ਕਰਫਿਊ ਨੇ ਲੀਹੋਂ ਲਾਹੀ ਜ਼ਿੰਦਗੀ, ਹਰ ਪਾਸੇ ਹਾਹਾਕਾਰ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਦਰਮਿਆਨ ਸਰਕਾਰੀ ਦਾਅਵਿਆਂ ਦੇ ਬਾਵਜੂਦ ਲੋਕਾਂ ਦੀਆਂ ਦੁਸ਼ਵਾਰੀਆਂ ਵਧ ਰਹੀਆਂ ਹਨ। ਸੂਬੇ ਦੇ ਦਿਹਾਤੀ ਅਤੇ ਸ਼ਹਿਰੀ ਦੋਵੇਂ ਥਾਈਂ ਵਸਦੇ ਲੋਕਾਂ ਦੀ ਜ਼ਿੰਦਗੀ ਨੂੰ ਜ਼ਰੂਰੀ ਵਸਤਾਂ ਦੀ ਘਾਟ ਨੇ ਇਕ ਤਰ੍ਹਾਂ ਨਾਲ ਲੀਹ ਤੋਂ ਲਾਹ ਦਿੱਤਾ ਹੈ। ਕਿਸਾਨਾਂ-ਵਪਾਰੀਆਂ ਨੂੰ ਤਾਂ ਕਈ ਪਾਸਿਆਂ ਤੋਂ ਮਾਰ ਪੈ ਰਹੀ ਹੈ।
ਸ਼ਹਿਰਾਂ ਅਤੇ ਪਿੰਡਾਂ ਵਿਚਲੇ ਸਰਦੇ-ਪੁਜਦੇ ਲੋਕਾਂ ਨੇ ਤਾਂ ਨਿੱਤ ਵਰਤੋਂ ਦੀਆਂ ਵਸਤਾਂ ਨੂੰ ਭੰਡਾਰ ਕਰ ਲਿਆ ਹੈ ਪਰ ਆਮ ਬੰਦਾ ਚਾਰ ਕੁ ਦਿਨਾਂ ਅੰਦਰ ਹੀ ਚੱਕੀ ਦੇ ਪੁੜ ‘ਚ ਪਿਸਦਾ ਦਿਖਾਈ ਦੇ ਰਿਹਾ ਹੈ।

ਉਧਰ, ਪੰਜਾਬ ਪੁਲਿਸ ਵਲੋਂ ਖੜ੍ਹੀਆਂ ਕੀਤੀਆਂ ਬੰਦਸ਼ਾਂ ਕਾਰਨ ਵੀ ਲੋਕਾਂ ਲਈ ਪਰੇਸ਼ਾਨੀਆਂ ਖੜ੍ਹੀਆਂ ਹੋ ਰਹੀਆਂ ਹਨ। ਕਰਫਿਊ ਦੌਰਾਨ ਪੁਲਿਸ ਦੀਆਂ ਸਖਤੀਆਂ ਦਾ ਅਮਲ ਜਾਰੀ ਹੈ। ਸੂਬੇ ਵਿਚ ਕਈ ਥਾਵਾਂ ਉਤੇ ਆਮ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਟਕਰਾਅ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ ਤੇ ਕਈ ਥਾਈਂ ਪੁਲਿਸ ਮੁਲਾਜ਼ਮਾਂ ਨੇ ਲੋਕਾਂ ‘ਤੇ ਡਾਂਗ ਵੀ ਚਲਾਈ।
ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਰਫਿਊ ਦੀਆਂ ਪਾਬੰਦੀਆਂ ਨੂੰ ਤਾਂ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਪਰ ਲੋਕਾਂ ਨਾਲ ਅਣਮਨੁੱਖੀ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ, ਗੈਰ-ਸਰਕਾਰੀ ਜਥੇਬੰਦੀਆਂ ਅਤੇ ਹੋਰ ਵਿਭਾਗਾਂ ਵਲੋਂ ਕਰੀਬ ਸਾਰੇ ਹੀ ਜ਼ਿਲ੍ਹਿਆਂ ਵਿਚ ਲੋਕਾਂ ਨੂੰ ਘਰਾਂ ਤੱਕ ਪਹੁੰਚ ਕਰ ਕੇ ਜ਼ਰੂਰੀ ਸਾਮਾਨ ਸਪਲਾਈ ਕੀਤਾ ਗਿਆ। ਪ੍ਰਸ਼ਾਸਨ ਅਤੇ ਲੋਕਾਂ ਦਰਮਿਆਨ ਪਾੜੇ ਦਾ ਵੱਡਾ ਆਧਾਰ ਸ਼ਹਿਰਾਂ ਵਿਚਲੀਆਂ ਕਰਿਆਨੇ ਦੀਆਂ ਦੁਕਾਨਾਂ ਵਲੋਂ ਲੋਕਾਂ ਨਾਲ ਤਾਲਮੇਲ ਨਾ ਬਿਠਾਉਣ ਅਤੇ ਪਿੰਡਾਂ ਵਿਚ ਦੁਕਾਨਾਂ ਉਤੇ ਸਾਮਾਨ ਖਤਮ ਹੋਣਾ ਬਣਿਆ ਹੋਇਆ ਹੈ। ਇਥੋਂ ਤੱਕ ਕਿ ਮੈਡੀਕਲ ਸਟੋਰਾਂ ਦੇ ਮਾਲਕ ਵੀ ਇਸ ਸੰਕਟ ਦੀ ਘੜੀ ਵਿਚ ਮਰੀਜ਼ਾਂ ਦੇ ਫੋਨ ਨਹੀਂ ਚੁੱਕ ਰਹੇ। ਹਾਲਾਂਕਿ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਦੱਸੇ ਗਏ ਨੰਬਰਾਂ ਉਤੇ ਫੋਨ ਕਰਨ ਤੋਂ ਬਾਅਦ ਰਾਸ਼ਨ ਅਤੇ ਦਵਾਈਆਂ ਲੋੜਵੰਦਾਂ ਦੇ ਘਰਾਂ ‘ਚ ਪਹੁੰਚਾਈਆਂ ਜਾਣਗੀਆਂ। ਪਿੰਡਾਂ ‘ਚ ਰਹਿੰਦੇ ਉਸਾਰੀ ਮਜ਼ਦੂਰਾਂ, ਖੇਤ ਮਜ਼ਦੂਰਾਂ ਅਤੇ ਆਮ ਸੀਮਾਂਤ ਤੇ ਛੋਟੇ ਕਿਸਾਨਾਂ ਦੇ ਨਿੱਤ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਪਹੁੰਚ ਤੋਂ ਦੂਰ ਹੋ ਗਈਆਂ ਹਨ।
ਭੱਠਿਆਂ ਉਤੇ ਪਥੇਰ ਦਾ ਕੰਮ ਕਰਨ ਵਾਲੇ ਮਜ਼ਦੂਰਾਂ, ਜੋ ਰੋਜ਼ਾਨਾ ਦਿਹਾੜੀ ਕਰਕੇ ਢਿੱਡ ਭਰਦੇ ਸਨ, ਅਤੇ ਰਿਕਸ਼ਾ ਚਾਲਕਾਂ ਦੇ ਚੁੱਲ੍ਹੇ ਤਾਂ ਬਿਲਕੁਲ ਹੀ ਠੰਢੇ ਹੋਣ ਕਿਨਾਰੇ ਹਨ। ਪੋਲਟਰੀ ਫਾਰਮ ਮਾਲਕ ਤਾਂ ਹੁਣ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗੇ ਹਨ। ਸੰਗਰੂਰ ਦੇ ਡੀਸੀ ਨੂੰ ਕੁਝ ਪੋਲਟਰੀ ਫਾਰਮ ਮਾਲਕਾਂ ਨੇ ਤਾਂ ਮੁਰਗਿਆਂ ਨੂੰ ਜ਼ਮੀਨ ਵਿਚ ਦੱਬਣ ਲਈ ਜੇਸੀਬੀ ਮਸ਼ੀਨਾਂ ਦੀ ਮੰਗ ਤੱਕ ਕਰ ਦਿੱਤੀ ਹੈ। ਪੋਲਟਰੀ ਫਾਰਮਾਂ ਲਈ ਸਰਕਾਰ ਵਲੋਂ ਫੀਡ ਪਹੁੰਚਾਉਣ ਦਾ ਅਜੇ ਤੱਕ ਕੋਈ ਇੰਤਜ਼ਾਮ ਨਹੀਂ ਕੀਤਾ ਜਾ ਸਕਿਆ ਹੈ। ਪਿੰਡਾਂ ਵਿਚ ਪਰਚੂਨ ਦੀਆਂ ਦੁਕਾਨਾਂ ਤੋਂ ਸਾਮਾਨ ਤੱਕ ਨਹੀਂ ਮਿਲ ਰਿਹਾ। ਬਰਨਾਲਾ ਜ਼ਿਲ੍ਹੇ ਦੇ ਪੱਖੋ ਕਲਾਂ ‘ਚ ਚੱਲ ਰਹੀ ਗਊਸ਼ਾਲਾ ਵਿਚ ਤਾਂ ਗਊਆਂ ਲਈ ਹੁਣ ਤੂੜੀ ਅਤੇ ਚਾਰਾ ਤੱੱਕ ਮੁੱਕ ਗਿਆ ਹੈ। ਕੋਈ ਵੀ ਕਿਸਾਨ ਕਰਫਿਊ ਕਾਰਨ ਚਾਰਾ ਸੁੱਟਣ ਨਹੀਂ ਜਾ ਰਿਹਾ ਹੈ।
ਪਿੰਡਾਂ ਵਿਚ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦੀਆਂ ਦਵਾਈਆਂ ਅਕਸਰ ਵੱਡੇ ਸ਼ਹਿਰਾਂ ਜਾਂ ਹਸਪਤਾਲਾਂ ਤੋਂ ਮਿਲਦੀਆਂ ਹਨ ਪਰ ਲੋਕਲ ਮੈਡੀਕਲ ਸਟੋਰਾਂ ਤੋਂ ਦਵਾਈਆਂ ਨਾ ਮਿਲਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕਿਸਾਨਾਂ ਦੇ ਪਸ਼ੂਆਂ ਦੇ ਇਲਾਜ ਲਈ ਕੋਈ ਡਾਕਟਰ ਨਹੀਂ ਲੱਭ ਰਿਹਾ ਹੈ ਅਤੇ ਫੀਡ ਫੈਕਟਰੀਆਂ ਬੰਦ ਹੋਣ ਕਾਰਨ ਫੀਡ ਵੀ ਨਹੀਂ ਮਿਲ ਰਹੀ ਹੈ। ਡੇਅਰੀਆਂ ਬੰਦ ਹੋਣ ਕਾਰਨ ਜਿਥੇ ਡੇਅਰੀ ਮਾਲਕ ਘਾਟੇ ਵਿਚ ਜਾ ਰਹੇ ਹਨ ਉਥੇ ਜਿਹੜੇ ਕਿਸਾਨਾਂ ਨੇ ਡੇਅਰੀ ਨੂੰ ਸਹਾਇਕ ਧੰਦੇ ਵਜੋਂ ਅਪਣਾਇਆ ਸੀ, ਉਨ੍ਹਾਂ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ।
