ਕਰੋਨਾ ਸੰਕਟ ਅਤੇ ਅਮਰੀਕਾ

ਕਰੋਨਾ ਵਾਇਰਸ ਦੀ ਮਾਰ ਨਾਲ ਅੱਜ ਸਮੁੱਚਾ ਸੰਸਾਰ ਝੰਬਿਆ ਪਿਆ ਹੈ। ਅਮਰੀਕਾ ਵਿਚ ਅੱਜ ਕੱਲ੍ਹ ਕਰੋਨਾ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ। ਅਸਲ ਵਿਚ ਮੁੱਢ ਵਿਚ ਹੀ ਜਿਨ੍ਹਾਂ ਮੁਲਕਾਂ ਨੇ ਇਸ ਮਹਾਂਮਾਰੀ ਨੂੰ ਅਣਗੌਲਿਆ ਕੀਤਾ, ਉਨ੍ਹਾਂ ਦਾ ਹਾਲ ਪਿਛੋਂ ਜਾ ਕੇ ਮਾੜਾ ਹੀ ਹੋਇਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਾਂ-ਪਹਿਲ ਇਸ ਮਸਲੇ ਵਲ ਬਣਦੀ ਤਵੱਜੋ ਨਾ ਦਿੱਤੀ, ਜਿਸ ਦਾ ਖਮਿਆਜ਼ਾ ਹੁਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਬਾਰੇ ਵਿਸਥਾਰ ਸਹਿਤ ਚਰਚਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤੀ ਹੈ।

-ਸੰਪਾਦਕ

ਬੂਟਾ ਸਿੰਘ
ਕਰੋਨਾ ਵਾਇਰਸ ਸਾਹਮਣੇ ਦੁਨੀਆਂ ਦੀ ਸਭ ਤੋਂ ਤਾਕਤਵਰ ਜੰਗਬਾਜ਼ ਸਲਤਨਤ ਅਮਰੀਕਾ ਵੀ ਗੋਡੇ ਟੇਕ ਚੁੱਕੀ ਨਜ਼ਰ ਆ ਰਹੀ ਹੈ। ਟਰੰਪ ਪ੍ਰਸ਼ਾਸਨ ਮਹਾਂਮਾਰੀ ਦੇ ਖਤਰੇ ਨੂੰ ਮਹੀਨਿਆਂ ਤੱਕ ਮਾਮੂਲੀ ਫਲੂ ਕਹਿ ਕੇ ਨਜ਼ਰਅੰਦਾਜ਼ ਕਰਦਾ ਰਿਹਾ। ਉਸ ਨੇ ਵਾਇਰਸ ਨੂੰ ‘ਚੀਨੀ ਵਾਇਰਸ’ ਕਰਾਰ ਦੇ ਕੇ ਨਫਰਤ ਦੀ ਸਿਆਸਤ ਖੇਡਣ ਅਤੇ ਇਸ ਨੂੰ ਵਪਾਰ ਯੁੱਧ (ਟਰੇਡ ਵਾਰ) ਦਾ ਹਥਿਆਰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ। ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਅਮਰੀਕਨਾਂ ਦੀ ਸਿਹਤ ਅਤੇ ਉਨ੍ਹਾਂ ਦੀ ਤਰਜ਼ੇ-ਜ਼ਿੰਦਗੀ ਲਈ ‘ਚੋਖਾ ਖਤਰਾ’ ਹੈ; ਬੇਸ਼ੱਕ ਬਾਅਦ ਵਿਚ ਉਨ੍ਹਾਂ ਨੂੰ ਆਪਣੀ ਸੁਰ ਬਦਲਣੀ ਪੈ ਗਈ। ਹਾਲੀਆ ਸਰਵੇਖਣ ਰਿਪੋਰਟਾਂ ਵੀ ਹਾਲਾਤ ਦੀ ਗੰਭੀਰਤਾ ਬਾਰੇ ਆਮ ਅਮਰੀਕਨਾਂ ਦੀ ਸੋਚ ਅਤੇ ਟਰੰਪ ਸਰਕਾਰ ਦੇ ਜਾਇਜ਼ੇ ਦਰਮਿਆਨ ਜ਼ਮੀਨ ਆਸਮਾਨ ਦੇ ਪਾੜੇ ਨੂੰ ਦਰਸਾਉਂਦੀਆਂ ਹਨ। ਸਰਵੇਖਣਾਂ ਵਿਚ ਮੁਲਕ ਦੇ ਹਰ ਖੇਤਰ ਅੰਦਰ ਬੰਦ ਕਰਨ ਦੀ ਰਾਇ ਭਾਰੂ ਰਹੀ। ਰਾਇ ਦੇਣ ਵਾਲਿਆਂ ਵਿਚੋਂ ਵੀ ਕਈ ਲੋਕਾਂ, ਜਿਨ੍ਹਾਂ ਨੇ ਇਹ ਕਿਹਾ ਕਿ ਉਨ੍ਹਾਂ ਦਾ ਇਕ ਮਹੀਨਾ ਜਾਂ ਇਸ ਤੋਂ ਘੱਟ ਸਮੇਂ ਤੱਕ ਕੰਮ ਛੱਡਣ ਨਾਲ ਗੁਜ਼ਾਰਾ ਨਹੀਂ ਹੋ ਸਕਦਾ, ਉਹ ਵੀ ਬੰਦ ਦੇ ਹੱਕ ਵਿਚ ਸਨ।
ਪਿਊ ਰਿਸਰਚ ਸੈਂਟਰ ਨੇ ਆਪਣੀ ਸਰਵੇਖਣ ਰਿਪੋਰਟ ਵਿਚ ਖੁਲਾਸਾ ਕੀਤਾ ਕਿ ਦਸ ਵਿਚੋਂ ਨੌਂ ਅਮਰੀਕਨ ਕੌਮਾਂਤਰੀ ਉਡਾਣਾਂ ਉਪਰ ਰੋਕ ਲਗਾਉਣ, ਖੇਡਾਂ ਅਤੇ ਮਨੋਰੰਜਨ ਦੇ ਸਮਾਰੋਹ ਰੱਦ ਕਰਨ, ਸਕੂਲ ਬੰਦ ਕਰਨ ਅਤੇ 10 ਜਾਂ ਇਸ ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ ਉਪਰ ਰੋਕ ਲਗਾਉਣ ਦੇ ਹੱਕ ਵਿਚ ਹਨ। ਹੁਣ ਚੁੱਕੇ ਜਾ ਰਹੇ ਪ੍ਰਸ਼ਾਸਨਿਕ ਕਦਮ ਊਣੇ ਅਤੇ ਜ਼ਿਆਦਾਤਰ ਅਸਫਲ ਨਜ਼ਰ ਆ ਰਹੇ ਹਨ। ਮੁਲਕ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਵਿਚ ਹੋ ਰਹੇ ਲਗਾਤਾਰ ਚਿੰਤਾਜਨਕ ਇਜ਼ਾਫੇ ਦੇ ਮੱਦੇਨਜ਼ਰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਮਾਜਿਕ ਵਿਥ ਬਣਾਈ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਨੂੰ 30 ਅਪਰੈਲ ਤਕ ਵਧਾ ਦੇਣ ਦਾ ਐਲਾਨ ਕਰਨਾ ਪਿਆ ਹੈ ਅਤੇ ਈਸਟਰ ਤੱਕ ਜ਼ਿੰਦਗੀ ਦੇ ਮੁੜ ਲੀਹ ‘ਤੇ ਆ ਜਾਣ ਦੇ ਆਪਣੇ ਪਹਿਲੇ ਟੀਚੇ ਨੂੰ ਤਿਲਾਂਜਲੀ ਦੇਣੀ ਪਈ ਹੈ। ਇਸ ਤੋਂ ਅਗਲੇ ਦਿਨ ਉਸ ਨੇ ਇਹ ਸੰਕੇਤ ਵੀ ਦੇ ਦਿੱਤਾ ਕਿ ਪਾਬੰਦੀਆਂ ਹੋਰ ਸਖਤ ਕੀਤੀਆਂ ਜਾ ਸਕਦੀਆਂ ਹਨ।
