ਕਰੋਨਾ ਸੰਕਟ ਸਮੇਂ ਸਿਦਕ ਰੱਖ ਕੇ ਚੱਲਣ ‘ਚ ਭਲਾਈ

-ਜਤਿੰਦਰ ਪਨੂੰ
ਭਾਰਤ ਦੇ ਲੋਕਾਂ ਨੇ ਬੜੀ ਵਾਰੀ ਕਰਫਿਊ ਲੱਗੇ ਵੇਖੇ ਹੋਏ ਹਨ। ਲਾਕ-ਡਾਊਨ ਸ਼ਬਦ ਨਵਾਂ ਸੀ, ਲਾਗੂ ਹੋਣ ਨਾਲ ਇਹ ਵੀ ਲੋਕਾਂ ਨੂੰ ਸਮਝ ਆ ਗਿਆ। ਭਾਰਤ ਤੋਂ ਪਹਿਲਾਂ ਇਹ ਲਾਕ-ਡਾਊਨ ਚੀਨ ਵਿਚ ਹੋਇਆ ਸੀ। ਵੂਹਾਨ ਸ਼ਹਿਰ ਦੇ ਲੋਕਾਂ ਨੂੰ ਜਦੋਂ ਕਰੋਨਾ ਵਾਇਰਸ ਨੇ ਹਾਲੇ ਘੇਰਨਾ ਸ਼ੁਰੂ ਕੀਤਾ ਸੀ, ਚੀਨ ਸਰਕਾਰ ਨੇ ਇਸ ਨੂੰ ਰੋਕਣ ਵਾਸਤੇ ਇਹ ਕਦਮ ਫੌਰੀ ਅਤੇ ਪੂਰੀ ਸਖਤੀ ਨਾਲ ਚੁੱਕਿਆ ਸੀ। ਉਥੋਂ ਦੇ ਲੋਕਾਂ ਨੇ ਵਿਰੋਧ ਨਹੀਂ ਸੀ ਕੀਤਾ। ਕੌਮਾਂ ‘ਚ ਜ਼ਾਬਤੇ ਦਾ, ਡਿਸਿਪਲਿਨ ਦਾ, ਕੀ ਅਰਥ ਹੁੰਦਾ ਹੈ ਤੇ ਇਸ ਦੇ ਲਾਭ ਕੀ ਹੁੰਦੇ ਹਨ? ਇਹ ਗੱਲ ਜਾਪਾਨ ਅਤੇ ਚੀਨ ਦੇ ਆਮ ਲੋਕਾਂ ਨੇ ਬਾਕੀ ਦੁਨੀਆਂ ਨੂੰ ਸਮਝਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਵਿਚ ਜਦੋਂ ਬਿਮਾਰੀ ਦਾ ਮੁੱਢ ਬੱਝਾ ਤਾਂ ਦੋਹਾਂ ਦੇਸ਼ਾਂ ਵਿਚ ਸਾਡੇ ਦੇਸ਼ ਵਾਂਗ ਸਮੁੱਚਾ ਲਾਕ-ਡਾਊਨ ਕਰਨ ਦੀ ਥਾਂ ਸਬੰਧਤ ਇਲਾਕਿਆਂ ਵਿਚ ਆਵਾਜਾਈ ਰੋਕੀ ਗਈ ਸੀ ਅਤੇ ਇਸ ਨਾਲ ਇਹ ਰੋਗ ਹੋਰ ਥਾਂਈਂ ਫੈਲਣ ਤੋਂ ਰੁਕ ਗਿਆ ਸੀ।

