ਕਰੋਨਾ ਰਾਹਤ: ਮੋਦੀ ਸਰਕਾਰ ਵਲੋਂ ਲੋੜਵੰਦਾਂ ਲਈ 1.70 ਲੱਖ ਕਰੋੜ ਦਾ ਪੈਕੇਜ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਰੋਨਾਵਾਇਰਸ ਫੈਲਣ ਕਾਰਨ ਸਮਾਜ ਦੇ ਕਮਜ਼ੋਰ ਵਰਗਾਂ ਉਤੇ ਡਿੱਗੀ ਗਾਜ ਮਗਰੋਂ ਉਨ੍ਹਾਂ ਲਈ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਰਾਹਤ ਪੈਕੇਜ ਦਾ ਐਲਾਨ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਲਾਭ ਪਰਵਾਸੀ ਮਜ਼ਦੂਰਾਂ, ਦਿਹਾੜੀਦਾਰਾਂ, ਪੇਂਡੂ ਗਰੀਬਾਂ ਅਤੇ ਔਰਤਾਂ ਨੂੰ ਹੋਵੇਗਾ। ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਅੰਤਿਮ ਰਾਹਤ ਪੈਕੇਜ ਨਹੀਂ ਹੈ

ਅਤੇ ਇਹ ਸਿਰਫ ਬਹੁਤ ਜ਼ਿਆਦਾ ਗਰੀਬ ਵਿਅਕਤੀਆਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਹਾਰਾ ਦੇਣ ਲਈ ਹੈ। ਪਹਿਲਾਂ ਉਮੀਦ ਲਗਾਈ ਜਾ ਰਹੀ ਸੀ ਕਿ ਸਰਕਾਰ ਸਨਅਤ ਲਈ ਵੀ ਕੋਈ ਰਾਹਤ ਭਰੇ ਕਦਮ ਐਲਾਨ ਸਕਦੀ ਹੈ। ਸੀਤਾਰਾਮਨ ਨੇ ਕਿਹਾ,”ਅਸੀਂ ਕਿਸੇ ਨੂੰ ਭੁੱਖਾ ਨਹੀਂ ਦੇਖਣਾ ਚਾਹੁੰਦੇ। ਇਸ ਕਰਕੇ ਅਸੀਂ ਇੰਨਾ ਕੁ ਪ੍ਰਬੰਧ ਕੀਤਾ ਹੈ ਜਿਸ ਨਾਲ ਉਹ ਆਪਣੇ ਭੋਜਨ ਦੀ ਲੋੜ ਨੂੰ ਪੂਰਾ ਕਰ ਸਕਣ।”
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕੋਵਿਡ-19 ਦੇ ਮਰੀਜ਼ਾਂ ਨਾਲ ਜੂਝ ਰਹੇ ਸੈਨੀਟੇਸ਼ਨ ਵਰਕਰਾਂ, ਆਸ਼ਾ ਵਰਕਰਾਂ, ਪੈਰਾ-ਮੈਡੀਕਲ ਸਟਾਫ, ਨਰਸਾਂ ਅਤੇ ਡਾਕਟਰਾਂ ਦਾ ਕੇਂਦਰ ਨੇ 50-50 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਵਾਧੂ 5 ਕਿਲੋ ਚੌਲ ਜਾਂ ਆਟਾ ਮੁਫਤ ਮਿਲੇਗਾ। ਇਸ ਤੋਂ ਇਲਾਵਾ ਇਕ-ਇਕ ਕਿਲੋ ਦਾਲ ਵੀ ਦਿੱਤੀ ਜਾਵੇਗੀ। ਇਸ ਯੋਜਨਾ ਦਾ 80 ਕਰੋੜ ਵਿਅਕਤੀਆਂ ਨੂੰ ਲਾਭ ਮਿਲੇਗਾ। ਮੌਜੂਦਾ ਯੋਜਨਾ ਤਹਿਤ ਮਿਲਦਾ ਰਾਸ਼ਨ ਪਹਿਲਾਂ ਵਾਂਗ ਹੀ ਜਾਰੀ ਰਹੇਗਾ।