ਇਸ ਵਕਤ ਅਮਰੀਕਾ ਦੁਨੀਆਂ ਦਾ ਕੋਵਿਡ-19 (ਕਰੋਨਾ) ਦੀ ਲਾਗ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਮੁਲਕ ਹੈ ਅਤੇ ਇਹ ਇਟਲੀ-ਸਪੇਨ ਤੋਂ ਬਾਅਦ ਕਰੋਨਾ ਵਾਇਰਸ ਦਾ ਤੀਜਾ ਸਭ ਤੋਂ ਵੱਡਾ ਕੇਂਦਰ ਬਣ ਰਿਹਾ ਹੈ। ਇਥੇ ਇਹ ਸਤਰਾਂ ਲਿਖੇ ਜਾਣ ਦੇ ਵਕਤ ਇਸ ਖੌਫਨਾਕ ਵਾਇਰਸ ਦੀ ਲਪੇਟ ਵਿਚ ਆਉਣ ਵਾਲਿਆਂ ਦੀ ਤਾਦਾਦ ਤਕਰੀਬਨ ਦੋ ਲੱਖ ਅਤੇ ਮਰਨ ਵਾਲਿਆਂ ਦੀ ਤਾਦਾਦ 3500 ਨੂੰ ਜਾ ਢੁੱਕੀ ਹੈ। ਐਰੀਜ਼ੋਨਾ, ਮੈਰੀਲੈਂਡ ਅਤੇ ਵਰਜੀਨੀਆ ਦੇ ਗਵਰਨਰਾਂ ਦੇ ਨਾਲ-ਨਾਲ ਡਿਸਟ੍ਰਿਕ ਕੋਲੰਬੀਆ ਦੇ ਮੇਅਰ ਦੇ ਨਵੇਂ ਹੁਕਮਾਂ ਨਾਲ 50 ਰਾਜਾਂ ਦੇ ਅੱਧ ਤੋਂ ਵਧੇਰੇ ਅਤੇ ਚਾਰ ਅਮਰੀਕਨਾਂ ਵਿਚੋਂ ਤਿੰਨ ਆਪਣੇ ਘਰ ਵਿਚ ਹੀ ਰਹਿਣ ਦੇ ਦਿਸ਼ਾ-ਨਿਰਦੇਸ਼ ਦੇ ਘੇਰੇ ਵਿਚ ਆ ਗਏ ਹਨ ਜਾਂ ਆ ਜਾਣਗੇ। ਕਾਰੋਬਾਰਾਂ ਉਪਰ ਵੀ ਇਸ ਦਾ ਗੰਭੀਰ ਅਸਰ ਹੈ। ਸਮੁੱਚੀ ਆਰਥਿਕਤਾ ਬੁਰੀ ਤਰ੍ਹਾਂ ਡਾਵਾਂਡੋਲ ਹੈ। ਮੇਸੀ ਨੇ ਕਹਿ ਦਿੱਤਾ ਹੈ ਕਿ ਇਸ ਦੇ ਸਵਾ ਲੱਖ ਵਰਕਰਾਂ ਵਿਚੋਂ ‘ਬਹੁਗਿਣਤੀ’ ਘਰੋ-ਘਰੀ ਰਹਿਣਗੇ। ਗੈਪ ਨੇ ਵੀ ਕਹਿ ਦਿੱਤਾ ਹੈ ਕਿ ਉਸ ਵਲੋਂ ਵੀ ਅਮਰੀਕਾ ਅਤੇ ਕੈਨੇਡਾ ਵਿਚਲੇ ਸਟੋਰਾਂ ਦੇ 80,000 ਮੁਲਾਜ਼ਮਾਂ ਲਈ ਇਹੋ ਕਦਮ ਚੁੱਕੇ ਜਾਣਗੇ।
ਦੁਨੀਆ ਵਿਚ ਕਰੋਨਾ ਕਾਰਨ ਹਾਹਾਕਾਰ ਮੱਚੀ ਹੋਣ ਦੇ ਬਾਵਜੂਦ ਟਰੰਪ ਇਸ ਖਤਰੇ ਪ੍ਰਤੀ ਆਪਣੇ ਨਾਗਰਿਕਾਂ ਨੂੰ ਅਵੇਸਲਾ ਕਰਨ ਦੀ ਮੁਜਰਮਾਨਾ ਕਵਾਇਦ ‘ਚ ਜੁਟਿਆ ਰਿਹਾ। ਇਥੋਂ ਤੱਕ ਨੌਬਤ ਕਿਵੇਂ ਆਈ, ਇਸ ਨੂੰ ਸਮਝਣ ਲਈ 22 ਜਨਵਰੀ ਤੋਂ ਲੈ ਕੇ 13 ਮਾਰਚ ਤੱਕ ਉਸ ਦੇ ਦਾਅਵਿਆਂ ਦੇ ਵੇਰਵੇ ਗੌਰ ਕਰਨ ਵਾਲੇ ਹੈ। 