ ਹੈ। ਕੁਝ ਤਰਮੀਮਾਂ ਤਾਂ ਤਕਨੀਕੀ ਕਾਰਨਾਂ ਕਰਕੇ ਹੁੰਦੀਆਂ ਹਨ, ਕੁਝ ਇਸ ਕਰਕੇ ਵੀ ਕਿ ਨਿਰਮਾਤਾ ਨੇ ਫਿਲਮ ਉਤੇ ਕਰੋੜਾਂ ਰੁਪਏ ਦਾ ਖਰਚ ਕੀਤਾ ਹੁੰਦਾ ਹੈ ਤੇ ਲਾਗਤ ਨਾਲੋਂ ਕਈ ਗੁਣਾਂ ਵੱਧ ਮੁਨਾਫਾ ਵੀ ਚਾਹੁੰਦਾ ਹੈ।
ਸ਼ਬਦ ਦੀ ਸ਼ਕਤੀ ਅਥਾਹ ਹੈ। ਵਿਜ਼ੂਅਲ ਵਿਚ ਆਉਣ ਤੋਂ ਪਿੱਛੋਂ ਉਹ ਸ਼ਕਤੀ ਸੀਮਤ ਹੋ ਜਾਂਦੀ ਹੈ। ਅਰਥ ਓਨੇ ਕੁ ਹੀ ਰਹਿ ਜਾਂਦੇ ਹਨ ਜਿੰਨੇ ਕੁ ਅੱਖ ਦੇਖ ਲੈਂਦੀ ਹੈ, ਪਰ ਪ੍ਰਤਿਭਾਵਾਨ ਨਿਰਦੇਸ਼ਕ ਫਿਰ ਵੀ ਅਰਥ ਅਤੇ ਪਰਤਾਂ ਸਿਰਜ ਲੈਂਦੇ ਹਨ। ਫਿਲਮ ਵਿਚ ਵਾਰਤਾਲਾਪ, ਚੁੱਪ, ਰੌਸ਼ਨੀ ਅਤੇ ਸੰਗੀਤ ਦੀ ਸੁੱਘੜ ਵਰਤੋਂ ਨਾਲ ਉਹ ਅਨੇਕਾਂ ਅਰਥਾਂ ਦਾ ਸੰਚਾਰ ਕਰ ਜਾਂਦੇ ਹਨ।
ਇਹ ਜਾਦੂ ਮਹਾਨ ਨਿਰਦੇਸ਼ਕ ਇੰਗਮਰ ਬਰਗਮੈਨ ਨੂੰ ਆਉਂਦਾ ਸੀ। ਮੈਂ ਪੁਣੇ ਦੇ ਫਿਲਮ ਇੰਸਟੀਚਿਊਟ ਦੇ ਮੇਨ ਥੀਏਟਰ ਵਿਚ ਬਰਗਮੈਨ ਦੀ ਫਿਲਮ ‘ਵਾਈਲਡ ਸਟਰਾਅਬਰੀਜ਼’ ਦੇਖੀ ਸੀ। ਮੇਰੇ ਮਨ ਵਿਚ ਪਤਾ ਨਹੀਂ ਕੀ ਆਈ, ਮੈਂ ਫਿਲਮ ਇੰਸਟੀਚਿਊਟ ਦੀ ਲਾਇਬਰੇਰੀ ਵਿਚੋਂ ਫਿਲਮ ਦੀ ਸਕ੍ਰਿਪਟ ਕਢਵਾ ਲਈ। ਸ਼ਾਇਦ ਮੈਂ ਦੇਖਣਾ ਚਾਹੁੰਦਾ ਸਾਂ ਕਿ ਇਹੋ ਜਿਹੀਆਂ ਮਹਾਨ ਫਿਲਮਾਂ ਦੀ ਸਕ੍ਰਿਪਟ ਕਿਹੋ ਜਿਹੀ ਹੁੰਦੀ ਹੈ ਜਾਂ ਸ਼ਾਇਦ ਦੇਖਣਾ ਚਾਹੁੰਦਾ ਸਾਂ ਕਿ ਮਹਾਨ ਨਿਰਦੇਸ਼ਕ ਸਾਹਿਤ ਨਾਲ ਕਿੰਨਾ ਕੁ ਖੇਡਦਾ ਹੈ। ‘ਵਾਈਲਡ ਸਟਰਾਅਬਰੀਜ਼’ ਦੀ ਸਕ੍ਰਿਪਟ ਬੜੀ ਸੰਖੇਪ ਸੀ। ਫਿਲਮ ਦੇ ਪੂਰੇ ਦੇ ਪੂਰੇ, ਕਈ ਦ੍ਰਿਸ਼ ਸਕ੍ਰਿਪਟ ਵਿਚੋਂ ਗਾਇਬ ਸਨ।
