ਸਾਲ 2013 ਬਲਰਾਜ ਸਾਹਨੀ ਦੀ ਜਨਮ ਸ਼ਤਾਬਦੀ ਦਾ ਸਾਲ ਹੈ। ਬਲਰਾਜ ਜਿਸ ਦਾ ਪਹਿਲਾ ਨਾਂ ਯੁਧਿਸ਼ਟਰ ਸੀ, ਦਾ ਜਨਮ ਪਹਿਲੀ ਮਈ 1913 ਨੂੰ ਹੋਇਆ ਸੀ। ਵੱਖ ਵੱਖ ਥਾਂਈਂ ਵੱਖ ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਦੀ ਯਾਦ ਵਿਚ ਸਮਾਗਮ ਹੋ ਰਹੇ ਹਨ। ‘ਪੰਜਾਬ ਟਾਈਮਜ਼’ ਵੀ ਇਸ ਪੰਜਾਬੀ ਸਪੂਤ ਨੂੰ ਇਸ ਲਿਖਤ ਰਾਹੀਂ ਯਾਦ ਕਰ ਰਿਹਾ ਹੈ। ਆਉਂਦੇ ਅੰਕਾਂ ਵਿਚ ਅਸੀਂ ਉਨ੍ਹਾਂ ਦੀਆਂ ਕੁਝ ਖਾਸ ਲਿਖਤਾਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਾਂਗੇ। ਉਨ੍ਹਾਂ ਦੀਆਂ ਇਨ੍ਹਾਂ ਪੰਜਾਬੀ ਲਿਖਤਾਂ ਉਤੇ ਪੰਜਾਬੀਅਤ ਦਾ ਰੰਗ ਬਹੁਤ ਗੂੜ੍ਹਾ ਚੜ੍ਹਿਆ ਦਿਸਦਾ ਹੈ। ਅਸਲ ਵਿਚ ਬਲਰਾਜ ਅਜਿਹਾ ਕਾਮਾ ਮਨੁੱਖ ਸੀ ਜਿਸ ਵਿਚ ਮਾਨਵੀ ਗੁਣ ਕੁੱਟ ਕੁੱਟ ਕੇ ਭਰੇ ਹੋਏ ਸਨ। ਇਨ੍ਹਾਂ ਗੁਣਾਂ ਕਰ ਕੇ ਹੀ ਉਹ ਯਾਦਗਾਰੀ ਫਿਲਮਾਂ ਬਣਾ ਸਕਿਆ ਅਤੇ ਯਾਦਗਾਰੀ ਲਿਖਤਾਂ ਲਿਖ ਸਕਿਆ। -ਸੰਪਾਦਕ
ਬਲਰਾਜ ਸਾਹਨੀ ਦੀ ਪਹਿਲੀ ਪਸੰਦ ਅਦਾਕਾਰੀ ਸੀ ਅਤੇ ਬਾਅਦ ਵਿਚ ਉਸ ਨੇ ਫਿਲਮਾਂ ਤੇ ਸਟੇਜ ਉਤੇ ਮਿਸਾਲੀ ਕਿਰਦਾਰ ਨਿਭਾਅ ਕੇ ਇਹ ਸਾਬਤ ਵੀ ਕੀਤਾ। ਇਸ ਕਣਦਾਰ ਅਦਾਕਾਰ ਨੇ ਸਾਹਿਤ, ਸਿਨੇਮਾ ਅਤੇ ਸੰਘਰਸ਼ ਦਾ ਅਜਿਹਾ ਸੁਮੇਲ ਬਿਠਾਇਆ ਕਿ ਉਹਦੇ ਵਰਗਾ ਕੋਈ ਹੋਰ ਬੰਦਾ ਹਿੰਦੀ ਫਿਲਮੀ ਦੁਨੀਆਂ ਵਿਚ ਨਜ਼ਰ ਨਹੀਂ ਆਉਂਦਾ।
ਹੁਣ ਜਦੋਂ ਉਸ ਦਾ ਜਨਮ ਸ਼ਤਾਬਦੀ ਵਰ੍ਹਾ ਚੱਲ ਰਿਹਾ ਹੈ ਤਾਂ ਉਸ ਦੀ ਅਦਾਕਾਰੀ ਅਤੇ ਉਸ ਦੇ ਹੋਰ ਗੁਣਾਂ ਨੂੰ ਧਿਆਣਾ ਹੀ ਉਸ ਨੂੰ ਸੱਚੇ ਦਿਲੋਂ ਯਾਦ ਕਰਨ ਵਾਂਗ ਹੈ। ਬਲਰਾਜ ਚੰਗੇ ਕਾਰੋਬਾਰੀ ਖੱਤਰੀਆਂ ਦੇ ਘਰ ਜੰਮਿਆ, ਪਰ ਉਸ ਦਾ ਦਿਲ-ਦਿਮਾਗ ਅਜਿਹੇ ਕਿਸੇ ਕਾਰੋਬਾਰ ਲਈ ਨਹੀਂ ਸਨ। ਉਹ ਰਾਵਲਪਿੰਡੀ ਜਿਸ ਨੂੰ ਆਪਣੀ ਲਿਖਤਾਂ ਵਿਚ ਉਹ ਪਿੰਡੀ ਕਰ ਕੇ ਯਾਦ ਕਰਦਾ ਹੈ, ਤੋਂ ਲਾਹੌਰ ਪੜ੍ਹਨ ਪੁੱਜਾ। ਅੰਗਰੇਜ਼ੀ ਸਾਹਿਤ ਦੀ ਮਾਸਟਰਜ਼ ਡਿਗਰੀ ਫੁੰਡੀ ਅਤੇ ਫਿਰ ਵਾਪਸ ਰਾਵਲਪਿੰਡੀ ਪੁੱਜ ਗਿਆ, ਆਪਣਾ ਪਿਤਰੀ ਕਾਰੋਬਾਰ ਸਾਂਭਣ। ਇਸ ਅਸਲ ਵਿਚ ਉਸ ਦੇ ਘਰ ਵਾਲਿਆਂ ਦਾ ਜ਼ੋਰ ਸੀ ਕਿ ਉਹ ਕਾਰੋਬਾਰ ਵਿਚ ਹੱਥ ਵਟਾਏ। ਖੈਰ! ਛੇਤੀ ਹੀ ਉਸ ਦਾ ਦਮਯੰਤੀ ਵਿਆਹ ਹੋ ਗਿਆ। ਮੌਤ ਵੱਲੋਂ ਖੋਹ ਲਏ ਜਾਣ ਦੇ ਬਾਵਜੂਦ ਦਮਯੰਤੀ ਸਦਾ ਹੀ ਉਸ ਦੇ ਅੰਗ ਸੰਗ ਰਹੀ। ਉਹਦੀਆਂ ਗੱਲਾਂ ਅਤੇ ਲਿਖਤਾਂ ਵਿਚ ਦਮਯੰਤੀ ਬਹੁਤ ਅਛੋਪਲੇ ਜਿਹੇ ਆਣ ਬੈਠਦੀ ਹੈ।
ਫਿਰ ਕਾਰੋਬਾਰ ਤੋਂ ਅੱਕੇ ਬਲਰਾਜ ਨੇ ਇਕ ਦਿਨ ਰਾਵਲਪਿੰਡੀ ਛੱਡ ਦਿੱਤੀ। ਇਸ ਵਾਰ ਉਸ ਦਾ ਟਿਕਾਣਾ ਰਬਿੰਦਰ ਨਾਥ ਟੈਗੋਰ ਦੀ ਸ਼ਾਤੀਨਿਕੇਤਨ ਵਿਖੇ ਸਥਿਤ ਸਥਿਤ ਵਿਸ਼ਵ ਭਾਰਤੀ ਯੂਨੀਵਰਸਿਟੀ ਬਣੀ। ਬਲਰਾਜ ਅਤੇ ਦਮਯੰਤੀ ਉਥੇ ਪੜ੍ਹਾਉਣ ਲੱਗ ਪਏ। ਇਥੇ ਹੀ ਉਸ ਦੇ ਆਪਣੀ ਮਾਂ ਬੋਲੀ ਪੰਜਾਬੀ ਲਈ ਪਿਆਰ ਨੇ ਉਛਾਲਾ ਮਾਰਿਆ। ਅਸਲ ਵਿਚ ਟੈਗੋਰ ਨੇ ਉਸ ਨੂੰ ਮਾਂ ਬੋਲੀ ਦੀ ਤਾਕਤ ਬਾਰੇ ਗੱਲ ਸਮਝਾਈ ਹੀ ਇੰਨੇ ਜ਼ੋਰਦਾਰ ਢੰਗ ਨਾਲ, ਕਿ ਫਿਰ ਸਾਰੀ ਉਮਰ ਬਲਰਾਜ ਆਪਣੀ ਮਾਂ ਬੋਲੀ ਦੀ ਗੋਦੀ ਵਿਚੋਂ ਬਾਹਰ ਨਹੀਂ ਆਇਆ। ਟੈਗੋਰ ਦੀ ਇਕ ਵਾਰ ਆਖੀ ਗੱਲ ‘ਤੇ ਚੱਲਦਿਆਂ ਉਸ ਨੇ ਮਾਂ ਬੋਲੀ ਨਾਲ ਜਿਸ ਤਰ੍ਹਾਂ ਅੰਤ ਤੱਕ ਨਿਭਾਈ, ਉਸ ਤਰ੍ਹਾਂ ਦੀ ਮਿਸਾਲ ਵਿਰਲੀ-ਟਾਵੀਂ ਹੀ ਲੱਭਦੀ ਹੈ। ਉਸ ਦਾ ਲਿਖਿਆ ‘ਮੇਰਾ ਪਾਕਿਸਤਾਨੀ ਸਫਰਨਾਮਾ’ ਜਿਸ ਨੇ ਇਕ ਵਾਰ ਪੜ੍ਹ ਲਿਆ, ਉਹ ਨਾ ਬਲਰਾਜ ਸਾਹਨੀ ਅਤੇ ਨਾ ਹੀ ਇਸ ਸਫਰਨਾਮੇ ਨੂੰ ਭੁੱਲ ਸਕਦਾ ਹੈ। ‘ਮੇਰਾ ਰੂਸੀ ਸਫਰਨਾਮਾ’ ਵਿਚ ਉਸ ਦੇ ਵਿਚਾਰਾਂ ਦੀ ਉਡਾਣ ਦੇਖਿਆਂ ਹੀ ਬਣਦੀ ਹੈ। ਉਸ ਦੀਆਂ ਵਾਰਤਕ ਪੁਸਤਕਾਂ ਜਿਨ੍ਹਾਂ ਵਿਚ ‘ਮੇਰੀ ਗੈਰ ਜਜ਼ਬਾਤੀ ਡਾਇਰੀ’, ‘ਕਾਮੇ, ‘ਮੇਰੀ ਫਿਲਮੀ ਆਤਮਕਥਾ’ ਆਦਿ ਸ਼ਾਮਲ ਹਨ, ਦਾ ਰੰਗ ਵੀ ਇੱਦਾਂ ਦਾ ਹੀ ਹੈ। ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ ਜੋ ਛੋਟੇ ਨਾਂ ‘ਇਪਟਾ’ ਕਰ ਕੇ ਵੱਧ ਮਸ਼ਹੂਰ ਹੋਈ, ਵਿਚ ਉਸ ਦਾ ਯੋਗਦਾਨ ਮਿਸਾਲੀ ਸੀ।