ਸ੍ਰੀਮਤੀ ਸੀਤਾਰਾਮਨ ਨੇ ਦੱਸਿਆ ਕਿ ਸਰਕਾਰ ਵਲੋਂ ਤਿੰਨ ਕਰੋੜ ਸੀਨੀਅਰ ਸਿਟੀਜ਼ਨਜ਼ ਦੇ ਖਾਤਿਆਂ ‘ਚ ਦੋ ਕਿਸ਼ਤਾਂ ਵਿਚ ਇਕ ਹਜ਼ਾਰ ਰੁਪਏ ਪਾਏ ਜਾਣਗੇ। ਉੱਜਵਲਾ ਰਸੋਈ ਗੈਸ ਕੁਨੈਕਸ਼ਨ ਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਤਕ ਐਲ਼ਪੀ.ਜੀ. ਸਿਲੰਡਰ ਮੁਫਤ ਮਿਲਣਗੇ। ਇਸ ਦਾ ਲਾਭ 8 ਕਰੋੜ ਔਰਤਾਂ ਨੂੰ ਹੋਵੇਗਾ। ਦੀਨਦਯਾਲ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਤਹਿਤ 63 ਲੱਖ ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ 20-20 ਲੱਖ ਰੁਪਏ ਦੇ ਕਰਜ਼ੇ ਬਿਨਾਂ ਵਿਆਜ ਤੋਂ ਦਿੱਤੇ ਜਾਣਗੇ। ਇਸ ਸਮੇਂ ਇਸ ਯੋਜਨਾ ਤਹਿਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਂਦਾ ਹੈ। ਇਸ ਨਾਲ ਸੱਤ ਕਰੋੜ ਘਰਾਂ ਨੂੰ ਲਾਭ ਹੋਵੇਗਾ।
ਰਾਹਤ ਦੇ ਇਕ ਹੋਰ ਕਦਮ ਤਹਿਤ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ 100 ਤੋਂ ਘੱਟ ਮੁਲਾਜ਼ਮਾਂ ਵਾਲੇ ਅਦਾਰੇ ਅਤੇ ਜਿਨ੍ਹਾਂ ਦੇ 90 ਫੀਸਦੀ ਕਰਮਚਾਰੀਆਂ ਦੀ ਤਨਖਾਹ 15 ਹਜ਼ਾਰ ਰੁਪਏ ਮਹੀਨੇ ਤੋਂ ਘੱਟ ਹੈ, ਉਨ੍ਹਾਂ ਦੀ ਸਹਾਇਤਾ ਲਈ ਕੰਪਨੀ ਅਤੇ ਮੁਲਾਜ਼ਮਾਂ ਦੇ ਪੂਰੇ 24 ਫੀਸਦੀ ਈ.ਪੀ.ਐਫ਼ ਯੋਗਦਾਨ ਦਾ ਖਰਚਾ ਸਰਕਾਰ ਤਿੰਨ ਮਹੀਨਿਆਂ ਲਈ ਸਹਿਣ ਕਰੇਗੀ। ਸੰਗਠਿਤ ਖੇਤਰ ਲਈ ਈ.ਪੀ.ਐਫ਼ਓ. ਨੇਮਾਂ ‘ਚ ਸੋਧ ਕੀਤੀ ਜਾਵੇਗੀ ਤਾਂ ਜੋ ਮੁਲਾਜ਼ਮ 75 ਫੀਸਦੀ ਫੰਡ ਨਾ-ਮੋੜਨਯੋਗ ਐਡਵਾਂਸ ਜਾਂ ਤਿੰਨ ਮਹੀਨਿਆਂ ਦੀ ਅਗਾਊਂ ਤਨਖਾਹ ਦੇ ਰੂਪ ਵਿਚ, ਜਿਹੜਾ ਵੀ ਘੱਟ ਹੋਵੇਗਾ, ਲੈ ਸਕਣਗੇ। ਇਸ ਤੋਂ ਇਲਾਵਾ ਕਰੀਬ ਸਾਢੇ ਤਿੰਨ ਕਰੋੜ ਰਜਿਸਟਰਡ ਇਮਾਰਤ ਅਤੇ ਉਸਾਰੀ ਕਾਮਿਆਂ ਨੂੰ 31 ਹਜ਼ਾਰ ਕਰੋੜ ਰੁਪਏ ਦੇ ਭਲਾਈ ਫੰਡਾਂ ‘ਚੋਂ ਸਹਾਇਤਾ ਦਿੱਤੀ ਜਾਵੇਗੀ।
______________________________
ਖੁਰਾਕੀ ਪਦਾਰਥਾਂ ਦਾ ਮਹੀਨਾਵਾਰ ਕੋਟਾ ਦੋ ਕਿਲੋ ਵਧਾਇਆ
ਨਵੀਂ ਦਿੱਲੀ: ਮੁਲਕ ਭਰ ਵਿਚ ਬੰਦ ਦੌਰਾਨ ਖੁਰਾਕੀ ਪਦਾਰਥਾਂ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਨੇ ਸਬਸਿਡੀ ਤਹਿਤ ਆਉਂਦੇ ਪਦਾਰਥਾਂ ਦਾ ਮਹੀਨੇਵਾਰ ਕੋਟਾ 2 ਕਿਲੋਗ੍ਰਾਮ ਪ੍ਰਤੀ ਵਿਅਕਤੀ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਰਾਸ਼ਨ ਡਿਪੂ ਤੋਂ ਪ੍ਰਤੀ ਵਿਅਕਤੀ ਸੱਤ ਕਿਲੋਗ੍ਰਾਮ ਰਾਸ਼ਨ ਮਿਲੇਗਾ। ਇਸ ਸਕੀਮ ਤਹਿਤ 80 ਕਰੋੜ ਲਾਭਪਾਤਰੀ ਆਉਂਦੇ ਹਨ। ਕਣਕ ਦੋ ਰੁਪਏ ਪ੍ਰਤੀ ਕਿਲੋ ਤੇ ਚੌਲ ਤਿੰਨ ਰੁਪਏ ਪ੍ਰਤੀ ਕਿਲੋ ਦੇ ਭਾਅ ਮਿਲਣਗੇ। ਸਾਰੇ ਰਾਜਾਂ ਨੂੰ ਕੇਂਦਰ ਤੋਂ ਰਾਸ਼ਨ ਅਗਾਊਂ ਲੈਣ ਲਈ ਲਿਖ ਦਿੱਤਾ ਗਿਆ ਹੈ। ਇਸ ਨੂੰ ਜਨਤਕ ਵੰਡ ਪ੍ਰਣਾਲੀ ਤਹਿਤ ਵੰਡਿਆ ਜਾਵੇਗਾ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ‘ਚ ਲਿਆ ਗਿਆ ਹੈ। ਖੁਰਾਕੀ ਭੰਡਾਰ ਐਫ਼ਸੀ.ਆਈ. ਅਧੀਨ ਹਨ।
______________________________
ਐਡਵਾਂਸ ਮਿਲੇਗੀ ਤਿੰਨ ਮਹੀਨੇ ਦੀ ਪੈਨਸ਼ਨ
ਨਵੀਂ ਦਿੱਲੀ: ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ 21 ਦਿਨਾਂ ਦੇ ਕੀਤੇ ਗਏ ਦੇਸ਼ਵਿਆਪੀ ਲੌਕਡਾਊਨ ਦੌਰਾਨ ਕੇਂਦਰ ਸਰਕਾਰ ਵਲੋਂ ਵਿਧਵਾ, ਬਜ਼ੁਰਗ ਤੇ ਅੰਗਹੀਣ ਪੈਨਸ਼ਨ ਦੇ ਕਰੀਬ ਤਿੰਨ ਕਰੋੜ ਲਾਭਪਾਤਰੀਆਂ ਨੂੰ ਤਿੰਨ ਮਹੀਨਿਆਂ ਦੀ ਪੈਨਸ਼ਨ ਐਡਵਾਂਸ ਵਿਚ ਦਿੱਤੀ ਜਾਵੇਗੀ। ਇਹ ਐਡਵਾਂਸ ਪੈਨਸ਼ਨ ਅਪਰੈਲ ਦੇ ਪਹਿਲੇ ਹਫਤੇ ਵਿਚ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੌਮੀ ਸਮਾਜਿਕ ਸਹਾਇਤਾ ਪ੍ਰੋਗਰਾਮ ਤਹਿਤ ਗਰੀਬ ਬਜ਼ੁਰਗਾਂ, ਵਿਧਵਾਵਾਂ ਤੇ ਅੰਗਹੀਣ ਵਿਅਕਤੀਆਂ ਨੂੰ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ। ਇਹ ਪ੍ਰੋਗਰਾਮ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਅਧਿਕਾਰੀਆਂ ਅਨੁਸਾਰ ਇਸ ਪ੍ਰੋਗਰਾਮ ਅਧੀਨ 2.98 ਕਰੋੜ ਲਾਭਪਾਤਰੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪੈਨਸ਼ਨ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ।