ਕਾਬੁਲ ਗੁਰਦੁਆਰੇ ‘ਚ ਫਿਦਾਈਨ ਹਮਲਾ, 25 ਸਿੱਖ ਹਲਾਕ

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸਥਿਤ ਇਕ ਗੁਰਦੁਆਰੇ ਉਤੇ ਭਾਰੀ ਅਸਲੇ ਨਾਲ ਲੈਸ ਬੰਦੂਕਧਾਰੀ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਕਰੀਬ 25 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਸ਼ੋਰ ਬਾਜ਼ਾਰ ਖੇਤਰ ਵਿਚ ਸਥਿਤ ਗੁਰਦੁਆਰੇ ਵਿਚ ਸਵੇਰੇ 7.45 (ਸਥਾਨਕ ਸਮੇਂ ਅਨੁਸਾਰ) ਵਜੇ ਹਮਲਾ ਕੀਤਾ। ਉਸ ਵੇਲੇ ਗੁਰਦੁਆਰੇ ਦੀ ਇਮਾਰਤ ਵਿਚ 150 ਸ਼ਰਧਾਲੂ ਮੌਜੂਦ ਸਨ। ਟੋਲੋ ਨਿਊਜ਼ ਦੀ ਖਬਰ ਅਨੁਸਾਰ ਕਾਬੁਲ ਦੇ ਗੁਰਦੁਆਰੇ ਉਤੇ ਹੋਏ ਫਿਦਾਈਨ ਹਮਲੇ ਵਿਚ ਕਰੀਬ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜਖਮੀ ਹੋ ਗਏ। ਇਸ ਹਮਲੇ ਤੋਂ ਬਾਅਦ ਅਫਗਾਨ ਵਿਸ਼ੇਸ਼ ਬਲਾਂ ਤੇ ਹਮਲਾਵਰਾਂ ਵਿਚਾਲੇ ਕਰੀਬ ਛੇ ਘੰਟੇ ਚੱਲੀ ਜੰਗ ਤੋਂ ਬਾਅਦ ਚਾਰੇ ਹਮਲਾਵਰਾਂ ਨੂੰ ਮਾਰ ਦਿੱਤਾ। ਪਹਿਲਾਂ ਵੀ ਸਿੱਖਾਂ ਨੂੰ ਨਿਸ਼ਾਨਾ ਬਣਾ ਚੁੱਕੇ ਆਈ.ਐਸ਼ਆਈ.ਐਸ਼ ਦਹਿਸ਼ਤਗਰਦ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਖਾਮਾ ਪ੍ਰੈੱਸ ਨਿਊਜ਼ ਏਜੰਸੀ ਅਨੁਸਾਰ ਗਰੁੱਪ ਨੇ ਇਕ ਬਿਆਨ ਜਾਰੀ ਕਰ ਕੇ ਇਹ ਪੁਸ਼ਟੀ ਕੀਤੀ ਹੈ ਕਿ ਉਸ ਦੇ ਮੈਂਬਰਾਂ ਨੇ ਹੀ ਕਾਬੁਲ ਵਿਚ ਸਿੱਖਾਂ ਉਤੇ ਹਮਲਾ ਕੀਤਾ ਹੈ।
ਘਟਨਾ ਸਥਾਨ ਦੀਆਂ ਤਸਵੀਰਾਂ ਵਿਚ ਸੁਰੱਖਿਆ ਬਲ ਜ਼ਖਮੀ ਲੋਕਾਂ ਨੂੰ ਸਟ੍ਰੈਚਰ ‘ਤੇ ਲਿਜਾਂਦੇ ਹੋਏ ਦਿਖ ਰਹੇ ਹਨ। ਅਫਗਾਨਿਸਤਾਨ ਦੇ ਕੁਝ ਮੀਡੀਆ ਅਦਾਰਿਆਂ ਵਲੋਂ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿਚ ਪੀੜਤਾਂ ਦੇ ਪਰਿਵਾਰਕ ਮੈਂਬਰ ਇਕ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ। ਕਾਬੁਲ ਪੁਲਿਸ ਅਨੁਸਾਰ ਗੁਰਦੁਆਰੇ ਵਿਚੋਂ ਕਰੀਬ 11 ਬੱਚਿਆਂ ਨੂੰ ਬਚਾਇਆ ਗਿਆ ਹੈ। ਸਿੱਖ ਕਾਨੂੰਨਸਾਜ਼ ਨਰਿੰਦਰ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਵੇਲੇ ਇਹ ਹਮਲਾ ਹੋਇਆ, ਉਸ ਵੇਲੇ ਗੁਰਦੁਆਰੇ ਦੇ ਅੰਦਰ ਕਰੀਬ 150 ਲੋਕ ਸਨ। ਗੁਰਦੁਆਰੇ ਅੰਦਰ ਫਸੇ ਹੋਏ ਇਕ ਸ਼ਰਧਾਲੂ ਨੇ ਹੀ ਉਨ੍ਹਾਂ ਨੂੰ ਹਮਲੇ ਬਾਰੇ ਸੂਚਨਾ ਦਿੱਤੀ ਸੀ। ਉਹ ਉਸੇ ਵੇਲੇ ਲੋਕਾਂ ਦੀ ਮਦਦ ਲਈ ਨਿਕਲ ਪਏ।
