ਲੌਕਡਾਊਨ: ਪਰਵਾਸੀ ਮਜ਼ਦੂਰਾਂ ਦੀ ਹਿਜਰਤ ਨੇ ਖੜ੍ਹਾ ਕੀਤਾ ਨਵਾਂ ਸੰਕਟ

 ਚੰਡੀਗੜ੍ਹ: ਕੋਵਿਡ-19 ਦੀ ਮਹਾਮਾਰੀ ਕਾਰਨ ਕੌਮੀ ਰਾਜਧਾਨੀ ਦਿੱਲੀ ਸਮੇਤ ਦੇਸ਼ ‘ਚ ਨਵੀਂ ਕਿਸਮ ਦਾ ਸੰਕਟ ਖੜ੍ਹਾ ਹੋ ਗਿਆ ਹੈ। ਹਜ਼ਾਰਾਂ ਦੀ ਤਦਾਦ ‘ਚ ਦਿਹਾੜੀਦਾਰ ਤੇ ਮਜ਼ਦੂਰ ਬੇਰੁਜ਼ਗਾਰ ਹੋ ਤੇ ਬੇਘਰੇ ਹੋ ਗਏ ਹਨ, ਜਿਸ ਕਾਰਨ ਉਹ ਆਪਣੇ ਘਰਾਂ ਨੂੰ ਪੈਦਲ ਹੀ ਚੱਲ ਪਏ ਹਨ।

ਇਸ ਦੌਰਾਨ ਦਿੱਲੀ ਤੋਂ ਮੱਧ ਪ੍ਰਦੇਸ਼ ਵਿਚਲੇ ਆਪਣੇ ਪਿੰਡ ਲਈ ਪੈਦਲ ਚੱਲੇ ਪਰਵਾਸੀ ਮਜ਼ਦੂਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਦਕਿ ਬਹੁਤ ਸਾਰੇ ਪਰਵਾਸੀ ਮਜ਼ਦੂਰਾਂ ਨੂੰ ਕਿਸੇ ਬਿਮਾਰੀ ਤੋਂ ਪਹਿਲਾਂ ਭੁੱਖ ਨਾਲ ਹੀ ਮਰ ਜਾਣ ਦਾ ਡਰ ਸਤਾ ਰਿਹਾ ਹੈ। ਦੂਜੇ ਪਾਸੇ ਵੱਡੀ ਤਦਾਦ ‘ਚ ਇਕੱਠੇ ਹੋਏ ਮਜ਼ਦੂਰਾਂ ਕਰੋਨਾ ਵਾਇਰਸ ਜ਼ਿਆਦਾ ਫੈਲਣ ਤੋਂ ਡਰੀ ਕੇਂਦਰ ਸਰਕਾਰ ਨੇ ਸੂਬਿਆਂ ਤੇ ਜ਼ਿਲ੍ਹਿਆਂ ਦੀਆਂ ਸਰਹੱਦਾਂ ਸੀਲ ਕਰਨ ਦਾ ਹੁਕਮ ਦੇ ਦਿੱਤਾ ਹੈ। ਸੂਬਾ ਸਰਕਾਰਾਂ ਵੱਲੋਂ ਵੀ ਲੋਕਾਂ ਨੂੰ ਟਿਕੇ ਰਹਿਣ ਤੇ ਉਨ੍ਹਾਂ ਨੂੰ ਖਾਣ-ਪੀਣ ਤੇ ਹੋਰ ਸਹੂਲਤਾਂ ਦੇਣ ਲਈ ਕਿਹਾ ਜਾ ਰਿਹਾ ਹੈ।
ਕੇਰਲਾ ਵਿਚ ਵੱਡੀ ਗਿਣਤੀ ਵਿਚ ਪਰਵਾਸੀ ਮਜ਼ਦੂਰ ਸੜਕਾਂ ਉਤੇ ਆ ਗਏ ਉਨ੍ਹਾਂ ਆਪਣੇ ਪਿੱਤਰੀ ਸੂਬਿਆਂ ‘ਚ ਜਾਣ ਲਈ ਬੱਸਾਂ ਚਲਾਉਣ ਦੀ ਮੰਗ ਕੀਤੀ। ਇਸ ਮਗਰੋਂ ਪੁਲਿਸ ਤੇ ਸਿਵਲ ਅਧਿਕਾਰੀ ਮੌਕੇ ਉਤੇ ਗਏ ਜਿਨ੍ਹਾਂ ਕਿਸੇ ਤਰ੍ਹਾਂ ਮਜ਼ਦੂਰਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਮਜ਼ਦੂਰਾਂ ਨੂੰ ਸੂਬੇ ਵਿਚ ਸਾਰੀਆਂ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਪਰ ਉਨ੍ਹਾਂ ਦੇ ਸਫਰ ਕਰਨ ਦੀ ਮੰਗ ਠੁਕਰਾ ਦਿੱਤੀ। ਇਸੇ ਦਰਮਿਆਨ ਹਰਿਆਣਾ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਲਿਜਾਣ ਲਈ ਦਿੱਲੀ-ਗਾਜ਼ੀਆਬਾਦ ਸਰਹੱਦ ਉਤੇ 800 ਬੱਸਾਂ ਭੇਜਣ ਦਾ ਐਲਾਨ ਕੀਤਾ ਹੈ। ਦਿੱਲੀ-ਗਾਜ਼ੀਆਬਾਦ ਸਰਹੱਦ ਉਤੇ ਆਪਣੇ ਪਿੰਡਾਂ ਨੂੰ ਜਾਣ ਵਾਲੇ ਹਜ਼ਾਰਾਂ ਪਰਵਾਸੀ ਮਜ਼ਦੂਰ ਪਹੁੰਚੇ ਹੋਏ ਹਨ।