ਸ਼ੂਟਿੰਗ ਵੇਲੇ ਕਲਪਨਾ ਬਰਗਮੈਨ ਦੀ ਫਿਲਮ ਦੀ ਸਕ੍ਰਿਪਟ ਦਾ ਮਹੱਤਵਪੂਰਨ ਹਿੱਸਾ ਹੋ ਜਾਂਦੀ ਸੀ। ਉਹ ਸਕ੍ਰਿਪਟ ਨੂੰ ਪਾਸੇ ਰੱਖ ਕੇ ਕਲਪਨਾ ਨੂੰ ਪਹਿਲ ਦੇ ਦਿੰਦਾ ਸੀ। ਸਕ੍ਰਿਪਟ ਕੁਝ ਹੋਰ ਹੁੰਦੀ ਸੀ ਤੇ ਫਿਲਮ ਕੁਝ ਹੋਰ ਦੀ ਹੋਰ ਹੋ ਜਾਂਦੀ ਸੀ। ਉਦੋਂ ਸਾਹਿਤ ਮੱਥੇ ਨੂੰ ਹੱਥ ਮਾਰ ਕੇ ਪਤਾ ਨਹੀਂ ਰੋਂਦਾ ਹੋਵੇਗਾ ਕਿ ਹੱਸਦਾ ਹੋਵੇਗਾ, ਪਰ ਉਸ ਫਿਲਮ ਦਾ ਇੱਕ ਦ੍ਰਿਸ਼ ਦੇਖ ਕੇ ਮੈਂ ਸਿਨੇਮਾ ਦੇ ਮਾਧਿਅਮ ਦੀ ਸਮਰੱਥਾ ਨੂੰ ਸਲਾਮ ਕਹੀ ਸੀ। ਉਸ ਦ੍ਰਿਸ਼ ਦਾ ਕਮਾਲ ਇਹ ਸੀ ਕਿ ਇੱਕ ਸੀਨ ਵਿਚ ਇੱਕੋ ਵੇਲੇ ਅਤੀਤ, ਵਰਤਮਾਨ ਤੇ ਭਵਿਖ ਹਾਜ਼ਰ ਹੋ ਗਏ ਸਨ। ਸਾਹਿਤ ਦੀ ਕਿਸੇ ਲਿਖਤ ਵਿਚ ਇਸ ਤਰ੍ਹਾਂ ਦਾ ਕ੍ਰਿਸ਼ਮਾ ਹੁੰਦਾ ਮੈਂ ਨਹੀਂ ਸੀ ਦੇਖਿਆ। ਮੈਂ ਬਸ ਏਨਾ ਕੁ ਦੇਖਿਆ ਸੀ ਕਿ ਲੇਖਕ ਫਲੈਸ਼ਬੈਕ ਰਾਹੀਂ ਕਦੇ ਅਤੀਤ ਵਿਚ ਚਲਿਆ ਜਾਂਦਾ ਸੀ ਤੇ ਕਦੇ ਫਲੈਸ਼ ਫਾਰਵਰਡ ਦੀ ਤਕਨੀਕ ਰਾਹੀਂ ਭਵਿਖ ਵਿਚ ਪਹੁੰਚ ਜਾਂਦਾ ਸੀ। ਸਿਰਫ ਦੋ ਕਾਲ ਹੀ ਉਹਦੇ ਕੋਲੋਂ ਇੱਕ ਵੇਲੇ ਹਾਜ਼ਰ ਹੁੰਦੇ ਸਨ।