ਇਸ ਤੋਂ ਪਹਿਲਾਂ ਇਸ ਦੇਸ਼ ਦੇ ਮੁੱਖ ਅਤਿਵਾਦੀ ਸੰਗਠਨ ‘ਤਾਲਿਬਾਨ’ ਨੇ ਹਮਲੇ ਵਿਚ ਸ਼ਮੂਲੀਅਤ ਤੋਂ ਇਨਕਾਰ ਕੀਤਾ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਇਕ ਬਿਆਨ ਵਿਚ ਕਿਹਾ ਕਿ ਕਾਬੁਲ ਦੇ ਸ਼ੋਰ ਬਾਜ਼ਾਰ ਖੇਤਰ ਵਿਚ ਹੋਏ ਹਮਲੇ ਨਾਲ ਸੰਗਠਨ ਦਾ ਕੋਈ ਸਬੰਧ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2018 ਵਿਚ ਜਲਾਲਾਬਾਦ ਸ਼ਹਿਰ ‘ਚ ਸਿੱਖਾਂ ਤੇ ਹਿੰਦੂਆਂ ਦੀ ਇਕੱਤਰਤਾ ਵਿਚ ਆਈ.ਐਸ਼ਆਈ.ਐਸ਼ ਦੇ ਮੈਂਬਰਾਂ ਵਲੋਂ ਬੰਬ ਸੁੱਟਿਆ ਗਿਆ ਸੀ, ਜਿਸ ਵਿਚ 19 ਵਿਅਕਤੀ ਹਲਾਕ ਹੋ ਗਏ ਸਨ ਅਤੇ 20 ਜਣੇ ਜ਼ਖਮੀ ਹੋ ਗਏ ਸਨ।
__________________________
ਕੈਪਟਨ ਤੇ ਹਰਸਿਮਰਤ ਵਲੋਂ ਹਮਲੇ ਦੀ ਨਿਖੇਧੀ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਬੁਲ ਦੇ ਗੁਰਦੁਆਰੇ ‘ਚ ਹੋਏ ਫਿਦਾਈਨ ਹਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਕੈਪਟਨ ਨੇ ਟਵੀਟ ਕਰਕੇ ਹਮਲੇ ਨੂੰ ਮੰਦਭਾਗਾ ਅਤੇ ਦਰਦਨਾਕ ਕਰਾਰ ਦਿੱਤਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਕਿਹਾ ਕਿ ਉਹ ਭਾਰਤੀ ਹਾਈ ਕਮਿਸ਼ਨ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ।
__________________________
ਯੂ. ਐਨ. ਤੇ ਅਮਰੀਕਾ ਵਲੋਂ ਕਾਬੁਲ ਹਮਲੇ ਦੀ ਨਿੰਦਾ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਲੰਘੇ ਦਿਨੀਂ ਕਾਬੁਲ ਦੇ ਗੁਰਦੁਆਰੇ ‘ਤੇ ਫਿਦਾਈਨ ਹਮਲੇ ਦੀ ਨਿਖੇਧੀ ਕੀਤੀ ਹੈ। ਹਮਲੇ ਵਿਚ 25 ਵਿਅਕਤੀ ਹਲਾਕ ਤੇ ਅੱਠ ਹੋਰ ਜਖਮੀ ਹੋ ਗਏ ਸਨ। ਯੂਐਨ ਮੁਖੀ ਨੇ ਜ਼ੋਰ ਦੇ ਕੇ ਆਖਿਆ ਕਿ ਆਮ ਨਾਗਰਿਕਾਂ ਉਤੇ ਹਮਲਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ (ਅਪਰਾਧਾਂ) ਨੂੰ ਅੰਜਾਮ ਦੇਣ ਵਾਲਿਆਂ ਦੀ ਜਵਾਬਦੇਹੀ ਨਿਰਧਾਰਿਤ ਕਰਨੀ ਬਣਦੀ ਹੈ। ਯੂਐੱਨ ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਇਕ ਬਿਆਨ ਵਿਚ ਕਿਹਾ, ‘ਸਕੱਤਰ ਜਨਰਲ ਨੇ ਕਾਬੁਲ ਵਿਚ ਸਿੱਖ ਗੁਰਦੁਆਰੇ ਉਤੇ ਹੋਏ ਹਮਲੇ, ਜਿਸ ਵਿਚ ਦਰਜਨਾਂ ਆਮ ਲੋਕਾਂ ਦੀ ਜਾਨ ਜਾਂਦੀ ਰਹੀ ਸੀ ਤੇ ਕਈ ਹੋਰ ਜਖਮੀ ਹੋ ਗਏ ਸਨ, ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜ਼ਾਹਿਰ ਕਰਦਿਆਂ ਜਖਮੀਆਂ ਦੇ ਜਲਦੀ ਹੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ।’
__________________________
ਫਿਦਾਈਨ ਹਮਲੇ ਪਿੱਛੋਂ ਸਿੱਖਾਂ ਵਿਚ ਸਹਿਮ
ਕਾਬੁਲ: ਕਾਬੁਲ ਦੇ ਗੁਰਦੁਆਰੇ ਉਤੇ ਹੋਏ ਹਮਲੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਵਿਚ ਰਹਿਣ ਤੋਂ ਅੱਕ ਚੁੱਕੇ ਹਨ। ਉਨ੍ਹਾਂ ਅਫਗਾਨ ਸਰਕਾਰ ਤੋਂ ਘੱਟ ਗਿਣਤੀਆਂ ਉਤੇ ਹੋਏ ਇਸ ਹਮਲੇ ਦੀ ਜਾਂਚ ਮੰਗੀ ਹੈ।
ਮ੍ਰਿਤਕਾਂ ਵਿਚੋਂ ਇਕ ਦੇ ਰਿਸ਼ਤੇਦਾਰ ਦੀਪ ਸਿੰਘ ਨੇ ਕਿਹਾ ਕਿ ਸਾਡੇ 25 ਲੋਕ ਮਾਰੇ ਗਏ ਹਨ, ਅਸੀਂ ਮਾਮਲੇ ਦੀ ਜਾਂਚ ਚਾਹੁੰਦੇ ਹਾਂ। ਇਕ ਹੋਰ ਪੀੜਤ ਅੰਦਰ ਸਿੰਘ ਨੇ ਸਵਾਲ ਕੀਤਾ ‘ਕਿਹੜਾ ਧਾਰਮਿਕ ਗ੍ਰੰਥ ਤੁਹਾਨੂੰ ਕਿਸੇ ਮਸਜਿਦ ਜਾਂ ਧਰਮਸ਼ਾਲਾ ਉਤੇ ਹਮਲਾ ਕਰਨ ਲਈ ਕਹਿੰਦਾ ਹੈ, ਇਹ ਕਿਹੜੇ ਧਰਮ ਵਿਚ ਸਿਖਾਇਆ ਜਾਂਦਾ ਹੈ?’ ਸਿੱਖਾਂ ਉਤੇ ਅਫਗਾਨਿਸਤਾਨ ਵਿਚ ਕੀਤਾ ਗਿਆ ਇਹ ਸਭ ਤੋਂ ਖਤਰਨਾਕ ਹਮਲਾ ਮੰਨਿਆ ਜਾ ਰਿਹਾ ਹੈ। ਗੁਰਦੁਆਰੇ ਵਿਚੋਂ ਔਰਤਾਂ ਤੇ ਬੱਚਿਆਂ ਸਣੇ 80 ਲੋਕਾਂ ਨੂੰ ਬਚਾ ਲਿਆ ਗਿਆ ਹੈ। ਰਾਸ਼ਟਰਪਤੀ ਅਸ਼ਰਫ ਗਨੀ ਨੇ ਹਮਲੇ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਧਾਰਮਿਕ ਅਸਥਾਨਾਂ ਉਤੇ ਹਮਲੇ ਦੁਸ਼ਮਣ ਦੀ ਕਮਜ਼ੋਰੀ ਨੂੰ ਦਰਸਾਉਂਦੇ ਹਨ। ਦੱਸਣਯੋਗ ਹੈ ਕਿ ਜੁਲਾਈ 2018 ਵਿਚ ਵੀਆਈਐੱਸਆਈਐੱਸ ਅਤਿਵਾਦੀਆਂ ਨੇ ਜਲਾਲਾਬਾਦ ਸ਼ਹਿਰ ਵਿਚ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਸੀ ਤੇ 19 ਮੌਤਾਂ ਹੋਈਆਂ ਸਨ।
ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਕਾਬੁਲ ਸਥਿਤ ਗੁਰਦੁਆਰੇ ਉਤੇ ਹਮਲੇ ਦੀ ਨਿਖੇਧੀ ਕੀਤੀ ਹੈ। ਕੌਂਸਲ ਨੇ ਹਮਲੇ ਨੂੰ ‘ਕਾਇਰਾਨਾ ਤੇ ਜ਼ਾਲਮਾਨਾ’ ਕਾਰਵਾਈ ਕਰਾਰ ਦਿੰਦਿਆਂ ਜ਼ਿੰਮੇਵਾਰੀ ਤੈਅ ਕਰਨ ਤੇ ਇਹ ਹਮਲਾ ਕਰਵਾਉਣ ਵਾਲਿਆਂ ਨੂੰ ਨਿਆਂ ਦੇ ਘੇਰੇ ਵਿਚ ਲਿਆਉਣ ਉਤੇ ਜ਼ੋਰ ਦਿੱਤਾ ਹੈ। ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਇਸ ਤੋਂ ਪਹਿਲਾਂ ਵੀ ਅਤਿਵਾਦੀ ਸੰਗਠਨ ਸਿੱਖ ਘੱਟ ਗਿਣਤੀਆਂ ਨੂੰ ਅਫਗਾਨਿਸਤਾਨ ਵਿਚ ਨਿਸ਼ਾਨਾ ਬਣਾਉਂਦਾ ਰਿਹਾ ਹੈ। ਕੌਂਸਲ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਦਹਿਸ਼ਤਗਰਦੀ ਦੇ ਹਰ ਰੂਪ ਨੂੰ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਲਈ ਖਤਰਾ ਦੱਸਿਆ ਹੈ।
__________________________
ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ: ਜਥੇਦਾਰ
ਅੰਮ੍ਰਿਤਸਰ: ਅਫਗਾਨਿਸਤਾਨ ਦੇ ਗੁਰਦੁਆਰੇ ਵਿਚ ਹੋਏ ਅਤਿਵਾਦੀ ਹਮਲੇ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਹੋਰਨਾਂ ਨੇ ਨਿੰਦਾ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਥੇ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਫਗਾਨਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਸ ਵੇਲੇ ਜਦੋਂ ਸਮੁੱਚਾ ਵਿਸ਼ਵ ਕਰੋਨਾਵਾਇਰਸ ਨਾਲ ਜੂਝ ਰਿਹਾ ਹੈ, ਉਸ ਵੇਲੇ ਅਫਗਾਨਿਸਤਾਨ ਦੇ ਗੁਰਧਾਮ ਵਿਚ ਸਿੱਖਾਂ ‘ਤੇ ਕੀਤਾ ਗਿਆ ਹਮਲਾ ਦੁਖਦਾਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ਵਿਚ ਵਸਦੇ ਸਿੱਖਾਂ ਦੇ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੀ ਕਾਰਵਾਈ ਕਰੇ।