ਇਰਾਨ ਤੇ ਇਟਲੀ ਵਿਚ ਇਸ ਮਾਮਲੇ ਵਿਚ ਅਵੇਸਲੇ ਹੋਣ ਕਾਰਨ ਜਦੋਂ ਨੁਕਸਾਨ ਹੋ ਚੁਕਾ ਸੀ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਮਝਣਾ ਚਾਹੀਦਾ ਸੀ, ਪਰ ਉਹ ਸੰਸਾਰ ਵਿਚ ਫੈਲ ਰਹੀ ਇਸ ਬਿਮਾਰੀ ਵੱਲ ਧਿਆਨ ਦੇਣ ਤੋਂ ਵੱਧ ਚੋਣਾਂ ਦੇ ਮੋਰਚੇ ਵੱਲ ਹੀ ਰੁੱਝਾ ਰਿਹਾ ਸੀ। ਸਿੱਟਾ ਇਹ ਨਿਕਲਿਆ ਕਿ ਚੀਨ ਪਿਛੋਂ ਜਦੋਂ ਉਹੋ ਬਿਮਾਰੀ ਇਟਲੀ ਵਿਚ ਆਈ ਤਾਂ ਉਸ ਦਾ ਬੁਰਾ ਹਾਲ ਹੋ ਗਿਆ ਅਤੇ ਫਿਰ ਜਦੋਂ ਉਸ ਪਿਛੋਂ ਅਮਰੀਕਾ ਵਿਚ ਪਹੁੰਚੀ, ਉਥੇ ਵੀ ਕੇਸਾਂ ਤੇ ਮੌਤਾਂ ਦੀ ਗਿਣਤੀ ਧੜਾਧੜ ਵਧਣ ਲੱਗ ਪਈ।
ਅਸੀਂ ਕਈ ਗੱਲਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਕਰਦੇ ਰਹਿੰਦੇ ਹਾਂ ਤੇ ਅਜਿਹਾ ਕਰਨ ਵਿਚ ਕੁਝ ਗਲਤ ਨਹੀਂ ਕਰਦੇ, ਪਰ ਉਸ ਨੇ ਜਦੋਂ ਦੇਸ਼ ਵਿਚ ਇੱਕ ਦਿਨ ਦਾ ਜਨਤਾ ਕਰਫਿਊ ਲਾਗੂ ਕਰਨ ਲਈ ਸੱਦਾ ਦੇਣ ਵਾਲਾ ਭਾਸ਼ਣ ਕੀਤਾ ਸੀ, ਅਸੀਂ ਸਭ ਤੋਂ ਪਹਿਲਾਂ ਇਸ ਦਾ ਸਵਾਗਤ ਕੀਤਾ ਸੀ। ਕਾਰਨ ਸਿਰਫ ਇਹ ਸੀ ਕਿ ਅਸੀਂ ਚੀਨ ਤੇ ਜਾਪਾਨ ਵਿਚ ਲਾਕ-ਡਾਊਨ ਦੇ ਸਿੱਟੇ ਵੇਖਣ ਪਿੱਛੋਂ ਇਹ ਕਦਮ ਠੀਕ ਸਮਝਦੇ ਸਾਂ। ਫਿਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਫਿਊ ਲਾਉਣ ਦਾ ਐਲਾਨ ਕੀਤਾ ਤਾਂ ਅਸੀਂ ਇਸ ਸਖਤ ਕਦਮ ਲਈ ਮਾਨਸਿਕ ਪੱਖ ਤੋਂ ਭਾਵੇਂ ਖੁਦ ਵੀ ਤਿਆਰ ਨਹੀਂ ਸਾਂ, ਫਿਰ ਵੀ ਇਸ ਨੂੰ ਬਚਾਅ ਦੇ ਕਦਮ ਵਜੋਂ ਜਾਇਜ਼ ਮੰਨਿਆ ਤੇ ਲੋਕਾਂ ਨੂੰ ਇਸ ਨੂੰ ਮੰਨ ਕੇ ਬਿਮਾਰੀ ਤੋਂ ਬਚਾਅ ਲਈ ਸਹਿਯੋਗ ਕਰਨ ਦਾ ਸੱਦਾ ਦਿੱਤਾ ਸੀ।
ਸਰਕਾਰਾਂ ਦੇ ਇਹ ਦੋਵੇਂ ਕਦਮ ਜਿਨ੍ਹਾਂ ਲੋਕਾਂ ਨੂੰ ਗਲਤ ਲੱਗੇ, ਉਹ ਪੁੱਛਦੇ ਸਨ ਕਿ ਇਸ ਨਾਲ ਕੀ ਹੋਊ? ਉਨ੍ਹਾਂ ਨੂੰ ਅਸੀਂ ਦੱਸਿਆ ਸੀ ਕਿ ਜਿਨ੍ਹਾਂ ਲੋਕਾਂ ਵਿਚ ਕਰੋਨਾ ਵਾਇਰਸ ਦਾ ਕੋਈ ਕੀਟਾਣੂ ਹੋਇਆ, ਉਹ ਇਸ ਕਰਫਿਊ ਦੇ ਦਿਨਾਂ ਵਿਚ ਪਤਾ ਲੱਗ ਜਾਵੇਗਾ ਤੇ ਇਲਾਜ ਕੀਤਾ ਜਾ ਸਕੇਗਾ ਅਤੇ ਬਾਕੀ ਲੋਕਾਂ ਨੂੰ ਬਿਮਾਰੀ ਤੋਂ ਬਚੇ ਹੋਏ ਕਰਾਰ ਦੇ ਕੇ ਕੰਮ ਕਰਨ ਦੀ ਖੁੱਲ੍ਹ ਮਿਲ ਜਾਵੇਗੀ।
ਆਮ ਲੋਕਾਂ ਨੂੰ ਚਾਹੀਦਾ ਸੀ ਕਿ ਉਹ ਇਸ ਨੂੰ ਮੰਨਦੇ, ਪਰ ਜਿੱਥੇ ਕੁਝ ਲੋਕਾਂ ਦੀ ਬਾਹਰ ਆਉਣ ਦੀ ਮਜਬੂਰੀ ਸੀ, ਉਥੇ ਕੁਝ ਹੋਰ ਲੋਕਾਂ ਨੂੰ ਬਾਹਰ ਘੁੰਮ ਕੇ ਵੇਖਣ ਦਾ ਸ਼ੌਕ ਵੀ ਸੜਕਾਂ ‘ਤੇ ਲੈ ਆਇਆ। ਅੱਗੇ ਪੁਲਿਸ ਮੁਲਾਜ਼ਮ ਅਜੇ ਵੀ ਅੰਗਰੇਜ਼ੀ ਰਾਜ ਵੇਲੇ ਦਾ ਵਿਹਾਰ ਕਰਨਾ ਨਹੀਂ ਛੱਡਦੇ। ਉਨ੍ਹਾਂ ਨੇ ਲੋਕਾਂ ਨੂੰ ਸਮਝਾਉਣ ਜਾਂ ਚਾਰ ਪਲ ਖੂੰਜੇ ਵਿਚ ਬਿਠਾ ਕੇ ਘਰੀਂ ਮੋੜਨ ਦੀ ਥਾਂ ਆਮ ਲੋਕਾਂ ਨੂੰ ਸੜਕਾਂ ‘ਤੇ ਕੁੱਟਣ, ਮੁਰਗਾ ਬਣਾਉਣ, ਨੱਕ ਨਾਲ ਲਕੀਰਾਂ ਕਢਵਾਉਣ ਅਤੇ ਸੜਕਾਂ ‘ਤੇ ਲੇਟਣੀਆਂ ਖਾਣ ਲਈ ਮਜਬੂਰ ਕਰਨ ਦਾ ਉਹ ਕੰਮ ਫੜ ਲਿਆ, ਜੋ ਕਦੇ ਨਹੀਂ ਹੋਣਾ ਚਾਹੀਦਾ।
ਪਤਾ ਲੱਗਾ ਕਿ ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਦੇ ਮੁਖੀ ਨੇ ਪੁਲਿਸ ਵਾਲਿਆਂ ਨੂੰ ਅਕਲ ਨਾਲ ਵਿਹਾਰ ਕਰਨ ਲਈ ਕਿਹਾ ਸੀ, ਪਰ ਏਦਾਂ ਦੀ ਸਮਝਾਉਣੀ ਦਾ ਬਹੁਤਾ ਅਸਰ ਹੇਠਾਂ ਅਮਲ ਵਿਚ ਨਹੀਂ ਵੇਖਿਆ ਗਿਆ। ਪੁਲਿਸ ਵਾਲੇ ਆਪਣੇ ਪੁੱਠੇ ਕੰਮ ਕਰਨ ਲੱਗੇ ਰਹੇ। ਜਿਸ ਦੇਸ਼ ਵਿਚ ਏਦਾਂ ਦੀ ਅਮਨ-ਕਾਨੂੰਨ ਦੀ ਮਸ਼ੀਨਰੀ ਹੋਵੇ, ਉਥੇ ਕੀਤਾ ਗਿਆ ਚੰਗਾ ਕੰਮ ਵੀ ਸਹੀ ਸਿੱਟੇ ਕੱਢਣ ਦੀ ਥਾਂ ਖੇਹ ਉਡਾਉਣ ਦਾ ਕਾਰਨ ਬਣਦਾ ਹੈ। ਸਰਕਾਰ ਇਸ ਨੂੰ ਰੋਕ ਨਹੀਂ ਸੀ ਸਕੀ। ਇਸ ਕਾਰਨ ਬਦਨਾਮੀ ਹੋਈ ਤਾਂ ਇਹ ਪੁਲਿਸ ਵਾਲਿਆਂ ਦੀ ਨਹੀਂ ਹੋਈ, ਪੁਲਿਸ ਦੀ ਕਮਾਂਡ ਕਰਨ ਵਾਲੀ ਸਰਕਾਰ ਦੀ ਹੀ ਹੋਣੀ ਸੀ।
ਦੂਜੀ ਗੱਲ ਇਹ ਕਿ ਇੱਕ ਗਿਆਨੀ ਬਲਦੇਵ ਸਿੰਘ ਦੀ ਮੂਰਖਤਾ ਕਾਰਨ ਪੰਜਾਬ ਵਿਚ ਕਈ ਥਾਂਈਂ ਇਸ ਰੋਗ ਦੀ ਲਾਗ ਪਹੁੰਚੀ ਹੋਣ ਕਰ ਕੇ ਉਸ ਨੂੰ ਲੋਕ ਗਾਲ੍ਹਾਂ ਕੱਢਦੇ ਹਨ, ਪਰ ਇਸ ਤਰ੍ਹਾਂ ਗਾਲ੍ਹਾਂ ਕੱਢਣ ਦਾ ਫਾਇਦਾ ਨਹੀਂ, ਉਹ ਆਦਮੀ ਮਰ ਚੁਕਾ ਹੈ। ਕਰਨ ਵਾਲਾ ਕੰਮ ਤਾਂ ਇਹ ਹੈ ਕਿ ਜਲੰਧਰ ਦੇ ਜਿਸ ਹਸਪਤਾਲ ਦੇ ਡਾਕਟਰਾਂ ਨੂੰ ਉਸ ਆਦਮੀ ਨੂੰ ਲੱਗ ਚੁਕੀ ਬਿਮਾਰੀ ਦਾ ਪਤਾ ਸੀ, ਉਨ੍ਹਾਂ ਨੂੰ ਇਸ ਦੇ ਬਾਵਜੂਦ ਉਸ ਆਦਮੀ ਨੂੰ ਜਾਣ ਦੇਣ ਤੇ ਸਿਹਤ ਵਿਭਾਗ ਤੋਂ ਓਹਲਾ ਰੱਖਣ ਲਈ ਕਟਹਿਰੇ ਵਿਚ ਖੜਾ ਕੀਤਾ ਜਾਵੇ।
