ਸਿੱਖੀ, ਬੰਦਾ ਸਿੰਘ ਬਹਾਦਰ ਤੇ ਇਤਿਹਾਸ-2

ਹਰਪਾਲ ਸਿੰਘ
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜਾਂ ਉਨ੍ਹਾਂ ਦੇ ਸਮੇਂ ਭਗਤੀ ਲਹਿਰ ਵਿਚਾਰਕ, ਸੁਧਾਰਕ ਅਤੇ ਆਦਰਸ਼ਵਾਦੀ ਲਹਿਰ ਸੀ। ਭਗਤਾਂ ਦਾ ਨਿਸ਼ਾਨਾ ਵਿਅਕਤੀਗਤ ਸੀ, ਸਮਾਜੀ ਨਹੀਂ। ਭਗਤਾਂ ਦੇ ਦੋ ਤੱਤ ਸਾਂਝੇ ਸਨ-ਮੋਖ ਦੀ ਪ੍ਰਾਪਤੀ ਅਤੇ ਮੋਖ ਦੀ ਪ੍ਰਾਪਤੀ ਲਈ ਤਪੱਸਿਆ ਦੇ ਸਾਧਨ। ਇਹ ਦੋਵੇਂ ਤੱਤ ਜੀਵਨ ਨੂੰ ਪਿੱਠ ਦੇਣ ਦੀ ਗੱਲ ਕਰਦੇ ਹਨ। ਭਗਤਾਂ ਨੇ ਬ੍ਰਾਹਮਣੀ ਸਮਾਜ ਵਿਚ ਛੋਟੋ-ਮੋਟੇ ਸੁਧਾਰ ਕਰਨ ਦੀ ਹਾਮੀ ਤਾਂ ਭਰੀ, ਪਰ ਮੂਲ ਢਾਂਚੇ (ਜਾਤ-ਪਾਤ ਤੇ ਵਰਣ ਵੰਡ) ਦੇ ਤਾਣੇ-ਬਾਣੇ ਨੂੰ ਜੜ੍ਹੋਂ ਉਖਾੜਨ ਲਈ ਕੋਈ ਠੋਸ ਯਤਨ ਨਹੀਂ ਕੀਤੇ। ਸ੍ਰੀ ਚੈਤੰਨਯ ਜੋ ਗੁਰੂ ਨਾਨਕ ਦਾ ਸਮਕਾਲੀ ਸੀ, ਸਮਾਜੀ ਮਨੋਰਥ ਨੂੰ ਲੈ ਕੇ ਚੱਲਿਆ ਅਤੇ ਉਸ ਨੇ ਇਸ ਮੰਤਵ ਲਈ ਵੱਖਰਾ ਭਾਈਚਾਰਾ ਵੀ ਸਿਰਜਣਾ ਚਾਹਿਆ ਸੀ ਪਰ ਬ੍ਰਿੰਦਾਬਨ ਦੇ ਗੋਸਵਾਮੀਆਂ ਨੇ ਉਸ ਦੇ ਉਪਦੇਸ਼ਾਂ ਨੂੰ ਅਜਿਹੀ ਪੁੱਠ ਚਾੜ੍ਹ ਦਿੱਤੀ ਕਿ ਇਹ ਨਵਾਂ ਭਾਈਚਾਰਾ ਛੇਤੀ ਹੀ ਹਿੰਦੂ ਜਾਲ ਵਿਚ ਫਸ ਗਿਆ। ਮੱਧ ਯੁੱਗ ਦੇ ਭਗਤਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਵਿਚੋਂ ਕਿਸੇ ਨੇ ਵੀ ਪੂਰੇ ਨਿਸਚੇ ਨਾਲ ਬ੍ਰਾਹਮਣੀ ਸਮਾਜ ਤੋਂ ਲਾਂਭੇ ਐਸਾ ਸਮਾਜ ਸਿਰਜਣ ਦਾ ਯਤਨ ਨਹੀਂ ਕੀਤਾ ਜਿਸ ਵਿਚ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ਦਾ ਅਕੀਦਾ ਹੋਵੇ। ਸਮਾਜਕ ਸਿਰਜਣਾ ਵਿਚ ਉਨ੍ਹਾਂ ਦਾ ਯੋਗਦਾਨ ਨਾਂਹ-ਪੱਖੀ ਸੀ। ਮੀਰਾਂ ਬਾਈ ਦੀ ਭਗਤੀ ਨਿੱਜਵਾਦੀ ਸੀ। ਸਮਾਜਕ ਵਰਤਾਰਾ ਉਸ ਤੋਂ ਕੋਹਾਂ ਦੂਰ ਸੀ।
“ਸਿੱਖ ਧਰਮ ਦੀ ਭਗਤੀ ਲਹਿਰ ਨਾਲ ਇਸ ਤੁਲਨਾ ਵਿਚੋਂ ਸਿਧਾਂਤਕ ਸੱਚਾਈ ਦੀ ਪੂਰੀ ਪੁਸ਼ਟੀ ਹੋ ਜਾਂਦੀ ਹੈ ਕਿ ‘ਆਦਰਸ਼ਵਾਦ’ ਨੂੰ ਜੇ ਸਮਾਜੀ ਮਨੋਰਥਾਂ ਵਾਸਤੇ ਬਾਕਾਇਦਾ, ਜਥੇਬੰਦ ਨਹੀਂ ਕੀਤਾ ਜਾਂਦਾ ਤਾਂ ਇਹ ਖਾਲੀ ਪ੍ਰੇਰਨਾ ਦੇ ਸੋਮੇ ਤੋਂ ਵੱਧ ਸਮਾਜ ਦਾ ਹੋਰ ਕੋਈ ਵੀ ਭਲਾ ਨਹੀਂ ਕਰ ਸਕਦਾ। ਆਦਰਸ਼ਵਾਦ ਨੂੰ ਜੇ ਸਮਾਜ ਦੀ ਭਲਾਈ ਦੇ ਲੇਖੇ ਲਾਉਣਾ ਹੈ ਤਾਂ ਇਸ ਨੂੰ ਸੰਸਥਾਈ ਰੂਪ ਦੇਣਾ ਜ਼ਰੂਰੀ ਹੋ ਜਾਂਦਾ ਹੈ। ਜਦੋਂ ਇਹ ਗੱਲ ਵਾਪਰਦੀ ਹੈ ਤਾਂ ਇਹ ਅਟੱਲ ਤੌਰ ‘ਤੇ ਆਪਣੀ ਵੱਖਰੀ ਪਛਾਣ ਅਤੇ ਵਿਲੱਖਣਤਾ ਹਾਸਲ ਕਰ ਲੈਂਦਾ ਹੈ। ਇਸ ਤੋਂ ਬਿਨਾਂ ਇਸ ਦੇ ਸਾਹਮਣੇ ਹੋਰ ਕੋਈ ਚਾਰਾ ਨਹੀਂ ਹੁੰਦਾ।” (ਜਗਜੀਤ ਸਿੰਘ, ਸਿੱਖ ਇਨਕਲਾਬ, ਸਫਾ 103)
ਭਾਈ ਜੋਧ ਸਿੰਘ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਦਾ ਭਗਤੀ ਲਹਿਰ ਨਾਲੋਂ ਸਿਧਾਂਤਕ ਨਿਖੇੜਾ ਕਰਦੇ ਹੋਏ ਲਿਖਦੇ ਹਨ ਕਿ ਭਗਤੀ ਸੰਪਰਦਾ ਦੇ ਪ੍ਰਚਾਰ ਕਰਨ ਵਾਲੇ ਕਈ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਪਰ ਇਸ ਬਾਣੀ ਵਿਚ ਘੱਟ ਹੀ ਕੋਈ ਐਸਾ ਸ਼ਬਦ ਹੋਵੇਗਾ ਜਿਸ ਵਿਚ ਉਸ ਸਮੇਂ ਦੇ ਰਾਜ ਪ੍ਰਬੰਧ ਉਪਰ ਕੋਈ ਟੀਕਾ-ਟਿੱਪਣੀ ਕੀਤੀ ਗਈ ਹੋਵੇ। ਪਰਮਾਤਮਾ ਨਾਲ ਪ੍ਰੇਮ, ਉਸ ਦੇ ਨਾਮ ਦਾ ਸਿਮਰਨ, ਉਸ ਦੀ ਰਜ਼ਾ ਵਿਚ ਰਹਿਣਾ ਆਦਿ ਸਿਧਾਂਤ ਡਾਢੇ ਮਿੱਠੇ ਤੇ ਪਿਆਰੇ ਸ਼ਬਦਾਂ ਵਿਚ ਗੁੰਦੇ ਹੋਏ ਮਿਲਣਗੇ। ਮਨ ਨੂੰ ਚੰਗੀਆਂ ਕਰਾਰੀਆਂ ਚੋਟਾਂ ਇਸ ਭਾਵ ਦੀਆਂ ਲੱਗਣਗੀਆਂ ਕਿ ਉਹ ਮੋਹ ਮਾਇਆ ਦੇ ਜਾਲ ਵਿਚ ਫ਼ਸਿਆ ਕਿਉਂ ਆਪਣਾ ਜਨਮ ਗੁਆ ਰਿਹਾ ਹੈ? ਭਗਤ ਨਾਮਦੇਵ ਤੇ ਭਗਤ ਕਬੀਰ ਦੇ ਕੁਝ ਸ਼ਬਦਾਂ ਵਿਚੋਂ ਇਹ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਰਾਜ ਵੱਲੋਂ ਕੁਝ ਤਸੀਹੇ ਦਿੱਤੇ ਗਏ, ਪਰ ਭਗਤਾਂ ਨੇ ਉਨ੍ਹਾਂ ਨੂੰ ਸਿਰ ਮੱਥੇ ਲਿਆ ਅਤੇ ਸਮੇਂ ਦੇ ਰਾਜਸੀ ਪ੍ਰਬੰਧ ਬਾਰੇ ਕੋਈ ਰਾਇ ਪ੍ਰਗਟ ਨਾ ਕੀਤੀ।