22 ਜਨਵਰੀ ਨੂੰ ਟਰੰਪ ਨੇ ਟਵੀਟ ਕੀਤਾ: ‘ਇਹ ਪੂਰੀ ਤਰ੍ਹਾਂ ਸਾਡੇ ਕਾਬੂ ਹੇਠ ਹੈ। ਇਕ ਤਾਂ ਬੰਦਾ ਹੈ ਜੋ ਚੀਨ ਤੋਂ ਆਇਆ ਹੈ।’ ਫਿਰ 24 ਫਰਵਰੀ ਨੂੰ ਉਸ ਨੇ ਦਾਅਵਾ ਕੀਤਾ: ‘ਯੂ.ਐਸ਼ਏ. ਵਿਚ ਕਰੋਨਾ ਵਾਇਰਸ ਬਹੁਤ ਜ਼ਿਆਦਾ ਕਾਬੂ ਹੇਠ ਹੈ। … ਮੈਨੂੰ ਸਟਾਕ ਮਾਰਕੀਟ ਬਹੁਤ ਵਧੀਆ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ।’ 26 ਫਰਵਰੀ ਦਾ ਟਵੀਟ ਹੈ: ‘ਪੰਦਰਾਂ ਕੇਸ ਦੋ ਦਿਨਾਂ ਦੇ ਵਿਚ ਸਿਫਰ ਹੋ ਰਹੇ ਹਨ।’ 27 ਫਰਵਰੀ: ‘ਇਕ ਦਿਨ ਇਹ ਚਮਤਕਾਰ ਹੀ ਹੋਵੇਗਾ, ਇਹ ਲੋਪ ਹੋ ਜਾਵੇਗਾ।’ 2 ਮਾਰਚ: ‘ਬਹੁਤ ਕੁਝ ਵਾਪਰ ਰਿਹਾ ਹੈ, ਬਹੁਤ ਕੁਝ ਉਤਸ਼ਾਹਜਨਕ ਵਾਪਰ ਰਿਹਾ ਹੈ ਅਤੇ ਇਹ ਬਹੁਤ ਤੇਜ਼ੀ ਨਾਲ ਵਾਪਰ ਰਿਹਾ ਹੈ।’ ਮਾਰਚ 6: ‘ਮੈਂ ਸੋਚਦਾ ਹਾਂ, ਅਸੀਂ ਇਸ ਨੂੰ ਕਾਬੂ ਹੇਠ ਲਿਆ ਕੇ ਇਸ ਮੁਲਕ ਵਿਚ ਸੱਚੀਓਂ ਹੀ ਵਧੀਆ ਕੰਮ ਕਰ ਰਹੇ ਹਾਂ … ਇਸ ਨੂੰ ਕਾਬੂ ਹੇਠ ਲਿਆਉਣ ਦਾ ਵਾਹਵਾ ਕੰਮ ਕਰ ਰਹੇ ਹਾਂ।’ 8 ਮਾਰਚ: ‘ਕਰੋਨਾ ਵਾਇਰਸ ਉਪਰ ਹੱਲਾ ਬੋਲਣ ਲਈ ਸਾਡੇ ਕੋਲ ਵ੍ਹਾਈਟ ਹਾਊਸ ਵਿਚ ਪੂਰੀ ਤਰ੍ਹਾਂ ਤਾਲਮੇਲ ਵਾਲੀ ਅਤੇ ਕਾਰਗੁਜ਼ਾਰੀ ਨੂੰ ਲਗਾਤਾਰ ਬਿਹਤਰ ਬਣਾਉਣ ਵਾਲੀ ਟੀਮ ਹੈ।’ 9 ਮਾਰਚ: ‘ਫੇਕ ਨਿਊਜ਼ ਮੀਡੀਆ ਅਤੇ ਇਨ੍ਹਾਂ ਦੀ ਭਾਈਵਾਲ ਡੈਮੋਕਰੇਟਿਕ ਪਾਰਟੀ ਕਰੋਨਾ ਵਾਇਰਸ ਦੀ ਹਾਲਤ ਨੂੰ ਭੜਕਾਉਣ ਲਈ ਆਪਣੀ ਤੁਛ ਜਿਹੀ ਤਾਕਤ ਨਾਲ ਪੂਰੇ ਹੱਥ ਪੈਰ ਮਾਰ ਰਹੀ ਹੈ।’ 10 ਮਾਰਚ: ‘ਇਹ ਤਾਂ ਬਸ ਖਤਮ ਹੋਇਆ ਸਮਝੋ। ਬਸ ਸ਼ਾਂਤ ਰਹੋ।’
ਫਿਰ 13 ਮਾਰਚ ਨੂੰ ਕੌਮੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਹਾਲ ਹੀ ਵਿਚ ਟਰੰਪ ਨੇ ਮਹਾਂਮਾਰੀ ਦੀ ਭਿਆਨਕਤਾ ਨਾਲ ਨਜਿੱਠਣ ਲਈ 2 ਟ੍ਰਿਲੀਅਨ ਡਾਲਰ ਦੇ ‘ਕਰੋਨਾ ਵਾਇਰਸ ਸਟਿਮੂਲਸ ਬਿੱਲ’ ਉਪਰ ਦਸਤਖਤ ਕੀਤੇ ਹਨ। ਨਿਸ਼ਚੇ ਹੀ ਮੁਲਕ ਨੂੰ ਅਜੋਕੀ ਜਾਨੀ-ਮਾਲੀ ਤਬਾਹੀ ਦੇ ਕੰਢੇ ‘ਤੇ ਪਹੁੰਚਾਉਣ ਵਿਚ ਟਰੰਪ ਸਰਕਾਰ ਦੇ ਰਵੱਈਏ ਦੀ ਮੁੱਖ ਭੂਮਿਕਾ ਹੈ।
ਕੌਮੀ ਐਮਰਜੈਂਸੀ ਦੇ ਐਲਾਨ ਤੋਂ ਦੋ ਹਫਤੇ ਬਾਅਦ 29 ਮਾਰਚ ਨੂੰ ਡੋਨਾਲਡ ਟਰੰਪ ਅਤੇ ਵ੍ਹਾਈਟ ਹਾਊਸ ਟਾਸਕ ਫੋਰਸ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿਚ ਟਰੰਪ ਨੇ ਦੱਸਿਆ ਕਿ ‘ਅਸੀਂ ਆਪਣੇ ਦਿਸ਼ਾ-ਨਿਰਦੇਸ਼ਾਂ ਨੂੰ 30 ਅਪਰੈਲ ਤੱਕ ਵਧਾ ਰਹੇ ਹਾਂ ਤਾਂ ਜੋ ਇਸ ਨਾਲ ਵਾਇਰਸ ਦੇ ਫੈਲਾਅ ਦੀ ਰਫਤਾਰ ਮੱਠੀ ਕੀਤੀ ਜਾ ਸਕੇ।’ ਉਸ ਨੇ ਦੱਸਿਆ ਕਿ ਵਾਇਰਸ ਨੂੰ ਠੱਲ੍ਹ ਪਾਉਣ ਲਈ ਕਵਾਰਨਟਾਈਨ ਦੀ ਜ਼ਰੂਰਤ ਨਹੀਂ ਹੈ। ਟਰੰਪ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਨਿਊ ਯਾਰਕ ਖੇਤਰ ਵਿਚ ਲੌਕਡਾਊਨ ਦੀ ਤਜਵੀਜ਼ ਨੂੰ ਵੀ ਰੱਦ ਕਰ ਦਿੱਤਾ। ਉਹ ਲੋਕਾਂ ਨੂੰ ਇਹ ਯਾਦ ਕਰਾਉਣਾ ਵੀ ਨਹੀਂ ਭੁੱਲਿਆ ਕਿ ‘ਰੋਜ਼ ਗਾਰਡਨ ਵਿਚ ਦਿਨ ਕਿੰਨਾ ਖੂਬਸੂਰਤ ਹੈ। ਕੁਰਸੀਆਂ ਦੌਰਾਨ ਵਾਹਵਾ ਵਿਥ ਹੈ, ਸਮਾਜਿਕ ਵਿਥ ਰੱਖੀ ਜਾ ਰਹੀ ਹੈ। ਤੁਸੀਂ ਇਸ ਉਪਰ ਵਧੀਆ ਅਮਲ ਕਰ ਰਹੇ ਹੋ। ਇਹ ਕਾਬਲੇ-ਤਾਰੀਫ ਹੈ।’
ਟੈਸਟਿੰਗ ਅਤੇ ਇਲਾਜ ਬਾਬਤ ਮਹੱਤਵਪੂਰਨ ਪ੍ਰਗਤੀ ਬਾਰੇ ਚਾਨਣਾ ਪਾਉਂਦਿਆਂ ਉਸ ਨੇ ਖੁਲਾਸਾ ਕੀਤਾ ਕਿ ਐਫ਼ਡੀ.