ਦੋ ਜਿਲਿਆਂ-ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਦੇ ਜਿਨ੍ਹਾਂ ਪਿੰਡਾਂ ਵਿਚ ਇਸ ਵੇਲੇ ਇਸ ਬਿਮਾਰੀ ਨੇ ਪਿੱਟਣੇ ਪਾ ਰੱਖੇ ਹਨ, ਉਨ੍ਹਾਂ ਲਈ ਜਿੰਮੇਵਾਰ ਮਰੀਜ਼ ਤਾਂ ਮਰ ਗਿਆ, ਡਾਕਟਰ ਕਿਤੇ ਨਹੀਂ ਚਲੇ ਗਏ, ਉਹ ਇਸ ਜਿੰਮੇਵਾਰੀ ਤੋਂ ਨਹੀਂ ਬਚਣੇ ਚਾਹੀਦੇ। ਜ਼ਮੀਨੀ ਕਬਜ਼ਿਆਂ ਤੱਕ ਦੇ ਕਈ ਵਿਵਾਦਾਂ ਵਿਚ ਉਲਝੀ ਹੋਈ ਉਸ ਹਸਪਤਾਲ ਦੀ ਮੈਨੇਜਮੈਂਟ ਦੇ ਹੱਥ ਏਨੇ ਲੰਮੇ ਹਨ ਕਿ ਅਜੇ ਤੱਕ ਉਨ੍ਹਾਂ ‘ਤੇ ਕੋਈ ਕਾਰਵਾਈਂ ਨਹੀਂ ਹੋਈ।
ਤੀਜੀ ਗੱਲ, ਅਣਕਿਆਸੀ ਬਿੱਜ ਪੈਣ ਜਿਹੀ ਇਸ ਬਿਮਾਰੀ ਦੇ ਖਿਲਾਫ ਲੜਨ ਲਈ ਸੰਸਾਰ ਵਿਚ ਇੱਕ ਉਚੇਚੀ ਕਤਾਰਬੰਦੀ ਚਾਹੀਦੀ ਹੈ, ਪਰ ਏਦਾਂ ਦੀ ਕਤਾਰਬੰਦੀ ਲਈ ਰਾਜਨੀਤਕ ਤੇ ਡਿਪਲੋਮੈਟਿਕ ਖਿੱਚੋਤਾਣ ਲਾਂਭੇ ਰੱਖਣੀ ਪੈਣੀ ਹੈ। ਕੁਝ ਦੇਸ਼ਾਂ ਨੇ ਇਸ ਲੜਾਈ ਲਈ ਚੀਨੀ ਤਜਰਬੇ ਤੋਂ ਸਿੱਖਣ ਦੀ ਥਾਂ ਉਸ ਦੇ ਖਿਲਾਫ ਸੰਸਾਰ ਭਰ ਵਿਚ ਨਵੀਂ ਭੰਡੀ ਦੀ ਮੁਹਿੰਮ ਵਿੱਢ ਦਿੱਤੀ ਹੈ। ਸਾਡੇ ਭਾਰਤ ਦੇ ਕੁਝ ਟੀ. ਵੀ. ਚੈਨਲ ਇਸ ਕੰਮ ਵਿਚ ਫਿਰ ਮੋਹਰੀ ਹੋ ਕੇ ਇੰਜ ਖੱਪ ਪਾਈ ਜਾਂਦੇ ਹਨ, ਜਿਵੇਂ ਗਵਾਂਢੀ ਦੇਸ਼ਾਂ ਦੇ ਖਿਲਾਫ ਭਾਰਤੀ ਲੋਕਾਂ ਨੂੰ ਭੜਕਾਉਣਾ ਉਨ੍ਹਾਂ ਦੀ ਆਦਤ ਹੈ। ਬਾਰਡਰ ਦੀ ਖਿੱਚੋਤਾਣ ਉਨ੍ਹਾਂ ਲਈ ਧਰਮ ਦੀ ਜੰਗ ਦਾ ਮੁੱਦਾ ਹੁੰਦਾ ਹੈ ਤੇ ਬਿਮਾਰੀ ਦੇ ਖਿਲਾਫ ਮੁਹਿੰਮ ਲਈ ਚੀਨ ਖਿਲਾਫ ਜਦੋਂ ਉਹ ਕਮਰਕੱਸ ਕਰਨ ਲੱਗੇ ਤਾਂ ਪੁਰਾਣੇ ਕੂੜ ਕਿੱਸੇ ਵੇਚੀ ਜਾਂਦੇ ਹਨ ਕਿ ਫਲਾਣੇ ਵੇਲੇ ਰੂਸ ਦੀ ਕਮਿਊਨਿਸਟ ਸਰਕਾਰ ਨੇ ਐਨੇ ਲੋਕ ਮਾਰ ਦਿੱਤੇ ਸਨ ਅਤੇ ਇਸ ਵਾਰੀ ਚੀਨ ਵਿਚ ਸਰਕਾਰ ਨੇ ਐਨੇ ਹਜ਼ਾਰ ਲੋਕਾਂ ਨੂੰ ਮਾਰ ਦਿੱਤਾ ਹੈ। ਬਕਵਾਸ ਦੀ ਕੋਈ ਹੱਦ ਹੀ ਨਹੀਂ ਰਹਿਣ ਦਿੱਤੀ ਜਾਂਦੀ।
ਇਟਲੀ ਵਿਚ ਬਿਮਾਰੀ ਵਧਣ ‘ਤੇ ਸਭ ਤੋਂ ਅੱਗੇ ਹੋ ਕੇ ਜਿਸ ਕਿਊਬਾ ਨੇ ਇੱਕ ਮੈਡੀਕਲ ਬ੍ਰੀਗੇਡ ਉਥੋਂ ਦੇ ਲੋਕਾਂ ਦੀ ਮਦਦ ਲਈ ਭੇਜੀ, ਇਟਲੀ ਵਿਚ ਭਾਵੇਂ ਆਮ ਲੋਕਾਂ ਨੇ ਉਸ ਨਾਲ ਰਾਹਤ ਮਹਿਸੂਸ ਕੀਤੀ, ਪਰ ਅਮਰੀਕੀ ਰਾਸ਼ਟਰਪਤੀ ਤੇ ਉਸ ਦੀ ਚਾਟ ‘ਤੇ ਲੱਗੇ ਮੀਡੀਆ ਦੇ ਢੰਡੋਰਚੀਆਂ ਨੇ ਉਸ ਖਿਲਾਫ ਵੀ ਭੰਡੀ-ਪ੍ਰਚਾਰ ਦੀ ਮੁਹਿੰਮ ਵਿੱਢ ਦਿੱਤੀ ਹੈ। ਇਸ ਤਰ੍ਹਾਂ ਲੱਗਣ ਲੱਗ ਪਿਆ ਹੈ ਕਿ ਉਨ੍ਹਾਂ ਲਈ ਇਸ ਮੌਕੇ ਵੀ ਬਿਮਾਰੀ ਖਿਲਾਫ ਸਾਰੇ ਸੰਸਾਰ ਦੇ ਲੋਕਾਂ ਨੂੰ ਇਕਜੁੱਟ ਕਰਨ ਨਾਲੋਂ ਵੱਡਾ ਕੰਮ ਡਿਪਲੋਮੇਸੀ ਦੇ ਮੋਰਚੇ ‘ਤੇ ਟਰੰਪ ਦੀ ਫਤਿਹ ਦਾ ਨਗਾਰਾ ਖੜਕਾਉਣਾ ਅਤੇ ਅਮਰੀਕਾ ਵਿਚ ਟਰੰਪ ਨੂੰ ਮੁੜ ਚੋਣ ਜਿੱਤਦਾ ਵੇਖਣ ਹੀ ਹੋ ਗਿਆ ਹੈ। ਸਭ ਨੂੰ ਪਤਾ ਹੈ ਕਿ ਸਾਡਾ ਪ੍ਰਧਾਨ ਮੰਤਰੀ ਪਿਛਲੇ ਸਾਲ ਅਮਰੀਕਾ ਵਿਚ ਜਾ ਕੇ ਵੀ ਹਜ਼ਾਰਾਂ ਲੋਕਾਂ ਸਾਹਮਣੇ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਉਹ ਨਾਅਰਾ ਦੇ ਆਇਆ ਸੀ, ਜੋ ਡਿਪਲੋਮੈਟਿਕ ਚੱਜ-ਆਚਾਰ ਦੀਆਂ ਹੱਦਾਂ ਤੋਂ ਪਰੇ ਸੀ।
ਚੌਥਾ ਕੰਮ ਇਹੋ ਜਿਹੇ ਵਕਤ ਆਪਣੇ ਲੋਕਾਂ ਨੂੰ ਤਿਆਰ ਕਰਨ ਦਾ ਹੁੰਦਾ ਹੈ ਕਿ ਮੁਸੀਬਤ ਸਿਰਫ ਕਰਫਿਊ ਵਾਲੇ ਪੰਦਰਾਂ-ਵੀਹ ਦਿਨਾਂ ਦੀ ਨਹੀਂ, ਅਗਲੇ ਦਿਨਾਂ ‘ਚ ਸੰਸਾਰ ਪੱਧਰ ਦੀ ਮਹਾਮਾਰੀ ਦੇ ਟਾਕਰੇ ਲਈ ਹੋਰ ਸਖਤੀ ਵਾਲਾ ਦੌਰ ਝੱਲਣਾ ਪੈ ਸਕਦਾ ਹੈ। ਕੇਂਦਰ ਦੀ ਸਰਕਾਰ ਤੇ ਰਾਜ ਦੀ ਵੀ, ਇਸ ਬਾਰੇ ਬਹੁਤਾ ਕੁਝ ਨਹੀਂ ਕਰ ਸਕੀ। ਭਾਰਤ ਦੇ ਲੋਕਾਂ ਦਾ ਸੁਭਾਅ ਵੀ ਏਦਾਂ ਦਾ ਹੈ ਕਿ ਉਹ ਅਜੇ ਤੱਕ ਮਨਾਂ ਵਿਚ ਜ਼ਾਬਤੇ ਦਾ ਕੋਈ ਕੋਨਾ ਨਹੀਂ ਬਣਾ ਸਕੇ। ਬਹੁਤ ਵੱਡੇ-ਚੌੜੇ ਹਾਈਵੇ ਬਣਨ ਪਿਛੋਂ ਵੀ ਲੋਕਾਂ ਨੂੰ ਅਜੇ ਤੱਕ ਲਾਈਨਾਂ ਵਿਚ ਚੱਲਣ ਦੀ ਆਦਤ ਨਹੀਂ, ਬੈਕਾਂ ਜਾਂ ਹਸਪਤਾਲਾਂ ਤੇ ਹੋਰ ਥਾਂਵਾਂ ‘ਤੇ ਲਾਈਨਾਂ ਵਿਚ ਲੱਗ ਕੇ ਆਪੋ ਆਪਣਾ ਕੰਮ ਭੁਗਤਾਉਣ ਦੀ ਥਾਂ ਧੱਕੇ ਮਾਰੀ ਜਾਣ ਅਤੇ ਆਪ ਵੀ ਧੱਕੇ ਖਾਣ ਦਾ ਸਾਡਾ ਸੁਭਾਅ ਨਹੀਂ ਬਦਲ ਰਿਹਾ।
ਸੰਕਟ ਦਾ ਸਮਾਂ ਹੈ। ਰਾਜ ਸਰਕਾਰ ਦਾ ਹੁਕਮ ਹੈ ਜਾਂ ਕੇਂਦਰ ਦਾ, ਇਸ ਵੇਲੇ ਜੇ ਅਸੀਂ ਸੋਚੀਏ ਕਿ ਹਰ ਗੱਲ ਸਾਡੀ ਇੱਛਾ ਮੁਤਾਬਕ ਹੋਵੇਗੀ ਅਤੇ ਹਰ ਚੀਜ਼ ਇੱਛਾ ਮੁਤਾਬਕ ਮਿਲਦੀ ਰਹੇਗੀ ਤਾਂ ਇਹ ਗਲਤ ਹੋਵੇਗਾ। ਸੰਕਟ ਤਾਂ ਸੰਕਟ ਹੁੰਦਾ ਹੈ। ਮੁਲਕਾਂ ਦੇ ਇਤਹਾਸ ਵਿਚ ਏਦਾਂ ਦੇ ਸਮੇਂ ਵੀ ਆਉਣ ਦੇ ਬਿਰਤਾਂਤ ਮਿਲਦੇ ਹਨ, ਜਦੋਂ ਮਸਾਂ ਅੱਧੀ ਰੋਟੀ ਖਾ ਕੇ ਵੀ ਆਮ ਲੋਕਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਸ ਵਕਤ ਉਨ੍ਹਾਂ ਸੰਕਟਾਂ ਵਿਚੋਂ ਸਿਰਫ ਸਿਦਕ ਵਾਲੇ ਪਾਰ ਹੁੰਦੇ ਰਹੇ ਹਨ। ਅਜੋਕੇ ਸਮੇਂ ਵੀ ਚੀਨ ਤੋਂ ਅਮਰੀਕਾ ਤੱਕ ਤੇ ਸਾਡੇ ਭਾਰਤ ਤੋਂ ਦੁਨੀਆਂ ਦੀ ਹਰ ਨੁੱਕਰ ਤੱਕ ਉਸੇ ਕਿਸਮ ਦੇ ਸੰਕਟ ਦਾ ਸਮਾਂ ਹੈ, ਜਿਸ ਤੋਂ ਪਾਰ ਪਾਉਣ ਲਈ ਸਾਨੂੰ ਇੱਕ ਪਾਸੇ ਜ਼ਾਬਤੇ ਦੇ ਆਦੀ ਬਣਨਾ ਪਵੇਗਾ ਤੇ ‘ਮਰ ਗਏ-ਮਰ ਗਏ’ ਦੀਆਂ ਬਹੁੜੀਆਂ ਛੱਡ ਕੇ ਸਿਦਕ ਰੱਖ ਕੇ ਚੱਲਣਾ ਪਵੇਗਾ। ਇਹ ਸੰਕਟ ਕੁਦਰਤ ਦਾ ਪਾਇਆ ਹੋਇਆ ਹੈ, ਕੁਦਰਤ ਦੇ ਅੱਗੇ ਜ਼ਿਦਾਂ ਵੀ ਨਹੀਂ ਪੁੱਗ ਸਕਦੀਆਂ ਅਤੇ ਹੋਛਾਪਣ ਵੀ ਬਿਲਕੁਲ ਨਹੀਂ ਚੱਲ ਸਕਦਾ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਸਮੁੱਚੇ ਸੰਸਾਰ-ਪਿੰਡ ਦੇ ਹਰ ਦੇਸ਼ ਦੇ ਵਾਸੀਆਂ ਨੂੰ ਆਪਸੀ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਕਰਨੀਆਂ ਅਤੇ ਹਰ ਗੱਲ ਲਈ ਇੱਕ ਦੂਜੇ ਦਾ ਸਹਿਯੋਗ ਕਰਨਾ ਪੈਣਾ ਹੈ।