ਕਰੋਨਾ ਵਾਇਰਸ ਕਾਰਨ ਸਖਤੀ ਨੇ ਕਿਸਾਨਾਂ ਦੀ ਨੀਂਦ ਉਡਾਈ

ਚੰਡੀਗੜ੍ਹ: ਅਗਲੇ 15 ਤੋਂ 20 ਦਿਨਾਂ ਵਿਚ ਸੂਬੇ ਦੀ 35 ਲੱਖ ਹੈਕਟੇਅਰ ਜ਼ਮੀਨ ਵਿਚ ਬੀਜੀ ਗਈ ਕਣਕ ਪੱਕ ਕੇ ਤਿਆਰ ਹੋ ਜਾਵੇਗੀ ਪਰ ਪੂਰੇ ਵਿਸ਼ਵ ਵਿਚ ਫੈਲੇ ਕਰੋਨਾ ਵਾਇਰਸ ਨੇ ਸੂਬੇ ਦੇ ਅੰਨਦਾਤਾ ਵਿਚ ਖੌਫ ਪੈਦਾ ਕਰ ਦਿੱਤਾ ਹੈ। ਸੂਬੇ ਦੇ ਕਿਸਾਨ ਇਸ ਚਿੰਤਾ ਵਿਚ ਹਨ ਕਿ ਉਹ ਆਪਣੀ ਫਸਲ ਨੂੰ ਕਿਵੇਂ ਸਾਂਭਣਗੇ। ਕਿਸਾਨ, ਕਣਕ ਦੀ ਵਾਢੀ, ਮੰਡੀਆਂ ਵਿਚ ਕਣਕ ਸੁੱਟਣ ਤੇ ਸਹੀ ਮੁੱਲ ਮਿਲਣ ਜਾਂ ਨਾ ਮਿਲਣ ਸਬੰਧੀ ਚਿੰਤਤ ਹਨ। ਉਧਰ, ਕਿਸਾਨਾਂ ਦੀ ਚਿੰਤਾ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ ਕਣਕ ਦੀ ਵਾਢੀ ਸਬੰਧੀ ਹਦਾਇਤਾਂ ਜਾਰੀ ਕਰਨਗੇ।

ਸੂਬੇ ਵਿਚ ਹਰ ਸਾਲ 170 ਤੋਂ 180 ਲੱਖ ਟਨ ਕਣਕ ਦੀ ਪੈਦਾਵਾਰ ਹੁੰਦੀ ਹੈ, ਜਿਸ ਵਿਚੋਂ 20 ਫੀਸਦੀ ਕਣਕ ਦੀ ਖਪਤ ਸੂਬੇ ਵਿਚ ਹੁੰਦੀ ਹੈ ਤੇ 80 ਫੀਸਦੀ ਕਣਕ ਵੱਖ ਵੱਖ ਏਜੰਸੀਆਂ ਰਾਹੀਂ ਦੇਸ਼ ਦੇ ਬਾਕੀ ਸੂਬਿਆਂ ਵਿਚ ਜਾਂਦੀ ਹੈ। ਅਪਰੈਲ ਦੇ ਪਹਿਲੇ ਹਫਤੇ ਤੋਂ ਹੀ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਕਰੋਨਾ ਵਾਇਰਸ ਕਾਰਨ ਕਿਸਾਨ ਚਿੰਤਤ ਹਨ। ਕਿਸਾਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਰੋਨਾ ਵਾਇਰਸ ਵਿਚ ਫਸਿਆ ਸਰਕਾਰੀ ਤੰਤਰ ਕਿਵੇਂ ਅਪਰੈਲ ਦੇ ਪਹਿਲੇ ਹਫਤੇ ਤੱਕ ਮੰਡੀਆਂ ਨੂੰ ਕਣਕ ਦੀ ਖਰੀਦ ਲਈ ਤਿਆਰ ਕਰ ਸਕੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਹਰ ਵਰ੍ਹੇ ਕਿਸਾਨਾਂ ਲਈ ਕੋਈ ਨਾ ਕੋਈ ਮੁਸੀਬਤ ਆ ਜਾਂਦੀ ਹੈ। ਇਸ ਵਾਰ ਪੂਰੇ ਵਿਸ਼ਵ ਨੂੰ ਲਪੇਟ ਵਿਚ ਲੈਣ ਵਾਲੇ ਕਰੋਨਾ ਵਾਇਰਸ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਖੇਤਾਂ ਵਿਚ ਖੜ੍ਹੀ ਆਪਣੀ ਫਸਲ ਦੇਖ ਕੇ ਉਨ੍ਹਾਂ ਦੀ ਪਰੇਸ਼ਾਨੀ ਵਧ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਆਉਣ ਵਾਲੇ ਸਮੇਂ ਵਿਚ ਫਸਲ ਦੀ ਵਾਢੀ ਕਿਵੇਂ ਹੋਵੇਗੀ ਤੇ ਸਹੀ ਰੇਟ ਉਤੇ ਵਿਕ ਸਕੇਗੀ ਜਾਂ ਨਹੀਂ।
__________________________________
ਨਰਮਾ ਪੱਟੀ ‘ਤੇ ਪਵੇਗੀ ਸਰਕਾਰੀ ਸਖਤੀ ਦੀ ਸਭ ਤੋਂ ਵੱਧ ਮਾਰ
ਚੰਡੀਗੜ੍ਹ: ਪੰਜਾਬ ਵਿਚ ਐਤਕੀਂ ਨਰਮੇ ਦੀ ਬਿਜਾਂਦ ‘ਤੇ ਕਰੋਨਾ ਵਾਇਰਸ ਦਾ ਪਰਛਾਵਾਂ ਪਵੇਗਾ। ਕੇਂਦਰੀ ਖੇਤੀ ਮੰਤਰਾਲੇ ਨੇ ਬੀਤੇ ਦਿਨੀਂ ਬੀਟੀ ਕਾਟਨ ਦੇ ਬੀਜ ਦੇ ਸਰਕਾਰੀ ਭਾਅ ਦਾ ਐਲਾਨ ਕਰ ਦਿੱਤਾ ਹੈ ਪਰ ਕਰੋਨਾ ਦੇ ਖੌਫ ਵਜੋਂ ਵਾਢੀ ਪਛੜਨ ਦਾ ਖਦਸ਼ਾ ਹੈ।
ਕਿਸਾਨਾਂ ਨੂੰ ਉਮੀਦ ਸੀ ਕਿ ਇਸ ਵਾਰ ਕੇਂਦਰ ਸਰਕਾਰ ਬੀਟੀ ਬੀਜ ਦੇ ਭਾਅ ਵਿਚ ਸੌ ਰੁਪਏ ਦੀ ਕਟੌਤੀ ਕਰੇਗੀ ਪਰ ਕੇਂਦਰ ਸਰਕਾਰ ਨੇ ਬੀਟੀ ਬੀਜ ਦਾ ਪ੍ਰਤੀ ਪੈਕਟ 730 ਰੁਪਏ ਭਾਅ ਐਲਾਨ ਦਿੱਤਾ ਹੈ ਅਤੇ ਪਿਛਲੇ ਵਰ੍ਹੇ ਨਾਲੋਂ ਭਾਅ ਵਿਚ ਕੋਈ ਕਟੌਤੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਵੱਲੋਂ 21 ਦਿਨ ਦਾ ਲੌਕਡਾਊਨ ਐਲਾਨੇ ਜਾਣ ਮਗਰੋਂ ਕਣਕ ਦੀ ਫਸਲ ਦੀ ਖਰੀਦ ਬਾਰੇ ਹੀ ਭੰਬਲਭੂਸਾ ਬਣਿਆ ਹੋਇਆ ਹੈ। ਵਾਢੀ ਦੀ ਤਿਆਰੀ ਹਾਲੇ ਸ਼ੁਰੂ ਨਹੀਂ ਹੋਈ।
ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਇਸ ਵਾਰ ਕਰੀਬ 5 ਲੱਖ ਹੈਕਟੇਅਰ ਰਕਬੇ ਦਾ ਟੀਚਾ ਨਰਮੇ ਦੀ ਬਿਜਾਂਦ ਦਾ ਮਿਥਿਆ ਗਿਆ ਹੈ, ਜਿਸ ਕਰਕੇ ਕਰੀਬ 27 ਲੱਖ ਬੀਟੀ ਬੀਜਾਂ ਦੇ ਪੈਕਟਾਂ ਦਾ ਪ੍ਰਬੰਧ ਕਰਨਾ ਪਵੇਗਾ। ਭਾਵੇਂ ਕੇਂਦਰ ਸਰਕਾਰ ਨੇ ਬੀਟੀ ਬੀਜਾਂ ਦਾ ਭਾਅ ਐਲਾਨ ਦਿੱਤਾ ਹੈ ਪਰ ਬੀਜ ਕੰਪਨੀਆਂ ਨੂੰ ਪ੍ਰਵਾਨਗੀ ਰਾਜ ਸਰਕਾਰ ਤਰਫੋਂ ਦਿੱਤੀ ਜਾਣੀ ਹੈ। ਮੋਟੇ ਤੌਰ ਉਤੇ ਕਰੀਬ 20 ਕੁ ਕੰਪਨੀਆਂ ਵੱਲੋਂ ਇਹ ਬੀਜ ਕਾਰੋਬਾਰ ਕੀਤਾ ਜਾਂਦਾ ਹੈ। ਇਕੱਲੀ ਰਾਸ਼ੀ ਕੰਪਨੀ ਹੀ 65 ਫੀਸਦੀ ਬੀਜ ਦੀ ਸਪਲਾਈ ਕਰਦੀ ਹੈ। ਦੱਖਣੀ ਭਾਰਤ ਵਿਚੋਂ ਇਹ ਬੀਜ ਪੰਜਾਬ ਆਉਂਦਾ ਹੈ। ਖੇਤੀ ਵਿਭਾਗ ਵੱਲੋਂ ਹਾਲੇ ਕੰਪਨੀਆਂ ਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ ਅਤੇ ਉਸ ਮਗਰੋਂ ਬੀਜ ਦਾ ਆਰਡਰ ਹੋਣਾ ਹੈ। ਦੱਖਣੀ ਭਾਰਤ ਵਿਚੋਂ ਉਸ ਮਗਰੋਂ ਸਪਲਾਈ ਸ਼ੁਰੂ ਹੋਵੇਗੀ। ਕਣਕ ਦੀ ਖਰੀਦ ਸਬੰਧੀ ਵੀ ਸਰਕਾਰ ਸਪੱਸ਼ਟ ਨਹੀਂ ਹੈ। ਕਰੋਨਾ ਵਾਇਰਸ ਦੇ ਖੌਫ ਕਰਕੇ ਲੋਕ ਘਰਾਂ ਵਿਚ ਬੰਦ ਹਨ ਅਤੇ ਕਿਸਾਨ ਪੁਲਿਸ ਦੀ ਦਹਿਸ਼ਤ ਕਰਕੇ ਖੇਤਾਂ ਵੱਲ ਮੂੰਹ ਨਹੀਂ ਕਰ ਰਹੇ। ਫਾਜ਼ਿਲਕਾ ਦੇ ਪਿੰਡ ਵਜੀਦਪੁਰ ਭੋਮਾ ਦੇ ਕਿਸਾਨ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਕਰੋਨਾ ਕਰਕੇ ਐਤਕੀਂ ਤਾਂ ਕਣਕਾਂ ਵਾਲੇ ਖੇਤ ਹੀ ਸਮੇਂ ਸਿਰ ਖਾਲੀ ਨਹੀਂ ਹੋਣੇ ਅਤੇ ਉੱਪਰੋਂ ਬੀਜ ਤੇ ਪਾਣੀ ਦੇ ਮਿਲਣ ਬਾਰੇ ਵੀ ਕੋਈ ਸਰਕਾਰੀ ਐਲਾਨ ਨਹੀਂ ਹੋਇਆ। ਦੱਸਦੇ ਹਨ ਕਿ ਨਹਿਰੀ ਪਾਣੀ ਦੀ ਸਪਲਾਈ 20 ਅਪਰੈਲ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਨੁਸਾਰ ਨਰਮੇ ਦੀ ਬਿਜਾਂਦ ਲਈ ਪਹਿਲੀ ਅਪਰੈਲ ਤੋਂ 15 ਮਈ ਤੱਕ ਦਾ ਸਮਾਂ ਢੁਕਵਾਂ ਹੈ। ਸੂਤਰ ਆਖਦੇ ਹਨ ਕਿ ਕਣਕ ਦੀ ਖਰੀਦ ਦੋ ਹਫਤੇ ਅੱਗੇ ਪੈ ਸਕਦੀ ਹੈ, ਜਿਸ ਦਾ ਸਿੱਧਾ ਅਸਰ ਨਰਮੇ ਦੀ ਬਿਜਾਂਦ ਉਤੇ ਵੀ ਪਵੇਗਾ। ਹੁਣ ਤੱਕ ਪੰਜਾਬ ਨੇ ਨਰਮੇ ਦੇ ਝਾੜ ਵਿਚ ਦੇਸ਼ ਨੂੰ ਪਿਛਾਂਹ ਛੱਡਿਆ ਹੈ। ਪ੍ਰਤੀ ਏਕੜ 23.17 ਮਣ ਝਾੜ ਦਾ ਅੰਕੜਾ ਰਿਹਾ ਹੈ ਜਦੋਂਕਿ ਕੌਮੀ ਔਸਤ 12.81 ਮਣ ਪ੍ਰਤੀ ਏਕੜ ਦੀ ਹੈ। ਪੰਜਾਬ ਵਿਚ ਇਸ ਵਾਰ 3.92 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਸੀ ਪਰ ਭਾਰਤੀ ਕਪਾਹ ਨਿਗਮ ਨੇ ਕਾਫੀ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਸਨ। ਹੁਣ ਜੋ ਕਰੋਨਾ ਵਾਇਰਸ ਕਰਕੇ ਮਾਹੌਲ ਬਣਿਆ ਹੋਇਆ ਹੈ, ਉਸ ਕਾਰਨ ਕਿਸਾਨ ਸ਼ਸ਼ੋਪੰਜ ਵਿਚ ਹਨ।
__________________________________
ਕਰੋਨਾ ਬੰਦ ਕਾਰਨ ਪੋਲਟਰੀ ਉਦਯੋਗ ਨੂੰ ਲੱਗਣ ਲੱਗੇ ਤਾਲੇ
ਚੰਡੀਗੜ੍ਹ: ਕਰੋਨਾ ਵਾਇਰਸ ਕਾਰਨ ਪੰਜਾਬ ਦਾ ਪੋਲਟਰੀ ਉਦਯੋਗ ਤਬਾਹੀ ਕੰਢੇ ਆ ਖੜ੍ਹਾ ਹੋਇਆ ਹੈ। ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਮੁਰਗੀਆਂ ਲਈ ਨਾ ਤਾਂ ਖੁਰਾਕ ਮਿਲ ਰਹੀ ਹੈ ਅਤੇ ਨਾ ਹੀ ਬਾਜਰਾ ਮਿਲ ਰਿਹਾ ਹੈ। ਲੌਕਡਾਊਨ ਵਾਲੇ ਦਿਨ ਤੋਂ ਹੀ ਬਾਜਰੇ ਦੇ ਭਰੇ ਸੈਂਕੜੇ ਟਰੱਕ ਪੰਜਾਬ ਰਾਜਸਥਾਨ ਬਾਰਡਰ ਨੇੜੇ ਅਟਕੇ ਖੜ੍ਹੇ ਹਨ। ਜੇ ਪੰਜਾਬ ਸਰਕਾਰ ਨੇ ਮੁਰਗੀਆਂ ਦੀ ਖੁਰਾਕ ਦੀ ਪੂਰਤੀ ਲਈ ਯਤਨ ਨਾ ਕੀਤੇ ਤਾਂ ਸੂਬੇ ਅੰਦਰ ਮੁਰਗੀਆਂ ਦੇ ਮਰਨ ਸਦਕਾ ਮਹਾਮਾਰੀ ਫੈਲਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪੋਲਟਰੀ ਫਾਰਮ ਮਾਲਕਾਂ ਦਾ ਕਹਿਣਾ ਹੈ ਕਿ ਦੇਸ਼ ਅੰਦਰ ਕਰਫਿਊ ਲੱਗ ਜਾਣ ਸਦਕਾ ਆਂਡਿਆਂ ਅਤੇ ਮੁਰਗੇ ਦੇ ਮੀਟ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ। ਮੌਜੂਦਾ ਸਮੇਂ ਆਂਡੇ ਦੀ ਕੀਮਤ ਦੋ ਰੁਪਏ ਤੋਂ ਵੀ ਘਟ ਗਈ ਹੈ। ਇਕ ਤਰ੍ਹਾਂ ਨਾਲ ਆਂਡੇ ਦਾ ਕੋਈ ਖਰੀਦਦਾਰ ਹੀ ਨਹੀਂ ਹੈ। ਇਸੇ ਤਰ੍ਹਾਂ ਕੱਚੇ ਮੀਟ ਦੀ ਕੀਮਤ 50 ਰੁਪਏ ਪ੍ਰਤੀ ਕਿੱਲੋ ਤੋਂ ਵੀ ਘੱਟ ਮਿਲ ਰਹੀ ਹੈ। ਕਰੋਨਾ ਵਾਇਰਸ ਕਾਰਨ ਕਿਸੇ ਸ਼ਰਾਰਤੀ ਅਨਸਰ ਵੱਲੋਂ ਮੀਟ ਤੇ ਆਂਡਾ ਖਾਣ ਨਾਲ ਕਰੋਨਾ ਫੈਲਣ ਦੇ ਖਤਰੇ ਦੀ ਸੋਸ਼ਲ ਮੀਡੀਆ ਉਤੇ ਪੋਸਟ ਵਾਇਰਲ ਹੋਣ ਨਾਲ ਪੋਲਟਰੀ ਉਦਯੋਗ ਉਤੇ ਮਾਰੂ ਅਸਰ ਪਿਆ ਹੈ। ਦੇਸ਼ ਦੇ ਕੇਂਦਰੀ ਪਸ਼ੂ ਪਾਲਣ ਮੰਤਰੀ ਗਿਰੀ ਰਾਜ ਸਿੰਘ ਅਤੇ ਪੰਜਾਬ ਦੇ ਪੋਲਟਰੀ ਉਦਯੋਗ ਵਿਕਾਸ ਬੋਰਡ ਵੱਲੋਂ ਇਸ ਸਬੰਧੀ ਜਨ ਹਿੱਤ ਸੂਚਨਾ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਪਰ ਪੋਲਟਰੀ ਉਦਯੋਗ ਨੂੰ ਇਨ੍ਹਾਂ ਅਪੀਲਾਂ ਨਾਲ ਅਜੇ ਕੋਈ ਰਾਹਤ ਨਹੀਂ ਮਿਲ ਸਕੀ। ਪੋਲਟਰੀਧਾਰਕਾਂ ਨੇ ਸਰਕਾਰ ਪਾਸੋਂ ਮੁਰਗੀਆਂ ਦੀ ਖੁਰਾਕ ਦੀ ਸਪਲਾਈ ਦੀ ਜਲਦ ਮੰਗ ਕਰਦਿਆਂ ਆਪਣੇ ਲਈ ਵੀ ਆਰਥਿਕ ਮਦਦ ਦੀ ਮੰਗ ਕੀਤੀ ਹੈ।
__________________________________
ਸੈਂਕੜੇ ਸ਼ਹਿਦ ਮੱਖੀ ਪਾਲਕ ਕਸੂਤੇ ਫਸੇ
ਪੰਜਾਬ ਦੇ ਸੈਂਕੜੇ ਸ਼ਹਿਦ ਮੱਖੀ ਪਾਲਕ ਦੂਜੇ ਰਾਜਾਂ ਵਿਚ ਫਸ ਗਏ ਹਨ। ਪ੍ਰੋਗਰੈਸਿਵ ਬੀ-ਕੀਪਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਰਪਿੰਦਰ ਧਾਲੀਵਾਲ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਧੂ ਮੱਖੀ ਪਾਲਕਾਂ ਦੀ ਸੁਰੱਖਿਅਤ ਘਰ ਵਾਪਸੀ ਦੀ ਮੰਗ ਕੀਤੀ ਹੈ। ਇਹ ਮੱਖੀ ਪਾਲਕ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਯੂਪੀ ਵਿਚ ਸਰ੍ਹੋਂ ਦੀ ਫਸਲ ਕਰਕੇ ਗਏ ਹੋਏ ਸਨ ਪਰ ਹੁਣ ਆਵਾਜਾਈ ਬੰਦ ਹੋਣ ਕਰਕੇ ਫਸ ਗਏ ਹਨ। ਉਨ੍ਹਾਂ ਨੂੰ ਤਾਪਮਾਨ ਕਰਕੇ ਮਧੂ ਕਲੋਨੀਆਂ ਦੇ ਖਤਮ ਹੋਣ ਦਾ ਡਰ ਵੀ ਬਣਿਆ ਹੋਇਆ ਹੈ। ਫਿਰੋਜ਼ਪੁਰ, ਬਠਿੰਡਾ ਤੇ ਮਾਨਸਾ ਦੇ ਮਧੂ ਮੱਖੀ ਪਾਲਕਾਂ ਨੂੰ ਦੂਸਰੇ ਰਾਜਾਂ ਵਿਚ ਰਾਸ਼ਨ ਦੀ ਮੁਸ਼ਕਲ ਵੀ ਆ ਗਈ ਹੈ।