ਫਿਲਮ ਦੇ ਲੇਖਕ ਲਈ ਅਨੇਕਾਂ ਬੰਦਸ਼ਾਂ ਹਨ। ਬਹੁਤੀ ਵਾਰੀ ਤਾਂ ਕਹਾਣੀ ਦਾ ਆਧਾਰ ਵੀ ਲੇਖਕ ਦਾ ਆਪਣਾ ਨਹੀਂ ਹੁੰਦਾ। ਫਿਲਮ ਲਈ ਵਿਸ਼ੇ ਦੀ ਚੋਣ ਨਿਰਮਾਤਾ-ਨਿਰਦੇਸ਼ਕ ਦੀ ਇੱਛਾ ਉਤੇ ਨਿਰਭਰ ਕਰਦੀ ਹੈ। ਫਿਲਮ ‘ਸਰਦਾਰੀ ਬੇਗਮ’ ਦੀ ਮਿਸਾਲ ਸਾਡੇ ਸਾਹਮਣੇ ਹੈ। ਨਿਰਦੇਸ਼ਕ ਸ਼ਿਆਮ ਬੇਨੇਗਲ ਨੇ ਫਿਲਮ ‘ਸਰਦਾਰੀ ਬੇਗਮ’ ਬਣਾਉਣ ਤੋਂ ਪਹਿਲਾਂ ਬਸ ਏਨੀ ਕੁ ਗੱਲ ਸੁਣੀ ਹੋਈ ਸੀ ਕਿ ਕੋਈ ਠੁਮਰੀ ਗਾਇਕਾ ਹੁੰਦੀ ਸੀ। ਗਾਇਕੀ ਦੇ ਖੇਤਰ ਵਿਚ ਉਹਨੂੰ ਕੁਝ ਸਫਲਤਾ ਵੀ ਮਿਲੀ ਤੇ ਫਿਰ ਉਹ ਗੁੰਮਨਾਮੀ ਦੇ ਹਨੇਰੇ ਵਿਚ ਗੁਆਚ ਗਈ। ਵਰ੍ਹਿਆਂ ਪਿੱਛੋਂ ਕਿਸੇ ਅਖਬਾਰ ਵਿਚ ਦੋ ਕੁ ਇੰਚ ਦੀ ਖਬਰ ਛਪੀ ਕਿ ਉਹ ਗਾਇਕਾ ਫਿਰਕੂ ਦੰਗਿਆਂ ਵਿਚ ਮਾਰੀ ਗਈ ਸੀ। ਇਸ ਦੋ ਕੁ ਇੰਚ ਦੇ ਵੇਰਵੇ ਨਾਲ ਸ਼ਿਆਮ, ਫਿਲਮ ਸਰਦਾਰੀ ਬੇਗ਼ਮ ਬਣਾਉਣਾ ਚਾਹੁੰਦਾ ਸੀ। ਖੈਰ ਲੇਖਕ ਖਾਲਿਦ ਮੁਹੰਮਦ ਨੇ ਕਹਾਣੀ ਵਿਕਸਤ ਕੀਤੀ ਅਤੇ ਫਿਲਮ ਬਣ ਗਈ।
ਕਿਸੇ ਨਿਰਦੇਸ਼ਕ ਦੇ ਕਹਿਣ ਉਤੇ ਕਹਾਣੀ ਲਿਖਣਾ ਏਨਾ ਸੌਖਾ ਨਹੀਂ। ਫਿਲਮ-ਲੇਖਕ ਦੀ ਕਲਪਨਾ ਦੇ ਖੰਭ ਵਾਰ-ਵਾਰ ਕੁਤਰੇ ਜਾਂਦੇ ਹਨ। ਲੇਖਕ ਨੂੰ ਜਦੋਂ ਲਿਖਣ ਲਈ ਫਿਲਮ ਹਾਸਲ ਹੁੰਦੀ ਹੈ ਤਾਂ ਉਹ ਆਪਣੇ ਬਚਾਅ ਲਈ ਪਹਿਲੋਂ ਹੀ ਕਮਰਕੱਸਾ ਕਰ ਲੈਂਦਾ ਹੈ। ਉਹ ਨਿਰਮਾਤਾ-ਨਿਰਦੇਸ਼ਕ ਨੂੰ ਇਹ ਜ਼ਰੂਰ ਪੁੱਛਦਾ ਹੈ ਕਿ ਫਿਲਮ ਦੇ ਕਿਰਦਾਰ ਕਿਹੜੇ ਅਭਿਨੇਤਾ ਅਤੇ ਅਭਿਨੇਤਰੀਆਂ ਹਨ। ਐਕਟਰ-ਐਕਟਰਸਾਂ ਦੇ ਸੁਭਾਅ, ਬੋਲਣ ਢੰਗ ਅਤੇ ਉਨ੍ਹਾਂ ਦੇ ਇਮੇਜ ਨੂੰ ਮੁੱਖ ਰੱਖ ਕੇ ਹੀ ਲੇਖਕ ਕਹਾਣੀ ਦੇ ਪਾਤਰਾਂ ਦਾ ਨਿਰਮਾਣ ਕਰਦਾ ਹੈ।
ਐਕਟਰ ਲੇਖਕ ਦੇ ਲਿਖੇ ਅਨੁਸਾਰ ਅਦਾਕਾਰੀ ਨਹੀਂ ਕਰਦੇ। ਉਨ੍ਹਾਂ ਦੀਆਂ ਆਪਣੀਆਂ ਕਮਜ਼ੋਰੀਆਂ ਹੁੰਦੀਆਂ ਹਨ; ਮਸਲਨ, ਸਨੀ ਦਿਓਲ ਲੰਮੇ ਡਾਇਲਾਗ ਨਹੀਂ ਬੋਲ ਸਕਦਾ। ਉਹਦੇ ਲਈ ਲੇਖਕ ਨੂੰ ਨਿੱਕੇ ਫਿਕਰੇ ਲਿਖਣੇ ਪੈਂਦੇ ਹਨ। ਗੰਭੀਰ ਵਾਰਤਾਲਾਪ ਸਲਮਾਨ ਖਾਨ ਦੇ ਸੁਭਾਅ ਅਤੇ ਸ਼ਖਸੀਅਤ ਦੇ ਮੇਚ ਨਹੀਂ ਆਉਂਦੇ। ਲੇਖਕ ਨੂੰ ਉਹਦੇ ਲਈ ਹਲਕੇ-ਫੁਲਕੇ ਤੇ ਕੁਝ-ਕੁਝ ਚੁਲਬੁਲੇ ਵਾਕ ਲਿਖਣੇ ਪੈਂਦੇ ਹਨ। ਇਸ ਤਰ੍ਹਾਂ ਦੀ ਸਿਰਦਰਦੀ ਦੀ ਕੋਈ ਸੀਮਾ ਨਹੀਂ।
ਦਰਅਸਲ ਹਰ ਸਥਿਤੀ ਵਿਚ ਲੇਖਕ ਆਪ ਹੀ ਮਰਦਾ ਹੈ। ਕਈ ਵਾਰ ਤਾਂ ਕਹਾਣੀ ਦੀ ਕੱਟ-ਵੱਢ ਇਸ ਕਦਰ ਵਧ ਜਾਂਦੀ ਹੈ ਕਿ ਸਕ੍ਰਿਪਟ ਵਿਚੋਂ ਲੇਖਕ ਦੀ ਕਹਾਣੀ ਹੀ ਗੁਆਚ ਜਾਂਦੀ ਹੈ। ਮੇਰੇ ਇੱਕ ਜਾਣਕਾਰ ਨਿਰਮਾਤਾ ਨੇ ਸੋਚਿਆ ਕਿ ਉਹ ਕੋ-ਐਜੂਕੇਸ਼ਨਲ ਕਾਲਜ ਦੀ ਚਾਰ ਵਰ੍ਹਿਆਂ ਦੀ ਜ਼ਿੰਦਗੀ ਬਾਰੇ ਫਿਲਮ ਬਣਾਵੇ। ਉਨ੍ਹਾਂ ਚਾਰ ਵਰ੍ਹਿਆਂ ਵਿਚ ਬਲਾਤਕਾਰ, ਮੁੰਡੇ-ਕੁੜੀਆਂ ਦਾ ਇਸ਼ਕ, ਕਾਮ-ਸਬੰਧ, ਨਸ਼ਾਖੋਰੀ, ਸਮਗਲਿੰਗ ਤੇ ਹੋਰ ਵੀ ਬੜਾ ਕੁਝ ਚਟਪਟਾ ਦਿਖਾਇਆ ਜਾਵੇ। ਨਿਰਮਾਤਾ ਨੇ ਮੈਨੂੰ ਸਾਰਾ ਵੇਰਵਾ ਦੱਸਿਆ ਤੇ ਉਸ ਦੀ ਨਵੀਂ ਫਿਲਮ ਦੀ ਕਹਾਣੀ ਲਿਖਣ ਲਈ ਆਖਿਆ। ਮੈਂ ਦੱਸਿਆ, “ਸ਼ਾਇਦ ਫੌਜ ਵਾਲੇ ਮੈਨੂੰ ਇਹ ਕੰਮ ਕਰਨ ਦੀ ਆਗਿਆ ਨਾ ਦੇਣ।” “ਤੈਨੂੰ ਇਸ ਬਾਰੇ ਫਿਕਰ ਕਰਨ ਦੀ ਲੋੜ ਨਹੀਂ। ਤੂੰ ਨਿਸ਼ਚਿੰਤ ਹੋ ਕੇ ਕਹਾਣੀ ਲਿਖ। ਲੇਖਕ ਵਜੋਂ ਤੇਰਾ ਨਾਂ ਕਿਧਰੇ ਵੀ ਨਹੀਂ ਆਵੇਗਾ।” “ਹੋਰ ਕੀਹਦਾ ਨਾਂ ਹੋਵੇਗਾ?” ਮੈਂ ਹੈਰਾਨ ਹੋਇਆ ਸਾਂ। “ਤੇਰੇ ਤੋਂ ਇਲਾਵਾ ਦੋ ਜਣੇ ਹੋਰ ਵੀ ਇਹੋ ਕਹਾਣੀ ਲਿਖਣਗੇ।” ਉਸ ਸਹਿਜ ਸੁਭਾਅ ਦੱਸਿਆ, “ਫੇਰ ਸਿਟਿੰਗ ਹੋਵੇਗੀ। ਉਦੋਂ ਤਿੰਨਾਂ ਕਹਾਣੀਆਂ ਨੂੰ ਰਲਾ ਕੇ ਇੱਕ ਕਹਾਣੀ ਬਣਾਈ ਜਾਵੇਗੀ।” “ਫੇਰ ਸਕਰੀਨ ਉਤੇ ਕਹਾਣੀ ਦੇ ਲੇਖਕ ਵਜੋਂ ਕੀਹਦਾ ਨਾਂ ਦਿੱਸੇਗਾ?” ਮੇਰੀ ਜਗਿਆਸਾ ਬਣੀ ਹੋਈ ਸੀ। “ਕਿਸੇ ਦਾ ਵੀ ਨਹੀਂ!” ਉਸ ਸਾਫ ਜਵਾਬ ਦਿੱਤਾ। ਮੈਨੂੰ ਹੈਰਾਨ ਹੋਇਆ ਦੇਖ ਕੇ ਉਹ ਹੱਸਿਆ, “ਵੇਖ ਭੁੱਲਰ! ਤੂੰ ਭਾਵੁਕ ਬੰਦਾ ਏਂ ਤੇ ਮੈਂ ਵਪਾਰੀ। ਫਿਲਮ ਦੀ ਕੀਮਤ ਵਧੇਗੀ, ਕੋਈ ਉਹੋ ਜਿਹਾ ਨਾਂ ਹੀ ਫਿਲਮ ਦੇ ਲੇਖਕ ਵਜੋਂ ਵਰਤਾਂਗੇ। ਤੁਸੀਂ ਆਪੋ-ਆਪਣੀ ਕਹਾਣੀ ਦੇ ਪੈਸੇ ਲੈ ਲਵੋਗੇ ਤੇ ਉਹ ਵੱਡੇ ਨਾਂ ਵਾਲਾ ਆਪਣਾ ਨਾਂ ਵਿਕਣ ਦੇ ਪੈਸੇ ਲੈ ਲਵੇਗਾ।” ਉਸ ਗੱਲਬਾਤ ਨਾਲ ਮੈਨੂੰ ਸਾਹਿਤ ਅਤੇ ਸਿਨੇਮਾ ਦੇ ਗੁਪਤ ਸਬੰਧਾਂ ਦੀ ਵੀ ਭਿਣਕ ਪਈ ਸੀ।
