ਇਰਫਾਨ ਕਾਦਿਰ
ਸਰਦਾਰ ਮਲਿਕ ਹਿੰਦੋਸਤਾਨੀ ਫਿਲਮ ਸੰਗੀਤ ਦੇ ਉਨ੍ਹਾਂ ਚਿਰਾਗਾਂ ਵਿਚੋਂ ਇੱਕ ਸੀ ਜੋ ਬਹੁਤ ਘੱਟ ਸਮੇਂ ਲਈ ਰੌਸ਼ਨ ਹੋਏ, ਪਰ ਜਿਨ੍ਹਾਂ ਦੀ ਰੌਸ਼ਨੀ ਉਨ੍ਹਾਂ ਦੇ ਦੀਵਾਨਿਆਂ ਨੂੰ ਹੁਣ ਵੀ ਯਾਦ ਹੈ। ਉਸ ਨੂੰ ਕਦੇ ਵੀ ਮਸ਼ਹੂਰ ਫਿਲਮ ਸੰਗੀਤਕਾਰਾਂ ਦੀ ਕਤਾਰ ਵਿਚ ਸ਼ੁਮਾਰ ਨਹੀਂ ਕੀਤਾ ਗਿਆ। ਦਰਅਸਲ, ਭਾਰਤੀ ਫਿਲਮ ਸੰਗੀਤ ਦੇ ਸੁਨਹਿਰੀ ਯੁੱਗ ਦੇ ਪੰਜ ਸਿਖਰਲੇ ਸੰਗੀਤਕਾਰਾਂ ਬਾਰੇ ਪੁੱਛਿਆ ਜਾਵੇ ਤਾਂ ਨੌਸ਼ਾਦ, ਸ਼ੰਕਰ ਜੈਕਿਸ਼ਨ, ਸੀ. ਰਾਮਚੰਦਰ, ਓ.ਪੀ. ਨਈਅਰ ਅਤੇ ਸਚਿਨ ਦੇਵ ਬਰਮਨ ਦੇ ਨਾਮ ਗਿਣਾਏ ਜਾਣਗੇ।
ਜੇਕਰ ਉਸੇ ਯੁੱਗ ਦੇ ਇੱਕ ਦਰਜਨ ਅਹਿਮ ਸੰਗੀਤਕਾਰਾਂ ਬਾਰੇ ਪੁੱਛਿਆ ਜਾਵੇ ਤਾਂ ਹੇਮੰਤ ਕੁਮਾਰ, ਮਦਨ ਮੋਹਨ, ਰੌਸ਼ਨ, ਚਿੱਤਰਗੁਪਤ, ਖੱਯਾਮ, ਰਵੀ ਆਦਿ ਦੇ ਨਾਮ ਸ਼ੁਮਾਰ ਹੋ ਜਾਣਗੇ, ਸਰਦਾਰ ਮਲਿਕ ਦਾ ਨਹੀਂ। ਅਜਿਹੀ ਗੁੰਮਨਾਮੀ ਦੇ ਬਾਵਜੂਦ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਹ ਬੇਹੱਦ ਪ੍ਰਤਿਭਾਸ਼ਾਲੀ ਸੰਗੀਤਕਾਰ ਸੀ, ਪਰ ਉਸ ਦੇ ਸੰਗੀਤ ਵਾਲੀਆਂ ਫਿਲਮਾਂ ਹਿੱਟ ਨਾ ਹੋਣ ਕਾਰਨ ਉਹ ਗੁੰਮਨਾਮੀ ਦੀ ਗਰਦ ਵਿਚ ਗੁਆਚ ਗਿਆ।
