ਬਿਪਤਾ ਦੀ ਘੜੀ ਵਿਚ ਮਦਦ ਲਈ ਅੱਗੇ ਆਇਆ ਭਾਰਤੀ ਰਿਜ਼ਰਵ ਬੈਂਕ

ਮੁੰਬਈ: ਕੇਂਦਰ ਸਰਕਾਰ ਵਲੋਂ ਗਰੀਬਾਂ ਲਈ 1.7 ਲੱਖ ਕਰੋੜ ਰੁਪਏ ਦਾ ਪੈਕੇਜ ਐਲਾਨਣ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੀ ਲੋਕਾਂ ਨੂੰ ਵੱਡੀ ਰਾਹਤ ਦੇਣ ਦੇ ਉਪਰਾਲੇ ਕੀਤੇ ਹਨ। ਕਰੋਨਾਵਾਇਰਸ ਨਾਲ ਜੂਝ ਰਹੇ ਮੁਲਕ ਦੇ ਲੋਕਾਂ ਲਈ ਆਰ.ਬੀ.ਆਈ. ਨੇ ਮੋਰਚਾ ਸੰਭਾਲ ਲਿਆ।

ਕੇਂਦਰੀ ਬੈਂਕ ਨੇ ਅਰਥਚਾਰੇ ‘ਚ ਨਕਦੀ ਦੇ ਸੰਕਟ ਨੂੰ ਦੂਰ ਕਰਨ ਅਤੇ ਕਰਜ਼ ਸਸਤਾ ਕਰਨ ਲਈ ਰੈਪੋ ਰੇਟ ਅਤੇ ਬੈਂਕਾਂ ਦੇ ਰਾਖਵੇਂ ਨਕਦੀ ਅਨੁਪਾਤ (ਸੀ.ਆਰ.ਆਰ.) ਵਿਚ ਵੱਡੀ ਕਟੌਤੀ ਜਿਹੇ ਕਈ ਐਲਾਨ ਕੀਤੇ ਹਨ। ਰਿਜ਼ਰਵ ਬੈਂਕ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਮੁਲਕ ਦੀ ਬੈਂਕਿੰਗ ਪ੍ਰਣਾਲੀ ਮਜ਼ਬੂਤ ਹੈ ਅਤੇ ਉਨ੍ਹਾਂ ਦਾ ਨਿੱਜੀ ਬੈਂਕਾਂ ਵਿਚ ਜਮ੍ਹਾਂ ਪੈਸਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਘਬਰਾ ਕੇ ਬੈਂਕਾਂ ਵਿਚੋਂ ਪੈਸੇ ਨਾ ਕਢਵਾਉਣ। ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀਗਤ ਕਮੇਟੀ (ਐਮ.ਪੀ.ਸੀ.) ਦੀ 24 ਤੋਂ ਲੈ ਕੇ 27 ਮਾਰਚ ਤਕ ਹੋਈ ਬੈਠਕ ਮਗਰੋਂ ਇਨ੍ਹਾਂ ਉਪਰਾਲਿਆਂ ਦਾ ਐਲਾਨ ਕੀਤਾ। ਉਂਜ ਇਹ ਤਿੰਨ ਦਿਨੀਂ ਬੈਠਕ ਅਪਰੈਲ ‘ਚ ਹੋਣੀ ਸੀ। ਪੰਜ ਸਾਲਾਂ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਐਮ.ਪੀ.