ਬਲਰਾਜ ਦਾ ਫਿਲਮੀ ਕਰੀਅਰ 1946 ਵਿਚ ‘ਇਨਸਾਫ’ ਨਾਲ ਆਰੰਭ ਹੋਇਆ। ਉਸੇ ਸਾਲ ‘ਧਰਤੀ ਕੇ ਲਾਲ’, ‘ਦੂਰ ਚਲੇਂ’ ਅਤੇ ਕੁਝ ਹੋਰ ਫਿਲਮਾਂ ਵੀ ਆਈਆਂ। ਫਿਲਮ ‘ਧਰਤੀ ਕੇ ਲਾਲ’ ਕੇæਏæ ਅੱਬਾਸ ਨੇ ਬਣਾਈ ਸੀ। ਇਸ ਤੋਂ ਬਾਅਦ 1953 ਵਿਚ ਜਦੋਂ ‘ਦੋ ਬੀਘਾ ਜ਼ਮੀਨ’ ਫਿਲਮ ਆਈ ਤਾਂ ਬਲਰਾਜ ਦੀ ਅਦਾਕਾਰੀ ਦੀ ਗੁੱਡੀ ਅਸਮਾਨੀਂ ਜਾ ਚੜ੍ਹੀ। ਇਸ ਫਿਲਮ ਦੇ ਡਾਇਰੈਕਟਰ ਬਿਮਲ ਰੌਇ ਸਨ ਅਤੇ ਇਸ ਨੇ ਕਾਨ ਫਿਲਮ ਮੇਲੇ ਵਿਚ ਕੌਮਾਂਤਰੀ ਇਨਾਮ ਹਾਸਲ ਕੀਤਾ। ਉਸ ਨੇ ਕਈ ਯਾਦਗਾਰੀ ਫਿਲਮਾਂ ਵਿਚ ਕੰਮ ਕਰ ਕੇ ਫਿਲਮੀ ਦੁਨੀਆਂ ਵਿਚ ਆਪਣੀ ਪੱਕੀ ਥਾਂ ਬਣਾ ਲਈ ਜਿਸ ਤਰ੍ਹਾਂ ਕਿਤਾਬਾਂ ਲਿਖ ਕੇ ਸਾਹਿਤ ਦੇ ਖੇਤਰ ਅਤੇ ਨਾਟਕ ਖੇਡ ਕੇ ਸਟੇਜ ਦੇ ਖੇਤਰ ਵਿਚ ਥਾਂ ਬਣਾਈ ਸੀ।
ਹਿੰਦੀ ਦੇ ਮਸ਼ਹੂਰ ਲੇਖਕ ਭੀਸ਼ਮ ਸਾਹਨੀ ਉਨ੍ਹਾਂ ਦੇ ਛੋਟੇ ਭਰਾ ਸਨ ਜਿਨ੍ਹਾਂ ਦਾ ਵੰਡ ਬਾਰੇ ਲਿਖਿਆ ਨਾਵਲ ‘ਤਮਸ’ ਜ਼ਿੰਦਗੀ ਦੀਆਂ ਬਹੁਤ ਡੂੰਘੀਆਂ ਪਰਤਾਂ ਫਰੋਲਦਾ ਹੈ। ਉਨ੍ਹਾਂ ਦਾ ਬੇਟਾ ਪ੍ਰੀਕਸ਼ਿਤ ਸਾਹਨੀ ਖੁਦ ਅੱਛਾ ਅਦਾਕਾਰ ਹੈ। ਉਨ੍ਹਾਂ ਦੀ ਦੂਜੀ ਪਤਨੀ ਸੰਤੋਸ਼ ਸਾਹਨੀ ਨੇ ਬੱਚਿਆਂ ਲਈ ਬੜੀਆਂ ਯਾਦਗਾਰੀ ਪੁਸਤਕਾਂ ਦੀ ਰਚਨਾ ਕੀਤੀ। ਉਹਦੀਆਂ ਦੋ ਧੀਆਂ ਸਨ-ਸਨੋਬਰ ਅਤੇ ਸ਼ਬਨਮ। ਚੜ੍ਹਦੀ ਬਰੇਸੇ ਸ਼ਬਨਮ ਦੀ ਮੌਤ ਨੇ ਬਲਰਾਜ ਉਤੇ ਬਹੁਤ ਜ਼ਿਆਦਾ ਅਸਰ ਪਾਇਆ। ਇਸੇ ਗਮ ਨਾਲ ਘੁਲਦਿਆਂ 13 ਅਪਰੈਲ 1973 ਨੂੰ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ।
-ਪੰਜਾਬ ਟਾਈਮਜ਼ ਫੀਚਰਜ਼
Leave a Reply