ਹੈਰੋਇਨ ਦੇ ਮਾਇਆ ਜਾਲ ਵਿਚ ਉਲਝਿਆ ਪੰਜਾਬ

ਚੰਡੀਗੜ੍ਹ: ਪੰਜ ਪਾਣੀਆਂ ਦੀ ਧਰਤੀ ਪੰਜਾਬ ਹੈਰੋਇਨ ਦੇ ਮਾਇਆ ਜਾਲ ਵਿਚ ਉਲਝ ਗਈ ਹੈ। ਸਮੁੱਚੇ ਭਾਰਤ ਦਾ ਅੰਨ ਭੰਡਾਰ ਸਮਝਿਆ ਜਾਂਦਾ ਪੰਜਾਬ ਅੱਜ ਵਿਸ਼ਵ ਵਿਚ ਸਭ ਤੋਂ ਮਸ਼ਹੂਰ ਨਸ਼ਾ ਤਸਕਰੀ ਦਾ ਧੁਰਾ ਮੰਨਿਆ ਜਾ ਰਿਹਾ ਹੈ ਤੇ ਇਕ ਦਸਤਾਵੇਜ਼ੀ ਫਿਲਮ ਲਈ ਕਰਵਾਏ ਸਰਵੇਖਣ ਅਨੁਸਾਰ ਇਸ ਰਸਤੇ ਪਾਕਿ ਤੇ ਅਫਗਾਨਿਸਤਾਨ ਤੋਂ ਹਰ ਸਾਲ ਤਕਰੀਬਨ ਅਰਬਾਂ ਰੁਪਏ ਦਾ ਨਸ਼ੀਲਾ ਪਾਊਡਰ ਪਾਰ ਹੋ ਕੇ ਮੁੰਬਈ ਤੇ ਦੁਬਈ ਰਸਤੇ ਯੂਰਪ ਵਿਚ ਵਿਕਣ ਲਈ ਜਾਂਦਾ ਹੈ।
ਸੂਤਰਾਂ ਅਨੁਸਾਰ ਸਰਹੱਦ ਪਾਰੋਂ ਆਉਂਦੀ ਹੈਰੋਇਨ ਪਾਕਿ ਵਿਚ ਤਿੰਨ ਲੱਖ ਤੋਂ ਤੁਰਦਿਆਂ ਭਾਰਤੀ ਸਰਹੱਦੀ ਖੇਤਰ ਵਿਚ ਪੰਜ ਤੋਂ ਸੱਤ ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ। ਇਥੋਂ ਪਾਂਡੀਆਂ ਤੇ ਰਾਹਦਾਰੀ ਦੇ ਖਰਚੇ ਪਾ ਕੇ ਮੁੰਬਈ ਪਹੁੰਚਦਿਆਂ ਇਸ ਦੀ ਕੀਮਤ 13 ਤੋਂ 15 ਲੱਖ ਰੁਪਏ ਪ੍ਰਤੀ ਕਿਲੋ ਹੋ ਜਾਂਦੀ ਹੈ ਤੇ ਇਸ ਤੋਂ ਅੱਗੇ ਵੱਡੇ ਮਗਰਮੱਛ ਹੈਰੋਇਨ ਨੂੰ ਯੂਰਪ ਤੱਕ ਪਹੁੰਚਾ ਕੇ ਕੀਮਤ ਨੂੰ ਡੇਢ ਸੌ ਗੁਣਾ ਵਧਾ ਦਿੰਦੇ ਹਨ।
ਇਸ ਕੰਮ ਲਈ ਪੈਸੇ ਦਾ ਆਦਾਨ ਪ੍ਰਦਾਨ ਹਵਾਲਾ ਰਸਤੇ ਵਾਇਆ ਦੁਬਈ ਹੁੰਦਾ ਹੈ। ਸੂਤਰਾਂ ਅਨੁਸਾਰ ਇਸ ਸਾਰੇ ਕਾਰੋਬਾਰ ਪਿੱਛੇ ‘ਸਰਗਨੇ’ ਕੇਵਲ 50 ਕੁ ਹੀ ਹਨ ਪਰ ਕੈਰੀਅਰ ਤੇ ਦਲਾਲਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਸਰਹੱਦੀ ਖੇਤਰ ਦੇ ਬਹੁਤ ਸਾਰੇ ਨੌਜਵਾਨ ਤੇ ਕਿਸਾਨ ਪੈਸੇ ਦੀ ਛਣਕ ਵਿਚ ਆ ਕੇ ਪਾਂਡੀਆਂ ਦਾ ਕੰਮ ਕਰਨ ਲੱਗਦੇ ਹਨ। ਸੂਤਰਾਂ ਅਨੁਸਾਰ ਇਸ ਆਦਾਨ ਪ੍ਰਦਾਨ ਲਈ ਸੁਰੱਖਿਆ ਦਸਤਿਆਂ ਤੋਂ ਓਹਲਾ ਰੱਖਣ ਲਈ ਗੱਲਬਾਤ ਪਾਕਿ ਮੋਬਾਈਲ ਸਿਮਾਂ ਰਾਹੀਂ ਕੀਤੀ ਜਾਂਦੀ ਹੈ ਜਿਨ੍ਹਾਂ ‘ਤੇ ਹੋਈ ਗੱਲਬਾਤ ਨੂੰ ਭਾਰਤੀ ਮੋਬਾਈਲ ਟਾਵਰ ਫੜ ਨਹੀਂ ਪਾਉਂਦੇ।
ਇਹ ਪਾਕਿ ਸਿਮਾਂ ਸਰਹੱਦ ਨੇੜੇ ਪਹੁੰਚ ਕੇ ਪਾਂਡੀ ਨਸ਼ੀਲੀ ਖੇਪ ਦਾ ਸਮਾਂ ਤੇ ਸਥਾਨ ਮਿਥਣ ਲਈ ਵਰਤਦੇ ਹਨ ਤੇ ਵਰਤੋਂ ਮਗਰੋਂ ਮੁੜ ਉਥੇ ਹੀ ਦੱਬ ਦਿੰਦੇ ਹਨ। ਖੇਪ ਜੋ ਪਲਾਸਟਿਕ ਦੀ ਪਾਈਪ ਰਾਹੀਂ ਉਧਰੋਂ ਸੁੱਟੀ ਜਾਂਦੀ ਹੈ, ਵਿਚ ਇਕ ਮੋਬਾਈਲ ਫੋਨ ਸਮੇਤ ਭਾਰਤੀ ਸਿਮ ਹੁੰਦਾ ਹੈ। ਨਸ਼ੀਲਾ ਪਦਾਰਥ ਚੁੱਕਣ ਵਾਲਾ ਪਾਂਡੀ ਜਦੋਂ ਇਸ ਮੋਬਾਈਲ ਨੂੰ ਚਾਲੂ ਕਰਦਾ ਹੈ ਤਾਂ ਉਸ ‘ਤੇ ਭਾਰਤੀ ਖਰੀਦਦਾਰ ਦਾ ਫੋਨ ਆਉਂਦਾ ਹੈ ਜੋ ਪਾਂਡੀ ਕੋਲੋਂ ਮਾਲ ਪ੍ਰਾਪਤ ਕਰਨ ਲਈ ਰਾਬਤਾ ਕਰਦਾ ਹੈ। ਇਸ ਉਪਰੰਤ ਮਾਲ ਪ੍ਰਾਪਤ ਕਰਨ ਵੇਲੇ ਮੁੱਖ ਖਰੀਦਦਾਰ ਦਾ ਵਿਚੋਲਾ ਪਾਕਿ ਤੋਂ ਆਇਆ ਮੋਬਾਈਲ ਵੀ ਨਾਲ ਹੀ ਲੈ ਲੈਂਦਾ ਹੈ।
ਇਕ ਖਾਸ ਗੱਲ ਇਹ ਹੈ ਕਿ ਇਹ ਪਾਂਡੀ ਤੇ ਵਿਚੋਲੇ ਪੂਰੀ ਤਰ੍ਹਾਂ ਨਿਪੁੰਨ ਹਨ ਤੇ ਨਸ਼ੀਲੇ ਪਦਾਰਥਾਂ ਦਾ ਬਿਲਕੁਲ ਸੇਵਨ ਨਹੀਂ ਕਰਦੇ। ਜਾਣਕਾਰੀ ਅਨੁਸਾਰ ਪਾਕਿ ਦੀਆਂ ਸਰਹੱਦੀ ਫੋਰਸਾਂ ਵੱਲੋਂ ਓਧਰੋਂ ਨਸ਼ਾ ਭੇਜਣ ਵਾਲਿਆਂ ਨਾਲ ਹੱਥ ਮਿਲਾਉਂਦਿਆਂ ਪੂਰੀ ਖੁੱਲ੍ਹ ਦਿੱਤੀ ਜਾਂਦੀ ਹੈ ਪਰ ਭਾਰਤੀ ਦਸਤਿਆਂ ਦਾ ਵੀ ਇਸ ਨਸ਼ਾ ਤਸਕਰੀ ਵਿਚ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਤੋਂ ਅਗਾਂਹ ਦਿੱਲੀ ਤੇ ਮੁੰਬਈ ਨੂੰ ਨਸ਼ਾ ਭੇਜਣ ਵਿਚ ਵੀ ਸਥਾਨਕ ਪੁਲਿਸ ਦੀ ਸ਼ਮੂਲੀਅਤ ਮੰਨੀ ਜਾਂਦੀ ਹੈ ਜਿਸ ਦਾ ਸਬੂਤ ਪਿਛਲੇ ਸਮੇਂ ਦੌਰਾਨ ਸੂਬੇ ਦੇ ਉੱਚ ਅਧਿਕਾਰੀ ਸਾਜ਼ੀ ਗੁਪਤਾ ਆਈਪੀਐਸ ਦਾ ਮੁੰਬਈ ਵਿਚ ਨੌਂ ਕਿਲੋ ਹੈਰੋਇਨ ਸਮੇਤ ਫੜੇ ਜਾਣ ਨਾਲ ਮਿਲ ਚੁੱਕਾ ਹੈ।
ਇਕ ਸਰਵੇਖਣ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਪੂਰੇ ਦੇਸ਼ ਵਿਚੋਂ ਫੜੀ ਗਈ ਹੈਰੋਇਨ ਵਿਚੋਂ ਅੱਧੀ ਇਕੱਲੇ ਪੰਜਾਬ ਵਿਚ ਬਰਾਮਦ ਹੋਈ ਹੈ। ਇਕ ਵਿਸ਼ੇਸ਼ ਗੱਲ ਇਹ ਹੈ ਕਿ ਪਾਕਿ ਨਾਲ ਲੱਗਦੇ ਹੋਰ ਸਰਹੱਦੀ ਰਾਜਾਂ ਵਿਚ ਅਜਿਹੀ ਹਲਚਲ ਨਜ਼ਰ ਨਹੀਂ ਆਉਂਦੀ ਤੇ ਪੰਜਾਬ ਦੇ ਵੀ ਤਰਨ ਤਾਰਨ ਤੇ ਅੰਮ੍ਰਿਤਸਰ ਜ਼ਿਲ੍ਹੇ ਹੀ ਵਧੇਰੇ ਸਰਗਰਮ ਹਨ। ਇਹ ਸਰਗਰਮੀ ਵੇਚਣ ਵਿਚ ਹੀ ਨਹੀਂ ਬਲਕਿ ਸੇਵਨ ਵਿਚ ਵੀ ਨਜ਼ਰ ਆ ਰਹੀ ਹੈ। ਇਕ ਸਰਵੇਖਣ ਅਨੁਸਾਰ ਤਰਨ ਤਾਰਨ ਦਾ ਦਿਹਾਤੀ ਤੇ ਅੰਮ੍ਰਿਤਸਰ ਦਾ ਸ਼ਹਿਰੀ ਖੇਤਰ ਸਭ ਤੋਂ ਵਧੇਰੇ ਨਸ਼ਾਗ੍ਰਸਤ ਮੰਨੇ ਗਏ।
ਪਿਛਲੇ ਕੁਝ ਸਮੇਂ ਵਿਚ ਸਥਾਨਕ ਨਸ਼ਾ ਗਾਹਕ ਵਧਣ ਕਾਰਨ ਇਸ ਹੈਰੋਇਨ ਤਸਕਰੀ ਦਾ ਤਕਰੀਬਨ 20 ਫੀਸਦੀ ਹਿੱਸਾ ਇਥੇ ਹੀ ਖਪਤ ਹੋ ਰਿਹਾ ਹੈ। ਸੂਤਰਾਂ ਅਨੁਸਾਰ ਲੰਬਾ ਸਮਾਂ ਵਰਤੀ ਜਾਂਦੀ ਰਹੀ ਸਮੈਕ ਹੁਣ ਸਿਰਫ 8-10 ਫੀਸਦੀ ਨਸ਼ਈ ਹੀ ਗ੍ਰਹਿਣ ਕਰਦੇ ਹਨ ਤੇ ਵਧੇਰੇ ਨਸ਼ਾਗ੍ਰਸਤ ਨੌਜਵਾਨ ਹੈਰੋਇਨ ਦੀ ਵਰਤੋਂ ਕਰ ਰਹੇ ਹਨ ਜਿਸ ਦੀ ਸਥਾਨਕ ਪੱਧਰ ‘ਤੇ ਕੀਮਤ 1000 ਰੁਪਏ ਪ੍ਰਤੀ ਗ੍ਰਾਮ ਦੇ ਕਰੀਬ ਹੈ।