ਏ. ਵਲੋਂ ਦੋ ਦਿਨ ਪਹਿਲਾਂ ਨਵੇਂ ਟੈਸਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਐਬੌਟ ਲੈਬਸ ਵਲੋਂ ਵਿਕਸਤ ਕੀਤੇ ਇਸ ਟੈਸਟ ਨਾਲ ਪੰਜ ਮਿੰਟਾਂ ਦੇ ਅੰਦਰ ਟੈਸਟਿੰਗ ਦੇ ਨਤੀਜੇ ਪਤਾ ਲੱਗ ਜਾਇਆ ਕਰਨਗੇ। ਆਪਣੀ ਕਾਰਜਕੁਸ਼ਲਤਾ ਦੀ ਸ਼ੇਖੀ ਮਾਰਦਿਆਂ ਟਰੰਪ ਨੇ ਦੱਸਿਆ ਕਿ ਵੈਸੇ ਤਾਂ ਸਹਿਜ ਹਾਲਾਤ ਅੰਦਰ ਐਫ਼ਡੀ.ਏ. ਵਲੋਂ ਐਸੀ ਮਨਜ਼ੂਰੀ ਦੇਣ ਦੇ ਅਮਲ ਨੂੰ ਦਸ ਮਹੀਨੇ ਜਾਂ ਇਸ ਤੋਂ ਵੀ ਜ਼ਿਆਦਾ ਵਕਤ ਲੱਗ ਜਾਂਦਾ ਹੈ, ਲੇਕਿਨ ਅਸੀਂ ਇਸ ਨੂੰ ਚਾਰ ਹਫਤਿਆਂ ਵਿਚ ਹੀ ਪੂਰਾ ਕਰ ਲਿਆ। ਉਸ ਨੇ ਇਹ ਦਾਅਵਾ ਵੀ ਕੀਤਾ ਕਿ ਇਸ ਖੋਜ ਤੋਂ ਪਹਿਲਾਂ ਵੀ ਉਸ ਦੇ ਸ਼ਾਸਨ ਹੇਠ ਦੁਨੀਆਂ ਦੇ ਕਿਸੇ ਵੀ ਮੁਲਕ ਨਾਲੋਂ ਵਧੇਰੇ ਟੈਸਟ ਕੀਤੇ ਜਾ ਰਹੇ ਸਨ। ਯਾਦ ਰਹੇ ਕਿ ਟਰੰਪ ਪ੍ਰਸ਼ਾਸਨ ਨੇ 16 ਮਾਰਚ ਤੋਂ ਅਮਰੀਕਾ ਵਿਚ ਸਮਾਜਿਕ ਵਿਥ ਬਣਾਉਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਰਾਹੀਂ ਲੋਕਾਂ ਨੂੰ 10 ਤੋਂ ਵਧੇਰੇ ਗਿਣਤੀ ‘ਚ ਇਕੱਠੇ ਨਾ ਹੋਣ ਅਤੇ ਬਾਹਰ ਖਾਣਾ ਖਾਣ ਤੋਂ ਗੁਰੇਜ਼ ਕਰਨ ਲਈ ਪ੍ਰੇਰਿਆ ਗਿਆ।
ਪ੍ਰੈਸ ਕਾਨਫਰੰਸ ਤੋਂ ਅਗਲੇ ਦਿਨ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਰੂਰੀ ਸਾਜ਼ੋ-ਸਮਾਨ ਦੀ ਵਿਸ਼ਾਲ ਪੈਮਾਨੇ ਉਪਰ ਪੈਦਾਵਾਰ ਅਤੇ ਵੰਡ ਦਾ ਅਮਲ ਚੱਲ ਰਿਹਾ ਹੈ। ਉਸ ਨੇ ਨਿਊ ਯਾਰਕ ਵਿਚ ਇਕ ਆਰਜ਼ੀ ਹਸਪਤਾਲ ਬਣਾਉਣ ਅਤੇ ਉਥੇ ਮੈਡੀਕਲ ਸ਼ਿੱਪ ਭੇਜੇ ਜਾਣ ਦਾ ਖਾਸ ਤੌਰ ‘ਤੇ ਜ਼ਿਕਰ ਕੀਤਾ। ਇਸ ਦੌਰਾਨ ਰਾਜਾਂ ਦੇ ਗਵਰਨਰ ਵੈਂਟੀਲੇਟਰਾਂ, ਮਾਸਕਾਂ ਅਤੇ ਹੋਰ ਮਹੱਤਵਪੂਰਨ ਮੈਡੀਕਲ ਸਾਜ਼ੋ-ਸਮਾਨ ਦੀ ਤੋਟ ਦੀ ਸ਼ਿਕਾਇਤ ਕਰ ਰਹੇ ਹਨ ਜਿਸ ਕਾਰਨ ਮੈਡੀਕਲ ਸੇਵਾਵਾਂ ਅਪਾਹਜ ਮਹਿਸੂਸ ਕਰ ਰਹੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਟਰੰਪ ਅਜੇ ਵੀ ਆਪਣੀ ਫਿਤਰਤ ਅਨੁਸਾਰ ਜ਼ਮੀਨੀ ਹਕੀਕਤ ਤੋਂ ਦੂਰ ਹੈ ਅਤੇ ਬਹੁਤ ਵਧਾ-ਚੜ੍ਹਾ ਕੇ ਦਾਅਵੇ ਕਰ ਰਿਹਾ ਹੈ।
ਐਨੀ ਭਿਆਨਕ ਮਹਾਂਮਾਰੀ ਦਰਮਿਆਨ ਵੀ ਨਾ ਟਰੰਪ ਮੀਡੀਆ ਨੂੰ ਫਿਟਕਾਰ ਪਾਉਣਾ ਭੁੱਲਿਆ, ਨਾ ਉਸ ਦਾ ਨਸਲਵਾਦੀ ਜੋਸ਼ ਮੱਠਾ ਪਿਆ ਅਤੇ ਨਾ ਉਸ ਦੇ ਆਪਣੇ ਲੰਗੋਟੀਏ ਕਾਰਪੋਰੇਟ ਪ੍ਰਤੀ ਗੂੜ੍ਹੇ ਹੇਜ ਵਿਚ ਕੋਈ ਕਮੀ ਆਈ। ਹਾਲੀਆ ਪ੍ਰੈਸ ਕਾਨਫਰੰਸ ਵਿਚ ਵੀ ਉਸ ਦੇ ਚਹੇਤੇ ਕਾਰਪੋਰੇਟ ਵ੍ਹਾਈਟ ਹਾਊਸ ਵਿਖੇ ਉਚੇਚੇ ਤੌਰ ‘ਤੇ ਪਧਾਰੇ ਹੋਏ ਸਨ। ਮਾਈਪਿਲੋਅ ਦੇ ਚੀਫ ਐਗਜ਼ੀਕਿਊਟਿਵ ਮਾਈਕ ਲਿੰਡਲ, ਹਨੀਵੈਲ ਦੇ ਡੇਰੀਅਸ ਐਡਮਜ਼ਾਈਕ, ਜੌਕੇਅ ਇੰਟਰਨੈਸ਼ਨਲ ਦੀ ਡੈਬਰਾ ਐਸ਼ ਵਾਲਰ, ਪ੍ਰੌਕਟਰ ਐਂਡ ਗੈਂਬਲ ਦੇ ਡੇਵਿਡ ਟੇਲਰ ਅਤੇ ਯੂਨਾਈਟਿਡ ਟੈਕਨਾਲੋਜੀਜ਼ ਦੇ ਗ੍ਰੈਗ ਹੇਅਜ਼ ਨੂੰ ਤਾਂ ਟਰੰਪ ਨੇ ਸੰਖੇਪ ਭਾਸ਼ਣ ਦੇਣ ਲਈ ਉਚੇਚਾ ਵਕਤ ਵੀ ਦਿੱਤਾ। ਲਿੰਡਲ ਤਾਂ ਟਰੰਪ ਦੀਆਂ ਚੋਣ ਮੁਹਿੰਮ ਰੈਲੀਆਂ ਦਾ ਸਟਾਰ ਮੰਨਿਆ ਜਾਂਦਾ ਹੈ। ਕਾਰਪੋਰੇਟ ਮਿੱਤਰਾਂ ਦੀ ਤਾਰੀਫ ਕਰਦਿਆਂ ਟਰੰਪ ਨੇ ਕਿਹਾ, ‘ਇਹ ਮਹਾਨ ਕੰਪਨੀਆਂ ਹਨ।’ ਇਹ ਅਮਰੀਕਾ ਦੀ ਸਭ ਤੋਂ ਜ਼ਰੂਰੀ ਲੋੜ ਪੂਰਤੀ ਲਈ ਮੈਡੀਕਲ ਸਾਜ਼ੋ-ਸਮਾਨ ਬਣਾ ਕੇ ਜਾਂ ਦਾਨ ਕਰਕੇ ਆਪਣਾ ‘ਦੇਸ਼ਭਗਤ ਫਰਜ਼’ ਨਿਭਾਅ ਰਹੀਆਂ ਹਨ। ਲਿੰਡਲ ਵੀ ਪਿੱਛੇ ਨਾ ਰਿਹਾ! ਉਸ ਨੇ ਚੋਣ ਮੁਹਿੰਮ ਦੇ ਅੰਦਾਜ਼ ‘ਚ ਕਿਹਾ, ‘ਅਸੀਂ ਜਿਸ ਰਾਹ ‘ਤੇ ਚੱਲ ਰਹੇ ਸੀ, ਰੱਬ ਨੇ ਉਸ ਦਾ ਮੁਹਾਣ ਮੋੜਨ ਲਈ 8 ਨਵੰਬਰ 2016 ਨੂੰ ਸਾਡੇ ਉਪਰ ਬਖਸ਼ਿਸ਼ ਕੀਤੀ। … ਰੱਬ ਨੂੰ ਸਾਡੇ ਸਕੂਲਾਂ ਅਤੇ ਸਾਡੀਆਂ ਜ਼ਿੰਦਗੀਆਂ ‘ਚੋਂ ਹਟਾ ਦਿੱਤਾ ਗਿਆ ਸੀ, ਕੌਮ ਨੇ ਰੱਬ ਤੋਂ ਮੁੱਖ ਮੋੜ ਲਿਆ ਸੀ।’ ਉਸ ਨੇ ਇਸ ਸਮੇਂ ਨੂੰ ਬਾਈਬਲ ਪੜ੍ਹਨ ਅਤੇ ਆਪਣੇ ਪਰਿਵਾਰਾਂ ਨਾਲ ਵਕਤ ਗੁਜ਼ਾਰਨ ਲਈ ਲਾਉਣ ਦੀ ਨਸੀਹਤ ਵੀ ਦਿੱਤੀ।