_______________________________
ਦੁਕਾਨਦਾਰਾਂ ਕੋਲ ਖੁਰਾਕੀ ਵਸਤਾਂ ਦੇ ਭੰਡਾਰ ਮੁੱਕਣ ਲੱਗੇ
ਚੰਡੀਗੜ੍ਹ: ਕਰਫਿਊ ਦੀ ਬਿਪਤਾ ਕਾਰਨ ਖੁਰਾਕੀ ਵਸਤਾਂ ਦੀ ਥੁੜ ਨੇ ਲੋਕਾਂ ਦੇ ਡਰ ਵਧਾ ਦਿੱਤੇ ਹਨ। ਸਰਕਾਰੀ ਮੋਰਚੇ ਉਤੇ ਵੰਡ ਵੰਡਾਰੇ ਦੀ ਪ੍ਰਚਾਰ ਮੁਹਿੰਮ ਸਿਖਰ ‘ਤੇ ਚੱਲ ਰਹੀ ਹੈ। ਵੱਡੇ ਤੇ ਛੋਟੇ ਸ਼ਹਿਰਾਂ ਵਿਚ ਦੁਕਾਨਦਾਰਾਂ ਕੋਲ ਖੁਰਾਕੀ ਵਸਤਾਂ ਦੇ ਭੰਡਾਰ ਮੁੱਕਣ ਲੱਗੇ ਹਨ। ਆਉਂਦੇ ਦਿਨਾਂ ਵਿਚ ਕਾਲਾਬਾਜ਼ਾਰੀ ਅਤੇ ਵਧੇ ਭਾਅ ਲੋਕਾਂ ਨੂੰ ਪਰੇਸ਼ਾਨ ਕਰਨਗੇ। ਵਿਧਾਇਕ ਤੇ ਮੰਤਰੀ ਭਾਵੇਂ ਰਾਸ਼ਨ ਵੰਡ ਦੇ ਮੋਰਚੇ ਉਤੇ ਉਤਰ ਆਏ ਹਨ ਪਰ ਇਹ ਉਪਰਾਲੇ ਆਟੇ ਵਿਚ ਲੂਣ ਬਰਾਬਰ ਹਨ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ‘ਚ ਪ੍ਰਚੂਨ ਦੁਕਾਨਾਂ ਤੋਂ ਰਾਸ਼ਨ ਖਤਮ ਹੋ ਚੁੱਕਾ ਹੈ।
ਭਾਰਤ-ਪਾਕਿ ਸੀਮਾ ਉਤੇ ਪੈਂਦੇ ਦਰਜਨਾਂ ਫਾਜ਼ਿਲਕਾ-ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਵਿਚ ਹੁਣ ਪ੍ਰਚੂਨ ਦੀਆਂ ਦੁਕਾਨਾਂ ਬੰਦ ਹਨ। ਦੁਕਾਨਾਂ ਤੋਂ ਸਾਰਾ ਸੌਦਾ ਖਤਮ ਹੋ ਗਿਆ ਹੈ ਅਤੇ ਪ੍ਰਸ਼ਾਸਨ ਨੇ ਹਾਲੇ ਤੱਕ ਸਰਹੱਦੀ ਪਿੰਡਾਂ ਦੀ ਬਾਂਹ ਨਹੀਂ ਫੜੀ ਹੈ। ਤਰਨ ਤਾਰਨ ਅਤੇ ਗੁਰਦਾਸਪੁਰ ਦੇ ਸਰਹੱਦੀ ਪਿੰਡ ਵੀ ਸਰਕਾਰ ਦਾ ਰਾਹ ਤੱਕ ਰਹੇ ਹਨ। ਹਾਲਾਂਕਿ ਇਹ ਪਿੰਡ ਕਰੋਨਾ ਦੀ ਮਾਰ ਤੋਂ ਦੂਰ ਹਨ ਪਰ ਕਰਫਿਊ ਦਾ ਸੇਕ ਝੱਲ ਰਹੇ ਹਨ। ਪੇਂਡੂ ਕਰਿਆਨਾ ਸਟੋਰ ਖਾਲੀ ਹੋ ਗਏ ਹਨ ਅਤੇ ਪਸ਼ੂ ਪਾਲਕ ਪਰਿਵਾਰਾਂ ਦੀ ਆਮਦਨ ਵੀ ਰੁਕ ਗਈ ਹੈ।
