ਸਿਹਤ ਪੱਖੋਂ ਕਮਜ਼ੋਰ ਬਣਦੇ ਨੇ ਕਰੋਨਾ ਵਾਇਰਸ ਦਾ ਨਿਸ਼ਾਨਾ

ਨਵੀਂ ਦਿੱਲੀ: ਭਾਰਤ ਵਿਚ ਹੁਣ ਤੱਕ ਕਰੋਨਾ ਵਾਇਰਸ ਨਾਲ 22 ਮੌਤਾਂ ਹੋ ਚੁੱਕੀਆਂ ਹਨ, ਪਹਿਲੀ ਮੌਤ ਕਰਨਾਟਕ ਵਿਚ 12 ਮਾਰਚ ਨੂੰ ਰਿਪੋਰਟ ਹੋਈ ਸੀ। ਇਹ 76 ਸਾਲਾ ਆਦਮੀ ਹਾਈਪਰਟੈਂਸ਼ਨ, ਅਸਥਮਾ (ਸਾਹ ਦੀ ਤਕਲੀਫ਼) ਤੇ ਸ਼ੂਗਰ ਨਾਲ ਪੀੜਤ ਸੀ। ਦੂਜੀ ਮੌਤ ਇਕ ਔਰਤ (68 ਸਾਲਾ) ਦੀ ਦਿੱਲੀ ਵਿਚ 13 ਮਾਰਚ ਨੂੰ ਹੋਈ, ਉਹ ਵੀ ਹਾਈਪਰਟੈਂਸ਼ਨ ਤੇ ਸ਼ੂਗਰ ਦੀ ਮਰੀਜ਼ ਸੀ।

ਉਹ ਸਵਿਟਰਜ਼ਲੈਂਡ ਤੋਂ ਪਰਤੇ ਆਪਣੇ ਪੁੱਤਰ ਦੇ ਸੰਪਰਕ ਵਿਚ ਆਈ ਸੀ। ਉਹ ਪੰਜ ਤੋਂ 22 ਫਰਵਰੀ ਦੌਰਾਨ ਇਟਲੀ ਵਿਚ ਵੀ ਸੀ। ਭਾਰਤ ਉਹ 23 ਫਰਵਰੀ ਨੂੰ ਆਇਆ ਸੀ ਤੇ ਬੀਮਾਰੀ ਦਾ ਕੋਈ ਲੱਛਣ ਨਹੀਂ ਸੀ। ਬਜ਼ੁਰਗ ਮਾਂ ਨੂੰ ਕਰੋਨਾ ਦੀ ਲਾਗ ਆਪਣੇ ਪੁੱਤਰ ਮਤਲਬ ਇਕ ਪੁਰਸ਼ ਤੋਂ ਲੱਗੀ। ਇਕ ਹੋਰ ਮੌਤ 22 ਮਾਰਚ ਨੂੰ ਬਿਹਾਰ ‘ਚ ਹੋਈ। ਉਸ ਨੂੰ ਵੀ ਕਿਡਨੀ ਨਾਲ ਜੁੜੀ ਬੀਮਾਰੀ ਸੀ ਤੇ ਉਹ ਕਤਰ ਤੋਂ ਪਰਤਿਆ ਸੀ। ਮਹਾਰਾਸ਼ਟਰ ਵਿਚ ਇਕੋ ਹਫਤੇ ਵਿਚ ਚਾਰ ਮੌਤਾਂ ਹੋਈਆਂ। ਦੋ ਵਿਅਕਤੀ 63 ਸਾਲ ਦੇ ਤੇ ਇਕ 65 ਵਰ੍ਹਿਆਂ ਦਾ ਸੀ। ਇਕ ਹੋਰ ਵਿਅਕਤੀ ਵੀ ਕਰੀਬ 60 ਸਾਲਾਂ ਦਾ ਸੀ। ਇਨ੍ਹਾਂ ਤਿੰਨਾਂ ਨੂੰ ਵੀ ਬਲੱਡ ਪ੍ਰੈੱਸ਼ਰ, ਸ਼ੂਗਰ ਤੇ ਦਿਲ ਦੇ ਰੋਗ ਸਨ। ਪੰਜਾਬ ਵਿਚ ਜਰਮਨੀ ਤੋਂ ਪਰਤੇ ਜਿਸ ਬਜ਼ੁਰਗ (72 ਸਾਲ) ਦੀ ਮੌਤ ਹੋਈ ਉਹ ਇਟਲੀ ਹੁੰਦਾ ਹੋਇਆ ਜਰਮਨੀ ਤੋਂ ਪਰਤਿਆ ਸੀ। ਕੋਲਕਾਤਾ ਵਿਚ 55 ਸਾਲਾ ਵਿਅਕਤੀ ਸੋਮਵਾਰ ਜੋ ਕਰੋਨਾ ਵਾਇਰਸ ਤੋਂ ਪੀੜਤ ਸੀ, ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਅਮਰੀਕਾ ਤੋਂ ਪਰਤੇ ਜਿਸ ਤਿੱਬਤੀ ਮੂਲ ਦੇ ਵਿਅਕਤੀ ਦੀ ਮੌਤ ਹਾਲ ਹੀ ਵਿਚ ਹੋਈ ਹੈ, ਉਸ ਦੀ ਉਮਰ 69 ਵਰ੍ਹੇ ਸੀ।