ਟਰੰਪ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਸ ਘੋਰ ਸੰਕਟ ਦੇ ਵਕਤ ਉਹ ਮੁਲਕ ਨੂੰ ਅਗਵਾਈ ਦੇਣ ਦੇ ਸਭ ਤੋਂ ਬੁਨਿਆਦੀ ਇਮਤਿਹਾਨਾਂ ਵਿਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਇਆ ਹੈ। ਐਸੇ ਰਾਸ਼ਟਰਪਤੀ ਤਾਂ ਪਹਿਲਾਂ ਵੀ ਹੋਏ ਹਨ ਜਿਨ੍ਹਾਂ ਦੀ ਭੂਮਿਕਾ ਨਖਿਧ ਮੰਨੀ ਜਾਂਦੀ ਹੈ, ਲੇਕਿਨ ਟਰੰਪ ਨੂੰ ਸਭ ਤੋਂ ਨਖਿਧ ਗਿਣਿਆ ਜਾਂਦਾ ਹੈ। ਉਸ ਨੂੰ ਇਤਿਹਾਸ ਵਿਚ ਐਸੇ ਸਦਰੇ-ਰਿਆਸਤ ਵਜੋਂ ਯਾਦ ਕੀਤਾ ਜਾਵੇਗਾ ਜੋ ਆਪਣਾ ਵਕਤ ਕੈਮਰਿਆਂ ਅੱਗੇ ਮੀਡੀਆ ਉਪਰ ਹਮਲੇ ਕਰਨ, ਗਲਤ ਜਾਣਕਾਰੀ ਫੈਲਾਉਣ ਅਤੇ ਨਸਲਵਾਦ ਨੂੰ ਚੁਆਤੀ ਲਾਉਣ ਵਿਚ ਗੁਜ਼ਾਰਦਾ ਰਿਹਾ। ਜਦ ਕਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ, ਉਦੋਂ ਉਹ ਗੌਲਫ ਖੇਡਦਾ ਰਿਹਾ। ਉਸ ਦੇ ਹੁੰਗਾਰੇ ਨੂੰ ਦੇਖਦਿਆਂ ਸ਼ਾਇਦ ਜ਼ਿਆਦਾ ਲੋਕਾਂ ਨੂੰ ਹੈਰਾਨੀ ਨਹੀਂ ਹੋ ਰਹੀ। ਉਹ ਸਸਤੇ ਮਸਖਰੇ ਵਾਂਗ ਹਜੂਮ ਤਾਂ ਇਕੱਠੇ ਕਰ ਸਕਦਾ ਹੈ, ਲੇਕਿਨ ਝੂਠ, ਚਿੱਕੜਉਛਾਲੀ ਅਤੇ ਨਸਲਵਾਦ ਭੜਕਾਉਣ ਦੀ ਉਸ ਦੀ ਮੁਹਾਰਤ ਵਾਇਰਸ ਨੂੰ ਰੋਕਣ ਦੇ ਕੰਮ ਨਹੀਂ ਆ ਸਕਦੀ। ਬਦਕਿਸਮਤੀ ਇਹ ਹੈ ਕਿ ਮਹਾਂਮਾਰੀ ਦੌਰਾਨ ਉਸ ਦੀਆਂ ਕਾਰਵਾਈਆਂ ਵਿਵਸਥਾ ਨੂੰ ਤਹਿਸ-ਨਹਿਸ ਕਰਨ ਵਾਲੀਆਂ ਅਤੇ ਤਬਾਹਕੁਨ ਸਾਬਤ ਹੋ ਰਹੀਆਂ ਹਨ। ਇਸ ਦਾ ਖਮਿਆਜ਼ਾ ਅਮਰੀਕਨ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।