ਸਰਦਾਰ ਮਲਿਕ ਪੰਜਾਬੀ ਸੀ। ਉਸ ਦਾ ਜਨਮ ਕਪੂਰਥਲਾ ਵਿਚ 1925 ਵਿਚ ਹੋਇਆ। ਮੁੱਢਲੀ ਤਾਲੀਮ ਉਸ ਨੇ ਕਪੂਰਥਲਾ ਵਿਚ ਹਾਸਲ ਕੀਤੀ, ਪਰ ਸੰਗੀਤ ਦਾ ਸ਼ੌਕ ਉਸ ਨੂੰ ਪਹਿਲਾਂ ਲਾਹੌਰ ਤੇ ਫਿਰ ਮਈਹਰ (ਮੱਧ ਪ੍ਰਦੇਸ਼) ਲੈ ਗਿਆ। ਉਥੇ ਉਸ ਨੇ ਮਈਹਰ ਘਰਾਣੇ ਦੇ ਉਸਤਾਦ ਅਲਾਊਦੀਨ ਖਾਨ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ। ਉਸਤਾਦ ਅਲਾਉਦੀਨ ਖਾਨ, ਪੰਡਿਤ ਰਵੀਸ਼ੰਕਰ ਤੇ ਆਪਣੇ ਬੇਟੇ ਅਲੀ ਅਕਬਰ ਖਾਨ ਦੇ ਵੀ ਗੁਰੂ ਸਨ। ਪੰਡਿਤ ਰਵੀਸ਼ੰਕਰ ਦੀ ਸੰਗਤ ਸਦਕਾ ਸਰਦਾਰ ਮਲਿਕ ਦੀ ਵਾਕਫੀਅਤ ਉਘੇ ਨਿਰਤ (ਨਾਚ) ਨਿਰਦੇਸ਼ਕ ਉਦੈ ਸ਼ੰਕਰ ਨਾਲ ਹੋ ਗਈ ਜੋ ਰਵੀਸ਼ੰਕਰ ਦਾ ਵੱਡਾ ਭਰਾ ਸੀ। ਇਸੇ ਵਾਕਫੀਅਤ ਦੀ ਬਦੌਲਤ ਸਰਦਾਰ ਮਲਿਕ ਨਿਰਤ ਸਿੱਖਣ ਲਈ ਉਦੈ ਸ਼ੰਕਰ ਦੇ ਅਲਮੋੜਾ ਸਥਿਤ ਡਾਂਸ ਕੇਂਦਰ ਵਿਚ ਪਹੁੰਚ ਗਿਆ। ਉਹ ਜਿੱਥੇ ਚੰਗਾ ਗਾਇਕ ਸੀ, ਉਥੇ ਵਧੀਆ ਧੁਨਾਂ ਵੀ ਬਣਾ ਲੈਂਦਾ ਸੀ। ਉਦੈ ਸ਼ੰਕਰ ਨੇ ਉਸ ਨੂੰ ਬੰਬਈ (ਹੁਣ ਮੁੰਬਈ) ਜਾ ਕੇ ਗਾਇਕ ਤੇ ਸੰਗੀਤਕਾਰ ਵਜੋਂ ਆਪਣੀ ਕਿਸਮਤ ਅਜ਼ਮਾਉਣ ਲਈ ਪ੍ਰੇਰਿਆ। ਉਸ ਵੇਲੇ ਪਿੱਠਵਰਤੀ ਗਾਇਕਾਂ ਵਜੋਂ ਮੁਕੇਸ਼, ਤਲਤ ਮਹਿਮੂਦ ਤੇ ਮੁਹੰਮਦ ਰਫੀ ਦੀ ਗੁੱਡੀ ਚੜ੍ਹ ਰਹੀ ਸੀ। ਸਰਦਾਰ ਮਲਿਕ ਨੂੰ ਮਹਿਸੂਸ ਹੋਇਆ ਕਿ ਇਨ੍ਹਾਂ ਨਾਲ ਟੱਕਰ ਲੈਣ ਦੀ ਥਾਂ ਬਿਹਤਰ ਇਹੀ ਹੈ ਕਿ ਖੁਦ ਨੂੰ ਸੰਗੀਤ ਨਿਰਦੇਸ਼ਨ ਤੱਕ ਹੀ ਮਹਿਦੂਦ ਰੱਖਿਆ ਜਾਵੇ। ਸੰਗੀਤਕਾਰ ਵਜੋਂ ਉਸ ਦੀਆਂ ਪਹਿਲੀਆਂ ਤਿੰਨ ਫਿਲਮਾਂ ‘ਰੇਣੂਕਾ’ (1947), ‘ਰਾਜ਼’ (1949) ਅਤੇ ‘ਸਟੇਜ’ (1951) ਬਹੁਤਾ ਪ੍ਰਭਾਵ ਨਾ ਛੱਡ ਸਕੀਆਂ, ਪਰ 1953 ਵਿਚ ਰਿਲੀਜ਼ ਹੋਈ ‘ਲੈਲਾ ਮਜਨੂੰ’ ਨੂੰ ਕਾਮਯਾਬੀ ਮਿਲੀ। ਇਸ ਫਿਲਮ ਦਾ ਸੰਗੀਤ ਉਸ ਨੇ ਗ਼ੁਲਾਮ ਮੁਹੰਮਦ (ਜੋ ਨੌਸ਼ਾਦ ਦਾ ਚੀਫ ਅਸਿਸਟੈਂਟ ਸੀ) ਨਾਲ ਮਿਲ ਕੇ ਦਿੱਤਾ। 1954 ਵਿਚ ਰਿਲੀਜ਼ ਹੋਈ ਫਿਲਮ ‘ਠੋਕਰ’ ਦਾ ਗੀਤ ‘ਐ ਗਮੇ ਦਿਲ ਕਿਆ ਕਰੂੰ’ ਸੁਪਰਹਿਟ ਹੋਇਆ। ਇਹ ਇੱਕੋ-ਇੱਕ ਹਿੰਦੋਸਤਾਨੀ ਫਿਲਮ ਸੀ ਜਿਸ ਦੇ ਗੀਤ ਉਘੇ ਉਰਦੂ ਸ਼ਾਇਰ ਮਜਾਜ਼ ਲਖਨਵੀ ਨੇ ਲਿਖੇ। ”ਐ ਗਮੇ…’ ਦੇ ਦੋ ਰਿਕਾਰਡ ਸਨ- ਇੱਕ ਤਲਤ ਦੀ ਆਵਾਜ਼ ਵਿਚ ਅਤੇ ਦੂਜਾ ਲਤਾ ਦੀ। ਤਲਤ ਵਾਲਾ ਗੀਤ ਵੱਧ ਮਕਬੂਲ ਹੋਇਆ ਅਤੇ ਹੁਣ ਵੀ ਹਿੰਦੀ ਫਿਲਮ ਜਗਤ ਦੇ ਬਿਹਤਰੀਨ ਗੀਤਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। 1955 ਵਿਚ ਫਿਲਮ ‘ਆਬ-ਏ-ਹਯਾਤ’ ਤਾਂ ਬਹੁਤੀ ਨਾ ਚੱਲੀ, ਪਰ ਇਸ ਦਾ ਹੇਮੰਤ ਕੁਮਾਰ ਵੱਲੋਂ ਗਾਇਆ ਗੀਤ ‘ਮੈਂ ਗਰੀਬੋਂ ਕਾ ਦਿਲ ਹੂੰ ਵਤਨ ਦੀ ਜ਼ੁਬਾਂ…’ ਹੁਣ ਵੀ ਵਿਵਧ ਭਾਰਤੀ ਅਤੇ ਹੋਰ ਐਫ਼ਐਮ. ਚੈਨਲਾਂ ‘ਤੇ ਸੁਣਿਆ ਜਾ ਸਕਦਾ ਹੈ। ਇਸ ਦੀ ਹੁਣ ਵੀ ਏਨੀ ਮਕਬੂਲੀਅਤ ਹੈ ਜਿਸ ਨੂੰ ‘ਭੂਲੇ ਬਿਸਰੇ ਗੀਤਾਂ’ ਵਿਚ ਕਦੇ ਵੀ ਸ਼ੁਮਾਰ ਨਹੀਂ ਕੀਤਾ ਜਾ ਸਕਦਾ।