ਸੀ. ਦੀ ਬੈਠਕ ਪਹਿਲਾਂ ਕੀਤੀ ਗਈ ਹੈ। ਰਿਜ਼ਰਵ ਬੈਂਕ ਨੇ ਰੈਪੋ ਦਰ 0.75 ਫੀਸਦੀ ਘਟਾ ਕੇ 5.15 ਫੀਸਦ ਤੋਂ 4.4 ਫੀਸਦੀ ਕਰ ਦਿੱਤੀ ਹੈ। ਉਧਰ, ਰਿਵਰਸ ਰੈਪੋ ਦਰ 0.90 ਫੀਸਦ ਘਟਾ ਕੇ ਇਹ 4 ਫੀਸਦੀ ਉਤੇ ਆ ਗਈ ਹੈ। ਰੈਪੋ ਦਰ ਉਹ ਹੁੰਦੀ ਹੈ ਜਿਸ ਉਤੇ ਰਿਜ਼ਰਵ ਬੈਂਕ ਥੋੜ੍ਹੇ ਸਮੇਂ ਲਈ ਬੈਂਕਾਂ ਨੂੰ ਨਕਦੀ ਉਪਲੱਬਧ ਕਰਵਾਉਂਦਾ ਹੈ। ਉਧਰ, ਰਿਵਰਸ ਰੈਪੋ ਦਰ ਰਾਹੀਂ ਉਹ ਬਾਜ਼ਾਰ ਤੋਂ ਵਾਧੂ ਨਕਦੀ ਦਾ ਪ੍ਰਬੰਧ ਕਰਦਾ ਹੈ। ਕਮੇਟੀ ਦੇ ਚਾਰ ਮੈਂਬਰਾਂ ਨੇ ਰੈਪੋ ਦਰ ਵਿਚ ਕਟੌਤੀ ਦੇ ਪੱਖ ‘ਚ ਜਦਕਿ ਦੋ ਨੇ ਵਿਰੋਧ ‘ਚ ਵੋਟਿੰਗ ਕੀਤੀ।
ਬੈਂਕਾਂ ਕੋਲ ਵਾਧੂ ਨਕਦੀ ਉਪਲੱਬਧ ਕਰਾਉਣ ਲਈ ਉਨ੍ਹਾਂ ਦੇ ਨਕਦੀ ਰਾਖਵੇਂ ਅਨੁਪਾਤ (ਸੀ.ਆਰ.ਆਰ.) ਨੂੰ ਇਕ ਫੀਸਦ ਘਟਾ ਕੇ ਤਿੰਨ ਫੀਸਦ ਕਰ ਦਿੱਤਾ ਗਿਆ ਹੈ। ਗਵਰਨਰ ਨੇ ਕਿਹਾ ਕਿ ਰੈਪੋ ਦਰ ‘ਚ ਕਮੀ ਨਾਲ ਕਰੋਨਾਵਾਇਰਸ ਮਹਾਮਾਰੀ ਦੇ ਅਰਥਚਾਰੇ ਉਤੇ ਪੈਣ ਵਾਲੇ ਅਸਰ ਨਾਲ ਨਜਿੱਠਣ ‘ਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਅਤੇ ਮੰਗ ਵਿਚ ਕਮੀ ਨਾਲ ਮੁੱਖ ਮਹਿੰਗਾਈ ਦਰ ਘਟੇਗੀ। ਉਨ੍ਹਾਂ ਖਬਰਦਾਰ ਕੀਤਾ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਅਰਥਚਾਰੇ ਉਤੇ ਅਸਰ ਪਵੇਗਾ ਅਤੇ ਆਲਮੀ ਮੰਦੀ ਦਾ ਖਦਸ਼ਾ ਵਧ ਗਿਆ ਹੈ।
ਸ੍ਰੀ ਦਾਸ ਨੇ ਕਿਹਾ ਕਿ ਜਨਵਰੀ ਤੋਂ ਮਾਰਚ ਦੀ ਤਿਮਾਹੀ ਦੌਰਾਨ ਜੀ.ਡੀ.ਪੀ. 4.7 ਫੀਸਦ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਸੀ ਪਰ ਹੁਣ ਮਹਾਮਾਰੀ ਕਾਰਨ 2019-29 ਦੇ ਵਿੱਤੀ ਵਰ੍ਹੇ ਦੌਰਾਨ ਵਿਕਾਸ ਦਰ 5 ਫੀਸਦੀ ਹਾਸਲ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਦੀ ਪ੍ਰਧਾਨਗੀ ਵਾਲੀ ਐਮ.ਪੀ.ਸੀ. ਨੇ ਬੇਯਕੀਨੀ ਵਾਲੇ ਆਰਥਿਕ ਮਾਹੌਲ ਨੂੰ ਦੇਖਦਿਆਂ ਅਗਲੇ ਸਾਲ ਲਈ ਆਰਥਿਕ ਵਿਕਾਸ ਦਰ ਅਤੇ ਮਹਿੰਗਾਈ ਦਰ ਬਾਰੇ ਕੋਈ ਅਨੁਮਾਨ ਨਹੀਂ ਜਤਾਇਆ ਹੈ। ਗਵਰਨਰ ਨੇ ਕਿਹਾ ਕਿ 2008 ਦੇ ਆਲਮੀ ਵਿੱਤੀ ਸੰਕਟ ਦੇ ਮੁਕਾਬਲੇ ਇਸ ਸਮੇਂ ਭਾਰਤੀ ਅਰਥਚਾਰਾ ਮਜ਼ਬੂਤ ਹੈ।
______________________________
ਵਿੱਤੀ ਪ੍ਰਣਾਲੀ ‘ਚ 3.74 ਲੱਖ ਕਰੋੜ ਦੀ ਨਕਦੀ ਆਵੇਗੀ
ਮੁੰਬਈ: ਕੋਵਿਡ-19 ਕਾਰਨ ਵਿੱਤੀ ਪ੍ਰਣਾਲੀ ਉਤੇ ਪੈ ਰਹੇ ਦਬਾਅ ਨਾਲ ਨਜਿੱਠਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸੰਸਥਾਵਾਂ ‘ਚ ਕਰੀਬ 3.74 ਲੱਖ ਕਰੋੜ ਰੁਪਏ ਦੀ ਵਾਧੂ ਨਕਦੀ ਦੇ ਪ੍ਰਵਾਹ ਦੇ ਪ੍ਰਬੰਧ ਕੀਤੇ ਹਨ। ਇਸ ਨਾਲ ਬੈਂਕਾਂ ਦੀ ਕਰਜ਼ ਦੇਣ ਦੀ ਸਮਰੱਥਾ ਵਧੇਗੀ। ਨਕਦੀ ਰਾਖਵੇਂ ਅਨੁਪਾਤ (ਸੀ.ਆਰ.ਆਰ.) ‘ਚ ਕਟੌਤੀ ਨਾਲ ਵੀ 1.37 ਲੱਖ ਕਰੋੜ ਰੁਪਏ ਦੀ ਵਾਧੂ ਨਕਦੀ ਆਉਣ ਦੀ ਉਮੀਦ ਹੈ।
______________________________
ਈ.ਐਮ.ਆਈ. ਦੇ ਭੁਗਤਾਨ ‘ਚ ਤਿੰਨ ਮਹੀਨਿਆਂ ਦੀ ਛੋਟ
ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਕਰਜ਼ ਦੇਣ ਵਾਲੇ ਵਿੱਤੀ ਸੰਸਥਾਨਾਂ ਨੂੰ ਕਿਹਾ ਹੈ ਕਿ ਗਾਹਕਾਂ ਨੂੰ ਕਰਜ਼ ਦੀ ਮਾਸਿਕ ਕਿਸ਼ਤ ਯਾਨੀ ਈ.ਐਮ.ਆਈ. ਦੇ ਭੁਗਤਾਨ ‘ਚ ਤਿੰਨ ਮਹੀਨੇ ਦੀ ਛੋਟ ਦਿੱਤੀ ਜਾਵੇ। ਆਰ.ਬੀ.ਆਈ. ਨੇ ਬੈਂਕਾਂ ਨੂੰ ਕਾਰਜਸ਼ੀਲ ਪੂੰਜੀ ਲਈ ਦਿੱਤੇ ਗਏ ਕਰਜ਼ਿਆਂ ‘ਤੇ ਵਿਆਜ ਤਿੰਨ ਮਹੀਨੇ (ਜੂਨ ਤਕ) ਮੁਲਤਵੀ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ। ਇਨ੍ਹਾਂ ਕਦਮਾਂ ਨਾਲ ਉਨ੍ਹਾਂ ਲੋਕਾਂ ਅਤੇ ਇਕਾਈਆਂ ਨੂੰ ਰਾਹਤ ਮਿਲੇਗੀ ਜੋ ਆਰਥਿਕ ਸਰਗਰਮੀਆਂ ਠੱਪ ਹੋਣ ਕਾਰਨ ਪ੍ਰਭਾਵਿਤ ਹੋਏ ਹਨ।