ਜ਼ਿਕਰਯੋਗ ਹੈ ਕਿ ਸਿਰਫ ਭਾਰਤ ਵਿਚ ਹੀ ਹੈਰੋਇਨ ਨੱਕ ਜਾਂ ਮੂੰਹ ਰਾਹੀਂ ਸੇਵਨ ਕੀਤੀ ਜਾਂਦੀ ਹੈ ਜਦਕਿ ਬਾਕੀ ਥਾਵਾਂ ‘ਤੇ ਇਹ ਟੀਕੇ ਨਾਲ ਵਰਤੀ ਜਾਂਦੀ ਹੈ। ਇਸ ਸਮੇਂ ਸੂਬੇ ਵਿਚ ਨਸ਼ਾ ਸੇਵਨ ਤੇ ਤਸਕਰੀ ਇਕ ਸਰਗਰਮ ਮੁੱਦਾ ਬਣ ਗਿਆ ਹੈ। ਹਾਕਮ ਤੇ ਵਿਰੋਧੀ ਧਿਰ ਵਲੋਂ ਇਕ ਦੂਸਰੇ ਦੇ ਉੱਚ ਆਗੂਆਂ ਦੇ ‘ਡੋਪ ਟੈਸਟ’ ਕਰਵਾਉਣ ਲਈ ਫੱਬਤੀਆਂ ਕੱਸੀਆਂ ਜਾ ਰਹੀਆਂ ਹਨ।
_________________________________________________
ਸਿਆਸਤਦਾਨਾਂ, ਪੁਲਿਸ ਅਤੇ ਡਰੱਗ ਮਾਫ਼ੀਆ ਦਾ ਗੱਠਜੋੜ ਬੇਨਕਾਬ
ਚੰਡੀਗੜ੍ਹ: ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀ ਕਾਂਤ ਨੇ ਰਾਜਸੀ ਆਗੂਆਂ, ਪੁਲਿਸ ਤੇ ਡਰੱਗ ਮਾਫ਼ੀਆ ਦੇ ਗੱਠਜੋੜ ਬੇਨਕਾਬ ਕੀਤਾ ਹੈ। ਉਸ ਨੇ ਇਸ ਸਬੰਧੀ ਗ੍ਰਹਿ ਵਿਭਾਗ ਨੂੰ ਰਿਪੋਰਟ ਭੇਜੀ ਹੈ ਜਿਸ ਦੀ ਮੀਡੀਆ ਵਿਚ ਕਾਫੀ ਚਰਚਾ ਹੈ ਪਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਰਿਪੋਰਟ ਬਾਰੇ ਕੋਈ ਇਲਮ ਨਹੀਂ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਪਹਿਲਾਂ ਹੀ ਮੁਹਿੰਮ ਵਿੱਢੀ ਹੋਈ ਹੈ ਤੇ ਕਿਸੇ ਵੀ ਡਰੱਗ ਮਾਫੀਆ ਤੇ ਸਮੱਗਲਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਸਾਬਕਾ ਡੀਜੀਪੀ (ਜੇਲ੍ਹਾਂ) ਨੇ ਨਸ਼ਿਆਂ ਵਿਰੁੱਧ ਜਥੇਬੰਦੀ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਡੀਜੀਪੀ ਹੁੰਦਿਆਂ 10 ਅਜਿਹੇ ਰਾਜਨੀਤਕ ਤੇ ਕਥਿਤ ਸਮਾਜਿਕ ਆਗੂਆਂ ਦੀ ਸੂਚੀ ਗ੍ਰਹਿ ਵਿਭਾਗ ਨੂੰ ਭੇਜੀ ਸੀ ਜਿਹੜੇ ਪੰਜਾਬ ਵਿਚ ਨਸ਼ਿਆਂ ਦਾ ਧੰਦਾ ਕਰ ਰਹੇ ਹਨ। ਸ੍ਰੀ ਸ਼ਸ਼ੀ ਕਾਂਤ ਨੇ 185 ਪੁਲਿਸ ਵਾਲਿਆਂ ਦੀ ਸੂਚੀ ਸਰਕਾਰ ਨੂੰ ਭੇਜੀ ਸੀ ਜੋ ਜੇਲ੍ਹਾਂ ਵਿਚ ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਨਾਲ ਰਲੇ ਹੋਏ ਸਨ। ਸਰਕਾਰ ਨੇ ਇਹ ਸੂਚੀ ਦੱਬੀ ਹੋਈ ਹੈ। ਉਪ ਮੁੱਖ ਮੰਤਰੀ ਪਿਛਲੇ ਪੰਜਾਂ ਸਾਲਾਂ ਤੋਂ ਸੂਬੇ ਦੇ ਗ੍ਰਹਿ ਮੰਤਰੀ ਚੱਲੇ ਆਏ ਆ ਰਹੇ ਹਨ ਪਰ ਉਨ੍ਹਾਂ ਦਾਆਵਾ ਕੀਤਾ ਹੈ ਕਿ ਉਹ ਅਜਿਹੀ ਕਿਸੇ ਸੂਚੀ ਬਾਰੇ ਨਹੀਂ ਜਾਣਦੇ।
ਪਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਪਿਛਲੇ ਸਮੇਂ ਦੌਰਾਨ ਅਰਬਾਂ ਰੁਪਏ ਦੀ ਹੈਰੋਇਨ ਫੜੀ ਗਈ ਹੈ ਪਰ ਇਹ ਨਸ਼ੀਲੇ ਪਦਾਰਥ ਕਿਸ ਦੇ ਸਨ, ਇਸ ਦਾ ਖੁਲਾਸਾ ਕਦੇ ਵੀ ਨਹੀਂ ਕੀਤਾ ਗਿਆ।  ਇਸ ਬਾਰੇ ਸਮਾਜਕ ਸੰਸਥਾਵਾਂ ਦੀਆਂ ਰਿਪੋਰਟਾਂ ਵਿਚ ਵੀ ਆਇਆ ਹੈ ਕਿ ਪੰਜਾਬ ਦੀ ਨੌਜਵਾਨੀ ਲਗਾਤਾਰ ਨਸ਼ਿਆਂ ਵਿਚ ਗਰਕ ਰਹੀ ਹੈ ਪਰ ਸਰਕਾਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਹੀਂ ਹੈ। ਉਧਰ ਕਾਂਗਰਸ ਨੇ ਇਸ ਮਾਮਲੇ ‘ਤੇ ਸਰਕਾਰ ਨੂੰ ਘੇਰਦਿਆ ਮੰਗ ਕੀਤੀ ਹੈ ਕਿ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਵੱਲੋਂ ਕੀਤੇ ਗਏ ਖੁਲਾਸੇ ਬਾਰੇ ਸਰਕਾਰ ਵਾਈਟ ਪੇਪਰ ਜਾਰੀ ਕਰੇ। ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਬਾਰੇ ਸਰਕਾਰ ਦੇ ਸਭ ਦਾਅਵੇ ਖੋਖਲੇ ਸਾਬਤ ਹੋਏ ਹਨ।

Be the first to comment

Leave a Reply

Your email address will not be published.