ਭਗਤੀ ਲਹਿਰ ਦੇ ਆਗੂ ਨਾਥ ਪੰਥੀ ਅਤੇ ਸੰਤ ਸੰਪਰਦਾ ਦੇ ਮੋਹਰੀ ਆਪਣੇ ਨਿੱਜੀ ਜੀਵਨ, ਆਚਰਨ ਤੇ ਸ਼ਖਸੀਅਤ ਅਤੇ ਆਪਣੇ ਨਰਮ-ਸੁਖਦ ਉਪਦੇਸ਼ਾਂ ਦੀ ਖਿੱਚ ਸਦਕਾ ਕਾਫ਼ੀ ਸਾਰੇ ਲੋਕਾਂ ਨੂੰ ਆਪਣੇ ਗਿਰਦ ਇਕੱਠਾ ਕਰ ਲੈਣ ਵਿਚ ਸਫ਼ਲ ਹੋ ਜਾਂਦੇ ਹਨ। ਅਜਿਹੇ ਚੋਖੇ ਪ੍ਰਮਾਣ ਮਿਲ ਜਾਂਦੇ ਹਨ ਕਿ ਇਨ੍ਹਾਂ ਮੁਰਸ਼ਦਾਂ ਤੇ ਅਮੀਰਾਂ ਦੀਆਂ ਆਪ ਮੁਹਾਰੇ ਤੌਰ ‘ਤੇ ਹੀ ਛੋਟੀਆਂ ਜਾਂ ਵੱਡੀਆਂ ਮੰਡਲੀਆਂ ਵਿਕਸਤ ਹੋ ਜਾਂਦੀਆਂ ਰਹੀਆਂ ਹਨ ਪਰ ਅਜਿਹਾ ਕੋਈ ਸਬੂਤ ਨਹੀਂ ਮਿਲਦਾ ਕਿ ਇਨ੍ਹਾਂ ਵਿਚੋਂ ਕਿਸੇ ਵੀ ਮੁਰਸ਼ਦ ਦੁਆਰਾ ਆਪਣੇ ਸ਼ਰਧਾਲੂਆਂ ਨੂੰ ਵੱਖਰੇ ਭਾਈਚਾਰੇ ਦਾ ਰੂਪ ਦੇਣ ਦੀ ਕੋਈ ਚੇਤੰਨ ਕੋਸ਼ਿਸ਼ ਕੀਤੀ ਗਈ ਹੋਵੇ। ਉਨ੍ਹਾਂ ਨੇ ਆਪਣੇ ਸ਼ਰਧਾਲੂਆਂ ਦੇ ਹਿੱਤਾਂ ਲਈ ਆਪਣੇ ਅਨੁਭਵਾਂ ਅਤੇ ਉਪਦੇਸ਼ਾਂ ਨੂੰ ਜਥੇਬੰਦਕ ਸਰੂਪ ਅਤੇ ਬੱਝਵੀ ਤਰਤੀਬ ਦੇਣ ਦਾ ਕੋਈ ਯਤਨ ਨਹੀਂ ਕੀਤਾ। ਆਪਣੇ ਗਿਰਦ ਜੁੜੇ ਲੋਕਾਂ ਨੂੰ ਭਲੇ ਮਨੁੱਖ ਬਣਾਉਣ ਤੋਂ ਸਿਵਾ ਉਨ੍ਹਾਂ ਦੇ ਸਾਹਮਣੇ ਹੋਰ ਕੋਈ ਸਮਾਜੀ ਮਨੋਰਥ ਨਹੀਂ ਸੀ।” (ਅਜਮੇਰ ਸਿੰਘ, ਕਿਸ ਬਿਧ ਰੁਲੀ ਪਾਤਸ਼ਾਹੀ, ਸਫਾ 179)
ਗੁਰੂ ਨਾਨਕ ਦੇਵ ਜੀ ਨੇ ਨਾਥਾਂ, ਜੋਗੀਆਂ ਅਤੇ ਤਪੱਸਵੀਆਂ ਨਾਲ ਪ੍ਰਵਰਨ ਕਰਦਿਆਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਨਿਰੇ ਤਿਆਗ ਤੇ ਤਪੱਸਿਆ ਵਿਚ ਜੁੜੇ ਰਹਿਣਾ ਅਤੇ ਸਮਾਜੀ ਵਰਤਾਰੇ ਤੋਂ ਕੋਹਾਂ ਦੂਰ ਰਹਿਣਾ ਨਿੱਜਵਾਦ ਹੈ। ਸਮਾਜੀ ਸੇਵਾ ਹੀ ਰੂਹਾਨੀ ਤਰੱਕੀ ਦਾ ਇਕੋ ਇਕ ਰਾਹ ਹੈ। ‘ਬ੍ਰਹਮ ਗਿਆਨੀ ਪਰਉਪਕਾਰ ਉਮਾਹਾ।’ ਰੱਬ ਦੀ ਰਜ਼ਾ ਨਾਲ ਇਕ ਸੁਰ ਹੋਣਾ ਅਤੇ ਸਮਾਜ ਦਾ ਉਧਾਰ ਕਰਨਾ ਹੀ ਅਸਲ ਮੁਕਤੀ ਹੈ। ‘ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਾਹ ਬੈਸੁਣ ਪਾਈਐ॥’
ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਸ਼ਾਂਤ ਸੁਭਾਅ ਅਤੇ ਰੱਬੀ ਰੂਹ ਮੰਨਿਆ ਜਾਂਦਾ ਸੀ, ਲਾਹੌਰ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਜੀ ਨੂੰ ਹਦਾਇਤ ਕਰ ਗਏ ਸਨ ਕਿ ਉਹ ਤੁਰਕਾਂ ਦੇ ਖਿਲਾਫ਼ ਜਵਾਬੀ ਕਰਵਾਈ ਕਰੇ। (ਗੁਰੂ ਬਿਲਾਸ-ਛੇ ਪਾਤਿਸਾਹ, ਸਫਾ 129) ਜੀਵਨ ਦੇ ਆਖਰੀ ਪਲਾਂ ਵਿਚ ਉਨ੍ਹਾਂ ਕਿਹਾ, ‘ਆਪਣੇ ਤਖ਼ਤ ‘ਤੇ ਹਥਿਆਰਬੰਦ ਹੋ ਕੇ ਬੈਠੇ ਅਤੇ ਵੱਧ ਤੋਂ ਵੱਧ ਸਮਰਥਾ ਨਾਲ ਫ਼ੌਜ ਰੱਖੇ।’ (ਮੈਕਾਲਿਫ, ਸਫਾ 99) ਸੱਚੇ ਪਾਤਿਸਾਹ ਦਾ ਸੰਕਲਪ ਉਨ੍ਹਾਂ ਦੀ ਵਿਚਾਰਧਾਰਾ ਦਾ ਅਨਿੱਖੜ ਅੰਗ ਸੀ। (ਸਿਖਾਂਨ ਗੁਰੂ ਹਾ ਰਾ ਸਦਾ ਪਾਦਸ਼ਾਹ, ਯਾਨੀ ਬਾਦਸਾਹ-ਇ-ਹਕੀਕਤ ਮਿਦਾਨਦ)
ਸਿੱਖ ਮੱਤ ਸ਼ੁਰੂ ਤੋਂ ਹੀ ਵਰਨ-ਧਰਨ, ਫੋਕੇ ਕਰਮ-ਕਾਂਡ, ਊਚ-ਨੀਚ, ਫੋਕੇ ਰਸਮੋ-ਰਿਵਾਜ, ਦੇਵੀ ਪੂਜਾ ਅਤੇ ਹੋਰ ਰਹੁ-ਰੀਤਾਂ ਨੂੰ ਨਹੀਂ ਮੰਨਦਾ। ਗੁਰੂ ਨਾਨਕ ਦੇਵ ਜੀ ਅਨੁਸਾਰ,
ਜੋਗੁ ਨਾ ਖਿੰਥਾ ਜੋਗੁ ਨ ਡੰਡੈ
ਜੋਗੁ ਨ ਭਸਮ ਚੜਾਈਐ॥
ਜੋਗੁ ਨਾ ਮੁੰਦੀ ਮੂੰਡਿ ਮੁਡਾਇਐ
ਜੋਗੁ ਨਾ ਸਿੰਗੀ ਵਾਈਐ॥
ਅੰਜਨ ਮਾਹਿ ਨਿਰੰਜਨਿ ਰਹੀਐ
ਜੋਗ ਜੁਗਤਿ ਇਵ ਪਾਈਐ॥
ਗਲੀ ਜੋਗੁ ਨ ਹੋਈ॥
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ
ਜੋਗੀ ਕਹੀਐ ਸੋਈ॥੧॥ ਰਹਾਉ॥
ਜੋਗੁ ਨ ਬਾਹਰਿ ਮੜੀ ਮਸਾਣੀ
ਜੋਗੁ ਨ ਤਾੜੀ ਲਾਈਐ॥
ਜੋਗੁ ਨ ਦੇਸਿ ਦਿੰਸਤਰਿ ਭਵਿਐ
ਜੋਗੁ ਨ ਤੀਰਥਿ ਨਾਈਐ॥
ਨਾਨਕ ਜੀਵਤਿਆ ਮਰਿ ਰਹੀਐ
ਐਸਾ ਜੋਗੁ ਕਮਾਈਐ॥
ਵਾਜੇ ਬਾਝਹੁ ਸਿੰਝੀ ਵਾਜੈ
ਤਉ ਨਿਰਭਉ ਪਦੁ ਪਾਈਐ॥
ਸਿੱਖ ਮੱਤ ਦਾ ਆਪਣਾ ਨਿਆਰਾ ਤੇ ਸੁਤੰਤਰ ਮਜ਼ਹਬ ਹੈ। ਇਸ ਦੀ ਆਪਣੀ ਸੁਤੰਤਰਤਾ, ਮਜ਼ਹਬੀ ਵਿਲੱਖਣਤਾ ਅਤੇ ਅਖੰਡਤਾ ਹੈ। ਇਸ ਦੇ ਆਪਣੇ ਸਿਧਾਂਤ ਹਨ, ਆਪਣੇ ਗ੍ਰੰਥ ਹਨ ਅਤੇ ਆਪਣੇ ਤੀਰਥ ਸਥਾਨ ਹਨ। ਇਸੇ ਤਰ੍ਹਾਂ ਆਪਣਾ ਸਮਾਜ ਹੈ ਅਤੇ ਆਪਣੀ ਰਹਿਤ ਮਰਿਆਦਾ ਹੈ। “ਸਿੱਖ ਧਰਮ ਜੋਗੀਆਂ ਸੰਨਿਆਸੀਆਂ, ਜਤੀਆਂ ਸਤੀਆਂ, ਹਠੀਆਂ, ਤਪੀਆਂ ਦਾ ਧਰਮ ਨਹੀਂ ਸੀ। ਇਹ ਘਰਾਂ ਵਿਚ ਰਹਿ ਕੇ ਜੀਵਨ ਦੇ ਰੋਜ਼ਾਨਾ ਕੰਮ-ਕਾਰ ਕਰ ਰਹੇ ਕਿਰਤੀ ਲੋਕਾਂ ਦਾ ਧਰਮ ਸੀ।” (ਪ੍ਰੋæ ਪਿਆਰਾ ਸਿੰਘ)

ਬਹੁਤ ਵਾਰੀ ਇਤਿਹਾਸ ਨਿਰਪੱਖ ਹੋ ਕੇ ਲਿਖਿਆ ਨਹੀਂ ਜਾਂਦਾ। ਉਸ ਦਾ ਉਲਾਰ ਕਿਸੇ ਖਾਸ ਧਿਰ ਲਈ ਹੁੰਦਾ ਹੈ। ਤਾਕਤਵਰ ਧਿਰ ਆਪਣੇ ਅਧੀਨ ਧਿਰ ਦੀ ਸੋਚ ਨੂੰ ਕਾਬੂ ਕਰਨ ਲਈ ਤਾਕਤ, ਗਿਆਨ ਅਤੇ ਇਤਿਹਾਸਕ ਸੋਮਿਆਂ ਦੀ ਆਪਣੇ ਹਿੱਤ ਅਨੁਸਾਰ ਵਰਤੋਂ ਕਰਦੀ ਹੈ। ਸਿੱਖ ਇਤਿਹਾਸਕਾਰ ਕਈ ਵਾਰ ਸਿੱਖ ਲਹਿਰ ਦਾ ਨਿਰਣਾ ਕਰਨ ਲੱਗਿਆਂ ਇਸ ਲਹਿਰ ਦੇ ਕੁਝ ਪੱਖਾਂ ਨੂੰ ਲੈ ਕੇ ਹੀ ਨਿਰਣਾ ਦੇ ਦਿੰਦੇ ਹਨ। ਜਾਂ ਤਾਂ ਉਨ੍ਹਾਂ ਨੂੰ ਲਹਿਰ ਦੇ ਦੂਜੇ ਪੱਖਾਂ ਦੀ ਸਮਝ ਨਹੀਂ ਹੁੰਦੀ ਜਾਂ ਉਹ ਜਾਣ-ਬੁਝ ਕੇ ਲਹਿਰ ਦੇ ਦੂਸਰੇ ਪੱਖਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਕਿਸੇ ਵੀ ਲਹਿਰ ਦੀ ਸਮੁੱਚੀ ਵਿਆਖਿਆ ਤਾਂ ਹੀ ਵਾਜਬ ਹੈ ਜੇ ਉਸ ਲਹਿਰ ਦੇ ਸਾਰੇ ਪੱਖਾਂ ਦੀ-ਚਾਹੇ ਉਹ ਇਨਕਲਾਬੀ ਹਨ ਜਾਂ ਗੈਰ ਇਨਕਲਾਬੀ-ਦੀ ਵਿਆਖਿਆ ਯੋਗ ਢੰਗ ਨਾਲ ਕੀਤੀ ਜਾਵੇ। ਸਿੱਖ ਇਤਿਹਾਸ ਦੇ ਗੈਰ ਇਨਕਲਾਬੀ ਪੱਖਾਂ ਦੀ ਗੱਲ ਤਾਂ ਕੀਤੀ ਗਈ ਹੈ ਜਾਂ ਇੰਜ ਕਹਿ ਲਵੋ ਕਿ ਕੇਵਲ ਇਸ ਦੇ ਅਧਿਆਤਮਕ ਜਾਂ ਭਾਵਨਾਤਮਕ ਤੱਤ ਨੂੰ ਹੀ ਉਲੀਕਿਆ ਗਿਆ ਹੈ। ਇਸ ਦੀ ਇਨਕਲਾਬੀ ਵਿਚਾਰਧਾਰਾ ਨੂੰ ਨਿਰਪੱਖ ਤੌਰ ‘ਤੇ ਲਿਖਣ ਦਾ ਕੰਮ ਨਹੀਂ ਕੀਤਾ ਗਿਆ। ਕੁਝ ਲੇਖਕਾਂ ਅਤੇ ਇਤਿਹਾਸਕਾਰਾਂ ਨੇ ਇਸ ਦਾ ਚਿਹਰਾ ਇਤਨਾ ਗੰਧਲਾ ਕਰ ਦਿਤਾ ਹੈ ਕਿ ਇਸ ਦੀ ਪਹਿਚਾਣ ਹੀ ਬੇਪਛਾਣ ਹੋ ਗਈ ਹੈ।
ਇਤਿਹਾਸਕਾਰੀ ਦੇ ਦੋ ਕੇਂਦਰ ਬਿੰਦੂ ਹਨ। ਹਾਲਾਤ ਸੁਖਾਵੇਂ ਅਤੇ ਸਾਜਗਾਰ ਹੋਣ, ਆਰਥਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਵਿਚਾਰਾਂ ਦੀ ਅਜ਼ਾਦੀ ਹੋਵੇ, ਸਮਾਜ ਦਾ ਵੱਡਾ ਹਿੱਸਾ ਤਾਲੀਮਯਾਫਤਾ ਹੋਵੇ ਜੋ ਅਨਕੂਲ ਪ੍ਰਸਥਿਤੀਆਂ ਅਨੁਸਾਰ ਨਿਰਪੱਖ ਇਤਿਹਾਸ ਲਿਖ ਸਕਦਾ ਹੋਵੋ ਤੇ ਇਸ ਨੂੰ ਸਮਝ ਸਕਦਾ ਹੋਵੇ, ਸੋਚ ਇਕਪਾਸੜ ਤੇ ਉਲਾਰੂ ਨਾ ਹੋਵੇ। ਮੱਧ ਯੁੱਗ ਦਾ ਖਾਲਸਾ ਇਨ੍ਹਾਂ ਸਾਰੀਆਂ ਗੱਲਾਂ ਤੋਂ ਮਹਿਰੂਮ ਸੀ। ਸਮਾਜਿਕ ਤਾਣੇ-ਬਾਣੇ ਵਿਚ ਸਿੰਘਾਂ ਦੀ ਰਸਾਈ ਨਹੀਂ ਸੀ। ਰਾਜਨੀਤਕ ਹਾਲਾਤ ਉਨ੍ਹਾਂ ਦੇ ਅਤਿ ਦੇ ਵੈਰੀ ਸਨ, ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਕਿਸੇ ਸਿੱਖ ਦੀ ਮੌਜੂਦਗੀ ਦਾ ਪਤਾ ਦੇਣ ਵਾਲੇ ਨੂੰ 10 ਰੁਪਏ, ਸਿੱਖ ਵਿਖਾ ਦੇਣ ਵਾਲੇ ਨੂੰ 20 ਰੁਪਏ, ਸਿੱਖ ਨੂੰ ਗ੍ਰਿਫਤਾਰ ਕਰਨ ਵਾਲੇ ਨੂੰ 40 ਰੁਪਏ ਅਤੇ ਸਿੱਖ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 80 ਰੁਪਏ ਹਕੂਮਤ ਵੱਲੋਂ ਇਨਾਮ ਦੇ ਤੌਰ ‘ਤੇ ਦਿੱਤੇ ਜਾਂਦੇ ਸਨ। ਫੌਸਟਰ ਅਨੁਸਾਰ, “ਮੁਗਲਾਂ ਦੀ ਹਕੂਮਤ ਵਿਚ ਸਿੱਖਾਂ ਦਾ ਨਾਂ ਨਿਸ਼ਾਨ ਬਾਕੀ ਨਾ ਰਿਹਾ। ਜਿਹੜੇ ਅਜੇ ਵੀ ਨਾਨਕ ਦੇ ਸਿਧਾਂਤਾਂ ਨਾਲ ਜੁੜੇ ਹੋਏ ਸਨ, ਜਾਂ ਤਾਂ ਉਹ ਪੰਜਾਬ ਦੇ ਪਹਾੜਾਂ ਵਿਚ ਭੱਜ ਗਏ ਸਨ ਜਾਂ ਉਨ੍ਹਾਂ ਨੇ ਕੇਸ ਕਟਾ ਲਏ ਸਨ ਅਤੇ ਓਪਰੇ ਓਪਰੇ ਦੇਖਣ ਵਾਲਿਆਂ ਲਈ ਆਪਣੇ ਧਰਮ ਨਾਲੋਂ ਵਾਸਤਾ ਛੱਡ ਦਿੱਤਾ ਸੀ।” ਸਿੰਘਾਂ ਦਾ ਵਸੇਬਾ ਘੋੜਿਆਂ ਦੀਆਂ ਕਾਠੀਆਂ ‘ਤੇ ਸੀ, ਭੁਖੇ ਭਾਣੇ ਉਹ ਬੇਲਿਆਂ ਜੂਹਾਂ ਵਿਚ ਆਪਣੇ ਦਿਨ ਕਟ ਰਹੇ ਸਨ। ਇਹ ਲੋਕ ਕਿਸੇ ਤਰ੍ਹਾਂ ਇਤਿਹਾਸ ਲਿਖ ਸਕਦੇ ਸਨ। ਸਿੰਘਾਂ ਨੇ ਇਤਿਹਾਸ ਲਿਖਿਆ ਨਹੀਂ, ਇਸ ਦੀ ਸਿਰਜਣਾ ਕੀਤੀ ਹੈ।
ਅਤਿ ਦੇ ਭਿਆਨਕ ਦੌਰ ਵਿਚ ਜਦੋਂ ਸਿੰਘ ਪਹਾੜਾਂ ਦੀ ਸ਼ਰਨ ਲੈਣ ਲੱਗ ਪਏ ਸਨ, ਉਸ ਵੇਲੇ ਗੁਰਦੁਆਰਿਆਂ ‘ਤੇ ਉਦਾਸੀਆਂ ਤੇ ਨਿਰਮਲਿਆਂ ਦਾ ਕਬਜਾ ਸੀ। ਉਨ੍ਹਾਂ ਨੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵੀ ਗੁਰਦੁਆਰਿਆਂ ਵਿਚ ਵਾੜਨੀਆਂ ਸ਼ੁਰੂ ਕਰ ਦਿੱਤੀਆਂ ਸਨ। ਫ਼ੋਕੇ ਕਰਮ ਕਾਂਡ ਨੂੰ ਗੁਰਦੁਆਰਿਆਂ ਵਿਚ ਮਾਨਤਾ ਮਿਲ ਗਈ ਸੀ। ਦਰਬਾਰ ਸਾਹਿਬ ਵਿਚ ਵੀ ਹਿੰਦੂ ਮੂਰਤੀਆਂ ਦੀ ਪੂਜਾ ਰੋਜ਼ ਦਾ ਵਰਤਾਰਾ ਸੀ। ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਅਖੌਤੀ ਸਾਧੂ ਸੰਤ ਬ੍ਰਾਹਮਣੀ ਵਿਚਾਰਾਂ ਦਾ ਖੁੱਲਮ-ਖੁਲ੍ਹਾ ਪ੍ਰਚਾਰ ਕਰਦੇ ਸਨ। ਪੁਜਾਰੀ ਭ੍ਰਿਸ਼ਟ ਹੋ ਗਏ ਸਨ। ਉਹ ਵਿਭਚਾਰੀ, ਪਖੰਡੀ ਅਤੇ ਮਨਮਤੀਏ ਬਣ ਗਏ ਸਨ। ਘੋਰ ਸੰਕਟ ਵਿਚ ਜਿਹੜੇ ਮੀਣੇ, ਧੀਰਮਲੀਏ ਰਾਮਰਾਈਏ, ਉਦਾਸੀ ਜਾਂ ਬੇਦੀ ਜਾਂ ਸੋਢੀ ਧਰਮਸ਼ਾਲੀਏ, ਕਰਾਂਤੀਕਾਰੀ ਸਿੱਖਾਂ ਵਾਂਗ ਘਰੋਂ ਬੇਘਰ ਨਹੀਂ ਸਨ ਹੋਏ, ਉਨਾਂ੍ਹ ਨੇ ਆਪਣੇ ਬਚਾਓ ਇਸ ਨੂੰ ਵੇਦਾਂਤ ਅਨੁਕੂਲ ਵੇਦ ਤੇ ਗੀਤਾ ਤੱਕ ਦੇ ਅਨੁਸਾਰੀ ਦੱਸਣ ਵਿਚ ਸਮਝਿਆ। ਸ਼ਬਦ ਗੁਰੂ ਦੇ ਸਿਧਾਂਤ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਮੂਰਤੀ ਵਾਂਗ ਕੀਤੀ ਜਾਣ ਲਗੀ। ਜੋਤਿਸ਼, ਟੂਣੇ ਮੰਤਰ, ਨਰਾਤੇ, ਵਰਤ, ਸਰਾਧ, ਗੁੱਗੇ ਮਾੜੀਆਂ ਆਦਿ ਦੀ ਪੂਜਾ ਮੁੜ ਸਿੱਖੀ ਜੀਵਨ ਵਿਚ ਆ ਧੁੱਸੀ।
“ਉਚ-ਨੀਚ ਤੇ ਜਾਤ-ਪਾਤ ਦਾ ਵਰਤਾਰਾ ਆਮ ਹੋ ਗਿਆ। ਸਮਾਧੀਆਂ ਦੀ ਮਾਨਤਾ ਹੋਣ ਲੱਗੀ। ਹਰਿਦੁਆਰ ਨੂੰ ਮੋਖ ਦੁਆਰ ਸਮਝਿਆ ਜਾਣ ਲੱਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਸ ਨਾਲ ਸਬੰਧਤ ਵਿਸ਼ਿਆਂ ਦੇ ਅਧਿਐਨ ਦੀ ਥਾਂ, ਇਸ ਦੇ ਨਾਲ ਗੀਤਾ, ਹਨੂਮਾਨ ਨਾਟਕ ਤੇ ਏਕਾਦਸੀ ਮਹਾਤਮ ਆਦਿ ਦਾ ਅਧਿਐਨ ਹੋਣ ਲਗ ਪਿਆ ਸੀ। ਗੁਰੂ ਗ੍ਰੰਥ ਸਾਹਿਬ ਦੀਆਂ ਲਿਖਤਾਂ, ਬੀੜਾਂ ਦੇ ਮੁਢਲੇ ਤੇ ਅੰਤਲੇ ਪੰਨਿਆਂ ‘ਤੇ ਸਵਾਸਤਿਕ ਦਾ ਚਿੰਨ੍ਹ ਆ ਟਿਕਿਆ ਸੀ ਅਤੇ ਘਰਾਂ ਤੇ ਮੰਦਰਾਂ ਦੀਆਂ ਕੰਧਾਂ ਅਤੇ ਪੋਥੀਆਂ ਦੇ ਪੰਨਿਆਂ ‘ਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ, ਹਰਿਮੰਦਰ ਅਤੇ ਅਕਾਲ ਤਖ਼ਤ ਦੀਆਂ ਕੰਧਾਂ ‘ਤੇ ਕ੍ਰਿਸ਼ਨ ਲੀਲਾ ਉਕਰੀ ਗਈ। ਜੋ ਸਿੱਖ ਸਰੂਪ, ਕਦੀ ਸਿੱਖੀ ਦੀ ਵਿਭੰਨਤਾ ਦਾ ਸੂਚਕ ਸੀ, ਉਸ ਦੀ ਪਛਾਣ ਦਾ ਚਿੰਨ ਸੀ ਤੇ ਉਸ ਦੇ ਆਪੇ ਦਾ ਪ੍ਰਗਟਾਵਾ ਹੁੰਦਾ ਸੀ, ਇਹ ਇਕ ਰਸਮ ਬਣ ਕੇ ਰਹਿ ਗਿਆ। ਸਨਾਤਨ ਮਰਿਆਦਾ ਅਤੇ ਸਿੱਖ ਮਰਿਆਦਾ ਵਿਚ ਕੋਈ ਭੇਦ ਨਾ ਰਿਹਾ। ਤੇ ਪੰਜਾਬ ਦੇ ਸਨਾਤਨਵਾਦ ਨੇ ਗੁਰੂ ਸਾਹਿਬਾਨ ਨੂੰ ਹੋਰਨਾਂ ਦੇਵੀ ਦੇਵਤਿਆਂ ਵਾਂਗ ਭਾਰਤੀ ਦੇਵ ਮਾਲਾ ਦੇ ਮਣਕੇ ਬਣਾ ਦਿੱਤਾ।
(ਚਲਦਾ)

Be the first to comment

Leave a Reply

Your email address will not be published.