ਸਰਦਾਰ ਮਲਿਕ ਦੇ ਸੰਗੀਤਕ ਜੀਵਨ ਦਾ ਸ਼ਾਹਕਾਰ ਫਿਲਮ ‘ਸਾਰੰਗਾ’ (1960) ਸੀ। ਇਸ ਦੇ ਮੁਕੇਸ਼ ਵਲੋਂ ਗਾਏ ਸੋਲੋ ‘ਸਾਰੰਗਾ ਤੇਰੀ ਯਾਦ ਮੇਂ’ ਅਤੇ ‘ਹਾਂ ਦੀਵਾਨਾ ਹੂੰ ਮੈਂ’ ਨੂੰ ਨੌਸ਼ਾਦ ਅਲੀ ਅਤੇ ਰਾਜ ਕਪੂਰ ਨੇ ਬਿਹਤਰੀਨ ਗੀਤ ਤਸਲੀਮ ਕੀਤਾ ਸੀ। ਇਸੇ ਫਿਲਮ ਵਿਚ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦਾ ਦੋਗਾਣਾ ‘ਪੀਆ ਕੈਸੇ ਮਿਲੂੰ ਤੁਮਸੇ’ ਵੀ ਰੋਮਾਂਸ ਦੀ ਇੰਤਹਾ ਨੂੰ ਗਾਇਕੀ ਤੇ ਧੁਨ ਦੀ ਮਿਠਾਸ ਰਾਹੀਂ ਚਿੱਤਰਦਾ ਹੈ।
ਸਰਦਾਰ ਮਲਿਕ ਦੀਆਂ ਕੁਝ ਹੋਰ ਫਿਲਮਾਂ ਸਨ; ‘ਚੋਰ ਬਾਜ਼ਾਰ’ (1954) ‘ਮੇਰਾ ਘਰ ਮੇਰੇ ਬੱਚੇ’ (1960), ‘ਮਦਨ ਮੰਜਰੀ’ (1961), ਬਚਪਨ (1963) ‘ਨਾਗ ਜਿਓਤੀ’ (1963), ‘ਜੰਤਰ ਮੰਤਰ’ (1964) ਤੇ ‘ਰੂਪ ਸੁੰਦਰੀ’ (1964)। ਮਲਿਕ ਦਾ ਇਹ ਦੁਖਾਂਤ ਰਿਹਾ ਕਿ ਉਸ ਨੂੰ ਉਸ ਜ਼ਮਾਨੇ ‘ਏ’ ਗਰੇਡ ਫਿਲਮ ਕੋਈ ਨਹੀਂ ਮਿਲੀ। ‘ਏ’ ਗਰੇਡ ਫਿਲਮ ਭਾਵ ਨਾਮਵਰ ਸਿਤਾਰਿਆਂ ਵਾਲੀ ਫਿਲਮ। ਲਿਹਾਜ਼ਾ, ਉਸ ਦੇ ਸੰਗੀਤ ਦੀ ਉਹ ਕਦਰ ਨਹੀਂ ਪਈ ਜਿੰਨੀ ਪੈਣੀ ਚਾਹੀਦੀ ਸੀ। ਜਿਸ ਸੰਗੀਤਕਾਰ ਨੇ ‘ਬਹਾਰੋਂ ਸੇ ਪੂਛੋ, ਨਜ਼ਾਰੋਂ ਸੇ ਪੂਛੋ, ਮੇਰੇ ਪਿਆਰ ਕੋ ਤੁਮ ਭੁਲਾ ਨਾ ਸਕੋਗੇ’ (ਮੁਕੇਸ਼-ਸੁਮਨ ਕਲਿਆਣਪੁਰ), ‘ਚੰਦਾ ਕੇ ਦੇਸ ਮੇਂ ਰਹਿਤੀ ਏਕ ਗੁੜੀਆ’ (ਮੁਕੇਸ਼) ਜਾਂ ‘ਸੁਨ ਚਾਂਦ ਮੇਰੀ ਯਿਹ ਦਾਸਤਾਂ’ (ਮੁਕੇਸ਼) ਵਰਗੇ ਖੂਬਸੂਰਤ ਗੀਤ ਸੁਰਬੱਧ ਕੀਤੇ ਹੋਣ, ਉਸ ਨੂੰ ਫਿਲਮ ਜਗਤ ਵਲੋਂ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਣਾ ਨਾਗਵਾਰ ਹੋ ਗਿਆ ਅਤੇ ਉਸ ਨੇ ਫਿਲਮ ਸੰਗੀਤ ਤੋਂ ਕਿਨਾਰਾ ਕਰ ਲਿਆ।
ਸਰਦਾਰ ਮਲਿਕ ਭਾਵੇਂ ਹੁਣ ਇਸ ਜਹਾਨ ਵਿਚ ਨਹੀਂ, ਫਿਰ ਵੀ ਉਸ ਦੇ ‘ਐ ਦਿਲੇ ਨਾਸ਼ਾਦ ਤੇਰਾ ਸ਼ੁਕਰੀਆ’ (ਤਲਤ ਮਹਿਮੂਦ, ਠੋਕਰ), ‘ਹਮਸੇ ਹੂਈ ਯਿਹ ਨਾਦਾਨੀ ਕਿ ਹਮ ਇਸ ਮਹਿਫਿਲ ਮੇਂ ਆ ਬੈਠੇ’, ‘ਮੋਰੇ ਰੂਠੇ ਬਾਲਮ ਘਰ ਆ’ (ਊਸ਼ਾ ਮੰਗੇਸ਼ਕਰ, ਰਾਨੀ ਪਦਮਿਨੀ) ਵਰਗੇ ਗੀਤ ਅੱਜ ਵੀ ਉਸ ਦੇ ਸੰਗੀਤ ਦੇ ਮਿਆਰਾਂ ਦੀ ਸ਼ਾਹਦੀ ਭਰਦੇ ਹਨ। ਸਰਦਾਰ ਮਲਿਕ ਦੇ ਤਿੰਨ ਬੇਟਿਆਂ ਵਿਚੋਂ ਅਨੂ ਮਲਿਕ ਨੇ 1990ਵਿਆਂ ਵਿਚ ਸਫਲ ਸੰਗੀਤਕਾਰ ਵਜੋਂ ਆਪਣਾ ਨਿਵੇਕਲਾ ਮੁਕਾਮ ਬਣਾਇਆ ਸੀ। ਇਸੇ ਤਰ੍ਹਾਂ ਅਬੂ ਮਲਿਕ ਤੇ ਡੱਬੂ ਮਲਿਕ ਵੀ ਸੰਗੀਤ ਸਿਰਜਣ ਦੇ ਖੇਤਰ ਵਿਚ ਸਰਗਰਮ ਹਨ ਪਰ ਅਨੂ ਜਿੰਨੇ ਨਹੀਂ। ਹਾਲੀਆ ਫਿਲਮ ‘ਦਮ ਲਗਾ ਕੇ ਹਈਸ਼ਾ’ ਦੀ ਮਕਬੂਲੀਅਤ ਨੇ ਅਨੂ ਦੀ ਗੁੱਡੀ ਫਿਰ ਚੜ੍ਹਾ ਦਿੱਤੀ ਹੈ, ਪਰ ਨਾਲ ਹੀ ਸੰਗੀਤ ਦੇ ਸ਼ੈਦਾਈ ਸਵਾਲ ਕਰਦੇ ਹਨ: ਕੀ ਉਹ ਸਰਦਾਰ ਮਲਿਕ ਦੀ ‘ਸਾਰੰਗਾ’ ਦੇ ਮੁਕਾਬਲੇ ਦਾ ਸੰਗੀਤ ਕਦੇ ਦੇ ਸਕੇਗਾ?