ਇਹ ਸਾਰੇ ਪੁਰਸ਼ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੱਛਮੀ ਬੰਗਾਲ ਵਿਚ ਕਰੋਨਾ ਨਾਲ ਹਲਾਕ ਹੋਇਆ 57 ਸਾਲਾ ਵਿਅਕਤੀ ਵੀ ਪੁਰਸ਼ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿਚ ਇਕ ਗੱਲ ਸਾਂਝੀ ਹੈ ਕਿ ਲਗਭਗ ਸਾਰੇ ਪੁਰਸ਼ ਹਨ, 50-75 ਸਾਲ ਉਮਰ ਵਰਗ ਦੇ ਹਨ, ਸਾਰੇ ਇਕ-ਦੋ ਬੀਮਾਰੀਆਂ ਤੋਂ ਪੀੜਤ ਸਨ ਤੇ ਦਵਾਈ ਲੈ ਰਹੇ ਸਨ। ਬਿਹਾਰ ਵਿਚ ਮਰਨ ਵਾਲਾ ਸਿਰਫ ਇਕ ਵਿਅਕਤੀ ਥੋੜ੍ਹੀ ਹਲਕੀ ਉਮਰ ਦਾ ਹੈ। ਗੁਰੂਗ੍ਰਾਮ ਦੇ ਇਕ ਹਸਪਤਾਲ ਦੇ ਡਾ. ਪੀ. ਵੈਂਕਟ ਕ੍ਰਿਸ਼ਨਨ ਨੇ ਕਿਹਾ ਕਿ ਵਡੇਰੀ ਉਮਰ ਵਿਚ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਵਾਇਰਸ (ਇਨਫੈਕਸ਼ਨ) ਨਾਲ ਸਿੱਝਣ ਦੀ ਸਮਰੱਥਾ ਘਟਦੀ ਹੈ। ਉਨ੍ਹਾਂ ਵਿਚ ਬੀਮਾਰੀ ਤੋਂ ਬਚਣ ਬਾਰੇ ਬਹੁਤੀ ਜਾਗਰੂਕਤਾ ਵੀ ਨਹੀਂ ਹੁੰਦੀ ਤੇ ਕਿਸੇ ਨਾ ਕਿਸੇ ਬੀਮਾਰੀ ਦੀ ਦਵਾਈ ਪਹਿਲਾਂ ਹੀ ਲੈ ਰਹੇ ਹੁੰਦੇ ਹਨ।
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼-ਦਿੱਲੀ) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਜਿਹੜਾ ਡੇਟਾ ਚੀਨ ਤੋਂ ਮਿਲਿਆ ਹੈ, ਉਸ ਦੀ ਸਮੀਖਿਆ ਕਰਨ ਉਤੇ ਸਾਹਮਣੇ ਆਇਆ ਹੈ ਕਿ ਮਹਿਲਾਵਾਂ ਨਾਲੋਂ ਪੁਰਸ਼ ਇਸ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਹਨ। ਉਨ੍ਹਾਂ ਨੂੰ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਜਾਪਦਾ ਹੈ। ਭਾਰਤ ਵਿਚ ਇਹੀ ਵਾਪਰ ਰਿਹਾ ਹੈ। ਸਿਰਫ ਇਕ ਔਰਤ ਨੂੰ ਛੱਡ ਬਾਕੀ ਸਾਰੇ ਪੁਰਸ਼ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਕਿਸੇ ਠੋਸ ਨਤੀਜੇ ਉਤੇ ਪਹੁੰਚਣ ਲਈ ਹਾਲੇ ਹੋਰ ਡੇਟਾ ਦੀ ਲੋੜ ਪਵੇਗੀ।
_________________________________
ਮਈ ਅੱਧ ਤੱਕ ਭਾਰਤ ‘ਚ 13 ਲੱਖ ਕੇਸ?
ਨਵੀਂ ਦਿੱਲੀ: ਇੰਟਰਨੈਸ਼ਨਲ ਟੀਮ ਆਫ ਸਾਇੰਟਿਸਟਸ ਨਾਂ ਦੇ ਸਟੱਡੀ ਗਰੁੱਪ ਨੇ ਆਪਣੀ ਇਕ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਭਾਰਤ ਵਿਚ ਕੋਵਿਡ-19 ਦੇ ਕੇਸਾਂ ਵਿਚ ਵਾਧੇ ਦਾ ਮੌਜੂਦਾ ਰੁਝਾਨ ਇੰਜ ਹੀ ਜਾਰੀ ਰਹਿੰਦਾ ਹੈ ਤਾਂ ਮਈ ਅੱਧ ਵਿਚ ਕਰੋਨਾ ਵਾਇਰਸ ਦੇ ਪੱਕੇ ਕੇਸਾਂ ਦੀ ਗਿਣਤੀ ਇਕ ਲੱਖ ਤੋਂ 13 ਲੱਖ ਦਰਮਿਆਨ ਹੋ ਸਕਦੀ ਹੈ। ਇਸ ਅਧਿਐਨ ਗਰੁੱਪ ਦੇ ਖੋਜਾਰਥੀਆਂ ਦੀ ਅੰਤਰ-ਅਨੁਸ਼ਾਸਨੀ ਟੀਮ ਵਲੋਂ ਤਿਆਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਹਾਲਾਂਕਿ ਇਸ ਮਹਾਮਾਰੀ ਦੇ ਸ਼ੁਰੂਆਤੀ ਗੇੜ ਵਿਚ ਅਮਰੀਕਾ ਤੇ ਇਟਲੀ ਜਿਹੇ ਹੋਰਨਾਂ ਮੁਲਕਾਂ ਦੇ ਮੁਕਾਬਲੇ ਕਰੋਨਾ ਵਾਇਰਸ ਲਾਗ ਦੇ ਪੱਕੇ ਕੇਸਾਂ ਨੂੰ ਕੰਟਰੋਲ ਕਰਨ ਵਿਚ ਬਿਹਤਰ ਕੰਮ ਕੀਤਾ ਹੈ, ਪਰ ਭਾਰਤ ਨੇ ਮੁਲਾਂਕਣ ਦੌਰਾਨ ‘ਲਾਗ ਨਾਲ ਪੀੜਤ ਅਸਲ ਕੇਸਾਂ ਦੀ ਗਿਣਤੀ’ ਦੇ ਅਹਿਮ ਹਿੱਸੇ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਵਿਗਿਆਨੀਆਂ ਨੇ ਰਿਪੋਰਟ ਵਿਚ ਲਿਖਿਆ ਕਿ ਹੁਣ ਤੱਕ ਭਾਰਤ ਵਿਚ ਗਿਣਤੀ ਪੱਖੋਂ ਜਿੰਨੇ ਕੁ ਲੋਕਾਂ ਦਾ ਟੈਸਟ ਕੀਤਾ ਗਿਆ ਹੈ, ਉਹ ਮੁਕਾਬਲਤਨ ਬਹੁਤ ਛੋਟਾ ਹੈ। ਵਿਸਥਾਰਤ ਟੈਸਟਿੰਗ ਦੀ ਅਣਹੋਂਦ ਵਿਚ ‘ਕਮਿਊਨਿਟੀ ਟਰਾਂਸਮਿਸ਼ਨ’ ਦੇ ਆਕਾਰ ਦਾ ਪਤਾ ਲਾਉਣਾ ਲਗਭਗ ਨਾਮੁਮਕਿਨ ਹੈ। ਵਿਗਿਆਨੀਆਂ ਨੇ ਆਪਣੇ ਮੁਲਾਂਕਣ ਲਈ ਭਾਰਤ ਵਿਚ 16 ਮਾਰਚ ਤੱਕ ਰਿਪੋਰਟ ਹੋਏ ਕੇਸਾਂ ਦਾ ਡੇਟਾ ਵਰਤੋਂ ਵਿਚ ਲਿਆਉਂਦੇ ਹਨ।
_________________________________
ਪੰਜ ਮਿੰਟਾਂ ‘ਚ ਹੋ ਸਕੇਗਾ ਕਰੋਨਾ ਟੈਸਟ
ਵਾਸ਼ਿੰਗਟਨ: ਅਮਰੀਕਾ ਅਧਾਰਿਤ ਲੈਬ ਨੇ ਇਕ ਪੋਰਟੇਬਲ ਟੈਸਟ ਉਪਕਰਨ (ਅਸਾਨੀ ਨਾਲ ਇਕ ਤੋਂ ਦੂਜੀ ਥਾਂ ਲਿਜਾ ਸਕਣ ਵਾਲਾ) ਜਾਰੀ ਕੀਤਾ ਹੈ ਤੇ ਸਿਰਫ ਪੰਜ ਮਿੰਟ ਵਿਚ ਉਹ ਕੋਵਿਡ-19 ਪਾਜ਼ੇਟਿਵ ਹੋਣ ਬਾਰੇ ਜਾਣਕਾਰੀ ਦੇਣ ਦੇ ਸਮਰੱਥ ਹੈ। ਐੱਬਟ ਲੈਬਾਰਟਰੀਜ਼ ਨੇ ਕਿਹਾ ਹੈ ਕਿ ਅਮਰੀਕੀ ਖੁਰਾਕ ਤੇ ਡਰੱਗ ਅਥਾਰਿਟੀ (ਐਫ਼ਡੀ.ਏ.) ਨੇ ਇਸ ਟੈਸਟ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਹੈ। ਅਗਲੇ ਹਫਤੇ ਤੋਂ ਇਹ ਟੈਸਟ ਕਿੱਟ ਸਿਹਤ ਸੰਭਾਲ ਵਿਚ ਜੁਟੇ ਹੋਏ ਮੁਲਾਜ਼ਮਾਂ ਤੇ ਅਥਾਰਿਟੀ ਨੂੰ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਟੈਸਟ ਉਪਕਰਨ ਛੋਟੇ ਜਿਹੇ ਟੋਸਟਰ ਵਰਗਾ ਹੈ ਤੇ ਮੌਲੀਕਿਊਲਰ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਟੈਸਟ ਦਾ ਨਤੀਜਾ ਜੇਕਰ ਨੈਗੇਟਿਵ ਹੋਵੇਗਾ ਤਾਂ ਵੀ ਇਹ ਸਿਰਫ 13 ਮਿੰਟ ਵਿਚ ਦੱਸ ਦੇਵੇਗਾ।