ਜਦੋਂ ਕੋਈ ਨਿਰਦੇਸ਼ਕ ਕਿਸੇ ਨਾਟਕ ਨੂੰ ਫਿਲਮ ਬਣਾਉਣ ਲਈ ਚੁਣਦਾ ਹੈ ਤਾਂ ਫਿਲਮ ਬਣਾਉਂਦਿਆਂ ਉਸ ਵਿਚੋਂ ਭਾਸ਼ਨ ਦੀ ਖੁਸ਼ਬੂ ਗੁਆਚ ਜਾਂਦੀ ਹੈ। ਅਸੀਂ ‘ਕਿੰਗ ਲੀਅਰ’ ਫਿਲਮ ਨੂੰ ਖੂਬ ਮਾਣਦੇ ਹਾਂ, ਪਰ ਦੇਖਦੇ ਹਾਂ ਕਿ ਸ਼ੈਕਸਪੀਅਰ ਦੀ ਟੈਕਸਟ ਤਾਂ ਪੂਰੀ ਮਨਫੀ ਹੋ ਗਈ ਹੈ। ਭਾਸ਼ਾ ਨਾਟਕ ਲਈ ਮਹੱਤਵਪੂਰਨ ਹੈ, ਪਰ ਫਿਲਮਸਾਜ਼ ਦੇ ਹੱਥੋਂ ਮਾਰ ਖਾਂਦੀ ਹੈ। ਦਰਅਸਲ ਕਹਾਣੀ ਤਾਂ ਫਿਲਮ ਵਿਚ ਅਨੁਵਾਦ ਹੋ ਜਾਂਦੀ ਹੈ, ਪਰ ਕਹਾਣੀ ਦੀ ਆਤਮਾ ਬਹੁਤੀ ਵਾਰ ਅਨੁਵਾਦ ਨਹੀਂ ਹੁੰਦੀ। ਕਲਾ ਦੇ ਇੱਕ ਰੂਪ ਦੀ ਖੁਸ਼ਬੂ ਕਲਾ ਦੇ ਦੂਜੇ ਰੂਪ ਦੀ ਖੁਸ਼ਬੂ ਵਿਚ ਪੂਰੀ ਤਰ੍ਹਾਂ ਤਬਦੀਲ ਨਹੀਂ ਹੁੰਦੀ।
ਇਸ ਦੇ ਉਲਟ ਸਾਹਿਤ ਦੀ ਇੱਕ ਸਾਧਾਰਨ ਕ੍ਰਿਤ ‘ਤੇ ਪਟਕਥਾ ਲਿਖਦਿਆਂ, ਲੇਖਕ ਨੂੰ ਆਪਣੀ ਸਿਰਜਣਾਤਮਿਕਤਾ ਨੂੰ ਖੁੱਲ੍ਹ ਕੇ ਵਰਤਣ ਦੀ ਆਜ਼ਾਦੀ ਦਿੰਦੀ ਹੈ ਤੇ ਨਤੀਜਾ ਕਮਾਲ ਹੋ ਨਿੱਬੜਦਾ ਹੈ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਿਨੇਮਾ ਸਾਹਿਤ ਦੇ ਸਕੇ-ਸੋਦਰਿਆਂ ਵਿਚੋਂ ਹੈ, ਪਰ ਕਦੇ-ਕਦਾਈਂ ਆਪਸੀ ਖਿੱਚੋਤਾਣ ਵੀ ਦਿਸ ਪੈਂਦੀ ਹੈ। ਇਹ ਕੋਈ ਅਲੋਕਾਰ ਗੱਲ ਨਹੀਂ। ਸਾਕਾਦਾਰੀ ਵਿਚ ਇਸ ਤਰ੍ਹਾਂ ਤਾਂ ਹੁੰਦਾ ਹੀ ਹੈ ਕਿ ਵਿਚ-ਵਿਚ ਅਸੀਂ ਇੱਕ-ਦੂਜੇ ਤੋਂ ਨਿਰਾਸ਼ ਹੁੰਦੇ ਹਾਂ, ਪਰ ਇੱਕ ਗੱਲ ਤਾਂ ਪੱਕੀ ਹੈ, ਸਾਹਿਤ ਅਤੇ ਸਿਨੇਮਾ ਦਾ ਸਬੰਧ ਸਦੀਵੀ ਹੈ, ਨਾ ਟੁੱਟਣ ਵਾਲਾ।