ਰਾਸ਼ਨ ਸਪਲਾਈ ਲਈ ਜਿਹੜੇ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਕੋਈ ਚੁੱਕਦਾ ਹੀ ਨਹੀਂ ਹੈ। ਹੁਣ ਪੰਜਾਬ ਦੇ ਪਸ਼ੂ ਪਾਲਕਾਂ ਦੀ ਤੰਗੀ ਵੀ ਇਕਦਮ ਵਧੀ ਹੈ ਜਿਸ ਬਾਰੇ ਫੌਰੀ ਸਰਕਾਰੀ ਗੌਰ ਦੀ ਲੋੜ ਹੈ। ਪੰਜਾਬ ਵਿਚ ਕਰਫਿਊ ਤੋਂ ਪਹਿਲੋਂ ਰੋਜ਼ਾਨਾ 70 ਲੱਖ ਲਿਟਰ ਦੁੱਧ ਦੀ ਕੁਲੈਕਸ਼ਨ ਹੁੰਦੀ ਸੀ ਜੋ ਹੁਣ ਸਿਰਫ 40 ਲੱਖ ਲਿਟਰ ਰਹਿ ਗਈ ਹੈ। ਇਸ ਵੇਲੇ ਰੋਜ਼ਾਨਾ ਕਰੀਬ 30 ਲੱਖ ਲਿਟਰ ਦੁੱਧ ਅਜਾਈਂ ਜਾ ਰਿਹਾ ਹੈ। ਇਸ ਨਾਲ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਰੋਜ਼ਾਨਾ 15 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋ ਰਿਹਾ ਹੈ। ਉਪਰੋਂ ਪਸ਼ੂ ਪਾਲਕਾਂ ਦੇ ਲਾਗਤ ਖਰਚੇ ਵਧ ਗਏ ਹਨ। ਤਿੰਨ ਚਾਰ ਦਿਨਾਂ ਵਿਚ ਹੀ ਤੂੜੀ ਦੇ ਭਾਅ ਵਿਚ 200 ਰੁਪਏ ਕੁਇੰਟਲ ਦਾ ਵਾਧਾ ਹੋ ਗਿਆ ਹੈ ਜਦੋਂ ਕਿ ਜਵੀਂ ਦਾ ਭਾਅ ਇਕ ਸੌ ਰੁਪਏ ਵੱਧ ਗਿਆ ਹੈ।
ਖੰਨਾ ਅਤੇ ਮੋਗਾ ‘ਚ ਪਸ਼ੂ ਖਰਾਕ ਦੀਆਂ ਸਨਅਤਾਂ ਵੀ ਸੰਕਟ ਵਿਚ ਹਨ ਜਿਨ੍ਹਾਂ ਨੂੰ ਕੱਚਾ ਮਾਲ ਮਿਲਣਾ ਰੁਕ ਗਿਆ ਹੈ। ਪੰਜਾਬ ਵਿਚ ਕਰੀਬ 400 ਪਸ਼ੂ ਖੁਰਾਕ ਮਿੱਲਾਂ ਹਨ ਜਿਨ੍ਹਾਂ ਨੂੰ ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚੋਂ ਕੱਚਾ ਮਾਲ ਮਿਲਦਾ ਸੀ। ਸਨਅਤ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਭੰਡਾਰ ਵੀ ਖਤਮ ਹੋਣ ਵਾਲੇ ਹਨ। ਐਤਕੀਂ ਕਰਫਿਊ ਕਰਕੇ ਪੰਜਾਬ ਦੇ ਬਹੁਤੇ ਕੰਬਾਈਨ ਮਾਲਕ ਗੁਜਰਾਤ, ਮੱਧ ਪ੍ਰਦੇਸ਼ ਅਤੇ ਯੂਪੀ ਵਿਚ ਕਣਕ ਦੀ ਕਟਾਈ ਲਈ ਜਾ ਨਹੀਂ ਸਕੇ। ਉਨ੍ਹਾਂ ਨੂੰ ਇਸ ਵਾਰ ਬੈਂਕ ਦੀਆਂ ਕਿਸ਼ਤਾਂ ਕੱਢਣੀਆਂ ਮੁਸ਼ਕਲ ਹੋ ਜਾਣੀਆਂ ਹਨ।
___________________________________
ਲੌਕਡਾਊਨ ਕਾਰਨ ਪੰਜਾਬ ‘ਚ ਵਾਤਾਵਰਨ ਹੋਇਆ ਸਾਫ
ਪਟਿਆਲਾ: ਲੌਕਡਾਊਨ ਦੇ ਅਸਰ ਵਜੋਂ ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਸੁੱਖ ਦਾ ਸਾਹ ਆਇਆ ਹੈ। ਕਰੋਨਾ ਵਾਇਰਸ ਕਾਰਨ ਬਣੇ ਖੌਫ ਦੇ ਮਾਹੌਲ ਦੌਰਾਨ ਦਿਨ-ਬਦਿਨ ਹਵਾ ਦੀ ਗੁਣਵੱਤਾ ਦੇ ਅੰਕੜੇ ‘ਚ ਰਿਕਾਰਡ ਪੱਧਰ ਦਾ ਸੁਧਾਰ ਹੋਣ ਦੀ ਚੰਗੀ ਖਬਰ ਵੀ ਸੁਣਨ ਨੂੰ ਮਿਲ ਰਹੀ ਹੈ। ਜਲੰਧਰ, ਖੰਨਾ ਤੇ ਰੋਪੜ ਸ਼ਹਿਰਾਂ ਵਿਚ ‘ਏਅਰ ਕੁਆਲਟੀ ਇੰਡੈਕਸ’ (ਏਕਿਊਆਈ) ਅੰਕੜਾ ਸਭ ਤੋਂ ਹੇਠਲੀ ਦਰ 38 ਉਤੇ ਰਿਹਾ ਹੈ। ਜਿਹੜਾ ਕਿ ਹਵਾ ਪ੍ਰਦੂਸ਼ਣ ਦੇ ਕੌਮੀ ਮਾਪਦੰਡ ਦੇ ਚੰਗੇ ਦਰਜੇ ਦੇ ਗਿਣੇ ਜਾਂਦੇ 0 ਤੋਂ 50 ਅੰਕੜੇ ਤੋਂ ਵੀ 12 ਅੰਕੜਾ ਹੇਠਾਂ ਮਾਪਿਆ ਗਿਆ ਹੈ।
ਦੱਸਣਯੋਗ ਹੈ ਕਿ ਪ੍ਰਦੂਸ਼ਣ ਕਾਰਨ ਅਕਸਰ ਹਵਾ ਦਾ ਸੂਚਕ ਅੰਕ 100 ਤੋਂ ਉਪਰ ਹੀ ਰਹਿੰਦਾ ਹੈ। ਇਕੱਤਰ ਵੇਰਵਿਆਂ ਮੁਤਾਬਕ 0 ਤੋਂ 50 ਅੰਕੜੇ ਨੂੰ ਚੰਗੇ ਦਰਜੇ ਨੂੰ ਵਾਤਾਵਰਨ ਪੱਖੋਂ ਚੰਗਾ ਜਦਕਿ 51 ਤੋਂ 100 ਦੇ ਅੰਕੜੇ ਨੂੰ ਸੰਤੁਸ਼ਟੀਜਨਕ, 101 ਤੋਂ 