ਦੂਜੇ ਪਾਸੇ ਪਿੰਡਾਂ ਵੱਲ ਪੈਦਲ ਹੀ ਜਾ ਰਹੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਇਥੇ ਰਹੇ ਤਾਂ ਕਿਸੇ ਬਿਮਾਰੀ ਤੋਂ ਪਹਿਲਾਂ ਭੁੱਖ ਨਾਲ ਮਰ ਜਾਣਗੇ। ਅਜਿਹੇ ਪਰਵਾਸੀ ਮਜ਼ਦੂਰਾਂ ਵਿਚ ਸਾਵਿੱਤਰੀ ਵੀ ਹੈ ਜੋ ਪੈਦਲ ਹੀ ਦਿੱਲੀ ਤੋਂ 400 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਕੰਨੌਜ ਆਪਣੇ ਪਿੱਤਰੀ ਪਿੰਡ ਜਾ ਰਹੀ ਹੈ। 30 ਸਾਲਾ ਸਾਵਿੱਤਰੀ ਰਾਜੌਰੀ ਗਾਰਡਨ ਦੀ ਮਲੀਨ ਬਸਤੀ ‘ਚ ਰਹਿੰਦੀ ਸੀ। ਉਸ ਨੇ ਕਿਹਾ ਕਿ ਲੌਕਡਾਊਨ ਕਾਰਨ ਉਸ ਦੀ ਨੌਕਰੀ ਛੁੱਟ ਗਈ ਤੇ ਦੋ ਛੋਟੇ ਬੱਚਿਆਂ ਦਾ ਢਿੱਡ ਭਰਨਾ ਮੁਸ਼ਕਲ ਹੋ ਗਿਆ, ਜੇਕਰ ਇਸ ਲਈ ਉਸ ਨੇ ਆਪਣੇ ਪਿੰਡ ਪੈਦਲ ਹੀ ਜਾਣ ਦਾ ਫੈਸਲਾ ਕੀਤਾ ਹੈ। ਬਦਰਪੁਰ ਸਰਹੱਦ ਨੇੜੇ ਪੈਦਲ ਹੀ ਘਰ ਜਾ ਰਹੇ 25 ਸਾਲ ਉਸਾਰੀ ਮਜ਼ਦੂਰ ਅਸ਼ੋਕ ਨੇ ਕਿਹਾ ਕਿ ਉਹ ਇੱਥੇ ਇਕੱਲਾ ਨਹੀਂ ਮਰਨਾ ਚਾਹੁੰਦਾ। ਉਹ ਬੇਰੁਜ਼ਗਾਰ ਹੈ ਤੇ ਉਸ ਕੋਲ ਕੋਈ ਬੱਚਤ ਨਹੀਂ ਹੈ। ਇਥੇ ਰਹਿਣ ਨਾਲੋਂ ਚੰਗਾ ਹੈ ਕਿ ਉਹ ਘਰ ਜਾ ਕੇ ਖੇਤੀ ਕਰੇ। ਇਨ੍ਹਾਂ ਜਿਹੇ ਹਜ਼ਾਰਾਂ ਮਜ਼ਦੂਰ ਹਨ ਜਿਨ੍ਹਾਂ ਦਾ ਟੀਚਾ ਕਿਸੇ ਵੀ ਹਾਲ ‘ਚ ਆਪਣੇ ਪਿੰਡ ਪਹੁੰਚਣਾ ਹੈ।
ਫਸੇ ਹੋਏ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਦਿੱਲੀ ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਬੱਸਾਂ ਦਾ ਬੰਦੋਬਸਤ ਕੀਤਾ ਹੈ, ਪਰ ਲੋਕਾਂ ਨੇ ਪੈਦਲ ਹੀ ਜਾਣ ਦਾ ਫੈਸਲਾ ਕੀਤਾ। ਕੁਝ ਬੱਸਾਂ ਦੀਆਂ ਛੱਤਾਂ ਉਤੇ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਕੁਝ ਕਾਰੋਬਾਰੀ ਅਦਾਰਿਆਂ ਵੱਲੋਂ ਵੀ 25 ਹਜ਼ਾਰ ਮਜ਼ਦੂਰਾਂ ਨੂੰ ਮਦਦ ਦੇਣ ਦਾ ਫੈਸਲਾ ਕੀਤਾ ਗਿਆ ਹੈ।
———————————
ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ: ਕੈਪਟਨ
ਚੰਡੀਗੜ੍ਹ: ਪਰਵਾਸੀ ਮਜ਼ਦੂਰਾਂ ਦੀ ਸਮੱਸਿਆ ਹੱਲ ਕਰਨ ਅਤੇ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੌਰਾਨ ਮਜ਼ਦੂਰਾਂ ਨੂੰ ਬਾਹਰ ਜਾਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਸੂਬੇ ਵਿਚ ਸਾਰੇ ਉਦਯੋਗਿਕ ਯੂਨਿਟ ਅਤੇ ਇੱਟਾਂ ਦੇ ਭੱਠੇ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ, ਬਸ਼ਰਤੇ ਉਨ੍ਹਾਂ ਕੋਲ ਮਜ਼ਦੂਰਾਂ ਨੂੰ ਸੁਰੱਖਿਅਤ ਰੱਖਣ ਦੇ ਪ੍ਰਬੰਧ ਮੌਜੂਦ ਹੋਣ। ਉਨ੍ਹਾਂ ਆਖਿਆ ਕਿ ਜੇ ਉਦਯੋਗਿਕ ਯੂਨਿਟਾਂ ਅਤੇ ਭੱਠਾ ਮਾਲਕਾਂ ਕੋਲ ਪਰਵਾਸੀ ਮਜ਼ਦੂਰਾਂ ਨੂੰ ਰੱਖਣ ਲਈ ਬਣਦੀ ਥਾਂ ਅਤੇ ਭੋਜਨ ਦੇਣ ਦੀ ਸਮਰੱਥਾ ਹੈ ਤਾਂ ਉਹ ਆਪਣਾ ਉਤਪਾਦਨ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਨੇ ਇਨ੍ਹਾਂ ਇਕਾਈਆਂ ਦੇ ਮਾਲਕਾਂ ਨੂੰ ਇਸ ਸਮੇਂ ਦੌਰਾਨ ਸਮਾਜਿਕ ਵਿੱਥ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਆਖਿਆ।
———————————
ਸੂਬੇ ਵਿਚ ‘ਲੇਬਰ ਸੰਕਟ’ ਪੈਦਾ ਹੋਣ ਦਾ ਡਰ
ਲੁਧਿਆਣਾ: ਕਰੋਨਾ ਵਾਇਰਸ ਖਤਮ ਹੋਣ ਤੋਂ ਬਾਅਦ ਸਨਅਤਾਂ ਉਤੇ ਪੈਣ ਵਾਲਾ ਮਾੜਾ ਪ੍ਰਭਾਵ ਹੁਣ ਤੋਂ ਹੀ ਨਜ਼ਰ ਆਉਣ ਲੱਗ ਪਿਆ ਹੈ। ਲੌਕਡਾਊਨ ਕਾਰਨ ਸਨਅਤ ਵਿਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਵਾਪਸੀ ਕਰਨ ਲੱਗੇ ਹਨ, ਜਿਸ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਸਨਅਤਾਂ ਨੂੰ ਭੁਗਤਣਾ ਪੈ ਸਕਦਾ ਹੈ। ਕਰੋਨਾ ਵਾਇਰਸ ਖਤਮ ਹੋਣ ਤੋਂ ਬਾਅਦ ਜਦੋਂ ਸਨਅਤਾਂ ਖੁੱਲ੍ਹਣਗੀਆਂ ਤਾਂ ਸੂਬੇ ਵਿਚ ਲੇਬਰ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਵਿਚ ਇੰਨੀ ਦਹਿਸ਼ਤ ਹੈ ਕਿ ਉਹ ਕਰਫਿਊ ਦੀ ਪਰਵਾਹ ਕੀਤੇ ਬਿਨਾਂ ਪੈਦਲ ਹੀ ਆਪਣੇ ਪਿੰਡਾਂ ਨੂੰ ਨਿਕਲ ਪਏ ਹਨ।