200 ਦੇ ਅੰਕੜੇ ਨੂੰ ਦਰਮਿਆਨਾ ਤੇ 201 ਤੋਂ 300 ਦੇ ਅੰਕੜੇ ਨੂੰ ਮਾੜਾ, 301 ਤੋਂ 400 ਤੱਕ ਨੂੰ ਬਹੁਤ ਮਾੜਾ ਅਤੇ 401 ਤੋਂ 500 ਤੱਕ ਦੇ ਸਿਖਰਲੇ ਅੰਕੜੇ ਨੂੰ ਗੰਭੀਰ ਅੰਕੜੇ ਵਜੋਂ ਦਰਜਾਬੰਦੀ ਵਿਚ ਰੱਖਿਆ ਜਾਂਦਾ ਹੈ। ਅਜਿਹੇ ਲਿਹਾਜ਼ ਤੋਂ ਜਲੰਧਰ, ਖੰਨਾ ਤੇ ਰੋਪੜ ਵਿਚ ਇਹ ਅੰਕੜਾ ਚੰਗੇ ਤੋਂ ਚੰਗਾ ਹੋ ਨਿੱਬੜਿਆ ਹੈ। ਭਾਵੇਂ ਕਰੋਨਾ ਵਾਇਰਸ ਕਾਰਨ ਲੋਕਾਂ ਵਿਚ ਵੱਡਾ ਖੌਫ ਹੈ ਫਿਰ ਵੀ ਚੰਗੇ ਵਾਤਾਵਰਨ ਉਸਰਨ ਨੂੰ ਇਕ ਚੰਗੀ ਖਬਰ ਵਜੋਂ ਵੀ ਲਿਆ ਜਾਣਾ ਸੁਭਾਵਿਕ ਹੀ ਹੈ। ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਿਚ ਇਹ ਅੰਕੜਾ ਸੰਤੁਸ਼ਟੀਜਨਕ 56 ਮਾਪਿਆ ਗਿਆ ਹੈ। ਜਦਕਿ ਪਟਿਆਲਾ ਵਿਚ ਇਹ 45, ਅੰਮ੍ਰਿਤਸਰ ‘ਚ 69 ਮਾਪਿਆ ਗਿਆ ਹੈ।
ਦੱਸਣਯੋਗ ਹੈ ਕਿ ਸਰਦੀ ਦੇ ਆਰੰਭ ਦੌਰਾਨ ਤਾਂ ਇਕ ਵਾਰ ਪੰਜਾਬ ਅੰਦਰ ‘ਏਕਿਊਆਈ’ ਔਸਤਨ 300 ਤੋਂ 400 ਦਰਮਿਆਨ ਵੀ ਟਿਕਿਆ ਰਹਿੰਦਾ ਹੈ, ਜਿਸ ਨਾਲ ਲੋਕਾਂ ਨੂੰ ਮਾੜੇ ਵਾਤਾਵਰਨ ਤੋਂ ਵੀ ਕਾਫੀ ਬਿਮਾਰੀਆਂ ਦਾ ਖਦਸ਼ਾ ਰਹਿੰਦਾ ਹੈ। ਪਰ ਹੁਣ ‘ਲੌਕਡਾਊਨ’ ਕਾਰਨ ਸੜਕਾਂ ਉਤੇ ਆਵਾਜਾਈ, ਉਦਯੋਗ ਹੋਰ ਸੰਸਥਾਵਾਂ ਬੰਦ ਰਹਿਣ ਨਾਲ ਦੂਸ਼ਿਤ ਮਾਹੌਲ ‘ਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ 50 ਤੋਂ ਹੇਠਾਂ ਏਕਿਊਆਈ ਕਦੇ-ਕਦੇ ਹੀ ਮਾਪਿਆ ਜਾਂਦਾ ਹੈ, ਪਰ ਤਿੰਨ ਸ਼ਹਿਰਾਂ ‘ਚ ਇਹ ਅੰਕੜਾ ਹੋਰ ਵੀ ਹੇਠਾਂ ਡਿੱਗਿਆ ਮਾਪਿਆ ਗਿਆ ਹੈ।